DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਜਰਨੈਲ ਹਰੀ ਸਿੰਘ ਨਲਵਾ

‘ਨਲਵਾ ਜਰਨੈਲ ਬਾਝੋਂ’ ਪੰਜਾਬੀ ਦੇ ਸਥਾਪਿਤ ਅਤੇ ਆਪਣੀ ਇੱਕ ਨਿਵੇਕਲੀ ਰਚਨਾ ਸ਼ੈਲੀ ਕਰਕੇ ਪੰਜਾਬੀ ਜਗਤ ਵਿੱਚ ਬਲਦੇਵ ਸਿੰਘ ਸੜਕਨਾਮਾ ਵਜੋਂ ਮਕਬੂਲ ਹੋਏ ਗਲਪਕਾਰ ਦਾ 34ਵਾਂ ਨਾਵਲ ਹੈ। ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਕ ਦੇ ਪੰਨੇ ਉੱਤੇ ਦਰਜ ਜਾਣਕਾਰੀ ਅਨੁਸਾਰ ਇਹ ਨਾਵਲ...

  • fb
  • twitter
  • whatsapp
  • whatsapp
Advertisement

‘ਨਲਵਾ ਜਰਨੈਲ ਬਾਝੋਂ’ ਪੰਜਾਬੀ ਦੇ ਸਥਾਪਿਤ ਅਤੇ ਆਪਣੀ ਇੱਕ ਨਿਵੇਕਲੀ ਰਚਨਾ ਸ਼ੈਲੀ ਕਰਕੇ ਪੰਜਾਬੀ ਜਗਤ ਵਿੱਚ ਬਲਦੇਵ ਸਿੰਘ ਸੜਕਨਾਮਾ ਵਜੋਂ ਮਕਬੂਲ ਹੋਏ ਗਲਪਕਾਰ ਦਾ 34ਵਾਂ ਨਾਵਲ ਹੈ। ਲੋਕਗੀਤ ਪ੍ਰਕਾਸ਼ਨ, ਚੰਡੀਗੜ੍ਹ ਵੱਲੋਂ ਪ੍ਰਕਾਸ਼ਕ ਦੇ ਪੰਨੇ ਉੱਤੇ ਦਰਜ ਜਾਣਕਾਰੀ ਅਨੁਸਾਰ ਇਹ ਨਾਵਲ ਜਿਸ ਦਾ ਪਹਿਲਾ ਐਡੀਸ਼ਨ 5 ਅਪਰੈਲ 2025 ਅਤੇ ਦੂਜਾ 15 ਅਪਰੈਲ 2025 ਨੂੰ ਛਪਿਆ ਸੀ, ਦਾ ਹੀ ਮਈ 2025 ਵਿੱਚ ਪ੍ਰਕਾਸ਼ਿਤ ਕੀਤਾ ਤੀਜਾ ਸੋਧਿਆ ਐਡੀਸ਼ਨ ਹੈ।

‘ਨਲਵਾ ਜਰਨੈਲ ਬਾਝੋਂ’ ਇੱਕ ਇਤਿਹਾਸਕ ਨਾਵਲ ਹੈ। ਜਿਵੇਂ ਕਿ ਨਾਮ ਤੋਂ ਹੀ ਸਪੱਸ਼ਟ ਹੈ ਇਹ ਪੰਜਾਬ ਦੇ ਲੋਕ ਮਾਨਸ ਵਿੱਚ ਇੱਕ ਅਤਿ ਉੱਤਮ ਸੂਰਮੇ ਅਤੇ ਸਿਰਮੌਰ ਜਰਨੈਲ ਵਜੋਂ ਪ੍ਰਵਾਨ ਚੜ੍ਹੇ ਅਤੇ ਮਾਣ ਨਾਲ ਸਤਿਕਾਰੇ ਜਾਂਦੇ ਹਰੀ ਸਿੰਘ ਨਲਵਾ ਨੂੰ ਨਾਇਕ ਬਣਾ ਕੇ ਰਚਿਆ ਗਿਆ ਹੈ। ਬਲਦੇਵ ਸਿੰਘ ਨੇ ਹੀ ਨਹੀਂ, ਪੰਜਾਬੀ ਦੇ ਬਹੁਤ ਸਾਰੇ ਸਾਹਿਤਕਾਰਾਂ ਦੀ ਇਤਿਹਾਸਕ ਸੱਭਿਆਚਾਰਕ ਸੂਝ ਨੇ ਪਿਛਲੇ ਸਮੇਂ ਵਿੱਚ ਪੰਜਾਬ ਦੇ ਲੋਕ ਮਨ ਵਿੱਚ ਡੂੰਘੇ ਲੱਥੇ ਕੁਝ ਨਾਇਕਾਂ ਦੇ ਕਿਰਦਾਰ, ਘਾਲਣਾ ਅਤੇ ਇਤਿਹਾਸਕ ਦੇਣ ਨੂੰ ਸਿਰਜਣਾਤਮਕ ਪੁੱਠ ਦੇ ਕੇ ਬਿਰਤਾਂਤਣ ਦੇ ਸੁਚੇਤ ਯਤਨ ਕੀਤੇ ਹਨ। ਸਮਕਾਲੀ ਪੰਜਾਬੀ ਗਲਪ ਵਿੱਚ ਤਾਂ ਪੰਜਾਬ ਦੇ ਇਤਿਹਾਸਕ/ ਲੋਕ ਨਾਇਕਾਂ ਨੂੰ ਇਤਿਹਾਸਕ ਤੱਥਾਂ, ਪ੍ਰਸੰਗਾਂ, ਸੰਦਰਭਾਂ ਵਿੱਚ ਰੱਖ ਕੇ ਨਵੇਂ ਸਿਰਿਓਂ ਪੜ੍ਹਨ ਦੀ ਪ੍ਰਵਿਰਤੀ ਨੇ ਜ਼ਾਹਰਾ ਤੌਰ ’ਤੇ ਜ਼ੋਰ ਫੜਿਆ ਹੈ। ਕਈ ਤਰ੍ਹਾਂ ਦੇ ਕਿੰਤੂ ਪ੍ਰੰਤੂ ਹੋ ਸਕਦੇ ਹਨ, ਪਰ ਇਸ ਪ੍ਰਵਿਰਤੀ ਨੂੰ ਅਤੀਤ ਪ੍ਰਤੀ ਕਿਸੇ ਹੇਰਵੇ ਵਜੋਂ ਵੇਖਣ ਵਿਚਾਰਨ ਦੀ ਥਾਂ ਬੀਤੇ ਸਮਿਆਂ ਅਤੇ ਸਦਮਿਆਂ ਪ੍ਰਤੀ ਪੈਦਾ ਹੁੰਦੀਆਂ ਇਤਿਹਾਸਕ ਪੁੱਛਾਂ ਅਤੇ ਦਾਰਸ਼ਨਿਕ ਪ੍ਰਤੀਤੀਆਂ ਵਜੋਂ ਮੁਲਾਂਕਿਤ ਕੀਤਾ ਜਾਣਾ ਚਾਹੀਦਾ ਹੈ।

Advertisement

ਬਲਦੇਵ ਸਿੰਘ ਦੇ ਆਪਣੇ ਕਹਿਣ ਮੂਜਬ ਇਹ ਨਾਵਲ ਹਰੀ ਸਿੰਘ ਨਲਵਾ ਦੇ ਜੀਵਨ ਬਾਰੇ, ਉਸ ਦੀ ਸੂਰਮਗਤੀ ਦੇ ਸਾਹਸੀ ਕਾਰਨਾਮਿਆਂ ਬਾਰੇ ਰਚਿਆ ਇੱਕ ਦਸਤਾਵੇਜ਼ ਹੈ। ਇੱਕ ਜਰਨੈਲ ਵਜੋਂ ਹਰੀ ਸਿੰਘ ਨਲਵਾ ਦਾ ਸੰਸਾਰ ਵਿੱਚ ਕੀ ਮੁਕਾਮ ਹੈ/ ਹੋਣਾ ਚਾਹੀਦਾ ਹੈ, ਸਬੰਧੀ ਉਸ ਦੀ ਆਪਣੀ ਰਾਏ ਹੈ: “ਸੰਸਾਰ ਵਿੱਚ ਉੱਚ ਕੋਟੀ ਦੇ ਦਲੇਰ, ਸੂਰਮੇ ਤੇ ਖੂੰਖਾਰ ਸੈਨਿਕ ਜਰਨੈਲ ਪੈਦਾ ਹੋਏ ਹਨ। ਕੁਝ ਇਤਿਹਾਸਕਾਰਾਂ ਵਲੋਂ ਲੇਖਾ ਕਰਦਿਆਂ ਕਦੇ ਨਪੋਲੀਅਨ ਦਾ ਪੱਲੜਾ ਭਾਰੀ ਹੋ ਜਾਂਦਾ ਹੈ, ਕਦੇ ਕੋਈ ਇਤਿਹਾਸਕਾਰ ਹਲਾਕੂ ਨੂੰ ਜਾਂ ਚੰਗੇਜ਼ ਖਾਂ ਨੂੰ ਕਾਮਯਾਬ ਜਰਨੈਲ ਮੰਨਦਾ ਹੈ, ... ਪਰ ਸਹੀ ਅਰਥਾਂ ਵਿੱਚ ਜੇ ਕੋਈ ਸੂਰਮਾ ਹੈ, ਉੱਚੇ ਆਦਰਸ਼ਾਂ ਨੂੰ ਮੰਨਣ ਵਾਲਾ ਇਨਸਾਨ ਹੈ, ਸੱਚੇ ਸੁੱਚੇ ਆਚਰਣ ਵਾਲਾ ਹੈ, ਜੰਗੀ ਅਸੂਲਾਂ ਉੱਪਰ ਪਹਿਰਾ ਦੇਣ ਵਾਲਾ ਹੈ ਤਾਂ ਸੰਸਾਰ ਦੇ ਵੱਡੇ ਇਤਿਹਾਸਕਾਰਾਂ ਨੇ ਵਿਸ਼ਵ ਦੇ ਬਿਹਤਰੀਨ ਜਰਨੈਲਾਂ ਵਿਚੋਂ ਸਿਰਮੌਰ, ਪੰਜਾਬ ਦੇ ਸ. ਹਰੀ ਸਿੰਘ ਨਲਵਾ ਨੂੰ ਮੰਨਿਆ ਹੈ। ਜੇ ਉਸ ਕੋਲ ਅੰਗਰੇਜ਼ਾਂ ਵਰਗੇ ਜੰਗੀ ਸਾਧਨ ਹੁੰਦੇ ਤਾਂ ਉਹ ਸਾਰੇ ਏਸ਼ੀਆ ਅਤੇ ਯੂਰਪ ਨੂੰ ਫ਼ਤੇਹ ਕਰ ਸਕਦਾ ਸੀ।”

Advertisement

ਦਰਅਸਲ, ਹਰੀ ਸਿੰਘ ਨਲਵਾ ਦਾ ਇੱਕ ਸ਼ਖ਼ਸ ਵਜੋਂ ਵੀ ਉੱਚਾ ਸੁੱਚਾ ਅਤੇ ਇੱਕ ਸੂਰਬੀਰ ਯੋਧੇ ਵਜੋਂ ਵੀ ਅਨੂਪਮ ਅਤੇ ਆਦਰਸ਼ਕ ਬਿੰਬ ਇਸ ਨਾਵਲ ਦੀ ਸਿਰਜਣਾ ਦਾ ਪ੍ਰੇਰਨਾ ਸਰੋਤ ਹੈ। 204 ਪੰਨਿਆਂ ’ਤੇ ਫੈਲਿਆ ਅਤੇ ਉੱਤਰ ਕਥਾ ਸਮੇਤ 31 ਕਾਂਡਾਂ ਵਿੱਚ ਵੰਡੇ ਇਸ ਨਾਵਲ ਦਾ ਕਥਾਨਕ ਸ਼ੁਕਰਚੱਕੀਆ ਮਿਸਲ ਦੇ ਸਰਦਾਰ ਮਹਾਂ ਸਿੰਘ ਦੀ ਫ਼ੌਜ ਵਿੱਚ ਗੁੱਜਰਾਂਵਾਲੇ ਦੇ ਕੁਮੇਦਾਨ ਗੁਰਦਿਆਲ ਸਿੰਘ ਉੱਪਲ ਦੇ ਘਰ ਸੰਨ 1791 ਵਿੱਚ ਜਨਮੇ ਹਰੀ ਸਿੰਘ ਦੇ ਜਨਮ ਤੋਂ ਲੈ ਕੇ ਸੰਨ 1837 ਵਿੱਚ ਉਸ ਦੇ ਫੌਤ ਹੋ ਜਾਣ ਤੋਂ ਕੁਝ ਬਾਅਦ ਦੀਆਂ ਘਟਨਾਵਾਂ ਨੂੰ ਲਕੀਰੀ ਕ੍ਰਮ ਵਿੱਚ ਹੀ ਬਿਆਨਦਾ ਹੈ। ਅੱਠਾਂ ਕੁ ਸਾਲਾਂ ਦੀ ਉਮਰ ਵਿੱਚ ਹੀ ਪਿਓ ਦੇ ਸਾਏ ਤੋਂ ਵਿਰਵੇ ਹੋ ਗਏ ਹਰੀ ਸਿੰਘ ਦਾ ਮਾਮਾ ਉਸ ਦੀ ਇੱਕ ਯੋਧੇ ਵਜੋਂ ਪਰਵਰਿਸ਼ ਹੀ ਨਹੀਂ ਕਰਦਾ, ਸਗੋਂ ਉਸ ਨੂੰ ਮਹਾਰਾਜਾ ਰਣਜੀਤ ਸਿੰਘ ਦੀਆਂ ਨਜ਼ਰਾਂ ਹੇਠ ਕਰਨ ਲਈ ਲਾਹੌਰ ਦਰਬਾਰ ਤੱਕ ਪਹੁੰਚਾਉਂਦਾ ਹੈ। ਗਿਆਰਾਂ-ਬਾਰਾਂ ਸਾਲ ਦੀ ਉਮਰ ਵਿੱਚ ਮਹਾਰਾਜੇ ਦੀ ਬੱਚਾ ਪਲਟਨ ਵਿੱਚ ਸ਼ਾਮਲ ਹੋ ਗਏ ਹਰੀ ਸਿੰਘ ਦੀ ਸੋਹਣੀ ਸੁਨੱਖੀ ਡੀਲ-ਡੌਲ ਹੀ ਨਹੀਂ, ਦਲੇਰੀ, ਨਿਡਰਤਾ, ਘੋੜ ਸਵਾਰੀ, ਤਲਵਾਰਬਾਜ਼ੀ, ਨੇਜ਼ਾਬਾਜ਼ੀ, ਤੀਰਅੰਦਾਜ਼ੀ ਜਦੋਂ ਮਹਾਰਾਜੇ ਦੀ ਨਜ਼ਰ ਚੜ੍ਹਦੀ ਹੈ ਤਾਂ ਉਹ ਬਾਲ ਵਰੇਸ ਵਿੱਚ ਹੀ ਹਜ਼ੂਰੀ ਖ਼ਿਦਮਤਗਾਰ ਬਣ ਜਾਂਦਾ ਹੈ ਅਤੇ ਪੰਦਰਾਂ ਸੋਲਾਂ ਸਾਲਾਂ ਦੀ ਉਮਰ ਵਿੱਚ ਮਹਾਰਾਜੇ ਨਾਲ ਸ਼ਿਕਾਰ ’ਤੇ ਨਿਕਲਿਆ ਇਹੀ ਹਰੀ ਸਿੰਘ ਤਲਵਾਰ ਦੇ ਇੱਕੋ ਭਰਵੇਂ ਵਾਰ ਨਾਲ ਸ਼ੇਰ ਦੀ ਅੱਧੀ ਧੌਣ ਚੀਰ ਕੇ ਮਹਾਰਾਜਾ ਦੇ ਮੂੰਹੋਂ ਅਦੁੱਤੀ ਯੋਧੇ ਅਤੇ ਸਾਹਮਣੇ ਖੜ੍ਹ ਸ਼ੇਰ ਨੂੰ ਲਲਕਾਰਨ ਵਾਲੇ ਰਾਜਾ ਨਲ ਨਾਲ ਬਰ ਮੇਚਦਾ ‘ਮੇਰਾ ਨਲ ਸਰਦਾਰ,’ ‘ਮੇਰਾ ਨਲਵਾ ਸਰਦਾਰ’ ਦਾ ਲਕਬ ਹਾਸਲ ਕਰ ਲੈਂਦਾ ਹੈ।

