DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਮਤਰੇਆ

ਦੂਸਰੀ ਕਲਾਸ ’ਚ ਪੜ੍ਹਦੇ ਨੂੰ ਮੈਨੂੰ ਅੱਜ ਅਚਾਨਕ ਗੁਆਂਢ ’ਚੋਂ ਲੱਗਦਾ ਚਾਚਾ ਬੇਵਕਤੇ ਸਕੂਲੋਂ ਲੈਣ ਆ ਗਿਆ। ਮਨ ਬੜਾ ਖੁਸ਼ ਸੀ ਕਿ ਚਲੋ, ਅੱਜ ਛੇਤੀ ਸਕੂਲੋਂ ਖਹਿੜਾ ਛੁੱਟ ਗਿਆ। ਸਾਈਕਲ ’ਤੇ ਬਿਠਾ ਕੇ ਉਸ ਤੇਜ਼ੀ ਨਾਲ ਸਾਈਕਲ ਘਰ ਵੱਲ ਤੋਰ...

  • fb
  • twitter
  • whatsapp
  • whatsapp
Advertisement

ਦੂਸਰੀ ਕਲਾਸ ’ਚ ਪੜ੍ਹਦੇ ਨੂੰ ਮੈਨੂੰ ਅੱਜ ਅਚਾਨਕ ਗੁਆਂਢ ’ਚੋਂ ਲੱਗਦਾ ਚਾਚਾ ਬੇਵਕਤੇ ਸਕੂਲੋਂ ਲੈਣ ਆ ਗਿਆ। ਮਨ ਬੜਾ ਖੁਸ਼ ਸੀ ਕਿ ਚਲੋ, ਅੱਜ ਛੇਤੀ ਸਕੂਲੋਂ ਖਹਿੜਾ ਛੁੱਟ ਗਿਆ। ਸਾਈਕਲ ’ਤੇ ਬਿਠਾ ਕੇ ਉਸ ਤੇਜ਼ੀ ਨਾਲ ਸਾਈਕਲ ਘਰ ਵੱਲ ਤੋਰ ਲਈ। ਚਾਚਾ ਮੇਰੇ ਨਾਲ ਕੋਈ ਗੱਲ ਨਹੀਂ ਕਰ ਰਿਹਾ ਸੀ। ਉਹ ਚੁੱਪ ਸੀ। ਪਹਿਲਾਂ ਕਦੇ ਵੀ ਮੈਨੂੰ ਉਹ ਇਸ ਤਰ੍ਹਾਂ ਨਹੀਂ ਮਿਲਿਆ ਸੀ। ਚਾਚਾ ਦਿਨ ’ਚ ਜਿੰਨੇ ਵਾਰ ਵੀ ਮੈਨੂੰ ਮਿਲਦਾ, ਕਿਸੇ ਨਾ ਕਿਸੇ ਨਾਂ ਨਾਲ ਛੇੜਦਾ ਸੀ। ਪਰ ਅੱਜ ਜਿਵੇਂ ਉਹ ਬਹੁਤ ਕਾਹਲੀ ’ਚ ਸੀ ਤੇ ਬਹੁਤ ਛੇਤੀ ਘਰ ਪਹੁੰਚਣਾ ਚਾਹੁੰਦਾ ਸੀ।

ਸਾਈਕਲ ਦੇ ਪੈਡਲਾਂ ਨੂੰ ਲਗਾਤਾਰ ਮਾਰਨ ਤੋਂ ਬਾਅਦ, ਜਦੋਂ ਉਹ ਸਾਡੇ ਘਰ ਵਾਲੀ ਗਲੀ ’ਚ ਮੁੜਿਆ ਤਾਂ ਵਿਰਲਾਪ ਦੀਆਂ ਆਵਾਜ਼ਾਂ ਮੇਰੇ ਕੰਨਾਂ ’ਚ ਪੈਣ ਲੱਗੀਆਂ। ਸਾਈਕਲ ਤੋਂ ਉਤਰਦਿਆਂ ਹੀ ਵੈਣ ਸਾਫ਼ ਸੁਣਾਈ ਦੇਣ ਲੱਗੇ। ਸਾਡੇ ਘਰ ਦੇ ਵਿੱਚ ਬਹੁਤ ਭੀੜ ਸੀ। ਗਲੀ ’ਚੋਂ ਲੱਗਦੀਆਂ ਮੇਰੀਆਂ ਚਾਚੀਆਂ, ਤਾਈਆਂ, ਦਾਦੀਆਂ ਸਾਰੀਆਂ ਔਰਤਾਂ ਮੈਨੂੰ ਦੇਖ ਕੇ ਇੱਕ ਦੂਜੀ ਨੂੰ ਕਹਿਣ ਲੱਗੀਆਂ- “ਹਾਏ ਨੀ, ਮੈਂ ਮਰ ਜਾਵਾਂ...’

