DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਖੇਡਾਂ ’ਚ ਖੇਡ ਭਾਵਨਾ ਹੀ ਧਰਮ

ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ। ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਖੇਡ ਤੋਂ ਪਹਿਲਾਂ ਤੇ ਖੇਡ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਸਿਆਸਤ ਖੇਡ ਭਾਵਨਾ ਦੀ ਉਲੰਘਣਾ ਹੈ ਜੋ ਸ਼ੋਭਾ ਨਹੀਂ ਦਿੰਦੀ।

  • fb
  • twitter
  • whatsapp
  • whatsapp
Advertisement

ਭਾਰਤ ਏਸ਼ਿਆਈ ਖੇਡਾਂ ਕਰਵਾਉਣ ਵਾਲਾ ਮੋਢੀ ਮੁਲਕ ਹੈ। ਸੰਨ 1951 ਵਿੱਚ ਪਹਿਲੀਆਂ ਏਸ਼ਿਆਈ ਖੇਡਾਂ ਨਵੀਂ ਦਿੱਲੀ ਤੋਂ ਸ਼ਰੂ ਹੋਈਆਂ ਸਨ। ਉਨ੍ਹਾਂ ਖੇਡਾਂ ਦੇ ਉਦਘਾਟਨ ਸਮੇਂ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਨਹਿਰੂ ਨੇ ਨਾਅਰਾ ਦਿੱਤਾ ਸੀ: ਖੇਡਾਂ ਨੂੰ ਖੇਡ ਭਾਵਨਾ ਨਾਲ ਖੇਡੋ। ਇਹ ਨਾਅਰਾ ਉਦੋਂ ਤੋਂ ਏਸ਼ਿਆਈ ਖੇਡਾਂ ਦਾ ਅੰਗ ਬਣਿਆ ਆ ਰਿਹਾ ਹੈ। ਭਾਰਤ ਤੇ ਪਾਕਿਸਤਾਨ 1947 ਤੋਂ ਪਹਿਲਾਂ ਇੱਕੋ ਮੁਲਕ ਸਨ। ਉਦੋਂ ਤੋਂ ਹੀ ਉਸ ਦੀਆਂ ਹਾਕੀ ਟੀਮਾਂ ਓਲੰਪਿਕ ਖੇਡਾਂ ਦੇ ਗੋਲਡ ਮੈਡਲ ਜਿੱਤਣ ਲੱਗ ਪਈਆਂ ਸਨ। ਇੰਡੀਆ ਦੇ ਪਹਿਲਾਂ ਇੱਕ ਤੋਂ ਦੋ ਤੇ ਫਿਰ ਦੋ ਤੋਂ ਤਿੰਨ ਮੁਲਕ ਬਣਨ ਪਿੱਛੋਂ ਵੀ ਉਨ੍ਹਾਂ ਦੀਆਂ ਟੀਮਾਂ ਇੱਕ ਦੂਜੇ ਨਾਲ ਖੇਡਦੀਆਂ ਆ ਰਹੀਆਂ ਹਨ। ਕਦੇ ਕੋਈ ਟੀਮ ਜਿੱਤ ਜਾਂਦੀ ਹੈ, ਕਦੇ ਕੋਈ। ਖਿਡਾਰੀਆਂ ਦੇ ਹੱਥ ਹਮੇਸ਼ਾ ਮਿਲਦੇ ਰਹੇ ਹਨ। ਇਹੋ ਖੇਡਾਂ ਦੀ ਸ਼ੁੱਧ ਭਾਵਨਾ ਹੈ ਤੇ ਇਹੋ ਖੇਡਾਂ ਦਾ ਧਰਮ। ਪਰ ਹੁਣ ਖੇਡ ਤੋਂ ਪਹਿਲਾਂ ਤੇ ਖੇਡ ਤੋਂ ਪਿੱਛੋਂ ਖਿਡਾਰੀਆਂ ਵੱਲੋਂ ਹੱਥ ਨਾ ਮਿਲਾਉਣ ਦੀ ਜਿਹੜੀ ਸਿਆਸਤ ਖੇਡੀ ਜਾ ਰਹੀ ਹੈ ਇਹ ਖੇਡ ਭਾਵਨਾ ਦੀ ਉਲੰਘਣਾ ਹੈ ਜੋ ਸ਼ੋਭਾ ਨਹੀਂ ਦਿੰਦੀ। ਖੇਡਾਂ ਸਦਭਾਵਨਾ ਵਧਾਉਣ ਲਈ ਹੁੰਦੀਆਂ ਹਨ ਨਾ ਕਿ ਦੁਰਭਾਵਨਾ ਵਧਾਉਣ ਲਈ।

