ਜ਼ਬਤਸ਼ੁਦਾ ਪੰਜਾਬੀ ਪ੍ਰਕਾਸ਼ਨਾਵਾਂ
ਬਸਤੀਵਾਦੀ ਸੈਂਸਰਸ਼ਿਪ ਦਾ ਕਾਰਜ ਸਿਰਫ਼ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣਾ ਨਹੀਂ ਸੀ। ਉਹ ਇਹ ਵੀ ਪਰਿਭਾਸ਼ਿਤ ਕਰਦਾ ਸੀ ਕਿ ਸਟੇਟ ਕਿਸ ਨੂੰ ਖ਼ਤਰਨਾਕ ਸਮਝਦੀ ਹੈ। ਲਿਖੇ-ਬੋਲੇ ਸ਼ਬਦਾਂ ਨੂੰ ਜੁਰਮ ਦੇ ਸਬੂਤ ਵਿੱਚ ਬਦਲਿਆ ਜਾਂਦਾ। ਉਨ੍ਹਾਂ ਦੇ ਪ੍ਰਸਾਰ ਨੂੰ ਕਾਬੂ ਕਰਨ...
ਬਸਤੀਵਾਦੀ ਸੈਂਸਰਸ਼ਿਪ ਦਾ ਕਾਰਜ ਸਿਰਫ਼ ਅਸਹਿਮਤੀ ਦੀ ਆਵਾਜ਼ ਨੂੰ ਦਬਾਉਣਾ ਨਹੀਂ ਸੀ। ਉਹ ਇਹ ਵੀ ਪਰਿਭਾਸ਼ਿਤ ਕਰਦਾ ਸੀ ਕਿ ਸਟੇਟ ਕਿਸ ਨੂੰ ਖ਼ਤਰਨਾਕ ਸਮਝਦੀ ਹੈ। ਲਿਖੇ-ਬੋਲੇ ਸ਼ਬਦਾਂ ਨੂੰ ਜੁਰਮ ਦੇ ਸਬੂਤ ਵਿੱਚ ਬਦਲਿਆ ਜਾਂਦਾ। ਉਨ੍ਹਾਂ ਦੇ ਪ੍ਰਸਾਰ ਨੂੰ ਕਾਬੂ ਕਰਨ ਲਈ ਵੀ ਵਸੀਹ ਤੰਤਰ ਖੜ੍ਹਾ ਕੀਤਾ ਗਿਆ। ਇਸ ਤੰਤਰ ਦਾ ਇੱਕ ਅਣਚਾਹਿਆ ਨਤੀਜਾ ਇਹ ਵੀ ਨਿਕਲਿਆ ਕਿ ਜਿਨ੍ਹਾਂ ਪ੍ਰਕਾਸ਼ਨਾਵਾਂ ਨੂੰ ਬਸਤੀਵਾਦੀ ਸਰਕਾਰ ਪਾਬੰਦੀ ਲਾ ਕੇ ਅਤੇ ਜ਼ਬਤ ਕਰਕੇ ਮਿਟਾਉਣਾ ਚਾਹੁੰਦੀ ਸੀ, ਉਹੀ ਕਾਰਵਾਈ ਉਨ੍ਹਾਂ ਦੀ ਸੰਭਾਲ ਦਾ ਕਾਰਨ ਬਣ ਗਈ। ਗੁਰਦੇਵ ਸਿੰਘ ਸਿੱਧੂ ਦੀ ਪੁਸਤਕ ‘ਜ਼ਬਤਸ਼ੁਦਾ ਪੰਜਾਬੀ ਪ੍ਰਕਾਸ਼ਨਾਵਾਂ’ ਦਮਨ ਅਤੇ ਪ੍ਰਤੀਰੋਧ ਦੇ ਇਸੇ ਵਿਰੋਧਾਭਾਸੀ ਪੁਰਾਲੇਖ ਨੂੰ ਸਾਡੇ ਸਾਹਮਣੇ ਲਿਆਉਂਦੀ ਹੈ।
ਗ਼ੁਲਾਮ ਲੋਕ ਰਾਜਸੀ ਹਿੰਸਾ, ਤਸ਼ੱਦਦ, ਲੋਕ ਅੰਦੋਲਨਾਂ ਅਤੇ ਪ੍ਰਤੀਰੋਧ ਨੂੰ ਗੀਤਾਂ, ਕਵਿਤਾਵਾਂ, ਪੈਂਫਲੈੱਟਾਂ, ਪੁਸਤਕਾਂ, ਅਖ਼ਬਾਰਾਂ, ਪੋਸਟਰਾਂ ਅਤੇ ਮੰਚੀ ਪੇਸ਼ਕਾਰੀਆਂ ਰਾਹੀਂ ਦਰਜ ਕਰਦੇ ਆਏ ਹਨ। ਸਰਕਾਰ ਇਸ ਦਾ ਜਵਾਬ ਕਾਨੂੰਨ ਨਾਲ ਦਿੰਦੀ। ਲਿਖੇ ਬੋਲੇ ਸ਼ਬਦਾਂ ’ਤੇ ਪਾਬੰਦੀ ਲਗਾਉਂਦੀ, ਜ਼ਬਤੀ ਕਰਦੀ ਅਤੇ ਮੁਕੱਦਮੇ ਚਲਾਉਂਦੀ। ਪੰਜਾਬੀ ਸਮੱਗਰੀ ਸਿਰਫ਼ ਗੁਰਮੁਖੀ ਵਿੱਚ ਹੀ ਨਹੀਂ ਸਗੋਂ ਫ਼ਾਰਸੀ ਅਤੇ ਦੇਵਨਾਗਰੀ ਲਿੱਪੀਆਂ ਵਿੱਚ ਵੀ ਛਪੀ। ਇਸ ਦਾ ਵੱਡਾ ਹਿੱਸਾ ਲੇਖਕ-ਪ੍ਰਕਾਸ਼ਕ ਆਪ ਤਿਆਰ ਕਰਦੇ ਅਤੇ ਮੀਟਿੰਗਾਂ, ਜਲਸਿਆਂ, ਰੈਲੀਆਂ ਤੇ ਹੋਰ ਜਨਤਕ ਇਕੱਠਾਂ ਵਿੱਚ ਵੇਚਦੇ ਸਨ। ਉਹ ਜਾਣਦੇ ਸਨ ਕਿ ਉਨ੍ਹਾਂ ਦਾ ਛਾਪਿਆ ਜਲਦੀ ਹੀ ਜ਼ਬਤ ਹੋ ਜਾਣਾ ਹੈ। ਇਸ ਲਈ ਉਹ ਛਪੀਆਂ ਪੁਸਤਕਾਂ ਨੂੰ ਵੱਖ-ਵੱਖ ਥਾਵਾਂ ’ਤੇ ਖਿੰਡਾ ਕੇ ਰੱਖਦੇ ਤਾਂ ਜੋ ਸਾਰੀਆਂ ਪੁਲੀਸ ਦੇ ਹੱਥ ਨਾ ਲੱਗ ਜਾਣ। ਜ਼ਬਤ ਹੋਈ ਪੁਸਤਕ ਨਾਂ ਅਤੇ ਕਵਰ ਬਦਲ ਕੇ ਮੁੜ ਵਿਕਰੀ ਲਈ ਆ ਜਾਂਦੀ। ਪ੍ਰਕਾਸ਼ਕ ਅਤੇ ਪੁਲੀਸ ਵਿਚਕਾਰ ਇਹ ਦੌੜ ਬਾਅਦ ਵਿੱਚ ਇੱਕ ਵਿੰਡਬਨਾਪੂਰਨ ਇਤਿਹਾਸਕ ਵਿਰਾਸਤ ਬਣ ਗਈ। ਥੋੜ੍ਹ-ਚਿਰੀ ਜ਼ਿੰਦਗੀ ਵਾਲੀਆਂ ਇਹ ਪ੍ਰਕਾਸ਼ਨਾਵਾਂ ਆਮ ਪ੍ਰਸਾਰ ਵਿੱਚੋਂ ਲਾਪਤਾ ਹੋਣ ਉਪਰੰਤ ਅੱਜ ਸਰਕਾਰੀ ਪੁਰਾਲੇਖ ਦੀਆਂ ਜ਼ਬਤ ਕਾਪੀਆਂ ਰਾਹੀਂ ਹੀ ਸਾਨੂੰ ਉਪਲਬਧ ਹਨ।
ਗੁਰਦੇਵ ਸਿੰਘ ਸਿੱਧੂ ਇੱਕ ਸਿਰੜੀ ਵਿਦਵਾਨ ਹਨ। ਉਹ ਘਟਦੇ ਜਾ ਰਹੇ ਖੋਜੀਆਂ ਦੀ ਪੀੜ੍ਹੀ ਨਾਲ ਸਬੰਧਿਤ ਹਨ, ਜੋ ਪੁਰਾਲੇਖਾਂ ਦੀ ਧੂੜ, ਬੇਤਰਤੀਬੀ ਅਤੇ ਜਰਜਰ ਹੋਏ ਕਾਗਜ਼ਾਂ ਵਿੱਚੋਂ ਸਮੱਗਰੀ ਲੱਭਣ ਲਈ ਲੰਮਾ ਸਮਾਂ ਖਪਾਉਂਦੇ ਹਨ। ਉਨ੍ਹਾਂ ਦੀ ਖੋਜ ਵੀਹਵੀਂ ਸਦੀ ਦੇ ਪਹਿਲੇ ਅੱਧ ਦੀ ਕਵਿਤਾ, ਇਤਿਹਾਸਕ ਲਿਖਤਾਂ ਅਤੇ ਅਦਾਲਤੀ ਦਸਤਾਵੇਜ਼ਾਂ ਤੱਕ ਫੈਲੀ ਹੋਈ ਹੈ। ਇਹ ਪੁਸਤਕ ਉਨ੍ਹਾਂ ਦੀ ਪੁਰਾਲੇਖ ਅਤੇ ਪੰਜਾਬੀ ਸਾਹਿਤ ਨਾਲ ਲੰਮੀ ਜਾਣ-ਪਛਾਣ ਨੂੰ ਦਰਸਾਉਂਦੀ ਹੈ।
