ਕਹਾਣੀਆਂ

ਕਹਾਣੀਆਂ

ਜ਼ਿੰਦਗੀ ਦੇ ਪੈਂਡੇ...

ਰਮਾ ਬਾਰ੍ਹਵੀਂ ਕਲਾਸ ਪਾਸ ਕਰਕੇ ਪੜ੍ਹਨੋਂ ਹਟ ਗਈ ਸੀ ਕਿਉਂਕਿ ਕਾਲਜ ਦੀ ਪੜ੍ਹਾਈ ਲਈ ਮਾਪਿਆਂ ਕੋਲ ਪੈਸੇ ਦੀ ਗੁੰਜਾਇਸ਼ ਨਹੀਂ ਸੀ। ਦੋਵਾਂ ਭਰਾਵਾਂ ਤੋਂ ਵੱਡੀ ਰਮਾ ਆਪਣੇ ਮਾਪਿਆਂ ਦੀ ਮਜਬੂਰੀ ਚੰਗੀ ਤਰ੍ਹਾਂ ਸਮਝਦੀ ਸੀ। ਉਹ ਲਾਇਕ ਤੇ ਸਮਝਦਾਰ ਲੜਕੀ ਸੀ। ਆਪਣੀ ਪੜ੍ਹਾਈ ਦੌਰਾਨ ਉਸ ਨੇ ਘਰੇਲੂ ਕੰਮ ਤੇ ਸਲਾਈ ਕਢਾਈ ਆਦਿ ਸਭ ਕੁਝ ਸਿੱਖ ਲਿਆ। ਉਸ ਨੇ ਜਲਦ ਹੀ ਆਪਣੇ ਮਾਂ ਬਾਪ ਦਾ ਹੱਥ ਵਟਾਉਣ ਲਈ ਇੱਕ ਪ੍ਰਾਈਵੇਟ ਕੰਪਨੀ ’ਚ ਨੌਕਰੀ ਕਰ ਲਈ। ਥੋੜ੍ਹੀ ਜਿਹੀ ਤਨਖ਼ਾਹ ਮਿਲਣ ’ਤੇ ਵੀ ਉਹ ਸਕੂਨ ’ਚ ਰਹਿੰਦੀ ਕਿਉਂਕਿ ਉਹ ਆਪਣੇ ਮਾਂ ਬਾਪ ਦਾ ਸਹਾਰਾ ਬਣ ਗਈ ਸੀ। ਦੋਵੇਂ ਛੋਟੇ ਭਰਾ ਸਕੂਲ ਦੀ ਪੜ੍ਹਾਈ ਕਰ ਰਹੇ ਸਨ। ਉਸ ਦਾ ਬਾਪ ਵੀ ਕਿਸੇ ਦੁਕਾਨ ’ਤੇ ਮਾਮੂਲੀ ਜਿਹੀ ਨੌਕਰੀ ਕਰਦਾ ਸੀ। ਮਾਂ ਭਾਵੇਂ ਆਪਣੀ ਧੀ ਦੀਆਂ ਭਾਵਨਾਵਾਂ ਨੂੰ ਸਮਝਦੀ ਸੀ, ਪਰ ਮਜਬੂਰ ਸੀ। ਆਰਥਿਕ ਤੰਗੀ ਨੇ ਉਸ ਨੂੰ ਦਿਲ ’ਤੇ ਪੱਥਰ ਰੱਖ ਕੇ ਜਿਊਣ ਦੀ ਜਾਚ ਸਿਖਾ ਦਿੱਤੀ ਸੀ। ਛੋਟੀ ਉਮਰ ਦੀ ਧੀ ਅੱਠ ਦਸ ਘੰਟੇ ਡਿਊਟੀ ਕਰਕੇ ਥੱਕ ਜਾਂਦੀ। ਘਰ ਦਾ ਰੋਟੀ-ਟੁੱਕ ਰਮਾ ਦੀ ਮਾਂ ਆਪ ਹੀ ਕਰ ਲੈਂਦੀ। ਘਰ ਦੇ ਕੰਮ ਦਾ ਬਹੁਤਾ ਬੋਝ ਉਹ ਧੀ ’ਤੇ ਨਾ ਪਾਉਂਦੀ। ਜਵਾਨ ਧੀ ਦੇ ਹੱਥ ਪੀਲੇ ਕਰਨ ਦੀ ਚਿੰਤਾ ਦੋਵਾਂ ਜੀਆਂ ਨੂੰ ਵੱਢ ਵੱਢ ਖਾਂਦੀ।

ਸਮਾਂ ਬੀਤਦਾ ਰਿਹਾ। ਇੱਕ ਦਿਨ ਰਮਾ ਦਾ ਰਿਸ਼ਤਾ ਨੇੜਲੇ ਸ਼ਹਿਰ ਸੁਖਰਾਜ ਨਾਂ ਦੇ ਲੜਕੇ ਨਾਲ ਹੋ ਗਿਆ। ਸੁਖਰਾਜ ਦੇ ਘਰਦਿਆਂ ਮੁਤਾਬਿਕ ਮੁੰਡਾ ਨਸ਼ੇ ਪੱਤੇ ਤੋਂ ਰਹਿਤ ਸੀ ਤੇ ਦੁਕਾਨ ਚਲਾਉਂਦਾ ਸੀ।

ਛੇਤੀ ਰਮਾ ਦਾ ਵਿਆਹ ਹੋ ਗਿਆ। ਮਾਂ ਬਾਪ ਨੇ ਵੀ ਮਸਾ ਸਿਰੋਂ ਭਾਰ ਲਾਹਿਆ ਸੀ ਰਮਾ ਦਾ ਵਿਆਹ ਕਰਕੇ। ‘‘ਕੁੜੀ ਆਵਦੇ ਘਰ ਗਈ। ਮੁੰਡਿਆਂ ਦਾ ਆਪੇ ਹੁੰਦਾ ਫਿਰੂ।’’ ਰਮਾ ਦੀ ਮਾਂ ਆਪਣੇ ਪਤੀ ਨੂੰ ਇਹ ਕਹਿ ਛੱਡਦੀ।

ਸਹੁਰੇ ਘਰ ਵਿਆਹੀ ਆਈ ਰਮਾ ਅਧੂਰੀਆਂ ਸੱਧਰਾਂ ਤੇ ਚਾਵਾਂ ਦੀ ਪੂਰਤੀ ਦੇ ਸੁਪਨੇ ਵੇਖਣ ਲੱਗੀ।

ਦਿਨ ਲੰਘਦੇ ਗਏ...

