ਸੋਸ਼ਲ ਮੀਡੀਆ ਦੇ ਡਾਕਟਰ..!
ਜਿੰਨੇ ਮੂੰਹ ਓਨੀਆਂ ਗੱਲਾਂ’। ਇਸ ਕਹਾਵਤ ਨੂੰ ਬਾਖ਼ੂਬੀ ਸਿੱਧ ਕਰ ਦਿਖਾਇਆ ਹੈ ਸੋਸ਼ਲ ਮੀਡੀਆ ਨੇ, ਜਿੱਥੇ ਹਰ ਕੋਈ ਡਾਕਟਰ, ਹਕੀਮ ਤੇ ਸਿਹਤ ਚਿਕਿਤਸਕ ਬਣਿਆ ਬੈਠਾ ਹੈ। ਅਖ਼ਬਾਰਾਂ ਵਿੱਚ ਕਦੀ-ਕਦਾਈਂ ਛਪਦੇ ਸਿਹਤ ਪੰਨੇ ’ਤੇ ਸਿਹਤ ਨਾਲ ਜੁੜੀ ਜਾਣਕਾਰੀ ਛਪਦੀ ਸੀ/ਹੈ ਜੋ...
ਜਿੰਨੇ ਮੂੰਹ ਓਨੀਆਂ ਗੱਲਾਂ’। ਇਸ ਕਹਾਵਤ ਨੂੰ ਬਾਖ਼ੂਬੀ ਸਿੱਧ ਕਰ ਦਿਖਾਇਆ ਹੈ ਸੋਸ਼ਲ ਮੀਡੀਆ ਨੇ, ਜਿੱਥੇ ਹਰ ਕੋਈ ਡਾਕਟਰ, ਹਕੀਮ ਤੇ ਸਿਹਤ ਚਿਕਿਤਸਕ ਬਣਿਆ ਬੈਠਾ ਹੈ। ਅਖ਼ਬਾਰਾਂ ਵਿੱਚ ਕਦੀ-ਕਦਾਈਂ ਛਪਦੇ ਸਿਹਤ ਪੰਨੇ ’ਤੇ ਸਿਹਤ ਨਾਲ ਜੁੜੀ ਜਾਣਕਾਰੀ ਛਪਦੀ ਸੀ/ਹੈ ਜੋ ਕਿ ਕਿਸੇ ਮਸ਼ਹੂਰ ਚਿਕਿਤਸਕ ਜਾਂ ਡਾਕਟਰ ਵੱਲੋਂ ਸਾਂਝੀ ਕੀਤੀ ਹੁੰਦੀ ਸੀ/ਹੈ ਜਾਂ ਫਿਰ ਚਿਹਰੇ ਦੀ ਸੁੰਦਰਤਾ ਨਾਲ ਸੰਬੰਧਤ ਹਲਕੇ-ਫੁਲਕੇ ਟੋਟਕੇ ਛਪੇ ਹੁੰਦੇ ਸਨ/ਹਨ ਪਰ ਹੁਣ ਤੁਸੀਂ ਸੋਸ਼ਲ ਸਾਈਟ ਖੋਲੋ ਤਾਂ ਸਹੀ; ਧੜਾਧੜ ਸਿਹਤ ਨਾਲ ਸੰਬੰਧਤ ਪੋਸਟਾਂ ਤੇ ਰੀਲਾਂ ਦਿਖਾਈ ਦੇਣ ਲੱਗਦੀਆਂ ਹਨ। ਜਿਹਨੂੰ ਦੇਖੋ ਓਹੀ ਆਪਣਾ ਪੇਜ/ਚੈਨਲ ਬਣਾ ਕੇ ਸਲਾਹਾਂ ਦੇਣ ਲੱਗਿਆ ਹੋਇਐ। ਕਿਸੇ ਕੁੜੀ ਮੂਹਰੇ ਬਿਠਾ ਕੇ ਵਿੰਗੇ-ਟੇਢੇ ਸਵਾਲ-ਜਵਾਬ ਕਰਦੇ ਹਨ ਜਿਸ ਨੂੰ ਪੌਡਕਾਸਟ ਦਾ ਨਾਮ ਦਿੱਤਾ ਜਾਂਦਾ ਹੈ। ਉੱਪਰੋਂ ਗੱਲਬਾਤ ਦਾ ਢੰਗ ਵੀ ਬੇਸ਼ਰਮੀ ਭਰਿਆ ਹੁੰਦੈ। ਕਈਆਂ ਦੀ ਤਾਂ ਸ਼ਬਦਾਵਲੀ ਦੀ ਚੋਣ ਐਨੀ ਮਾੜੀ ਹੁੰਦੀ ਹੈ ਕਿ ਤੁਹਾਨੂੰ ’ਕੱਲੇ ਸੁਣਦਿਆਂ/ਦੇਖਦਿਆਂ ਨੂੰ ਸੰਗ ਆਉਂਦੀ ਹੈ ਪਰ ਉਨ੍ਹਾਂ ਨੂੰ ਬੋਲਦਿਆਂ ਨੂੰ ਸ਼ਰਮ ਨਹੀਂ ਆਉਂਦੀ। ਬਿਮਾਰੀਆਂ ਦੇ ਐਸੇ-ਐਸੇ ਲੱਛਣ ਦੱਸਣਗੇ ਕਿ ਚੰਗਾ-ਭਲਾ ਬੰਦਾ ਵੀ ਖੁਦ ਨੂੰ ਬਿਮਾਰ ਜਾਂ ਰੋਗੀ ਸਮਝਣ ਲੱਗ ਜਾਂਦਾ ਹੈ। ਫਿਰ ਆਪਣੀਆਂ ਦਵਾਈਆਂ, ਨੁਸਖ਼ਿਆਂ ਤੇ ਟੋਟਕਿਆਂ ਦੀਆਂ ਸਿਫ਼ਤਾਂ ਦੇ ਅਜਿਹੇ ਪੁਲ ਬੰਨ੍ਹਦੇ ਹਨ ਕਿ ਪਲਾਂ ਵਿੱਚ ਹੀ ਤੁਹਾਨੂੰ ਘੋੜੇ ਵਰਗਾ ਤਾਕਤਵਰ ਅਤੇ ਚੀਤੇ ਜਿਹਾ ਫੁਰਤੀਲਾ ਬਣਾ ਦਿੰਦੇ ਹਨ। ਅਸਲ ਵਿੱਚ ਇਨ੍ਹਾਂ ਲੋਕਾਂ ਕੋਲ ਕੋਈ ਪੁਖ਼ਤਾ ਵਿਗਿਆਨਕ ਜਾਣਕਾਰੀ ਹੁੰਦੀ ਹੀ ਨਹੀਂ। ਇਨ੍ਹਾਂ ਦਾ ਲੋਕਾਂ ਨੂੰ ਮਗਰ ਲਾਉਣ ਦਾ ਸੌਖਾ ਢੰਗ ਦੇਖੋ, ਬਹੁਤਿਆਂ ਦਾ ਤਾਂ ਵਿਸ਼ਾ ਇਹ ਹੁੰਦਾ ਹੈ ਕਿ ਖਾਲੀ ਪੇਟ ਕੀ ਖਾਣਾ ਹੈ ਜਾਂ ਕੀ ਨਹੀਂ ਖਾਣਾ ? ਕੋਈ ਕਹਿੰਦਾ ਆਹ ਖਾਓ, ਕੋਈ ਕਹਿੰਦਾ ਓਹ ਖਾਓ। ਇਨ੍ਹਾਂ ਆਪੂੰ ਬਣੇ ਡਾਕਟਰ ਨੇ ‘ਕਿਸੇ ਨੂੰ ਮਾਂਹ ਬਾਦੀ ਤੇ ਕਿਸੇ ਨੂੰ ਸੁਆਦੀ’ ਕਹਾਵਤ ਹੀ ਫੇਲ੍ਹ ਕਰ ਦਿੱਤੀ ਹੈ। ਕੋਈ ਪੁੱਛੇ, ਭਲਿਓਮਾਣਸੋ ਸਾਡੇ ਸਰੀਰ ਵਿੱਚ ਅੱਠ ਤਰ੍ਹਾਂ ਦੇ ਮੁੱਢਲੇ ਬਲੱਡ ਗਰੁੱਪ ਹਨ ਜੋ ਅੱਗੋਂ ਤਬਦੀਲ (ਕੰਪਲੈਕਸ) ਹੋ ਕੇ 330 ਤਰ੍ਹਾਂ ਦੇ ਬਣ ਜਾਂਦੇ ਹਨ।
ਸਾਰਿਆਂ ਦੇ ਖੂਨ ਗਰੁੱਪ ਇੱਕੋ ਵਰਗੇ ਨਹੀਂ ਹੁੰਦੇ, ਕਿਸੇ ਵਿੱਚ ਖ਼ੂਨ ਜ਼ਿਆਦਾ ਅਤੇ ਕਿਸੇ ਵਿੱਚ ਘੱਟ, ਕਿਸੇ ਦੀ ਉਮਰ ਘੱਟ ਅਤੇ ਕਿਸੇ ਦੀ ਵੱਧ, ਕਿਸੇ ਦਾ ਸਰੀਰ ਮਾੜਾ ਅਤੇ ਕਿਸੇ ਦਾ ਤਕੜਾ, ਕੋਈ ਮਿਹਨਤੀ ਅਤੇ ਕੋਈ ਵਿਹਲਾ, ਕਿਸੇ ਦੀ ਪਾਚਨ ਕਿਰਿਆ ਤੇਜ਼ ਅਤੇ ਕਿਸੇ ਦੀ ਹੌਲੀ ਹੁੰਦੀ ਹੈ। ਕੋਈ ਗਰਮ ਦੇਸ਼ ਦਾ ਵਾਸੀ, ਕੋਈ ਠੰਢ ਵਿੱਚ ਰਹਿਣ ਵਾਲਾ। ਕੋਈ ਪਹਾੜਾਂ ਦਾ ਵਸਨੀਕ ਅਤੇ ਕੋਈ ਸਮੁੰਦਰ ਕੰਢੇ ਰਹਿੰਦੈ। ਔਰਤਾਂ ਦੇ ਰੋਗ ਹੋਰ ਅਤੇ ਮਰਦਾਂ ਦੇ ਹੋਰ ਹੁੰਦੇ ਹਨ। ਗੱਲ ਕੀ ਕਿਸੇ ਨੂੰ ਕੋਈ ਬਿਮਾਰੀ ਅਤੇ ਕਿਸੇ ਨੂੰ ਕੋਈ। ਉਸੇ ਹਿਸਾਬ ਨਾਲ ਖਾਧੀ ਚੀਜ਼ ਮੁਆਫ਼ਿਕ ਬੈਠਦੀ ਹੈ ਜਾਂ ਫਿਰ ਵਿਗਾੜ ਕਰਦੀ ਹੈ ਪਰ ਇਨ੍ਹਾਂ ਅਖੌਤੀ ਮਾਹਿਰਾਂ ਲਈ ਮੱਝ-ਭੇਡ ਸਭ ਇੱਕੋ ਜਿਹੀ ਹੈ। ਉੱਪਰੋਂ ਉਹੋ ਜਿਹੇ ਅਸੀਂ ਹਾਂ। ਕੋਈ ਕਹਿ ਦੇਵੇ ਕਿ ਫਲਾਂ ਚੀਜ਼ ਨੂੰ ਕੱਚਾ ਖਾਓ ਜਾਂ ਜਾਲ ਕੇ, ਸੁਆਹ ਬਣਾ ਕੇ ਖਾਓ, ਝੱਟ ਤਿਆਰ ਹੋ ਜਾਂਦੇ ਹਾਂ।
