DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਦਕੀ ਦੇਸ਼ਭਗਤ ਤੇ ਅਦੁੱਤੀ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ

ਪੋਰਟ ਬਲੇਅਰ ਸਥਿਤ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ। ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਦੇਸ਼ ਦੀ ਆਜ਼ਾਦੀ ਲਈ ਜਾਨ ਤੱਕ ਨਿਛਾਵਰ ਕਰ ਦੇਣ ਵਾਲੇ ਯੋਧਿਆਂ ਵਿੱਚ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਗਲ੍ਹੋਟੀਆਂ ਖੁਰਦ...

  • fb
  • twitter
  • whatsapp
  • whatsapp
Advertisement
ਪੋਰਟ ਬਲੇਅਰ ਸਥਿਤ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ।
ਪੋਰਟ ਬਲੇਅਰ ਸਥਿਤ ਗੁਰਦੁਆਰਾ ਡਾ. ਦੀਵਾਨ ਸਿੰਘ ਕਾਲੇਪਾਣੀ।

ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਦੇਣ ਵਿੱਚ ਪੰਜਾਬ ਨੇ ਸਭ ਤੋਂ ਵੱਧ ਯੋਗਦਾਨ ਪਾਇਆ ਹੈ। ਦੇਸ਼ ਦੀ ਆਜ਼ਾਦੀ ਲਈ ਜਾਨ ਤੱਕ ਨਿਛਾਵਰ ਕਰ ਦੇਣ ਵਾਲੇ ਯੋਧਿਆਂ ਵਿੱਚ ਜ਼ਿਲ੍ਹਾ ਸਿਆਲਕੋਟ ਦੇ ਪਿੰਡ ਗਲ੍ਹੋਟੀਆਂ ਖੁਰਦ ’ਚ ਪਿਤਾ ਸਰਦਾਰ ਸੁੰਦਰ ਸਿੰਘ ਅਤੇ ਮਾਤਾ ਸ੍ਰੀਮਤੀ ਇੰਦਰ ਕੌਰ ਦੇ ਘਰ 22 ਮਈ 1897 ਨੂੰ ਜਨਮੇ ਦੀਵਾਨ ਸਿੰਘ ਕਾਲੇਪਾਣੀ ਵੀ ਸ਼ੁਮਾਰ ਹਨ। ਦੀਵਾਨ ਸਿੰਘ ਦੇ ਛੋਟੇ ਹੁੰਦਿਆਂ ਉਨ੍ਹਾਂ ਦੀ ਮਾਤਾ ਦਾ ਦੇਹਾਂਤ ਹੋ ਗਿਆ ਸੀ ਤੇ ਪਲੇਗ ਦੀ ਬਿਮਾਰੀ ਕਾਰਨ ਪਿਤਾ ਜੀ ਵੀ ਇਨ੍ਹਾਂ ਦੇ ਬਚਪਨ ’ਚ ਹੀ ਗੁਜ਼ਰ ਗਏ। ਦੀਵਾਨ ਸਿੰਘ ਦੀ ਪਾਲਣਾ ਚਾਚਾ ਸੋਹਣ ਸਿੰਘ ਤੇ ਦਾਦੀ ਨੇ ਕੀਤੀ। ਉਨ੍ਹਾਂ ਨੇ ਵੱਡੀਆਂ ਗਲ੍ਹੋਟੀਆਂ ਦੇ ਪ੍ਰਾਇਮਰੀ ਸਕੂਲ ਤੋਂ ਪੜ੍ਹਾਈ ਸ਼ੁਰੂ ਕੀਤੀ। ਸਕੌਟ ਮਿਸ਼ਨ ਸਕੂਲ, ਡਸਕੇ ਤੋਂ ਮਿਡਲ ਤੇ ਖ਼ਾਲਸਾ ਹਾਈ ਸਕੂਲ, ਸਿਆਲਕੋਟ ਤੋਂ 1915 ਈਸਵੀ ਵਿੱਚ ਮੈਟ੍ਰਿਕ ਪਾਸ ਕੀਤੀ। ਫਿਰ ਆਗਰੇ ਮੈਡੀਕਲ ਸੰਸਥਾ ਦਾ ਕੋਰਸ 1919 ਵਿੱਚ ਪੂਰਾ ਕੀਤਾ। ਉਨ੍ਹਾਂ ਦੀ ਸ਼ਾਦੀ ਸਿਆਲਕੋਟ ਦੇ ਪਿੰਡ ਕੰਗ ਦੀ ਇੰਦਰ ਕੌਰ ਨਾਲ ਹੋਇਆ। ਦੀਵਾਨ ਸਿੰਘ ਦੀ ਬਤੌਰ ਡਾਕਟਰ ਪਹਿਲੀ ਨਿਯੁਕਤੀ ਰਾਵਲਪਿੰਡੀ ਵਿੱਚ ਹੋਈ, ਜਿੱਥੋਂ ਕੁਝ ਸਮੇਂ ਬਾਅਦ ਉਨ੍ਹਾਂ ਦਾ ਤਬਾਦਲਾ ਹੋ ਗਿਆ।

ਡਾ. ਦੀਵਾਨ ਸਿੰਘ ਦੂਜੀ ਵਾਰ ਅਪਰੈਲ 1921 ’ਚ ਥੋੜ੍ਹੇ ਸਮੇਂ ਲਈ ਰਾਵਲਪਿੰਡੀ ’ਚ ਨਿਯੁਕਤ ਹੋਏ ਅਤੇ ਫੇਰ ਉਨ੍ਹਾਂ ਦੀ ਬਦਲੀ ਲਾਹੌਰ ਕਰ ਦਿੱਤੀ ਗਈ। ਲਾਹੌਰ ਆ ਕੇ ਹੀ ਉਨ੍ਹਾਂ ਨੂੰ ਪਹਿਲੀ ਵਾਰ ਭਾਰਤ ਦੀ ਗ਼ੁਲਾਮੀ ਬਾਰੇ ਸੋਝੀ ਹੋਈ ਅਤੇ ਮਹਾਤਮਾ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਦੁਆਰਾ ਚਲਾਏ ਜਾ ਰਹੇ ਸੁਤੰਤਰਤਾ ਸੰਗਰਾਮ ਬਾਰੇ ਪਤਾ ਲੱਗਿਆ। ਲਾਹੌਰ ’ਚ ਰਹਿੰਦਿਆਂ ਉਨ੍ਹਾਂ ਖੱਦਰ ਪਹਿਨਣਾ ਸ਼ੁਰੂ ਕਰ ਦਿੱਤਾ ਸੀ। ਇੱਥੇ ਹੀ ਉਨ੍ਹਾਂ ਨੂੰ ਪੰਜਾਬੀ ਕਵੀਆਂ ਧਨੀ ਰਾਮ ਚਾਤ੍ਰਿਕ, ਮੌਲਾ ਬਖ਼ਸ਼ ਕੁਸ਼ਤਾ, ਗਿਆਨੀ ਹੀਰਾ ਸਿੰਘ ਦਰਦ, ਚਰਨ ਸਿੰਘ ਸ਼ਹੀਦ ਤੇ ਕਈ ਹੋਰ ਪ੍ਰਸਿੱਧ ਸਾਹਿਤਕਾਰਾਂ ਨਾਲ ਮਿਲਣ ਦਾ ਮੌਕਾ ਮਿਲਿਆ। ਇੱਥੇ ਹੀ ਉਨ੍ਹਾਂ ਨੇ ਉਸ ਸਮੇਂ ਦੇ ਸਿਰਮੌਰ ਕਵੀਆਂ ਭਾਈ ਵੀਰ ਸਿੰਘ ਤੇ ਪੂਰਨ ਸਿੰਘ ਦੀਆਂ ਰਚਨਾਵਾਂ ਪੜ੍ਹੀਆਂ ਭਾਵੇਂ ਕਿ ਉਹ ਇਨ੍ਹਾਂ ਦੋਵਾਂ ਨੂੰ ਮਿਲ ਨਹੀਂ ਸਕੇ।

Advertisement

ਦੀਵਾਨ ਸਿੰਘ ਉੱਤੇ ਭਾਈ ਵੀਰ ਸਿੰਘ ਨਾਲੋਂ ਪੂਰਨ ਸਿੰਘ ਦਾ ਵਧੇਰੇ ਪ੍ਰਭਾਵ ਪਿਆ। ਉਹ ਇੱਕ ਬਹੁ-ਚਿੰਤਨੀ ਪਾਠਕ ਸਨ ਅਤੇ ਅੰਗਰੇਜ਼ੀ ਜਾਂ ਪੰਜਾਬੀ ’ਚ, ਜਿਹੜੀ ਵੀ ਕਿਤਾਬ ਹੱਥ ਲਗਦੀ, ਉਸ ਨੂੰ ਮੁਕਾ ਕੇ ਹੀ ਸਾਹ ਲੈਂਦੇ। ਟਾਪੂ ’ਤੇ ਰਿਹਾਇਸ਼ ਦੌਰਾਨ ਵੀ, ਹਾਲਾਂਕਿ ਬਸਤੀ ਦੀ ਲਾਇਬ੍ਰੇਰੀ ’ਚੋਂ ਹਿੰਦੋਸਤਾਨੀਆਂ ਨੂੰ ਕਿਤਾਬਾਂ ਕਢਾਉਣ ਦੀ ਇਜਾਜ਼ਤ ਨਹੀਂ ਸੀ, ਲਾਇਬ੍ਰੇਰੀ ’ਚ ਕੋਈ ਅਜਿਹੀ ਕਿਤਾਬ ਨਹੀਂ ਸੀ, ਜੋ ਉਨ੍ਹਾਂ ਨੇ ਨਾ ਪੜ੍ਹੀ ਹੋਵੇ। ਆਪਣੇ ਜ਼ਾਤੀ ਪ੍ਰਭਾਵ ਕਾਰਨ ਉਹ ਕਿਤਾਬ ਇੱਕ ਰਾਤ ਲਈ ਮੰਗ ਲਿਆਉਂਦੇ ਅਤੇ ਰਾਤੀਂ ਸਾਢੇ ਨੌਂ ਵਜੇ ਪੜ੍ਹਨਾ ਸ਼ੁਰੂ ਕਰਕੇ ਸਵੇਰੇ ਸਾਢੇ ਛੇ ਵਜੇ ਵਾਪਸ ਕਰ ਦਿੰਦੇ ਸਨ।