Advertisement

‘ਮਾਂ ਵਾਹਰਾ ਹੋ ਗਿਆ ਵਿਚਾਰਾ...’ ‘ਰੱਬਾ, ਇਹਨੇ ਕੀ ਵਿਗਾੜਿਆ ਸੀ ਤੇਰਾ...’ ‘ਰੁਲ ਗਿਆ ਜਵਾਕ...’

Advertisement

ਐਨੀ ਸੋਝੀ ਨਹੀਂ ਸੀ ਕਿ ਮੈਂ ਸਮਝ ਪਾਉਂਦਾ ਕਿ ਇਹ ਗੱਲਾਂ ਮੇਰੇ ਬਾਰੇ ਹੀ ਹੋ ਰਹੀਆਂ ਹਨ। ਘਰ ਅੰਦਰ ਦਾਖ਼ਲ ਹੁੰਦਿਆਂ, ਮੈਂ ਦੇਖਿਆ ਕਿ ਸਾਹਮਣੇ ਵਿਹੜੇ ’ਚ ਮੇਰੀ ਮਾਂ ਨੂੰ ਚਿੱਟੇ ਕੱਪੜੇ ’ਚ ਲਪੇਟ ਕੇ ਲਿਟਾਇਆ ਹੋਇਆ ਸੀ ਤੇ ਚਾਰੇ ਪਾਸੇ ਔਰਤਾਂ ਉੱਚੀ-ਉੱਚੀ ਰੋ ਰਹੀਆਂ ਸਨ। ਇਕ-ਦੋ ਜਣੀਆਂ ਮੇਰੇ ਵੱਲ ਦੌੜ ਕੇ ਆਈਆਂ ਤੇ ਮੈਨੂੰ ਖਿੱਚ ਕੇ ਮਾਂ ਕੋਲ ਲੈ ਗਈਆਂ।

ਮੇਰੀ ਮਾਂ ਮਰ ਚੁੱਕੀ ਸੀ। ਮੈਂ ਇੱਕ ਟੱਕ ਦੇਖਦਾ ਰਿਹਾ। ਮੇਰੀ ਸਮਝੋਂ ਬਾਹਰ ਸੀ ਕਿ ਇਹ ਵਾਪਰ ਕੀ ਰਿਹਾ ਹੈ? ਮੈਨੂੰ ਇਲਮ ਵੀ ਨਹੀਂ ਸੀ ਕਿ ਮੇਰੀ ਮਾਂ ਮੇਰੇ ਤੋਂ ਸਦਾ ਲਈ ਦੂਰ ਚਲੀ ਗਈ। ਮੈਂ ਕਿਸੇ ਛੋਟੇ ਬੱਚੇ ਦੀ ਮਾਂ ਦੀ ਮੌਤ ਤੋਂ ਬਾਅਦ ਦੀ ਜ਼ਿੰਦਗੀ ਤੋਂ ਬੇਖ਼ਬਰ ਸੀ। ਖੈਰ! ਹੌਲੀ-ਹੌਲੀ ਸਾਡੇ ਘਰ ਲੋਕਾਂ ਦਾ ਆਉਣਾ-ਜਾਣਾ ਖ਼ਤਮ ਹੋ ਗਿਆ। ਮੇਰੇ ਨਾਲ ਹਮਦਰਦੀ ਰੱਖਣ ਵਾਲੇ ਆਪੋ-ਆਪਣੀ ਜ਼ਿੰਦਗੀ ’ਚ ਰੁਝ ਗਏ। ਹੁਣ ਮੈਂ, ਮੇਰਾ ਪਿਓ ਤੇ ਬੁੱਢੀ ਦਾਦੀ ਅਸੀਂ ਤਿੰਨੇ ਸੀ। ਪਿਓ ਆਪਣੇ ਕੰਮਾਂ ’ਚ ਰੁਝਿਆ ਰਹਿੰਦਾ। ਦਾਦੀ ਬੇਪਰਵਾਹ ਤੇ ਕੌੜੇ ਸੁਭਾਅ ਦੀ ਮਾਲਕਣ ਸੀ, ਜੋ ਹਰ ਵਕਤ ਅੱਕੀ ਰਹਿੰਦੀ ਸੀ।

