ਕੌਮਾਂਤਰੀ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼

ਕੌਮਾਂਤਰੀ ਮਾਂ-ਬੋਲੀ ਦਿਵਸ ’ਤੇ ਵਿਸ਼ੇਸ਼

ਸਿੰਧੀ ਕਵਿਤਾ

ਮੈਂ ਇੱਕ ਸਿੰਧਣ

ਰਸ਼ਮੀ ਰਮਾਨੀ

ਮੈਂ ਪੈਦਾ ਹੋਈ

ਵੰਡੇ ਹੋਏ ਆਜ਼ਾਦ ਦੇਸ਼ ਦੇ

ਉਸ ਇਲਾਕੇ ’ਚ

ਜਿੱਥੇ ਮੈਂ ਸਿਰਫ਼ ਇੱਕ ਸਿੰਧਣ ਸੀ

ਕੱਲ੍ਹ ਤੱਕ

ਜਦ ਮੈਂ ਨਹੀਂ ਸਿੱਖੀ ਸੀ ਆਪਣੀ ਬੋਲੀ

ਨਾ ਹੀ ਪੜ੍ਹਿਆ, ਦੇਖਿਆ ਸੀ ਇਸ ਬਾਰੇ ’ਚ

ਕਿ ਕੌਣ ਸਨ ਸਿੰਧੀ? ਕਿਹੋ ਜਿਹਾ ਸੀ ਸਿੰਧ?

ਕੀ ਹੈ ਸਾਡੀ ਵਿਰਾਸਤ

ਕਿੱਥੋਂ ਜਨਮੀ ਹੈ ਸਿੰਧੀ ਬੋਲੀ?

ਅਣਜਾਣ ਸੀ ਮੈਂ ਉਹਨਾਂ ਜ਼ਜ਼ਬਾਤਾਂ ਤੋਂ

ਜੋ ਸਮਾਏ ਹੁੰਦੇ ਨੇ

ਕਿਸੇ ਵੀ ਜ਼ਾਤ ਦੇ ਬਾਸ਼ਿੰਦਿਆਂ ਦੇ ਸਰੀਰ ’ਚ

ਲਹੂ-ਮਾਸ ਦੀ ਤਰ੍ਹਾਂ

ਮੈਂ, ਜਦ ਦੇਖਿਆ ਸਿੰਧ!

ਮਹਿਸੂਸ ਕੀਤਾ ਸਿੰਧ ਦੇ ਪੌਣ-ਪਾਣੀ ਨੂੰ

ਸੋਚਿਆ ਆਪਣੀ ਭਾਸ਼ਾ, ਪਰੰਪਰਾ ਅਤੇ ਵਿਰਾਸਤ ਬਾਰੇ

ਤਾਂ ਮਹਿਸੂਸ ਕੀਤਾ ਸਿੰਧ ਨਦੀ ਦਾ ਵਹਾਅ

ਜੋ ਲਹੂ ਦੇ ਵਹਾਅ ’ਚ

ਅੰਦਰ ਝਾਕਣ ’ਤੇ ਨਜ਼ਰ ਆਇਆ

ਸਿੰਧ ਦੀ ਉਦਾਸ ਧਰਤੀ

ਮਟਿਆਲਾ ਆਕਾਸ਼

ਸ਼ਾਹ ਲਤੀਫ਼ ਦੀਆਂ ਨਾਇਕਾਵਾਂ ਦੇ ਉਦਾਸ ਚਿਹਰੇ

ਹੁਣ

ਮੋਹਨਜੋਦੜੋ ਮੇਰੇ ਲਈ ਪੱਥਰਾਂ ਦਾ ਢੇਰ ਨਹੀਂ

ਮਨੁੱਖੀ ਸੱਭਿਅਤਾ ਅਤੇ ਸੰਸਕ੍ਰਿਤੀ ਦਾ ਕੇਂਦਰ ਹੈ

ਮੇਰੀ ਮਾਂ-ਬੋਲੀ ’ਚ ਲਿਖੇ ਗਏ ਮਹਾਨ ਗ੍ਰੰਥਾਂ ’ਚ

ਰਚਿਆ-ਵਸਿਆ ਹੈ ਸਿੰਧੂ ਘਾਟੀ-ਸੱਭਿਅਤਾ ਦਾ ਇਤਿਹਾਸ

ਕੀ ਇਨਸਾਨ ਦੇ ਵਜੂਦ ’ਚ ਸਮਾਇਆ ਹੁੰਦਾ ਹੈ

ਉਸਦੀ ਭਾਸ਼ਾ, ਜ਼ਾਤ, ਵਿਰਾਸਤ ਅਤੇ ਸੰਸਕ੍ਰਿਤੀ ਦਾ ਸਤ?

ਅਚਾਨਕ

ਏਨੀ ਸ਼ਿੱਦਤ ਨਾਲ ਕਿਉਂ ਮਹਿਸੂਸ ਹੋ ਰਿਹਾ ਹੈ

ਕਿ, ਮੈਂ ਇੱਕ ਸਿੰਧਣ

ਮੈਂ ਇੱਕ ਸਿੰਧਣ

ਮੈਂ ਸਿੰਧ ਦੀ ਜਲਾਵਤਨ ਵਾਰਿਸ ਹਾਂ


ਡੋਗਰੀ ਕਵਿਤਾ

ਸ਼ਾਹਣੀ

ਪਦਮਾ ਸਚਦੇਵ

ਕਲਮ ਇਹ ਸਰਕੜੇ ਦੀ

ਟਾਹਣੀ ਨਾਲ ਝੂਲ ਰਹੀ

ਟਾਹਣੀ ਕੋਲੋਂ ਕਲਮ ਮੰਗੀ

ਖਿਝ ਕੇ ਬੋਲੀ ਹੈ ਉਹ

ਹਾਲੇ ਪਰਸੋਂ ਹੀ ਤਾਂ ਤੈਨੂੰ ਦਿੱਤੀ ਹੈ ਨਵੀਂ ਕਲਮ

ਉਹ ਕਿੱਥੇ ਗਈ, ਦੱਸ

ਡਰਦੇ-ਡਰਦੇ ਮੈਂ ਕਿਹਾ

ਘੜ-ਘੜ ਕੇ ਹੋ ਗਈ ਹੈ ਖ਼ਤਮ

ਉਸਨੇ ਪੁੱਛਿਆ ਕੀ ਕਿਸੇ ਬਹੀਖਾਤੇ ’ਤੇ ਨੌਕਰ ਹੈਂ

ਹਿਸਾਬ-ਕਿਤਾਬ ਲਿਖਦੇ-ਲਿਖਦੇ

ਹਰ ਦੂਜੇ ਦਿਨ ਤੈਨੂੰ ਨਵੀਂ ਕਲਮ ਚਾਹੀਦੀ ਏ

ਇਹ ਕੌਣ ਹੈ ਸ਼ਾਹ

ਜਿਹਦੀ ਦੁਕਾਨ ’ਤੇ ਏਨਾ ਜ਼ਿਆਦਾ ਕੰਮ ਏ

ਕੌਣ ਏ?

ਮੈਂ ਧਰਵਾਸੇ ਨਾਲ ਕਿਹਾ

ਮੈਂ ਸ਼ਾਹ ਦਾ ਨਹੀਂ ਸ਼ਾਹਣੀ ਦਾ ਕੰਮ ਕਰਦੀ ਹਾਂ

ਉਹ ਸ਼ਾਹਣੀ ਬੜੀ ਸਮਰਿਧ

ਬੜੀ ਬਖਤਾਵਰ

ਬੜੀ ਖੁਸ਼ਹਾਲ ਏ

ਉਹਦੇ ਘਰ ਕੰਮ ਕਰਨ ਵਾਲੀ ਮੈਂ ’ਕੱਲੀ ਨਹੀਂ

ਕਿੰਨੇ ਹੀ ਚਾਕਰ ਨੇ ਉਸਦੇ

ਦਰਵਾਜ਼ੇ ’ਤੇ ਖੜ੍ਹੇ ਨੇ ਹੱਥ ਜੋੜ ਕੇ

ਉਹ ਹੈ ਮੇਰੀ ਮਾਂ-ਬੋਲੀ ਡੋਗਰੀ

ਕੱਢ ਕਲਮ, ਉਹ ਮੈਨੂੰ ਲੱਭ ਰਹੀ ਹੋਵੇਗੀ

ਛੇਤੀ ਕਰ!


