ਸ਼ੇਕਸਪੀਅਰ ਦਾ ਪਿੰਡ ਸਟੈਟਫਰਡ ਅਪੌਨ ਏਵਨ
ਵਰ੍ਹਿਆਂ ਪਹਿਲਾਂ ਸਾਡਾ ਪ੍ਰੋਗਰਾਮ ਸ਼ੇਕਸਪੀਅਰ ਦੇ ਜਨਮ ਸਥਾਨ ਸਟੈਟਫਰਡ ਅਪੌਨ ਏਵਨ ਨੂੰ ਦੇਖਣ ਜਾਣ ਦਾ ਸੀ। ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ। ਚਾਅ ਵੀ ਸੀ। ਇਉਂ ਸਫ਼ਰ ਕਰਦੇ ਅਸੀਂ ਸਟੈਟਫਰਡ ਅਪੌਨ ਏਵਨ ਦੀ ਜੂਹ ’ਚ ਆ ਪਹੁੰਚੇ ਸਾਂ। ਅੱਗੇ...
ਵਰ੍ਹਿਆਂ ਪਹਿਲਾਂ ਸਾਡਾ ਪ੍ਰੋਗਰਾਮ ਸ਼ੇਕਸਪੀਅਰ ਦੇ ਜਨਮ ਸਥਾਨ ਸਟੈਟਫਰਡ ਅਪੌਨ ਏਵਨ ਨੂੰ ਦੇਖਣ ਜਾਣ ਦਾ ਸੀ। ਮਨ ਵਿੱਚ ਬਹੁਤ ਕੁਝ ਚੱਲ ਰਿਹਾ ਸੀ। ਚਾਅ ਵੀ ਸੀ। ਇਉਂ ਸਫ਼ਰ ਕਰਦੇ ਅਸੀਂ ਸਟੈਟਫਰਡ ਅਪੌਨ ਏਵਨ ਦੀ ਜੂਹ ’ਚ ਆ ਪਹੁੰਚੇ ਸਾਂ। ਅੱਗੇ ਆਉਂਦੇ ਬੋਰਡਾਂ ’ਤੇ ਲਿਖੇ ਨਾਂ ਅਤੇ ਵੇਰਵੇ ਸਾਹਿਤ ਅਤੇ ਖ਼ਾਸਕਰ ਸ਼ੇਕਸਪੀਅਰ ਦੇ ਨਾਟਕਾਂ ਵਿੱਚ ਮਿਲਦੇ ਹਨ। ਕਦੇ ਏਵਨ ਦਰਿਆ ਕੰਢੇ ਵਸਿਆ ਇਹ ਪਿੰਡ ਹੁਣ ਕਸਬਾਨੁਮਾ ਸ਼ਹਿਰ ਹੈ। ਵਿਲੀਅਮ ਸ਼ੇਕਸਪੀਅਰ ਦੀ ਹੋਂਦ ਸੜਕਾਂ, ਉੱਥੋਂ ਦੇ ਮਾਹੌਲ, ਇਮਾਰਤਾਂ ਦੇ ਨਾਵਾਂ ਅਤੇ ਸੰਕੇਤਾਂ ’ਚੋਂ ਨਜ਼ਰ ਆਉਂਦੀ ਹੈ। ਉੱਥੇ ਉਸ ਦੇ ਨਾਟਕਾਂ ਦੇ ਕਿਰਦਾਰਾਂ ਦੇ ਬੁੱਤ ਅਤੇ ਬੁੱਤ ਹੇਠਾਂ ‘ਐਜ਼ ਯੂ ਲਾਈਕ ਇਟ/ ਟਵੈਲਵਥ ਨਾਈਟ’ ਤੇ ਹੋਰ ਨਾਟਕਾਂ ਵਿੱਚੋਂ ਹਵਾਲਾ ਖੁਣਿਆ ਹੋਇਆ ਹੈ। ਅੱਜ 21ਵੀਂ ਸਦੀ ਵਿੱਚ ਵੀ 16ਵੀਂ ਸਦੀ ਦੇ ਇਸ ਮਹਾਨ ਸਾਹਿਤਕਾਰ ਸ਼ੇਕਸਪੀਅਰ ਬਾਰੇ ਜਾਣਨ ਵਿੱਚ ਸੈਲਾਨੀਆਂ ਦੀ ਦਿਲਚਸਪੀ ਦੇਖ ਕੇ ਚੰਗਾ ਲੱਗਿਆ ਕਿਉਂਕਿ ਉਹ ਜਜ਼ਬਿਆਂ ਤੇ ਮਨੁੱਖੀ ਮਨ ਦੀਆਂ ਤਹਿਆਂ ਵਿੱਚ ਝਾਕ ਕੇ ਦੇਖ ਲੈਂਦਾ ਸੀ। ਇਸੇ ਲਈ ਮਨੁੱਖੀ ਸੁਭਾਅ, ਆਦਤਾਂ, ਅਕਲਾਂ, ਮੁਹੱਬਤਾਂ, ਨਫ਼ਰਤਾਂ ਦਾ ਵਰਣਨ ਅਤੇ ਉਨ੍ਹਾਂ ਦੀ ਪੜਚੋਲ ਕਰਨ ਦੀ ਸੂਝ ਤੇ ਸਮਰੱਥਾ ਰੱਖਦਾ ਸੀ। ਉਸ ਦਾ ਇਹ ਕਾਰਜ ਅੱਜ ਵੀ ਓਨਾ ਹੀ ਨਵਾਂ ਤੇ ਸੱਚਾ ਹੈ ਜਿੰਨਾ ਉਦੋਂ ਸੀ। ਅਜਿਹੇ ਮਨੁੱਖ ਆਪਣੀਆਂ ਲਿਖਤਾਂ ਵਿੱਚ ਜਿਊਂਦੇ ਰਹਿੰਦੇ ਹਨ, ਮਰਦੇ ਨਹੀਂ। ਇਸੇ ਲਈ ਹਰ ਸਦੀ ਵਿੱਚ ਭਟਕਦੇ, ਪਿਆਸੇ, ਉਲਝਣਾਂ ਵਿੱਚ ਉਲਝੇ, ਤਲਖ਼ੀਆਂ ਦੇ ਸਤਾਏ, ਮੁਹੱਬਤਾਂ ਵਿੱਚ ਗੜੁੱਚ, ਨਫ਼ਰਤ ਤੇ ਈਰਖਾ ਨੂੰ ਆਪਣੇ ਅੰਦਰ ਜਜ਼ਬ ਕਰਦੇ ਹੋਏ ਮਨੁੱਖਾਂ ਦੀ ਦਾਸਤਾਨ ਨੂੰ ਚਿੱਤਰਣ ਵਾਲੇ ਸ਼ੇਕਸਪੀਅਰ ਵਰਗੇ ਦਿਲਚਸਪੀ ਦਾ ਕੇਂਦਰ ਬਣੇ ਰਹਿਣਗੇ।
ਹੁਣ ਅਸੀਂ ਸ਼ੇਕਸਪੀਅਰ ਦੇ ਘਰ ਅੱਗੇ ਖੜ੍ਹੇ ਸਾਂ। ਅੰਦਰ ਜਾਣ ਲਈ ਕੋਈ ਟਿਕਟ ਨਹੀਂ ਸੀ। ਸੋਲ੍ਹਵੀਂ ਸਦੀ ਦਾ ਇਹ ਘਰ ਸ਼ੇਕਸਪੀਅਰ ਦਾ ਜਨਮ ਸਥਾਨ ਸੀ। ਉਹ ਮੇਰਾ ਮਨਪਸੰਦ ਲੇਖਕ ਸੀ। ਉੱਥੇ ਪਹੁੰਚ ਕੇ ਪਤਾ ਨਹੀਂ ਕਿਉਂ ਮੈਂ ਜਜ਼ਬਾਤੀ ਹੋ ਗਈ। ਖ਼ੁਸ਼ੀ ਨਾਲ ਅੱਖਾਂ ਵਹਿ ਤੁਰੀਆਂ। ਮੇਰੇ ਲਈ ਇਹ ਪਵਿੱਤਰ ਥਾਂ ਸੀ ਕਿਉਂ ਜੋ ਅੰਗਰੇਜ਼ੀ ਸਾਹਿਤ ਦਾ ਇਹ ਬਾਬਾ ਬੋਹੜ ਇਸੇ ਮਿੱਟੀ ’ਚ ਜਨਮਿਆ ਸੀ ਅਤੇ ਉਸ ਨੇ ਹਾਸਰਸ, ਦੁਖਾਂਤ, ਇਤਿਹਾਸਕ ਨਾਟਕ ਅਤੇ 154 ਸੌਨੈੱਟ (14 ਪੰਕਤੀਆਂ ਦੀ ਕਵਿਤਾ) ਲਿਖੇ। ਜੁਆਨ ਹੋਇਆ, ਵਿਆਹਿਆ, ਇਸ਼ਕ ਕੀਤਾ, ਪਰਿਵਾਰ ਵਧਾਇਆ, ਪਰਿਵਾਰ ਨਾਲ ਜੀਵਿਆ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਿਹਤਮੰਦ, ਰੁਮਾਂਚਿਤ ਕਰਨ ਵਾਲਾ ਸਾਹਿਤ ਦੇ ਕੇ ਆਪ ਅਮਰ ਹੋ ਗਿਆ। ਹੁਣ ਮੈਂ ਉਸ ਧਰਤੀ ’ਤੇ ਉਸ ਰਚਨਾਕਾਰ ਦੇ ਘਰ ’ਚ ਖੜ੍ਹੀ ਸਾਂ। ਮੇਰੇ ਲਈ ਇਹ ਇੱਕ ਤਰ੍ਹਾਂ ਨਾਲ ਹਾਸਲ ਸੀ। ਘਰ ’ਚ ਵੜਦਿਆਂ ਹੀ ਖੱਬੇ ਪਾਸੇ ਕੰਧ ’ਤੇ ਤਾਂਬੇ ਦੀਆਂ ਗੋਲ ਪਲੇਟਾਂ ਲੱਗੀਆਂ ਹੋਈਆਂ ਸਨ, ਜਿਨ੍ਹਾਂ ਉੱਤੇ ਉਸ ਦੀਆਂ ਸਾਰੀਆਂ ਸਾਹਿਤਕ ਕਿਰਤਾਂ ਦੇ ਨਾਮ ਰਚਨਾ ਦੇ ਵਰ੍ਹੇ ਸਮੇਤ ਬਹੁਤ ਸੁਚੱਜੇ ਢੰਗ ਨਾਲ ਦਰਸ਼ਕਾਂ ਲਈ ਪ੍ਰਦਰਸ਼ਿਤ ਕੀਤੇ ਹੋਏ ਸਨ। ਫਿਰ ਅਸੀਂ ਉਸ ਦੀ ਉਮਰ ਦੇ ਵੱਖ-ਵੱਖ ਪੜਾਵਾਂ ਨੂੰ ਦਰਸਾਉਂਦੀਆਂ ਫੋਟੋਆਂ ਕੈਪਸ਼ਨਾਂ ਸਮੇਤ ਦੇਖੀਆਂ। ਉਸ ਦਾ ਲਿਖਣ ਵਾਲਾ ਟੇਬਲ, ਉਸ ਦਾ ਕਮਰਾ ਅਤੇ ਉਸ ਦੀ ਕੁਰਸੀ ਜਿਸ ’ਤੇ ਸ਼ੇਕਸਪੀਅਰ ਦਾ ਬੁੱਤ ਬਣਾ ਕੇ ਬਿਠਾਇਆ ਗਿਆ ਸੀ ਤੇ ਹੱਥ ਵਿੱਚ ਖੰਭ ਦੀ ਬਣੀ ਕਲਮ ਫੜੀ ਇੰਜ ਲੱਗਦਾ ਸੀ ਜਿਵੇਂ ਸ਼ੇਕਸਪੀਅਰ ਬੈਠਾ ਆਪਣੇ ਵਿਸ਼ਵ ਪ੍ਰਸਿੱਧ ਨਾਟਕ ਲਿਖ ਰਿਹਾ ਹੋਵੇ। ਕਮਰੇ ਦੀਆਂ ਲੱਕੜ ਦੀਆਂ ਬਣੀਆਂ ਪੌੜੀਆਂ ਅਸੁਰੱਖਿਅਤ ਮਹਿਸੂਸ ਹੁੰਦੀਆਂ ਸਨ। ਖੜਖੜ ਦੀ ਆਵਾਜ਼ ਆਉਂਦੀ ਸੀ। ਘਰ ਪੁਰਾਣਾ ਹੋਣ ਕਰਕੇ ਵੀ ਅਜਿਹਾ ਹੋ ਸਕਦਾ ਹੈ। ਕਮਰੇ ਵਿੱਚ ਵੜਦਿਆਂ ਹੀ ਇੱਕ ਛੋਟਾ ਜਿਹਾ ਲਾਲ ਤੇ ਕਰੀਮ ਰੰਗ ਦਾ ਮਖ਼ਮਲੀ ਬੈੱਡ ਵੀ ਦਿਸਦਾ ਹੈ, ਜਿਸ ਉੱਤੇ ਛਤਰ ਵੀ ਹੈ, ਪਰ ਮੇਰੇ ਮਨ ’ਚ ਆਇਆ ਕਿ ਇਹ ਬੈੱਡ ਏਨਾ ਛੋਟਾ ਹੈ, ਇੱਥੇ ਕੋਈ ਆਰਾਮ ਕਿਵੇਂ ਕਰ ਸਕਦਾ ਹੋਵੇਗਾ। ਇਸ ਘਰ ਵਿੱਚ ਸਭ ਤੋਂ ਖ਼ੂਬਸੂਰਤ ਪੁਰਾਤਨ ਚੀਜ਼ ਸ਼ੀਸ਼ੇ ਦਾ ਬੋਰਡ ਹੈ, ਜਿਸ ਵਿੱਚ ਸਾਹਿਤ ਜਗਤ ਦੇ ਦਿੱਗਜ ਟੌਮਸ ਹਾਰਡੀ ਦੇ ਹਸਤਾਖਰ ਖੁਣੇ ਹੋਏ ਹਨ। ਘਰ ਵਿੱਚ ਰਸੋਈ, ਸਟੋਰ, ਨੌਕਰ ਲਈ ਕਮਰਾ ਤੇ ਡਾਈਨਿੰਗ ਰੂਮ ਦੀਆਂ ਨਕਲਾਂ ਵੀਹਨ, ਜੋ ਉਸ ਪੁਰਾਣੀ ਦੁਨੀਆ ਦੀ ਖ਼ੂਬਸੂਰਤੀ ਨੂੰ ਦਰਸਾਉਂਦੀਆਂ ਹਨ। ਇਹ ਉਸ ਮਾਹੌਲ ਦੀ ਨਕਲ ਹੀ ਹਨ, ਪਰ ਘਰ ਵਿੱਚ ਅਸਲੀ ਪੱਥਰ ਤੇ ਬਲੂੁਤ ਦੇ ਰੁੱਖ ਦੀਆਂ ਸ਼ਤੀਰੀਆਂ ਸ਼ੇਕਸਪੀਅਰ ਦੇ ਵੇਲੇ ਦੀਆਂ ਹੀ ਹਨ। ਇੱਥੇ ਹੀ ਉਸ ਦੀਆਂ ਜ਼ਿੰਦਗੀ ਨਾਲ ਸਬੰਧਿਤ ਕਲਾ-ਕ੍ਰਿਤਾਂ ਵੀ ਵੇਖੀਆਂ ਜਾ ਸਕਦੀਆਂ ਹਨ। ਇਸੇ ਘਰ ਵਿੱਚ ਸ਼ੇਕਸਪੀਅਰ ਦੀਆਂ ਕੁਝ ਨਿੱਜੀ ਚੀਜ਼ਾਂ ਪਈਆਂ ਦੇਖੀਆਂ, ਜੋ ਉਸ ਨੇ ਆਪਣੇ ਬੱਚਿਆਂ ਤੇ ਰਿਸ਼ਤੇਦਾਰਾਂ ਨੂੰ ਵਸੀਅਤ ਵਜੋਂ ਦਿੱਤੀਆਂ ਸਨ। ਸ਼ੇਕਸਪੀਅਰ ਦੇ ਹੱਥ-ਲਿਖਤ ਖਰੜੇ ਵੀ ਹਨ, ਜਿਨ੍ਹਾਂ ’ਤੇ ਕੁਝ ਸ਼ਬਦ ਲਿਖ ਕੇ ਕੱਟੇ ਹੋਏ ਹਨ। ਦਰਅਸਲ, ਇਹ ਲਿਖਣ ਵੇਲੇ ਸ਼ੇਕਸਪੀਅਰ ਦੇ ਮਨ ਦੇ ਦਵੰਦ ਨੂੰ ਦਰਸਾਉਂਦੇ ਹਨ। ਫਿਰ ਅਸੀਂ ਉਹ ਕਮਰਾ ਦੇਖਿਆ, ਜਿੱਥੇ ਉਸ ਦਾ ਜਨਮ ਹੋਇਆ ਸੀ। ਉਸ ਵੇਲੇ ਵਰਤੇ ਜਾਂਦੇ ਬਿਸਤਰ ਦੀ ਨਕਲ ਅਤੇ ਹੋਰ ਘਰੇਲੂ ਸਾਮਾਨ ਦੇਖ ਕੇ ਦਰਸ਼ਕ ਉਸ ਦੀ ਘਰੇਲੂ ਜ਼ਿੰਦਗੀ ਤੇ ਉਸ ਦੌਰ ਬਾਰੇ ਅੰਦਾਜ਼ਾ ਲਗਾ ਸਕਦੇ ਹਨ। ਚਾਹੇ ਇਹ ਨਕਲਾਂ ਹੀ ਹਨ, ਪਰ ਇਹ ਸਭ ਕੁਝ ਉਸ ਦੀਆਂ ਲਿਖਤਾਂ ਤੇ ਉਸ ਦੌਰ ਦੀ ਜੀਵਨ ਜਾਚ ਨੂੰ ਸਮਝ ਕੇ ਬਣਾਏ ਗਏ ਹਨ।