ਖੇਡ ਮੁਕਾਬਲਿਆਂ ਨੂੰ ਜੰਗਾਂ ਯੁੱਧਾਂ ਦਾ ਬਦਲ ਮੰਨਿਆ ਜਾਂਦਾ ਹੈ। ਪੁਰਾਤਨ ਓਲੰਪਿਕ ਖੇਡਾਂ ਸਮੇਂ ਓਨਾ ਚਿਰ ਲੜਾਈਆਂ ਰੋਕ ਦਿੱਤੀਆਂ ਜਾਂਦੀਆਂ ਸਨ, ਜਿੰਨਾ ਚਿਰ ਖੇਡ ਮੁਕਾਬਲੇ ਚਲਦੇ ਸਨ। ਖੇਡਾਂ ਦਾ ਧਰਮ ਖਿਡਾਰੀਆਂ ਤੇ ਦਰਸ਼ਕਾਂ ਨੂੰ ਇੱਕ ਦੂਜੇ ਦੇ ਨੇੜੇ ਲਿਆਉਣਾ ਤੇ ਆਪਸੀ ਮਿਲਵਰਤਣ ਵਧਾਉਣਾ ਹੈ, ਪਰ ਸੌੜੀ ਸੋਚ ਵਾਲੇ ਸਿਆਸਤਦਾਨ ਆਪਣੇ ਸਿਆਸੀ ਲਾਹਿਆਂ ਲਈ ਖੇਡਾਂ ਦੀ ਵੀ ਦੁਰਵਰਤੋਂ ਕਰਨ ਲੱਗ ਪਏ ਹਨ। ਭਾਰਤ-ਪਾਕਿਸਤਾਨ ਸੰਬੰਧ ਕਦੇ ਚੰਗੇ ਤੇ ਕਦੇ ਮਾੜੇ ਬਣਾ ਕੇ ਕੁਝ ਸਿਆਸਤਦਾਨ ਆਪਣਾ ਵੋਟ ਬੈਂਕ ਵਧਾ ਰਹੇ ਹਨ। ਆਮ ਲੋਕ ਇਹ ਵੇਖਦੇ ਤੇ ਪੜ੍ਹਦੇ ਸੁਣਦੇ ਅੱਕੇ ਪਏ ਹਨ ਕਿ ਭਾਰਤੀ ਖਿਡਾਰੀ ਪਾਕਿਸਤਾਨੀ ਖਿਡਾਰੀਆਂ ਨਾਲ ਖੇਡ ਤਾਂ ਲੈਣਗੇ, ਪਰ ਉਨ੍ਹਾਂ ਨਾਲ ਹੱਥ ਨਹੀਂ ਮਿਲਾਉਣਗੇ। ਜੇ ਜਿੱਤ ਜਾਣ ਤਾਂ ਮੁੱਖ ਮਹਿਮਾਨ ਤੋਂ ਟਰਾਫੀ ਵੀ ਨਹੀਂ ਲੈਣਗੇ। ਪਿੱਛੋਂ ਭਾਵੇਂ ਕਹਿੰਦੇ ਫਿਰਨ ਕਿ ਉਨ੍ਹਾਂ ਦੀ ਜਿੱਤੀ ਟਰਾਫੀ ਉਨ੍ਹਾਂ ਦੇ ਕਿਸੇ ਮਨਭਾਉਂਦੇ ਮਹਿਮਾਨ ਹੱਥੋਂ ਕਿਉਂ ਨਹੀਂ ਮਿਲ ਰਹੀ? ਕੈਸੀ ਬਚਗਾਨਾ ਸਿਆਸਤ ਹੈ? ਖਿਡਾਰੀਆਂ ਤੇ ਖੇਡ ਪ੍ਰੇਮੀਆਂ ਨੂੰ ਕਿਉਂ ਗੁਮਰਾਹ ਕਰਦੇ ਹੋ? ਇਹ ਦੋਗਲਾਪਣ ਨਹੀਂ ਤਾਂ ਹੋਰ ਕੀ ਹੈ?