ਹਜ਼ਾਰਾਂ ਰੁਪਏ ਖਰਚ ਕੇ ਭਸਮਾਂ ਇਕੱਠੀਆਂ ਕਰੀ ਫਿਰਦੇ ਹਾਂ। ਜੇ ਤੁਹਾਡੀ ਵਰਜਿਸ਼ ਤਕੜੀ ਤੇ ਕੰਮ ਜ਼ੋਰ ਦਾ ਕਰਦੇ ਹੋ ਤਾਂ ਭਾਵੇਂ ਪੱਥਰ ਚੱਬ ਜਾਓ, ਲੋਹਾ ਖਾ ਲਓ, ਸਭ ਹਜ਼ਮ ਹੋ ਜਾਊ। ਇਸ ਤੋਂ ਇਲਾਵਾ ਸਾਡੇ ਸਰੀਰ ਦੇ ਤਿੰਨ ਪ੍ਰਮੁੱਖ ਦੋਸ਼ ਹਨ ਕਫ, ਪਿੱਤ ਤੇ ਵਾਤ ਦੋਸ਼। ਇਨ੍ਹਾਂ ਦੇ ਹਿਸਾਬ ਨਾਲ ਹੀ ਸਾਡੀ ਤਾਸੀਰ ਬਣਦੀ ਹੈ ਤੇ ਸਾਡਾ ਸਰੀਰ ਭੋਜਨ ਗ੍ਰਹਿਣ ਕਰਦਾ ਹੈ, ਹਜ਼ਮ ਕਰਦਾ ਹੈ ਤੇ ਨਤੀਜੇ ਦਿੰਦਾ ਹੈ। ਮੋਟੇ ਤੌਰ ’ਤੇ ਜਾਣੀਏ ਤਾਂ ਕਫ਼ ਰੋਗ 28 ਬਿਮਾਰੀਆਂ ਦੀ ਜੜ੍ਹ, ਪਿੱਤ ਰੋਗ 50 ਰੋਗਾਂ ਲਈ ਜ਼ਿੰਮੇਵਾਰ ਅਤੇ ਵਾਤ ਦੋਸ਼ 80 ਬਿਮਾਰੀਆਂ ਦਾ ਜਨਮਦਾਤਾ ਹੈ। ਪੁਰਾਣਾ ਸਮਾਂ ਯਾਦ ਕਰੋ ਜਦੋਂ ਬਲੱਡ ਗਰੁੱਪਾਂ ਬਾਰੇ ਪੁਖ਼ਤਾ ਜਾਣਕਾਰੀ ਨਹੀਂ ਸੀ ਤਾਂ ਹਕੀਮ ਕਰੂਲ਼ੇ (ਪਿਸ਼ਾਬ, ਮੂਤਰ) ਦਾ ਰੰਗ ਦੇਖ ਕੇ ਜਾਂ ਥੁੱਕ, ਮਲ ਦੇਖ ਕੇ ਇਲਾਜ ਕਰਦੇ ਸਨ ਤੇ ਹੁਣ ਮਾਹਿਰ ਡਾਕਟਰ ਘੱਟੋ-ਘੱਟ ਛੱਤੀ ਤਰ੍ਹਾਂ ਦੀਆਂ ਲੈਬ ਰਿਪੋਰਟਾਂ ਦੇਖ ਕੇ ਦਵਾਈ ਦਿੰਦੇ ਨੇ; ਤੁਸੀਂ ਕੀ ਉਨ੍ਹਾਂ ਤੋਂ ਵੀ ਉੱਪਰ ਹੋ ਗਏ? ਸਿਆਣਿਆਂ ਐਵੇਂ ਤਾਂ ਨ੍ਹੀਂ ਕਿਹਾ, ‘ਨੀਮ ਹਕੀਮ ਖ਼ਤਰਾ-ਏ-ਜਾਨ।’ ਇਨ੍ਹਾਂ ਅਣਜਾਣ ਵੈਦਾਂ ਦੀ ਗ਼ਲਤ ਸਲਾਹ ਕਈ ਵਾਰ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦੀ ਹੈ- ਬਿਮਾਰੀ ਵਧ ਸਕਦੀ ਹੈ ਜਾਂ ਗ਼ਲਤ ਇਲਾਜ ਨਾਲ ਨੁਕਸਾਨ ਹੋ ਸਕਦਾ ਹੈ। ਮੇਰੇ ਖੁਦ ਦੇ ਦੇਖਣ ਦੀ ਗੱਲ ਹੈ ਕਿ ਸਭ ਤੋਂ ਵੱਧ ਗੁਰਦੇ ਉਨ੍ਹਾਂ ਲੋਕਾਂ ਦੇ ਖ਼ਰਾਬ ਹੋਏ, ਜਿਨ੍ਹਾਂ ਨੇ ‘ਨੀਮ ਹਕੀਮਾਂ’ ਕੋਲੋਂ ਬਿਨਾਂ ਕਿਸੇ ਮਾਰਕੇ ਜਾਂ ਪਛਾਣ ਦੀਆਂ ਪਾਊਡਰ ਦੇ ਰੂਪ ਵਿੱਚ ਉਪਲਬਧ ਦੇਸੀ ਦਵਾਈਆਂ ਖਾਧੀਆਂ। ਨਾ ਇਨ੍ਹਾਂ ਕੋਲ ਕੋਈ ਗਿਆਨ ਹੈ ਤੇ ਨਾ ਹੀ ਕੋਈ ਤਜਰਬਾ।
ਇਨ੍ਹਾਂ ਲੋਕਾਂ ਦਾ ਅਸਲ ਮਕਸਦ ਸਿਰਫ਼ ਇੱਕ ਹੀ ਹੈ, ਪੈਸਾ ਕਮਾਉਣਾ ਤੇ ਆਪਣਾ ਘਰ ਭਰਨਾ। ਅੱਗੇ ਸੁਣੋ ਇਹ ਆਪੂੰ ਬਣੇ ਵੈਦ ਇੱਕ-ਦੂਜੇ ਦੇ ਮਗਰ ਲੱਗ ਕੇ ਕਹੀ ਜਾਂਦੇ ਨੇ ਕਿ ਸਾਨੂੰ ਖੜ੍ਹੇ ਹੋ ਕੇ ਪਾਣੀ ਨਹੀਂ ਪੀਣਾ ਚਾਹੀਦਾ...! ਇਸ ਪਿੱਛੇ ਤਰਕ ਇਹ ਦਿੱਤਾ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪਾਣੀ ਗੋਡਿਆਂ ਵਿੱਚ ਪਹੁੰਚ ਜਾਂਦਾ ਹੈ। ਕੋਈ ਪੁੱਛੇ ਕਿ ਸਾਡੇ ਸਰੀਰ ਵਿੱਚ ਅਜਿਹਾ ਕਿਹੜਾ ਪਾਈਪ ਜਾਂ ਨਾਲੀ ਲੱਗੀ ਹੈ ਜੋ ਪਾਣੀ ਨੂੰ ਸਿੱਧਾ ਮੂੰਹ ਤੋਂ ਗੋਡਿਆਂ ਤੱਕ ਲੈ ਜਾਂਦੀ ਹੈ। ਇੱਕ ਕਹਿੰਦਾ ਸੱਤ-ਅੱਠ ਲਿਟਰ ਪਾਣੀ ਪੀਓ। ਕੋਈ ਪੁੱਛੇ ਅੰਦਰ ਝੋਨਾ ਲਾ ਰੱਖਿਆ ? ਮੌਸਮ ਦੇ ਅਨੁਕੂਲ, ਜਿੰਨੀ ਲੋੜ ਹੈ, ਸਰੀਰ ਨੇ ਆਪ ਹੀ ਮੰਗ ਲੈਣਾ। ਨਿਰਭਰ ਤੁਹਾਡੇ ’ਤੇ ਹੈ, ਪਿਆਸ ਲੱਗੀ ਤੋਂ ਪੀਣਾ ਹੈ ਜਾਂ ਟਾਲਣਾ। ਨਿੱਜੀ ਤਜਰਬੇ ਦੀ ਗੱਲ ਕਰਾਂ ਤਾਂ ਵੀਹ-ਪੱਚੀ ਸਾਲ ਪਹਿਲਾਂ ਇਹੋ ਜਿਹਾ ਲਿਖਿਆ ਕਿਤੇ ਪੜ੍ਹ ਲਿਆ ਅਤੇ ਨਿਰਣੇ ਕਾਲਜੇ ਜਾਣੀ ਕਿ ਖਾਲੀ ਪੇਟ ਟਮਾਟਰ ਨੂੰ ਸੇਂਧਾ ਲੂਣ ਪਾ ਕੇ ਖਾਣਾ ਸ਼ੁਰੂ ਕਰ ਦਿੱਤਾ। ਨਤੀਜਾ ਯੂਰਿਕ ਐਸਿਡ ਵਧਣ ਲੱਗ ਗਿਆ। ਪਹਿਲਾਂ ਤਾਂ ਕਾਰਨ ਹੀ ਸਮਝ ਵਿੱਚ ਨਾ ਆਇਆ ਤੇ ਫਿਰ ਬੜੀ ਮੁਸ਼ਕਲ ਨਾਲ ਬਿਮਾਰੀ ’ਤੇ ਕਾਬੂ ਪਾ ਹੋਇਆ।
ਇਵੇਂ ਹੀ ਦੋ-ਤਿੰਨ ਕੁ ਸਾਲ ਪਹਿਲਾਂ ਕਿਸੇ ਨੀਮ ਹਕੀਮ ਦਾ ਟੋਟਕਾ ਪੜ੍ਹ ਲਿਆ ਕਿ ਸਰੀਰ ਨੂੰ ਡੀਟੌਕਸ ਕਰਨ ਲਈ ਰਾਤ ਨੂੰ ਖੀਰੇ ਦੇ ਕੁਝ ਟੁਕੜੇ, ਨਿੰਬੂ, ਅਦਰਕ ਤੇ ਪੁਦੀਨੇ ਸਮੇਤ ਪਾਣੀ ਵਿੱਚ ਭਿਉਂ ਦਿਓ ਅਤੇ ਸਵੇਰੇ ਉਹ ਪਾਣੀ ਪੀਓ। ਯਕੀਨ ਮੰਨਿਓ ਸਰੀਰ ਹੀ ਜੁੜ ਗਿਆ। ਕਿਸੇ ਹੋਰ ਸਿਆਣੇ ਨਾਲ ਮਸ਼ਵਰਾ ਸਾਂਝਾ ਕੀਤਾ ਤਾਂ ਉਹ ਕਹਿੰਦਾ ਬੇਵਕੂਫਾ! ਖੀਰਾ ਤਾਂ ਪਹਿਲਾਂ ਹੀ ਬਾਏ (ਬਾਅ) ਦਾ ਘਰ ਹੁੰਦਾ ਤੇ ਤੂੰ ਰਾਤ ਭਰ ਭਿਉਂ ਕੇ ਹੋਰ ਵਾ ਬਾਦਲਾ ਕਰ ਲਿਆ। ਮੁੜ ਕੇ ਖੀਰੇ ਖਾਣ ਦਾ ਖਹਿੜਾ ਹੀ ਛੱਡ ਦਿੱਤਾ ਤੇ ਬਿਲਕੁਲ ਸਹੀ ਹੋ ਗਿਆ। ਨਾਲੇ ਹੁਣ ਵਾਲੇ ਖੀਰੇ ਤਾਂ ਹੈ ਈ ਬਾਅ। ਯਾਦ ਆਉਂਦਾ ਹੈ ਛੋਟੇ ਹੁੰਦਿਆਂ ਖੀਰਾ ਖਾਣ ਤੋਂ ਪਹਿਲਾਂ ਡੰਡੀ (ਸਿਰ) ਵਾਲੇ ਪਾਸਿਓਂ ਕੱਟ ਕੇ ਦੋ-ਚਾਰ ਮਿੰਟ ਧੜ ਉੱਤੇ ਮਲਣਾ। ਜਦੋਂ ਸਾਰੀ ਕੁੜੱਤਣ ਅਤੇ ਜ਼ਹਿਰ ਨਿਕਲ ਜਾਣੀ, ਫਿਰ ਟੁਕੜੇ ਕਰ ਕੇ ਖਾਣ ਲਈ ਪਲੇਟ ਵਿੱਚ ਸਜਾਉਣਾ। ਹੁਣ ਤਾਂ ਕੁੜੱਤਣ ਇੱਕ ਪਾਸੇ, ਬੀਜ ਵੀ ਨਹੀਂ ਰਹੇ ਖੀਰਿਆਂ ਵਿੱਚ। ਨਿਰੇ ਬਾਅ। ਵਾਤ ਦੋਸ਼ ਵਾਲਿਆਂ ਲਈ ਤਾਂ ਸੁਧੀ ਜ਼ਹਿਰ ਹੈ। ਹਾਂ, ਕੁਝ ਗੱਲਾਂ ਤਰਕ ਸੰਗਤ ਜ਼ਰੂਰ ਹਨ। ਦਹੀਂ ਸਵੇਰੇ ਜਾਂ ਦੁਪਹਿਰੇ ਖਾਣਾ ਮਤਲਬ ਤਾਜ਼ਾ ਖਾਣਾ ਤੇ ਬੈਕਟੀਰੀਆ ਫੈਲਣ ਤੋਂ ਪਹਿਲਾਂ ਖਾਣਾ। ਕੇਲਾ ਦੁਪਹਿਰ ਵੇਲੇ ਖਾਣ ਦਾ ਮਤਲਬ ਹੈ ਓਦੋ ਮੌਸਮ ਵਿੱਚ ਗਰਮੀ ਹੁੰਦੀ ਹੈ ਤੇ ਕਫ਼ ਦਾ ਕਾਰਨ ਨਹੀਂ ਬਣਦਾ ਜਦਕਿ ਰਾਤ ਨੂੰ ਕੇਲਾ ਖਾਧਾ ਰੇਸ਼ਾ ਕਰਦਾ ਹੈ। ਰੇਸ਼ੇ ਜਾਂ ਜ਼ੁਕਾਮ ਦੌਰਾਨ ਦੁੱਧ ਪੀਣ ਦਾ ਮਤਲਬ ਹੈ ਮੁਸੀਬਤ ਨੂੰ ਹੋਰ ਵਧਾਉਣਾ। ਮੌਸਮੀ ਫਲ ਤੇ ਸਬਜ਼ੀਆਂ ਖਾਣਾ ਹਮੇਸ਼ਾ ਸਹੀ ਹੁੰਦਾ ਹੈ ਜਦਕਿ ਬੇਮੌਸਮੀ ਚੀਜ਼ ਹਮੇਸ਼ਾ ਵਿਗਾੜ ਹੀ ਕਰਦੀ ਹੈ।