ਲਗਪਗ ਇੱਕ ਮਹੀਨਾ ਹੋ ਗਿਆ ਮਾਂ ਨੂੰ ਮਰੇ। ਉਹਦੇ ਜਾਣ ਤੋਂ ਬਾਅਦ ਮੈਨੂੰ ਕਦੇ ਕਿਸੇ ਨੇ ਅੱਖ ਭਰ ਕੇ ਵੀ ਨਾ ਦੇਖਿਆ। ਬੱਸ ਹੁਣ ਉਹ ਸਮਾਂ ਸੀ, ਜਦ ਮੇਰਾ, ਮੇਰੀ ਮਾਂ ਦੀ ਮੌਤ ਨਾਲ ਸਾਹਮਣਾ ਹੋ ਰਿਹਾ ਸੀ। ਜੀਅ ਕਰਦਾ ਉੱਚੀ ਉੱਚੀ ਰੋਵਾਂ, ਮਾਂ ਨੂੰ ਆਵਾਜ਼ਾਂ ਮਾਰਾਂ! ਖੌਰੇ ਕਿਤੋਂ ਰੋਂਦੇ ਦੀ ’ਵਾਜ਼ ਸੁਣ ਕੇ ਮਾਂ ਆ ਜਾਵੇ। ਜੀਅ ਕਰਦਾ ਕੋਈ ਮੇਰੀ ਮਾਂ ਦੀਆਂ ਗੱਲਾਂ ਕਰੇ, ਮੈਨੂੰ ਗੋਦੀ ’ਚ ਬਿਠਾਵੇ, ਪਿਆਰ ਕਰੇ, ਆਪਣੀਆਂ ਬਾਹਾਂ ’ਚ ਘੁੱਟ ਕੇ ਲਾਡ ਲਡਾਵੇ।