ਸਭ ਕੁਝ ਠੀਕ ਠਾਕ ਚੱਲ ਰਿਹਾ ਸੀ। ਉਸ ਦਾ ਵਿਆਹ ਹੋਏ ਨੂੰ ਦੋ ਕੁ ਮਹੀਨੇ ਹੋ ਗਏ ਸਨ। ਇੱਕ ਰਾਤ ਰਮਾ ਦਾ ਪਤੀ ਸੁਖਰਾਜ ਬਾਥਰੂਮ ਗਿਆ। ਰਮਾ ਦੇ ਕਾਫ਼ੀ ਇੰਤਜ਼ਾਰ ਕਰਨ ’ਤੇ ਵੀ ਉਹ ਵਾਪਸ ਨਾ ਆਇਆ। ਰਮਾ ਥੋੜ੍ਹੀ ਬੇਚੈਨ ਜਿਹੀ ਹੋ ਗਈ। ਆਖ਼ਰ ਬਾਥਰੂਮ ਵਿਚ ਏਨਾ ਚਿਰ... ਇਹ ਸੋਚ ਕੇ ਤਰ੍ਹਾਂ ਤਰ੍ਹਾਂ ਦੇ ਖਿਆਲ ਉਸ ਦੇ ਮਨ ਵਿੱਚ ਆਉਣ ਲੱਗੇ। ਉਸ ਨੇ ਬਾਥਰੂਮ ਦਾ ਦਰਵਾਜ਼ਾ ਖੜਕਾਇਆ, ਪਰ ਕੋਈ ਆਵਾਜ਼ ਅੰਦਰੋਂ ਨਾ ਆਈ। ਉਸ ਦੀ ਬੇਚੈਨੀ ਘਬਰਾਹਟ ਵਿੱਚ ਤਬਦੀਲ ਹੋ ਗਈ। ਪਰਿਵਾਰ ਦੇ ਜੀਅ ਹੇਠਾਂ ਆਪਣੇ ਕਮਰਿਆਂ ’ਚ ਸਨ। ਉਸ ਨੇ ਬਾਥਰੂਮ ਦਾ ਦਰਵਾਜ਼ਾ ਜ਼ੋਰ ਜ਼ੋਰ ਨਾਲ ਹਿਲਾਉਣਾ ਸ਼ੁਰੂ ਕੀਤਾ। ਅਚਨਚੇਤ ਦਰਵਾਜ਼ੇ ਦੀ ਕੁੰਡੀ ਖੁੱਲ੍ਹ ਗਈ। ਆਪਣੇ ਪਤੀ ਦੀ ਹਾਲਤ ਦੇਖ ਕੇ ਰਮਾ ਦੇ ਹੋਸ਼ ਉੱਡ ਗਏ। ਸੁਖਰਾਜ ਮੂਧੇ ਮੂੰਹ ਡਿੱਗਿਆ ਪਿਆ ਤੇ ਬਾਂਹ ਵਿਚ ਨਸ਼ੇ ਦੇ ਟੀਕੇ ਵਾਲੀ ਸਰਿੰਜ ਲੱਗੀ ਹੋਈ ਸੀ। ਰਮਾ ਦੇ ਪੈਰਾਂ ਥੱਲੋਂ ਜ਼ਮੀਨ ਖਿਸਕਣ ਲੱਗੀ। ਉਸ ਨੂੰ ਯਕੀਨ ਨਹੀਂ ਸੀ ਹੋ ਰਿਹਾ। ਉਸ ਦੇ ਡੈਡੀ ਦੇ ਬੋਲ ਉਸ ਨੂੰ ਯਾਦ ਆਏ ਕਿ ਲੜਕਾ ਕੋਈ ਨਸ਼ਾ ਨਹੀਂ ਕਰਦਾ। ਅਸੀਂ ਸਾਰੀ ਪੜਤਾਲ ਕਰ ਲਈ ਹੈ। ਸੋਚਿਆ, ਮੇਰੇ ਤੇ ਮੇਰੇ ਪਰਿਵਾਰ ਵਾਲਿਆਂ ਨਾਲ ਇੰਨਾ ਵੱਡਾ ਧੋਖਾ... ਉਸ ਨੇ ਹੁਸ਼ਿਆਰੀ ਨਾਲ ਦਿਮਾਗ਼ ਵਰਤਿਆ। ਆਪਣੇ ਮੋਬਾਈਲ ਨਾਲ ਸੁਖਰਾਜ ਦੀ ਵੀਡੀਓ ਬਣਾ ਲਈ ਤੇ ਬੇਹੋਸ਼ ਪਤੀ ਨੂੰ ਮੋਢੇ ਦੇ ਸਹਾਰੇ ਨਾਲ ਬੈੱਡ ’ਤੇ ਪਾਇਆ ਤੇ ਹੇਠਾਂ ਸੱਸ ਸਹੁਰੇ ਕੋਲ ਗਈ। ਉਸ ਦਾ ਗੁੱਸਾ ਫੁੱਟ ਪਿਆ। ਉੱਚੀ ਉੱਚੀ ਬੋਲਣ ਲੱਗੀ, ‘‘ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ। ਤੁਸੀਂ ਮੇਰੇ ਪਰਿਵਾਰ ਨੂੰ ਝੂਠ ਬੋਲਿਆ ਹੈ। ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਰ ਦਿੱਤੀ।’’ ਉਸ ਦੇ ਬੋਲ ਸੁਣ ਕੇ ਉਸ ਦੀ ਸੱਸ ਨਾਂਹ ਨੁੱਕਰ ਕਰਨ ਲੱਗੀ ਕਿ ਇਹ ਨਹੀਂ ਹੋ ਸਕਦਾ, ਇਹਨੇ ਤਾਂ ਕਦੇ ਹੱਥ ਹੀ ਨਹੀਂ ਲਾਇਆ ਕਿਸੇ ਨਸ਼ੇ ਨੂੰ। ਰਮਾ ਨੇ ਝੱਟ ਵੀਡੀਓ ਦਿਖਾ ਦਿੱਤੀ ਤਾਂ ਸਭ ਦੀ ਬੋਲਤੀ ਬੰਦ ਹੋ ਗਈ। ਸਹੁਰੇ ਪਰਿਵਾਰ ਨੇ ਪੁੱਤ ਦਾ ਬਚਾਅ ਕਰਦਿਆਂ ਕਿਹਾ ਕਿ ਅੱਜ ਪਹਿਲੀ ਵਾਰ ਹੀ ਹੋਇਆ ਹੈ। ਉਨ੍ਹਾਂ ਦੀਆਂ ਗੱਲਾਂ ਸੁਣ ਕੇ ਰਮਾ ਦਾ ਗੁੱਸਾ ਹੋਰ ਵਧ ਗਿਆ। ਉਹ ਚੁੱਪਚਾਪ ਆਪਣੇ ਕਮਰੇ ਵਿੱਚ ਆ ਕੇ ਲੇਟ ਗਈ ਤੇ ਸੁਖਰਾਜ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਰਿਹਾ।

ਮਾਪਿਆਂ ਦੀ ਮਜਬੂਰੀ ਨੇ ਰਮਾ ਨੂੰ ਬਹੁਤ ਕੁਝ ਸਿਖਾ ਦਿੱਤਾ। ਉਹ ਹਰ ਤਰ੍ਹਾਂ ਇਸ ਗੱਲ ਨੂੰ ਮਾਂ ਬਾਪ ਤੋਂ ਛੁਪਾ ਕੇ ਰੱਖਣਾ ਚਾਹੁੰਦੀ ਸੀ। ਉਸ ਨੇ ਆਪਣੇ ਮਾਪਿਆਂ ਨੂੰ ਭਿਣਕ ਤਕ ਨਹੀਂ ਸੀ ਪੈਣ ਦਿੱਤੀ। ਉਹ ਮਾਂ ਬਣਨ ਵਾਲੀ ਸੀ। ਉਹ ਹਰ ਤਰ੍ਹਾਂ ਇਸ ਵੇਲੇ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਰਹਿੰਦੀ। ਹਰ ਵਾਰ ਉਹ ਬਨਾਉਟੀ ਜਿਹੇ ਚਿਹਰੇ ਨਾਲ ਪੇਕੇ ਜਾ ਆਉਂਦੀ, ਪਰ ਅੰਦਰੋ-ਅੰਦਰ ਧੁਖ਼ਦੀ ਰਹਿੰਦੀ। ਰਮਾ ਦੇ ਮਾਪੇ ਬੇਖ਼ਬਰ ਸਨ। ਰਮਾ ਕਦੇ ਵਕਤ ਨੂੰ ਕੋਸਦੀ, ਕਦੇ ਕਿਸਮਤ ਨੂੰ। ਉਸ ਦੀਆਂ ਸੱਧਰਾਂ ਸੁਪਨੇ ਸਭ ਖੰਭ ਲਾ ਕੇ ਉੱਡ ਗਏ। ਜ਼ਿੰਦਗੀ ਦੀ ਹਕੀਕਤ ਨੇ ਉਸ ਨੂੰ ਅੰਦਰੋਂ ਮਾਰ ਮੁਕਾਇਆ। ਉਸ ਦੇ ਚਿਹਰੇ ਦੀ ਰੌਣਕ ਪੂਰੀ ਤਰ੍ਹਾਂ ਗੁੰਮ ਹੋ ਗਈ।