Advertisement

ਖੇਡਾਂ ’ਚ ਰੋਂਡ ਮਾਰਨ ਵਾਲਿਆਂ ਬਾਰੇ ਅਖਾਣ ਹੈ, ਅਖੇ, ਨਾ ਖੇਡਣਾ, ਨਾ ਖੇਡਣ ਦੇਣਾ। ਅਜੋਕੇ ਭੱਦਰ ਪੁਰਸ਼ਾਂ ਦੀ ਕੂਟਨੀਤੀ ਵੇਖ ਲਓ ਕਿ ਖੇਡੀ ਵੀ ਜਾਣਾ ਪਰ ...। ਕੀ ਕਹੀਏ ਅਜਿਹੇ ਨੇਤਾਵਾਂ ਨੂੰ? ਖਿਡਾਰੀ ਤਾਂ ਜ਼ਾਬਤੇ ਦੇ ਬੰਨ੍ਹੇ ਹੁੰਦੇ ਹਨ। ਜਿਵੇਂ ਹਾਕਮ ਕਹਿਣ ਵਿਚਾਰਿਆਂ ਨੂੰ ਉਵੇਂ ਕਰਨਾ ਹੀ ਪੈਂਦਾ ਹੈ। ਖੇਡਾਂ ਦੇ ਓਲੰਪਿਕ ਚਾਰਟਰ ਵਿੱਚ ਵੀ ਖੇਡ ਭਾਵਨਾ ਬਾਰੇ ਬੜਾ ਸਪੱਸ਼ਟ ਲਿਖਿਆ ਹੋਇਆ ਹੈ ਕਿ ਖੇਡਾਂ ਦਾ ਮਾਟੋ ਦੋਸਤੀ ਹੈ ਨਾ ਕਿ ਦੁਸ਼ਮਣੀ।

Advertisement

ਮੈਂ ਖੇਡਾਂ ਖਿਡਾਰੀਆਂ ਬਾਰੇ 1965 ਤੋਂ ਲਿਖਦਾ ਆ ਰਿਹਾ ਹਾਂ। ਦੇਸ ਪ੍ਰਦੇਸ ’ਚ ਕਬੱਡੀ ਮੈਚਾਂ ਦੀ ਕੁਮੈਂਟਰੀ ਵੀ ਕਰਦਾ ਰਿਹਾ ਹਾਂ। ਅਕਸਰ ਆਖਦਾ ਹਾਂ ਕਿ ਖਿਡਾਰੀ ਇੱਕੋ ਬਾਲਟੀ ’ਚੋਂ ਇੱਕੋ ਗਲਾਸ ਨਾਲ ਪਾਣੀ ਪੀ ਲੈਂਦੇ ਹਨ ਤੇ ਕੋਈ ਭੇਦ-ਭਾਵ ਨਹੀਂ ਰੱਖਦੇ। ਜਿਹੜਾ ਉਨ੍ਹਾਂ ਵਿਚਕਾਰ ਭੇਦ-ਭਾਵ ਪੈਦਾ ਕਰਦਾ ਹੈ, ਉਹ ਖਿਡਾਰੀਆਂ ਦਾ ਸ਼ੁਭਚਿੰਤਕ ਨਹੀਂ। ਪਿਛਲੇ ਦਿਨੀਂ ਹੋਏ ਭਾਰਤ-ਪਾਕਿਸਤਾਨ ਕ੍ਰਿਕਟ ਤੇ ਹਾਕੀ ਮੈਚਾਂ ਦੇ ਅੱਗੋਂ ਪਿੱਛੋਂ ਭਾਰਤੀ ਖਿਡਾਰੀਆਂ ਨੂੰ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣੋਂ ਰੋਕਣਾ ਸ਼ੋਭਾ ਦੇਣ ਵਾਲਾ ਵਿਹਾਰ ਨਹੀਂ ਸੀ। ਖਿਡਾਰੀਆਂ ਤੇ ਕਲਾਕਾਰਾਂ ਨੂੰ ਅਮਨ ਦੇ ਦੂਤ ਬਣਾਉਣਾ ਚਾਹੀਦਾ ਹੈ ਨਾ ਕਿ ਭਾਰਤ-ਪਾਕਿ ਸੰਬੰਧਾਂ ਦੇ ਦੋਖੀ।