ਹੁਣ ਮੈਂ ਉਹ ਮਿੱਟੀ ਹੋ ਚੁੱਕਿਆ ਸੀ, ਜਿਸ ਨੂੰ ਖੁਰਨ ਲਈ ਸਿਰਫ਼ ਇੱਕ ਬੂੰਦ ਪਾਣੀ ਦੀ ਜ਼ਰੂਰਤ ਸੀ। ਜ਼ਰੂਰਤ ਸੀ ਕਿ ਜਿਵੇਂ ਕੋਈ ਘੁਮਿਆਰ ਮੈਨੂੰ ਬੇਜਾਨ ਹੋ ਚੁੱਕੇ ਮਿੱਟੀ ਦੇ ਥੋਬੇ ਨੂੰ ਆਪਣੇ ਹੱਥਾਂ ਦੇ ਛੋਹ ਨਾਲ ਪਲੋਸ-ਪਲੋਸ ਕੇ ਇੱਕ ਕੀਮਤੀ ਬਰਤਨ ਬਣਾ ਦੇਵੇ। ਪਰ ਮੇਰਾ ਇਹ ਦਰਦ ਜ਼ਿੰਦਗੀ ਭਰ ਦਾ ਦਰਦ ਹੋ ਨਿਬੜਿਆ। ਮੇਰੀ ਮਾਂ ਨੂੰ ਗੁਜ਼ਰਿਆਂ ਹਾਲੇ ਮਸਾਂ ਦੋ ਮਹੀਨੇ ਹੀ ਹੋਏ ਸਨ ਕਿ ਮੇਰੀ ਦਾਦੀ ਨੇ ਮੇਰੇ ਪਿਓ ਨੂੰ ਦੂਜੇ ਵਿਆਹ ਲਈ ਕਹਿਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਇਹ ਮੰਗ ਜ਼ੋਰ ਫੜਦੀ ਗਈ। ਗਲੀ-ਗੁਆਂਢ ਵੀ ਮੇਰੇ ਪਿਓ ਨੂੰ ਇਹ ਸਲਾਹ ਦੇਣ ਲੱਗਾ। ‘ਤੈਥੋਂ ਮੁੰਡੇ ਦੀ ਸਾਂਭ-ਸੰਭਾਲ ਨਹੀਂ ਹੋਣੀ। ਇਹ ਨੂੰ ਵੀ ਮਾਂ ਦੀ ਜ਼ਰੂਰਤ ਹੈ ਤੇ ਤੇਰੀ ਮਾਂ ਵੀ ਦਿਨੋਂ ਦਿਨ ਬਜ਼ੁਰਗ ਹੋ ਰਹੀ ਹੈ।’ ਅਖੀਰ, ਇੱਕ ਸਾਲ ਦੇ ਅੰਦਰ-ਅੰਦਰ ਮੇਰੇ ਪਿਓ ਦੇ ਦੂਰ ਦੇ ਰਿਸ਼ਤੇਦਾਰ ਨੇ ਇਕ ਰਿਸ਼ਤਾ ਕਰਵਾ ਦਿੱਤਾ ਤੇ ਮੇਰੇ ਘਰ ਮੇਰੀ ਨਵੀਂ ਮਾਂ ਪਰਵੇਸ਼ ਕਰ ਗਈ। ਹੁਣ ਤਕ ਮੈਂ ਇੱਕ ਮੱਟਰ ਜਿਹਾ ਜਵਾਕ ਹੋ ਚੁੱਕਾ ਸੀ। ਜਿਸ ਨੂੰ ਸਮਝ ਤਾਂ ਸਭ ਕੁਝ ਆ ਰਿਹਾ ਸੀ, ਪਰ ਕੁਝ ਬੋਲਣ ਦਾ ਹੀਆ ਨਹੀਂ ਸੀ ਪੈਂਦਾ। ਸ਼ਾਇਦ ਰੱਬ ਨੇ ਸਬਰ ਦਾ ਘੜਾ ਜਮਾਂਦਰੂ ਹੀ ਵੱਡਾ ਬਖ਼ਸ਼ਿਆ ਸੀ ਮੈਨੂੰ। ਮੇਰਾ ਪਿਓ ਆਪਣੀ ਜ਼ਿੰਦਗੀ ’ਚ ਅੱਗੇ ਵਧ ਚੁੱਕਿਆ ਸੀ ਤੇ ਮੈਂ ਉਸੇ ਜਗ੍ਹਾ ਖੜ੍ਹਾ ਰਹਿ ਗਿਆ। ਨਵੀਂ ਮਾਂ ਨੂੰ ‘ਮਾਂ’ ਕਹਿਣ ਦਾ ਹੁਕਮ ਹੋਇਆ। ਪਰ ਮੈਨੂੰ ਕਦੇ ਆਪਣਾਪਣ ਮਹਿਸੂਸ ਨਾ ਹੋਇਆ ਤੇ ਨਾ ਹੀ ਨਵੀਂ ਮਾਂ ਨੇ ਮਹਿਸੂਸ ਕਰਵਾਇਆ। ਘਰ ਦੁਬਾਰਾ ਲੀਹ ’ਤੇ ਚੜ੍ਹ ਚੁੱਕਾ ਸੀ, ਪਰ ਮੈਂ ਉੱਥੇ ਦਾ ਉੱਥੇ ਹੀ ਰਿਹਾ। ਮੇਰੀ ਕਿਸੇ ਨੂੰ ਬਹੁਤੀ ਪਰਵਾਹ ਨਹੀਂ ਸੀ। ਕਿਸੇ ਦੇ ਵੀ ਵਿਹਾਰ ’ਚ ਮੇਰੇ ਲਈ ਅਪਣੱਤ ਨਾ ਰਹੀ। ਮੈਂ ਪਹਿਲਾਂ ਨਾਲੋਂ ਵੀ ਇਕੱਲਾ ਹੋ ਗਿਆ।

ਮੇਰੀ ਦੁਨਿਆਵੀ ਮਾਂ ਦੁਨੀਆ ’ਚ ਹੋ ਕੇ ਵੀ ਨਹੀਂ ਸੀ, ਤੇ ਮੇਰੀ ਮਰ ਚੁੱਕੀ ਮਾਂ ਮਰ ਕੇ ਵੀ ਮਰੀ ਨਹੀਂ ਸੀ। ਚੌਵੀ ਘੰਟੇ ਇੱਕ ਅਜੀਬ ਜਿਹੀ ਖੋਹ ਪੈਂਦੀ ਰਹਿੰਦੀ। ਭਰੇ ਸੰਸਾਰ ’ਚ ਇਕੱਲੇਪਣ ਦਾ ਅਹਿਸਾਸ ਕੋਈ ਮੇਰੇ ਤੋਂ ਬਿਹਤਰ ਮਹਿਸੂਸ ਨਹੀਂ ਕਰ ਸਕਦਾ। ਖ਼ੈਰ! ਸਮਾਂ ਬੀਤਿਆ ਤੇ ਸਾਡੇ ਘਰ ’ਚ ਕਿਲਕਾਰੀਆਂ ਗੂੰਜੀਆਂ। ਮੈਨੂੰ ਕਿਹਾ ਗਿਆ ਕਿ ਤੇਰਾ ਇੱਕ ਭਰਾ ਆਇਆ ਹੈ। ਸਭ ਦੇ ਨਾਲ-ਨਾਲ ਮੈਂ ਵੀ ਬੜਾ ਖੁਸ਼ ਹੋਇਆ ਕਿ ਮੈਨੂੰ ਇੱਕ ਸਾਥੀ ਮਿਲ ਚੁੱਕਾ ਸੀ। ਮਨ ਜਿਵੇਂ ਕਹਿ ਰਿਹਾ ਹੋਵੇ- ਹੁਣ ਤੇਰਾ ਇਕਲਾਪਾ ਖ਼ਤਮ। ਮੈਂ ਦੇਖਿਆ, ਉਹ ਬਹੁਤ ਸੋਹਣਾ ਤੇ ਕੋਮਲ ਸੀ। ਘਰ ’ਚ ਜਸ਼ਨ ਦਾ ਮਾਹੌਲ ਸੀ। ਦਾਦੀ ਖ਼ੁਸ਼ੀ ’ਚ ਕਮਲੀ ਹੋਈ ਫਿਰਦੀ ਸੀ ਤੇ ਮੇਰੇ ਪਿਓ ਨੂੰ ਜਿਵੇਂ ਕੋਈ ਸੌਗਾਤ ਮਿਲ ਗਈ ਹੋਵੇ। ਦੇਰ ਰਾਤ ਤੱਕ ਸ਼ਰਾਬ ਦਾ ਦੌਰ ਚੱਲਿਆ, ਪਰ ਮੈਂ ਇਸ ਖ਼ੁਸ਼ੀ ਦੇ ਦਿਨ ਵੀ ਅੱਖੋਂ ਪਰੋਖੇ ਹੀ ਰਿਹਾ। ਮੇਰੇ ਪਿਓ ਨੇ ਮੈਨੂੰ ਇੱਕ ਵਾਰ ਵੀ ਨਾ ਤੱਕਿਆ। ਮੇਰੀ ਕਿਸੇ ਨੂੰ ਕੋਈ ਪਰਵਾਹ ਨਹੀਂ ਸੀ।