ਅੱਜ ਜਦੋਂ ਉਹ ਸੁਖਰਾਜ ਨਾਲ ਆਪਣੇ ਪੇਕੇ ਗਈ ਤਾਂ ਮੁਰਝਾਇਆ ਹੋਇਆ ਚਿਹਰਾ ਵੇਖ ਮਾਂ ਨੇ ਉਸ ਤੋਂ ਕਾਰਨ ਪੁੱਛਣਾ ਚਾਹਿਆ। ਬਣਾਉਟੀ ਹਾਸੇ ਨਾਲ ਉਸ ਨੇ ਮਾਂ ਨੂੰ ਟਾਲਣਾ ਚਾਹਿਆ... ਪਰ ਮਾਂ ਤਾਂ ਆਖ਼ਰ ਮਾਂ ਹੈ... ਉਸ ਨੇ ਰਮਾ ਨੂੰ ਅਲੱਗ ਕਮਰੇ ’ਚ ਬੁਲਾਇਆ ਤੇ ਪੁੱਛਿਆ, ‘‘ਸਭ ਠੀਕ ਤਾਂ ਹੈ... ਪੁੱਤ, ਸੱਚ ਸੱਚ ਦੱਸ ਦੇ ਸਹੁਰੇ ਠੀਕ ਨੇ? ਕੋਈ ਤਕਲੀਫ਼ ਤਾਂ ਨਹੀਂ!’’ ‘‘ਨਹੀਂ ਨਹੀਂ ਸਭ ਠੀਕ ਹੈ, ਕੋਈ ਗੱਲ ਨਹੀਂ। ਸਭ ਠੀਕ ਚੱਲ ਰਿਹਾ,’’ ਰਮਾ ਨੇ ਫੇਰ ਸਭ ਕੁਝ ਲੁਕੋਣਾ ਚਾਹਿਆ। ‘‘ਪੁੱਤ, ਮੇਰੇ ਸਿਰ ’ਤੇ ਹੱਥ ਰੱਖ ਕੇ ਕਹਿ ਸਭ ਕੁਝ ਠੀਕ ਹੈ,’’ ਮਾਂ ਨੇ ਫਿਰ ਸੱਚਾਈ ਜਾਣਨ ਦੀ ਕੋਸ਼ਿਸ਼ ਕੀਤੀ। ਰਮਾ ਹੁਣ ਮਾਂ ਦੇ ਗਲ ਨਾਲ ਚਿੰਬੜ ਗਈ। ਉਸ ਅੰਦਰਲਾ ਦਰਦ ਹੰਝੂ ਬਣ ਮਾਂ ਦੇ ਮੋਢਿਆਂ ’ਤੇ ਆਣ ਡਿੱਗਿਆ। ਮਾਂ ਦੇ ਗਲ ਲੱਗ ਕੇ ਉਹਨੇ ਸਭ ਕੁਝ ਬਿਆਨ ਕਰ ਦਿੱਤਾ। ਉਸ ਨੂੰ ਆਪਣਾ ਆਪ ਹਲਕਾ ਮਹਿਸੂਸ ਹੋਣ ਲੱਗਾ ਜਿਵੇਂ ਮਾਂ ਦੀ ਬੁੱਕਲ ਨੇ ਉਸ ਦੇ ਸਾਰੇ ਦਰਦ ਛੁਪਾ ਲਏ ਹੋਣ।

ਸਮਾਂ ਬੀਤਣ ਨਾਲ ਰਮਾ ਦੇ ਘਰ ਪੁੱਤਰ ਨੇ ਜਨਮ ਲਿਆ। ਪੇਕੇ ਘਰ ਹੋਏ ਜਣੇਪੇ ਤੋਂ ਬਾਅਦ ਰਮਾ ਨੇ ਇਕ ਸ਼ਰਤ ਸਹੁਰਿਆਂ ਅੱਗੇ ਰੱਖ ਦਿੱਤੀ ਕਿ ਜਦ ਤਕ ਸੁਖਰਾਜ ਨਸ਼ਾ ਨਹੀਂ ਛੱਡਦਾ ਤਦ ਤਕ ਉਹ ਆਪਣੇ ਪੇਕੇ ਘਰ ਰਹੇਗੀ। ਭਾਵੇਂ ਰਮਾ ਲਈ ਵੀ ਇਹ ਸਮਾਂ ਕਿਸੇ ਚੁਣੌਤੀ ਤੋਂ ਘੱਟ ਨਹੀਂ ਸੀ, ਪਰ ਉਹ ਸੁਖਰਾਜ ਨੂੰ ਸਹੀ ਰਸਤੇ ਲਿਆਉਣਾ ਚਾਹੁੰਦੀ ਸੀ। ਆਪਣੇ ਪੁੱਤਰ ਨਾਲ ਛੋਟੀਆਂ ਛੋਟੀਆਂ ਗੱਲਾਂ ਕਰਕੇ ਜ਼ਿੰਦਗੀ ’ਚੋਂ ਖ਼ੁਸ਼ੀਆਂ ਤਲਾਸ਼ਦੀ। ਬੜੀਆਂ ਉਮੀਦਾਂ ਨਾਲ ਉਸ ਨੇ ਪੇਕੇ ਘਰ ਡੇਢ ਦੋ ਸਾਲ ਕੱਢ ਲਏ।

ਸਮੇਂ ਨੇ ਕਰਵਟ ਲਈ ਤੇ ਉਸ ਦਾ ਸਹੁਰਾ ਪਰਿਵਾਰ ਉਸ ਨੂੰ ਲੈਣ ਲਈ ਆ ਗਿਆ। ਸੁਖਰਾਜ ਨੇ ਨਸ਼ੇ ਦੀ ਡੋਜ਼ ਘੱਟ ਜ਼ਰੂਰ ਕਰ ਦਿੱਤੀ ਸੀ, ਪਰ ਬੰਦ ਨਹੀਂ ਸੀ ਕੀਤੀ। ਉਸ ਨੇ ਰਮਾ ਨੂੰ ਸਭ ਕੁਝ ਸੱਚ ਦੱਸ ਦਿੱਤਾ ਅਤੇ ਨਸ਼ਾ ਛੱਡਣ ਦਾ ਵਾਅਦਾ ਕਰ ਉਸ ਨੂੰ ਭਰੋਸੇ ਵਿੱਚ ਲਿਆ ਤਾਂ ਉਹ ਸਹੁਰੇ ਘਰ ਆ ਗਈ। ਰਮਾ ਜ਼ਿੰਦਗੀ ਦਾ ਸੰਘਰਸ਼ ਹਾਰਨਾ ਨਹੀਂ ਸੀ ਚਾਹੁੰਦੀ। ਉਹ ਸੁਖਰਾਜ ਨੂੰ ਸਮਝਾਉਂਦੀ ਰਹਿੰਦੀ। ਸੁਖਰਾਜ ਦੀ ਸਹਿਮਤੀ ਨਾਲ ਉਸ ਨੇ ਬੁਟੀਕ ਦਾ ਕੰਮ ਸਿੱਖ ਲਿਆ ਅਤੇ ਆਪਣਾ ਕੰਮ ਕਰ ਲਿਆ। ਹੌਲੀ ਹੌਲੀ ਸੁਖਰਾਜ ਨੇ ਨਸ਼ੇ ਤੋਂ ਦੂਰੀ ਬਣਾ ਲਈ। ਰਮਾ ਦੀ ਸੂਝ ਸਿਆਣਪ ਨੇ ਜ਼ਿੰਦਗੀ ’ਚ ਨਵਾਂ ਰੰਗ ਭਰਨਾ ਸ਼ੁਰੂ ਕਰ ਦਿੱਤਾ। ਰਮਾ ਦਾ ਪੁੱਤਰ ਹੁਣ ਛੇ ਸੱਤ ਵਰ੍ਹਿਆਂ ਦਾ ਹੋ ਗਿਆ। ਆਪਣਾ ਘਰ ਵਸਾਉਣ ਦੇ ਟੀਚੇ ਨੂੰ ਉਸ ਨੇ ਸਰ ਕਰ ਲਿਆ ਸੀ। ਉਸ ਨੇ ਸਮਝ ਲਿਆ ਸੀ ਕਿ ਕਦੇ ਹੰਝੂਆਂ ਦੀ ਬਰਸਾਤ ਤੇ ਕਦੇ ਹਾਸਿਆਂ ਦੀ ਫੁਹਾਰ ਇਹੀ ਹਨ ਅਸਲੀ ਜ਼ਿੰਦਗੀ ਦੇ ਪੈਂਡੇ...। ਇਨ੍ਹਾਂ ਦੋਵਾਂ ਬਿਨਾਂ ਜ਼ਿੰਦਗੀ ਅਧੂਰੀ ਹੈ।

- ਗੁਰਜੀਤ ਕੌਰ ਮੋਗਾ

ਈ-ਮੇਲ: gurjeetmoga022@gmail.com

ਜਿੱਤ

ਦਿੱਲੀ ਸਿੰਘੂ ਬਾਰਡਰ ’ਤੇ ਕਿਸਾਨ ਧਰਨੇ ਵਿਚ ਸ਼ਾਮਲ ਨੇੜਲੇ ਪਿੰਡ ਦੇ ਦੋ ਕਿਸਾਨਾਂ ਨੂੰ ਇਕ-ਦੂਜੇ ਲਈ ਚਾਹ ਅਤੇ ਲੰਗਰ ਲਿਆਉਂਦਿਆਂ ਦੇਖ ਕੇ ਮੈਂ ਹੈਰਾਨ ਹੋ ਗਿਆ। ਦਰਅਸਲ, ਇਹ ਦੋਵੇਂ ਉਹੀ ਕਿਸਾਨ ਸਨ ਜਿਨ੍ਹਾਂ ਨੇ ਜ਼ਮੀਨ ਦੇ ਝਗੜੇ ਵਿਚ ਇਕ-ਦੂਜੇ ਦਾ ਸਿਰ ਪਾੜਿਆ ਸੀ ਤੇ ਅਦਾਲਤ ਵਿਚ ਉਨ੍ਹਾਂ ਦਾ ਕੇਸ ਵੀ ਚੱਲ ਰਿਹਾ ਸੀ। ਉਨ੍ਹਾਂ ਦਾ ਭਾਈਚਾਰਾ ਦੇਖ ਕੇ ਮੈਨੂੰ ਜਾਪਿਆ ਜਿਵੇਂ ਕਿਸਾਨ ਅੰਦੋਲਨ ਦੀ ਜਿੱਤ ਤਾਂ ਹੋ ਗਈ ਹੈ, ਬਸ ਐਲਾਨ ਬਾਕੀ ਹੈ।

- ਗੁਰਸੇਵਕ ਸਿੰਘ ਭੰਗਾਲੀ

ਸੰਪਰਕ: 78892-92742

ਲੋਕਤੰਤਰ

‘‘ਬੱਚਿਓ! ਅੱਜ ਅਸੀਂ ਲੋਕਤੰਤਰ ਬਾਰੇ ਪੜ੍ਹਾਂਗੇ।’’ ਇਕ ਸਰਕਾਰੀ ਸਕੂਲ ਦੇ ਅਧਿਆਪਕ ਨੇ ਬੱਚਿਆਂ ਨੂੰ ਸੰਬੋਧਨ ਕਰਕੇ ਆਖਿਆ।

‘‘ਸਾਡਾ ਦੇਸ਼ ਇਕ ਲੋਕਤੰਤਰੀ ਦੇਸ਼ ਹੈ। ਇੱਥੋਂ ਦੇ ਲੋਕ ਆਪਣੀ ਮਰਜ਼ੀ ਨਾਲ ਸਰਕਾਰ ਬਣਾਉਂਦੇ ਹਨ ਅਤੇ ਸਰਕਾਰ ਲੋਕਾਂ ਦੀ ਅਤੇ ਲੋਕਾਂ ਵਾਸਤੇ ਹੁੰਦੀ ਹੈ।’’ ਅਧਿਆਪਕ ਨੇ ਆਖਿਆ।