ਅਵਧੀ ਕਵਿਤਾ

ਭਾਸ਼ਾ ਦੀਆਂ ਲਹਿਰਾਂ

ਤ੍ਰਿਲੋਚਨ

ਭਾਸ਼ਾ ਦੇ ਅਥਾਹ ਸਮੁੰਦਰਾਂ ’ਚ ਡੁਬਕੀ ਲਾਈ

ਮੈਨੂੰ ਮਨੁੱਖੀ-ਜੀਵਨ ਦੀ ਮਾਇਆ

ਹਮੇਸ਼ਾ ਮੰਤਰ ਮੁਗਧ ਕਰਦੀ ਹੈ

ਦਿਨ-ਰਾਤ ਬੁਲਾਉਂਦੀ ਹੈ

ਸੁਣ-ਸੁਣਕੇ ਧਾਇਆ-ਧੂਪਾ, ਮਨ ’ਚ ਭਰ ਲਿਆਇਆ

ਧਿਆਨ ਇੱਕ ਤੋਂ ਇੱਕ ਅਨੋਖੇ, ਸਭ ਕੁਝ ਮਿਲਿਆ

ਸ਼ਬਦਾਂ ’ਚ, ਦੇਖਿਆ ਸਭ ਕੁਝ ਧੁਨੀ ਰੂਪ ਹੋ ਗਿਆ

ਬੱਦਲਾਂ ਨੇ ਆਕਾਸ਼ ਦੇ ਦੁਆਲੇ

ਰੱਜ ਕੇ ਗਾਇਆ

ਮੁਦਰਾ, ਇੱਛਾ, ਭਾਵ, ਵੇਗ, ਉਸੇ ਸਮੇਂ ਖੋ ਗਿਆ

ਜ਼ਿੰਦਗੀ ਦੀ ਸੱਜਾ ’ਤੇ ਆ ਕੇ ਮੌਤ ਸੌਂ ਗਈ

ਸਭ ਕੁਝ, ਸਭ ਕੁਝ, ਸਭ ਕੁਝ, ਸਭ ਕੁਝ, ਸਭ ਕੁਝ ਭਾਸ਼ਾ

ਭਾਸ਼ਾ ਦੀ ਓਕ ਨਾਲ ਮਨੁੱਖ ਦਾ ਦਿਲ ਰੋ ਪਿਆ

ਕਵੀ ਮਨੁੱਖ ਦੀ ਨਵੀਂ ਅਭਿਲਾਸ਼ਾ ਜਾਗੀ

ਭਾਸ਼ਾ ਦੀਆਂ ਲਹਿਰਾਂ ’ਚ ਜੀਵਨ ਦੀ ਹਲਚਲ ਹੈ

ਧੁਨੀ ’ਚ ਕਿਰਿਆ ਹੈ

ਅਤੇ ਕਿਰਿਆ ’ਚ ਬਲ ਹੈ


ਕੰਨੜ ਕਵਿਤਾ

ਆਉ ਪਿਆਰੇ ਨਾਲ ਅਸਾਡੇ

ਪ੍ਰੋ. ਚੰਦਰਸ਼ੇਖਰ ਪਾਟਿਲ

ਚਾਰੇ ਪਾਸੇ ਸਾਹ ਲਵੇ

ਸਾਡੀ ਬੋਲੀ ਕੰਨੜ

ਆਉ ਪਿਆਰੇ ਨਾਲ ਅਸਾਡੇ

ਰਾਜ ਬਣੇ ਸੁਦ੍ਰਿੜ

ਹੱਥ ਨੂੰ ਲੋੜੇ ਕੰਮ

ਢਿੱਡ ਨੂੰ ਰੋਟੀ

ਅੱਖਰਾਂ ਦੇ ਸੁਰਾਖ ’ਚੋਂ

ਆਉਣ ਦਿਉ ਗਿਆਨ

ਸਿਰ ’ਤੇ ਲੋੜੇ ਛੱਤ

ਦੇਹ ’ਤੇ ਚਾਹੀਦੇ ਕੱਪੜੇ

ਬੀਜਣ ਦਿਉ ਧਰਤੀ ’ਚ

ਸੂਰਜ ਨੂੰ ਆਪਣੀ ਕਿਰਨ

ਭਰ ਕੇ ਦਿਮਾਗ਼ ’ਚ ਅੱਗ

ਚਮਕਣ ਦਿਉ ਅੱਖਾਂ ਨੂੰ

ਛਲਕਣ ਦਿਉ ਸੀਨੇ ’ਚੋਂ

ਪਿਆਰ ਦੀ ਚਾਨਣੀ ਨੂੰ

ਆਉ ਪਿਆਰੇ ਨਾਲ ਅਸਾਡੇ

ਰਾਜ ਬਣਾਈਏ ਸੁਦ੍ਰਿੜ

ਗੂੰਜਣ ਦਿਉ ਚਾਰੇ-ਪਾਸੇ

ਕੰਨੜ, ਕੰਨੜ, ਕੰਨੜ


ਨੇਪਾਲੀ ਕਵਿਤਾ

ਕਿੱਥੇ?

ਸੁਧਾ. ਐਮ. ਰਾਏ

ਬੇਰੰਗ ਜ਼ਿੰਦਗੀ

ਬਹੁਤ ਸਾਰੇ ਮੇਰੇ ਆਪਣੇ

ਆਉਂਦੇ ਰਹਿੰਦੇ ਨੇ

ਸੁਪਨੇ ’ਚ

ਕਿਸ ਭਾਸ਼ਾ ’ਚ ਬੋਲਾਂ ਮੈਂ

ਉਹਨਾਂ ਨਾਲ?