ਮੇਰਾ ਨਵਾਂ ਜੰਮਿਆ ਭਰਾ ਹੁਣ ਇੱਕ ਸਾਲ ਦਾ ਹੋ ਚੁੱਕਾ ਸੀ। ਮਤਰੇਈ ਮਾਂ ਦੀ ਈਰਖਾ ਮੇਰੇ ਪ੍ਰਤੀ ਸਾਫ਼ ਝਲਕਦੀ ਸੀ। ਮੇਰੇ ਭਰਾ ਨੂੰ ਹਰ ਤਰ੍ਹਾਂ ਦਾ ਖਿਡੌਣਾ, ਕੱਪੜੇ, ਖਾਣ-ਪੀਣ ਦੀਆਂ ਵਸਤਾਂ ਮਿਲਦੀਆਂ। ਮੈਨੂੰ ਕਈ ਕੁਝ ਉਸ ਦਾ ਵਰਤਿਆ ਹੋਇਆ ਮਿਲਦਾ। ਮੈਂ ਉਸੇ ਵਿੱਚ ਹੀ ਖ਼ੁਸ਼ ਸੀ। ਮੈਨੂੰ ਸਿਰਫ਼ ਆਪਣੇ ਪਿਓ ਦੇ ਲਾਡ ਦੀ ਇੱਛਾ ਸੀ, ਉਹ ਵੀ ਨਾ ਮਿਲਦਾ। ਮੈਂ ਉਸ ਘਰ ’ਚ ਹੀ ਨਹੀਂ, ਪੂਰੀ ਦੁਨੀਆ ’ਚ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਨ ਲੱਗ ਪਿਆ ਸੀ। ਸਮੇਂ ਨੇ ਕਰਵਟ ਲਈ। ਮੇਰੀ ਦਾਦੀ ਰੱਬ ਨੂੰ ਪਿਆਰੀ ਹੋ ਗਈ ਤੇ ਹੁਣ ਤੱਕ ਮੈਂ ਹੋਸ਼ ਸੰਭਾਲ ਚੁੱਕਾ ਸੀ। ਦਾਦੀ ਦੇ ਜਾਣ ਤੋਂ ਬਾਅਦ ਮੇਰੀ ਮਤਰੇਈ ਮਾਂ ਘਰ ਦੀ ਮਾਲਕਣ ਬਣ ਗਈ। ਉਹ ਮੈਨੂੰ ਗੱਲ-ਗੱਲ ’ਤੇ ਘੂਰਦੀ ਤੇ ਮਤਰੇਆ ਹੋਣ ਦਾ ਅਹਿਸਾਸ ਕਰਵਾਉਂਦੀ ਰਹਿੰਦੀ। ਮੇਰੇ ਭਰਾ ਤੇ ਮੇਰੀ ਦੇਖਭਾਲ ’ਚ ਵੱਡਾ ਫ਼ਰਕ ਰੱਖਿਆ ਗਿਆ। ਉਸ ਨੂੰ ਉਸ ਦੀ ਪਸੰਦ ਦਾ ਖਾਣ-ਪੀਣ ਮਿਲਦਾ, ਮੈਨੂੰ ਬਚਿਆ-ਖੁਚਿਆ। ਮਾਂ ਉਸ ਨੂੰ ਨਹਾਉਂਦੀ-ਧਵਾਉਂਦੀ ਤੇ ਲਾਡ ਲਡਾਉਂਦੀ ਰਹਿੰਦੀ। ਮੈਂ ਉਮੀਦ ਨਾਲ ਆਪਣੇ ਪਿਓ ਵੱਲ ਦੇਖਦਾ, ਪਰ ਉਹ ਤਾਂ ਜਿਵੇਂ ਮੈਨੂੰ ਤਿਆਗ ਚੁੱਕਾ ਸੀ। ਮੇਰੇ ਅੰਦਰ ਖ਼ਲਾਅ ਵਧਦਾ ਗਿਆ। ਰੱਬ ਨੇ ਚੁੱਪ ਮੇਰੇ ਨਾਲ ਚਮੇੜ ਦਿੱਤੀ ਸੀ, ਜਿਸ ਨੂੰ ਮੈਂ ਤਾਉਮਰ ਨਾਲ ਲੈ ਕੇ ਚੱਲਿਆ।

