ਕੱਚੀਆਂ ਕੰਧਾਂ, ਪੱਕੇ ਰਿਸ਼ਤੇ
ਸਾਉਣ ਮਹੀਨਾ ਆਉਣ ’ਤੇ ਗ਼ਰੀਬਾਂ ਨੂੰ ਕਦੇ ਚਾਅ ਨਹੀਂ ਚੜ੍ਹਦਾ। ਉਨ੍ਹਾਂ ਲਈ ਬਾਗ਼ਾਂ ਵਿੱਚ ਬੋਲਦੇ ਮੋਰਾਂ ਜਾਂ ਹਰੇ-ਭਰੇ ਖੇਤਾਂ ਦੀ ਰੌਣਕ ਕੋਈ ਵੱਡੀ ਖ਼ੁਸ਼ੀ ਨਹੀਂ ਲਿਆਉਂਦੀ। ਉਨ੍ਹਾਂ ਦੀ ਦੁਨੀਆ ਤਾਂ ਦੋ ਵੇਲੇ ਦੀ ਰੋਟੀ ਅਤੇ ਚੰਗੀ ਛੱਤ ਹੇਠ ਮਿਲਣ ਵਾਲੀ...
ਸਾਉਣ ਮਹੀਨਾ ਆਉਣ ’ਤੇ ਗ਼ਰੀਬਾਂ ਨੂੰ ਕਦੇ ਚਾਅ ਨਹੀਂ ਚੜ੍ਹਦਾ। ਉਨ੍ਹਾਂ ਲਈ ਬਾਗ਼ਾਂ ਵਿੱਚ ਬੋਲਦੇ ਮੋਰਾਂ ਜਾਂ ਹਰੇ-ਭਰੇ ਖੇਤਾਂ ਦੀ ਰੌਣਕ ਕੋਈ ਵੱਡੀ ਖ਼ੁਸ਼ੀ ਨਹੀਂ ਲਿਆਉਂਦੀ। ਉਨ੍ਹਾਂ ਦੀ ਦੁਨੀਆ ਤਾਂ ਦੋ ਵੇਲੇ ਦੀ ਰੋਟੀ ਅਤੇ ਚੰਗੀ ਛੱਤ ਹੇਠ ਮਿਲਣ ਵਾਲੀ ਆਰਾਮਦਾਇਕ ਨੀਂਦ ਤੱਕ ਹੀ ਸੀਮਿਤ ਰਹਿੰਦੀ ਹੈ। ਜਿਨ੍ਹਾਂ ਦੇ ਘਰ ਮਿੱਟੀ ਦੇ ਬਣੇ ਹੋਣ, ਉਨ੍ਹਾਂ ਲਈ ਹਰ ਮੀਂਹ ਖ਼ੁਸ਼ੀ ਨਹੀਂ, ਸਗੋਂ ਇੱਕ ਡਰ ਲੈ ਕੇ ਆਉਂਦਾ ਹੈ- ਕਦੇ ਵੀ ਕੁਝ ਵੀ ਢਹਿ ਸਕਦਾ ਹੈ। ਸੰਨ 1990 ਦੇ ਉਹ ਦਿਨ ਅੱਜ ਵੀ ਮੇਰੀਆਂ ਯਾਦਾਂ ਵਿੱਚ ਤਾਜ਼ਾ ਹਨ ਪਰ ਉਸ ਭਿਆਨਕ ਬਰਸਾਤ ਤੋਂ ਕਰੀਬ ਇੱਕ ਸਾਲ ਪਹਿਲਾਂ ਹੀ ਕੁਦਰਤ ਨੇ ਸਾਨੂੰ ਇੱਕ ਸੰਕੇਤ ਦੇ ਦਿੱਤਾ ਸੀ ਕਿ ਸਾਡਾ ਕੱਚਾ ਘਰ ਹੁਣ ਕਮਜ਼ੋਰ ਹੋ ਚੁੱਕਾ ਹੈ ਕਿਉਂਕਿ ਉਨ੍ਹਾਂ ਬਰਸਾਤਾਂ ਦੌਰਾਨ ਸਾਡੇ ਘਰ ਦੀ ਛੱਤ ਦੀ ਇੱਕ ਸ਼ਤੀਰੀ ਟੁੱਟ ਗਈ ਸੀ। ਉਹ ਸਮਾਂ ਅੱਜ ਵਰਗਾ ਨਹੀਂ ਸੀ। ਨਾ ਘਰਾਂ ਵਿੱਚ ਟੈਲੀਫੋਨ ਹੁੰਦੇ ਸਨ ਅਤੇ ਨਾ ਹੀ ਆਉਣ-ਜਾਣ ਲਈ ਆਪਣੇ ਸਾਧਨ। ਘਰ ਕੱਚਾ ਸੀ ਅਤੇ ਘਰਦਿਆਂ ਕੋਲ ਇੰਨੇ ਪੈਸੇ ਵੀ ਨਹੀਂ ਸਨ ਕਿ ਨਵੀਂ ਸ਼ਤੀਰੀ ਖ਼ਰੀਦ ਸਕਣ। ਉਦੋਂ ਮੇਰੇ ਮਾਮਾ ਜੀ ਅਤੇ ਉਨ੍ਹਾਂ ਦੇ ਲੜਕੇ ਲੱਕੜਾਂ ਵੱਢਣ ਦਾ ਕੰਮ ਕਰਦੇ ਸਨ। ਮੇਰੇ ਵੱਡੇ ਭਰਾ ਨੇ ਇੱਕ ਪੋਸਟ ਕਾਰਡ ਲਿਖ ਕੇ ਮਾਮਾ ਜੀ ਨੂੰ ਭੇਜਿਆ ਕਿ ਸਾਡੇ ਘਰ ਦੀ ਛੱਤ ਦੀ ਇੱਕ ਸ਼ਤੀਰੀ ਟੁੱਟ ਗਈ ਹੈ। ਬਰਸਾਤਾਂ ਆਉਣ ਵਾਲੀਆਂ ਹਨ, ਜੇਕਰ ਜਲਦੀ ਸ਼ਤੀਰੀ ਨਾ ਲੱਗੀ ਤਾਂ ਸਾਰਾ ਮੀਂਹ ਦਾ ਪਾਣੀ ਘਰ ਦੇ ਅੰਦਰ ਆ ਜਾਵੇਗਾ। ਉਨ੍ਹਾਂ ਦਿਨਾਂ ਵਿੱਚ ਚਿੱਠੀ ਪਹੁੰਚਣ ਵਿੱਚ ਵੀ ਕਈ ਦਿਨ ਲੱਗ ਜਾਂਦੇ ਸਨ। ਲਗਪਗ ਇੱਕ ਹਫ਼ਤੇ ਬਾਅਦ ਉਹ ਪੋਸਟ ਕਾਰਡ ਮਾਮਾ ਜੀ ਨੂੰ ਮਿਲਿਆ। ਚਿੱਠੀ ਪੜ੍ਹਦਿਆਂ ਹੀ ਮਾਮਾ ਜੀ ਦੇ ਵੱਡੇ ਲੜਕੇ, ਮੇਰੇ ਵੀਰ ਬੂਟਾ ਰਾਮ ਨੇ ਬਿਨਾਂ ਦੇਰ ਕੀਤਿਆਂ ਇੱਕ ਨਵੀਂ ਸ਼ਤੀਰੀ ਸਾਈਕਲ ਉੱਤੇ ਰੱਖੀ ਅਤੇ ਸਾਡੇ ਪਿੰਡ ਲਈ ਤੁਰ ਪਿਆ। ਸਾਡਾ ਪਿੰਡ ਉਨ੍ਹਾਂ ਦੇ ਪਿੰਡ ਤੋਂ ਲਗਪਗ 40-45 ਕਿਲੋਮੀਟਰ ਦੂਰ ਸੀ। ਸ਼ਤੀਰੀ ਛੋਟੀ-ਮੋਟੀ ਲੱਕੜ ਨਹੀਂ ਸੀ ਸਗੋਂ ਕਰੀਬ 12-13 ਫੁੱਟ ਲੰਮੀ ਸੀ। ਅੱਜ ਜਦੋਂ ਇਸ ਗੱਲ ਨੂੰ ਯਾਦ ਕਰਦਾ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਉਹ ਕਿੰਨੇ ਵਜੇ ਘਰੋਂ ਤੁਰਿਆ ਹੋਵੇਗਾ, ਜੋ ਸਵੇਰੇ ਕਰੀਬ ਸੱਤ ਵਜੇ ਹੀ ਸਾਡੇ ਘਰ ਪਹੁੰਚ ਗਿਆ। ਇੰਨੀ ਲੰਮੀ ਸ਼ਤੀਰੀ ਨੂੰ ਸਾਈਕਲ ਉੱਤੇ ਰੱਖ ਕੇ 40-45 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਕੋਈ ਸੌਖਾ ਕੰਮ ਨਹੀਂ ਸੀ। ਸਮਝੋ, ਜਿਵੇਂ ਇੱਕ ਪੂਰਾ ਸਫੈਦੇ ਦਾ ਦਰੱਖ਼ਤ ਹੀ ਸਾਈਕਲ ਉੱਤੇ ਰੱਖ ਕੇ ਲੈ ਕੇ ਆਇਆ ਹੋਵੇ। ਉਸ ਦਿਨ ਸਿਰਫ਼ ਇੱਕ ਸ਼ਤੀਰੀ ਹੀ ਨਹੀਂ ਆਈ ਸੀ ਸਗੋਂ ਰਿਸ਼ਤਿਆਂ ਦਾ ਪਿਆਰ, ਆਪਣਾਪਣ ਅਤੇ ਫ਼ਰਜ਼ ਵੀ ਸਾਡੇ ਘਰ ਆਇਆ ਸੀ। ਇਹ ਹੁੰਦੇ ਸਨ ਸੱਚੇ ਤੇ ਪੱਕੇ ਰਿਸ਼ਤੇ। ਅੱਜ ਦੇ ਸਮੇਂ ਵਿੱਚ ਨਾ ਉਹੋ ਜਿਹੀ ਮਿਠਾਸ ਰਹੀ ਹੈ, ਨਾ ਕਿਸੇ ਲਈ ਉਹ ਤੜਫ਼ ਅਤੇ ਨਾ ਹੀ ਦਿਲੋਂ ਕਿਸੇ ਦੀ ਮਦਦ ਕਰਨ ਦਾ ਜਜ਼ਬਾ। ਅੱਜ ਦੇ ਬਹੁਤ ਸਾਰੇ ਰਿਸ਼ਤਿਆਂ ਵਿੱਚ ਸਾੜਾ, ਨਫ਼ਰਤ ਅਤੇ ਲਾਲਚ ਜ਼ਿਆਦਾ ਨਜ਼ਰ ਆਉਂਦੇ ਹਨ ਜਦੋਂਕਿ ਅਪਣੱਤ ਘੱਟ ਹੈ।
ਉਸ ਵੇਲੇ ਅਸੀਂ ਸਾਰੇ- ਮੈਂ, ਮੇਰੇ ਦੋ ਭਰਾ ਅਤੇ ਸਾਡੇ ਮਾਤਾ-ਪਿਤਾ ਉਸੇ ਘਰ ਵਿੱਚ ਰਹਿੰਦੇ ਸਾਂ। ਕਈ ਵਾਰ ਮਾਂ ਦੀਆਂ ਅੱਖਾਂ ਵਿੱਚ ਡਰ ਦਿਖਾਈ ਦਿੰਦਾ ਸੀ, ਪਰ ਉਹ ਸਾਨੂੰ ਹੌਸਲਾ ਦਿੰਦੀ, ‘‘ਕੁਝ ਨਹੀਂ ਹੁੰਦਾ, ਰੱਬ ਮਿਹਰ ਕਰੇਗਾ।’’ ਸ਼ਾਇਦ ਉਹ ਆਪਣੇ ਆਪ ਨੂੰ ਵੀ ਇਹੀ ਦਿਲਾਸਾ ਦੇ ਰਹੀ ਹੁੰਦੀ ਸੀ। ਫਿਰ ਉਹ ਮਨਹੂਸ ਦਿਨ ਵੀ ਆ ਗਿਆ। ਲਗਾਤਾਰ ਪੰਦਰਾਂ ਦਿਨ ਤੱਕ ਮੀਂਹ ਕਦੇ ਹਟ ਜਾਂਦਾ, ਕਦੇ ਸ਼ੁਰੂ ਹੋ ਜਾਂਦਾ। ਸਾਡਾ ਇੱਕੋ-ਇੱਕ ਕੱਚਾ ਮਕਾਨ ਮੀਂਹ ਦੇ ਲਗਾਤਾਰ ਪੈਂਦੇ ਥਪੇੜਿਆਂ ਨੂੰ ਸਹਾਰ ਨਾ ਸਕਿਆ। ਕੰਧਾਂ ਅੰਦਰੋਂ ਖੋਖਲੀਆਂ ਹੋ ਚੁੱਕੀਆਂ ਸਨ। ਉਸ ਦਿਨ ਮੀਂਹ ਬਹੁਤ ਤੇਜ਼ ਪੈ ਰਿਹਾ ਸੀ। ਉਸ ਸਮੇਂ ਮੈਂ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਪੜ੍ਹਦਾ ਸੀ। ਮੀਂਹ ਦਾ ਬਹਾਨਾ ਬਣਾ ਕੇ ਮੈਂ ਦੋ-ਤਿੰਨ ਦਿਨ ਸਕੂਲ ਨਹੀਂ ਗਿਆ ਸੀ, ਪਰ ਉਸ ਦਿਨ ਬਾਪੂ ਦਾ ਹੁਕਮ ਸਖ਼ਤ ਸੀ। “ਅੱਜ ਤਾਂ ਸਕੂਲ ਜਾਣਾ ਹੀ ਪੈਣਾ ਏ,” ਉਸ ਨੇ ਗੁੱਸਾ ਦਿਖਾਉਂਦਿਆਂ ਕਿਹਾ। ਡਰਦੇ ਹੋਏ ਮੈਂ ਆਪਣਾ ਪੁਰਾਣਾ ਬਸਤਾ ਚੁੱਕਿਆ, ਖਾਦ ਵਾਲੇ ਬੋਰੇ ਨੂੰ ਸਿਰ ’ਤੇ ਰੱਖਿਆ ਅਤੇ ਮੀਂਹ ਵਿੱਚ ਹੀ ਤੁਰ ਪਿਆ। ਹਰ ਕਦਮ ਨਾਲ ਪਾਣੀ ਛੱਪੜ ਵਾਂਗ ਛਲਕਦਾ ਜਾਪ ਰਿਹਾ ਸੀ। ਕੱਪੜੇ ਭਿੱਜ ਚੁੱਕੇ ਸਨ, ਪਰ ਮਨ ਵਿੱਚ ਇੱਕ ਹੀ ਗੱਲ ਸੀ- ਜਿਵੇਂ ਤਿਵੇਂ ਸਕੂਲ ਪਹੁੰਚ ਜਾਵਾਂ। ਪਰ ਜਦੋਂ ਮੈਂ ਸਕੂਲ ਦੇ ਗੇਟ ’ਤੇ ਪਹੁੰਚਿਆ ਤਾਂ ਮੰਜ਼ਰ ਵੱਖਰਾ ਹੀ ਸੀ। ਸਾਰੇ ਕਮਰੇ ਪਾਣੀ ਨਾਲ ਭਰੇ ਹੋਏ ਸਨ। ਇੱਕ ਅਧਿਆਪਕ ਗੇਟ ’ਤੇ ਖੜ੍ਹਾ ਹਰ ਆਉਂਦੇ ਬੱਚੇ ਨੂੰ ਵਾਪਸ ਮੋੜ ਰਿਹਾ ਸੀ। ਜਦੋਂ ਮੈਂ ਸਕੂਲ ਸਾਂ ਤਾਂ ਪਰਿਵਾਰ ਦੇ ਬਾਕੀ ਸਾਰੇ ਜੀਅ ਘਰ ਦੇ ਅੰਦਰ ਬੈਠੇ ਹੋਏ ਸਨ ਅਤੇ ਬਾਹਰ ਲਗਾਤਾਰ ਵਰ੍ਹਦੇ ਮੀਂਹ ਦੀਆਂ ਆਵਾਜ਼ਾਂ ਸੁਣ ਰਹੇ ਸਾਂ। ਅਚਾਨਕ ਬਹੁਤ ਹੀ ਜ਼ੋਰਦਾਰ ਖੜਾਕਾ ਹੋਇਆ। ਇੰਨਾ ਭਿਆਨਕ ਖੜਾਕ ਸੀ ਕਿ ਘਰ ਦੇ ਸਾਰੇ ਜੀਅ ਸਹਿਮ ਗਏ। ਜਦੋਂ ਉਨ੍ਹਾਂ ਬਾਹਰ ਆ ਕੇ ਦੇਖਿਆ ਤਾਂ ਘਰ ਦੀ ਬਾਹਰਲੀ ਕੱਚੀ ਕੰਧ ਦਾ ਇੱਕ ਵੱਡਾ ਹਿੱਸਾ ਡਿੱਗ ਚੁੱਕਾ ਸੀ।