ਭਾਸ਼ਾ ਅਕਸਰ ਜੋ ਸੁਣੀ ਹੈ

ਓਝਲ ਹੈ

ਕਾਫ਼ੀ ਦਿਨਾਂ ਤੋਂ

ਸਾਡੀ ਭਾਸ਼ਾ ਦੀ ਨਦੀ

ਵਗ ਰਹੀ ਹੈ ਕਿੱਥੇ

ਅੱਜ ਕੱਲ੍ਹ?


ਕੋਂਕਣੀ ਕਵਿਤਾ

ਭਾਸ਼ਾ

ਸ਼ੰਕਰ ਪਰੁਲਕਰ

ਤੁਹਾਡੀ ਭਾਸ਼ਾ ਸਿੱਖਣ ਲਈ

ਮੈਂ ਛੱਡ ਦਿੱਤੀ ਆਪਣਿਆਂ ਦੀ ਭਾਸ਼ਾ

ਹੁਣ

ਤੁਹਾਡੀ ਭਾਸ਼ਾ ਸਮਝ ਨਹੀਂ ਆਉਂਦੀ ਮੈਨੂੰ

ਮੇਰੇ ਆਪਣਿਆਂ ਦੀ ਭਾਸ਼ਾ

ਮੈਂ ਬਿਲਕੁਲ ਭੁੱਲ ਚੁੱਕਿਆ ਹਾਂ

ਮੇਰੀ ਭਾਸ਼ਾ ਤਾਂ ਕਦੇ ਜਾਗੀ ਹੀ ਨਹੀਂ


ਹਿੰਦੀ ਕਵਿਤਾਵਾਂ

ਪ੍ਰੇਮ ਰੋਗ

ਕੁੰਵਰ ਨਾਰਾਇਣ

ਇਨ੍ਹੀਂ ਦਿਨੀਂ

ਇੱਕ ਅਜੀਬ ਜਿਹੀ ਮੁਸ਼ਕਿਲ ’ਚ ਹਾਂ

ਮੇਰੀ ਭਰਪੂਰ ਨਫ਼ਰਤ ਕਰ ਸਕਣ ਦੀ ਤਾਕਤ

ਦਿਨੋ-ਦਿਨ ਕਮਜ਼ੋਰ ਪੈਂਦੀ ਜਾ ਰਹੀ ਹੈ

ਅੰਗਰੇਜ਼ਾਂ ਨਾਲ ਨਫ਼ਰਤ ਕਰਨੀ ਚਾਹੁੰਦਾ

ਜਿਨ੍ਹਾਂ ਨੇ ਦੋ ਸਦੀਆਂ ਸਾਡੇ ’ਤੇ ਰਾਜ ਕੀਤਾ

ਤਾਂ ਸ਼ੈਕਸਪੀਅਰ ਵਿਚਾਲੇ ਆ ਜਾਂਦਾ

ਜਿਸਦੇ ਮੇਰੇ ’ਤੇ ਪਤਾ ਨਹੀਂ ਕਿੰਨੇ ਕੁ ਅਹਿਸਾਨ ਨੇ...

ਮੁਸਲਮਾਨਾਂ ਤੋਂ ਨਫ਼ਰਤ ਕਰਨ ਤੁਰਦਾ

ਤਾਂ ਮੂਹਰੇ ਗ਼ਾਲਿਬ ਆ ਕੇ ਖੜ੍ਹ ਜਾਂਦਾ

ਹੁਣ ਤੁਸੀਂ ਹੀ ਦੱਸੋ ਕਿਸੇ ਦੀ ਕੁਝ ਚਲਦੀ ਹੈ

ਉਸਦੇ ਸਾਹਮਣੇ?

ਸਿੱਖਾਂ ਦੇ ਨਾਲ ਨਫ਼ਰਤ ਕਰਨਾ ਚਾਹੁੰਦਾ

ਤਾਂ ਗੁਰੂ ਨਾਨਕ ਅੱਖਾਂ ’ਚ ਛਾ ਜਾਂਦੇ

ਅਤੇ ਸਿਰ ਆਪਣੇ ਆਪ ਝੁਕ ਜਾਂਦਾ

ਅਤੇ ਇਹ ਕੰਬਨ, ਤਿਆਗਰਾਜ, ਮੁੱਤੂਸਵਾਮੀ...

ਲੱਖ ਸਮਝਦਾ ਖ਼ੁਦ ਨੂੰ

ਕਿ ਉਹ ਮੇਰੇ ਨਹੀਂ

ਦੂਰ ਕਿਤੇ ਦੱਖਣ ਦੇ ਹਨ

ਪਰ ਦਿਲ ਹੈ ਕਿ ਮੰਨਦਾ ਹੀ ਨਹੀਂ

ਇਹਨਾਂ ਨੂੰ ਅਪਣਾਏ ਬਿਨਾ

ਅਤੇ ਉਹ ਪ੍ਰੇਮਿਕਾ

ਜਿਸ ਤੋਂ ਮੈਨੂੰ ਪਹਿਲਾ ਧੋਖਾ ਮਿਲਿਆ ਸੀ

ਮਿਲ ਜਾਵੇ ਤਾਂ ਉਸਨੂੰ ਜਾਨੋਂ ਮਾਰ ਦੇਵਾਂ!

