ਰਾਜ਼ਦਾਰ
ਬੰਸੀ ਪਕੌੜਿਆਂ ਵਾਲੇ ਚੌਕ ਅਤੇ ਘੰਟਾਘਰ ਵਿਚਾਲੇ ਕਿਤਾਬਾਂ ਦੀ ਸ਼ਹਿਰ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਦੁਕਾਨ ਸੀ। ਵਿਰਲੀ-ਵਿਰਲੀ ਚਿੱਟੀ ਦਾੜ੍ਹੀ ਵਾਲੇ ਮਧਰੇ ਜਿਹੇ ਕੱਦ ਵਾਲੇ ਬਜ਼ੁਰਗ ਦੁਕਾਨਦਾਰ (ਮਾਲਕ) ਦਾ ਨਾਂ ਬਲਵੰਤ ਸਿੰਘ ਸੀ। ਉਹ ਆਪਣੇ ਪੁਰਾਣੇ ਜਿਹੇ ਕਾਊਂਟਰ ਦੇ...
ਬੰਸੀ ਪਕੌੜਿਆਂ ਵਾਲੇ ਚੌਕ ਅਤੇ ਘੰਟਾਘਰ ਵਿਚਾਲੇ ਕਿਤਾਬਾਂ ਦੀ ਸ਼ਹਿਰ ਦੀ ਸਭ ਤੋਂ ਵੱਡੀ ਅਤੇ ਪੁਰਾਣੀ ਦੁਕਾਨ ਸੀ। ਵਿਰਲੀ-ਵਿਰਲੀ ਚਿੱਟੀ ਦਾੜ੍ਹੀ ਵਾਲੇ ਮਧਰੇ ਜਿਹੇ ਕੱਦ ਵਾਲੇ ਬਜ਼ੁਰਗ ਦੁਕਾਨਦਾਰ (ਮਾਲਕ) ਦਾ ਨਾਂ ਬਲਵੰਤ ਸਿੰਘ ਸੀ। ਉਹ ਆਪਣੇ ਪੁਰਾਣੇ ਜਿਹੇ ਕਾਊਂਟਰ ਦੇ ਇੱਧਰ-ਉੱਧਰ, ਉੱਤੇ-ਥੱਲੇ ਕਿਤਾਬਾਂ ਤੇ ਹੋਰ ਖਿੱਲਰੇ ਨਿੱਕ-ਸੁੱਕ ਵਿੱਚ ਘਿਰਿਆ ਗਾਹਕਾਂ ਨੂੰ ਭੁਗਤਾਉਂਦਾ ਰਹਿੰਦਾ। ਉਨ੍ਹਾਂ ਦਿਨਾਂ ਵਿੱਚ ਫਾਜ਼ਿਲਕਾ ਵਿੱਚ ਸ਼ਾਇਦ ਇਸ ਤਰ੍ਹਾਂ ਦੀ ਕੋਈ ਹੋਰ ਦੁਕਾਨ ਨਹੀਂ ਸੀ। ਮੈਂ 1987 ਵਿੱਚ ਦਸਵੀਂ ਜਮਾਤ ਪਾਸ ਕਰ ਕੇ ਸ਼ਹਿਰ ਦੇ ਸਰਕਾਰੀ ਕਾਲਜ ’ਚ ਦਾਖ਼ਲ ਹੋਇਆ, ਪਰ ਸਾਡੇ ਪਿੰਡ ਤੋਂ ਸ਼ਹਿਰ ਜਾਣ ਦਾ ਕੋਈ ਸਾਧਨ ਉਦੋਂ ਨਹੀਂ ਹੁੰਦਾ ਸੀ। ਸੋ, ਮੈਂ ਰੋਜ਼ ਸਾਈਕਲ ’ਤੇ 30 ਕਿਲੋਮੀਟਰ ਸਫ਼ਰ ਕਰਨ ਦਾ ਫ਼ੈਸਲਾ ਕਰ ਲਿਆ। ਹਾਲਾਂਕਿ, ਇਹ ਬੇਹੱਦ ਔਖਾ ਕੰਮ ਸੀ। ਮੈਂ ਆਪਣੀਆਂ ਕਿਤਾਬਾਂ ਜਾਂ ਹੋਰ ਕੋਈ ਸਾਮਾਨ ਲੈਣ ਉਸੇ ਕਿਤਾਬਾਂ ਵਾਲੀ ਦੁਕਾਨ ’ਤੇ ਜਾਂਦਾ ਤਾਂ ਦੁਕਾਨਦਾਰ ਬਾਬੇ ਦੇ ਪਿੱਛੇ ਸੱਜੇ ਪਾਸੇ ਵਾਲੇ ਖਾਨੇ ਵਿੱਚ ਹਾਣੀ, ਪਾਲੀ, ਚਿੱਟਾ ਲਹੂ, ਪਵਿੱਤਰ ਪਾਪੀ ਜਾਂ ਫਿਰ ਪੂਰਨਮਾਸ਼ੀ ਵਰਗੀਆਂ ਕਿਤਾਬਾਂ ਧੂੜ-ਮਿੱਟੀ ਨਾਲ ਭਰੀਆਂ ਮਹੀਨਿਆਂਬੱਧੀ ਪਈਆਂ ਵੇਖਦਾ। ਫਾਜ਼ਿਲਕਾ ਵਿੱਚ ਸਾਹਿਤਕ ਮਾਹੌਲ ਨਾ ਹੋਣ ਕਰ ਕੇ ਅਜਿਹੀਆਂ ਕਿਤਾਬਾਂ ਦੀ ਕੋਈ ਪੁੱਛ ਪ੍ਰਤੀਤ ਨਹੀਂ ਸੀ। ਇੱਕ ਦਿਨ ਮੈਂ ਬਾਬੇ ਨੂੰ ਇਕੱਲਾ ਵੇਖ ਕੇ ਪੁੱਛ ਲਿਆ, ‘‘ਬਾਬਾ ਜੀ, ਹੀਰ ਵਾਰਿਸ ਸ਼ਾਹ ਹੈ?’’ ਬਾਬੇ ਨੂੰ ਜਿਵੇਂ ਕਰੰਟ ਲੱਗਿਆ ਹੋਵੇ...! ਹਾਲਾਂਕਿ ਬਾਬੇ ਨੂੰ ਮੇਰੇ ਨਾਨ-ਮੈਡੀਕਲ ਦੇ ਵਿਦਿਆਰਥੀ ਹੋਣ ਦਾ ਪਤਾ ਸੀ ਕਿਉਂਕਿ ਮੈਂ ਆਪਣੀਆਂ ਕਿਤਾਬਾਂ ਉਸੇ ਦੁਕਾਨ ਤੋਂ ਲੈਂਦਾ ਸੀ। ‘‘ਤੂੰ ਕੀ ਲੈਣਾ! ਪਹਿਲਾਂ ਆਵਦਾ ਕਰਨ ਵਾਲਾ ਕੰਮ ਕਰ ਲੈ’’, ਬਾਬੇ ਨੇ ਨੱਕ ਉੱਪਰੋਂ ਢਿਲਕੀ ਐਨਕ ਦੇ ਉਤਲੇ ਪਾਸਿਓਂ ਦੇਖਦਿਆਂ ਕਿਹਾ ਅਤੇ ਬਗ਼ੈਰ ਕੋਈ ਖਾਸ ਧਿਆਨ ਦਿੱਤਿਆਂ ਆਪਣੀ ਡਾਇਰੀ ਵਿੱਚ ਉਰਦੂ ਵਿੱਚ ਕੁਝ ਲਿਖਣ ਲੱਗ ਪਿਆ। ਫਿਰ ਇੱਕ ਦਿਨ ਮੈਂ ਇਹੀ ਸਵਾਲ ਦੁਕਾਨ ’ਤੇ ਜਾ ਕੇ ਬਾਬੇ ਨੂੰ ਕੀਤਾ। ‘‘ਸੱਤਰ ਰੁਪਏ ਦਾ ਹੈ... ਸੋਮਵਾਰ ਲੈ ਜਾਈਂ’’, ਬਾਬੇ ਨੇ ਦੁਕਾਨਦਾਰੀ ਭਾਸ਼ਾ ਵਿੱਚ ਛੋਟਾ ਜਿਹਾ ਜਵਾਬ ਦੇ ਕੇ ਮੈਨੂੰ ਹਫ਼ਤੇ ਤੱਕ ਆਉਣ ਲਈ ਕਹਿ ਗੱਲ ਮੁਕਾ ਦਿੱਤੀ। ਮੈਂ ਦਸਾਂ-ਦਸਾਂ ਦੇ ਸੱਤ ਨੋਟ ਬਾਬੇ ਨੂੰ ਦੇ ਕੇ ਦੁਕਾਨ ਤੋਂ ਬਾਹਰ ਆ ਗਿਆ। ਅੱਜ ਵੀ ਯਾਦ ਹੈ ਕਿ ਉਹ ਅੱਠ ਦਿਨ, ਅੱਠ ਯੁਗਾਂ ਜਿੱਡੇ ਸਨ। ਜਿਵੇਂ-ਕਿਵੇਂ ਉਹ ਸੋਮਵਾਰ ਆ ਗਿਆ ਅਤੇ ਮੈਂ ਕਾਲਜ ਤੋਂ ਵਾਪਸੀ ਵੇਲੇ ਸਾਈਕਲ ਦੁਕਾਨ ’ਤੇ ਬਾਬੇ ਦੇ ਸਾਹਮਣੇ ਖੜ੍ਹਾ ਕਰ ਦਿੱਤਾ। ਅੱਜ ਮੈਨੂੰ ਵੇਖ ਕੇ ਬਾਬਾ ਛੋਟੀਆਂ-ਛੋਟੀਆਂ ਜਿਹੀਆਂ ਚਿੱਟੀਆਂ ਮੁੱਛਾਂ ਵਿੱਚੋਂ ਨਿੰਮਾ-ਨਿੰਮਾ ਮੁਸਕਰਾਇਆ ਤੇ ਕਿਤਾਬ ਮੇਰੇ ਹਵਾਲੇ ਕਰ ਦਿੱਤੀ। ਘਰੇ ਆ ਕੇ ਇਹ ਪੋਥੀ ਮੇਰੀਆਂ ਕਿਤਾਬਾਂ ਦੀ ਬਗੈਰ ਤਾਕੀ ਵਾਲੀ ਅਲਮਾਰੀ ਵਿੱਚ ਐਨ ਵਿਚਕਾਰ ਆ ਜਚੀ। ਵੇਖ ਕੇ ਬੜੀ ਖ਼ੁਸ਼ੀ ਹੋਈ, ਪਰ ਅਗਲੇ ਹੀ ਦਿਨ ਫਿਰ ਪਤਾ ਨਹੀਂ ਕਿਉਂ ਇਹ ਥਾਂ ਮੈਨੂੰ ਇਸ ਕਿਤਾਬ ਲਈ ਵਾਜਬ ਨਾ ਲੱਗੀ। ਹੁਣ ਵੱਡਾ ਸਵਾਲ ਖੜ੍ਹਾ ਹੋ ਗਿਆ ਸੀ ਕਿ ਇਸ ਕਿਤਾਬ ਨੂੰ ਕਿੱਥੇ ਰੱਖਿਆ ਜਾਵੇ? ਅਜਿਹੀ ਕਿਹੜੀ ਗੱਲ ਸੀ, ਕੁਝ ਪਤਾ ਨਹੀਂ ਪਰ ਐਨਾ ਜ਼ਰੂਰ ਸੀ ਕਿ ਇਸ ਕਿਤਾਬ ਦੇ ‘ਫੜੇ ਜਾਣ’ ਨਾਲ ਕੋਈ ਬਖੇੜਾ ਖੜ੍ਹਾ ਹੋ ਸਕਦਾ ਸੀ...! ਕੁਝ ਦਿਨਾਂ ਵਿੱਚ ਅੱਧੀ ਕੁ ਪੜ੍ਹੀ ਜਾਣ ’ਤੇ ਥੋੜ੍ਹੀ ਬਹੁਤੀ ਸਮਝ ਆਉਣ ਲੱਗ ਪਈ ਸੀ। ਸਮਝ ਭਾਵੇਂ ਐਨੀ ਨਹੀਂ ਸੀ ਆਉਂਦੀ, ਪਰ ਦਿਲੋ-ਦਿਮਾਗ ਦੀ ਹਾਲਤ ਕੁਝ ਵੱਖਰੀ ਮਹਿਸੂਸ ਹੋਈ, ਜਿਸ ਬਾਰੇ ਐਨਾ ਕੁ ਪਤਾ ਸੀ ਕਿ ਇਹ ਸਾਧਾਰਨ ਨਹੀਂ ਸੀ...! ਪੋਥੀ ਨੂੰ ਸਾਂਭਣ ਦਾ ਮਸਲਾ ਅਜੇ ਵੀ ਬਰਕਰਾਰ ਸੀ। ਮੈਂ ਉਸ ਸਾਲ ਤੋਂ ਕਮਰੇ ਵਿੱਚ ਇਕੱਲਾ ਪੈਣ ਲੱਗ ਪਿਆ ਸਾਂ। ਇਸ ਕਮਰੇ ਨੂੰ ਸਾਡੇ ਘਰੇ ਬੈਠਕ ਕਿਹਾ ਜਾਂਦਾ ਸੀ। ਇਹ ਬੈਠਕ ਮੇਰਾ ‘ਰੀਡਿੰਗ ਰੂਮ’ ਅਤੇ ਆਏ ਗਏ ਲਈ ‘ਡਰਾਇੰਗ ਰੂਮ’ ਸੀ ਕਿਉਂਕਿ ਉਸ ਕਮਰੇ ਵਿੱਚ ਹਰ ਵੇਲੇ ਇੱਕ ਮੋਰਾਂ-ਘੁੱਗੀਆਂ ਵਾਲੀ ਦਸੂਤੀ ਦੀ ਚਾਦਰ ਵਿਛਿਆ ਮੰਜਾ ਡੱਠਾ ਰਹਿੰਦਾ ਸੀ। ਉਸ ਕਮਰੇ ਦੇ ਹੀ ਇੱਕ ਪਾਸੇ ਚਾਰ ਧਾਕਾਂ ਵਿੱਚ ਕੋਈ ਪੰਦਰਾਂ ਕੁ ਕਣਕ ਦੀਆਂ ਬੋਰੀਆਂ ਵੀ ਲੱਗੀਆਂ ਰਹਿੰਦੀਆਂ ਸਨ, ਜੋ ਚੇਤ ਤੱਕ ਜਾਂਦਿਆਂ-ਜਾਂਦਿਆਂ ਇੱਕ ਦੋ ਰਹਿ ਜਾਂਦੀਆਂ ਸਨ। ਜਿਸ ਦਿਨ ਚੱਕੀ ’ਤੇ ਲਿਜਾਣ ਲਈ ਪੀਹਣ ਬਣਾਉਣਾ ਹੁੰਦਾ, ਮੇਰੀ ਮਾਂ ਚਾਦਰ ਨੂੰ ਧੂੜ ਮਿੱਟੀ ਤੋਂ ਬਚਾਉਣ ਲਈ ਇਕੱਠੀ ਕਰ ਕੇ ਪਾਸੇ ਰੱਖ ਦਿੰਦੀ ਅਤੇ ਫਿਰ ਇਹੀ ਚਾਦਰ ਦੁਬਾਰਾ ਵਿਛ ਜਾਂਦੀ...! ਅਖ਼ੀਰ ਲੰਮੀ ਸੋਚ ਵਿਚਾਰ ਤੋਂ ਬਾਅਦ ਮੈਂ ਉਹ ਕਿਤਾਬ ਕਿਸੇ ਝੋਲ਼ੇ ਵਿੱਚ ਪਾ ਕੇ ਕਣਕ ਦੀਆਂ ਬੋਰੀਆਂ ਵਿਚਲੀ ਵਿੱਥ ਵਿੱਚ ਦੇ ਦਿੱਤੀ। ਉਸ ਕਿਤਾਬ ਨੂੰ ਉੱਥੋਂ ਕੱਢ ਕੇ ਚੋਰੀ-ਛੁਪੇ ਪੜ੍ਹਨਾ ਅਤੇ ਫਿਰ ਉੱਥੇ ਹੀ ਰੱਖ ਦੇਣਾ... ਇਹ ਸਿਲਸਿਲਾ ਚੱਲਦਾ ਰਿਹਾ...! ਤੇ ਫਿਰ ਇੱਕ ਦਿਨ... ਜਦੋਂ ਮੇਰੀ ਮਾਂ ਪੀਹਣ ਬਣਾਉਣ ਲੱਗੀ ਤਾਂ ਬੋਰੀਆਂ ਦੀ ਵਿੱਥ ਵਿੱਚ ਫਸਿਆ ਝੋਲਾ ਮੇਰੀ ਮਾਂ ਦੇ ਨਜ਼ਰੀਂ ਪੈ ਗਿਆ। ਜਦੋਂ ਮੈਨੂੰ ਇਹ ਕਿਤਾਬ ਉਸ ਰਾਤ ਉੱਥੇ ਨਾ ਦਿਸੀ ਤਾਂ ਮੈਨੂੰ ਬੜੀ ਬੇਚੈਨੀ ਹੋਈ। ਇਸ ਕਿਤਾਬ ਨੂੰ ਬੋਰੀਆਂ ਦੀਆਂ ਵਿੱਥਾਂ ਅਤੇ ਬੋਰੀਆਂ ਦੇ ਪਿੱਛੇ ਵੇਖਿਆ, ਪਰ ਕਿਤਾਬ ਨਾ ਲੱਭੀ। ਅਗਲੇ ਦੋ-ਤਿੰਨ ਦਿਨ ਮੇਰੀ ਮਾਂ ਮੈਨੂੰ ਜ਼ਰੂਰਤ ਤੋਂ ਜ਼ਿਆਦਾ ਚੁੱਪ-ਚੁੁੱਪ ਜਾਪੀ। ਉਸ ਨੂੰ ਇਸ ਕਿਤਾਬ ਬਾਰੇ ਭਾਵੇਂ ਕੋਈ ਪਤਾ ਨਹੀਂ ਲੱਗਣਾ ਸੀ, ਪਰ ਇਸ ਦੀ ਜਿਲਦ ਉਤਲੀਆਂ ਤਸਵੀਰਾਂ ਕਾਰਨ ਗੱਲ ਦਾ ਨਤੀਜਾ ਕੁਝ ਵੀ ਕੱਢਿਆ ਜਾ ਸਕਦਾ ਸੀ। ਸ਼ੋਰ ਮੇਰੇ ਅੰਦਰ ਵੀ ਮੱਚਿਆ ਹੋਇਆ ਸੀ, ਪਰ ਨਾ ਉਨ੍ਹਾਂ ਮੈਨੂੰ ਕੁਝ ਦੱਸਿਆ ਅਤੇ ਨਾ ਮੈਂ ਹੀ ਉਨ੍ਹਾਂ ਨੂੰ ਕਿਤਾਬ ਬਾਰੇ ਪੁੱਛ ਸਕਿਆ। ਦਿਲ ਨੂੰ ਧੁੜਕੂ ਵਧਦਾ ਗਿਆ ਕਿ ਜੇ ਇਸ ਬਾਰੇ ਬਾਪੂ ਨੂੰ ਪਤਾ ਲੱਗ ਗਿਆ ਤਾਂ ਬਹੁਤ ਬੁਰੀ ਹੋਵੇਗੀ। ਸਾਡਾ ਬਾਪੂ ਜੋ ਭਾਵੇਂ ਮੇਰਾ ਰੋਲ-ਮਾਡਲ ਹੈ, ਸ਼ਾਇਦ ਦੁਨੀਆ ਦਾ ਸਭ ਤੋਂ ਸਖ਼ਤ ਅਤੇ ਖੁਸ਼ਕ ਪਿਉ ਸੀ। ਇੱਕ ਦਿਨ ਜਦੋਂ ਘਰ ਵਿੱਚ ਮੈਂ ਅਤੇ ਮੇਰੀ ਮਾਂ ਇਕੱਲੇ ਸਾਂ ਤਾਂ ਉਨ੍ਹਾਂ ਮੈਨੂੰ ਅੰਦਰ ਲਿਜਾ ਕੇ ਇਹ ਪੋਥੀ ਆਪਣੀ ਪੇਟੀ ਵਿਚਲੇ ਖੇਸਾਂ ਦੀਆਂ ਤਹਿਆਂ ਵਿੱਚੋਂ ਕੱਢ ਕੇ ਫੜਾ ਦਿੱਤੀ ਅਤੇ ਬੇਹੱਦ ਡਰ ਤੇ ਪ੍ਰੇਸ਼ਾਨੀ ਵਿੱਚ ਪੁੱਛਿਆ, ‘‘ਇਹ ਕੀ ਐ? ਇਹ ਗ੍ਰੰਥ ਕਿੱਥੋਂ ਲਿਆਂਦਾ ਹੈ?’’ ਮੈਂ ਗੱਲ ਆਈ-ਗਈ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਮੈਨੂੰ ਪੜ੍ਹ ਕੇ ਸੁਣਾਉਣ ਲਈ ਆਖਿਆ। ਉਨ੍ਹਾਂ ਲਹਿਜੇ ਵਿੱਚ ਕੁਝ ਹੁਕਮ ਦਾ ਰਲ਼ਾਅ ਵੀ ਸੀ। ਔਖੀ ਘੜੀ ਸੀ, ਪਰ ਮੈਂ ਕਿਤਾਬ ਦੇ ਪਹਿਲੇ ਵਰਕੇ ਤੋਂ ਹੀਰ ਦੀ ਰਵਾਇਤੀ ਤਰਜ਼ ਨਾਲ ਪੜ੍ਹਨਾ ਸ਼ੁਰੂ ਕੀਤਾ ਤਾਂ ਉਨ੍ਹਾਂ ਉਸ ‘ਗ੍ਰੰਥ’ ਦੇ ਮੋਟੇ-ਮੋਟੇ ਅੱਖਰ ਵੇਖ ਕੇ ਢਿਲਕ ਰਹੀ ਚੁੰਨੀ ਨਾਲ ਆਪਣਾ ਸਾਰਾ ਸਿਰ ਢਕ ਲਿਆ...! ਉਹ ਸਤਰਾਂ ਇਸ ਤਰ੍ਹਾਂ ਸਨ:
ਇਹ ਰੂਹ ਕਲਬੂਤ ਦਾ ਜ਼ਿਕਰ ਸਾਰਾ,
ਨਾਲ ਅਕਲ ਦੇ ਮੇਲ ਮਿਲਾਇਆ ਈ।
ਅੱਗੇ ਹੀਰ ਨਾ ਕਿਸੇ ਨੇ ਕਹੀ ਐਸੀ,
ਸ਼ੇਅਰ ਬਹੁਤ ਮਰਹੂਬ ਬਣਾਇਆ ਈ।
ਵਾਰਿਸ ਸ਼ਾਹ ਮੀਆਂ ਲੋਕਾਂ ਕਮਲਿਆਂ ਨੂੰ,
ਕਿੱਸਾ ਜੋੜ ਹੁਸ਼ਿਆਰ ਸੁਣਾਇਆ ਈ।
ਜਦੋਂ ਮੈਂ ਇਹ ਬੈਂਤ ਖ਼ਤਮ ਕੀਤਾ ਤਾਂ ਉਨ੍ਹਾਂ ਚੁੰਨੀ ਦੇ ਲੜ ਨਾਲ ਕੋਇਆਂ ਵਿਚਲਾ ਕੁਝ ਥੱਲੇ ਨੱਪਿਆ ਅਤੇ ਮੇਰੇ ਸਿਰ ’ਤੇ ਹੱਥ ਰੱਖ ਕੇ ਕਮਰੇ ਵਿੱਚੋਂ ਬਾਹਰ ਚਲੇ ਗਏ। ਉਸ ਦਿਨ ਤੋਂ ਬਾਅਦ ਇਹ ਕਹਾਣੀ ਮੇਰੀ ਮਾਂ ਦੇ ਅੰਦਰ ਕਿਤੇ ਦਫ਼ਨ ਹੋ ਗਈ, ਜੋ ਕਦੇ ਬਾਹਰ ਨਾ ਆਈ। ਉਹ ਮੇਰੀ ਸਭ ਤੋਂ ਵੱਡੀ ਰਾਜ਼ਦਾਰ ਸੀ।
ਸੰਪਰਕ: 97819-25568

