ਕਿਸਮਤ ਦੇ ਚਮਕਦੇ ਸਿਤਾਰੇ
ਸ੍ਰੀਮਾਨ ਫੁਕਰੇ ਰਾਮ ‘ਢੀਂਗਣ’ ਜੀ ਦੇ ਜੀਵਨ ਦਾ ਦਾਰਸ਼ਨਿਕ ਪੱਖ ਬੜਾ ਵਿਲੱਖਣ ਸੀ। ਉਨ੍ਹਾਂ ਦਾ ਇਹ ਦ੍ਰਿੜ੍ਹ ਅਕੀਦਾ ਸੀ ਕਿ ਮਨੁੱਖੀ ਮੁਸ਼ੱਕਤ ਅਤੇ ਪਸੀਨਾ ਮਹਿਜ਼ ਇੱਕ ਭਰਮ ਹਨ; ਸੰਸਾਰ ਦੀ ਅਸਲ ਸੱਤਾ ਤਾਂ ਗ੍ਰਹਿਆਂ ਦੀਆਂ ਅਦ੍ਰਿਸ਼ਟ ਚਾਲਾਂ ਅਤੇ ਨਛੱਤਰਾਂ ਦੇ...
ਸ੍ਰੀਮਾਨ ਫੁਕਰੇ ਰਾਮ ‘ਢੀਂਗਣ’ ਜੀ ਦੇ ਜੀਵਨ ਦਾ ਦਾਰਸ਼ਨਿਕ ਪੱਖ ਬੜਾ ਵਿਲੱਖਣ ਸੀ। ਉਨ੍ਹਾਂ ਦਾ ਇਹ ਦ੍ਰਿੜ੍ਹ ਅਕੀਦਾ ਸੀ ਕਿ ਮਨੁੱਖੀ ਮੁਸ਼ੱਕਤ ਅਤੇ ਪਸੀਨਾ ਮਹਿਜ਼ ਇੱਕ ਭਰਮ ਹਨ; ਸੰਸਾਰ ਦੀ ਅਸਲ ਸੱਤਾ ਤਾਂ ਗ੍ਰਹਿਆਂ ਦੀਆਂ ਅਦ੍ਰਿਸ਼ਟ ਚਾਲਾਂ ਅਤੇ ਨਛੱਤਰਾਂ ਦੇ ਗਣਿਤ ਵਿੱਚ ਨਿਹਿਤ ਹੈ। ਪਿਛਲੇ ਇੱਕ ਦਹਾਕੇ ਤੋਂ ਉਹ ਕਿਸੇ ਰੁਜ਼ਗਾਰ ਦੀ ਤਲਾਸ਼ ਵਿੱਚ ਆਪਣੇ ਪੈਰ ਘਸਾਉਣ ਦੀ ਬਜਾਏ, ਆਸਮਾਨ ਦੇ ਉਸ ‘ਭਾਗਾਂ ਵਾਲੇ ਸਿਤਾਰੇ’ ਦੀ ਉਡੀਕ ਵਿੱਚ ਸਨ, ਜਿਸ ਨੇ ਉਨ੍ਹਾਂ ਦੀ ਗ਼ੁਰਬਤ ਦੇ ਹਨੇਰੇ ਨੂੰ ਇੱਕੋ ਪਲ ਵਿੱਚ ਦੂਰ ਕਰ ਦੇਣਾ ਸੀ।
ਇਸੇ ਤਰਕਹੀਣ ਭਾਲ ਵਿੱਚ ਉਹ ਇੱਕ ਦਿਨ ਬਾਬਾ ਲਪੇੜਾਨੰਦ ਦੇ ਦਰਬਾਰ ਵਿੱਚ ਹਾਜ਼ਰ ਹੋਏ। ਬਾਬਾ ਜੀ ਨੇ ਜਦੋਂ ਫੁਕਰੇ ਰਾਮ ਦੇ ਹੱਥ ਦੀਆਂ ਰੇਖਾਵਾਂ ਦਾ ਗੂੜ੍ਹ ਅਧਿਐਨ ਕੀਤਾ ਤਾਂ ਉਨ੍ਹਾਂ ਦੇ ਮੱਥੇ ’ਤੇ ਚਿੰਤਾ ਦੀਆਂ ਰੇਖਾਵਾਂ ਉੱਭਰ ਆਈਆਂ। ਬਾਬਾ ਜੀ ਨੇ ਬੜੇ ਗੰਭੀਰ ਲਹਿਜੇ ਵਿੱਚ ਫ਼ਰਮਾਇਆ, ‘‘ਬੱਚਾ, ਤੇਰੀ ਕੁੰਡਲੀ ਵਿੱਚ ਤਾਂ ਸ਼ਨੀ ਅਤੇ ਰਾਹੂ ਦੀ ਅਜਿਹੀ ਜੁਗਲਬੰਦੀ ਹੈ ਕਿ ਉਹ ਤੇਰੀ ਕਿਸਮਤ ਦੇ ਲੱਡੂ ਖ਼ੁਦ ਹੀ ਤਕਸੀਮ ਕਰ ਰਹੇ ਹਨ ਅਤੇ ਤੇਰਾ ਚਮਕਦਾ ਸਿਤਾਰਾ ਤਾਂ ਬਦਕਿਸਮਤੀ ਨਾਲ ਕਿਸੇ ਗੁਆਂਢੀ ਦੇ ਟੋਏ ਵਿੱਚ ਜਾ ਡਿੱਗਿਆ ਹੈ।’’ ਭੈਅਭੀਤ ਹੋਏ ਫੁਕਰੇ ਰਾਮ ਨੇ ਜਦੋਂ ਇਸ ਗ੍ਰਹਿ-ਦੋਸ਼ ਦਾ ਨਿਵਾਰਨ ਪੁੱਛਿਆ ਤਾਂ ਬਾਬਾ ਜੀ ਨੇ ਅੰਧ-ਵਿਸ਼ਵਾਸਾਂ ਦੀ ਇੱਕ ਅਜਿਹੀ ਲੰਮੀ ਫ਼ਹਿਰਿਸਤ ਫੜਾ ਦਿੱਤੀ, ਜੋ ਮਨੁੱਖੀ ਸੂਝ-ਬੂਝ ਦਾ ਮਜ਼ਾਕ ਉਡਾਉਂਦੀ ਸੀ। ਇਸ ਵਿੱਚ ਕਰਮ-ਕਾਂਡਾਂ ਦੇ ਅਜੀਬੋ-ਗ਼ਰੀਬ ਨੁਸਖ਼ੇ ਦਰਜ ਸਨ ਜਿਵੇਂ ਕਿ ਮੰਗਲਵਾਰ ਨੂੰ ਕਾਲੇ ਕੁੱਤੇ ਨੂੰ ਨੀਲੇ ਰੰਗ ਦੀਆਂ ਜਲੇਬੀਆਂ ਅਰਪਿਤ ਕਰਨਾ, ਨੀਂਦ ਦੀ ਅਵਸਥਾ ਵਿੱਚ ਸਿਰਹਾਣੇ ਹੇਠ ਪੰਜ ਜੁੱਤੀਆਂ ਦਾ ਪਹਿਰਾ ਲਾਉਣਾ ਅਤੇ ਦਿਨ ਵਿੱਚ ਤਿੰਨ ਵਾਰ ਆਤਮ-ਮੁਗਧ ਹੋ ਕੇ ਦਰਪਣ ਸਾਹਮਣੇ ਖ਼ੁਦ ਨੂੰ ਸ਼ਹਿਜ਼ਾਦਾ ਐਲਾਨਣਾ।
ਫੁਕਰੇ ਰਾਮ ਨੇ ਅੰਨ੍ਹੀ ਸ਼ਰਧਾ ਦੇ ਵੱਸ ਹੋ ਕੇ ਇਹ ਸਭ ਪਾਖੰਡ ਸ਼ੁਰੂ ਕਰ ਦਿੱਤੇ। ਨਤੀਜਾ ਇਹ ਨਿਕਲਿਆ ਕਿ ਕੁੱਤੇ ਨੀਲੀਆਂ ਜਲੇਬੀਆਂ ਨੂੰ ਕੁਦਰਤ ਨਾਲ ਖਿਲਵਾੜ ਸਮਝ ਕੇ ਦੂਰੋਂ ਹੀ ਦੌੜ ਜਾਂਦੇ ਅਤੇ ਉਨ੍ਹਾਂ ਦੀ ਪਤਨੀ ਨੇ ਜਦੋਂ ਸਿਰਹਾਣੇ ਹੇਠ ਜੁੱਤੀਆਂ ਦਾ ਖ਼ਜ਼ਾਨਾ ਦੇਖਿਆ ਤਾਂ ਉਨ੍ਹਾਂ ਨੂੰ ਮਾਨਸਿਕ ਰੋਗਾਂ ਦੇ ਹਸਪਤਾਲ ਭੇਜਣ ਦੀ ਅੰਤਿਮ ਤਾਕੀਦ ਕਰ ਦਿੱਤੀ।
ਇੱਕ ਮੱਸਿਆ ਦੀ ਰਾਤ, ਜਦੋਂ ਫੁਕਰੇ ਰਾਮ ਕੋਠੇ ’ਤੇ ਖੜ੍ਹੇ ਦੂਰਬੀਨ ਰਾਹੀਂ ਬ੍ਰਹਿਮੰਡ ਦੀਆਂ ਗਹਿਰਾਈਆਂ ਵਿੱਚ ਆਪਣੀ ਤਕਦੀਰ ਟੋਹ ਰਹੇ ਸਨ ਤਾਂ ਪੈਰ ਦੀ ਇੱਕ ਗ਼ਲਤ ਹਰਕਤ ਨੇ ਉਨ੍ਹਾਂ ਨੂੰ ਬੁਲੰਦੀਆਂ ਤੋਂ ਸਿੱਧਾ ਗੋਹੇ ਦੇ ਢੇਰ ਵਿੱਚ ਲਿਆ ਪਟਕਿਆ। ਜਦੋਂ ਹਾਹਾਕਾਰ ਸੁਣ ਕੇ ਗੁਆਂਢੀ ਜਮ੍ਹਾਂ ਹੋਏ ਅਤੇ ਵਿਅੰਗਮਈ ਲਹਿਜੇ ਵਿੱਚ ਪੁੱਛਿਆ ਕਿ ਕੀ ਸਿਤਾਰਾ ਮਿਲ ਗਿਆ? ਫਿਰ ਗੋਹੇ ਵਿੱਚ ਲਿੱਬੜੇ ਫੁਕਰੇ ਰਾਮ ਨੇ ਬੜੀ ਮਾਸੂਮੀਅਤ ਤੇ ਦਾਰਸ਼ਨਿਕ ਅੰਦਾਜ਼ ਵਿੱਚ ਜਵਾਬ ਦਿੱਤਾ, ‘‘ਕਿਸਮਤ ਦੇ ਸਿਤਾਰੇ ਦਾ ਤਾਂ ਪਤਾ ਨਹੀਂ, ਪਰ ਇਸ ਟਕਰਾਅ ਨੇ ਅੱਖਾਂ ਸਾਹਮਣੇ ਤਾਰੇ ਜ਼ਰੂਰ ਲਿਆ ਦਿੱਤੇ ਹਨ।’’
ਸੰਪਰਕ: 82830-66125