ਸਮੱਗਰੀ ਦਾ ਵੱਡਾ ਹਿੱਸਾ ਵੀਹਵੀਂ ਸਦੀ ਦੇ ਮੁੱਢਲੇ ਦਹਾਕਿਆਂ ਦੀਆਂ ਸਿੱਖ ਲਹਿਰਾਂ ਤੋਂ ਉਤਪੰਨ ਹੋਈ ਕਵਿਤਾ ਅਤੇ ਪੈਂਫਲੈੱਟ ਸਾਹਿਤ ਦੀ ਧਾਰਾ ਹੈ, ਜਿਸ ਦਾ ਕੁਝ ਹਿੱਸਾ ਸਰਕਾਰੀ ਪਾਬੰਦੀ ਦਾ ਨਿਸ਼ਾਨਾ ਬਣਿਆ। ਪਰ ਜਿਨ੍ਹਾਂ ਕਵਿਤਾਵਾਂ ਨੂੰ ਪਾਬੰਦੀਯੋਗ ਸਮਝਿਆ ਗਿਆ, ਉਹ ਉਨ੍ਹਾਂ ਨਾਲ ਮਿਲਦੀਆਂ-ਜੁਲਦੀਆਂ ਕਵਿਤਾਵਾਂ ਨਾਲੋਂ ਵਧੇਰੇ ਕ੍ਰਾਂਤੀਕਾਰੀ ਨਹੀਂ ਸਨ, ਜੋ ਪਾਬੰਦੀ ਤੋਂ ਬਚ ਗਈਆਂ। ਇਸ ਤਰ੍ਹਾਂ ਜ਼ਬਤ ਪੁਸਤਕਾਂ ਦੀ ਸੂਚੀ ਇੱਕੋ ਵੇਲੇ ਦੋ ਇਤਿਹਾਸ ਦਰਜ ਕਰਦੀ ਹੈ। ਅਸਹਿਮਤੀ ਦਾ ਇਤਿਹਾਸ ਅਤੇ ਅਸਹਿਮਤੀ ਬਾਰੇ ਬਸਤੀਵਾਦੀ ਅਧਿਕਾਰੀਆਂ ਦੀ ਧਾਰਨਾ ਦਾ ਇਤਿਹਾਸ। ਪਾਬੰਦੀ ਕਿਸੇ ਲਿਖਤ ਦੀ ਕ੍ਰਾਂਤੀਕਾਰੀ ਤੀਬਰਤਾ ਦਾ ਨਿਰਪੱਖ ਮਾਪ ਨਹੀਂ ਸੀ; ਇਹ ਹਾਲਾਤ, ਚੋਣ ਅਤੇ ਪ੍ਰਸ਼ਾਸਕੀ ਫ਼ੈਸਲੇ ਉੱਪਰ ਨਿਰਭਰ ਕਰਦੀ ਸੀ।
ਗ਼ਦਰ ਲਹਿਰ ਗੁਰਦੁਆਰਾ ਸੁਧਾਰ ਲਹਿਰ ਤੋਂ ਪਹਿਲਾਂ 1913 ਵਿੱਚ ਸ਼ੁਰੂ ਹੋ ਗਈ ਸੀ। ਪਹਿਲਾ ‘ਗ਼ਦਰ’ ਰਸਾਲਾ ਦਸੰਬਰ 1913 ਵਿੱਚ ਛਪਿਆ ਸੀ। ‘ਗ਼ਦਰ’ ਦੇ ਲੇਖਕਾਂ ਨੇ ਆਪਣੀ ਸੋਚ ਲੋਕਾਂ ਤੱਕ ਪਹੁੰਚਾਉਣ ਲਈ ਜਿਊਂਦੀ ਜਾਗਦੀ ਲੋਕ ਬੋਲੀ ਅਪਣਾਈ। ਉਨ੍ਹਾਂ ਨੇ ਸਿੱਖ ਪਰੰਪਰਾ ਦੇ ਸੂਰਬੀਰਤਾ ਅਤੇ ਸ਼ਹਾਦਤ ਦੇ ਬਿੰਬਾਂ ਨੂੰ ਵਰਤਿਆ, ਪਰ ਉਨ੍ਹਾਂ ਨੂੰ ਇੱਕ ਸਮਾਵੇਸ਼ੀ, ਧਰਮ-ਨਿਰਪੱਖ ਅਤੇ ਦੇਸ਼ ਭਗਤੀ ਭਰੀ ਸ਼ਬਦਾਵਲੀ ਵਿੱਚ ਬਦਲ ਦਿੱਤਾ। ‘ਗ਼ਦਰ’ ਦੀਆਂ ਕਵਿਤਾਵਾਂ ਛਪੇ ਸਫ਼ੇ ਤੱਕ ਸੀਮਿਤ ਨਾ ਰਹੀਆਂ ਅਤੇ ਮੂੰਹੋਂ ਮੂੰਹ ਤੁਰਦਿਆਂ, ਮੰਚਾਂ ਉੱਤੇ ਗਾਈਆਂ ਜਾਂਦੀਆਂ ਲੋਕ ਸਮ੍ਰਿਤੀ ਦਾ ਹਿੱਸਾ ਬਣ ਗਈਆਂ: ‘‘ਸਾਰੀ ਖ਼ਲਕ ਖੁਦਾਈ ਬੇਦਾਰ ਬੈਠੀ, ਸੁੱਤਾ ਜਾਗਦਾ ਤੂੰ ਹਿੰਦੁਸਤਾਨ ਕਿਉਂ ਨਹੀਂ।’’ ਹੋਰ ਥਾਂ ਤੋਂ ਸੱਦ ਪੈਂਦੀ: ‘‘ਕਰੋ ਇਤਫ਼ਾਕ ਹਿੰਦੂ ਮੁਸਲਮਾਨ ਸਿੱਖ ਸ਼ੇਰੋ, ਜ਼ਾਲਮ ਫਿਰੰਗੀ ਤੇ ਚੜ੍ਹ ਦੇ ਕਟਕ ਤੂੰ।’’ ਸਾਂਝੀ ਭਾਗੀਦਾਰੀ ਵਾਲੀ ਇਹ ਕਵਿਤਾ ਗ਼ਦਰ ਦੀ ਵਿਚਾਰਧਾਰਕ ਵਿਸ਼ਾਲਤਾ ਨੂੰ ਦਰਸਾਉਂਦੀ ਹੈ, ਬਸਤੀਵਾਦ ਦਾ ਵਿਰੋਧ ਕਰਦੀ ਹੈ ਅਤੇ ਸੁਚੇਤ ਤੌਰ ’ਤੇ ਸਮਾਵੇਸ਼ੀ ਹੈ। ਮੂਲ ਸਾਹਿਤਕ ਸਰੋਤਾਂ ਬਾਰੇ ਸਿੱਧੂ ਹੋਰਾਂ ਦੀ ਜਾਣਕਾਰੀ ਇਸ ਸੰਕਲਨ ਨੂੰ ਖ਼ਾਸ ਤੌਰ ਉੱਤੇ ਸੰਪੰਨ ਕਰਦੀ ਹੈ। ਜ਼ਬਤੀ ਦੇ ਨੋਟੀਫਿਕੇਸ਼ਨਾਂ ਨਾਲ ਲੱਗੇ ਅੰਗਰੇਜ਼ੀ ਵਿੱਚ ਦਰਜ ਸੰਖੇਪ ਅਨੁਵਾਦਾਂ ਨੂੰ ਮੁੜ ਪੰਜਾਬੀ ਵਿੱਚ ਅਨੁਵਾਦ ਕਰਨ ਦੀ ਥਾਂ ਜਿੱਥੇ ਸੰਭਵ ਹੋਇਆ, ਉਨ੍ਹਾਂ ਨੇ ਮੂਲ ਪ੍ਰਕਾਸ਼ਨ ਲੱਭ ਕੇ ਪੰਜਾਬੀ ਕਵਿਤਾ ਨੂੰ ਉਸੇ ਰੂਪ ਵਿੱਚ ਹੀ ਪੇਸ਼ ਕੀਤਾ ਹੈ। ਇਹ ਕੇਵਲ ਸੰਪਾਦਕੀ ਸੁਵਿਧਾ ਨਹੀਂ। ਬਸਤੀਵਾਦੀ ਅਨੁਵਾਦ ਆਪਣੇ ਆਪ ਵਿੱਚ ਉਸ ਲਿਖਤ ਦੀ ਸਰਕਾਰੀ ਵਿਆਖਿਆ ਵੀ ਹੁੰਦਾ ਹੈ, ਜਿਸ ਨੂੰ ਇਤਰਾਜ਼ਯੋਗ ਮੰਨਿਆ ਗਿਆ ਸੀ। ਮੂਲ ਲਿਖਤ ਵੱਲ ਵਾਪਸੀ ਘੱਟੋ-ਘੱਟ ਕੁਝ ਹੱਦ ਤੱਕ ਉਸ ਆਵਾਜ਼ ਨੂੰ ਮੁੜ ਪੇਸ਼ ਕਰਦੀ ਹੈ।
ਕਿਤਾਬ ਵਿੱਚ ਦਰਜ ਵੱਖ-ਵੱਖ ਇੰਦਰਾਜ ਭੁੱਲੇ ਵਿਸਰੇ ਸਾਹਿਤਕ ਅਤੇ ਸਿਆਸੀ ਇਤਿਹਾਸ ਨੂੰ ਰੌਸ਼ਨ ਕਰਦੇ ਹਨ। ਨਾਨਕ ਸਿੰਘ ਦੀ ‘ਜ਼ਖ਼ਮੀ ਦਿਲ’ ਸਾਨੂੰ ਪ੍ਰਸਿੱਧ ਨਾਵਲਕਾਰ ਦੇ ਕਵੀਸ਼ਰ ਵਜੋਂ ਸ਼ੁਰੂਆਤੀ ਦੌਰ ਤੱਕ ਲੈ ਜਾਂਦੀ ਹੈ। ਰਣਜੀਤ ਸਿੰਘ ਤਾਜਵਰ ਦੀ ‘ਕਾਲੇ ਤੇ ਗੋਰੇ’ ਦੇ ਸਵਾਲ 1924 ਵਿੱਚ ਜ਼ਬਤ ਹੋਈ ਅਤੇ ਤਾਜਵਰ ਉੱਤੇ ਮੁਕੱਦਮਾ ਵੀ ਚੱਲਿਆ। ਫੀਰੋਜ਼ਦੀਨ ਸ਼ਰਫ਼ ਦੀ ‘ਦੁੱਖਾਂ ਦੇ ਕੀਰਨੇ’ ਵੀ 1924 ਵਿੱਚ ਜ਼ਬਤ ਹੋਈ। ਇਸ ਵਿੱਚ ਸ਼ਰਫ਼ ਦੀਆਂ ਕਈ ਇਨਾਮ ਪ੍ਰਾਪਤ ਕਵਿਤਾਵਾਂ ਸਨ। ਸ਼ਰਫ਼ ਨੂੰ ਇੱਕ ਸਾਲ ਦੀ ਕੈਦ ਅਤੇ 100 ਰੁਪਏ ਜੁਰਮਾਨਾ ਹੋਇਆ। ਤਾਜਵਰ ਦੀ ਇੱਕ ਹੋਰ ਜ਼ਬਤ ਰਚਨਾ ਦਾ ਬਿਰਤਾਂਤ ਕਾਲਪਨਿਕ ਨਾਂ ‘ਰਾਮ ਮੁਹੰਮਦ ਸਿੰਘ’ ਦੇ ਦੁਆਲੇ ਬੁਣਿਆ ਹੋਇਆ ਸੀ। ਇਸ ਰਚਨਾ ਲਈ ਤਾਜਵਰ ਨੂੰ ਦੋ ਸਾਲ ਦੀ ਸਖ਼ਤ ਕੈਦ ਅਤੇ 200 ਰੁਪਏ ਜੁਰਮਾਨਾ ਹੋਇਆ। ਇਹ ਉਦਾਹਰਨ ਇਸ ਲਈ ਦਿਲਚਸਪ ਹੈ ਕਿ ਜਦੋਂ ਬਾਅਦ ਵਿੱਚ ਊਧਮ ਸਿੰਘ ਨੇ ਰਾਮ, ਮੁਹੰਮਦ, ਸਿੰਘ ਨੂੰ ਜੋੜਦਾ ਇੱਕ ਸਾਂਝਾ ਨਾਂ ਅਪਣਾਇਆ ਤਾਂ ਪੰਜਾਬੀ ਸਾਹਿਤ ਵਿੱਚ ਇਸ ਦੀ ਇੱਕ ਉਦਾਹਰਣ ਮੌਜੂਦ ਸੀ।
ਵਿਧਾਤਾ ਸਿੰਘ ਤੀਰ ਦੀ ‘ਤੀਰ ਤਰੰਗ’ 1924 ਵਿੱਚ ਜ਼ਬਤ ਹੋਈ। ਇਸ ਵਿੱਚ ‘ਰਲਿਆ ਖ਼ੂਨ ਹਿੰਦੂ ਮੁਸਲਮਾਨ ਇੱਥੇ’, ‘ਦੇਸ਼ ਸਵਰਾਜ ਉੱਤੇ ਜਿੰਦੜੀ ਘੁਮਾ ਦਿਓ’ ਅਤੇ ‘ਤੇਰੇ ਨਾਲ ਕੀ ਖੱਟਿਆ ਕਲਾਮ ਕਰਕੇ’ ਵਰਗੀਆਂ ਯਾਦਗਾਰੀ ਕਵਿਤਾਵਾਂ ਸਨ। ‘ਸ਼ਹੀਦਾਂ ਦੀ ਖ਼ੂਨੀ ਕਥਾ’ ਦਾ ਅਨੁਵਾਦਕ ਕਿਰਪਾਲ ਸਿੰਘ ਪੰਛੀ ਸੀ। ਇਸ ਨੂੰ 1930 ਵਿੱਚ ਜ਼ਬਤ ਕੀਤਾ ਗਿਆ। ਇਸ ਪੁਸਤਕ ਵਿੱਚ ਕੂਕਾ ਬਗ਼ਾਵਤ ਅਤੇ ਚਾਪੇਕਰ ਭਰਾਵਾਂ ਤੋਂ ਲੈ ਕੇ ਬਾਅਦ ਦੇ ਕ੍ਰਾਂਤੀਕਾਰੀਆਂ ਤੱਕ ਸਤਾਈ ਜੀਵਨੀਆਂ ਸਨ। ਇਸ ਦੀ ਸਮੱਗਰੀ ‘ਚਾਂਦ’ ਦੇ ਪ੍ਰਸਿੱਧ ਫਾਂਸੀ ਅੰਕ ਨਾਲ ਮੇਲ ਖਾਂਦੀ ਹੈ। ਸੰਭਾਵਨਾ ਇਹੀ ਹੈ ਕਿ ਇਹ ਉਨ੍ਹਾਂ ਦਾ ਅਨੁਵਾਦ ਹੈ।
ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਦੀ ਫਾਂਸੀ ਉਪਰੰਤ ਪੰਜਾਬੀ ਵਿੱਚ ਸਾਹਿਤ ਦਾ ਉਭਾਰ ਅਟੱਲ ਸੀ। ਉਸ ਦਾ ਵੱਡਾ ਹਿੱਸਾ ਤੁਰਤ-ਫੁਰਤ ਹੀ ਸਰਕਾਰੀ ਨਜ਼ਰ ਹੇਠ ਆਉਂਦਾ ਰਿਹਾ। ਚਾਰ ਸਫ਼ਿਆਂ ਦਾ ਪੈਂਫਲੈੱਟ ‘ਵਤਨ ਦੇ ਲਾਲ’, ਜੋ 17 ਅਪਰੈਲ 1931 ਨੂੰ ਜ਼ਬਤ ਹੋਇਆ, ਇਸ ਪੰਕਤੀ ਨਾਲ ਸ਼ੁਰੂ ਹੁੰਦਾ ਹੈ: ‘‘ਜਿਨ੍ਹਾਂ ਸੀਸ ਮੁਲਕ ਤੋਂ ਵਾਰੇ, ਮਰਨੋਂ ਮੂਲ ਨਾ ਡਰਦੇ ਨੇ; ਰਾਜਗੁਰੂ ਭਗਤ ਸੁਖਦੇਵ, ਖੁਸ਼ੀ ਨਾਲ ਫਾਂਸੀ ਚੜ੍ਹਦੇ ਨੇ।’’ ਫ਼ਾਰਸੀ ਲਿਪੀ ਵਿੱਚ ‘ਪਿਆਰਾ ਭਗਤ ਸਿੰਘ’ 16 ਮਈ 1931 ਨੂੰ ਜ਼ਬਤ ਹੋਈ। ਫ਼ਾਰਸੀ ਲਿੱਪੀ ਦਾ ਇੱਕ ਹੋਰ ਪੈਂਫਲੈੱਟ ‘ਵਿਰਲਾਪ’ ਭਗਤ ਸਿੰਘ ਤੇ ਬੀ.ਕੇ. ਦੱਤ ਅਤੇ ਭਗਤ ਸਿੰਘ ਤੇ ਭਾਰਤ ਮਾਤਾ ਵਿਚਕਾਰ ਕਾਵਿ-ਸੰਵਾਦ ਰਚਾਉਂਦਾ ਹੈ। ਇਸ ਦੀ ਪੰਕਤੀ ‘ਤੇਰੀ ਮੇਰੀ ਨਹੀਂ ਟੁੱਟਣੀ, ਭਾਵੇਂ ਪਲਟ ਜਾਣ ਜੁਗ ਚਾਰ’ ਦਿਖਾਉਂਦੀ ਹੈ ਕਿ ਫਾਂਸੀ ਚੜ੍ਹਿਆ ਕ੍ਰਾਂਤੀਕਾਰੀ ਕਿੰਨੀ ਤੇਜ਼ੀ ਨਾਲ ਇੱਕ ਸਿਆਸੀ ਘਟਨਾ ਤੋਂ ਲੋਕ-ਸਮ੍ਰਿਤੀ ਅਤੇ ਲੋਕ-ਗਾਥਾ ਦਾ ਹਿੱਸਾ ਬਣ ਰਿਹਾ ਸੀ। ਕੌਮਾਗਾਟਾ ਮਾਰੂ ਦੇ ਗੁਰਦਿੱਤ ਸਿੰਘ ਦੀ ਸਵੈ-ਜੀਵਨੀ ਦੇ ਦੋਵੇਂ ਭਾਗ ਵੀ ਜ਼ਬਤ ਕੀਤੇ ਗਏ, ਹਾਲਾਂਕਿ ਉਨ੍ਹਾਂ ਵਿੱਚ ਯਾਤਰੀਆਂ ਦੀ ਦੁਖਦਾਈ ਹਾਲਤ ਦਾ ਬਿਆਨ ਸੀ।