ਜਿਵੇਂ ਕਿ ਸਿਆਣਿਆਂ ਦਾ ਨਿਚੋੜ ਹੈ,‘ਸਵੇਰ ਵੇਲੇ ਰਾਜੇ ਵਾਂਗ ਖਾਣਾ ਚਾਹੀਦਾ ਹੈ, ਦੁਪਹਿਰ ਵੇਲੇ ਰਾਜਕੁਮਾਰ ਅਤੇ ਰਾਤ ਨੂੰ ਭਿਖਾਰੀ ਵਾਂਗ।’ ਮਤਲਬ ਕਿ ਸਵੇਰੇ ਚੰਗੀ ਤਰ੍ਹਾਂ ਢਿੱਡ ਭਰ ਕੇ ਖਾਓ, ਦੁਪਹਿਰ ਨੂੰ ਅੱਧਾ ਢਿੱਡ ਭਰ ਕੇ ਅਤੇ ਰਾਤ ਨੂੰ ਬਹੁਤ ਘੱਟ ਸਿਰਫ ਗੁਜ਼ਾਰੇ ਜੋਗਾ ਖਾਓ। ਬਾਕੀ ਨਿਰਭਰ ਕਰਦਾ ਹੈ ਤੁਹਾਡੇ ਕੰਮ-ਕਾਰ ਅਤੇ ਸਿਹਤ ’ਤੇ। ਵੈਸੇ, ਸਾਡੇ ਗੁਆਂਢੀ ਮੁਲਕ ਚੀਨ ਨੇ ਇਸ ਮਾਮਲੇ ਵਿੱਚ ਪਹਿਲਕਦਮੀ ਕਰਦੇ ਹੋਏ, ਸਿਰਫ਼ ਵਿਊਜ਼ ਤੇ ਪੈਸੇ ਕਮਾਉਣ ਲਈ ਗ਼ਲਤ ਜਾਂ ਅਧੂਰੀ ਜਾਣਕਾਰੀ ਦੇ ਰਹੇ ਅਜਿਹੇ ਲੋਕਾਂ ਦੀ ਵਜ੍ਹਾ ਨਾਲ ਹੋਰ ਆਮ ਲੋਕਾਂ ਦੀ ਸਿਹਤ ਨਾਲ ਹੋ ਰਹੇ ਖਿਲਵਾੜ ਨੂੰ ਦੇਖਦੇ ਹੋਏ ਇੱਕ ਸਖ਼ਤ ਕਾਨੂੰਨ ਲਾਗੂ ਕੀਤਾ ਹੈ ਜਿਸ ਤਹਿਤ ਹੁਣ ਕੋਈ ਵੀ ਵਿਅਕਤੀ ਬਿਨਾਂ ਮੈਡੀਕਲ ਡਿਗਰੀ ਜਾਂ ਪ੍ਰਮਾਣਿਤ ਯੋਗਤਾ ਦੇ ਸੋਸ਼ਲ ਮੀਡੀਆ ’ਤੇ ਸਿਹਤ ਸੰਬੰਧੀ ਸਲਾਹ ਨਹੀਂ ਦੇ ਸਕਦਾ। ਜਿਸ ਦਾ ਸਾਫ਼ ਮਕਸਦ ਹੈ ਕਿ ਲੋਕਾਂ ਦੀ ਸਿਹਤ ਦੀ ਰੱਖਿਆ ਕਰਨੀ ਅਤੇ ਫੇਕ ਮੈਡੀਕਲ ਕੰਟੈਂਟ ’ਤੇ ਰੋਕ ਲਾਉਣੀ।
ਆਖੀਰ ਵਿੱਚ ਪਾਠਕਾਂ ਲਈ ਸੁਆਲ ਹੈ ਕਿ ਭਾਰਤ ਵਿੱਚ ਵੀ ਅਜਿਹਾ ਕਾਨੂੰਨ ਬਣਨਾ ਚਾਹੀਦਾ ਹੈ ਤਾਂ ਜੋ ਲੋਕਾਂ ਨੂੰ ਗ਼ਲਤ ਸਿਹਤ ਸਲਾਹ ਤੋਂ ਬਚਾਇਆ ਜਾ ਸਕੇ?
ਸੰਪਰਕ: 98153-02341