ਫਿਰ ਅਸੀਂ ਸ਼ੇਕਸਪੀਅਰ ਦੀ ਪਤਨੀ ਐਨੀ ਹੈਥਵੇਅ ਦਾ ਛੋਟਾ ਜਿਹਾ ਖ਼ੂਬਸੂਰਤ ਘਰ ਵੀ ਦੇਖਿਆ। ਉਹ ਬਾਗ਼ ਵੀ ਦੇਖਿਆ, ਜਿੱਥੇ ਸ਼ੇਕਸਪੀਅਰ ਖੇਡਦਾ ਹੋਵੇਗਾ। ਇਸ ਬਾਗ਼ ’ਚ 400 ਸਾਲ ਪੁਰਾਣਾ ਦਰੱਖ਼ਤ ਵੀ ਦੇਖਿਆ। ਜਿੱਥੇ ਨੌਜਵਾਨ ਤੇ ਰੁਮਾਂਟਿਕ ਸ਼ੇਕਸਪੀਅਰ ਨੇ ਇਸ਼ਕ ਵੀ ਕੀਤਾ ਤੇ ਉਸ ਨੂੰ ਆਪਣੀ ਪਤਨੀ ਵੀ ਬਣਾਇਆ।
ਸ਼ੇਕਸਪੀਅਰ ਦੇ ਹਨੇਰੇ ਛੋਟੇ ਜਿਹੇ ਕਮਰੇ ਤੇ ਮੇਜ਼ ’ਤੇ ਖਿੰਡੀਆਂ ਚੀਜ਼ਾਂ, ਪੜ੍ਹਨ-ਲਿਖਣ ਦਾ ਸਾਮਾਨ ਅਤੇ ਕਮਰੇ ਦਾ ਆਕਾਰ ਦੇਖ ਕੇ ਮੈਂ ਸੋਚ ਰਹੀ ਸੀ ਕਿ ਮਨੁੱਖੀ ਮਨ ਦੀਆਂ ਉਡਾਰੀਆਂ ਨੂੰ ਕੋਈ ਕੰਧ, ਹਨੇਰਾ ਜਾਂ ਆਕਾਰ ਰੋਕ ਨਹੀਂ ਸਕਦਾ। ‘ਦਿਲ ਦਰਿਆ’ ਨੂੰ ਰੂ-ਬ-ਰੂ ਹੁੰਦੀ ਮੈਂ ਸੋਚਣ ਲਈ ਮਜਬੂਰ ਹੋ ਗਈ ਕਿ ਤੁਹਾਡੇ ਮਨ ਦੀ ਇਕਾਗਰਤਾ ਤਾਂ ਮਾਨਸਿਕ ਅਨੁਸ਼ਾਸਨ ਸਦਕਾ ਹੀ ਹੁੰਦੀ ਹੈ। ਜੇ ਇਹ ਤੁਹਾਡੀ ਹੋ ਜਾਵੇ ਤਾਂ ਮਨ ਦੀ ਦੁਨੀਆ ਦੇ ਹੁਲਾਰੇ ਤੇ ਉਡਾਰੀਆਂ ਨੂੰ ਮਨੁੱਖ ਕਿਸੇ ਵੀ ਥਾਂ, ਹਾਲਤ ਜਾਂ ਅਵਸਥਾ ਵਿੱਚ ਹੁੰਦੇ ਹੋਏ ਮਾਣ ਸਕਦਾ ਹੈ। ਅਪਰੈਲ, 1564 ਵਿੱਚ ਇੱਥੇ ਜੰਮਿਆ ਸ਼ੇਕਸਪੀਅਰ ਆਪਣੇ ਮਾਪਿਆਂ ਦੀ ਤੀਜੀ ਔਲਾਦ ਸੀ। ਉਸ ਨੇ ਮੁੱਢਲੀ ਸਿੱਖਿਆ ਕਿੰਗ ਐਡਵਰਡ ਸਕੂਲ ਵਿੱਚੋਂ ਲਈ। ਇੱਥੇ ਉਸ ਨੇ ਲਾਤੀਨੀ ਤੇ ਯੂਨਾਨੀ ਭਾਸ਼ਾਵਾਂ ਦਾ ਗਿਆਨ ਵੀ ਹਾਸਲ ਕੀਤਾ। ਉਸ ਦੇ ਜਨਮ ਤੋਂ ਤਿੰਨ ਦਿਨ ਬਾਅਦ ਹੋਲੀ ਟ੍ਰਿਨਿਟੀ ਚਰਚ ਵਿੱਚ ਉਸ ’ਤੇ ਪਵਿੱਤਰ ਜਲ ਛਿੜਕਿਆ ਗਿਆ ਤੇ ਇਸੇ ਚਰਚ ਵਿੱਚ 52 ਸਾਲ ਬਾਅਦ ਉਸ ਨੂੰ ਦਫ਼ਨਾਇਆ ਗਿਆ। ਉਸ ਦਾ ਪਿਤਾ ਗ਼ਰੀਬ ਆਦਮੀ ਸੀ, ਜੋ ਦਸਤਾਨੇ ਬਣਾ ਕੇ ਵੇਚਿਆ ਕਰਦਾ ਸੀ। ਉਸ ਦੇ ਘਰ ਵਿਚ ਟੈਨਰੀ/ਚਮੜੇ ਦੇ ਸਾਮਾਨ ਤੇ ਉਸ ਸਮੇਂ ਦੇ ਦਸਤਾਨਿਆਂ ਦਾ ਪ੍ਰਦਰਸ਼ਨ ਵੀ ਕੀਤਾ ਹੋਇਆ ਹੈ। ਉਸ ਦਾ ਬਾਪ ਜੌਹਨ ਸ਼ੇਕਸਪੀਅਰ ਤੇ ਮਾਂ ਮੈਰੀ ਆਰਡਨ ਇਸੇ ਅੱਧ-ਪਚੱਧੇ ਲੱਕੜ ਦੇ ਘਰ ਵਿੱਚ ਰਹਿੰਦੇ ਸਨ। ਇਹ ਘਰ ਉਨ੍ਹਾਂ ਨੇ 1597 ਵਿੱਚ ਖਰੀਦਿਆ ਸੀ। ਸ਼ੇਕਸਪੀਅਰ ਦਾ ਸਾਰਾ ਬਚਪਨ ਤੇ ਵਿਆਹ ਦੇ ਪਹਿਲੇ ਪੰਜ ਸਾਲ ਇਸੇ ਘਰ ਵਿੱਚ ਬੀਤੇ। ਸ਼ੇਕਸਪੀਅਰ ਉਦੋਂ 18 ਸਾਲ ਦਾ ਸੀ ਤੇ ਉਸ ਦੀ ਪਤਨੀ ਐਨੀ 26 ਸਾਲ ਦੀ ਜਦੋਂ ਇਨ੍ਹਾਂ ਨੂੰ ਮੁਹੱਬਤ ਹੋ ਗਿਆ ਤੇ ਇਨ੍ਹਾਂ ਸ਼ਾਦੀ ਕਰ ਲਈ। ਐਨੀ ਦਾ ਆਪਣਾ ਛੋਟਾ ਜਿਹਾ ਘਰ ਬਹੁਤ ਖ਼ੂਬਸੂਰਤ ਸੀ। ਇਸੇ ਘਰ ਵਿੱਚ ਉਨ੍ਹਾਂ ਦਾ ਪਿਆਰ ਪ੍ਰਵਾਨ ਚੜ੍ਹਿਆ। ਇਸੇ ਜਗ੍ਹਾ ਤੁਸੀਂ ਸ਼ੇਕਸਪੀਅਰ ਨੂੰ ਝੂਲੇ ਤੋਂ ਕਬਰ ਤੱਕ ਦੇਖ ਸਕਦੇ ਹੋ। ਉੱਥੇ ਜਾ ਕੇ ਮੈਨੂੰ ਪਤਾ ਲੱਗਾ ਕਿ ਸ਼ੇਕਸਪੀਅਰ ਦੀਆਂ ਤਿੰਨ ਧੀਆਂ ਸਨ। ਸ਼ੇਕਸਪੀਅਰ ਦੀ ਧੀ ਸੁਜ਼ੈਨ ਤੇ ਜਵਾਈ ਦਾ ਘਰ ਵੀ ਸ਼ੇਕਸਪੀਅਰ ਦੇ ਘਰ ਦੇ ਨੇੜੇ ਹੀ ਹੈ। ਇਸ ਪਿੰਡ ਤੋਂ ਸ਼ੇਕਸਪੀਅਰ ਦੇ ਲੰਡਨ ਚਲਾ ਗਿਆ ਅਤੇ ਉੱਥੇ ਐਕਟਿੰਗ ਵਿੱਚ ਵੀ ਹੱਥ ਅਜ਼ਮਾਇਆ, ਪਰ ਬਹੁਤਾ ਸਫ਼ਲ ਨਾ ਹੋਇਆ। ਫਿਰ ਉਹ ਲਿਖਣ ਲੱਗਿਆ ਅਤੇ ਇਸ ਵਿੱਚ ਸਫ਼ਲਤਾ ਮਿਲੀ। ਉਸ ਨੇ ਬਹੁਤ ਪੈਸਾ ਕਮਾਇਆ ਤੇ ਜਾਇਦਾਦ ਵਿੱਚ ਲਗਾਇਆ। ਇੱਥੇ ਹੀ ਉਸ ਨੇ ਮਗਰੋਂ ਗਲੋਬ ਥੀਏਟਰ ਬਣਵਾਇਆ। ਲਿਖਣਾ ਉਸ ਦਾ ਸਭ ਤੋਂ ਵੱਡਾ ਸ਼ੌਕ ਸੀ। ਇਸੇ ਸ਼ੌਕ ਨੇ ਉਸ ਤੋਂ ਏਨਾ ਕੁਝ ਲਿਖਵਾ ਦਿੱਤਾ ਕਿ ਉਹ ਦੁਨੀਆ ਦੇ ਅੰਗਰੇਜ਼ੀ ਸਾਹਿਤ ਜਗਤ ਦਾ ਚਮਕਦਾ ਸਿਤਾਰਾ ਬਣ ਗਿਆ। ਵਿਦਵਾਨ ਤੇ ਆਲੋਚਕ ਬੇਹੱਦ ਕੋਸ਼ਿਸ਼ਾਂ ਦੇ ਬਾਵਜੂਦ ਉਸ ਦੀ ਪ੍ਰਤਿਭਾ ਨੂੰ ਮੁਕੰਮਲ ਰੂਪ ਵਿੱਚ ਬਿਆਨ ਕਰਨ ’ਚ ਕਾਮਯਾਬ ਨਹੀਂ ਹੋ ਸਕੇ ਕਿਉਂਕਿ ਉਹ ਅਜਿਹਾ ਪ੍ਰਤਿਭਾਸ਼ਾਲੀ ਲੇਖਕ ਸੀ, ਜਿਸ ਨੇ ਮਨੁੱਖੀ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੋਹਿਆ ਅਤੇ ਹਾਲੇ ਤੱਕ ਕੋਈ ਹੋਰ ਉਸ ਦੀ ਬਰਾਬਰੀ ਨਹੀਂ ਕਰ ਸਕਿਆ। ਸ਼ੇਕਸਪੀਅਰ ਲਫ਼ਜ਼ਾਂ ਦਾ ਅਜਿਹਾ ਜਾਦੂਗਰ ਸੀ, ਜੋ ਜ਼ਿੰਦਗੀ ਨੂੰ ਹਰ ਪੱਖੋਂ ਵੱਖਰੇ ਨਜ਼ਰੀਏ ਤੋਂ ਦੇਖ ਸਕਦਾ ਸੀ। ਉਸ ਦੀ ਡੂੰਘਾਈ, ਸ਼ੈਲੀ ਅਤੇ ਲਫ਼ਜ਼ਾਂ ਨੂੰ ਪਰੋਣ ਦੀ ਕਲਾ ਅਜਿਹੀ ਸੀ ਕਿ ਸਾਹਿਤ ਜਗਤ ਦੇ ਦਿੱਗਜ ਵੀ ਉਸ ਦੀ ਥਾਹ ਨਹੀਂ ਪਾ ਸਕੇ। ਉਹ ਕਵੀਆਂ ਦਾ ਕਵੀ ਵੀ ਸੀ। ਮੈਂ ਸੋਚ ਰਹੀ ਸਾਂ ਕਿ ਇੱਥੇ ਆ ਕੇ ਹੀ ਉਸ ਦੀ ਦੁਨੀਆ ਨੂੰ ਨੇੜਿਉਂ ਤੱਕਿਆ ਜਾ ਸਕਿਆ ਹੈ। ਉਹ ਸਫ਼ਲ ਨਾਟਕਕਾਰ ਅਤੇ ਲੇਖਕ ਹੋਣ ਦੇ ਨਾਲ-ਨਾਲ ਸਾਦਾ ਪਰਿਵਾਰਕ ਆਦਮੀ ਅਤੇ ਆਪਣੇ ਪਿੰਡ ਦਾ ਪ੍ਰਮੁੱਖ ਬਾਸ਼ਿੰਦਾ ਵੀ ਸੀ। ਸੰਨ 1616 ਵਿੱਚ ਉਸ ਦੀ ਮ੍ਰਿਤਕ ਦੇਹ ਨੂੰ ਉਸੇ ਚਰਚ ਵਿੱਚ ਦਫ਼ਨਾਇਆ ਗਿਆ, ਜਿੱਥੇ ਉਸ ਦੇ ਜਨਮ ਵੇਲੇ ਪਵਿੱਤਰ ਜਲ ਛਿੜਕਿਆ ਗਿਆ ਸੀ, ਨਾ ਕਿ ਆਮ ਲੋਕਾਂ ਵਾਂਗ ਕਬਰਿਸਤਾਨ ਵਿੱਚ। ਉਸ ਵੇਲੇ ਆਮ ਰਿਵਾਜ ਸੀ ਕਿ ਪੁਰਾਣੀਆਂ ਕਬਰਾਂ ਵਿੱਚੋਂ ਮੁਰਦਿਆਂ ਨੂੰ ਬਾਹਰ ਕੱਢ ਕੇ ਨਵੀਆਂ ਮ੍ਰਿਤਕ ਦੇਹਾਂ ਲਈ ਥਾਂ ਬਣਾਈ ਜਾਂਦੀ ਸੀ ਅਤੇ ਸ਼ੇਕਸਪੀਅਰ ਨਹੀਂ ਸੀ ਚਾਹੁੰਦਾ ਕਿ ਉਸ ਦੀ ਮ੍ਰਿਤਕ ਦੇਹ ਨੂੰ ਕਿਸੇ ਹੋਰ ਥਾਂ ਤਬਦੀਲ ਕੀਤਾ ਜਾਵੇ ਅਤੇ ਇਹ ਉਸੇ ਥਾਂ ’ਤੇ ਰਹੇ, ਜਿੱਥੇ ਇਸ ਨੂੰ ਦਫ਼ਨਾਇਆ ਗਿਆ ਹੋੋਵੇ। ਉਸ ਦੀ ਪਤਨੀ ਤੇ ਹੋਰ ਰਿਸ਼ਤੇਦਾਰਾਂ ਦੀਆਂ ਕਬਰਾਂ ਉਸ ਦੀ ਕਬਰ ਦੇ ਨਾਲ ਹੀ ਹਨ।
ਸ਼ੇਕਸਪੀਅਰ ਦਾ ਘਰ ਚਾਰਲਸ ਡਿਕਨਜ਼ ਦੀਆਂ ਕੋਸ਼ਿਸ਼ਾਂ ਸਦਕਾ ਸੰਨ 1850 ਵਿੱਚ ਸ਼ੇਕਸਪੀਅਰ ਬਰਥ ਪਲੇਸ ਟਰੱਸਟ ਦੇ ਹਵਾਲੇ ਕੀਤਾ ਗਿਆ। ਇਸ ਮਗਰੋਂ ਘਰ ਦੀ ਬਗ਼ੀਚੀ ਵਿੱਚ ਉਹ ਰੁੱਖ ਤੇ ਫੁੱਲ-ਬੂਟੇ ਲਗਾਏ ਗਏ, ਜਿਨ੍ਹਾਂ ਦਾ ਵਰਣਨ ਉਸ ਦੇ ਨਾਟਕਾਂ ਵਿੱਚ ਮਿਲਦਾ ਹੈ। ਇਸ ਬਗ਼ੀਚੀ ਵਿਚਲਾ ਸ਼ਹਿਤੂਤ ਦਾ ਦਰੱਖਤ ਸ਼ੇਕਸਪੀਅਰ ਨੇ ਆਪਣੇ ਹੱਥੀਂ ਲਗਾਇਆ ਸੀ। ਉਸ ਦੇ ਪਿੰਡ (ਹੁਣ ਕਸਬਾ) ਸਟੈਟਫਰਡ ਅਪੌਨ ਏਵਨ ਦੇ ਲੋਕਾਂ ਅੰਦਰ ਪੱਛਮੀ ਜ਼ਿੰਦਗੀ ਦੇ ਉਲਟ ਠਰ੍ਹੰਮਾ ਨਜ਼ਰ ਆਇਆ।