‘‘ਮਾਸਟਰ ਜੀ, ਇਹ ਗ਼ਲਤ ਹੈ। ਸਾਡੇ ਦੇਸ਼ ਵਿੱਚ ਸਰਕਾਰ ਕਾਰਪੋਰੇਟ ਅਦਾਰੇ ਬਣਾਉਂਦੇ ਹਨ। ਇਹ ਅਦਾਰੇ ਹੀ ਇਸ ਨੂੰ ਚਲਾਉਂਦੇ ਹਨ ਅਤੇ ਇਨ੍ਹਾਂ ਦੀ ਹੀ ਸਰਕਾਰ ਹੁੰਦੀ ਹੈ। ਜੇਕਰ ਤੁਹਾਡੀ ਗੱਲ ਸਹੀ ਹੁੰਦੀ ਤਾਂ ਕਈ ਮਹੀਨਿਆਂ ਤੋਂ ਕਿਸਾਨ ਆਪਣੀਆਂ ਜ਼ਮੀਨਾਂ ਬਚਾਉਣ ਅਤੇ ਆਪਣੇ ਬੱਚਿਆਂ ਦੇ ਭਵਿੱਖ ਲਈ ਯਖ ਠੰਢੀਆਂ ਰਾਤਾਂ ਵਿੱਚ ਖੁੱਲ੍ਹੇ ਆਸਮਾਨ ਹੇਠ ਧਰਨੇ ਨਾ ਦਿੰਦੇ। ਪਾਣੀ ਦੀਆਂ ਬੁਛਾੜਾਂ ਨਾ ਝੱਲਦੇ ਅਤੇ ਨਾ ਹੀ ਪੁਲੀਸ ਦੀਆਂ ਡਾਂਗਾਂ ਆਪਣੇ ਪਿੰਡਿਆਂ ’ਤੇ ਝਲਦੇ ਅਤੇ ਲੋਕਾਂ ਦੀ ਸਰਕਾਰ (ਨੇਤਾ) ਆਪਣੀਆਂ ਮਹਿਲਨੁਮਾ ਕੋਠੀਆਂ ਵਿੱਚ ਨਿੱਘੇ ਹੋ ਕੇ ਨਾ ਸੌਂਦੀ...।’’ ਬੱਚਾ ਬੋਲੀ ਜਾ ਰਿਹਾ ਸੀ। ਮਾਸਟਰ ਜੀ ਚੁੱਪ ਸਨ। ਕਲਾਸ ਚੁੱਪ ਸੀ।

- ਹਰਜੀਤ ਸਿੰਘ

ਸੰਪਰਕ: 92177-01415

ਸਿਆਲਾਂ ਦੀਆਂ ਧੂਣੀਆਂ

ਸ਼ਾਮ ਦੇ ਛੇ ਵਜੇ ਸਨ। ਮੈਂ ਰਸੋਈ ਵਿਚ ਰੋਟੀਆਂ ਬਣਾ ਰਹੀ ਸੀ। ਸਾਡੇ ਘਰ ਦੇ ਪਿਛਲੇ ਗੇਟ ’ਤੇ ਜ਼ੋਰ-ਜ਼ੋਰ ਨਾਲ ਹਾਰਨ ਵੱਜ ਰਹੇ ਸਨ। ਮੈਂ ਆਵਾਜ਼ ਸੁਣਦਿਆਂ ਹੀ ਗੇਟ ਵੱਲ ਦੌੜੀ ਗਈ, ਗੇਟ ਖੋਲ੍ਹਿਆ ਤੇ ਦੇਖਿਆ ਤਾਂ ਸਾਡਾ ਚਾਚਾ (ਪਾਲ਼ੀ) ਟਰੈਕਟਰ ’ਤੇ ਬੈਠਾ ਸੀ। ਟਰੈਕਟਰ ਅੰਦਰ ਵੜਦਿਆਂ ਸਾਰ ਮੇਰੀ ਨਿਗਾਹ ਗਲੀ ਵਿਚ ਬਲ ਰਹੀ ਧੂਣੀ ’ਤੇ ਪਈ। ਬੱਚੇ ਧੂਣੀ ਦੁਆਲੇ ਗੋਲ ਘੇਰੇ ਵਿੱਚ ਬੈਠੇ ਉੱਚੀ-ਉੱਚੀ ਗੱਲਾਂ ਕਰਕੇ ਹੱਸ ਰਹੇ ਸਨ। ਮੈਂ ਉੱਥੇ ਖੜ੍ਹੀ ਮਨ ਵਿਚ ਉਨ੍ਹਾਂ ਸਿਆਲਾਂ ਦੀਆਂ ਕਾਲੀਆਂ, ਠੰਢੀਆਂ ਹਵਾਵਾਂ ਵਿਚ ਬਲਦੀਆਂ ਧੂਣੀਆਂ ਵਿਚ ਮੁੜ ਪੁਰਾਣੇ ਬਾਹਰਲੇ ਘਰ ਚਲੀ ਗਈ। ਜਿੱਥੇ ਮੇਰੇ ਦਾਦਾ ਜੀ ਰਾਤ ਦੀ ਰੋਟੀ ਖਾਣ ਮਗਰੋਂ ਸਾਨੂੰ ਸਾਰੇ ਭੈਣ-ਭਰਾਵਾਂ ਨੂੰ ਇੱਕਠੇ ਕਰਕੇ ਨੌਰੇ ਲੈ ਜਾਂਦੇ। ਉਨ੍ਹਾਂ ਉੱਚੀ ਆਵਾਜ਼ ਵਿਚ ਬੋਲਣਾ, ‘‘ਚਲੋ ਪੁੱਤਰੋ ਚੱਲੀਏ।’’ ਅਸੀਂ ਝੱਟ ਤਿਆਰ ਹੋ ਜਾਂਦੇ। ਦਰਵਾਜ਼ੇ ਵਿਚ ਸਾਡੇ ਚਾਰ-ਪੰਜ ਮੱਝਾਂ, ਕੱਟੇ-ਕੱਟੀਆਂ ਹੁੰਦੀਆਂ। ਅਸੀਂ ਉੱਥੇ ਜਾ ਧੂਣੀ ਬਾਲਦੇ। ਇੱਕ ਜਣਾ ਛਟੀਆਂ ਲਿਆਉਂਦਾ, ਇਕ ਜਣਾ ਮਿੱਟੀ ਦੇ ਤੇਲ ਵਾਲੀ ਬੋਤਲ ਅਤੇ ਇਸ ਤਰ੍ਹਾਂ ਸਾਡੀ ਧੂਣੀ ਚੱਲ ਪੈਂਦੀ। ਦਾਦਾ ਜੀ ਖੂੰਡੀ ਮੂੜ੍ਹੇ ਨਾਲ ਟਿਕਾਉਂਦਿਆਂ ਮੂੜ੍ਹੇ ’ਤੇ ਬੈਠ ਜਾਂਦੇ ਅਤੇ ਫਿਰ ਸ਼ੁਰੂ ਹੁੰਦਾ ਨਿੱਕੀਆਂ-ਵੱਡੀਆਂ, ਔਖੀਆਂ-ਸੌਖੀਆਂ ਬੁਝਾਰਤਾਂ ਦਾ ਦੌਰ। ਦਾਦਾ ਜੀ ਸਾਨੂੰ ਬੁਝਾਰਤਾਂ ਪਾਉਂਦੇ ਤੇ ਅਸੀਂ ਉੱਤਰ ਦਿੰਦੇ, ਇੱਕ-ਦੂਜੇ ਨੂੰ ਪੁੱਛਦੇ ਘੁਸਰ-ਮੁਸਰ ਕਰਦੇ, ਜੇ ਉੱਤਰ ਨਾ ਆਉਂਦਾ ਤਾਂ ਦਾਦਾ ਜੀ ਤੋਂ ਪੁੱਛਿਆ ਕਰਦੇ। ਉਨ੍ਹਾਂ ਹੱਸ ਕੇ ਆਖਣਾ, ‘‘ਤੁਸੀਂ ਦੱਸੋ ਪੁੱਤਰੋ।’’ ਇੰਝ ਹਾਸੇ-ਠੱਠੇ ਵਿੱਚ ਸਮਾਂ ਬੀਤਦਾ। ਐਨੇ ਵਿਚ ਦਾਦੀ ਜੀ ਨੇ ਆ ਕੇ ਟਾਕੀ ਖੋਲ੍ਹਣੀ। ਬੂਹੇ ਵੜਦਿਆਂ ਹੀ ਉੱਚੀ ਆਵਾਜ਼ ਵਿਚ ਬੋਲਣਾ, ‘‘ਲੳ ਬੱਚਿਓ, ਦੁੱਧ ਪੀ ਲਓ, ਉੱਠੋ।’’ ਅਸੀਂ ਦਾਦਾ ਜੀ ਦੇ ਮੂੰਹ ਵੱਲ ਦੇਖਦੇ ਤਾਂ ਉਨ੍ਹਾਂ ਨੇ ਹੌਲੀ ਜਿਹੀ ਮੁਸਕੁਰਾਉਣਾ ਤੇ ਖੂੰਡੀ ਚੁੱਕ ਕੇ ਖੜ੍ਹੇ ਹੋ ਜਾਂਦੇ। ਅਸੀਂ ਵੀ ਉਨ੍ਹਾਂ ਮਗਰ ਸਬਾਤ ਵਿਚ ਵੜ ਜਾਂਦੇ। ਦਾਦੀ ਜੀ ਵੀ ਸਾਡੇ ਮਗਰ-ਮਗਰ ਦੁੱਧ ਦੀ ਕੇਨੀ ਲੈ ਕੇ ਆ ਜਾਂਦੇ। ‘‘ਸੌਂ ਜਾਓ ਦੁੱਧ ਪੀ ਕੇ। ਫਿਰ ਸਵੇਰੇ ਜਲਦੀ ਨਹੀਂ ਉੱਠਦੇ। ਸਕੂਲ ਜਾਣ ਵੇਲੇ ਨਹਾਉਣ ਪਿੱਛੇ ਲੜਦੇ ਓ,’’ ਦਾਦਾ ਜੀ ਐਨਾ ਕੁ ਦਬਕਾ ਹੀ ਮਾਰਦੇ। ਅਸੀਂ ਸਾਰੇ ਭੈਣ ਭਰਾ ਝੱਟ-ਪੱਟ ਰਜਾਈਆਂ ਦੱਬ ਕੇ ਸੌਂ ਜਾਂਦੇ। ਨਾ ਹੁਣ ਦਾਦਾ ਜੀ ਸਾਡੇ ਵਿਚਕਾਰ ਰਹੇ ਨੇ ਅਤੇ ਉਸ ਸੁਘੜ-ਸਿਆਣੀ ਪਿੰਡ ਦੀਆਂ ਬੁੜੀਆਂ ਵਿਚ ਮੰਨੀ-ਪ੍ਰਮੰਨੀ ਮੇਰੀ ਦਾਦੀ ਮਾਂ ਨੂੰ ਵਿਛੜਿਆਂ ਨੂੰ ਵੀ ਦਸ ਵਰ੍ਹੇ ਹੋ ਗਏ ਹਨ। ਮੈਂ ਦਾਦਾ-ਦਾਦੀ ਜੀ ਦੀ ਛੋਟੀ ਲਾਡਲੀ ਪੋਤੀ ਹੁੰਦੀ ਸੀ। ਦਾਦਾ ਜੀ ਪਿਆਰ ਨਾਲ ਮੈਨੂੰ ਬਾਵਾ ਕਹਿ ਕੇ ਬੁਲਾਇਆ ਕਰਦੇ। ਹੁਣ ਮੈਂ ਸਹੁਰੇ ਘਰ ਵਿਚ ਕੰਮ ਕਰਦਿਆਂ ਪੁਰਾਣੀਆਂ ਅਭੁੱਲ ਯਾਦਾਂ ਵਿਚ ਗੁਆਚੀ ਹੋਈ ਸੀ ਕਿ ਗਲੀ ਵਿੱਚ ਧੂਣੀ ਸੇਕ ਰਹੇ ਬੱਚਿਆਂ ਦੇ ਹਾਸੇ ਦੀ ਆਵਾਜ਼ ਨੇ ਮੇਰਾ ਧਿਆਨ ਮੋੜਿਆ। ਮੈਂ ਮੁੜ ਗੇਟ ਬੰਦ ਕਰਕੇ ਭਰੇ ਮਨ ਨਾਲ ਰਸੋਈ ਦੇ ਕੰਮ ਵਿਚ ਜੁਟ ਗਈ।