Advertisement

ਛੇ ਮਹੀਨੇ ਬਾਅਦ ਉਨ੍ਹਾਂ ਦੀ ਬਦਲੀ ਸ਼ਿਮਲਾ ਦੇ ਡਗਸ਼ਈ ’ਚ ਹੋ ਗਈ। ਕੁਦਰਤ ਦਾ ਸ਼ੈਦਾਈ ਹੋਣ ਕਾਰਨ ਡਗਸ਼ਈ ਵਰਗੇ ਸੁਹਾਵਣੇ ਪਹਾੜੀ ਸਥਾਨ ’ਤੇ ਦੀਵਾਨ ਸਿੰਘ ਬਹੁਤ ਖ਼ੁਸ਼ ਹੁੰਦੇ ਪਰ ਸਥਾਨਕ ਪਹਾੜੀ ਲੋਕਾਂ ਦੇ ਦੁੱਖ, ਕਸ਼ਟ ਤੇ ਗ਼ਰੀਬੀ ਵੇਖ ਕੇ ਉਹ ਉਦਾਸ ਹੋ ਜਾਂਦੇ। ਉਹ ਮਿਲਟਰੀ ਹਸਪਤਾਲ ਦੀ ਡਿਊਟੀ ਤੋਂ ਬਾਅਦ ਇਨ੍ਹਾਂ ਗ਼ਰੀਬਾਂ ਦੇ ਘਰਾਂ ’ਚ ਜਾਂਦੇ। ਉਨ੍ਹਾਂ ਦਾ ਇਲਾਜ ਕਰਦੇ ਤੇ ਉਨ੍ਹਾਂ ਦੇ ਦੁੱਖ ਸੁਣਦੇ।

ਦਸੰਬਰ 1921 ’ਚ ਬਰਤਾਨੀਆ ਦੇ ਸਮਰਾਟ ਜਾਰਜ ਪੰਚਮ ਦਾ ਵੱਡਾ ਪੁੱਤਰ ਐਡਵਰਡ, ਪ੍ਰਿੰਸ ਆਫ ਵੇਲਜ਼, ਹਿੰਦੋਸਤਾਨ ਦੀ ਯਾਤਰਾ ’ਤੇ ਆ ਰਿਹਾ ਸੀ। ਕਾਂਗਰਸ ਦੇ ਨਿਰਦੇਸ਼ਾਂ ਤਹਿਤ ਡਗਸ਼ਈ ਦੀ ਸਥਾਨਕ ਕਾਂਗਰਸ ਨੇ ਵੀ ਆਮ ਹੜਤਾਲ ਦਾ ਸੱਦਾ ਦਿੱਤਾ ਤੇ ਰੋਸ ਪ੍ਰਗਟਾਵੇ ਲਈ ਜਲਸਾ ਕੀਤਾ। ਦੀਵਾਨ ਸਿੰਘ ਵੀ ਇਸ ਜਲਸੇ ’ਚ ਸ਼ਾਮਲ ਹੋਏ ਤੇ ਤਕਰੀਰ ਵੀ ਕੀਤੀ। ਸਰਕਾਰੀ ਨੌਕਰ ਲਈ ਇਸ ਤਰ੍ਹਾਂ ਦੇ ਰਾਜਸੀ ਜਲਸੇ ’ਚ ਤਕਰੀਰ ਕਰਨਾ, ਖ਼ਾਸਕਰ ਸੈਨਿਕ ਅਧਿਕਾਰੀ ਲਈ ਤਾਂ ਇਹ ਅਨੁਸ਼ਾਸਨ ਭੰਗ ਕਰਨ ਵਜੋਂ ਵੱਡਾ ਜੁਰਮ ਸੀ। ਅੰਗਰੇਜ਼ ਇਸ ਨੂੰ ਬਗ਼ਾਵਤ ਸਮਝਦੇ ਸਨ। ਉਨ੍ਹਾਂ ਨੂੰ ਸਰਕਾਰੀ ਨਿਗਰਾਨੀ ਹੇਠ ਲੈ ਲਿਆ ਗਿਆ। ਡਾ. ਦੀਵਾਨ ਸਿੰਘ ਨੂੰ ਸਰਕਾਰੀ ਨਿਗਰਾਨੀ ’ਚ ਰੱਖੇ ਜਾਣ ਦੀ ਖ਼ਬਰ ਸਾਰੇ ਡਗਸ਼ਈ ’ਚ ਫੈਲ ਗਈ।

ਜਦੋਂ ਪੁਲੀਸ ਨੇ ਡਾ. ਦੀਵਾਨ ਸਿੰਘ ਦਾ ਮੁਕੱਦਮਾ ਅਦਾਲਤ ’ਚ ਪੇਸ਼ ਕੀਤਾ ਤਾਂ ਸਿਵਾਏ ਪੁਲੀਸ ਦੇ ਕੋਈ ਹੋਰ ਗਵਾਹ ਨਾ ਲੱਭੇ। ਪੁਲੀਸ ਨੇ ਇੱਕ ਆਦਮੀ ਨੂੰ ਡਰਾ-ਧਮਕਾ ਕੇ ਤਿਆਰ ਕੀਤਾ, ਪਰ ਜਦੋਂ ਉਹ ਆਦਮੀ ਅਦਾਲਤ ’ਚ ਪੇਸ਼ ਹੋਇਆ ਤਾਂ ਡਾਕਟਰ ਸਾਹਿਬ ਦੀ ਦਿਆਨਤਦਾਰੀ ਮੂਹਰੇ ਕੁਝ ਨਾ ਬੋਲ ਸਕਿਆ। ਦੀਵਾਨ ਸਿੰਘ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਗਿਆ। ਉਨ੍ਹਾਂ ਦੀ ਜਿੱਤ ਦੀ ਖ਼ੁਸ਼ੀ ’ਚ ਜਲੂਸ ਕੱਢਿਆ ਗਿਆ। ਇਸ ਤੋਂ ਬਾਅਦ ਡਾ. ਦੀਵਾਨ ਸਿੰਘ ਡਗਸ਼ਈ ਦੇ ਮਿਲਟਰੀ ਹਸਪਤਾਲ ਦੀ ਡਿਊਟੀ ’ਤੇ ਬਹਾਲ ਹੋ ਗਏ।

ਡਾ. ਦੀਵਾਨ ਸਿੰਘ ਭਾਵੇਂ ਬੜੀ ਸ਼ਾਨ ਨਾਲ ਬਰੀ ਹੋ ਗਏ ਸੀ, ਪਰ ਅਜੇ ਵੀ ਖ਼ਦਸ਼ਾ ਸੀ ਕਿ ਉਨ੍ਹਾਂ ਨੂੰ ਨੌਕਰੀਓਂ ਕੱਢ ਦਿੱਤਾ ਜਾਵੇਗਾ। ਉਨ੍ਹਾਂ ਨੂੰ ਡਗਸ਼ਈ ਤੋਂ ਅੰਬਾਲੇ ਤਬਦੀਲ ਕਰ ਦਿੱਤਾ ਗਿਆ। ਡਾ. ਦੀਵਾਨ ਸਿੰਘ ਨੂੰ ਅੰਬਾਲੇ ਜਾਣਾ ਪਿਆ ਪਰ ਉਨ੍ਹਾਂ ਵਿਰੋਧ ’ਚ ਅਪੀਲ ਕੀਤੀ। ਉਨ੍ਹਾਂ ਦੀ ਦਲੀਲ ਮੰਨੀ ਗਈ ਤੇ ਇੱਕ ਮਹੀਨੇ ਦੇ ਅੰਦਰ ਹੀ ਉਹ ਡਗਸ਼ਈ ਵਾਪਸ ਆ ਗਏ।