ਹੁਣ ਮੈਂ ਤੇ ਮੇਰਾ ਭਰਾ ਜਵਾਨ ਹੋ ਚੁੱਕੇ ਸੀ। ਭਰਾ ਤਾਂ ਮੇਰਾ ਸਕੂਲ ਦੀ ਪੜ੍ਹਾਈ ਪੂਰੀ ਕਰ ਕੇ ਕਾਲਜ ਪਹੁੰਚ ਚੁੱਕਿਆ ਸੀ, ਪਰ ਮੈਂ ਦਸਵੀਂ ਮਗਰੋਂ ਹੀ ਘਰ ਅਤੇ ਖੇਤੀ ਦੇ ਕੰਮਾਂ ਵਿੱਚ ਰੁੱਝ ਗਿਆ ਸੀ। ਇਹ ਸਾਰੇ ਕੰਮ ਮੇਰੇ ਸਿਰ ’ਤੇ ਸਨ। ਬਚਪਨ ਤੋਂ ਲੈ ਕੇ ਹੁਣ ਤੱਕ ਜੋ ਕੁਝ ਵਾਪਰਿਆ ਸੀ, ਮੈਂ ਉਦਾਸੀ ਦਾ ਆਦੀ ਹੋ ਚੁੱਕਾ ਸੀ ਤੇ ਮੈਨੂੰ ਬੇਗਾਨਾਪਣ ਮਹਿਸੂਸ ਹੋਣਾ ਬੰਦ ਹੋ ਗਿਆ ਸੀ।

ਅਖੀਰ ਸਾਡੇ ਘਰ ’ਚ ਖ਼ੁਸ਼ੀਆਂ ਦੁਬਾਰਾ ਵਾਪਸ ਆਈਆਂ। ਸਾਡਾ ਘਰ ਰਿਸ਼ਤੇਦਾਰਾਂ ਨਾਲ ਭਰਿਆ ਹੋਇਆ ਸੀ। ਅਸੀਂ ਸਾਰੇ ਰਿਸ਼ਤੇਦਾਰਾਂ ਦੀ ਸੇਵਾ-ਸੰਭਾਲ ’ਚ ਲੱਗੇ ਹੋਏ ਸਾਂ। ਘਰ ’ਚ ਜਸ਼ਨ ਦਾ ਮਾਹੌਲ ਸੀ। ਹੋਵੇ ਵੀ ਕਿਉਂ ਨਾ! ਮੇਰੇ ਭਰਾ ਦਾ ਵਿਆਹ ਸੀ ਤੇ ਅਗਲੇ ਦਿਨ ਬਰਾਤ ਚੜ੍ਹਨੀ ਸੀ।

ਦੂਜੇ ਦਿਨ ਸਵੇਰੇ ਮੇਰਾ ਪਿਓ ਮੈਨੂੰ ਦਿਨ ਦੇ ਕੰਮ ਸਮਝਾ ਕੇ ਆਪਣੇ ਪੁੱਤ ਨੂੰ ਵਿਆਹੁਣ ਲਈ ਰਵਾਨਾ ਹੋ ਗਿਆ। ਮੈਂ ਰੋਜ਼ਮਰ੍ਹਾ ਦੇ ਘਰੇਲੂ ਕੰਮਾਂ ਵਿੱਚ ਮਸਤ ਸੀ ਕਿ ਅਚਾਨਕ ਮੇਰੇ ਕੰਨਾਂ ਵਿੱਚ ਗੁਆਂਢੋਂ ਲੱਗਦੀਆਂ ਮੇਰੀਆਂ ਚਾਚੀਆਂ-ਤਾਈਆਂ ਦੀਆਂ ਆਵਾਜ਼ਾਂ ਪਈਆਂ, ਜੋ ਕਹਿ ਰਹੀਆਂ ਸਨ,

“ਹਾਏ ਨੀ, ਮਾਂ ਵਾਹਰਾ ਐ ਨੀ ਵਿਚਾਰਾ...’’

‘‘ਇਹਨੇ ਕੀ ਵਿਗਾੜਿਆ ਸੀ ਰੱਬਾ ਤੇਰਾ...’’

ਸੰਪਰਕ: 98888-90891

Advertisement
×