- ਗੁਰਮੀਤ ਕੌਰ

ਲੁੱਟ

ਕਿਸਾਨ ਨੇ ਕਿਹਾ, ‘‘ਸ਼ਾਹ ਜੀ, ਆਲੂ ਕੀ ਰੇਟ ਖਰੀਦੋਗੇ?’’ ‘‘ਵਕਤ ਦੇਖੋ ਵੀਰ ਜੀ, ਆਲੂ ਦਾ ਕੀ ਰੇਟ ਹੈ। ਅੱਜਕੱਲ੍ਹ ਚਾਰ ਰੁਪਏ ਕਿਲੋ ਨੂੰ ਵੀ ਕੋਈ ਵਪਾਰੀ ਨਹੀਂ ਪੁੱਛਦਾ। ਤੁਸੀਂ ਸਾਡੇ ਪੁਰਾਣੇ ਲਿਹਾਜ਼ੀ ਹੋ। ਚਲੋ ਪੰਜ ਰੁਪਏ ਦੇ ਹਿਸਾਬ ਨਾਲ ਸੁੱਟ ਜਾਓ ਸਾਰੇ ਗੱਟੇ।’’

ਮਜਬੂਰੀ ਵਿੱਚ ਕਿਸਾਨ ਨੂੰ ਫ਼ੈਸਲਾ ਲੈਣਾ ਪਿਆ। ਛੇ ਮਹੀਨੇ ਬਾਅਦ ਉਸੇ ਕਿਸਾਨ ਨੇ ਸ਼ਾਹ ਜੀ ਦੇ ਸਟੋਰ ’ਤੇ ਜਾ ਕੇ ਕਿਹਾ, ‘‘ਸ਼ਾਹ ਜੀ, ਆਲੂਆਂ ਦਾ ਗੱਟਾ ਚੁਕਾਇਓ ਇੱਕ।’’ ‘‘ਵਕਤ ਦੀ ਗੱਲ ਹੈ ਜੀ। ਅੱਜ ਚੰਦਰੇ ਆਲੂ ਦਾ ਰੇਟ ਅਸਮਾਨੀਂ ਚੜ੍ਹ ਗਿਆ ਹੈ। ਹੁਣ ਪੰਜਾਹ ਰੁਪਏ ਕਿਲੋ ਵੇਚ ਰਹੇ ਹਾਂ ਜੀ, ਪਰ ਤੁਸੀਂ ਸਾਡੇ ਲਿਹਾਜ਼ੀ ਜੋ ਹੋਏ, ਚਾਲੀ ਦੇ ਹਿਸਾਬ ਨਾਲ ਲੈ ਜਾਓ।’’

ਆਰਥਿਕ ਮਾਰ ਝੱਲਦੇ ਕਿਸਾਨ ਨੇ ਪੈਸਿਆਂ ਦੀ ਗੱਲ ਕਰੀ ਤਾਂ ਸ਼ਾਹ ਜੀ ਬੋਲੇ, ‘‘ਕੋਈ ਗੱਲ ਨਹੀਂ, ਆਪਣੀ ਤਾਂ ਘਰ ਦੀ ਗੱਲ ਹੈ ਜੀ। ਇਸ ਗੱਟੇ ਦਾ ਹਿਸਾਬ ਆਪਾਂ ਆਲੂ ਦੀ ਅਗਲੀ ਫ਼ਸਲ ਆਉਣ ’ਤੇ ਕਰ ਲਵਾਂਗੇ।’’

ਸ਼ਾਹ ਦੇ ਨੌਕਰ ਨੇ ਆਲੂਆਂ ਦਾ ਗੱਟਾ ਕਿਸਾਨ ਦੇ ਸਿਰ ’ਤੇ ਧਰ ਦਿੱਤਾ। ਗੱਟਾ ਚੁੱਕੀ ਆਉਂਦਾ ਕਿਸਾਨ ਸੋਚ ਰਿਹਾ ਸੀ ਕਿ ਅਗਲੇ ਸਾਲ ਵੀ ਆਲੂ ਦਾ ਇਹੀ ਰੇਟ ਰਿਹਾ ਤਾਂ ‘‘ਇਸ ਇੱਕ ਗੱਟੇ ਬਦਲੇ ਮੈਨੂੰ ਆਲੂਆਂ ਦੀ ਅਗਲੀ ਫ਼ਸਲ ਆਉਣ ’ਤੇ ਅੱਠ ਗੱਟੇ ਦੇਣੇ ਪੈਣਗੇ।’’ ਕਿਸਾਨ ਨੇ ਹਉਕਾ ਲਿਆ ਤੇ ਸੋਚਿਆ ਕਿ ‘ਕਿੱਡੀ ਵੱਡੀ ਲੁੱਟ ਹੈ ਸਾਡੀ। ਚਾਲੀ ਰੁਪਏ ਕਿਲੋ ਆਲੂ ਵੇਚਣ ਵਾਲਾ ਸਾਡਾ ਸਮਾਂ ਪਤਾ ਨਹੀਂ ਕਦੋਂ ਆਏਗਾ।’ ਨਿਰਾਸ਼ ਹੋਇਆ ਕਿਸਾਨ ਘਰ ਪਰਤ ਰਿਹਾ ਸੀ।

- ਸੰਦੀਪ ਸਿੰਘ ‘ਬਖੋਪੀਰ’

ਸੰਪਰਕ: 98153-21017

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All