ਥੋੜ੍ਹੇ ਚਿਰ ਬਾਅਦ ਅਪਰੈਲ 1925 ’ਚ ਉਨ੍ਹਾਂ ਨੂੰ ਰੈਜੀਮੈਂਟ ਨਾਲ ਪਰਿਵਾਰ ਸਮੇਤ ਬਰਮਾ ਦੇ ਸ਼ਹਿਰ ਰੰਗੂਨ ’ਚ ਜਾਣਾ ਪਿਆ। ਉੱਥੇ ਵੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਈ। ਤਨਖ਼ਾਹ ਥੋੜੀ ਹੋਣ ਦੇ ਬਾਵਜੂਦ ਉੱਥੇ ਉਨ੍ਹਾਂ ਇਹ ਫ਼ੈਸਲਾ ਲਿਆ ਕਿ ਉਹ ਮਾਇਆ ਇਕੱਤਰ ਕਰਨ ਦੀ ਥਾਂ ਮਨੁੱਖਤਾ ਦੀ ਸੇਵਾ ਕਰਨਗੇ, ਗ਼ਰੀਬ, ਬਿਮਾਰਾਂ ਤੇ ਜ਼ਖ਼ਮੀਆਂ ਨੂੰ ਸਰੀਰਕ ਤੌਰ ’ਤੇ ਰਾਜ਼ੀ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਆਤਮਿਕ ਤਰੱਕੀ ’ਚ ਵੀ ਯੋਗਦਾਨ ਪਾਉਣ ਦੀ ਸੇਵਾ ਕਰਕੇ ਮਨੁੱਖਤਾ ਦੇ ਕਲਿਆਣ ਲਈ ਆਪਣਾ ਜੀਵਨ ਅਰਪਣ ਕਰਨਗੇ। ਰੰਗੂਨ ’ਚ ਰਹਿੰਦਿਆਂ ਹੀ ਉਨ੍ਹਾਂ ਸਾਹਿਤ ਰਚਨਾ ਸ਼ੁਰੂ ਕਰ ਦਿੱਤੀ ਸੀ। ਉਸ ਸਮੇਂ ਦੇ ਪ੍ਰਸਿੱਧ ਪਰਚਿਆਂ ਫੁਲਵਾੜੀ, ਪ੍ਰੀਤਮ, ਮੌਜੀ, ਪ੍ਰੀਤ ਲੜੀ, ਪੰਜ ਦਰਿਆ ਤੇ ਫ਼ਤਿਹ ਆਦਿ ’ਚ ਉਨ੍ਹਾਂ ਦੀਆਂ ਕਵਿਤਾਵਾਂ ਛਪੀਆਂ ਤੇ ਉਹ ਪੰਜਾਬੀ ਲੇਖਕ ਵਜੋਂ ਜਾਣੇ ਜਾਣ ਲੱਗੇ।

ਅਪਰੈਲ 1927 ’ਚ ਉਨ੍ਹਾਂ ਨੂੰ ਅੰਡੇਮਾਨ ਟਾਪੂ ਦੇ ਪੋਰਟ ਬਲੇਅਰ ’ਚ ਸਿਵਲ ਡਾਕਟਰ ਵਜੋਂ ਭੇਜਿਆ ਗਿਆ। ਉੱਥੇ ਜਾਣ ਤੋਂ ਪਹਿਲਾਂ ਉਨ੍ਹਾਂ ਨੂੰ ਇਨ੍ਹਾਂ ਟਾਪੂਆਂ ਬਾਰੇ ਕੁਝ ਨਹੀਂ ਸੀ ਪਤਾ ਤੇ ਕਿਸੇ ਨੂੰ ਇਹ ਅੰਦਾਜ਼ਾ ਵੀ ਨਹੀਂ ਸੀ ਕਿ ਇਹ ਸਫ਼ਰ ਉਨ੍ਹਾਂ ਦੀ ਜ਼ਿੰਦਗੀ ਦਾ ਆਖ਼ਰੀ ਅਧਿਆਇ ਬਣ ਜਾਵੇਗਾ ਤੇ ਉਨ੍ਹਾਂ ਦੀ ਰਾਖ ਵੀ ਉੱਥੋਂ ਵਾਪਸ ਨਹੀਂ ਆਵੇਗੀ। ਪੋਰਟ ਬਲੇਅਰ ਪੁੱਜੇ ਤਾਂ ਸੈਲਿਊਲਰ ਜੇਲ੍ਹ ਦੇ ਕੈਦੀਆਂ ਦੀ ਦੇਖ-ਭਾਲ ਆਪ ਦੇ ਜ਼ਿੰਮੇ ਲੱਗੀ। ਇਹ ਜੇਲ੍ਹ ਉਮਰ ਕੈਦੀਆਂ ਦੀਆਂ ਮੁਸੀਬਤਾਂ ਤੇ ਕਸ਼ਟਾਂ ਲਈ ਬਦਨਾਮ ਸੀ। ਉਨ੍ਹਾਂ ਤੋਂ ਭਾਰੀ ਮੁਸ਼ੱਕਤ ਕਰਵਾਈ ਜਾਂਦੀ ਤੇ ਪਸ਼ੂਆਂ ਵਰਗਾ ਜ਼ਾਲਮਾਨਾ ਵਿਹਾਰ ਕੀਤਾ ਜਾਂਦਾ ਸੀ। ਇੱਥੇ ਆਇਆ ਕੋਈ ਟਾਵਾਂ ਕੈਦੀ ਹੀ ਵਾਪਸ ਮੁੜਦਾ ਸੀ। ਇਸ ਕਰਕੇ ਆਮ ਲੋਕ ਇਸ ਨੂੰ ‘ਕਾਲੇਪਾਣੀ’ ਕਹਿੰਦੇ ਸਨ।

ਪਰ ਡਾਕਟਰ ਦੀਵਾਨ ਸਿੰਘ ਮਾਨਵਵਾਦੀ ਡਾਕਟਰ ਤੇ ਕੋਮਲ-ਭਾਵੀ ਕਵੀ ਹੋਣ ਦੇ ਨਾਲ-ਨਾਲ ਦਰਦਮੰਦ ਇਨਸਾਨ ਵੀ ਸਨ। ਉਹ ਸਿਰਫ਼ ਜ਼ੁਬਾਨੀ ਹਮਦਰਦੀ ਹੀ ਨਹੀਂ ਸੀ ਪ੍ਰਗਟਾਉਂਦੇ ਸਗੋਂ ਲੋੜਵੰਦਾਂ ਦੀ ਮਦਦ ਲਈ ਆਪਣੇ ਪੱਲਿਓਂ ਦਵਾਈਆਂ, ਖ਼ੁਰਾਕ ਤੇ ਪੈਸੇ ਤੱਕ ਵੀ ਦੇ ਦਿੰਦੇ ਸਨ। ਕਮਜ਼ੋਰ ਕੈਦੀਆਂ ਲਈ ਵਾਧੂ ਖ਼ੁਰਾਕ ਦਾ ਪ੍ਰਬੰਧ ਵੀ ਕਰ ਕੇ ਦਿੰਦੇ। ਜਿਨ੍ਹਾਂ ਨੂੰ ਮੁਸ਼ੱਕਤ ਦੇ ਪੈਸੇ ਮਿਲਦੇ ਸਨ, ਉਨ੍ਹਾਂ ਨੂੰ ਪੈਸੇ ਜੋੜਨ ਲਈ ਪ੍ਰੇਰਦੇ। ਉਹ ਕੈਦੀਆਂ ਦਾ ਇੰਨਾ ਖ਼ਿਆਲ ਰਖਦੇ ਸਨ ਕਿ ਠੀਕ ਹੋਣ ਤੋਂ ਬਾਅਦ ਜੇ ਕੋਈ ਕੈਦੀ ਵਾਪਸ ਭਾਰਤ ਆਉਂਦਾ ਤਾਂ ਉਸ ਨੂੰ ਵਾਪਸੀ ਦੇ ਜਹਾਜ਼ ਤੱਕ ਚੜ੍ਹਾਉਣ ਆਉਂਦੇ। ਜਦੋਂ ਨਵੇਂ ਕੈਦੀਆਂ ਨੇ ਆਉਣਾ ਹੁੰਦਾ ਤਾਂ ਉਹ ਉਨ੍ਹਾਂ ਨੂੰ ਲੈਣ ਵੀ ਜਾਂਦੇ ਸਨ। ਉਨ੍ਹਾਂ ਨੂੰ ਹਰ ਧਰਮ, ਹਰ ਜ਼ਾਤ, ਹਰ ਵਰਗ ਦੇ ਲੋਕ ਤੇ ਭਿਆਨਕ ਕੈਦੀ ਵੀ ਪਿਆਰ ਕਰਦੇ ਸਨ। ਡਾ. ਦੀਵਾਨ ਸਿੰਘ ਸੱਚਮੁੱਚ ਉੱਚੇ-ਸੁੱਚੇ, ਧਰਮ-ਨਿਰਪੱਖ ਤੇ ਮਾਨਵ-ਹਿਤੈਸ਼ੀ ਇਨਸਾਨ ਸਨ, ਜਿਨ੍ਹਾਂ ਨੇ ਕਾਲੇਪਾਣੀ ਵਰਗੇ ਨਰਕ ’ਚ ਰਹਿ ਕੇ ਵੀ ਹਨੇਰਿਆਂ ਵਿੱਚ ਭਟਕ ਰਹੇ ਲੋਕਾਂ ਨੂੰ ਆਪਾ ਬਾਲ ਕੇ ਰੋਸ਼ਨੀ ਦਿਖਾਈ।

ਉਨ੍ਹਾਂ ਦੀ ਪਹਿਲੀ ਨਿਯੁਕਤੀ ਪੋਰਟ ਬਲੇਅਰ ਨਾਲ ਲੱਗਵੇਂ ਇੱਕ ਛੋਟੇ ਜਿਹੇ ਇਲਾਕੇ ਡੰਡਸ ਪੁਆਇੰਟ ’ਚ ਹੋਈ, ਜਿੱਥੇ ਕੈਦੀਆਂ ਨੂੰ ਵਸਾਇਆ ਗਿਆ ਸੀ। ਨਿਯਮ ਅਨੁਸਾਰ ਆਪਣੀ ਮੂਲ ਧਰਤੀ ਤੋਂ ਆਏ ਸਮੂਹ ਸਰਕਾਰੀ ਕਰਮਚਾਰੀਆਂ ਨੂੰ ਦੋ ਸਾਲਾਂ ’ਚ ਇੱਕ ਵਾਰ ਛੁੱਟੀ ਮਿਲਦੀ ਸੀ। 1929 ’ਚ ਆਪਣੀ ਇਸ ਛੁੱਟੀ ’ਚ ਉਹ ਆਪਣੀ ਮਾਤ-ਭੂਮੀ ਪੰਜਾਬ ਆਏ ਤਾਂ ਇਸ ਛੁੱਟੀ ਦੌਰਾਨ ਹੀ ਕੋਈ ਅਣਗਹਿਲੀ ਦੱਸਦਿਆਂ ਉਨ੍ਹਾਂ ਦੀ ਬਦਲੀ ਦਿੱਲੀ ਕਰ ਦਿੱਤੀ ਗਈ। ਉਨ੍ਹਾਂ ਦੋ ਆਧਾਰਾਂ ਤਹਿਤ ਕੇਸ ਕਰ ਦਿੱਤਾ। ਪਹਿਲੀ ਦਲੀਲ ਤਾਂ ਇਹ ਸੀ ਕਿ ਇਸ ਕਥਿਤ ਅਣਗਹਿਲੀ ਦੀ ਪੜਤਾਲ ਨਹੀਂ ਸੀ ਕੀਤੀ ਗਈ ਤੇ ਦੂਜੀ ਇਹ ਕਿ ਕਿਸੇ ਵੀ ਕਰਮਚਾਰੀ ਨੂੰ ਛੁੱਟੀ ਦੌਰਾਨ ਕਿਸੇ ਦੂਜੀ ਥਾਂ ਨਹੀਂ ਬਦਲਿਆ ਜਾ ਸਕਦਾ। ਅੰਤ ਸਰਕਾਰ ਨੇ ਉਨ੍ਹਾਂ ਦੀਆਂ ਦਲੀਲਾਂ ਨੂੰ ਪਰਵਾਨ ਕਰ ਲਿਆ ਤੇ ਮੁੜ ਅੰਡੇਮਾਨ ਭੇਜ ਦਿੱਤਾ ਗਿਆ।

ਇਸ ਵਾਰੀ ਉਨ੍ਹਾਂ ਨੂੰ ਸੈਲਿਊਲਰ ਜੇਲ੍ਹ ’ਚ ਡਾਕਟਰ ਦੀ ਡਿਊਟੀ ’ਤੇ ਨਿਯੁਕਤ ਕੀਤਾ ਗਿਆ। ਅੰਗਰੇਜ਼ ਅਧਿਕਾਰੀ ਸਥਾਨਕ ਲੋਕਾਂ ਤੇ ਮੁਜਰਮਾਂ ਨਾਲ ਬੜਾ ਘਟੀਆ ਵਿਹਾਰ ਕਰਦੇ ਸਨ। ਜੇਲ੍ਹ ਦੇ ਸਖ਼ਤ ਨਿਯਮਾਂ ਤਹਿਤ ਕਈ ਵਾਰ ਛੋਟੀਆਂ-ਛੋਟੀਆਂ ਗ਼ਲਤੀਆਂ ’ਤੇ ਵੀ ਵਾਰਡਨ ਬੈਂਤਾਂ ਨਾਲ ਕੈਦੀਆਂ ਦੀ ਚਮੜੀ ਉਧੇੜ ਦਿੰਦੇ ਸਨ। ਇਸ ਸਜ਼ਾ ਵੇਲੇ ਡਾਕਟਰ ਦੀ ਹਾਜ਼ਰੀ ਜ਼ਰੂਰੀ ਹੁੰਦੀ ਸੀ। ਕੋਮਲ-ਚਿੱਤ ਤੇ ਦਿਆਲੂ ਸੁਭਾਅ ਹੋਣ ਕਰਕੇ ਡਾਕਟਰ ਦੀਵਾਨ ਸਿੰਘ ਤੋਂ ਕੈਦੀਆਂ ਦੀ ਕੁੱਟਮਾਰ ਬਰਦਾਸ਼ਤ ਨਹੀਂ ਸੀ ਹੁੰਦੀ। ਨਿਯਮ ਅਨੁਸਾਰ ਡਾਕਟਰ ਕੈਦੀ ਦੀ ਨਾਜ਼ੁਕ ਹਾਲਤ ਵੇਖ ਕੇ ਸਜ਼ਾ ਨੂੰ ਰੋਕ ਸਕਦਾ ਸੀ। ਡਾ. ਦੀਵਾਨ ਸਿੰਘ ਅਕਸਰ ਆਪਣੇ ਇਸ ਹੱਕ ਦੀ ਵਰਤੋਂ ਕਰਦੇ ਪਰ ਇਸ ਗੱਲੋਂ ਜੇਲ੍ਹਰ ਤੇ ਅਧਿਕਾਰੀ ਉਨ੍ਹਾਂ ਤੋਂ ਨਾਰਾਜ਼ ਸਨ।

ਇੱਕ ਦਿਨ ਉਹ ਆਪਣੇ ਦਫ਼ਤਰ ਦੇ ਸਰਕਾਰੀ ਟਾਈਪ-ਰਾਈਟਰ ’ਤੇ ਗਾਂਧੀ ਜੀ ਤੇ ਨਹਿਰੂ ਜੀ ਬਾਰੇ ਕੁਝ ਵਿਚਾਰ ਟਾਈਪ ਕਰ ਰਹੇ ਸਨ ਤਾਂ ਉਨ੍ਹਾਂ ਦੇ ਅਧਿਕਾਰੀ ਨੇ ਵੇਖ ਲਿਆ। ਅੰਗਰੇਜ਼ਾਂ ਦੀ ਨਿਗਾਹ ’ਚ ਇਹ ਇੱਕ ਵੱਡਾ ਜੁਰਮ ਸੀ। ਇਸ ਲਈ ਸਜ਼ਾ ਵਜੋਂ ਉਨ੍ਹਾਂ ਨੂੰ ‘ਬੈਂਬੂ ਫਲੈਟ’ ਦੇ ਹਸਪਤਾਲ ’ਚ ਤਬਦੀਲ ਕਰ ਦਿੱਤਾ ਗਿਆ। ਇਹ ਪੋਰਟ ਬਲੇਅਰ ਤੋਂ ਦੂਰ ਇੱਕ ਭੈੜੀ ਜਿਹੀ ਥਾਂ ਸੀ, ਜਿੱਥੇ ਉਹ ਦੋ ਵਰ੍ਹੇ ਰਹੇ।

16 ਮਈ 1932 ਨੂੰ ਡਾਕਟਰ ਦੀਵਾਨ ਸਿੰਘ ਦੀ ਪ੍ਰਧਾਨਗੀ ਹੇਠ ‘ਇੰਡੀਅਨ ਇੰਡੀਪੈਂਡੇਸ ਲੀਗ’ ਦੀ ਸਥਾਪਨਾ ਹੋਈ ਤੇ ਅੰਗਰੇਜ਼ੀ ਰਾਜ ਵਿਰੁੱਧ ਸਰਗਰਮੀਆਂ ’ਚ ਉਨ੍ਹਾਂ ਦੀ ਸ਼ਮੂਲੀਅਤ ਵੀ ਚੱਲਦੀ ਰਹੀ। ਜਦੋਂ ਜਨਰਲ ਮੋਹਨ ਸਿੰਘ ਨੇ ਇੰਡੀਅਨ ਨੈਸ਼ਨਲ ਆਰਮੀ ਦੀ ਸਿਰਜਣਾ ਕੀਤੀ ਸੀ ਤਾਂ ਪੋਰਟ ਬਲੇਅਰ ਦੇ ਸਾਡੇ ਇਸ ਮਹਾਂ-ਨਾਇਕ ਨੇ ਵੀ ਇੰਡੀਅਨ ਨੈਸ਼ਨਲ ਆਰਮੀ ਦੀ ਇੱਕ ਪਲਟਨ ਉੱਥੇ ਬਣਾਈ ਸੀ।