ਨਾਵਲਕਾਰ ਨੇ ਇਤਿਹਾਸਕ ਪਾਤਰ ਨੂੰ ਘੜਨ ਲਈ ਬਿਨਾਂ ਸ਼ੱਕ ਕੁਝ ਭਰੋਸੇਯੋਗ ਇਤਿਹਾਸਕ ਸਰੋਤਾਂ ਨੂੰ ਆਧਾਰ ਬਣਾਇਆ ਹੈ। ਨਾਵਲ ਦੇ ਸਮੁੱਚੇ ਪਾਠ ਵਿੱਚ ਹਰੀ ਸਿੰਘ ਨਲਵਾ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਾ ਰਾਜ ਦੀਆਂ ਹੱਦਾਂ ਨੂੰ ਵਿਸਥਾਰਨ ਅਤੇ ਅਫ਼ਗ਼ਾਨਾਂ ਵੱਲੋਂ ਮੁੜ-ਮੁੜ ਉੱਠਦੇ ਵਿਦਰੋਹਾਂ ਨੂੰ ਠੱਲ੍ਹ ਪਾਉਣ ਲਈ ਲੜਾਈਆਂ ਦਾ ਦਸਤਾਵੇਜ਼ੀ ਬਿਆਨ ਵੀ ਲੱਭਦਾ ਹੈ ਅਤੇ ਉਸ ਦੀ ਘਰ ਗ੍ਰਹਿਸਥੀ ਦੀ ਅਤਿ ਸੰਖਿਪਤ ਜਿਹੀ ਜਾਣਕਾਰੀ ਵੀ। ਨਾਵਲ ਕਸ਼ਮੀਰ ਤੋਂ ਲੈ ਕੇ ਕਾਬੁਲ ਕੰਧਾਰ ਤੱਕ ਅਫ਼ਗ਼ਾਨਾਂ ਅਤੇ ਪਠਾਣਾਂ ਦੇ ਮਨਾਂ ਵਿੱਚ ਹਊਆ ਬਣੇ ਇਸ ਸਰਦਾਰ ਦੇ ਸਾਹਸ ਦੀ ਹੀ ਨਹੀਂ, ਸਗੋਂ ਸਿੱਖ ਰਾਜ ਦੀ ਕਾਇਮੀ ਲਈ ਸੰਜੀਦਾ ਦੂਰਅੰਦੇਸ਼ੀ ਦੇ ਕਈ ਪੁਖ਼ਤਾ ਪ੍ਰਮਾਣਾਂ ਨਾਲ ਲੈਸ ਹੈ, ਪਰ ਜਮਰੌਦ ਦੇ ਕਿਲ੍ਹੇ ਵਿੱਚ ਬਿਮਾਰ, ਜ਼ਖ਼ਮੀ ਅਤੇ ਆਪਣਿਆਂ ਦੇ ਧੋਖਿਆਂ ਤੇ ਅਣਗਹਿਲੀਆਂ ਦਾ ਸ਼ਿਕਾਰ ਹੋਏ ਸੂਰਮੇ ਦਾ ਹਿਰਦੇਵੇਦਕ ਅੰਤ ਪਾਠਕ ਨੂੰ ਝੰਜੋੜਦਾ ਹੈ, ਆਪਣਿਆਂ ਦੇ ਹੀ ਵਿਹਾਰਾਂ ਕਿਰਦਾਰਾਂ ਪ੍ਰਤੀ ਕਈ ਪੁੱਛਾਂ ਵਿੱਚ ਪਾਉਂਦਾ ਹੈ।

ਇਤਿਹਾਸ ਅਤੇ ਲੋਕ ਮਨ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਹਰੀ ਸਿੰਘ ਨਲਵਾ ਦਾ ਅਜਿਹਾ ਅੰਤ ਗੱਦਾਰਾਂ ਦੀ ਗ੍ਰਿਫ਼ਤ ਵਿੱਚ ਆਏ ਸ਼ੇਰ-ਏ-ਪੰਜਾਬ ਅਤੇ ਸਿੱਖ ਰਾਜ ਦੇ ਅੰਤ ਦੀ ਸ਼ੁਰੂਆਤ ਬਣਿਆ। ਪਰ ਗਲਪੀ ਵੇਰਵੇ ਜਦੋਂ ਇੱਕ ਯੋਧੇ ਦੀ ਹੋਣੀ ਨੂੰ ਕੁਝ ਹੋਰ ਮਾਨਵੀ ਸਥਿਤੀਆਂ ਅਤੇ ਕਲਾਤਮਕ ਤਰਕਾਂ ਨਾਲ ਵਿਸਤਾਰਦੇ ਹਨ ਤਾਂ ਨਾਵਲੀ ਪਾਠ, ਪਾਤਰਾਂ ਰਾਹੀਂ ਸੰਵੇਦਨਸ਼ੀਲ ਪਾਠਕਾਂ ਦੀ ਗਵਾਹੀ ਨੂੰ ਵੀ ਅਜਿਹੇ ਵਿਹਾਰਾਂ, ਦਵੈਖਾਂ ਦੇ ਵਿਰੁੱਧ ਰਾਖਵੀਂ ਕਰਨ ਲਈ ਰਾਜ਼ੀ ਕਰ ਲੈਂਦਾ ਹੈ। ਮਸਲਨ ਆਪਣੇ ਸਭ ਤੋਂ ਸੂਝਵਾਨ ਅਤੇ ਭਰੋਸੇਮੰਦ ਜਰਨੈਲ ਨਲਵੇ ਦੀ ਮੌਤ ਤੋਂ ਬਾਅਦ ਮਹਾਰਾਜੇ ਦੇ ਮੂੰਹੋਂ ਉਸ ਦੀਆਂ ਜਗੀਰਾਂ ਅਤੇ ਜਾਇਦਾਦਾਂ ਨੂੰ ਜ਼ਬਤ ਕਰਨ ਦਾ ਆਦੇਸ਼ ਸੁਣ ਕੇ ਫ਼ਕੀਰ ਅਜ਼ੀਜ਼ੂਦੀਨ ਦੁਆ ਕਰ ਰਿਹਾ ਹੈ, ‘‘ਸੂਰਜ ਇੰਨੀ ਕਾਹਲੀ ਨਾਲ ਹੇਠਾਂ ਕਿਉਂ ਜਾ ਰਿਹਾ ਹੈ? ਅੱਲ੍ਹਾ ਮਿਹਰ ਕਰੀਂ।” ਆਪਣੇ ਅਜਿਹੇ ਸੰਕੇਤਾਂ ਨਾਲ ਹੀ ਇਹ ਨਾਵਲ ਪੜ੍ਹਨ ਅਤੇ ਵਿਚਾਰਨਯੋਗ ਬਣਦਾ ਹੈ।

ਸੰਪਰਕ: 94172-43245

Advertisement
×