ਖੇਤੀ ਤੋਂ ਪਰਵਾਸ ਤੱਕ ਬਦਲਿਆ ਸਮਾਜ
ਕਿਸੇ ਵੀ ਖਿੱਤੇ ਦੀ ਲੋਕਧਾਰਾ ਦੀ ਬੁਣਤੀ ਉੱਥੋਂ ਦੀਆਂ ਸਥਾਨਕ ਲੋੜਾਂ ਦੀ ਉਪਜ ਹੁੰਦੀ ਹੈ। ਲੋਕਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲੇ ਬੋਲ ਹੌਲ਼ੀ-ਹੌਲ਼ੀ ਏਨੇ ਰੂੜ੍ਹੇ (ਰਵਾਇਤੀ, ਪਰੰਪਰਾਗਤ) ਹੋ ਜਾਂਦੇ ਹਨ ਕਿ ਇਹ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਜਾਂਦੇ ਹਨ। ਪੰਜਾਬ ਬੁਨਿਆਦੀ...
ਕਿਸੇ ਵੀ ਖਿੱਤੇ ਦੀ ਲੋਕਧਾਰਾ ਦੀ ਬੁਣਤੀ ਉੱਥੋਂ ਦੀਆਂ ਸਥਾਨਕ ਲੋੜਾਂ ਦੀ ਉਪਜ ਹੁੰਦੀ ਹੈ। ਲੋਕਾਂ ਦੇ ਮੂੰਹੋਂ ਆਪ-ਮੁਹਾਰੇ ਨਿਕਲੇ ਬੋਲ ਹੌਲ਼ੀ-ਹੌਲ਼ੀ ਏਨੇ ਰੂੜ੍ਹੇ (ਰਵਾਇਤੀ, ਪਰੰਪਰਾਗਤ) ਹੋ ਜਾਂਦੇ ਹਨ ਕਿ ਇਹ ਲੋਕਾਂ ਦੀ ਜ਼ੁਬਾਨ ’ਤੇ ਚੜ੍ਹ ਜਾਂਦੇ ਹਨ। ਪੰਜਾਬ ਬੁਨਿਆਦੀ ਤੌਰ ’ਤੇ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇਸ ਦੀਆਂ ਲੋਕ ਬੋਲੀਆਂ ਤੇ ਲੋਕ ਗੀਤ ਖੇਤੀ ਨਾਲ ਸਬੰਧਿਤ ਰਹੇ ਹਨ। ਜਿਵੇਂ ਅੱਜਕੱਲ੍ਹ ਕੁੜੀਆਂ ਦੀਆਂ ਗਿੱਧੇ ਦੀਆਂ ਬੋਲੀਆਂ ਵਿੱਚ ਮੁੰਡਿਆਂ ਦੇ ਕੈਨੇਡਾ ਜਾਣ ਦੀ ਕਸਕ ਦੇਖੀ ਜਾ ਜਾਂਦੀ ਹੈ, ਇਸੇ ਤਰ੍ਹਾਂ ਕਦੇ ਮੁੰਡਿਆਂ ਦੇ ਲਾਮ ’ਤੇ ਜਾਣ ਦੇ ਉਲਾਂਭੇ ਵਰਗੇ ਬੋਲ ਵੀ ਲੜਕੀਆਂ ਦੀ ਜ਼ੁਬਾਨ ’ਤੇ ਆਇਆ ਕਰਦੇ ਸਨ। ਸਮੇਂ ਦੀ ਕੁੱਖ ਵਿੱਚੋਂ ਲੋੜਾਂ ਨਿਕਲਦੀਆਂ ਹਨ ਅਤੇ ਲੋਕਧਾਰਾ ਲੋੜਾਂ ਦੀ ਦੇਣ ਹੁੰਦੀ ਹੈ। ‘ਕੱਲਾ ਰੁੱਖ ਨਾ ਰੋਹੀ ਦੇ ਵਿੱਚ ਹੋਵੇ ਤੇ ’ਕੱਲਾ ਨਾ ਹੋਵੇ ਪੁੱਤ ਜੱਟ ਦਾ’ ਅੱਜ ਤੋਂ ਕੁਝ ਸਮਾਂ ਪਹਿਲਾਂ ਦੇ ਪੰਜਾਬ ਦੀ ਬਾਤ ਪਾਉਣ ਵਾਲੀ ਲੋਕ ਬਾਣੀ ਬਣਦੀ ਹੈ। ਕਿਸਾਨੀ ਹੱਥੀਂ ਕੀਤਾ ਜਾਣ ਵਾਲਾ ਕਾਰਜ ਸੀ ਅਤੇ ਮਨੁੱਖਾਂ ’ਤੇ ਆਧਾਰਿਤ ਹੀ ਸੀ। ਪਹਿਲਾਂ ਵਾਹੀ ਬਲ਼ਦਾਂ ਜਾਂ ਊਠਾਂ ਨਾਲ ਕੀਤੀ ਜਾਂਦੀ ਸੀ ਅਤੇ ਇਸ ਨਾਲ ਸਬੰਧਿਤ ਕੰਮ ਵੀ ਰਲ਼-ਮਿਲ਼ ਕੇ ਕੀਤੇ ਜਾਂਦੇ ਸਨ। ਖੇਤੀ ਦੇ ਸਹਾਇਕ ਧੰਦਿਆਂ ਵਿੱਚ ਪਸ਼ੂ ਪਾਲਣਾ ਪ੍ਰਮੁੱਖ ਹੁੰਦਾ ਸੀ ਅਤੇ ਦੁੱਧ ਦਹੀਂ ਹੀ ਮਨੁੱਖ ਦੀ ਖ਼ੁਰਾਕ ਦਾ ਮੁੱਖ ਹਿੱਸਾ ਹੁੰਦਾ ਸੀ।
ਬਲ਼ਦਾਂ (ਊਠ ਜਾਂ ਬੋਤੇ ਵੀ ਹੋਇਆ ਕਰਦੇ ਸਨ, ਪਰ ਇਨ੍ਹਾਂ ਦੀ ਗਿਣਤੀ ਘੱਟ ਹੁੰਦੀ ਸੀ) ਨੂੰ ਪਰਿਵਾਰ ਦੇ ਮੈਂਬਰਾਂ ਵਾਂਗ ਹੀ ਪਾਲ਼ਿਆ ਜਾਂਦਾ ਸੀ। ਖੇਤੀ ਦਾ ਕੰਮ ’ਕੱਲੇ-’ਕਹਿਰੇ ਬੰਦੇ ਦੇ ਵੱਸ ਦਾ ਨਹੀਂ ਹੁੰਦਾ ਸੀ। ਇਸੇ ਕਰਕੇ ਤਾਂ ਲੋਕ ਬੋਲੀ ‘ਕੱਲਾ ਰੁੱਖ ਨਾ ਰੋਹੀ ਦੇ ਵਿੱਚ ਹੋਵੇ, ’ਕੱਲਾ ਨਾ ਹੋਵੇ ਪੁੱਤ ਜੱਟ ਦਾ’ ਲੋਕਾਂ ਦੇ ਮੂੰਹ ’ਤੇ ਹੋਇਆ ਕਰਦੀ ਸੀ। ਖੇਤੀ ਕਰਦੇ ਸਮੇਂ ਭਾਵੇਂ ਸੀਰੀ ਸਾਂਝੀ ਵੀ ਕੰਮ ਵਿੱਚ ਭਾਈਵਾਲ ਹੁੰਦੇ ਸਨ, ਪਰ ਹਾੜ੍ਹੀ ਦੀ ਮੁੱਖ ਫ਼ਸਲ ਦੀ ਵਾਢੀ ਵੇਲੇ ‘ਮੰਗ ਪਾਉਣ’ ਵਾਲੀ ਪ੍ਰਥਾ ਹੋਇਆ ਕਰਦੀ ਸੀ। ਇਸੇ ਤਰ੍ਹਾਂ ਖੇਤ ਨੂੰ ਪਾਣੀ ਲਾਉਣ ਜਾਂ ਇਸ ਤਰ੍ਹਾਂ ਦੇ ਕੰਮਾਂ ਵੇਲੇ ਵੀ ਇੱਕ ਤੋਂ ਵਧੇਰੇ ਬੰਦਿਆਂ ਦੀ ਲੋੜ ਹੁੰਦੀ ਸੀ। ਇਸੇ ਕਰਕੇ ਕਿਸਾਨ (ਖੇਤੀ ਦਾ ਕੰਮ ਕਰਨ ਵਾਲਾ) ਦੇ ਇੱਕ ਤੋਂ ਵਧੇਰੇ ਪੁੱਤਰ ਹੋਣ ਦੀ ਚਾਹਤ ਆਮ ਹੁੰਦੀ ਸੀ। ਖੇਤੀ ਨਾਲ ਸਬੰਧਿਤ ਕੁਝ ਕੰਮਾਂ ਵੇਲੇ ਮਨ-ਮੁਟਾਵ ਅੱਗੇ ਚੱਲ ਕੇ ਲੜਾਈ ਝਗੜੇ ਤੱਕ ਦੀ ਨੌਬਤ ਵੀ ਆ ਜਾਂਦੀ ਸੀ। ਇਸ ਕਰਕੇ ਵੀ ਇੱਕ ਤੋਂ ਵਧੇਰੇ ਪੁੱਤਰਾਂ ਦੀ ‘ਲੋੜ’ ਮੰਨੀ ਜਾਂਦੀ ਸੀ।
ਸਮੇਂ ਨਾਲ ਇਸ ਵਿੱਚ ਤਬਦੀਲੀ ਆਉਣੀ ਸ਼ੁਰੂ ਹੋਈ ਅਤੇ ਅੱਜ ਇਸ ਦਾ ਰੂਪ ਹੀ ਬਦਲ ਗਿਆ ਹੈ। ਖੇਤੀ ਦਾ ਮਸ਼ੀਨੀਕਰਨ ਹੋਇਆ ਅਤੇ ਇਸ ਨੇ ਬੰਦਿਆਂ ਦੀ ਲੋੜ ਪਹਿਲਾਂ ਦੇ ਮੁਕਾਬਲੇ ਘੱਟ ਕਰ ਦਿੱਤੀ। ਇਸ ਦੇ ਨਾਲ ਹੀ ਜ਼ਮੀਨਾਂ ਦਾ ਬਟਵਾਰਾ ਹੋਣ ਲੱਗਿਆ ਅਤੇ ਖੇਤ ਛੋਟੇ ਹੋਣ ਲੱਗੇ। ਇੱਕ ਕਿਸਾਨ ਕੋਲ ਜੇਕਰ ਵੀਹ ਏਕੜ ਜ਼ਮੀਨ ਹੁੰਦੀ ਸੀ ਤਾਂ ਉਸ ਦੇ ਦੋ ਪੁੱਤਰਾਂ ਹਿੱਸੇ ਦਸ-ਦਸ ਏਕੜ ਜ਼ਮੀਨ ਦੀ ਮਾਲਕੀ ਆਈ ਅਤੇ ਅੱਗੇ ਇਹ ਹੋਰ ਘਟਣ ਲੱਗੀ। ਇਸ ਦੇ ਨਾਲ ਹੀ ਵਿਗਿਆਨਕ ਪੱਧਤੀ ਨੇ ਇੱਕ ਵਿਸ਼ੇਸ਼ ਤਰ੍ਹਾਂ ਦਾ ਵਿਗਾੜ ਸਾਹਮਣੇ ਲਿਆਂਦਾ। ਡਾਕਟਰੀ ਔਜ਼ਾਰਾਂ ਨਾਲ ਮਾਂ ਦੇ ਗਰਭ ਵਿੱਚ ਪਲ਼ ਰਹੇ ਭਰੂਣ ਦਾ ਪਹਿਲਾਂ ਹੀ ਪਤਾ ਲਗਾਉਣ ਦੀ ਵਿਵਸਥਾ ਆ ਗਈ ਅਤੇ ਦਾਜ ਵਰਗੀ ਸਮੱਸਿਆ ਕਾਰਨ ਲੜਕੀ ਬਾਰੇ ਪਤਾ ਲੱਗਣ ’ਤੇ ਮਾਂ ਦੇ ਗਰਭ ਵਿੱਚ ਹੀ ਭਰੂਣ ਹੱਤਿਆ ਰਾਹੀਂ ਨਿਪਟਾਰਾ ਕੀਤਾ ਜਾਣ ਲੱਗਿਆ। ਅੱਜ ਜੇਕਰ ਵਿਆਹੇ ਜੋੜੇ ਦੇ ਪਹਿਲਾ ਪੁੱਤਰ ਹੋ ਜਾਵੇ ਤਾਂ ਉਹ ਹੋਰ ਔਲਾਦ ਪੈਦਾ ਕਰਨ ਤੋਂ ਹੀ ਗੁਰੇਜ਼ ਕਰਨ ਲੱਗੇ ਹਨ। ਖੇਤੀ ਕੰਮਾਂ ਦੇ ਮਸ਼ੀਨੀਕਰਨ ਕਾਰਨ ਬੰਦਿਆਂ ਦੀ ਲੋੜ ਘੱਟ ਹੋਣ ਲੱਗੀ ਅਤੇ ਖੇਤਾਂ ਦੇ ਬਟਵਾਰੇ ਦੇ ਡਰ ਨਾਲ ਵਿਆਹੇ ਜੋੜੇ ਇੱਕ ਹੀ ਪੁੱਤਰ ਪੈਦਾ ਕਰਨ ਨੂੰ ਤਰਜੀਹ ਦੇਣ ਲੱਗੇ। ਇਸ ਤਰ੍ਹਾਂ ’ਕੱਲਾ ਨਾ ਹੋਵੇ ਪੁੱਤ ਜੱਟ ਦਾ ਦੇ ਵਿਪਰੀਤ ਬੋਲੀ ਤਾਂ ਭਾਵੇਂ ਕੋਈ ਨਹੀਂ ਬਣੀ, ਪਰ ਇਹ ਸੋਚ ਪੰਜਾਬ ਵਿੱਚ ਪੂਰੀ ਤਰ੍ਹਾਂ ਘਰ ਕਰ ਗਈ।
ਅੱਗੇ ਚੱਲ ਕੇ ਇਸ ਦਾ ਬਦਲਿਆ ਹੋਇਆ ਰੂਪ ਸਾਹਮਣੇ ਆਉਂਦਾ ਹੈ। ਪਰਵਾਸ ਕਰਨਾ ਇੱਕ ਸੁਭਾਵਿਕ ਪ੍ਰਕਿਰਿਆ ਹੈ ਅਤੇ ਮਨੁੱਖਾਂ ਤੋਂ ਇਲਾਵਾ ਪਸ਼ੂਆਂ ਪੰਛੀਆਂ ਵਿੱਚ ਵੀ ਇਹ ਦੇਖਿਆ ਜਾਂਦਾ ਹੈ। ਇਸੇ ਪ੍ਰਕਿਰਿਆ ਅਨੁਸਾਰ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਹੀ ਦੇਸ਼ ਦੇ ਹੋਰਨਾਂ ਸੂਬਿਆਂ ਤੋਂ ਇਲਾਵਾ ਪੰਜਾਬ ਦੇ ਲੋਕਾਂ ਵਿੱਚ ਵੀ ਵਿਦੇਸ਼ਾਂ ’ਚ ਜਾ ਕੇ ਕਮਾਈ ਕਰਨ ਦਾ ਰੁਝਾਨ ਪੈਦਾ ਹੋਇਆ। ‘ਤੁਰ ਜਾ ਬਰ੍ਹਮਾ ਨੂੰ ਲੇਖ ਜਾਣਗੇ ਨਾਲ਼ੇ’ ਵਰਗਾ ਲੋਕ ਗੀਤ ਪੰਜਾਬੀ ਵਿੱਚ ਹੋਂਦ ’ਚ ਆਇਆ। ਇਹ ਦਰਸਾਉਂਦਾ ਹੈ ਕਿ ਪੰਜਾਬ ਦੇ ਲੋਕ ਮਾੜੀ ਹਾਲਤ ’ਚੋਂ ਨਿਕਲਣ ਵਾਸਤੇ ਕਮਾਈ ਕਰਨ ਹਿੱਤ ਹੋਰਨਾਂ ਦੇਸ਼ਾਂ ਵੱਲ ਰੁਖ਼ ਕਰਦੇ ਸਨ। ਉਸ ਸਮੇਂ ਇਹ ਮੰਨਿਆ ਜਾਂਦਾ ਸੀ ਕਿ ਘਰ ਦੀ ਆਰਥਿਕਤਾ ਮਰਦ ਹੀ ਚਲਾਉਂਦਾ ਹੈ; ਇਸੇ ਕਰਕੇ ਮਰਦ ਹੀ ਬਾਹਰਲੇ ਦੇਸ਼ਾਂ ਨੂੰ ਖੱਟੀ ਕਮਾਈ ਕਰਨ ਲਈ ਜਾਂਦੇ ਸਨ। ਉਸ ਸਮੇਂ ਇਸ ਕਾਰਜ ਦੀ ਵਿਸ਼ੇਸ਼ਤਾ ਇਹ ਵੀ ਸੀ ਕਿ ਖੱਟੀ ਕਮਾਈ ਕਰਨ ਲਈ ਵਿਦੇਸ਼ਾਂ ਨੂੰ ਗਏ ਮਰਦ ਕੁਝ ਪੈਸੇ ਕਮਾ ਕੇ ਵਾਪਸ ਘਰਾਂ ਨੂੰ ਆਇਆ ਕਰਦੇ ਸਨ। ਸਮੇਂ ਦੇ ਫੇਰ ਨਾਲ ਇਸ ਵਿੱਚ ਤਬਦੀਲੀ ਆਈ। ਖੱਟੀ ਕਮਾਈ ਕਰਨ ਲਈ ਜਾਣ ਵਾਲਿਆਂ ਨੇ ਉਨ੍ਹਾਂ ਹੀ ਮੁਲਕਾਂ ਵਿੱਚ ਵੱਸਣ ਨੂੰ ਤਰਜੀਹ ਦੇਣੀ ਸ਼ੁਰੂ ਕੀਤੀ ਅਤੇ ਸਮੇਂ ਦੇ ਬੀਤਣ ਨਾਲ ਉਹ ਆਪਣੇ ਪਰਿਵਾਰਾਂ ਨੂੰ ਆਪਣੇ ਕੋਲ ਬੁਲਾ ਲੈਂਦੇ ਸਨ।
ਇਸ ਤਰ੍ਹਾਂ ਉਹ ‘ਆਪਣਾ ਦੇਸ਼’ ਛੱਡ ਕੇ ‘ਬੇਗ਼ਾਨੀ ਧਰਤੀ’ ਦੇ ਵਸਨੀਕ ਬਣ ਜਾਂਦੇ ਸਨ। ਦੋਆਬੇ ਦੇ ਬਾਸ਼ਿੰਦਿਆਂ ਨੇ ਪਹਿਲਾਂ ਆਮ ਨਾਲੋਂ ਵਧੇਰੇ ਪਰਵਾਸ ਕੀਤਾ। ਸਮਾਂ ਆਪਣੀ ਚਾਲ ਚੱਲਿਆ। ਇਹ ਲੋਕ ਆਪਣੇ ਦੇਸ਼ ਵਾਪਸ ਤਾਂ ਆਉਂਦੇ ਹਨ, ਪਰ ਸਦਾ ਲਈ ਨਹੀਂ ਸਗੋਂ ਕੁਝ ਸਮੇਂ ਵਾਸਤੇ ਆਉਂਦੇ ਹਨ। ਇਹ ਲੋਕ ਵਾਪਸ ਆਪਣੇ ਘਰ ਆ ਕੇ ਵੱਡੀਆਂ ਕੋਠੀਆਂ ਬਣਾਉਂਦੇ ਅਤੇ ਇਨ੍ਹਾਂ ਕੋਠੀਆਂ ’ਤੇ ਜਹਾਜ਼ ਵਰਗੀਆਂ ਪਾਣੀ ਵਾਲੀਆਂ ਟੈਂਕੀਆਂ ਦੀ ਉਸਾਰੀ ਕਰਦੇ। ਇੱਧਰ ਆ ਕੇ ਮਹਿੰਗੇ ਕੱਪੜੇ ਅਤੇ ਸੋਨੇ ਦੇ ਗਹਿਣਿਆਂ ਦਾ ਦਿਖਾਵਾ ਖ਼ੂਬ ਕਰਦੇ। ਬੰਗਲਿਆਂ ਵਰਗੀਆਂ ਕੋਠੀਆਂ ਪਾ ਕੇ ਇਹ ਲੋਕ ਵਾਪਸ ‘ਆਪਣੇ ਦੇਸ਼’ ਚਲੇ ਜਾਂਦੇ ਅਤੇ ਪਿੱਛੇ ਜਾਂ ਤਾਂ ਬਜ਼ੁਰਗ ਰਹਿ ਜਾਂਦੇ ਅਤੇ ਜਾਂ ਫਿਰ ਖਾਲੀ ਕੋਠੀਆਂ ਦੀ ਸਾਂਭ-ਸੰਭਾਲ਼ ਵਾਸਤੇ ਕਾਮਿਆਂ ਨੂੰ ਕੋਠੀ ਦੇ ਇੱਕ ਅੱਧ ਕਮਰੇ ਵਿੱਚ ਬਿਠਾ ਜਾਂਦੇ। ਦੋਆਬੇ ਨੇ ਹੌਲ਼ੀ-ਹੌਲ਼ੀ ਪੰਜਾਬ ਦੇ ਹੋਰਨਾਂ ਖੇਤਰਾਂ ਨੂੰ ਵੀ ਵਿਦੇਸ਼ ਜਾਣ ਦੀ ਜਾਗ ਲਾ ਦਿੱਤੀ। ਪਹਿਲਾਂ ਪਰਿਵਾਰਾਂ ਨੂੰ ਬਾਹਰ ਬੁਲਾਉਣ ਦਾ ਜ਼ਰੀਆ ਵਿਆਹ ਪ੍ਰਬੰਧ ਬਣਿਆ। ਇਸ ਪ੍ਰਬੰਧ ਵਿੱਚ ਅੰਤਾਂ ਦਾ ਨਿਘਾਰ ਦੇਖਣ ਨੂੰ ਮਿਲਿਆ। ਸਕੇ ਭੈਣ-ਭਰਾਵਾਂ ਦੇ ਵਿਆਹ ਹੁੰਦੇ ਦੇਖੇ ਗਏ। ਇਸ ਤੋਂ ਅੱਗੇ ਚੱਲ ਕੇ ਆਇਲਜ਼ ਰਾਹੀਂ ਬਾਹਰ ਜਾਣ ਦਾ ਰੁਝਾਨ ਵਧਿਆ। ਆਇਲਜ਼ ਕਰਨ ਵਾਲੀ ਕੁੜੀ ਕਈ ਵਾਰ ਲੜਕੇ ਵਾਲਿਆਂ ਨਾਲ ਸੌਦਾ ਕਰਦੀ ਹੈ ਅਤੇ ਬਾਅਦ ਵਿੱਚ ਧੋਖਾਧੜੀ ਸਾਹਮਣੇ ਆਉਂਦੀ ਹੈ। ਬਾਹਰ ਗਏ ਲੜਕਿਆਂ ਤੇ ਲੜਕੀਆਂ ਦੇ ਮੁੱਲ ਪੈਂਦੇ ਵੀ ਦੇਖੇ ਗਏ ਹਨ। ਹੁਣ ਭਾਵੇਂ ਵੱਖ-ਵੱਖ ਮੁਲਕਾਂ ਦੀ ਸਖ਼ਤੀ ਕਾਰਨ ਆਇਲਜ਼ ਦੀ ਯੋਗਤਾ ਵਾਲੇ ਮੁੰਡੇ ਕੁੜੀਆਂ ਦੀ ਮੰਗ ਵਿੱਚ ਵੀ ਕੁਝ ਗਿਰਾਵਟ ਆਈ ਹੈ, ਪਰ ਬਾਹਰ ਜਾਣ ਦਾ ਰੁਝਾਨ ਅਜੇ ਵੀ ਬਰਕਰਾਰ ਹੈ। ਬਾਹਰ ਜਾਣ ਦੇ ਰੁਝਾਨ ਕਾਰਨ ਪੰਜਾਬ ਵਿੱਚ ਬਜ਼ੁਰਗਾਂ ਦੀ ਗਿਣਤੀ ਨੌਜਵਾਨਾਂ ਦੇ ਮੁਕਾਬਲੇ ਕਾਫ਼ੀ ਵਧ ਗਈ ਹੈ।
ਨੌਜਵਾਨ ਬੱਚੇ ਪੜ੍ਹਨ ਬਹਾਨੇ ਵਿਦੇਸ਼ਾਂ ’ਚ ਚਲੇ ਜਾਂਦੇ ਹਨ ਅਤੇ ਉੱਥੋਂ ਦੇ ਹੋ ਕੇ ਰਹਿ ਜਾਂਦੇ ਹਨ। ਪਿੱਛੇ ਬਜ਼ੁਰਗ ਘਰ ਵਿੱਚ ਇਕਲਾਪੇ ਦਾ ਸੰਤਾਪ ਭੋਗਦੇ ਹਨ। ਇਸ ਕਾਰਨ ਵੱਡੀ ਗਿਣਤੀ ਵਿੱਚ ਮ੍ਰਿਤਕ ਦੇਹ ਸੰਭਾਲ਼ ਕੇਂਦਰ ਪੰਜਾਬ ਵਿੱਚ ਬਣਦੇ ਜਾ ਰਹੇ ਹਨ। ਇਸ ਵਿੱਚ ‘ਮਿੱਟੀ ਨੂੰ ਆਪਣਿਆਂ ਦੁਆਰਾ ਸੰਭਾਲ਼ੇ’ ਜਾਣ ਦੀ ਇੱਛਾ ਪ੍ਰਮੁੱਖਤਾ ਨਾਲ ਦੇਖੀ ਜਾ ਸਕਦੀ ਹੈ। ਇਸ ਲੋਕ ਬੋਲੀ, ’ਕੱਲਾ ਰੁੱਖ ਨਾ ਰੋਹੀ ਦੇ ਵਿੱਚ ਹੋਵੇ, ਦਾ ਬਦਲ ਤਾਂ ਭਾਵੇਂ ਅਜੇ ਲੋਕਧਾਰਾਈ ਵਿਹਾਰ ਨੂੰ ਨਹੀਂ ਮਿਲਿਆ, ਪਰ ਹੁਣ ਖੱਟੀ ਕਮਾਈ ਦੀ ਥਾਂ ਵਿਦੇਸ਼ਾਂ ’ਚ ਰਹਿਣ ਲਈ ਗਏ ਨੌਜਵਾਨਾਂ ਦੇ ਪੰਜਾਬ ’ਚ ਰਹਿ ਗਏ ਮਾਪਿਆਂ ਨੂੰ ਵੀ ਇਕਲਾਪੇ ਨੇ ਘੇਰ ਲਿਆ ਹੈ। ਉਮੀਦ ਹੈ ਕਿ ਸਾਡਾ ਸਮਾਜ ਇੱਕ ਦਿਨ ਇਸ ਲੋਕ ਬੋਲੀ ਦਾ ਬਦਲ ਜ਼ਰੂਰ ਲੱਭੇਗਾ।
ਸੰਪਰਕ: 95010-20731