ਡਾ. ਦੀਵਾਨ ਸਿੰਘ ਐਤਵਾਰ ਐਬਰਡੀਨ ਦੇ ਗੁਰਦੁਆਰੇ ’ਚ ਜਾਂਦੇ, ਸ਼ਬਦ ਕੀਰਤਨ ਕਰਦੇ ਅਤੇ ਸਿੱਖ ਧਰਮ ਦੇ ਵੱਖ-ਵੱਖ ਪੱਖਾਂ ਦੀ ਵਿਆਖਿਆ ਕਰਦੇ। ਇਸ ਗੁਰਦੁਆਰੇ ’ਚ, ਜਿਸ ਨੂੰ ਉੱਥੋਂ ਦੀ ਪੁਲੀਸ ਤੇ ਸਿੱਖ ਅਧਿਕਾਰੀਆਂ ਨੇ ਬਣਵਾਇਆ ਸੀ, ਆਮ ਆਦਮੀ ਤੇ ਖ਼ਾਸ ਕਰਕੇ ਸਿੱਖ ਕੈਦੀਆਂ ਨਾਲ ਬਹੁਤ ਜ਼ਿਆਦਾ ਵਿਤਕਰਾ ਕੀਤਾ ਜਾਂਦਾ ਸੀ। ਸਮਾਗਮਾਂ ’ਚ ਉਨ੍ਹਾਂ ਨੂੰ ਸ਼ਾਮਲ ਹੋਣ ਦਾ ਮੌਕਾ ਨਹੀਂ ਸੀ ਦਿੱਤਾ ਜਾਂਦਾ। ਇਸ ਲਈ ਡਾ. ਦੀਵਾਨ ਸਿੰਘ ਨੇ ਇੱਕ ਨਵਾਂ ਗੁਰਦੁਆਰਾ ਉਸਾਰਨ ਦਾ ਫ਼ੈਸਲਾ ਕੀਤਾ ਜਿਸ ’ਚ ਸਿਰਫ਼ ਸਿੱਖ ਹੀ ਨਹੀਂ ਸਗੋਂ ਹਰ ਕੌਮ, ਮਜ਼ਹਬ ਅਤੇ ਸੂਬੇ ਦੇ ਵਾਸੀ ਆਜ਼ਾਦੀ ਨਾਲ ਆ ਸਕਣ। ਗੁਰਦੁਆਰੇ ਦੀ ਉਸਾਰੀ ਲਈ ਇੱਕ ਕਮੇਟੀ ਬਣਾਈ ਗਈ। ਇਸ ਕਮੇਟੀ ’ਚ ਸਿਰਫ਼ ਸਿੱਖ ਹੀ ਮੈਂਬਰ ਨਹੀਂ ਸਨ ਸਗੋਂ ਹਿੰਦੂ, ਮੁਸਲਮਾਨ ਤੇ ਇਸਾਈ ਵੀ ਸ਼ਾਮਲ ਸਨ। ਮੌਜੂਦਾ ਬਰਤਾਨਵੀ ਚੀਫ ਕਮਿਸ਼ਨਰ ਨੇ ਤਾਂ ਗੁਰਦੁਆਰੇ ਲਈ ਕੋਈ ਸਹਿਯੋਗ ਨਹੀਂ ਦਿੱਤਾ ਪਰ ਛੇਤੀ ਹੀ ਐਸਕੁਇਥ ਨਾਂ ਦਾ ਇੱਕ ਨਵਾਂ ਡਿਪਟੀ ਕਮਿਸ਼ਨਰ ਪੋਰਟ ਬਲੇਅਰ ਆ ਗਿਆ ਜੋ ਪੰਜਾਬ ਤੋਂ ਆਇਆ ਸੀ ਤੇ ਬਹੁਤ ਹੀ ਮਦਦਗਾਰ ਇਨਸਾਨ ਸੀ। ਉਸ ਨੇ ਜਿਵੇਂ-ਕਿਵੇਂ ਆਪਣੇ ਉੱਚ-ਅਧਿਕਾਰੀਆਂ ਨੂੰ ਗੁਰਦੁਆਰੇ ਲਈ ਐਬਰਡੀਨ ਦੇ ਇਲਾਕੇ ’ਚ ਹੀ ਵੱਡਾ ਪਲਾਟ ਦੇਣ ਲਈ ਮਨਾ ਲਿਆ। ਗੁਰਦੁਆਰੇ ਦੀ ਉਸਾਰੀ ਲਈ ਸਭ ਧਰਮਾਂ ਦੇ ਲੋਕਾਂ ਨੇ ਚੰਦਾ ਇਕੱਠਾ ਕਰਨ ’ਚ ਯੋਗਦਾਨ ਪਾਇਆ। 1937 ’ਚ ਗੁਰਦੁਆਰੇ ਦੀ ਨੀਂਹ ਰੱਖ ਦਿੱਤੀ ਗਈ। ਸਰਬਸੰਮਤੀ ਨਾਲ ਗੁਰਦੁਆਰੇ ਦਾ ਨਾਂ ‘ਨਵਾਂ ਗੁਰਦੁਆਰਾ’ ਰੱਖਿਆ ਗਿਆ। ਇਸ ਨੂੰ ਹੁਣ ਡਾ. ਦੀਵਾਨ ਸਿੰਘ ਗੁਰਦੁਆਰਾ ਕਿਹਾ ਜਾਂਦਾ ਹੈ।

ਨਵੇਂ ਗੁਰਦੁਆਰੇ ’ਚ ਸਮੂਹ ਜਾਤੀਆਂ ਅਤੇ ਧਰਮਾਂ ਦੇ ਲੋਕ ਤਿਉਹਾਰਾਂ ਸਮੇਂ ਇਕੱਠੇ ਹੁੰਦੇ। ਧਾਰਮਿਕ ਅਤੇ ਵਿਸ਼ੇਸ਼ ਦਿਨਾਂ ’ਤੇ ਇੱਥੇ ਲੈਕਚਰ ਦਿੰਦੇ ਤੇ ਆਪਣੇ ਵਿਚਾਰ ਸਾਂਝੇ ਕਰਦੇ। ਗੁਰੂ ਕਾ ਲੰਗਰ ਵੀ ਤਿਆਰ ਕੀਤਾ ਜਾਂਦਾ ਤੇ ਸਭ ਧਰਮਾਂ ਦੇ ਲੋਕ ਇਕੱਠੇ ਬੈਠ ਕੇ ਪ੍ਰਸ਼ਾਦਾ ਛਕਦੇ। ਇਸ ਤੋਂ ਇਲਾਵਾ ਦੀਵਾਨ ਸਿੰਘ ਨੇ ਪੰਜਾਬੀ, ਉਰਦੂ, ਹਿੰਦੀ, ਤਾਮਿਲ ਤੇ ਬੰਗਾਲੀ ਭਾਸ਼ਾ ਦੀਆਂ ਜਮਾਤਾਂ ਦਾ ਪ੍ਰਬੰਧ ਵੀ ਕਰ ਦਿੱਤਾ। ਥੋੜ੍ਹੇ ਚਿਰ ਬਾਅਦ ਵਿਦਿਆਰਥੀਆਂ ਲਈ ਮੁਫ਼ਤ ਪੁਸਤਕਾਂ ਦੇਣ ਦਾ ਪ੍ਰਬੰਧ ਵੀ ਕੀਤਾ ਗਿਆ। ਇੱਕ ਵੱਖਰੇ ਕਮਰੇ ’ਚ ਲਾਇਬ੍ਰੇਰੀ ਸਥਾਪਤ ਕੀਤੀ ਗਈ। ਇੱਕ ਵਿਸ਼ੇਸ਼ ਕੋ-ਆਪਰੇਟਿਵ ਉਧਾਰ ਸੰਸਥਾ ਕਾਇਮ ਕੀਤੀ ਗਈ ਤੇ ਇੱਕ ਕੋ-ਆਪਰੇਟਿਵ ਸਟੋਰ ਵੀ ਸ਼ੁਰੂ ਕੀਤਾ ਗਿਆ। ਬੱਚਿਆਂ ਲਈ ਇੱਕ ਵੱਖਰਾ ਖੇਡ ਮੈਦਾਨ ਬਣਾਇਆ। ਸਕੂਲ ਲੜਕੇ-ਲੜਕੀਆਂ ਲਈ ਸਾਂਝਾ ਸੀ। ਲੜਕੀਆਂ ਵਾਸਤੇ ਸਿਲਾਈ-ਕਢਾਈ ਸਿਖਾਉਣ ਦਾ ਪ੍ਰਬੰਧ ਵੀ ਕੀਤਾ ਗਿਆ। ਦੂਰੋਂ ਆਉਣ ਵਾਲੇ ਵਿਦਿਆਰਥੀਆਂ ਲਈ ਬੋਰਡਿੰਗ ਹਾਊਸ ਵੀ ਬਣਾਇਆ ਗਿਆ। ਕੁਝ ਚਿਰ ਪਿੱਛੋਂ ਇੱਕ ਮੁਸਾਫ਼ਰਖ਼ਾਨਾ ਵੀ ਬਣਾਇਆ ਗਿਆ। ਡਾ. ਦੀਵਾਨ ਸਿੰਘ ਨੇ ਪੋਰਟ ਬਲੇਅਰ ’ਚ ਪੰਜਾਬੀ ਲਿਟਰੇਰੀ ਸੁਸਾਇਟੀ ਵੀ ਬਣਾਈ ਹੋਈ ਸੀ।