ਮਿਲਦੀ ਵੀ ਹੈ, ਪਰ

ਕਦੇ ਦੋਸਤ

ਕਦੇ ਮਾਂ

ਕਦੇ ਭੈਣ ਦੀ ਤਰ੍ਹਾਂ

ਤਾਂ ਪਿਆਰ ਦਾ ਘੁੱਟ ਪੀ ਕੇ ਰਹਿ ਜਾਂਦਾ

ਇਸ ਵੇਲੇ

ਪਾਗ਼ਲਾਂਹਾਰ ਭਟਕਦਾ ਰਹਿੰਦਾ

ਕਿ ਕਿਤੇ ਕੋਈ ਅਜਿਹਾ ਮਿਲੇ

ਜਿਸ ਨਾਲ ਭਰਪੂਰ ਨਫ਼ਰਤ ਕਰਕੇ

ਆਪਣਾ ਮਨ ਹੌਲਾ ਕਰ ਲਵਾਂ

ਪਰ ਹੁੰਦਾ ਹੈ ਇਸਦੇ ਉਲਟਾ

ਕੋਈ ਨਾ ਕੋਈ, ਕਿਤੇ ਨਾ ਕਿਤੇ, ਕਦੇ ਨਾ ਕਦੇ

ਅਜਿਹਾ ਮਿਲ ਜਾਂਦਾ

ਜਿਸਨੂੰ ਪਿਆਰ ਕੀਤੇ ਬਿਨਾ ਰਿਹਾ ਹੀ ਨਹੀਂ ਜਾ ਸਕਦਾ।

ਦਿਨੋ-ਦਿਨ ਮੇਰਾ ਇਹ ਪ੍ਰੇਮ-ਰੋਗ ਵਧਦਾ ਹੀ ਜਾ ਰਿਹਾ

ਅਤੇ ਇਸ ਵਹਿਮ ਨੇ ਪੱਕੀ ਜੜ੍ਹ ਫੜ ਲਈ ਹੈ

ਕਿ ਉਹ ਕਿਸੇ ਦਿਨ ਮੈਨੂੰ

ਸੁਰਗ ਦਿਖਾਕੇ ਹੀ ਰਹੇਗਾ

ਮਾਤ-ਭਾਸ਼ਾ

ਕੇਦਾਰਨਾਥ ਸਿੰਘ

ਜਿਵੇਂ ਕੀੜੀਆਂ ਮੁੜਦੀਆਂ ਨੇ

ਖੁੱਡਾਂ ’ਚ

ਚੱਕੀ ਰਾਹਾ ਮੁੜਦਾ ਹੈ

ਲੱਕੜ ਦੇ ਕੋਲ

ਹਵਾਈ ਜਹਾਜ਼ ਮੁੜਦੇ ਨੇ ਇੱਕ ਤੋਂ ਬਾਅਦ ਇੱਕ

ਲਾਲ ਆਸਮਾਨ ’ਚ ਡੈਨੇ ਪਸਾਰੀ

ਹਵਾਈ ਅੱਡੇ ਵੱਲ

ਓ ਮੇਰੀ ਭਾਸ਼ਾ

ਮੈਂ ਮੁੜਦਾ ਹਾਂ ਤੇਰੇ ’ਚ

ਜਦ ਚੁੱਪ ਰਹਿੰਦੇ-ਰਹਿੰਦੇ

ਆਕੜ ਜਾਂਦੀ ਹੈ ਮੇਰੀ ਜੀਭ

ਦੁਖਣ ਲਗਦੀ ਹੈ

ਮੇਰੀ ਆਤਮਾ


ਮੈਥਿਲੀ ਕਵਿਤਾ

ਅੰਤਿਮ ਪ੍ਰਣਾਮ

ਨਾਗਾਰਜੁਨ ਯਾਤਰੀ

ਹੇ ਮਾਤਭੂੁਮੀ ਅੰਤਿਮ ਪ੍ਰਣਾਮ

ਵਿਆਹ ਦਾ ਸ਼ੁਭ-ਘੜਾ ਫੋੜ-ਫਾੜ

ਪਹਿਲੀ ਪਛਾਣ ਨੂੰ ਤੋੜ-ਤਾੜ

ਪਿੰਡ-ਨਗਰ-ਆਪਣਿਆਂ ਨੂੰ ਛੱਡ-ਛਡਾ

ਮੈਂ ਜਾ ਰਿਹਾ ਹਾਂ ਕਿਸੇ ਹੋਰ ਧਾਮ

ਮਾਂ ਮਿਥਿਲੇ ਤੈਨੂੰ ਅੰਤਿਮ ਪ੍ਰਣਾਮ

ਸੁੱਖ-ਦੁੱਖ ਤੋਂ ਮੁਕਤੀ ਦੇ ਲਈ

ਬਹੁਤ ਭੁਲਾਈਆਂ ਚੀਜ਼ਾਂ ਨੂੰ ਯਾਦ ਕਰਨ ਦੇ ਲਈ

ਸੁੱਤੀ ਲੋਕਾਈ ਨੂੰ ਜਗਾਉਣ ਦੇ ਲਈ

ਮੈਂ ਜਾ ਰਿਹਾ ਹਾਂ ਛੱਡ ਕੇ ਗਰਾਂ

ਮਾਂ ਮਿਥਿਲੇ ਤੈਨੂੰ ਅੰਤਿਮ ਪ੍ਰਣਾਮ

ਕਰਮਾਂ ਦਾ ਫ਼ਲ ਭੁਗਤੇਗਾ ਹੁਣ ਬਿਰਧ ਬਾਪ

ਔਲਾਦ ਦੇ ਨਾਤੇ ਭੁਗਤਾਂਗਾ ਜੋ ਕੀਤੇ ਤੁਸੀਂ ਪਾਪ

ਇਹ ਸੋਚਕੇ ਹੁਣ ਪਛਾਤਾਵਾ ਨਹੀਂ ਹੁੰਦਾ

ਦੂਜਿਆਂ ਨੂੰ ਭੁੱਲਣਾ ਹੀ ਹੈ ਮੇਰਾ ਨਾਮ

ਮਾਂ ਮਿਥਿਲੇ ਤੈਨੂੰ ਅੰਤਿਮ ਪ੍ਰਣਾਮ


ਉਰਦੂ ਕਵਿਤਾ

ਉਰਦੂ ਜ਼ਬਾਨ

ਗੁਲਜ਼ਾਰ

ਇਹ ਕੇਹਾ ਇਸ਼ਕ ਹੈ ਉਰਦੂ ਜ਼ਬਾਨ ਦਾ

ਮਜ਼ਾ ਘੁਲਦਾ ਹੈ ਲਫ਼ਜ਼ਾਂ ਦਾ ਜ਼ਬਾਨ ’ਤੇ

ਕਿ ਜਿਵੇਂ ਪਾਨ ’ਚ ਮਹਿੰਗਾ ਕਿਮਾਮ1 ਘੁਲਦਾ ਹੈ

ਨਸ਼ਾ ਆਉਂਦਾ ਹੈ ਉਰਦੂ ਬੋਲਣ ’ਚ

ਗਿਲੌਰੀ ਦੀ ਤਰ੍ਹਾਂ ਨੇ ਮੂੰਹ ਲੱਗੀਆਂ ਸਭ ਇਸਤਲਾਹਾਂ2

ਹਲਕ ਛੋਂਹਦੀ ਹੈ ਉਰਦੂ ਤਾਂ

ਜਿਵੇਂ ਹਲਕ ’ਚ ਸ਼ਰਾਬ ਦੀ ਘੁੱਟ ਉਤਰਦੀ ਹੈ

ਬੜੀ ਅਰਿਸਟੋਕਰੇਸੀ ਹੈ ਜ਼ਬਾਨ ’ਚ