ਪੁਰਾਤਨ ਓਲੰਪਿਕ ਖੇਡਾਂ 776 ਈਸਾ ਪੂਰਵ ਤੋਂ 392 ਈਸਵੀ ਤਕ ਹਰ ਚਾਰ ਸਾਲਾਂ ਬਾਅਦ ਹੁੰਦੀਆਂ ਰਹੀਆਂ। ਖੇਡਾਂ ਦੌਰਾਨ ਲੜਾਈਆਂ ਬੰਦ ਹੋ ਜਾਂਦੀਆਂ। ਰੋਮ ਦੇ ਸ਼ਹਿਨਸ਼ਾਹ ਥਿਓਡਾਸੀਅਸ ਪਹਿਲੇ ਨੇ 393 ਈਸਵੀ ਵਿੱਚ ਓਲੰਪੀਆ ਦੇ ਮੰਦਰਾਂ ’ਚ ਆਉਣ ਜਾਣ ’ਤੇ ਪਾਬੰਦੀ ਲਗਾ ਦਿੱਤੀ ਸੀ ਤੇ ਥਿਓਡਾਸੀਅਸ ਦੂਜੇ ਨੇ 426 ਈਸਵੀ ਵਿੱਚ ਮੰਦਰਾਂ ਨੂੰ ਅੱਗ ਲੁਆ ਦਿੱਤੀ। ਇਸ ਪੱਧਰ ਉੱਤੇ ਕੁਦਰਤ ਕਹਿਰਵਾਨ ਹੋ ਗਈ। ਦੋ ਸਦੀਆਂ ਪਿੱਛੋਂ ਓਲੰਪੀਆ ਦੀ ਵਾਦੀ ਵਿੱਚ ਭੂਚਾਲ ਆਇਆ, ਜਿਸ ਨਾਲ ਖੇਡਦੀ-ਮੱਲਦੀ ਨਗਰੀ ਥੇਹ ਬਣ ਗਈ। ਮੰਦ-ਮੰਦ ਵਹਿੰਦੀ ਕਲਾਡੀਅਸ ਨਦੀ ਐਲਥੀਅਸ ਨਦੀ ਵਿੱਚ ਜਾ ਮਿਲੀ ਤੇ ਓਲੰਪੀਆ ਦਾ ਸਾਰਾ ਰੌਣਕ ਮੇਲਾ ਉਹਦੀ ਕੁੱਖ ਵਿੱਚ ਸਮਾ ਗਿਆ।

ਫਿਰ ਪੰਦਰਾਂ ਸੌ ਸਾਲ ਕਿਸੇ ਨੇ ਵੀ ਓਲੰਪੀਆ ਦੀ ਸਾਰ ਨਾ ਲਈ। ਸੰਨ 1875 ਤੋਂ 1881 ਤੱਕ ਕੀਤੀ ਖੁਦਾਈ ਦੌਰਾਨ ਓਲੰਪੀਆ ਦੇ ਖੰਡਰ ਲੱਭੇ। 25 ਨਵੰਬਰ 1892 ਨੂੰ ਫਰਾਂਸ ਦੇ ਸ਼ਹਿਰ ਸੋਰਬੋਨ ਵਿਖੇ ਪੀਅਰੇ ਦਿ ਕੂਬਰਤਿਨ ਨੇ ਓਲੰਪਿਕ ਖੇਡਾਂ ਦੀ ਪੁਨਰ ਸੁਰਜੀਤੀ ਦੇ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਦਿੱਤਾ। ਜੂਨ 1894 ਵਿੱਚ ਪੈਰਿਸ ਵਿਖੇ ਖੇਡ ਪ੍ਰੇਮੀਆਂ ਦੀ ਕੌਮਾਂਤਰੀ ਮੀਟਿੰਗ ਸੱਦੀ ਗਈ, ਜਿਸ ਵਿੱਚ 12 ਮੁਲਕਾਂ ਦੇ 79 ਡੈਲੀਗੇਟ ਤੇ 49 ਖੇਡ ਸਭਾਵਾਂ ਦੇ ਨੁਮਾਇੰਦੇ ਸ਼ਾਮਲ ਹੋਏ। ਉੱਥੇ ਕੌਮਾਂਤਰੀ ਓਲੰਪਿਕ ਕਮੇਟੀ ਬਣਾ ਕੇ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ 1900 ਈਸਵੀ ਵਿੱਚ ਪੈਰਿਸ ਵਿਖੇ ਕਰਾਉਣ ਦਾ ਪ੍ਰੋਗਰਾਮ ਬਣਿਆ।