ਦੂਜੀ ਵੱਡੀ ਜੰਗ ਛਿੜੀ ਤਾਂ ਜਾਪਾਨੀਆਂ ਨੇ ਮਲਾਇਆ, ਸਿੰਘਾਪੁਰ ਆਦਿ ’ਤੇ ਕਬਜ਼ਾ ਕਰ ਲਿਆ। ਅੰਡੇਮਾਨ ਉਦੋਂ ਬਾਕੀ ਹਿੰਦੋਸਤਾਨ ਵਾਂਗ ਅੰਗਰੇਜ਼ਾਂ ਦੇ ਅਧੀਨ ਸੀ। ਜ਼ਿਆਦਾ ਅਸਲਾ ਤੇ ਫ਼ੌਜ ਨਾ ਹੋਣ ਕਰਕੇ ਅੰਗਰੇਜ਼ ਇੱਥੋਂ ਦੇ ਲੋਕਾਂ ਨੂੰ ਰੱਬ ਆਸਰੇ ਛੱਡ ਕੇ ਭੱਜ ਆਏ, ਜਿਸ ਕਰਕੇ ਇਹ ਇਲਾਕਾ ਜਾਪਾਨੀਆਂ ਦੇ ਅਧੀਨ ਆ ਗਿਆ। ਇੱਥੋਂ ਦੇ ਹਾਲਾਤ ਦਿਨ-ਬ-ਦਿਨ ਖ਼ਰਾਬ ਹੁੰਦੇ ਜਾ ਰਹੇ ਸਨ। 13 ਮਾਰਚ 1942 ਨੂੰ ਪੋਰਟ ਬਲੇਅਰ ਦੀ ਚੈਥਮ ਬੰਦਰਗਾਹ ਤੋਂ ਆਖ਼ਰੀ ਜਹਾਜ਼ ਤੁਰਿਆ। ਦੀਵਾਨ ਸਿੰਘ ਚਾਹੁੰਦੇ ਤਾਂ ਉਹ ਵੀ ਪੋਰਟ ਬਲੇਅਰ ਤੋਂ ਆ ਜਾਂਦੇ ਪਰ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਆਪਣੇ ਲੋਕਾਂ ਨੂੰ ਛੱਡ ਕੇ ਨਹੀਂ ਜਾਣਗੇ। ਆਪਣੇ ਲੋਕ ਸੇਵਾ ਦੇ ਸੁਪਨੇ ਨੂੰ ਉਹ ਭੰਗ ਨਹੀਂ ਸੀ ਕਰ ਸਕਦੇ ਪਰ ਉਨ੍ਹਾਂ ਲਈ ਪਰਿਵਾਰ ਦੇ ਮੈਂਬਰਾਂ ਨੂੰ ਦੇਸ ਭੇਜਣਾ ਜ਼ਰੂਰੀ ਸੀ। ਉਸ ਸਮੇਂ ਪਰਿਵਾਰ ’ਚ ਪਤਨੀ ਤੇ ਛੇ ਬੱਚੇ ਸਨ।

23 ਮਾਰਚ ਦੀ ਰਾਤ ਨੂੰ ਜਾਪਾਨ ਦੀ ਰੌਇਲ ਨੇਵੀ ਦੇ ਜਹਾਜ਼ਾਂ ਨੇ ਰੌਸ ਤੇ ਚੈਥਮ ਟਾਪੂਆਂ ਨੂੰ ਘੇਰ ਲਿਆ। ਜਾਪਾਨੀਆਂ ਨੂੰ ਟਾਪੂ ’ਤੇ ਮਿਲਣ ਵਾਲਾ ਪਹਿਲਾ ਅਧਿਕਾਰੀ ਜਾਂ ਬਾਸਲੂਕ ਇਨਸਾਨ ਡਾ. ਦੀਵਾਨ ਸਿੰਘ ਹੀ ਸੀ, ਜੋ ਦੋ ਅਫ਼ਸਰਾਂ ਸਮੇਤ ਉਨ੍ਹਾਂ ਦੇ ਉਤਾਰੇ ਸਮੇਂ ਉਨ੍ਹਾਂ ਨੂੰ ਮਿਲਿਆ ਸੀ। ਜਾਪਾਨੀਆਂ ਨੇ ਆਪਣੇ ਉੱਥੇ ਆਉਣ ਦਾ ਕਾਰਨ ਸਮੁੱਚੇ ਏਸ਼ੀਆ ਤੇ ਭਾਰਤ ਦੀ ਆਜ਼ਾਦੀ ਲਈ ਸੰਘਰਸ਼ ਤੇ ਅੰਗਰੇਜ਼ਾਂ ਨੂੰ ਕੱਢਣਾ ਦੱਸਿਆ ਸੀ। ਜਾਪਾਨੀਆਂ ਨੂੰ ਡਾ. ਦੀਵਾਨ ਸਿੰਘ ਦੀ ਲੋਕ-ਸੇਵਾ, ਹਰਮਨ-ਪਿਆਰਤਾ, ਸ਼ੁੱਧ ਵਿਚਾਰ ਤੇ ਪ੍ਰੇਰਨਾ ਦੇ ਬੋਲ ਚੰਗੇ ਨਹੀਂ ਸੀ ਲਗਦੇ, ਸੋ ਉਨ੍ਹਾਂ ਨੇ ਦੀਵਾਨ ਸਿੰਘ ’ਤੇ ਨਿਗਾਹ ਰੱਖਣੀ ਸ਼ੁਰੂ ਕਰ ਦਿੱਤੀ, ਪਰ ਚਲਾਕ ਜਾਪਾਨੀ ਜਾਣਦੇ ਸਨ ਕਿ ਦੀਵਾਨ ਸਿੰਘ ਲੋਕਾਂ ਦਾ ਹਰਮਨ-ਪਿਆਰਾ ਆਗੂ ਹੈ, ਇਸ ਲਈ ਉਸ ਦਾ ਸਹਿਯੋਗ ਉੱਥੇ ਪੈਰ ਲਾਉਣ ਲਈ ਜ਼ਰੂਰੀ ਹੈ। ਇਸ ਲਈ ਉਨ੍ਹਾਂ ਨੇ ਡਾ. ਸਾਹਿਬ ਨੂੰ ਚੀਫ ਮੈਡੀਕਲ ਅਫ਼ਸਰ ਬਣਾਇਆ ਤੇ ਹੋਰ ਵੀ ਕਈ ਕੰਮ ਸੌਂਪੇ, ਜਿਵੇਂ ਅਮਨ ਕਮੇਟੀ ਦਾ ਚੇਅਰਮੈਨ ਬਣਾਇਆ, ਰੈੱਡ ਕਰਾਸ ਸੰਸਥਾ ਦਾ ਮੁਖੀ ਬਣਾਇਆ, ਲੋਕ ਭਲਾਈ, ਲੋਕ ਸੰਪਰਕ ਤੇ ‘ਵਧੇਰੇ ਅੰਨ ਉਪਜਾਓ’ ਆਦਿ।

ਉੱਥੇ ਆਪਣੇ ਪੈਰ ਪੱਕੇ ਕਰਨ ਮਗਰੋਂ ਉਨ੍ਹਾਂ ਡਾ. ਦੀਵਾਲ ਸਿੰਘ ਨੂੰ ਰਾਹ ਤੋਂ ਹਟਾਉਣਾ ਚਾਹਿਆ। ਜੂਨੀਅਰ ਡਾ. ਰਾਮਾ ਨੰਦ ਉਨ੍ਹਾਂ ਖ਼ਿਲਾਫ਼ ਜਾਪਾਨੀਆਂ ਦੇ ਕੰਨ ਭਰਦਾ ਸੀ। ਬਾਗਚੀ ਨਾਂ ਦਾ ਇੱਕ ਹਤਿਆਰਾ ਸੀ ਜੋ ਲੋਕਾਂ ਦੀਆਂ ਧੀਆਂ ਅਗਵਾ ਕਰਕੇ ਜਪਾਨੀਆਂ ਦੇ ਹਵਾਲੇ ਕਰਦਾ ਸੀ। ਦੀਵਾਨ ਸਿੰਘ ਨੇ ਅਧਿਕਾਰੀਆਂ ਸਾਹਮਣੇ ਇਸ ਗੱਲ ਦਾ ਜ਼ਬਰਦਸਤ ਰੋਸ ਪ੍ਰਗਟਾਇਆ।

