ਬੀਜੀ
ਬੀਜੀ ਵਿਲੱਖਣ ਸ਼ਖ਼ਸੀਅਤ ਤੇ ਕਿਰਦਾਰ ਦੇ ਮਾਲਕ ਸਨ। ਬਿਲਕੁਲ ਅਨਪੜ੍ਹ ਪਰ ਸਲੀਕਾ ਐਨਾ ਕਿ ਕਿਸੇ ਪੜ੍ਹੇ-ਲਿਖੇ ਕੋਲ ਵੀ ਨਹੀਂ ਹੋਣਾ। ਸਾਰੀ ਉਮਰ ਪਿੰਡ ’ਚ ਬਿਤਾਈ। ਪਹਿਲਾਂ ਪੇਕੇ, ਫਿਰ ਸਹੁਰੇ। ਵਿਆਹ ਹੋਇਆ, ਪੰਜ ਬੱਚੇ ਪਾਲ਼ੇ। ਤਿੰਨ ਮੁੰਡੇ ਤੇ ਦੋ ਕੁੜੀਆਂ। ਸਭ...
ਬੀਜੀ ਵਿਲੱਖਣ ਸ਼ਖ਼ਸੀਅਤ ਤੇ ਕਿਰਦਾਰ ਦੇ ਮਾਲਕ ਸਨ। ਬਿਲਕੁਲ ਅਨਪੜ੍ਹ ਪਰ ਸਲੀਕਾ ਐਨਾ ਕਿ ਕਿਸੇ ਪੜ੍ਹੇ-ਲਿਖੇ ਕੋਲ ਵੀ ਨਹੀਂ ਹੋਣਾ। ਸਾਰੀ ਉਮਰ ਪਿੰਡ ’ਚ ਬਿਤਾਈ। ਪਹਿਲਾਂ ਪੇਕੇ, ਫਿਰ ਸਹੁਰੇ। ਵਿਆਹ ਹੋਇਆ, ਪੰਜ ਬੱਚੇ ਪਾਲ਼ੇ। ਤਿੰਨ ਮੁੰਡੇ ਤੇ ਦੋ ਕੁੜੀਆਂ। ਸਭ ਨੂੰ ਪੜ੍ਹਾਇਆ-ਲਿਖਾਇਆ, ਵਿਆਹ ਕੀਤੇ। ਉਨ੍ਹਾਂ ਬਹੁਤ ਕੰਮ ਕੀਤਾ। ਮੱਝਾਂ-ਗਾਵਾਂ ਰੱਖੀਆਂ, ਗੋਹਾ-ਕੂੜਾ ਕੀਤਾ, ਚੱਕੀ ਪੀਹੀ, ਰੋਟੀ ਟੁੱਕ ਬਣਾਇਆ, ਕੱਪੜੇ ਧੋਤੇ, ਚਰਖਾ ਕੱਤਿਆ, ਦਰੀਆਂ ਬੁਣੀਆਂ, ਨਾਲੇ ਬੁਣੇ ਤੇ ਕੋਠੇ ਲਿੱਪੇ।
ਉਹ ਬਹੁਤ ਹੀ ਸਬਰ-ਸੰਤੋਖ ਵਾਲੇ ਸਨ। ਨਾ ਕਦੇ ਖਿੱਝਣਾ, ਨਾ ਉੱਚੀ ਬੋਲਣਾ, ਨਾ ਗੁੱਸਾ ਕਰਨਾ ਤੇ ਨਾ ਥੱਕਣਾ। ਹਮੇਸ਼ਾ ਰੱਬ ਦਾ ਸ਼ੁਕਰ ਅਦਾ ਕਰਦੇ ਰਹਿਣਾ। ਕਿਸੇ ਨੇ ਪੈਰੀਂ ਪੈਣਾ ਕਰਨਾ ਤਾਂ ਉਸ ਨੂੰ ਆਸ਼ੀਰਵਾਦ ਦੇਣਾ। ਪਾੜ੍ਹੇ ਮੁੰਡੇ-ਕੁੜੀਆਂ ਨੂੰ ਪਾਸ ਹੋਣ ਦਾ ਆਸ਼ੀਰਵਾਦ, ਬਿਮਾਰ ਨੂੰ ਤੰਦਰੁਸਤੀ ਦਾ ਆਸ਼ੀਰਵਾਦ, ਗ਼ਰੀਬ ਨੂੰ ਬਹੁਤੀ ਦਾਤ ਮਿਲਣ ਦਾ ਆਸ਼ੀਰਵਾਦ। ਮੈਂ ਪੈਰੀਂ ਪੈਣਾ ਕਰਦੀ ਤਾਂ ਮੇਰੇ ਵਾਸਤੇ ਤਾਂ ਆਸ਼ੀਰਵਾਦਾਂ ਦੀ ਝੜੀ ਲੱਗ ਜਾਂਦੀ, ‘‘ਜਿਊਂਦੀ ਵਸਦੀ ਰਹਿ, ਬੁੱਢ ਸੁਹਾਗਣ ਹੋਵੇਂ, ਦੁੱਧੀਂ ਨਾਹਵੇਂ ਪੁੱਤੀਂ ਫਲੇਂ, ਰੱਬ ਤੰਦਰੁਸਤੀ ਦੇਵੇ, ਭਾਈ-ਭਤੀਜੇ ਜਿਊਂਦੇ ਵਸਦੇ ਰਹਿਣ, ਰੱਬ ਬਾਹਲਾ ਦੇਵੇ, ਧਰ-ਧਰ ਭੁੱਲੇਂ, ਰੱਬ ਤਰੱਕੀਆਂ ਦੇਵੇ, ਆਣ-ਤਾਣ ਦੇਵੇ ਤੇ ਬਹੁਤ ਸਾਰੇ ਹੋਰ ਵੀ।’’ ਫਿਰ ਮੈਂ ਬੀਜੀ ਨੂੰ ਮਜ਼ਾਕ ਨਾਲ ਕਹਿੰਦੀ, ‘‘ਬੀਜੀ ਬੁੱਢ ਸੁਹਾਗਣ ਤਾਂ ਤੁਸੀਂ ਆਪਣੇ ਪੁੱਤਰ ਨੂੰ ਆਸ਼ੀਰਵਾਦ ਦਿੱਤਾ ਹੈ ਕਿ ਉਹ ਜਿਊਂਦਾ ਰਹੇ ਤੇ ਮੈਂ ਪਹਿਲਾਂ ਮਰ ਜਾਵਾਂ।’’ ਉਹ ਬੱਸ ਹੱਸ ਪੈਂਦੇ ਤੇ ਕਹਿੰਦੇ, ‘‘ਕਮਲੀ ਨਾ ਹੋਵੇ ਤਾਂ, ਮੈਂ ਤਾਂ ਦੋਹਾਂ ਦੀ ਸੁੱਖ ਮੰਗਦੀ ਹਾਂ।’’ ‘‘ਬੀਜੀ ਦੁੱਧ ਤਾਂ ਨਹਾਉਣ ਜੋਗਾ ਬਥੇਰਾ ਹੈ ਪਰ ਪੁੱਤਰ ਤਾਂ ਨਹੀਂ ਹੋਇਆ’’, ਮੈਂ ਦੋ ਧੀਆਂ ਦੀ ਮਾਂ ਹੋਣ ਦੇ ਨਾਤੇ ਕਹਿੰਦੀ। ਬੀਜੀ ਕਹਿੰਦੇ, ‘‘ਕੋਈ ਨਾ ਪੁੱਤ, ਤੇਰੀਆਂ ਧੀਆਂ ਕਿਹੜਾ ਪੁੱਤਰਾਂ ਨਾਲੋਂ ਘੱਟ ਨੇ। ਰੱਬ ਤੰਦਰੁਸਤੀ ਦੇਵੇ। ਨਾਲੇ ਸੁੱਖ ਤਾਂ ਚੰਗੀ ਔਲਾਦ ਦਾ ਹੁੰਦਾ ਹੈ- ਧੀਆਂ-ਪੁੱਤਾਂ ਦਾ ਨਹੀਂ।’’ ਮੈਂ ਫਿਰ ਕਹਿੰਦੀ, ‘‘ਇਹ ਤਾਂ ਪਤਾ ਨਹੀਂ ਰੱਬ ਨੇ ਬਹੁਤਾ ਦਿੱਤਾ ਹੈ ਕਿ ਨਹੀਂ ਤੇ ਇਹ ਵੀ ਨਹੀਂ ਪਤਾ ਕਿ ਬਹੁਤਾ ਕਿੰਨੇ ਕੁ ਨੂੰ ਕਹਿੰਦੇ ਨੇ ਪਰ ਹਾਂ ਮੈਂ ਚੀਜ਼ਾਂ ਧਰ ਕੇ ਜ਼ਰੂਰ ਭੁੱਲ ਜਾਨੀ ਹਾਂ।’’ ਬੀਜੀ ਜ਼ੋਰ ਦੀ ਹੱਸਦੇ ਤੇ ਮੈਨੂੰ ਬੁੱਕਲ ’ਚ ਲੈ ਲੈਂਦਿਆਂ ਕਹਿੰਦੇ, ‘‘ਤੈਨੂੰ ਗੱਲਾਂ ਬੜੀਆਂ ਫੁਰਦੀਆਂ ਨੇ।’’ ਬਾਊ ਜੀ ਦੇ ਮਰਨ ਤੋਂ ਬਾਅਦ ਬੀਜੀ ਨੂੰ ਅਸੀਂ ਸ਼ਹਿਰ ਲੈ ਆਏ ਮਿੰਨਤਾਂ ਤਰਲੇ ਕਰ ਕੇ। ਬੀਜੀ ਦੀ ਉਮਰ ਲਗਪਗ 90 ਸਾਲ ਹੋ ਗਈ ਸੀ। ਅਸੀਂ ਉਨ੍ਹਾਂ ਨੂੰ ਪਿੰਡ ਇਕੱਲਿਆਂ ਨਹੀਂ ਛੱਡਣਾ ਚਾਹੁੰਦੇ ਸੀ। ਛੋਟਾ ਜਿਹਾ ਮੰਦਰ ਬਣਾ ਦਿੱਤਾ ਤੇ ਅਸੀਂ ਹੇਠਲੀ ਮੰਜ਼ਿਲ ’ਤੇ ਬੀਜੀ ਦਾ ਕਮਰਾ ਤਿਆਰ ਕਰ ਦਿੱਤਾ। ਕਮਰੇ ਵਿੱਚ ਟੀਵੀ, ਲੈਂਡ ਲਾਈਨ ਫੋਨ ਲਗਵਾ ਦਿੱਤਾ। ਬੀਜੀ ਨੂੰ ਕਮਰਾ ਬਹੁਤ ਪਸੰਦ ਆਇਆ। ਫੋਨ ਦੇਖ ਕਿ ਕਹਿੰਦੇ, ‘‘ਲੈ ਹੁਣ ਤਾਂ ਮੈਂ ਪਿੰਡ ਸਾਰਾ ਦਿਨ ਆਪਣੀਆਂ ਸਹੇਲੀਆਂ ਨਾਲ ਗੱਪਾਂ ਮਾਰ ਸਕਦੀ ਹਾਂ। ਟੀਵੀ ’ਤੇ ਮੈਂ ਭਜਨ ਸੁਣ ਲਿਆ ਕਰੂੰ।’’ ਮੈਨੂੰ ਕੋਲ ਬੁਲਾ ਕੇ ਕਹਿੰਦੇ, ‘‘ਧੀਏ ਐਨੀ ਪ੍ਰਵਾਹ ਤਾਂ ਕਦੇ ਕਿਸੇ ਨੇ ਮੇਰੀ ਨਹੀਂ ਕੀਤੀ ਕਿ ਮੇਰੇ ਵਾਸਤੇ ਵਧੀਆ ਬਿਸਤਰਾ ਵਿਛਾਵੇ, ਮੇਰੀ ਕਦਰ ਕਰੇ।’’ ਅਗਲੀ ਸਵੇਰ ਮੈਂ ਪੁੱਛਿਆ ਨਾਸ਼ਤੇ ’ਚ ਕੀ ਖਾਓਂਗੇ ਤੇ ਕਿੰਨੇ ਵਜੇ ਖਾਓਂਗੇ। ਉਨ੍ਹਾਂ ਦਾ ਜਵਾਬ ਸੀ, ‘‘ਧੀਏ ਜੋ ਵੀ ਤੁਸੀਂ ਖਾਓਂਗੇ, ਓਹੀ ਖਾ ਲਵਾਂਗੀ, ਬਸ ਸ਼ਾਕਾਹਾਰੀ ਹੋਵੇ ਤੇ ਜਦੋਂ ਤੁਸੀਂ ਖਾਓਂਗੇ ਉਸੇ ਵੇਲੇ। ਸੁਣ ਧੀਏ, ਰਹਿਣ ਤਾਂ ਮੈਂ ਤੁਹਾਡੇ ਕੋਲ ਆਈ ਹਾਂ ਤੇ ਤੁਹਾਡੇ ਮੁਤਾਬਿਕ ਹੀ ਰਹਾਂਗੀ। ਮੇਰੇ ਵਾਸਤੇ ਕੋਈ ਵੀ ਖੇਚਲ ਕਰਨ ਦੀ ਲੋੜ ਨਹੀਂ। ਮੈਨੂੰ ਕੋਈ ਉਚੇਚਾ ਪ੍ਰਬੰਧ ਨਹੀਂ ਚਾਹੀਦਾ।’’ ਇਹ ਸੁਣ ਕੇ ਮੈਂ ਨਿਰਉੱਤਰ ਹੋ ਗਈ। ਐਨੀ ਸਮਝ, ਐਨੀ ਸਿਆਣਪ।
ਬੀਜੀ ਸੱਤ ਸਾਲ ਸਾਡੇ ਕੋਲ ਰਹੇ। ਬੀਜੀ ਨੂੰ ਮਿਲਣ ਆਉਣ ਵਾਲਿਆਂ ਦਾ ਮੇਲਾ ਲੱਗਿਆ ਰਹਿੰਦਾ। ਕਦੇ ਕੋਈ ਰਿਸ਼ਤੇਦਾਰ ਆ ਜਾਂਦਾ, ਕਦੇ ਕੋਈ ਪਿੰਡੋਂ ਆ ਜਾਂਦਾ। ਬੀਜੀ ਹਰ ਕਿਸੇ ਕੋਲ ਮੇਰੀਆਂ ਤਾਰੀਫ਼ਾਂ ਕਰਦੇ ਨਾ ਥੱਕਦੇ। ਕਹਿੰਦੇ ਹੁੰਦੇ ਸਨ, ‘‘ਮੇਰੀ ਨੂੰਹ ਮੈਨੂੰ ਆਪਣੀ ਧੀ ਲੱਗਦੀ ਹੈ।’’ ਮੈਂ ਬਾਰਾਂ ਵਰ੍ਹਿਆਂ ਦੀ ਸਾਂ ਜਦੋਂ ਮੇਰੀ ਮਾਂ ਮਰ ਗਈ ਸੀ ਤੇ ਬੀਜੀ ਦੇ ਰੂਪ ਵਿੱਚ ਮੇਰੀ ਮਾਂ ਮੈਨੂੰ ਦੁਬਾਰਾ ਮਿਲੀ ਸੀ। ਬੀਜੀ ਨੂੰ ਗਿਆਂ ਅੱਜ ਪੰਜ ਸਾਲ ਹੋ ਗਏ ਹਨ ਪਰ ਉਨ੍ਹਾਂ ਦੀ ਕਮੀ ਕੋਈ ਦੂਰ ਨਹੀਂ ਕਰ ਸਕਿਆ। ਮੈਨੂੰ ਮਾਣ ਹੈ ਕਿ ਬੀਜੀ ਮੇਰੀ ਸੱਸ ਸਨ।
ਸੰਪਰਕ: 98721-35811