ਜਦੋਂ ਕੂਬਰਤਿਨ ਪੁਰਾਤਨ ਓਲੰਪਿਕ ਖੇਡਾਂ ਦੇ ਦੇਸ਼ ਯੂਨਾਨ ਦੇ ਦੌਰੇ ’ਤੇ ਗਿਆ ਤਾਂ ਏਥਨਜ਼ ਵਾਸੀਆਂ ਨੇ ਕਿਹਾ ਕਿ ਓਲੰਪਿਕ ਖੇਡਾਂ ਏਥਨਜ਼ ਤੋਂ ਹੀ ਸੁਰਜੀਤ ਹੋਣੀਆਂ ਚਾਹੀਦੀਆਂ ਹਨ। ਫਿਰ ਫ਼ੈਸਲਾ ਹੋਇਆ ਕਿ ਨਵੀਆਂ ਓਲੰਪਿਕ ਖੇਡਾਂ 1896 ਵਿੱਚ ਏਥਨਜ਼ ਵਿਖੇ ਹੋਣਗੀਆਂ। ਇੰਜ ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਜੋ ਇਤਿਹਾਸਕ ਤੌਰ ’ਤੇ ਖੋਜੀਆਂ ਦਰਅਸਲ 294ਵੀਆਂ ਖੇਡਾਂ ਸਨ, 1500 ਸਾਲਾਂ ਦੇ ਅਰਸੇ ਬਾਅਦ ਮੁੜ ਜੀਵਤ ਹੋਈਆਂ। ਪਹਿਲੀਆਂ ਆਧੁਨਿਕ ਓਲੰਪਿਕ ਖੇਡਾਂ ਯੂਨਾਨ ਦੀ ਰਾਜਧਾਨੀ ਏਥਨਜ਼ ਵਿਖੇ 1896 ਵਿਚ 6 ਅਪਰੈਲ ਤੋਂ 15 ਅਪਰੈਲ ਤੱਕ ਚੱਲੀਆਂ। ਉੱਥੇ 9 ਖੇਡਾਂ ਦੇ 43 ਈਵੈਂਟਾਂ ਵਿੱਚ 14 ਮੁਲਕਾਂ ਦੇ 200 ਖਿਡਾਰੀਆਂ ਨੇ ਭਾਗ ਲਿਆ, ਜਿਨ੍ਹਾਂ ਵਿੱਚ ਔਰਤ ਕੋਈ ਨਹੀਂ ਸੀ। ਉਹ ਮੁਲਕ ਆਸਟਰੇਲੀਆ, ਆਸਟਰੀਆ, ਬੁਲਗਾਰੀਆ, ਚਿੱਲੀ, ਡੈਨਮਾਰਕ, ਫਰਾਂਸ, ਜਰਮਨੀ, ਬਰਤਾਨੀਆ, ਹੰਗਰੀ, ਸਵੀਡਨ, ਸਵਿਟਰਜ਼ਰਲੈਂਡ, ਅਮਰੀਕਾ ਤੇ ਮੇਜ਼ਬਾਨ ਮੁਲਕ ਯੂਨਾਨ ਸਨ। ਹੁਣ ਤਾਂ ਦੋ ਸੌ ਤੋਂ ਵੀ ਵੱਧ ਮੁਲਕ ਓਲੰਪਿਕ ਖੇਡਾਂ ’ਚ ਭਾਗ ਲੈਂਦੇ ਹਨ।

ਭਾਰਤ ਦੀ ਤ੍ਰਾਸਦੀ ਹੈ ਕਿ ਖੇਡਾਂ ਦੀ ਚੌਧਰ ਵਧੇਰੇ ਕਰ ਕੇ ਸਿਆਸਤਦਾਨਾਂ ਦੇ ਹੱਥ ਹੈ ਜਾਂ ਉਨ੍ਹਾਂ ਦੇ ਪਲੋਸੇ ਅਫਸਰਾਂ ਦੇ ਹੱਥ। ਸਭ ਜਾਣਦੇ ਹਨ ਕਿ ਆਮ ਸਿਆਸੀ ਆਗੂਆਂ ਤੇ ਅਫਸਰਸ਼ਾਹੀ ਕੋਲ ਖੇਡਾਂ ਬਾਰੇ ਲੋੜੀਂਦਾ ਗਿਆਨ ਤੇ ਹੱਡੀਂ ਹੰਢਾਇਆ ਅਨੁਭਵ ਨਹੀਂ ਹੁੰਦਾ। ਖੇਡ ਭਾਵਨਾ ਦੀ ਥਾਂ ਉਨ੍ਹਾਂ ਕੋਲ ਸਿਆਸੀ ਸ਼ਕਤੀ ਹੁੰਦੀ ਹੈ, ਜਿਸ ਦੀ ਉਹ ਖੇਡਾਂ ਦੇ ਖੇਤਰ ਵਿੱਚ ਵੀ ਦੁਰਵਰਤੋਂ ਕਰਨੋਂ ਨਹੀਂ ਟਲਦੇ। ਉਨ੍ਹਾਂ ਨੂੰ ਖੇਡਾਂ ਤੇ ਖਿਡਾਰੀਆਂ ਦਾ ਫ਼ਿਕਰ ਨਹੀਂ ਹੁੰਦਾ। ਬੱਸ ਖੇਡਾਂ ਰਾਹੀਂ ਆਪਣੀ ਸਿਆਸਤ ਚਮਕਾਉਣ ਦਾ ਹੀ ਫ਼ਿਕਰ ਹੁੰਦਾ ਹੈ!