ਜਾਪਾਨੀਆਂ ਨੂੰ ਸ਼ੱਕ ਸੀ ਕਿ ਡਾ. ਦੀਵਾਨ ਸਿੰਘ ਜਾਸੂਸੀ ਕਰਦੇ ਸਨ। ਡਾ. ਦੀਵਾਨ ਸਿੰਘ ਨੇ ਯਕੀਨ ਦਿਵਾਉਣ ਦਾ ਯਤਨ ਕੀਤਾ ਕਿ ਭਾਰਤੀਆਂ ਵਿੱਚੋਂ ਕੋਈ ਵੀ ਜਾਸੂਸੀ ਦਾ ਕੰਮ ਨਹੀਂ ਕਰ ਰਿਹਾ। ਉਨ੍ਹਾਂ ਨੂੰ ਹੁਕਮ ਦਿੱਤਾ ਗਿਆ ਕਿ ਸਾਰੀਆਂ ਦਵਾਈਆਂ ਸਿਰਫ਼ ਜਾਪਾਨੀਆਂ ਲਈ ਹੀ ਰਾਖਵੀਆਂ ਰੱਖੀਆਂ ਜਾਣ। ਲੋਕਾਂ ਦੀ ਹਾਲਤ ਵੇਖ ਕੇ ਉਨ੍ਹਾਂ ਇਹ ਹੁਕਮ ਨਾ ਮੰਨਿਆ। ਰਾਮਾ ਨੰਦ ਨੇ ਇਸ ਘਟਨਾ ਨੂੰ ਡਾ. ਦੀਵਾਨ ਸਿੰਘ ਦੀ ਗੱਦਾਰੀ ਕਹਿ ਕੇ ਭੰਡਿਆ। ਜਾਪਾਨੀਆਂ ਨੇ ਦੀਵਾਨ ਸਿੰਘ ਨੂੰ ਗੁਰਦੁਆਰੇ ਦੀ ਇਮਾਰਤ ਖ਼ਾਲੀ ਕਰਨ ਲਈ ਕਿਹਾ ਤਾਂ ਜੋ ਕੋਰੀਆ ਤੋਂ ਮੰਗਵਾਈਆਂ ਕੁੜੀਆਂ ਲਈ ‘ਆਰਾਮ ਘਰ’ ਬਣਾਇਆ ਜਾ ਸਕੇ। ਜਾਪਾਨੀਆਂ ਨੂੰ ਪਤਾ ਸੀ ਕਿ ਡਾ. ਦੀਵਾਨ ਸਿੰਘ ਇਹ ਬਰਦਾਸ਼ਤ ਨਹੀਂ ਕਰ ਸਕੇਗਾ। ਦੀਵਾਨ ਸਿੰਘ ਨੇ ਸੱਚਮੁੱਚ ਹੀ ਹੁਕਮ ਮੰਨਣ ਤੋਂ ਇਨਕਾਰ ਕਰ ਕੇ ਜਾਪਾਨੀਆਂ ਨੂੰ ਆਪਣੇ ਵਿਰੁੱਧ ਕਰ ਲਿਆ। ਵਿਰੋਧੀਆਂ ਨੂੰ ਕੰਨ ਭਰਨ ਦਾ ਹੋਰ ਮੌਕਾ ਮਿਲ ਗਿਆ ਪਰ ਦੀਵਾਨ ਸਿੰਘ ਨੇ ਬਿਲਕੁਲ ਸ਼ਾਂਤ-ਚਿੱਤ, ਬਿਨਾਂ ਘਬਰਾਹਟ ਆਪਣੀ ਸਰਕਾਰੀ ਡਿਊਟੀ ਤੇ ਲੋਕ ਸੇਵਾ ਜਾਰੀ ਰੱਖੀ।

ਆਖ਼ਰਕਾਰ ਦੀਵਾਨ ਸਿੰਘ ਦੇ ਦੁਸ਼ਮਣਾਂ ਨੇ ਸਾਜ਼ਿਸ਼ ਅਧੀਨ ਜਾਪਾਨੀਆਂ ਤੋਂ ਛਾਪਾ ਮਰਵਾਇਆ ਕਿ ਉਹ ਬਰਤਾਨਵੀਆਂ ਦੀ ਮਦਦ ਕਰਦਾ ਹੈ। 23 ਅਕਤੂਬਰ 1943 ਨੂੰ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ। ਉਨ੍ਹਾਂ ਨੂੰ ਜੇਲ੍ਹ ਦੀ ਛੇਵੀਂ ਬੈਰਕ ’ਚ ਰੱਖਿਆ ਗਿਆ। ਉਨ੍ਹਾਂ ਨੂੰ ਬੇਰਹਿਮੀ ਨਾਲ ਕੁੱਟਿਆ ਗਿਆ ਪਰ ਡਾ. ਦੀਵਾਨ ਸਿੰਘ ਨੇ ਆਪਣੇ ’ਤੇ ਲਗਾਏ ਦੋਸ਼ਾਂ ਨੂੰ ਸਵੀਕਾਰ ਨਾ ਕੀਤਾ। ਉਨ੍ਹਾਂ ਦੇ ਜਿਸਮ ਦਾ ਕੋਈ ਹਿੱਸਾ ਅਜਿਹਾ ਨਹੀਂ ਸੀ ਬਚਿਆ, ਜਿਸ ’ਤੇ ਨੀਲ ਨਾ ਪਏ ਹੋਣ। ਪੰਦਰਾਂ ਦਿਨ ਉਨ੍ਹਾਂ ’ਤੇ ਇਹ ਅੱਤਿਆਚਾਰ ਜਾਰੀ ਰਿਹਾ। ਉਨ੍ਹਾਂ ਨੂੰ ਬਿਜਲੀ ਦੀਆਂ ਤਾਰਾਂ ਲਾਈਆਂ ਗਈਆਂ, ਅੰਗ-ਅੰਗ ਨੂੰ ਮੋਮਬੱਤੀਆਂ ਨਾਲ ਹੌਲੀ-ਹੌਲੀ ਸਾੜਿਆ ਗਿਆ, ਉਨ੍ਹਾਂ ਦੇ ਵਾਲ ਪੁੱਟੇ ਗਏ ਅਤੇ ਜਮੂਰਾਂ ਨਾਲ ਮਾਸ ਖਿੱਚਿਆ ਗਿਆ ਪਰ ਡਾ. ਦੀਵਾਨ ਸਿੰਘ ਹਾਰੇ ਨਹੀਂ। ਉਨ੍ਹਾਂ ਦੇ ਸਰੀਰ ’ਤੇ ਮਾਸ ਸੜਨ ਕਰਕੇ ਜ਼ਖ਼ਮ ਹੋ ਗਏ ਸਨ, ਜਿਨ੍ਹਾਂ ਵਿੱਚ ਪੀਕ ਭਰ ਜਾਣ ਕਾਰਨ ਬਦਬੂ ਆਉਣ ਲੱਗੀ ਸੀ।

ਡਾ. ਦੀਵਾਨ ਸਿੰਘ ਦਾ ਹੌਸਲਾ ਨਾ ਟੁੱਟਦਾ ਵੇਖ ਉਨ੍ਹਾਂ ਬੇਦੋਸ਼ੇ ਹਿੰਦੋਸਤਾਨੀਆਂ ਨੂੰ ਗ੍ਰਿਫ਼ਤਾਰ ਕਰਨਾ ਵੀ ਸ਼ੁਰੂ ਕਰ ਦਿੱਤਾ। ਪੰਜਾਬੀ ਸਟੱਡੀ ਸਰਕਲ ਦੇ ਸਾਰੇ ਮੈਂਬਰ ਹਿਰਾਸਤ ’ਚ ਲੈ ਲਏ ਗਏ ਤੇ ਬਗ਼ਾਵਤ ਦਾ ਦੋਸ਼ ਲਾ ਕੇ ਉਨ੍ਹਾਂ ’ਤੇ ਘੋਰ ਅੱਤਿਆਚਾਰ ਕੀਤੇ ਗਏ। ਤਸੀਹੇ ਝੱਲ ਰਹੇ ਲੋਕਾਂ ਦੀਆਂ ਪਤਨੀਆਂ ਨੂੰ ਕਿਹਾ ਗਿਆ ਕਿ ਜੇਕਰ ਉਹ ਡਾ. ਦੀਵਾਨ ਸਿੰਘ ਨੂੰ ਜੁਰਮ ਦਾ ਇਕਬਾਲ ਕਰਨ ਲਈ ਮਨਾ ਲੈਣ ਤਾਂ ਉਨ੍ਹਾਂ ਦੇ ਪਤੀਆਂ ਨੂੰ ਛੱਡ ਦਿੱਤਾ ਜਾਵੇਗਾ, ਪਰ ਕੋਈ ਫਾਇਦਾ ਨਾ ਹੋਇਆ। ਡਾ. ਦੀਵਾਨ ਸਿੰਘ ਨੇ ਉਨ੍ਹਾਂ ਨੂੰ ਵੀ ਸਮਝਾ ਕੇ ਆਪਣੇ ਹੱਕ ’ਚ ਕਰ ਲਿਆ।

ਡਾ. ਦੀਵਾਨ ਸਿੰਘ ਨੂੰ ਲੋਹੇ ਦੇ ਪਿੰਜਰੇ ਵਿੱਚ ਜਕੜ ਦਿੱਤਾ ਜਾਂਦਾ ਤੇ ਫਿਰ ਬੇਰਹਿਮੀ ਨਾਲ ਕੁੱਟਿਆ ਜਾਂਦਾ। ਉਨ੍ਹਾਂ ਦੇ ਪੋਟਿਆਂ ਵਿੱਚ ਗਰਮ ਕਰਕੇ ਕਿੱਲ ਖੋਭੇ ਜਾਂਦੇ, ਉਨ੍ਹਾਂ ਦੇ ਡੌਲਿਆਂ ਤੇ ਪਿੰਜਣੀਆਂ ਵਿੱਚ ਚਾਕੂ ਨਾਲ ਚੀਰੇ ਦੇ ਕੇ ਲੂਣ ਛਿੜਕਿਆ ਗਿਆ। ਦਸੰਬਰ ਦੇ ਅਖ਼ੀਰਲੇ ਦਿਨਾਂ ਵਿੱਚ ਜਦੋਂ ਉਨ੍ਹਾਂ ਨੂੰ ਸੈੱਲ ਵਿੱਚ ਲਿਆਂਦਾ ਗਿਆ ਤਾਂ ਉਨ੍ਹਾਂ ਦਾ ਸਾਰਾ ਸਰੀਰ ਸੜਨ ਦੇ ਨਿਸ਼ਾਨਾਂ ਤੇ ਨੀਲ ਪੈਣ ਨਾਲ ਭਰਿਆ ਹੋਇਆ ਸੀ ਤੇ ਉਨ੍ਹਾਂ ਦੇ ਜ਼ਖ਼ਮਾਂ ਵਿੱਚੋਂ ਪੀਕ ਰਿਸ ਰਹੀ ਸੀ। ਉਨ੍ਹਾਂ ਦੀ ਦਾੜ੍ਹੀ ਤੇ ਕੇਸ ਪੁੱਟੇ ਹੋਏ ਸਨ। ਇਉਂ ਲਗਦਾ ਸੀ ਕਿ ਉਨ੍ਹਾਂ ਦੀਆਂ ਅੱਖਾਂ ਵੀ ਕੱਢ ਦਿੱਤੀਆਂ ਗਈਆਂ ਹੋਣ। ਦੋ ਸਿਪਾਹੀਆਂ ਨੇ ਉਨ੍ਹਾਂ ਨੂੰ ਬਗਲਾਂ ਥੱਲੇ ਹੱਥ ਪਾ ਕੇ ਖੜ੍ਹਾਇਆ ਹੋਇਆ ਸੀ। ਉਨ੍ਹਾਂ ਦੀ ਰੀੜ੍ਹ ਦੀ ਹੱਡੀ ਟੁੱਟ ਗਈ ਸੀ।