ਸ਼ੇਕਸਪੀਅਰ ਦੀ ਆਖ਼ਰੀ ਲਿਖਤ ‘ਟੈਂਪਸਟ’ ਪੜ੍ਹ ਕੇ ਇਹ ਮਹਿਸੂਸ ਹੁੰਦਾ ਹੈ ਜਿਵੇਂ ਇਸ ਵਕਤ ਤੱਕ ਹਰ ਕੋਝੇ ਤੇ ਤਲਖ਼ ਤਜਰਬੇ ਵਿੱਚੋਂ ਨਿਕਲਦੇ ਹੋਏ ਉਸ ਦੇ ਮਨ ਨੂੰ ਸਕੂਨ ਮਿਲ ਗਿਆ ਹੋਵੇ ਤੇ ਜ਼ਿਆਦਤੀ ਕਰਨ ਵਾਲਿਆਂ ਨੂੰ ਉਸ ਨੇ ਮੁਆਫ਼ ਕਰ ਦਿੱਤਾ ਹੋਵੇ। ਇਸ ਮਗਰੋਂ 1612 ਵਿੱਚ ਉਸ ਨੇ ਲਿਖਣਾ ਬੰਦ ਕਰ ਦਿੱਤਾ। ਸਭ ਚੀਜ਼ਾਂ ਤੋਂ ਮੁਕਤ ਹੋ ਕੇ ਸਟੈਟਫਰਡ ਵਿੱਚ ਏਵਨ ਦਰਿਆ ਕੰਢੇ ਵਸੇ ਇਸ ਪਿੰਡ ਵਿੱਚ ਜ਼ਮੀਨ ਖਰੀਦੀ ਅਤੇ ਆਪਣੇ ਪੁਰਖਿਆਂ ਦੇ ਪਿੰਡ ਵਿਚਲੇ ਵਧੀਆ ਘਰ ਵਿੱਚ ਜ਼ਿੰਦਗੀ ਦੇ ਬਾਕੀ ਚਾਰ ਸਾਲ ਸਭ ਰੁਝੇਵਿਆਂ ਤੋਂ ਮੁਕਤ ਤੇ ਸਾਦੇ ਕਿਸਾਨਾਂ ਵਾਲਾ ਜੀਵਨ ਜਿਊਂਦੇ ਹੋਏ ਬਤੀਤ ਕੀਤੇ।
ਇਹ ਸਭ ਦੇਖ ਕੇ ਅਸੀਂ ਸਰੀਰ ਪੱਖੋਂ ਤਾਂ ਥੱਕ ਗਏ ਸਾਂ, ਪਰ ਮਨ ਸ਼ੇਕਸਪੀਅਰ ਦੇ ਸਮੇਂ ਵਿੱਚ ਹੀ ਘੁੰਮ ਰਿਹਾ ਸੀ। ਮੈਂ ਬੈਂਚ ’ਤੇ ਜਾ ਬੈਠੀ। ਸ਼ੇਕਸਪੀਅਰ ਦਾ ਛੋਟਾ ਜਿਹਾ ਕਮਰਾ ਮਨ ਦੀਆਂ ਅੱਖਾਂ ਨਾਲ ਦੁਬਾਰਾ ਵੇਖ ਰਹੀ ਸਾਂ। ਉਸ ਦਾ ਸਾਰਾ ਮਾਹੌਲ ਮੇਰੇ ਮਨ ਵਿੱਚ ਸਮਾ ਗਿਆ। ਜਾਪਦਾ ਹੈ ਜਿਵੇਂ ਸ਼ੇਕਸਪੀਅਰ ਨੇ ਸਾਰੇ ਵਲਵਲੇ, ਸਮਝਾਂ ਤੇ ਜਜ਼ਬੇ ਆਪਣੇ ਮਨ ਦੀ ਦੁਨੀਆ ਵਿੱਚ ਸਾਂਭ ਲਏ ਹੋਣ ਅਤੇ ਇਨ੍ਹਾਂ ਨੂੰ ਛੋਟੇ ਜਿਹੇ ਕਮਰੇ ਦੀ ਚਾਰਦੀਵਾਰੀ ਦੇ ਮੁਥਾਜ ਨਹੀਂ ਹੋਣ ਦਿੱਤਾ। ਉਹ ਇਸ ਛੋਟੇ ਜਿਹੇ ਕਮਰੇ ਦੀਆਂ ਝੀਥਾਂ, ਖਿੜਕੀਆਂ, ਦਰਵਾਜ਼ੇ ਜਾਂ ਕੰਧਾਂ ਤੋਂ ਪਾਰ ਆਪਣੀ ਸਾਹਿਤਕ ਖੁਸ਼ਬੂ ਸਾਹਿਤ ਜਗਤ ਵਿੱਚ ਬਿਖੇਰ ਗਿਆ। ਹਵਾਵਾਂ ਵਿੱਚ ਬਿਖਰੇ ਉਸ ਦੇ ਜਜ਼ਬੇ ਤੇ ਅਹਿਸਾਸਾਂ ਨੂੰ ਕੋਈ ਆਪਣੀ ਨਿੱਜੀ ਮਲਕੀਅਤ ਨਹੀਂ ਬਣਾ ਸਕਿਆ। ਸ਼ੇਕਸਪੀਅਰ ਦੀਆਂ ਲਿਖਤਾਂ ਸਾਰੀਆਂ ਵਲਗਣਾਂ ਟੱਪ ਕੇ ਸਾਰੇ ਵਰਗਾਂ ਤੇ ਖਿੱਤਿਆਂ ਦੇ ਲੋਕਾਂ ਦੇ ਮਨਾਂ ਵਿੱਚ ਵਸ ਗਈਆਂ। ਇਸ ਮਹਾਨ ਸਾਹਿਤਕਾਰ ਨੂੰ ਸਿਜਦਾ ਕਰਕੇ ਅਸੀਂ ਅੱਗੇ ਵਧੇ। ‘ਗੀਤਾਂਜਲੀ’ ਸਦਕਾ ਸਾਹਿਤ ਵਿੱਚ ਨੋਬੇਲ ਪੁਰਸਕਾਰ ਜਿੱਤਣ ਵਾਲੇ ਰਾਬਿੰਦਰਨਾਥ ਟੈਗੋਰ ਦਾ ਬੁੱਤ ਵੀ ਇੱਥੇ ਲੱਗਿਆ ਸੀ।