372 ਸਫ਼ਿਆਂ ਵਿੱਚ ਫੈਲੀ ਗੁਰਦੇਵ ਸਿੰਘ ਸਿੱਧੂ ਦੀ ਹਥਲੀ ਪੁਸਤਕ 1914 ਤੋਂ 1939 ਵਿਚਕਾਰ ਜਾਰੀ ਹੋਏ ਜ਼ਬਤੀ ਦੇ ਨੋਟੀਫਿਕੇਸ਼ਨਾਂ ਨੂੰ ਸਮੇਟਦੀ ਹੈ, ਜਿਸ ਵਿੱਚ ਪੁਸਤਕਾਂ, ਅਖ਼ਬਾਰ-ਰਸਾਲੇ, ਪੋਸਟਰ ਅਤੇ ਕੁਝ ਐਲਾਨਨਾਮੇ ਸ਼ਾਮਿਲ ਹਨ। ਲੇਖਕ ਦੀ ‘ਭੂਮਿਕਾ’ ਅਤੇ ਸਵਰਾਜਬੀਰ ਦੀ ‘ਜਾਣ-ਪਛਾਣ’ ਇਸ ਦਾ ਦਾਇਰਾ ਵਧਾਉਂਦੇ ਹਨ। ਪੁਸਤਕ ਦੇ ਸੰਪਾਦਨ ਦੀ ਵਿਧੀ ਅਤੇ ਸੀਮਾ ਦੇ ਨਾਲ ਬਦਲਦੇ ਕਾਨੂੰਨਾਂ ਦੀ ਵਿਸਤ੍ਰਿਤ ਪੜਤਾਲ ਕੀਤੀ ਗਈ ਹੈ। ਇਹ ਆਪਣੇ ਆਪ ਵਿੱਚ ਪੂਰਾ ਕਾਰਜ ਹੈ ਕਿ ਕਿਵੇਂ ਸਰਕਾਰ ਨੂੰ ਸਖ਼ਤ ਤੋਂ ਸਖ਼ਤ ਕਾਨੂੰਨ ਵੀ ਕੁਝ ਸਮੇਂ ਉਪਰੰਤ ਕਮਜ਼ੋਰ ਮਹਿਸੂਸ ਹੋਣ ਲੱਗਦਾ ਅਤੇ ਉਹ ਇਸ ਵਿੱਚ ਹੋਰ ਸਖ਼ਤ ਧਾਰਾਵਾਂ ਜੋੜ ਦਿੰਦੀ ਜਾਂ ਫਿਰ ਨਵਾਂ ਕਾਨੂੰਨ ਲੈ ਆਉਂਦੀ। ਪੁਸਤਕ ਦੇ ਅੰਤ ਵਿੱਚ ਆਜ਼ਾਦੀ ਦੀ ਲਹਿਰ ਨੂੰ ਪ੍ਰਭਾਵਿਤ ਕਰਨ ਵਾਲੀਆਂ ਲਹਿਰਾਂ ਅਤੇ ਘਟਨਾਵਾਂ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਇਸ ਵਿਸ਼ੇ ਉੱਤੇ ਪਹਿਲਾਂ ਹੋਈ ਖੋਜ ਨੂੰ ਦਰਜ ਕੀਤਾ ਗਿਆ ਹੈ। ਆਪਣੀ ਖੋਜ ਦਾ ਸਿੱਟਾ ਕੱਢਦੇ ਹੋਏ ਗੁਰਦੇਵ ਸਿੰਘ ਸਿੱਧੂ ਕਹਿੰਦੇ ਹਨ ਕਿ ਇਸ ਸਾਹਿਤ ਦਾ ਵੱਡਾ ਹਿੱਸਾ ਸਮਕਾਲੀ ਘਟਨਾਵਾਂ ਪ੍ਰਤੀ ਲੋਕਾਂ ਦੀ ਤੁਰੰਤ ਪ੍ਰਤੀਕਿਰਿਆ ਸੀ ਅਤੇ ਜ਼ਬਤਸ਼ੁਦਾ ਪੰਜਾਬੀ ਸਮੱਗਰੀ ਵਿੱਚ ਅਕਾਲੀ ਲਹਿਰ ਨਾਲ ਸਬੰਧਿਤ ਸਾਹਿਤ ਦਾ ਹਿੱਸਾ ਕਾਫ਼ੀ ਵੱਡਾ ਹੈ।
ਫਿਰ ਵੀ ਮੁੱਖ ਤੌਰ ਉੱਤੇ ਬਸਤੀਵਾਦੀ ਪੁਰਾਲੇਖ ’ਤੇ ਆਧਾਰਿਤ ਕਿਸੇ ਵੀ ਕੰਮ ਦੀ ਇੱਕ ਵਿਧੀਗਤ ਸੀਮਾ ਹੁੰਦੀ ਹੈ। ਪੁਰਾਲੇਖ ਅਤੀਤ ਦਾ ਪੂਰਾ ਅਤੇ ਨਿਰਪੱਖ ਦਰਪਣ ਨਹੀਂ ਹੁੰਦਾ। ਉੱਥੇ ਉਪਲੱਬਧ ਸਮੱਗਰੀ ਬਸਤੀਵਾਦੀ ਰਾਜ ਵੱਲੋਂ ਕਿਸੇ ਲਿਖਤ ਨੂੰ ਨੋਟਿਸ ਕਰਨ, ਚੁਣਨ, ਅਨੁਵਾਦ ਕਰਨ, ਵਰਗੀਕ੍ਰਿਤ ਕਰਨ, ਜ਼ਬਤ ਕਰਨ ਅਤੇ ਸੰਭਾਲਣ ਦੀ ਪ੍ਰਕਿਰਿਆ ਸਦਕਾ ਹੁੰਦੀ ਹੈ। ਇਸ ਲਈ ਪੁਰਾਲੇਖ ਵਿੱਚ ਕਿਸੇ ਪ੍ਰਕਾਸ਼ਨ ਦੀ ਗ਼ੈਰਹਾਜ਼ਰੀ ਉਸ ਦੀ ਇਤਿਹਾਸਕ ਗ਼ੈਰਹਾਜ਼ਰੀ ਸਾਬਿਤ ਨਹੀਂ ਕਰਦੀ ਅਤੇ ਉਸ ਦੀ ਮੌਜੂਦਗੀ ਸਾਨੂੰ ਲਿਖਤ ਬਾਰੇ ਜਿੰਨਾ ਦੱਸਦੀ ਹੈ ਓਨਾ ਹੀ ਸਟੇਟ ਬਾਰੇ ਦੱਸਦੀ ਹੈ, ਜਿਸ ਨੇ ਉਸ ਨੂੰ ਖ਼ਤਰਨਾਕ ਮੰਨ ਕੇ ਵਰਗੀਕ੍ਰਿਤ ਕੀਤਾ।
ਇਹ ਸੀਮਾ ਇਸ ਪੁਸਤਕ ਦੀ ਪ੍ਰਾਪਤੀ ਨੂੰ ਘਟਾਉਂਦੀ ਨਹੀਂ ਸਗੋਂ ਹੋਰ ਮਹੱਤਵਪੂਰਨ ਬਣਾਉਂਦੀ ਹੈ। ਸੰਪਾਦਕ ਨੇ ਜ਼ਬਤੀ ਦੇ ਨੋਟੀਫਿਕੇਸ਼ਨਾਂ ਨੂੰ ਇੱਕ ਕੈਟਾਲਾਗ ਵਜੋਂ ਨਹੀਂ ਲਿਆ। ਮੂਲ ਪ੍ਰਕਾਸ਼ਨਾ ਨੂੰ ਲੱਭ ਕੇ, ਸਰਕਾਰੀ ਰਿਕਾਰਡ ਵਿੱਚ ਨਾ ਆਈ ਕਵਿਤਾ ਜੋੜ ਕੇ ਅਤੇ ਉਸ ਨੂੰ ਜਨਮ ਦੇਣ ਵਾਲੀਆਂ ਲਹਿਰਾਂ ਦੇ ਸੰਦਰਭ ਵਿੱਚ ਰੱਖ ਕੇ ਉਹ ਵਾਰ-ਵਾਰ ਪੁਰਾਲੇਖ ਦੀਆਂ ਹੱਦਾਂ ਦੇ ਪਾਰ ਚਲੇ ਜਾਂਦੇ ਹਨ। ਇਸ ਤਰ੍ਹਾਂ ‘ਜ਼ਬਤਸ਼ੁਦਾ ਪੰਜਾਬੀ ਪ੍ਰਕਾਸ਼ਨਾਵਾਂ’ ਪਾਬੰਦੀਸ਼ੁਦਾ ਪੁਸਤਕਾਂ ਦੀ ਸਿਰਫ਼ ਇੱਕ ਗ੍ਰੰਥ-ਸੂਚੀ ਨਹੀਂ ਰਹਿੰਦੀ। ਇਹ ਉਸ ਟਕਰਾਅ ਦੇ ਖੇਤਰ ਨੂੰ ਮੁੜ ਰਚਦੀ ਹੈ, ਜਿੱਥੇ ਬਸਤੀਵਾਦੀ ਸੱਤਾ ਸਿਆਸੀ ਬਿਰਤਾਂਤ ਨੂੰ ਕਾਬੂ ਕਰਨਾ ਚਾਹੁੰਦੀ ਸੀ ਜਦੋਂਕਿ ਲੇਖਕ, ਪ੍ਰਕਾਸ਼ਕ, ਗਾਇਕ ਅਤੇ ਆਮ ਪਾਠਕ ਉਸ ਬਿਰਤਾਂਤ ਨੂੰ ਸਟੇਟ ਦੇ ਕੰਟਰੋਲ ਤੋਂ ਪਰ੍ਹੇ ਲਿਜਾਣ ਦੇ ਨਵੇਂ ਰਸਤੇ ਲੱਭਦੇ ਰਹੇ। ਪ੍ਰਕਾਸ਼ਨਾਵਾਂ ਨੂੰ ਤਾਂ ਜ਼ਬਤ ਕੀਤਾ ਜਾ ਸਕਿਆ, ਪਰ ਉਨ੍ਹਾਂ ਦੀਆਂ ਆਵਾਜ਼ਾਂ ਨੂੰ ਚੁੱਪ ਕਰਾਉਣਾ ਕਿਤੇ ਔਖਾ ਸੀ।
ਸੰਪਰਕ: 98150-00873