ਉਨ੍ਹਾਂ ਦੇ ਇੱਕ ਜੀਵਨੀਕਾਰ ਸੂਬਾ ਸਿੰਘ ਦੱਸਦੇ ਹਨ ਕਿ 13 ਜਨਵਰੀ ਦੀ ਰਾਤ ਨੂੰ ਡਾ. ਦੀਵਾਨ ਸਿੰਘ ਨੂੰ ਸਟਰੈਚਰ ਉੱਤੇ ਪਾ ਕੇ ਅੰਦਰਲੀ ਕੋਠੜੀ ’ਚ ਲਿਜਾਇਆ ਗਿਆ ਤੇ ਲੋਹੇ ਦੇ ਭਾਰੀ ਡੰਡੇ ਨਾਲ ਕੁੱਟਣਾ ਸ਼ੁਰੂ ਕੀਤਾ ਤੇ ਇਹ ਕੁੱਟ ਉਦੋਂ ਤੱਕ ਜਾਰੀ ਰਹੀ ਜਦੋਂ ਤੱਕ ਉਨ੍ਹਾਂ ਨੇ ਪ੍ਰਾਣ ਨਹੀਂ ਤਿਆਗ ਦਿੱਤੇ। ਕੁਝ ਜੇਲ੍ਹ ਕਰਮਚਾਰੀਆਂ ਅਨੁਸਾਰ ਜਾਪਾਨੀਆਂ ਨੇ ਉਨ੍ਹਾਂ ਨੂੰ ਅਧਮੋਈ ਹਾਲਤ ਵਿੱਚ ਲੋਹੇ ਦੀ ਕੁਰਸੀ ’ਤੇ ਬਿਠਾਲ ਕੇ ਹੇਠਾਂ ਅੱਗ ਬਾਲ ਦਿੱਤੀ, ਪਰ ਡਾ. ਦੀਵਾਨ ਸਿੰਘ ਇਸ ਹਾਲਤ ਵਿੱਚ ਵੀ ਉਨ੍ਹਾਂ ਅੱਗੇ ਝੁਕਣ ਲਈ ਤਿਆਰ ਨਹੀਂ ਸਨ। ਅਖੀਰ 82 ਦਿਨ ਇਨ੍ਹਾਂ ਜ਼ੁਲਮਾਂ ਨੂੰ ਸਹਾਰਦੇ ਰਹੇ ਡਾ. ਦੀਵਾਨ ਸਿੰਘ ਨੇ 13 ਤੇ 14 ਜਨਵਰੀ 1944 ਦੀ ਦਰਮਿਆਨੀ ਰਾਤ ਨੂੰ ਆਖ਼ਰੀ ਸਾਹ ਲਏ। ਮ੍ਰਿਤਕ ਸਰੀਰ ਨੂੰ ਕੰਬਲ ’ਚ ਲਪੇਟ ਕੇ ਇੱਕ ਬਲਦ-ਗੱਡੀ ਰਾਹੀਂ ਜੰਗਲੀ ਘਾਟ ਲਿਜਾਇਆ ਗਿਆ ਤੇ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਗਈ।

ਡਾ. ਦੀਵਾਨ ਸਿੰਘ ਨੇ ਬੇਮਿਸਾਲ ਬਹਾਦਰੀ, ਸਬਰ ਤੇ ਸਹਿਣਸ਼ੀਲਤਾ ਦਾ ਸਬੂਤ ਦਿੱਤਾ। ਇਹ ਵੇਰਵੇ ਉਨ੍ਹਾਂ ਦੇ ਸਿਰੜ, ਅਨਿਆਂ ਦਾ ਵਿਰੋਧ ਕਰਨ ਦੀ ਭਾਵਨਾ ਤੇ ਦੇਸ਼ਭਗਤੀ ਦੇ ਜ਼ਜ਼ਬੇ ਨੂੰ ਪ੍ਰਗਟਾਉਂਦੇ ਹਨ।

ਆਪ ਦੀ ਬੇਮਿਸਾਲ ਘਾਲਣਾ ਤੇ ਦੇਸ਼-ਭਗਤੀ ਦਾ ਜ਼ਿਕਰ ਐੱਸ. ਐੱਨ. ਅਗਰਵਾਲ ਦੀ ਅੰਗਰੇਜ਼ੀ ਕਿਤਾਬ ‘ਦਿ ਹੀਰੋਜ਼ ਆਫ ਸੈਲਿਊਲਰ ਜੇਲ੍ਹ’, ‘ਸਜ਼ਾ-ਏ-ਕਾਲਾਪਾਣੀ’ ਰਾਮਪਾਲ ਸਿੰਘ ਤੇ ਬਿਮਲਾ ਦੇਵੀ, ‘ਕਾਲੇਪਾਣੀ ਕੀ ਕਲੰਕ ਕਥਾ’- ਐੱਸ ਕੇ ਨਾਰੰਗ ਤੇ ‘ਅੰਡੇਮਾਨ ਤੇ ਨਿਕੋਬਾਰ’- ਡਾ. ਐੱਸ ਐੱਸ ਛੀਨਾ ਦੀਆਂ ਕਿਤਾਬਾਂ ਵਿੱਚ ਦਰਜ ਹੈ। ਪੰਜਾਬ ਸਰਕਾਰ ਵੱਲੋਂ ਆਜ਼ਾਦੀ ਦੀ ਚਾਲ੍ਹੀਵੀਂ ਵਰ੍ਹੇਗੰਢ ਮੌਕੇ ਆਪ ’ਤੇ ਡਾ. ਐੱਨ. ਇਕਬਾਲ ਸਿੰਘ ਦੁਆਰਾ ਇੱਕ ਮੋਨੋਗਰਾਫ ਕੱਢਿਆ ਗਿਆ ਜਿਸ ਵਿੱਚ ਆਪ ਦੇ ਪੁੱਤਰ (ਪ੍ਰਿੰ.) ਮਹਿੰਦਰ ਸਿੰਘ ਢਿੱਲੋਂ ਤੇ ਨੂੰਹ ਪ੍ਰੋ. ਗੁਰਦਰਸ਼ਨ ਕੌਰ ਦੇ ਵਿਚਾਰਾਂ/ ਮੁਲਾਕਾਤਾਂ ਸਮੇਤ, ਡਾ. ਦੀਵਾਨ ਸਿੰਘ ਨਾਲ ਸਬੰਧਿਤ ਅੰਡੇਮਾਨ ਟਾਪੂ ਦੇ ਲੋਕਾਂ, ਉਸ ਸਮੇਂ ਦੇ ਕੈਦੀਆਂ ਤੇ ਅਧਿਕਾਰੀਆਂ ਦਾ ਅੱਖੀਂ ਵੇਖਿਆ ਹਾਲ ਵੀ ਦਰਜ ਹੈ।

ਉਨ੍ਹਾਂ ਦੀਆਂ ਰਚਨਾਵਾਂ ਦੇ ਸੰਗ੍ਰਹਿ ਹਨ: ਵਗਦੇ ਪਾਣੀ, ਅੰਤਮ ਲਹਿਰਾਂ, ਮਲ੍ਹਿਆਂ ਦੇ ਬੇਰ ਕਾਵਿ ਸੰਗ੍ਰਹਿ ਅਤੇ ਮੇਰਾ ਜੀਵਨ ਮੇਰਾ ਗੀਤ, ਸਹਿਜ ਸੰਚਾਰ ਗਦ ਸੰਗ੍ਰਹਿ ਹਨ। ਵਗਦੇ ਪਾਣੀ ਤੋਂ ਇਲਾਵਾ ਬਾਕੀ ਸਭ ਰਚਨਾਵਾਂ ਉਨ੍ਹਾਂ ਦੇ ਪੁੱਤਰ ਪ੍ਰਿੰ. ਮਹਿੰਦਰ ਸਿੰਘ ਢਿੱਲੋਂ ਨੇ ਪਿਤਾ ਦੀ ਸ਼ਹਾਦਤ ਤੋਂ ਬਾਅਦ ਛਪਵਾਈਆਂ ਹਨ। ਦੋਹਾਂ ਗਦ-ਸੰਗ੍ਰਹਿਆਂ ਦੀ ਖੋਜ ਤੇ ਸੰਪਾਦਨਾ ਵੀ ਪੁੱਤਰ ਤੇ ਨੂੰਹ ਨੇ ਕੀਤੀ ਹੈ।

Advertisement
×