ਦੁਨੀਆ ਦੇ ਸਿਰਕੱਢ ਲੇਖਕ ਦੇ ਜਨਮ ਸਥਾਨ ਦੇ ਬਗ਼ੀਚੇ ’ਚ ਆਪਣੇ ਦੇਸ਼ ਦੇ ਵੱਡੇ ਕਵੀ ਦਾ ਬੁੱਤ ਦੇਖਣਾ ਮੇਰੇ ਲਈ ਵੀ ਮਾਣ ਵਾਲੀ ਗੱਲ ਸੀ। ਇੱਥੇ ਲੱਗਿਆ ਟੈਗੋਰ ਦਾ ਬੁੱਤ ਦੇਖ ਕੇ ਬੜਾ ਕੁਝ ਹੋਰ ਵੀ ਯਾਦ ਆਇਆ। ਸ਼ੇਕਸਪੀਅਰ ਦੇ ਮਾਣ ਵਿੱਚ ਉਸ ਦੀ 300 ਸਾਲਾ ਬਰਸੀ ਮੌਕੇ ਟੈਗੋਰ ਨੇ 1916 ਵਿੱਚ ਇੱਕ ਨਜ਼ਮ ਲਿਖੀ ਸੀ। ਸ਼ੇਕਸਪੀਅਰ ਬਾਰੇ ਟੈਗੋਰ ਦੀ ਲਿਖੀ ਨਜ਼ਮ ਪੜ੍ਹ ਕੇ ਸਾਲ 1991 ਤੋਂ 1997 ਤੱਕ ਲੰਡਨ ਵਿੱਚ ਭਾਰਤੀ ਹਾਈ ਕਮਿਸ਼ਨਰ ਰਹੇ ਡਾ. ਲਕਸ਼ਮੀ ਮੱਲ ਸਿੰਘਵੀ ਬਹੁਤ ਪ੍ਰਭਾਵਿਤ ਹੋਏ। ਉਨ੍ਹਾਂ ਨੂੰ ਸ਼ੇਕਸਪੀਅਰ ਦੇ ਪਿੰਡ ਵਿੱਚ ਟੈਗੋਰ ਦੀ ਪੱਕੀ ਯਾਦ ਸਥਾਪਤ ਕਰਵਾਉਣ ਦਾ ਖ਼ਿਆਲ ਆਇਆ। ਫਿਰ ਬਹੁਤ ਸਾਲਾਂ ਬਾਅਦ 1995 ਵਿੱਚ ਪੱਛਮੀ ਬੰਗਾਲ ਦੇ ਤਤਕਾਲੀ ਮੁੱਖ ਮੰਤਰੀ ਜਿਓਤੀ ਬਾਸੂ ਨੇ ਸ਼ੇਕਸਪੀਅਰ ਦੇ ਜਨਮ ਅਸਥਾਨ ਟਰੱਸਟ ਨੂੰ ਟੈਗੋਰ ਦਾ ਤਾਂਬੇ ਦਾ ਬਣਿਆ ਬੁੱਤ ਭੇਂਟ ਕੀਤਾ। ਇਸ ਬੁੱਤ ਦੇ ਥੜ੍ਹੇ ਉੱਤੇ ਟੈਗੋਰ ਦੀ ਨਜ਼ਮ ਬੰਗਾਲੀ ਤੇ ਅੰਗਰੇਜ਼ੀ ਵਿੱਚ ਉੱਕਰੀ ਹੋਈ ਹੈ। ਹੁਣ ਇਹ ਟਰੱਸਟ ਸ਼ੇਕਸਪੀਅਰ ਦੇ ਜਨਮ ਅਸਥਾਨ ’ਤੇ ਹਰ ਸਾਲ 7 ਮਈ ਨੂੰ ਟੈਗੋਰ ਦਾ ਜਨਮ ਦਿਨ ਮਨਾਉਂਦਾ ਹੈ।
ਮੈਂ ਬੈਠੀ-ਬੈਠੀ ਸੋਚ ਰਹੀ ਸਾਂ ਕਿ ਸ਼ੇਕਸਪੀਅਰ ਆਪਣੀਆਂ ਲਿਖਤਾਂ ਸਦਕਾ ਕੌਮਾਂਤਰੀ ਪ੍ਰਸਿੱੱਧੀ ਵਾਲੀ ਅਜਿਹੀ ਸ਼ਖ਼ਸੀਅਤ ਬਣਿਆ ਕਿ ਹੱਦਬੰਦੀਆਂ ਉਸ ਦੀ ਪ੍ਰਸਿੱਧੀ ਨੂੰ ਰੋਕ ਨਾ ਸਕੀਆਂ। ਇਸੇ ਲਈ ਪਾਠਕਾਂ ਨੂੰ ਉਸ ਦੇ ਨਾਟਕਾਂ ਦੇ ਪਾਤਰਾਂ ਨਾਲ ਮਨਾਂ ਦੀ ਸਾਂਝ ਮਹਿਸੂਸ ਹੁੰਦੀ ਹੈ। ਉਸ ਦੀਆਂ ਲਿਖਤਾਂ ਅਜਿਹੀਆਂ ਹਨ ਕਿ ਉਨ੍ਹਾਂ ਨੂੰ ਕਿਸੇ ਵੀ ਭਾਸ਼ਾ ਜਾਂ ਕਲਾ ਵਿੱਚ ਢਾਲਿਆ ਜਾਂ ਸਮੇਟਿਆ ਜਾ ਸਕਦਾ ਹੈ।
ਸ਼ੇਕਸਪੀਅਰ ਨੂੰ ਮਹਿਸੂਸ ਕਰ ਕੇ ਉਸ ਦੀ ਯਾਦ ਨੂੰ ਸਿਜਦਾ ਕਰਦਿਆਂ ਅਸੀਂ ਉੱਥੋਂ ਵਾਪਸੀ ਦੇ ਸਫ਼ਰ ਲਈ ਰਵਾਨਾ ਹੋ ਗਏ।
ਸੰਪਰਕ: 98144-31175