ਉਹ ਸਾਰੇ ਡਿੱਗੀ ਕੰਧ ਨੂੰ ਹੈਰਾਨੀ ਨਾਲ ਦੇਖ ਹੀ ਰਹੇ ਸਾਂ ਕਿ ਕੁਝ ਪਲਾਂ ਬਾਅਦ ਇੱਕ ਹੋਰ ਭਿਆਨਕ ਗੜਗੜਾਹਟ ਹੋਈ ਅਤੇ ਪੂਰੇ ਘਰ ਦੀ ਛੱਤ ਤੇ ਕੰਧਾਂ ਢਹਿ-ਢੇਰੀ ਹੋ ਗਈਆਂ। ਜੇਕਰ ਉਸ ਪਹਿਲੇ ਖੜਾਕੇ ਨੇ ਸਾਡੇ ਪਰਿਵਾਰ ਨੂੰ ਚੌਕੰਨਾ ਨਾ ਕੀਤਾ ਹੁੰਦਾ ਅਤੇ ਉਹ ਕਮਰੇ ਵਿੱਚੋਂ ਬਾਹਰ ਨਾ ਨਿਕਲੇ ਹੁੰਦੇ ਤਾਂ ਸ਼ਾਇਦ ਅੱਜ ਕੋਈ ਜ਼ਿੰਦਾ ਨਾ ਹੁੰਦਾ। ਇਹ ਕੁਦਰਤ ਦਾ ਹੀ ਇੱਕ ਅਦਭੁੱਤ ਕਰਿਸ਼ਮਾ ਸੀ ਕਿ ਡਿੱਗਦੀ ਕੰਧ ਦੀ ਆਵਾਜ਼ ਨੇ ਸਾਨੂੰ ਸਮੇਂ ਸਿਰ ਬਾਹਰ ਆਉਣ ਦਾ ਮੌਕਾ ਦੇ ਦਿੱਤਾ ਅਤੇ ਸਾਰਾ ਪਰਿਵਾਰ ਇੱਕ ਵੱਡੇ ਹਾਦਸੇ ਤੋਂ ਬਚ ਗਿਆ। ਸੱਚਮੁਚ, ਕੁਦਰਤ ਕਈ ਵਾਰ ਮਨੁੱਖ ਨੂੰ ਇੱਕ ਮੌਕਾ ਜ਼ਰੂਰ ਦਿੰਦੀ ਹੈ ਅਤੇ ਉਹ ਮੌਕਾ ਸਾਡੇ ਪਰਿਵਾਰ ਨੂੰ ਵੀ ਮਿਲਿਆ। ਪੂਰਾ ਪਿੰਡ ਪਾਣੀ ਵਿੱਚ ਡੁੱਬ ਚੁੱਕਾ ਸੀ। ਕਈ ਥਾਵਾਂ ’ਤੇ ਦੋ ਤੋਂ ਤਿੰਨ ਫੁੱਟ ਤੱਕ ਪਾਣੀ ਖੜ੍ਹਾ ਸੀ। ਗਲੀਆਂ ਨਦੀਆਂ ਬਣ ਚੁੱਕੀਆਂ ਸਨ ਅਤੇ ਲੋਕ ਆਪਣੇ ਘਰਾਂ ਵਿੱਚ ਕੈਦ ਹੋ ਗਏ ਸਨ। ਮੈਨੂੰ ਸਕੂਲ ਤੋਂ ਵਾਪਸੀ ਦਾ ਰਸਤਾ ਪਹਿਲਾਂ ਨਾਲੋਂ ਵੀ ਲੰਮਾ ਜਾਪ ਰਿਹਾ ਸੀ। ਮੈਂ ਤੇਜ਼ੀ ਨਾਲ ਘਰ ਵੱਲ ਦੌੜਿਆ। ਜਿਵੇਂ ਹੀ ਪਿੰਡ ਦੇ ਬੋਹੜ ਕੋਲ ਪੁੱਜਿਆ, ਲੋਕਾਂ ਦੀ ਭੀੜ ਦੇਖ ਕੇ ਦਿਲ ਘਬਰਾਉਣ ਲੱਗਾ। ਕੰਨਾਂ ਵਿੱਚ ਆਵਾਜ਼ ਪਈ, “ਸਾਰੇ ਬਚ ਗਏ..! ਤੇ ਘਰ ਸਾਰਾ ਢਹਿ ਗਿਆ...’’, ਸੁਣ ਕੇ ਮੇਰੇ ਪੈਰ ਉੱਥੇ ਹੀ ਰੁਕ ਗਏ। ਮੈਂ ਸਮਝ ਗਿਆ- ਇਹ ਸਾਡੇ ਘਰ ਦੀ ਹੀ ਗੱਲ ਹੋ ਰਹੀ ਸੀ। ਜਦੋਂ ਮੈਂ ਗਲੀ ਵਿੱਚ ਵੜਿਆ ਤਾਂ ਮੇਰੀਆਂ ਅੱਖਾਂ ਸਾਹਮਣੇ ਜੋ ਦ੍ਰਿਸ਼ ਸੀ, ਉਹ ਮੈਂ ਅੱਜ ਤੱਕ ਨਹੀਂ ਭੁੱਲ ਸਕਿਆ। ਸਾਡਾ ਘਰ, ਜੋ ਸਾਡੀ ਪਛਾਣ ਸੀ, ਹੁਣ ਮਿੱਟੀ ਦਾ ਢੇਰ ਬਣ ਚੁੱਕਾ ਸੀ। ਮਾਂ, ਬਾਪ ਅਤੇ ਮੇਰੇ ਦੋਵੇਂ ਭਰਾ ਗੁਆਂਢੀਆਂ ਦੇ ਘਰ ’ਚ ਖੜ੍ਹੇ ਸਨ- ਭਿੱਜੇ ਹੋਏ, ਡਰੇ ਹੋਏ, ਪਰ ਰੱਬ ਦੀ ਮਿਹਰ ਨਾਲ ਸਾਰੇ ਸੁਰੱਖਿਅਤ ਸਨ। ਮੈਂ ਆਪਣੇ ਘਰ ਦੇ ਮਲਬੇ ਦੇ ਸਾਹਮਣੇ ਖੜ੍ਹਾ ਸੀ। ਅਸਮਾਨ ਅਜੇ ਵੀ ਲਗਾਤਾਰ ਵਰ੍ਹ ਰਿਹਾ ਸੀ ਅਤੇ ਮੀਂਹ ਦੀਆਂ ਤੇਜ਼ ਬੂੰਦਾਂ ਮੇਰੇ ਸਰੀਰ ਨੂੰ ਗਿੱਲਾ ਕਰ ਰਹੀਆਂ ਸਨ।
ਆਪਣੇ ਬਚਪਨ ਦੇ ਆਸ਼ਿਆਨੇ ਨੂੰ ਮਿੱਟੀ ਦੇ ਢੇਰ ਵਿੱਚ ਤਬਦੀਲ ਹੋਇਆ ਦੇਖ ਕੇ ਮੇਰਾ ਦਿਲ ਭਰ ਆਇਆ। ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ, ਪਰ ਮੈਨੂੰ ਖੁਦ ਪਤਾ ਨਹੀਂ ਲੱਗਾ ਕਿ ਉਹ ਕਦੋਂ ਮੀਂਹ ਦੇ ਪਾਣੀ ਵਿੱਚ ਰਲ ਗਏ। ਉਸ ਵੇਲੇ ਮੇਰੇ ਅੰਦਰ ਇੱਕ ਅਜੀਬ ਜਿਹਾ ਖਾਲੀਪਣ ਸੀ, ਜਿਵੇਂ ਮਲਬੇ ਹੇਠਾਂ ਸਿਰਫ਼ ਘਰ ਹੀ ਨਹੀਂ, ਮੇਰੇ ਬਚਪਨ ਦੀਆਂ ਅਣਗਿਣਤ ਯਾਦਾਂ ਵੀ ਦੱਬ ਗਈਆਂ ਹੋਣ। ਮੈਨੂੰ ਅੱਜ ਵੀ ਯਾਦ ਹੈ, ਹਰ ਸਾਲ ਸਾਉਣ ਮਹੀਨੇ ਤੋਂ ਪਹਿਲਾਂ ਮੇਰੀ ਮਾਂ, ਕਾਲੀ ਅਤੇ ਲਾਲ ਮਿੱਟੀ ਲਿਆ ਕੇ ਕੰਧਾਂ ਲਿੱਪਦੀ ਹੁੰਦੀ ਸੀ। ਜਦੋਂ ਉਹ ਕੰਧਾਂ ਲਾਲ ਮਿੱਟੀ ਨਾਲ ਚਮਕਦੀਆਂ ਸਨ ਤਾਂ ਸਾਡਾ ਕੱਚਾ ਘਰ ਵੀ ਕਿਸੇ ਮਹਿਲ ਤੋਂ ਘੱਟ ਨਹੀਂ ਲੱਗਦਾ ਸੀ। ਉਹ ਛੋਟੀ ਜਿਹੀ ਰਸੋਈ, ਜਿੱਥੇ ਸਰਦੀਆਂ ਵਿੱਚ ਅਸੀਂ ਅੱਗ ਕੋਲ ਬੈਠ ਕੇ ਰੋਟੀ ਖਾਂਦੇ ਸਾਂ, ਹੁਣ ਸਿਰਫ਼ ਯਾਦਾਂ ਵਿੱਚ ਹੀ ਰਹਿ ਗਈ ਸੀ। ਮੀਂਹ ਦੇ ਪਾਣੀ ਵਿੱਚ ਰਲਦੀ ਲਾਲ ਮਿੱਟੀ ਜਿਵੇਂ ਸਾਡੇ ਘਰ ਦੀਆਂ ਸਾਰੀਆਂ ਕਹਾਣੀਆਂ ਨੂੰ ਆਪਣੇ ਨਾਲ ਰੋੜ੍ਹ ਲੈ ਕੇ ਗਈ। ਉਸ ਦਿਨ ਤੋਂ ਬਾਅਦ ਸਾਡੀ ਜ਼ਿੰਦਗੀ ਬਦਲ ਗਈ। ਅਸੀਂ ਕੁਝ ਦਿਨ ਗੁਆਂਢੀਆਂ ਦੇ ਘਰ ਰਹੇ। ਪਿੰਡ ਵਾਲਿਆਂ ਨੇ ਸਾਡੀ ਦਿਲ ਖੋਲ੍ਹ ਕੇ ਮਦਦ ਕੀਤੀ। ਕਿਸੇ ਨੇ ਕੱਪੜੇ ਦਿੱਤੇ, ਕਿਸੇ ਨੇ ਰੋਟੀ ਅਤੇ ਕਿਸੇ ਨੇ ਹੌਸਲਾ। ਉਸ ਔਖੇ ਸਮੇਂ ਨੇ ਸਾਨੂੰ ਇਹ ਸਿਖਾਇਆ ਕਿ ਮੁਸੀਬਤ ਵਿੱਚ ਸਭ ਤੋਂ ਵੱਡਾ ਸਹਾਰਾ ਇਨਸਾਨ ਹੀ ਬਣਦਾ ਹੈ। ਹੌਲੀ-ਹੌਲੀ ਬਾਪੂ ਨੇ ਫਿਰ ਹਿੰਮਤ ਜੁਟਾਈ। ਮਿੱਟੀ, ਫੂਸ ਅਤੇ ਇੱਟਾਂ ਇਕੱਠੀਆਂ ਕਰਕੇ ਨਵਾਂ ਘਰ ਬਣਾਉਣ ਦੀ ਕੋਸ਼ਿਸ਼ ਸ਼ੁਰੂ ਹੋਈ। ਹਰ ਇੱਕ ਇੱਟ ਵਿੱਚ ਮਿਹਨਤ ਸੀ, ਹਰ ਕੰਧ ਵਿੱਚ ਉਮੀਦ ਅਤੇ ਹਰ ਸਾਹ ਵਿੱਚ ਨਵੀਂ ਜ਼ਿੰਦਗੀ ਦਾ ਵਿਸ਼ਵਾਸ। ਅਸੀਂ ਫਿਰ ਤੋਂ ਖੜ੍ਹੇ ਹੋਏ- ਭਾਵੇਂ ਕੱਚੀਆਂ ਕੰਧਾਂ ਨਾਲ, ਪਰ ਪੱਕੇ ਹੌਸਲੇ ਨਾਲ।
ਅੱਜ ਵੀ ਜਦੋਂ ਮੀਂਹ ਪੈਂਦਾ ਹੈ ਤਾਂ ਉਹ ਦਿਨ ਅੱਖਾਂ ਸਾਹਮਣੇ ਘੁੰਮ ਜਾਂਦਾ ਹੈ। ਪਰ ਹੁਣ ਡਰ ਨਾਲੋਂ ਵੱਧ ਇੱਕ ਸਿੱਖਿਆ ਯਾਦ ਆਉਂਦੀ ਹੈ- ਘਰ ਕੰਧਾਂ ਨਾਲ ਨਹੀਂ, ਪਰਿਵਾਰ ਨਾਲ ਬਣਦਾ ਹੈ। ਇਸ ਕਹਾਣੀ ਦਾ ਇੱਕ ਹੋਰ ਸੱਚ ਵੀ ਮੇਰੇ ਮਨ ਵਿੱਚ ਹਮੇਸ਼ਾ ਜ਼ਿੰਦਾ ਰਹਿੰਦਾ ਹੈ।
ਸਾਡਾ ਘਰ ਭਾਵੇਂ ਕੱਚੀਆਂ ਕੰਧਾਂ ਦਾ ਬਣਿਆ ਹੋਇਆ ਸੀ, ਪਰ ਸਾਡੇ ਰਿਸ਼ਤੇ ਪੱਕੇ ਸਨ। ਮਾਮਾ ਜੀ ਦੇ ਪਰਿਵਾਰ ਦਾ ਪਿਆਰ, ਗੁਆਂਢੀਆਂ ਦਾ ਸਾਥ ਅਤੇ ਪਿੰਡ ਵਾਲਿਆਂ ਦੀ ਮਦਦ ਨੇ ਸਾਨੂੰ ਕਦੇ ਇਕੱਲਾ ਨਹੀਂ ਹੋਣ ਦਿੱਤਾ। ਸ਼ਾਇਦ ਇਸੇ ਲਈ ਅੱਜ ਵੀ ਮੈਨੂੰ ਲੱਗਦਾ ਹੈ ਕਿ ਇਨਸਾਨ ਦੀ ਸਭ ਤੋਂ ਵੱਡੀ ਦੌਲਤ ਉਸ ਦਾ ਘਰ ਨਹੀਂ, ਸਗੋਂ ਉਸ ਨਾਲ ਖੜ੍ਹੇ ਰਹਿਣ ਵਾਲੇ ਆਪਣੇ ਲੋਕ ਹੁੰਦੇ ਹਨ। ‘‘ਕੱਚੀਆਂ ਕੰਧਾਂ, ਪੱਕੇ ਰਿਸ਼ਤੇ’’ ਸਿਰਫ਼ ਮੇਰੇ ਘਰ ਦੀ ਕਹਾਣੀ ਨਹੀਂ, ਸਗੋਂ ਉਨ੍ਹਾਂ ਲੱਖਾਂ ਪਰਿਵਾਰਾਂ ਦੀ ਦਾਸਤਾਨ ਹੈ ਜੋ ਹਰ ਸਾਲ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰਦੇ ਹਨ, ਟੁੱਟਦੇ ਹਨ, ਪਰ ਹਿੰਮਤ ਨਹੀਂ ਹਾਰਦੇ। ਇਹ ਹੱਡ ਬੀਤੀ ਮੈਨੂੰ ਅੱਜ ਵੀ ਇਹੀ ਸਿਖਾਉਂਦੀ ਹੈ ਕਿ ਜ਼ਿੰਦਗੀ ਦੀ ਅਸਲੀ ਮਜ਼ਬੂਤੀ ਇੱਟਾਂ ਅਤੇ ਸੀਮਿੰਟ ਵਿੱਚ ਨਹੀਂ, ਸਗੋਂ ਮਨੁੱਖ ਦੇ ਹੌਸਲੇ, ਆਪਣੇ ਪਰਿਵਾਰ ਦੇ ਪਿਆਰ ਅਤੇ ਸੱਚੇ ਰਿਸ਼ਤਿਆਂ ਵਿੱਚ ਵੱਸਦੀ ਹੈ। ਕੱਚੀਆਂ ਕੰਧਾਂ ਢਹਿ ਸਕਦੀਆਂ ਹਨ, ਪਰ ਪੱਕੇ ਰਿਸ਼ਤੇ ਕਦੇ ਨਹੀਂ ਢਹਿੰਦੇ।
ਸੰਪਰਕ: 95015-75511