ਫ਼ਕੀਰੀ ’ਚ ਨਵਾਬੀ ਦਾ ਮਜ਼ਾ ਦਿੰਦੀ ਹੈ ਉਰਦੂ

ਹਾਲਾਂਕਿ ਭਾਵ ਘੱਟ ਹੁੰਦੇ ਹਨ ਅਤੇ ਲਫ਼ਜ਼ਾਂ ਦੀ ਬਹੁਤਾਤ ਹੁੰਦੀ ਹੈ

ਪਰ ਫੇਰ ਵੀ ਬੁਲੰਦ ਆਵਾਜ਼ ਪੜ੍ਹੀਏ ਤਾਂ

ਬਹੁਤ ਹੀ ਮੋਹਤਬਰ ਲਗਦੀਆਂ ਨੇ ਗੱਲਾਂ ਉਰਦੂ ’ਚ

ਕਿਤੇ ਕੁਝ ਦੂਰ ਤੋਂ ਕੰਨਾਂ ’ਚ ਪੈਂਦੀ ਹੈ ਜੇਕਰ ਉਰਦੂ

ਤਾਂ ਲੱਗਦਾ ਹੈ ਦਿਨ ਸਿਆਲਾਂ ਦੇ ਹਨ

ਬਾਰੀ ਖੁੱਲ੍ਹੀ ਹੈ, ਧੁੱਪ ਅੰਦਰ ਆ ਰਹੀ ਹੈ

ਅਜੀਬ ਹੈ ਇਹ ਜ਼ਬਾਨ ਉਰਦੂ

ਤਦੇ ਐਵੇਂ ਹੀ ਸਫ਼ਰ ਕਰਦਿਆਂ ਜੇਕਰ ਕੋਈ ਮੁਸਾਫਿਰ

ਸ਼ਿਅਰ ਪੜ੍ਹ ਦੇਵੇ ਮੀਰ ਅਤੇ ਗ਼ਾਲਿਬ ਦਾ

ਉਹ ਚਾਹੇ ਅਜਨਬੀ ਹੋਵੇ, ਇਹੀ ਲਗਦਾ ਹੈ

ਉਹ ਆਪਣੇ ਵਤਨ ਦਾ ਹੈ

ਬੜੇ ਸੱਭਿਅਕ ਲਹਿਜੇ ’ਚ ਕਿਸੇ ਤੋਂ ਉਰਦੂ ਸੁਣ ਕੇ

ਕੀ ਨਹੀਂ ਲੱਗਦਾ ਕਿ ਇੱਕ ਤਹਿਜ਼ੀਬ ਦੀ ਆਵਾਜ਼ ਹੈ ਉਰਦੂ।


ਭੋਜਪੁਰੀ ਕਵਿਤਾ

ਮਰਿਆਦਾ

ਸੰਤੋਸ਼ ਕੁਮਾਰ ਪਟੇਲ

ਸੁਆਲ ਭਾਸ਼ਾ ਦਾ ਨਹੀਂ

ਮਾਂ ਦੀ ਮਰਿਆਦਾ ਦਾ ਹੈ

ਵੀਹ ਕਰੋੜ ਪੁੱਤਾਂ-ਧੀਆਂ ਦੀ ਮਾਂ ਦਾ

ਅੱਜ ਵੀ

ਆਪਣੇ ਹੱਕ ਲਈ ਜਿਉਂ ਰਹੀ ਹੈ

ਹੰਝੂ ਪੀ ਰਹੀ ਹੈ

ਹਨੇਰੇ ’ਚ ਕਿਤੇ ਲੁਕ ਕੇ

ਰਾਹੂ-ਕੇਤੂ ਜਿਹੇ ਲੋਕ

ਭਾਸ਼ਾ ਦੇ ਠੇਕੇਦਾਰ

ਹੱਕਮਾਰ ਆਖਦੇ ਨੇ

ਭੋਜਪੁਰੀ ਹੈ ਕੀ?

ਭੋਜਪੁਰੀ ਬੋਲੀ ਹੈ ਕਿ ਭਾਸ਼ਾ?

