ਰੱਬ ਨੂੰ ਦਿਖਾਈਂ...!
ਰੋਜ਼ ਸਵੇਰੇ ਸੈਰ ਕਰਦਿਆਂ ਰਾਹ ’ਚ ਮਿਲਣ ਵਾਲੇ ਹਰ ਬੰਦੇ ਨੂੰ ਮੁਸਕਰਾ ਕੇ ਮਿਲਣਾ ਮੇਰੀ ਆਦਤ ਬਣ ਗਈ ਸੀ। ਪਰ ਇੱਕ ਮਾਤਾ ਜੀ ਅਜਿਹੇ ਸਨ ਜੋ ਹਰ ਵਾਰ ਮੈਨੂੰ ਦੇਖ ਕੇ ਸਿਰਫ਼ ਮੁਸਕਰਾਉਂਦੇ ਹੀ ਨਹੀਂ ਸਨ, ਸਗੋਂ ਹੱਥ ਚੁੱਕ ਕੇ...
ਰੋਜ਼ ਸਵੇਰੇ ਸੈਰ ਕਰਦਿਆਂ ਰਾਹ ’ਚ ਮਿਲਣ ਵਾਲੇ ਹਰ ਬੰਦੇ ਨੂੰ ਮੁਸਕਰਾ ਕੇ ਮਿਲਣਾ ਮੇਰੀ ਆਦਤ ਬਣ ਗਈ ਸੀ। ਪਰ ਇੱਕ ਮਾਤਾ ਜੀ ਅਜਿਹੇ ਸਨ ਜੋ ਹਰ ਵਾਰ ਮੈਨੂੰ ਦੇਖ ਕੇ ਸਿਰਫ਼ ਮੁਸਕਰਾਉਂਦੇ ਹੀ ਨਹੀਂ ਸਨ, ਸਗੋਂ ਹੱਥ ਚੁੱਕ ਕੇ ਆਸ਼ੀਰਵਾਦ ਵੀ ਦਿੰਦੇ ਸਨ। ਇੱਕ ਦਿਨ ਸੈਰ ਮੁਕਾਉਣ ਤੋਂ ਬਾਅਦ ਮੈਂ ਉੱਥੇ ਬਣੇ ਢਾਬੇ ’ਤੇ ਚਾਹ ਪੀਣ ਲਈ ਬੈਠ ਗਿਆ। ਇਤਫ਼ਾਕ ਨਾਲ ਉਹ ਮਾਤਾ ਜੀ ਵੀ ਉੱਥੇ ਆ ਗਏ। ਮੇਰੇ ਕਾਫ਼ੀ ਜ਼ੋਰ ਪਾਉਣ ’ਤੇ ਉਹ ਮੇਰੇ ਨਾਲ ਚਾਹ ਪੀਣ ਲਈ ਬੈਠ ਗਏ। ਮੈਂ ਸਹਿਜੇ ਹੀ ਪੁੱਛਿਆ, “ਤੁਸੀਂ ਯੂਨੀਵਰਸਿਟੀ ਦੇ ਅੰਦਰ ਹੀ ਰਹਿੰਦੇ ਹੋ?” “ਹਾਂ, ਮੇਰਾ ਪੁੱਤਰ ਇੱਥੇ ਅਧਿਆਪਕ ਲੱਗਾ ਹੋਇਆ ਹੈ।” “ਕੀ ਨਾਮ ਹੈ?” “ਡਾਕਟਰ ਹਰਪ੍ਰੀਤ।” “ਪੂਰਾ ਨਾਮ?” “ਹਰਪ੍ਰੀਤ ਬਸਰਾ।” ਇਹ ਨਾਮ ਸੁਣਦਿਆਂ ਹੀ ਮੇਰੇ ਅੰਦਰ ਜਿਵੇਂ ਕੋਈ ਪੁਰਾਣਾ ਦਰਵਾਜ਼ਾ ਅਚਾਨਕ ਖੁੱਲ੍ਹ ਗਿਆ। ਬਹੁਤ ਕੁਝ ਯਾਦ ਆਉਣ ਲੱਗ ਪਿਆ। ਕੁਝ ਪਲ ਝਿਜਕਣ ਤੋਂ ਬਾਅਦ ਮੈਂ ਪੁੱਛ ਹੀ ਲਿਆ, “ਕੀ ਤੁਸੀਂ ਡਾਕਟਰ ਕੁਲਦੀਪ ਬਸਰਾ ਨੂੰ ਜਾਣਦੇ ਹੋ?” ਮਾਤਾ ਜੀ ਦਾ ਚਿਹਰਾ ਇਕਦਮ ਬਦਲ ਗਿਆ। ਉਨ੍ਹਾਂ ਨੇ ਮੇਰੇ ਵੱਲ ਅੱਖਾਂ ਨਾਲ ਹੀ ਸਵਾਲ ਕੀਤਾ- “ਕਿਉਂ?” ਮੈਂ ਕਿਹਾ, “ਜੀ, ਉਹ ਇੱਥੇ ਹੀ ਪ੍ਰੋਫੈਸਰ ਸਨ। ਮੈਂ ਉਨ੍ਹਾਂ ਦਾ ਵਿਦਿਆਰਥੀ ਰਿਹਾ ਹਾਂ। ਪਰ ਸੁਣਿਆ ਸੀ ਕਿ ਉਹ ਕਿਤੇ ਚਲੇ ਗਏ ਸਨ।” ਮਾਤਾ ਜੀ ਨੇ ਡੂੰਘਾ ਸਾਹ ਲਿਆ ਤੇ ਬੜੀ ਹੌਲੀ ਆਵਾਜ਼ ਵਿੱਚ ਕਿਹਾ, “ਹਾਂ-ਹਾਂ... ਮੈਂ ਹੀ ਉਹ ਬਦਨਸੀਬ ਹਾਂ, ਉਨ੍ਹਾਂ ਦੀ ਪਤਨੀ।” ਅਸੀਂ ਦੋਵੇਂ ਚੁੱਪ ਹੋ ਗਏ। ਚਾਹ ਕਦੋਂ ਮੁੱਕ ਗਈ, ਪਤਾ ਹੀ ਨਾ ਲੱਗਿਆ। ਕੁਝ ਦਿਨਾਂ ਬਾਅਦ ਫਿਰ ਇਕੱਠੇ ਬੈਠਣ ਦਾ ਮੌਕਾ ਬਣ ਗਿਆ। ਪਰ ਉਸ ਦਿਨ ਵੀ ਕੋਈ ਖ਼ਾਸ ਗੱਲ ਨਾ ਹੋਈ। ਮਹੀਨਾ ਕੁ ਲੰਘ ਗਿਆ। ਆਖ਼ਰ ਮੇਰਾ ਸਬਰ ਜਵਾਬ ਦੇ ਗਿਆ। ਇੱਕ ਦਿਨ ਮੈਂ ਪੁੱਛ ਹੀ ਲਿਆ, “ਮਾਤਾ ਜੀ, ਆਖ਼ਰ ਅਜਿਹੀ ਕਿਹੜੀ ਗੱਲ ਹੋਈ ਸੀ ਕਿ ਇੱਕ ਬੰਦਾ ਪੈਂਤੀ ਸਾਲ ਬਾਅਦ ਵੀ ਵਾਪਸ ਨਹੀਂ ਮੁੜਿਆ?” ਮਾਤਾ ਜੀ ਦੀਆਂ ਅੱਖਾਂ ਭਰ ਆਈਆਂ ਤੇ ਉਨ੍ਹਾਂ ਨੇ ਚੁੰਨੀ ਦੇ ਪੱਲੇ ਨਾਲ ਹੰਝੂ ਪੂੰਝੇ। ਫਿਰ ਜਿਵੇਂ ਅੰਦਰ ਦੱਬਿਆ ਹੋਇਆ ਕੋਈ ਬੰਨ੍ਹ ਟੁੱਟ ਗਿਆ ਹੋਵੇ, ਉਹ ਬੋਲਣ ਲੱਗ ਪਏ, “ਮੇਰਾ ਬਾਪ ਇੱਕ ਛੋਟਾ ਕਿਸਾਨ ਸੀ।
ਤੰਗੀਆਂ-ਤੁਰਸ਼ੀਆਂ ਵਿੱਚ ਪਰਿਵਾਰ ਪਾਲਦਾ ਸੀ। ਮੇਰੀ ਮਾਂ ਦੀ ਉਸ ਨਾਲ ਬਹੁਤੀ ਬਣਦੀ ਨਹੀਂ ਸੀ। ਨਵਾਂ ਸੂਟ ਲੈਣ ਦੀ ਮੇਰੀ ਮਾਂ ਦੀ ਖ਼ਾਹਿਸ਼ ਮੇਰਾ ਬਾਪ ਅਗਲੀ ਫ਼ਸਲ ਤੱਕ ਟਾਲ ਦਿੰਦਾ। ਘਰ ਵਿੱਚ ਹਰ ਵੇਲੇ ਤਣਾਅ ਰਹਿੰਦਾ। ਕਈ ਵਾਰ ਮੇਰੀ ਮਾਂ ਆਪਣੇ ਮਾਪਿਆਂ ਨੂੰ ਵੀ ਕੋਸਣ ਲੱਗ ਪੈਂਦੀ। ਜਦੋਂ ਮੈਂ ਜਵਾਨ ਹੋਈ ਤਾਂ ਮੇਰੇ ਬਾਪ ਨੇ ਮੇਰਾ ਰਿਸ਼ਤਾ ਇੱਕ ਅਧਿਆਪਕ ਨਾਲ ਕਰ ਦਿੱਤਾ। ਮੇਰੀ ਮਾਂ ਨੂੰ ਇਹ ਰਿਸ਼ਤਾ ਮਨਜ਼ੂਰ ਨਹੀਂ ਸੀ, ਕਿਉਂਕਿ ਮੁੰਡੇ ਕੋਲ ਜ਼ਮੀਨ ਨਹੀਂ ਸੀ। ਉਸ ਦੇ ਫ਼ੌਜੀ ਪਿਓ ਕੋਲ ਆਪਣੀ ਕਮਾਈ ਨਾਲ ਬਣਾਇਆ ਇੱਕ ਛੋਟਾ ਜਿਹਾ ਘਰ ਸੀ। ਘਰਦਿਆਂ ਨੇ ਉਸ ਨੂੰ ਬੇਦਖ਼ਲ ਕਰ ਦਿੱਤਾ ਸੀ, ਇਸ ਲਈ ਉਹ ਫ਼ੌਜ ਵਿੱਚ ਭਰਤੀ ਹੋ ਗਿਆ ਸੀ।’’ ਮੇਰੀ ਮਾਂ ਨੇ ਰੋਜ਼ ਇਸ ਰਿਸ਼ਤੇ ਨੂੰ ਲੈ ਕੇ ਲੜਨਾ। ਪਰ ਮੇਰੇ ਬਾਪ ਨੇ ਇੱਕੋ ਗੱਲ ਕਹਿਣੀ, ‘ਖੇਤੀ ਵਿੱਚ ਕੀ ਪਿਆ? ਤੈਨੂੰ ਇੱਕ ਸੂਟ ਨਹੀਂ ਲੈ ਕੇ ਦੇ ਹੁੰਦਾ। ਨੌਕਰੀ ਵਿੱਚ ਬੱਝਵੀਂ ਤਨਖ਼ਾਹ ਤਾਂ ਆਉਂਦੀ ਹੈ।’’ ‘‘ਬਸ, ਇਸੇ ਗੱਲ ਦੇ ਜ਼ੋਰ ’ਤੇ ਮੇਰਾ ਵਿਆਹ ਹੋ ਗਿਆ।’’ ਮਾਤਾ ਜੀ ਨੇ ਇੱਕ ਲੰਮਾ ਹਉਕਾ ਲਿਆ ਤੇ ਫਿਰ ਬੋਲੇ, “ਪਰ ਮੇਰੀ ਮਾਂ ਨੇ ਮੇਰੇ ਅੰਦਰ ਮਰਦ ਜਾਤ ਲਈ ਨਫ਼ਰਤ ਬੀਜ ਦਿੱਤੀ ਸੀ। ਉਸ ਦੀ ਸਿੱਖਿਆ ਸੀ ਕਿ ਪਹਿਲੇ ਦਿਨ ਤੋਂ ਹੀ ਮਰਦ ਨੂੰ ਦਬਾ ਕੇ ਅਤੇ ਦਬਕਾ ਕੇ ਰੱਖੋ। ਆਪਣਾ ਕਬਜ਼ਾ ਕਦੇ ਢਿੱਲਾ ਨਾ ਪੈਣ ਦਿਓ। ਪਰ ਡਾਕਟਰ ਸਾਬ੍ਹ ਤਾਂ ਬਹੁਤ ਨਰਮ ਸੁਭਾਅ ਦੇ ਸਨ, ਮਿਹਨਤੀ ਸਨ। ਕਿਸੇ ਨਾਲ ਘੱਟ-ਵੱਧ ਹੀ ਬੋਲਦੇ ਸਨ।” ਮੈਂ ਕਿਹਾ, “ਬਸ, ਇਹੀ ਤਾਂ ਮਸਲਾ ਸੀ।’’ ‘‘ਮੈਂ ਆਪਣੀ ਮਾਂ ਦੀ ਚੁੱਕੀ ਹੋਈ ਬੋਲਦੀ ਰਹਿੰਦੀ ਤੇ ਉਹ ਚੂੰ ਵੀ ਨਾ ਕਰਦੇ। ਮੈਂ ਗੁੱਸੇ ਵਿੱਚ ਕਈ ਵਾਰ ਉਨ੍ਹਾਂ ਨੂੰ ਰੋਟੀ ਵੀ ਨਾ ਪਰੋਸਦੀ। ਉਹ ਵੀ ਭੁੱਖੇ ਹੀ ਸੌਂ ਜਾਂਦੇ।” ਮਾਤਾ ਜੀ ਨੇ ਇੱਕ ਹੋਰ ਲੰਮਾ ਸਾਹ ਲਿਆ। “ਘਰ ਵਿੱਚ ਪੈਸੇ ਤਾਂ ਸਨ, ਪਰ ਚਾਅ ਨਹੀਂ ਸਨ। ਮੇਰੇ ਕਲੇਸ਼ ਕਰਕੇ ਬੱਚੇ ਵੀ ਸਹਿਮੇ-ਸਹਿਮੇ ਰਹਿਣ ਲੱਗ ਪਏ। ਇੱਕ ਦਿਨ ਮੈਂ ਆਪਣੀ ਮਾਂ ਨੂੰ ਮਿਲਣ ਗਈ। ਉੱਥੇ ਅਸੀਂ ਇੱਕ ਸੂਟ ਖਰੀਦਿਆ।
ਮੇਰੀ ਮਾਂ ਨੇ ਆਪਣੇ ਲਈ ਸੂਟ ਲੈਣ ਤੋਂ ਮਨ੍ਹਾਂ ਕਰ ਦਿੱਤਾ। ਕਹਿੰਦੀ, ‘ਧੀ ਦੇ ਪੈਸਿਆਂ ਨਾਲ ਚੀਜ਼ ਨਹੀਂ ਲਈਦੀ।’’ ਅਸਲ ਵਿੱਚ ਉਸ ਕੋਲ ਆਪਣੇ ਪੈਸੇ ਨਹੀਂ ਸਨ। “ਵਾਪਸ ਆ ਕੇ ਮੈਂ ਸਰਦਾਰ ਜੀ ਨੂੰ ਨਵਾਂ ਸੂਟ ਦਿਖਾਇਆ। ਪਰ ਉਹ ਆਪਣੇ ਕੰਮ ਵਿੱਚ ਮਸਤ ਰਹੇ। ਮੇਜ਼ ’ਤੇ ਬੈਠੇ ਆਪਣਾ ਕੰਮ ਕਰਦੇ ਰਹੇ। ਮੇਰੀ ਦੋ ਦਹਾਕਿਆਂ ਤੋਂ ਪੂਰੀ ਹੋਈ ਰੀਝ ਦਾ ਉਨ੍ਹਾਂ ’ਤੇ ਕੋਈ ਅਸਰ ਨਹੀਂ ਹੋਇਆ। ਮੈਨੂੰ ਬਹੁਤ ਗੁੱਸਾ ਚੜ੍ਹ ਗਿਆ। ਕੋਲ ਪਈ ਉਹ ਸੋਟੀ, ਜਿਸ ਨਾਲ ਉਹ ਸੈਰ ਵੇਲੇ ਕੁੱਤੇ ਭਜਾਉਂਦੇ ਸਨ, ਮੈਂ ਚੁੱਕ ਲਈ ਤੇ ਦੋ-ਤਿੰਨ ਵਾਰ ਉਨ੍ਹਾਂ ਦੇ ਮਾਰ ਦਿੱਤੀ। ਉਨ੍ਹਾਂ ਨੇ ਹੌਲੀ ਜਿਹੀ ‘ਹਾਏ’ ਕਹੀ ਤੇ ਉੱਠ ਕੇ ਬਾਹਰਲੇ ਦਰਵਾਜ਼ੇ ਵੱਲ ਤੁਰ ਪਏ।’’ “ਮੇਰਾ ਖ਼ੂਨ ਖੌਲ ਰਿਹਾ ਸੀ। ਮੈਂ ਉੱਚੀ ਆਵਾਜ਼ ਵਿੱਚ ਗਰਜ ਕੇ ਕਿਹਾ, ‘ਜੇ ਬੰਦੇ ਦਾ ਪੁੱਤ ਐਂ ਤਾਂ ਮੁੜ ਕੇ ਨਾ ਆਈਂ। ਜਾ, ਦਫ਼ਾ ਹੋ ਜਾ!’’ “ਪੁੱਤ, ਸੱਚ ਜਾਣੀ... ਅੱਜ ਪੈਂਤੀ ਸਾਲ ਹੋ ਗਏ ਨੇ। ਉਹ ਮੇਰੇ ਬੋਲ ਪੁਗਾ ਰਿਹਾ ਹੈ।” ਮਾਤਾ ਜੀ ਚੁੱਪ ਕਰ ਗਏ। ਪਰ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਹੰਝੂ ਵਗ ਤੁਰੇ। ਮੇਰੇ ਮਨ ਵਿੱਚ ਕਈ ਸਵਾਲ ਉੱਠੇ, ਪਰ ਮੈਂ ਪੁੱਛਣੇ ਵਾਜਬ ਨਾ ਸਮਝੇ। ਕੁਝ ਦੇਰ ਬਾਅਦ ਉਹ ਆਪ ਹੀ ਬੋਲਣ ਲੱਗੇ,
“ਉਸ ਰਾਤ ਮੈਂ ਖੂਬ ਸੁੱਤੀ। ਮੈਨੂੰ ਉਮੀਦ ਸੀ ਕਿ ਥੋੜ੍ਹਾ ਘੁੰਮ-ਫਿਰ ਕੇ, ਗੁੱਸਾ ਠੰਢਾ ਕਰ ਕੇ ਆਪੇ ਮੁੜ ਆਉਣਗੇ। ਪਰ ਦੁਪਹਿਰ ਤੱਕ ਵੀ ਨਾ ਆਏ। ‘‘ਮੈਂ ਆਪਣੀ ਮਾਂ ਨੂੰ ਫ਼ੋਨ ਕੀਤਾ, ਉਹ ਕਹਿੰਦੀ, ‘‘ਮਰਦਾਂ ਦਾ ਫ਼ਿਕਰ ਨਹੀਂ ਕਰੀਦਾ। ਆਪੇ ਖੇਹ ਖਾ ਕੇ ਮੁੜ ਆਉਂਦੇ ਆ।’’ “ਪਰ ਉਹ ਨਾ ਮੁੜੇ।’’ “ਦਿਨ ਹਫ਼ਤੇ ਬਣ ਗਏ... ਹਫ਼ਤੇ ਮਹੀਨੇ ਬਣ ਗਏ... ਤੇ ਮਹੀਨੇ ਸਾਲਾਂ ਵਿੱਚ ਬਦਲ ਗਏ।’’ “ਘਰ ਵਿੱਚ ਪੈਸੇ ਦੀ ਵੀ ਤੰਗੀ ਹੋ ਗਈ। ਹੁਣ ਮੇਰੀ ਮਾਂ ਨੇ ਵੀ ਚੁੱਪ ਵੱਟ ਲਈ।’’ “ਕਦੇ-ਕਦੇ ਮੇਰਾ ਬਾਪ ਆ ਜਾਂਦਾ ਕੁਝ ਨਾ ਕੁਝ ਲੈ ਕੇ। ਜਾਣ ਲੱਗਾ ਮੇਰੀ ਮੁੱਠੀ ਵਿੱਚ ਕੁਝ ਪੈਸੇ ਫੜਾ ਜਾਂਦਾ’’ ਤੇ ਨਾਲ ਹੀ ਕਹਿੰਦਾ, ‘‘ਮਾਂ ਨੂੰ ਨਾ ਦੱਸੀਂ।’’ “ਉਸ ਦੇ ਮੁੜਦੇ ਹੋਏ ਡਿੱਗੇ ਹੰਝੂ ਮੈਨੂੰ ਫਰਸ਼ ’ਤੇ ਦਿਸ ਜਾਂਦੇ।’’ “ਜਿੰਨਾ ਕੁ ਹੋ ਸਕਦਾ ਸੀ, ਮੇਰੇ ਸਹੁਰੇ ਆਪਣੀ ਪੈਨਸ਼ਨ ’ਚੋਂ ਖ਼ਰਚ ਕਰ ਦਿੰਦੇ। ਅਸੀਂ ਬੜੀ ਕੋਸ਼ਿਸ਼ ਕੀਤੀ ਕਿ ਸਰਦਾਰ ਜੀ ਨੂੰ ਕਿਤੇ ਨੌਕਰੀ ਮਿਲ ਜਾਵੇ ਜਾਂ ਪੈਨਸ਼ਨ ਦਾ ਕੋਈ ਰਾਹ ਬਣੇ। ਪਰ ਯੂਨੀਵਰਸਿਟੀ ਇਹ ਕਹਿ ਕੇ ਅਸਮਰੱਥ ਸੀ ਕਿ ਸਾਨੂੰ ਮੌਤ ਦਾ ਪ੍ਰਮਾਣ ਪੱਤਰ ਚਾਹੀਦਾ ਹੈ। ਕਾਨੂੰਨੀ ਤੌਰ ’ਤੇ ਤਾਂ ਉਹ ਬਿਨਾਂ ਇਤਲਾਹ ਗ਼ੈਰ-ਹਾਜ਼ਰ ਹੀ ਚੱਲ ਰਹੇ ਸਨ।’’ “ਯੂਨੀਵਰਸਿਟੀ ਵਾਲੇ ਸਭ ਕੁਝ ਸਮਝਦੇ ਹੋਏ ਵੀ ਮਜਬੂਰ ਸਨ।’’ “ਖ਼ੈਰ, ਕਹਿ-ਕਹਾ ਕੇ ਆਖ਼ਰ ਇੱਥੇ ਦਫ਼ਤਰ ਵਿੱਚ ਆਰਜ਼ੀ ਕਲਰਕ ਦੀ ਨੌਕਰੀ ਕਰ ਲਈ। ਸਮਾਂ ਪਾ ਕੇ ਮੁੰਡਾ ਵੀ ਇੱਥੇ ਹੀ ਅਧਿਆਪਕ ਲੱਗ ਗਿਆ।’’ ਮੈਂ ਕਿਹਾ, “ਚਲੋ, ਹੁਣ ਮੁੰਡੇ ਦਾ ਵਿਆਹ ਕਰਕੇ ਜੀਵਨ ਨੂੰ ਨਵੇਂ ਰਾਹ ਪਾਓ।” ਮਾਤਾ ਜੀ ਹੌਲੀ ਜਿਹੇ ਮੁਸਕਰਾਏ।“ਕਾਹਨੂੰ ਪੁੱਤ? ਹੁਣ ਫਿਰ ਓਹੀ ਰੌਲਾ। ਅਖੇ, ਮੁੰਡੇ ਨੂੰ ਖੇਤ ਕਿੰਨੇ ਆਉਂਦੇ ਨੇ?” ਅਸੀਂ ਕੁਝ ਦੇਰ ਚੁੱਪ ਬੈਠੇ ਰਹੇ। ਫਿਰ ਮੇਰੇ ਮਨ ਵਿੱਚ ਇੱਕ ਪੁਰਾਣਾ ਸਵਾਲ ਫਿਰ ਉੱਠਿਆ। ਮੈਂ ਹੌਲੀ ਜਿਹੀ ਆਵਾਜ਼ ਵਿੱਚ ਪੁੱਛਿਆ, “ਅੱਛਾ ਮਾਤਾ ਜੀ, ਇੱਕ ਗੱਲ ਦੱਸੋ... ਉਸ ਨਵੇਂ ਸੂਟ ਦਾ ਕੀ ਕੀਤਾ?” ਮਾਤਾ ਜੀ ਨੇ ਕੁਝ ਪਲ ਮੇਰੇ ਵੱਲ ਦੇਖਿਆ। ਫਿਰ ਉਨ੍ਹਾਂ ਦੀਆਂ ਅੱਖਾਂ ਭਰ ਆਈਆਂ। “ਜਦੋਂ ਮੇਰੀ ਮਾਂ ਮਰੀ, ਮੈਂ ਉਹ ਸੂਟ ਉਸ ਨੂੰ ਪੁਆ ਦਿੱਤਾ।” ਕੁਝ ਪਲ ਚੁੱਪ ਰਹਿ ਕੇ ਉਹ ਬੋਲੇ, “ਤੇ ਉਸ ਨੂੰ ਕਿਹਾ- ‘‘ਚੱਲ ਮਾਤਾ... ਨਵਾਂ ਸੂਟ ਹੁਣ ਰੱਬ ਨੂੰ ਦਿਖਾਈਂ।’’