ਖੇਡਾਂ ਨਾਲ ਸਿਹਤ ਬਣਾਉਣ ਤੇ ਸਿਹਤਮੰਦ ਮਨੋਰੰਜਨ ਕਰਨ ਦੀ ਥਾਂ ਉਹ ਆਪਣਾ ਵੋਟ ਬੈਂਕ ਵਧਾਉਣ ’ਚ ਲੱਗੇ ਰਹਿੰਦੇ ਹਨ। ਆਪਣੇ ਸਿਆਸੀ ਹਿੱਤ ਪਾਲਦਿਆਂ ਖਿਡਾਰੀ ਤੇ ਖੇਡ ਮਾਹਿਰ ਅਕਸਰ ਖੂੰਜੇ ਲਾਏ ਹੁੰਦੇ ਹਨ। 2010 ਵਿੱਚ ਰਾਸ਼ਟਰਮੰਡਲ ਖੇਡਾਂ ਦੀ ਮਸ਼ਾਲ ਵਾਹਗਾ ਬਾਰਡਰ ’ਤੇ ਪਹੁੰਚਣ ਵੇਲੇ ਪੱਤਰਕਾਰ ਜਤਿੰਦਰ ਪੰਨੂ ਨੇ ਵਿਅੰਗਮਈ ਕਾਵਿ ਬੰਦ ਲਿਖਿਆ ਸੀ:

ਕਾਮਨਵੈਲਥ ਦੀ ਜਦੋਂ ਮਸ਼ਾਲ ਪਹੁੰਚੀ,

ਵਾਹਗੇ ਬਾਡਰ ’ਤੇ ਗੇਟ ਬਣਾਏ ਹੈ ਸੀ।

ਸ਼ੀਲਾ ਦੀਖਸ਼ਤ ਵੀ ਦਿੱਲੀ ਤੋਂ ਚੱਲ ਆਈ,

ਚੰਡੀਗੜ੍ਹ ਤੋਂ ਬਾਦਲ ਜੀ ਆਏ ਹੈ ਸੀ।

ਕਿੱਦਾਂ ਪਿੱਛੇ ਕਲਮਾਡੀ ਵੀ ਰਹਿ ਜਾਂਦਾ,

ਟੀਵੀ ਕੈਮਰੇ ਜੀਹਨੇ ਲਗਵਾਏ ਹੈ ਸੀ

ਵਾਰੀ ਵਾਰੀ ਮਸ਼ਾਲ ਨੂੰ ਹੱਥ ਲਾ ਕੇ,

ਫੋਟੋ ਉਹਨਾਂ ਨੇ ਖ਼ੂਬ ਖਿਚਵਾਏ ਹੈ ਸੀ

ਸੱਦੇ ਹੋਏ ਖਿਡਾਰੀ ਸਨ ਖੜ੍ਹੇ ਪਿੱਛੇ,

ਧਾੜ ਲੀਡਰਾਂ ਦੀ ਅੱਗੇ ਲਾਈ ਹੈ ਸੀ

ਧੌਣ ਉੱਚੀ ਸੀ ਸਿਆਸੀ ਲੀਡਰਾਂ ਦੀ,

ਨੀਵੀਂ ਓਥੇ ਖਿਡਾਰੀਆਂ ਪਾਈ ਹੈ ਸੀ!

ਈ-ਮੇਲ: principalsarwansingh@gmail.com

Advertisement
×