ਭੋਜਪੁਰੀ ਮਰਿਆਦਾ ਹੈ

ਪੂਰਬੀਆਂ ਦੀ

ਪਰ ਭੋਜਪੁਰੀ

ਦੁਮੂੰਹੇ ਦਰਵਾਜ਼ੇ ’ਤੇ ਖੜ੍ਹੀ

ਉਡੀਕ ਰਹੀ ਹੈ

ਉਸ ਦਿਨ ਨੂੰ ਜਦ ਉਹ ਸੰਵਿਧਾਨ ’ਚ ਮਾਨਤਾ ਪਾਵੇ

ਭਾਸ਼ਾ ਦੀ ਕਤਾਰ ’ਚ ਖੜ੍ਹੀ ਹੋ ਮੁਸਕੁਰਾਏ

ਇਹੀ ਮਰਿਆਦਾ ਹੈ

ਪੂਰਬੀਆਂ ਦੀ ਲੋੜ ਹੈ

ਆਪਣੇ ਮਾਣ-ਸਵੈਮਾਣ ਨੂੰ ਯਾਦ ਕਰਨ ਦੀ

ਹੁਣ ਪੱਤੇ ਵਾਂਗ ਟਾਹਣੀ ਤੋਂ ਗਿਰਨਾ ਨਹੀਂ ਹੈ

ਕਿਸੇ ਤੋਂ ਹੁਣ ਡਰਨਾ ਨਹੀਂ ਹੈ

ਮੁੱਠ ਤਾਣ ਕੇ

ਏਕੇ ਨਾਲ ਲੜਨਾ ਹੈ

ਦਿਲ ਨੂੰ ਟੁੱਟਣ ਨਹੀਂ ਦੇਣਾ ਹੈ

ਝੁਕਣ ਨਹੀਂ ਦੇਣਾ ਹੈ

ਸਾਰਸ ਦੀ ਉਡਾਣ

ਹੌਸਲੇ ਦੇ ਜਹਾਜ਼ ’ਤੇ ਰਹਿਣਾ ਹੈ

ਕਹਿਣਾ ਹੈ

ਓਇ ਮੇਰੇ ਭੋਜਪੁਰੀ ਭਾਸ਼ੀ ਭਰਾਵੋ

ਜੁਆਨੀ ਨੂੰ ਜਗਾਓ

ਅੱਗੇ ਵਧੋ

ਸੱਤਾ ਦੇ ਤਲੇ ਨੂੰ ਸਰਕਾਉ

ਵਧੋ ਅੱਗੇ, ਤਣ ਜਾਉ

ਹੱਕਮਾਰਾਂ ਦੀ ਛਾਤੀ ’ਤੇ

ਆਪਣੀ ਤਾਕਤ ਨੂੰ ਕਰੋ ਯਾਦ

ਛੱਡੋ ਹੁਣ ਫਰਿਆਦ

ਤਦੇ ਬਚੇਗੀ

ਭੋਜਪੁਰੀ ਦੀ ਮਰਿਆਦਾ


ਸੰਸਕ੍ਰਿਤ ਕਵਿਤਾ

ਮਾਂ ਬੋਲੀ

ਹਰਸ਼ਦੇਵ ਮਾਧਵ

ਮਾਂ ਦੀ ਕੁੱਖ ’ਚ ਜੋ ਸੁਣੀ ਸੀ

ਉਹ ਭਾਸ਼ਾ ਨਹੀਂ

ਮੰਤਰ ਦੀ ਭਾਸ਼ਾ ਸੀ -

ਜੋ ਲੈ ਆਈ ਮੈਨੂੰ

ਹਨੇਰੇ ਤੋਂ ਚਾਨਣ ’ਚ

ਉਹੀ ਭਾਸ਼ਾ ਸੀ

ਜਿਸ ਰਾਹੀਂ ਮੈਂ ਸਮਝਿਆ

ਚੰਦ-ਤਾਰੇ-ਆਕਾਸ਼ ਅਤੇ ਭਗਵਾਨ ਨੂੰ

ਹਜ਼ਾਰਾਂ ਮੀਲ ਦੂਰ

ਜਿਸ ਨੂੰ ਸੁਣਦੇ ਹੀ

ਦੇਹ ’ਚ ਮੀਂਹ ਵੇਲੇ ਦੀ ਮਿੱਟੀ ਦੀ ਗੰਧ ਆਉਂਦੀ ਹੈ

ਉਦਾਸ ਮਨ ’ਚ ਚਾਨਣੀ ਛਾ ਜਾਂਦੀ ਹੈ

ਅਤੇ -

ਬੇਚੈਨ ਆਤਮਾ ਬਿਨਾ ਖੰਭਾਂ ਦੇ ਪਹੁੰਚ ਜਾਂਦੀ ਹੈ

ਪਿੰਡ ਦੇ ਖੇਤਾਂ ’ਚ

ਉਸੇ ਭਾਸ਼ਾ ’ਚ

ਗਾਲ਼ ਵੀ ਦਿੰਦੀ ਗੁੜ ਦਾ ਸੁਆਦ

ਕੋਈ ਆ ਕੇ ਮੇਰੀ ਪਿੱਠ ’ਚ

ਛੁਰਾ ਖੋਭ ਦੇਵੇ

ਤਾਂ ਵੀ

ਮੇਰਾ ਆਖ਼ਰੀ ਸ਼ਬਦ

ਉਸੇ ਭਾਸ਼ਾ ਦਾ ਹੋਵੇਗਾ

ਜੋ ਮੈਂ ਪੀਤੀ ਹੈ ਮਾਂ ਦੇ ਦੁੱਧ ਦੇ ਨਾਲ।

ਚੋਣ ਅਤੇ ਅਨੁਵਾਦ: ਤਰਸੇਮ

ਸੰਪਰਕ: 98159-73485

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਮੁੱਖ ਖ਼ਬਰਾਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਪੰਜਾਬ ’ਚ ਕਰੋਨਾ ਕਾਰਨ ਸਖਤ ਪਾਬੰਦੀਆਂ

ਸਿਨੇਮਾ ਹਾਲ, ਜਿਮ, ਕੋਚਿੰਗ ਸੈਂਟਰ ਬੰਦ; ਕਰਫਿਊ ਦੀ ਮਿਆਦ ਵਧਾਈ; ਕਰੋਨਾ...

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਦਿੱਲੀ ਵਿੱਚ 26 ਅਪਰੈਲ ਤਕ ਰਹੇਗਾ ਲੌਕਡਾਊਨ

ਮੁੱਖ ਮੰਤਰੀ ਕੇਜਰੀਵਾਲ ਵੱਲੋਂ ਪਰਵਾਸੀਆਂ ਨੂੰ ਦਿੱਲੀ ਨਾ ਛੱੜਣ ਦੀ ਅਪੀਲ...

ਸ਼ਹਿਰ

View All