ਮੈਨੂੰ ਮੇਰੇ ਧੋਬੀ ਤੋਂ ਬਚਾਓ..!
ਕੱਲ੍ਹ ਮਿਰਜ਼ਾ ਨਾਲ ਮੁਲਾਕਾਤ ਹੋਈ ਤਾਂ ਬੜੇ ਉੱਖੜੇ-ਉੱਖੜੇ ਨਜ਼ਰ ਆਏ। ਮੈਂ ਪ੍ਰੇਸ਼ਾਨ ਸਾਂ ਕਿ ਆਖ਼ਰ ਹੋਇਆ, ਤਾਂ ਹੋਇਆ ਕੀ , ਕਿਉਂ ਮੂੰਹ ਮੋਟਾ ਕਰ ਕੇ ਬੈਠੇ ਹਨ ? ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ, ‘‘ਕੱਲ੍ਹ ਸਦਰ ਬਾਜ਼ਾਰ ਵਿੱਚ ਤੁਹਾਨੂੰ ਕਿੰਨੀਆਂ ਆਵਾਜ਼ਾਂ ਦਿੱਤੀਆਂ...
ਕੱਲ੍ਹ ਮਿਰਜ਼ਾ ਨਾਲ ਮੁਲਾਕਾਤ ਹੋਈ ਤਾਂ ਬੜੇ ਉੱਖੜੇ-ਉੱਖੜੇ ਨਜ਼ਰ ਆਏ। ਮੈਂ ਪ੍ਰੇਸ਼ਾਨ ਸਾਂ ਕਿ ਆਖ਼ਰ ਹੋਇਆ, ਤਾਂ ਹੋਇਆ ਕੀ , ਕਿਉਂ ਮੂੰਹ ਮੋਟਾ ਕਰ ਕੇ ਬੈਠੇ ਹਨ ? ਮੈਂ ਕਾਰਨ ਪੁੱਛਿਆ ਤਾਂ ਕਹਿਣ ਲੱਗੇ, ‘‘ਕੱਲ੍ਹ ਸਦਰ ਬਾਜ਼ਾਰ ਵਿੱਚ ਤੁਹਾਨੂੰ ਕਿੰਨੀਆਂ ਆਵਾਜ਼ਾਂ ਦਿੱਤੀਆਂ ਪਰ ਤੁਸੀਂ ਤਾਂ ਅਨਜਾਣ ਬਣ ਕੇ ਚਲੇ ਗਏ, ਜਿਵੇਂ ਚੋਣ ਜਿੱਤਣ ਮਗਰੋਂ ਉਮੀਦਵਾਰ ਚਲਾ ਜਾਂਦਾ ਹੈ। ਮੈਂ ਤੁਹਾਨੂੰ ਸਮਾਜਿਕ ਆਦਮੀ ਸਮਝਦਾ ਸੀ, ਪਰ ਤੁਸੀਂ ਤਾਂ ਰਾਜਨੀਤਕ ਪ੍ਰਾਣੀ ਨਿਕਲੇ।’’ ਮੈਂ ਹੈਰਾਨ ਪ੍ਰੇਸ਼ਾਨ ਕਿ ਮਿਰਜ਼ਾ ਆਵਾਜ਼ ਦੇਣ ਅਤੇ ਮੈਂ ਨਾ ਪਰਤਾਂ ? ਪਰ ਕੱਲ੍ਹ ਉਨ੍ਹਾਂ ਦੀ ਆਵਾਜ਼ ’ਤੇ ਮੈਂ ਪਰਤਦਾ ਤਾਂ ਪਰਤਦਾ ਕਿਵੇਂ ? ਮੈਂ ਤਾਂ ਪਿਛਲੇ ਅੱਠ ਦਿਨਾਂ ਤੋਂ ਸਦਰ ਬਾਜ਼ਾਰ ਗਿਆ ਹੀ ਨਹੀਂ। ਮੈਂ ਮਿਰਜ਼ਾ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਕਿ ਕੱਲ੍ਹ ਸਦਰ ਬਾਜ਼ਾਰ ਗਿਆ ਹੀ ਨਹੀਂ ਸੀ ਪਰ ਉਹ ਤਾਂ ਕੁਝ ਸੁਣਨ ਨੂੰ ਤਿਆਰ ਹੀ ਨਹੀਂ ਸਨ। ਬਸ ਇੱਕ ਹੀ ਗੱਲ ਕਹੀ ਜਾ ਰਹੇ ਸਨ, ਮੈਂ ਤੁਹਾਨੂੰ ਆਪਣੀਆਂ ਅੱਖਾਂ ਨਾਲ ਉੱਥੇ ਦੇਖਿਆ ਸੀ, ਜਿੱਥੇ ਤੁਸੀਂ ਆਪਣਾ ਇੱਕੋ-ਇੱਕੋ ਭੂਰੇ ਰੰਗ ਦਾ ਸੂਟ ਪਹਿਨ ਕੇ ਤੇਜ਼ ਕਦਮੀਂ ਤੁਰੇ ਜਾ ਰਹੇ ਸੀ। ਹੁਣ ਮਿਰਜ਼ਾ ਨੂੰ ਸਮਝਾਵਾਂ ਤਾਂ ਸਮਝਾਵਾਂ ਕਿਵੇਂ, ਕਿੱਦਾਂ ਯਕੀਨ ਦਿਵਾਵਾਂ ਕਿ ਨਾ ਤਾਂ ਮੈਂ ਕੱਲ੍ਹ ਸਦਰ ਬਾਜ਼ਾਰ ਗਿਆ ਸੀ, ਨਾ ਹੀ ਆਪਣਾ ਉਹ ਇੱਕੋ-ਇੱਕੋ ਭੂਰਾ ਸੂਟ ਹੀ ਪਹਿਨਿਆ ਸੀ, ਕਿਉਂਕਿ ਉਹ ਸੂਟ ਤਾਂ ਧੋਣ ਲਈ ਧੋਬੀ ਨੂੰ ਦਿੱਤਾ ਹੋਇਆ ਹੈ। ਪਰ ਮਿਰਜ਼ਾ ਤਾਂ ਇਸ ਕਦਰ ਨਾਰਾਜ਼ ਸਨ, ਮੇਰੀ ਪੂਰੀ ਗੱਲ ਸੁਣੇ ਬਗ਼ੈਰ ਹੀ ਚਲੇ ਗਏ।
ਉਹ ਤਾਂ ਨਿਕਲ ਗਏ ਪਰ ਮੈਂ ਇਹ ਸੋਚ ਕੇ ਪ੍ਰੇਸ਼ਾਨ ਹੋ ਗਿਆ ਕਿ ਮਿਰਜ਼ਾ ਤਾਂ ਪੰਜ ਵਕਤ ਦੇ ਨਮਾਜ਼ੀ ਹਨ। ਉਹ ਝੂਠ ਬੋਲ ਹੀ ਨਹੀਂ ਸਕਦੇ। ਪਰ ਇਹ ਕਿਵੇਂ ਹੋ ਸਕਦਾ ਹੈ ਕਿ ਕੱਲ੍ਹ ਮੈਂ ਸਦਰ ਬਾਜ਼ਾਰ ਗਿਆ ਅਤੇ ਇਸ ਗੱਲ ਦਾ ਮੈਨੂੰ ਹੀ ਪਤਾ ਨਹੀਂ ਤੇ ਬਾਜ਼ਾਰ ਗਿਆ ਵੀ ਤਾਂ ਉਹ ਸੂਟ ਪਹਿਨ ਕੇ ਜਿਹੜਾ ਮੇਰੇ ਕੋਲ ਹੈ ਹੀ ਨਹੀਂ। ਕੱਲ੍ਹ ਤਾਂ ਮੈਂ ਆਪਣੇ ਘਰ ਆਪਣੀ ਬੀਵੀ ਨਾਲ ਸੀ। ਜੇਕਰ ਮੈਂ ਸਦਰ ਬਾਜ਼ਾਰ ਵਿੱਚ ਸੀ ਤਾਂ ਘਰ ’ਚ ਬੀਵੀ ਨਾਲ ਕੌਣ ਸੀ ਅਤੇ ਜੇਕਰ ਮੈਂ ਘਰ ’ਚ ਸੀ ਤਾਂ ਫਿਰ ਸਦਰ ਬਾਜ਼ਾਰ ਵਿੱਚ ਕੌਣ ਸੀ? ਜੇਕਰ ਮੈਂ ਭੂਰਾ ਸੂਟ ਪਹਿਨ ਕੇ ਗਿਆ ਸੀ ਤਾਂ ਧੋਬੀ ਨੂੰ ਕਿਹੜਾ ਭੂਰਾ ਸੂਟ ਧੋਣ ਲਈ ਦਿੱਤਾ ਹੈ? ਬਸ ਤਦੇ ਦਿਮਾਗ਼ ਦੀ ਖਿੜਕੀ ਖੁੱਲ੍ਹੀ ਅਤੇ ਉਸ ਵਿੱਚ ਸਮਝ ਦੀ ਰੋਸ਼ਨੀ ਆਈ ਅਤੇ ਸਾਰਾ ਮਾਮਲਾ ਸਾਫ਼ ਹੋ ਗਿਆ ਕਿ ਨਾ ਮਿਰਜ਼ਾ ਝੂਠੇ, ਨਾ ਮੈਂ ਝੂਠਾ।
ਮਿਰਜ਼ਾ ਨੇ ਮੈਨੂੰ ਦੇਖਿਆ ਇਹ ਵੀ ਸੱਚ ਅਤੇ ਉਹ ਮੈਂ ਨਹੀਂ ਸੀ, ਇਹ ਵੀ ਸੱਚ। ਮਿਰਜ਼ਾ ਜੀਹਨੂੰ ‘ਮੈਂ ਹਾਂ’ ਸਮਝ ਰਹੇ ਸਨ, ਉਹ ਮੈਂ ਨਹੀਂ ਬਲਕਿ ਮੇਰਾ ਸੂਟ ਸੀ ਅਤੇ ਆਵਾਜ਼ ਮੈਨੂੰ ਨਹੀਂ, ਮੇਰੇ ਸੂਟ ਨੂੰ ਦਿੱਤੀ ਗਈ ਸੀ, ਜੀਹਨੂੰ ਮੇਰਾ ਧੋਬੀ ਪਹਿਨ ਕੇ ਸਦਰ ਬਾਜ਼ਾਰ ਵਿੱਚ ਘੁੰਮ ਰਿਹਾ ਸੀ। ਧੋਬੀ ਦੇ ਇਸ ਕਾਰੇ ਕਾਰਨ ਕਈ ਵਾਰ ਮੈਂ ਮੁਸੀਬਤ ਵਿੱਚ ਪੈ ਚੁੱਕਾ ਹਾਂ। ਉਸ ਨੂੰ ਡਾਂਟਿਆਂ ਵੀ ਅਤੇ ਪਿਆਰ ਨਾਲ ਵੀ ਸਮਝਾਇਆ ਕਿ ਤੈਨੂੰ ਕੱਪੜੇ ਧੋਣ ਲਈ ਦਿੱਤੇ ਜਾਂਦੇ ਹਨ, ਪਹਿਨਣ ਲਈ ਨਹੀਂ, ਪਰ ਉਹ ਆਪਣੀਆਂ ਆਦਤ ਤੋਂ ਬਾਜ਼ ਨਹੀਂ ਆਉਂਦਾ। ਉਹ ਤਾਂ ਮੇਰੇ ਕੱਪੜੇ ਪਹਿਨ ਕੇ ਮਸਤ ਘੁੰਮ ਰਿਹਾ ਹੈ ਅਤੇ ਇੱਥੇ ਮੇਰੇ ਮਿਰਜ਼ਾ ਜਿਹੇ ਚੰਗੇ ਬੰਦਿਆਂ ਨਾਲ ਸਬੰਧ ਵਿਗੜ ਰਹੇ ਹਨ। ਇੱਕ ਦਿਨ ਤਾਂ ਮੇਰੇ ਬੱਚੇ ਧੋਬੀ ਦੇ ਪਿੱਛੇ ਪਾਪਾ-ਪਾਪਾ ਕਹਿ ਕੇ ਦੌੜ ਪਏ। ਜਦੋਂ ਉਸ ਨੇ ਉਨ੍ਹਾਂ ਨੂੰ ਗੋਦ ਵਿੱਚ ਲਿਆ ਉਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਇਹ ਪਾਪਾ ਨਹੀਂ ਹੈ। ਇੱਕ ਦਿਨ ਜਦੋਂ ਮੈਂ ਤੌਲੀਆ ਲਪੇਟੇ ਛੱਤ ਉੱਤੇ ਟਹਿਲ ਰਿਹਾ ਸੀ ਤਾਂ ਕੀ ਦੇਖਦਾ ਹਾਂ, ਥੱਲੇ ਸੜਕ ਉੱਤੇ ਮੇਰਾ ਧੋਬੀ ਮੇਰੇ ਹੀ ਕੱਪੜੇ ਪਹਿਨੀ ਸ਼ਾਨ ਨਾਲ ਤੁਰਿਆ ਆ ਰਿਹਾ ਹੈ। ਮੇਰੀ ਤਾਂ ਜਾਨ ਜਲ ਗਈ। ਜੀਅ ਕਰ ਰਿਹਾ ਸੀ ਕਿ ਹੁਣੇ ਜਾਵਾਂ ਅਤੇ ਆਪਣੇ ਕੱਪੜੇ ਲੁਹਾ ਕੇ ਉਸ ਨੂੰ ਸਰੇ ਰਾਹ ਨੰਗਾ ਕਰ ਦੇਵਾਂ, ਪਰ ਮੈਂ ਉਸ ਨੂੰ ਨੰਗਾ ਕਰਨ ਨਹੀਂ ਜਾ ਸਕਦਾ ਸੀ। ਜਦੋਂ ਮੇਰੇ ਢੰਗ ਦੇ ਕੱਪੜੇ ਮੇਰਾ ਧੋਬੀ ਪਹਿਨ ਕੇ ਸ਼ਾਨ ਨਾਲ ਘੁੰਮ ਰਿਹਾ ਹੁੰਦੈ, ਉਸ ਵਕਤ ਮੈਂ ਆਪਣੇ ਬੇਢੰਗੇ ਕੱਪੜਿਆਂ ਵਿੱਚ ਟਹਿਲ ਰਿਹਾ ਹੁੰਦਾ ਹਾਂ। ਜੀਅ ਕਰਦਾ ਹੈ, ਜੇਕਰ ਹੁਣ ਕਦੇ ਧੋਬੀ ਮੇਰੇ ਕੱਪੜੇ ਪਹਿਨੇ ਦਿਸਿਆ ਤਾਂ ਉਸ ਦੀ ਉਹ ਹਾਲਤ ਕਰੂੰਗਾ ਕਿ ਉਸ ਦਾ ਜਿਸਮ ਕੱਪੜੇ ਪਹਿਨਣ ਦੇ ਲਾਇਕ ਨਹੀਂ ਰਹੇਗਾ। ਖ਼ੈਰ, ਇੱਕ ਦਿਨ ਇਹ ਮੌਕਾ ਮੈਨੂੰ ਮਿਲ ਹੀ ਗਿਆ। ਮੈਂ ਭੱਜ ਕੇ ਉਸ ਨੂੰ ਕਾਲਰ ਤੋਂ ਫੜ ਲਿਆ। ਉਹ ਖਿੱਝ ਕੇ ਬੋਲਿਆ, ਕਾਲਰ ਨਾ ਖਿੱਚੋ। ਤੁਹਾਡੀ ਹੀ ਕਮੀਜ਼ ਹੈ, ਫਟ ਗਿਆ ਤਾਂ ਉਸ ਦੇ ਜ਼ਿੰਮੇਵਾਰ ਤੁਸੀਂ ਖ਼ੁਦ ਹੋਵੋਗੇ। ਉਸ ਦੀ ਧਮਕੀ ਸੁਣਦੇ ਸਾਰ ਹੀ ਮੇਰਾ ਹੱਥ ਢਿੱਲਾ ਪੈ ਗਿਆ ਅਤੇ ਉਹ ਭੱਜ ਗਿਆ। ਜਦੋਂ ਵੀ ਮੈਂ ਧੋਬੀ ਨੂੰ ਆਪਣੇ ਕੱਪੜੇ ਪਹਿਨੀ ਦੇਖਦਾ ਹਾਂ ਤਾਂ ਮੈਨੂੰ ਇੱਕ ਕਿੱਸਾ ਯਾਦ ਆ ਜਾਂਦਾ ਹੈ ਕਿ ਇੱਕ ਸਾਬ੍ਹ ਆਪਣੇ ਰਿਸ਼ਤੇਦਾਰ ਦੇ ਘਰ ਮਹਿਮਾਨ ਬਣ ਕੇ ਗਿਆ ਅਤੇ ਜਿੰਨੇ ਵੀ ਦਿਨ ਰਿਹਾ, ਉਨ੍ਹਾਂ ਦੀ ਹਰ ਚੀਜ਼ ਇਸਤੇਮਾਲ ਕੀਤੀ।
ਮੇਜ਼ਬਾਨ ਰਿਸ਼ਤੇਦਾਰ ਇਸ ਹਰਕਤ ਤੋਂ ਐਨਾ ਪ੍ਰੇਸ਼ਾਨ ਹੋ ਗਿਆ ਕਿ ਇੱਕ ਦਿਨ ਆਪਣੇ ਗੁਆਂਢੀ ਨੂੰ ਦੱਸਣ ਲੱਗਾ ਕਿ ਇਹ ਤਾਂ ਬੜਾ ਅਜੀਬ ਆਦਮੀ ਹੈ। ਇਸ ਨੇ ਦਾੜ੍ਹੀ ਬਣਾਉਣੀ ਹੁੰਦੀ ਹੈ ਤਾਂ ਮੇਰਾ ਸ਼ੇਵਿੰਗ ਸੈੱਟ ਚੁੱਕੇ ਲੈਂਦੈ। ਨਹਾਉਣ ਮਗਰੋਂ ਮੇਰੇ ਤੌਲੀਏ ਨਾਲ ਪਿੰਡਾ ਪੂੰਝਦੈ, ਬਾਹਰ ਜਾਣਾ ਹੁੰਦਾ ਤਾਂ ਮੇਰੇ ਜੁੱਤੇ ਪਹਿਨ ਲੈਂਦੈ। ਮੈਨੂੰ ਇਹ ਸਭ ਮਨਜ਼ੂਰ ਹੈ ਪਰ ਘੱਟ ਤੋਂ ਘੱਟ ਮੇਰੇ ਦੰਦਾਂ ਦਾ ਸੈੱਟ ਨਾ ਵਰਤੇ। ਮੈਨੂੰ ਧੋਬੀ ਨੇ ਐਨਾ ਪ੍ਰੇਸ਼ਾਨ ਕਰ ਦਿੱਤਾ ਹੈ ਕਿ ਜੀਅ ਕਰਦੈ, ਧੋਬੀ ਨੂੰ ਧੋ ਸੁੱਟਾਂ ਅਤੇ ਨਿਚੋੜ ਕੇ ਸੁਕਾ ਦਵਾਂ। ਉਸ ਦੀ ਹਿੰਮਤ ਤਾਂ ਦਿਨੋ-ਦਿਨ ਵਧਦੀ ਹੀ ਜਾ ਰਹੀ ਹੈ। ਇੱਕ ਦਿਨ ਮੈਂ ਉਸ ਨੂੰ ਕਾਲੀ ਪੈਂਟ ਧੋਣ ਲਈ ਦਿੱਤੀ ਤਾਂ ਕਹਿੰਦਾ ਹੈ, ਇਸ ਨਾਲ ਦੀ ਚਿੱਟੀ ਸ਼ਰਟ ਵੀ ਦਿਓ। ਮੈਂ ਕਿਹਾ, ‘ਅਜੇ ਚਿੱਟੀ ਸ਼ਰਟ ਐਨੀ ਗੰਦੀ ਨਹੀਂ ਹੋਈ।’ ਮੇਰਾ ਜਵਾਬ ਸੁਣ ਕੇ ਉਹ ਨਾਰਾਜ਼ ਹੋ ਗਿਆ ਅਤੇ ਕਹਿਣ ਲੱਗਾ, ‘ਕੱਪੜੇ ਧੁਆਉਣ ਦਾ ਇਹ ਠੀਕ ਤਰੀਕਾ ਨਹੀਂ ਹੈ। ਮੈਂ ਇੱਕ ਸ਼ਾਦੀ ਵਿੱਚ ਜਾਣਾ ਹੈ। ਹੁਣ ਉੱਥੇ ਕਾਲੀ ਪੈਂਟ ਨਾਲ ਨੀਲੀ ਸ਼ਰਟ ਪਹਿਨੂੰਗਾ ਤਾਂ ਕੀ ਚੰਗਾ ਲੱਗੇਗਾ?’ ਇੱਕ ਮਨਚਲਾ ਕਹਿੰਦਾ, ‘ਧੋਬੀ ਉਹ ਚੰਗਾ ਹੁੰਦਾ ਜੋ ਕੱਪੜਿਆਂ ਨਾਲ ਪੱਥਰ ਤੋੜਦਾ ਹੈ।’ ਹੁਣ ਜਦੋਂ ਵੀ ਧੋਬੀ ਮੇਰੇ ਕੱਪੜੇ ਧੋ ਕੇ ਲਿਆਉਂਦਾ, ਮੇਰੀ ਛਾਤੀ ਮਾਣ ਨਾਲ ਚੌੜੀ ਹੋ ਜਾਂਦੀ ਕਿ ਲਓ ਮੇਰੇ ਕੱਪੜੇ ਪੱਥਰ ਤੋੜ ਕੇ ਆ ਗਏ।
ਮੇਰੇ ਕੱਪੜਿਆਂ ਦੀ ਹਾਲਤ ਇਸ ਗੱਲ ਦੀ ਗਵਾਹ ਹੁੰਦੀ ਕਿ ਉਨ੍ਹਾਂ ਨੇ ਪੱਥਰ ਤੋੜਿਆ ਹੈ। ਕਦੀ ਸ਼ਰਟ ਦਾ ਕਾਲਰ ਮੁੜਿਆ ਹੁੰਦਾ ਅਤੇ ਕਦੀ ਪੈਂਟ ਫਟੀ ਹੁੰਦੀ। ਇੱਕ ਦਿਨ ਧੋਬੀ ਮੇਰਾ ਪਜਾਮਾ ਧੋ ਕੇ ਲਿਆਇਆ ਤਾਂ ਮੈਂ ਪਜਾਮਾ ਦੇਖ ਕੇ ਸਕਤੇ ਵਿੱਚ ਆ ਗਿਆ, ਮੈਂ ਧੋਬੀ ਨੂੰ ਕਿਹਾ, ‘ਭਰਾਵਾ ਦੋ ਪਜਾਮੇ ਸਨ। ਤੁਸੀਂ ਤਾਂ ਇੱਕ ਹੀ ਲਿਆਏ ਹੋ, ਦੂਸਰਾ ਕਿੱਥੇ ਗਿਆ?’ ਧੋਬੀ ਨੇ ਲਾਪ੍ਰਵਾਹੀ ਨਾਲ ਕਿਹਾ, ‘ਬਈ ਕਿਸੇ ਕੋਲ ਚਲਾ ਗਿਆ ਹੋਵੇਗਾ। ਮੈਂ ਫਿਰ ਜਦ ਆਊਂਗਾ ਤਾਂ ਲੈਂਦਾ ਆਊਂਗਾ।’ ਪਰ ਫਿਰ ਉਹ ਕਦੇ ਉਸ ਨੂੰ ਲੈ ਕੇ ਨਹੀਂ ਆਇਆ। ਉਹ ਇਕੱਲਾ ਪਜਾਮਾ ਆਪਣੇ ਸਾਥੀ ਪਜਾਮੇ ਤੋਂ ਵਿਛੜ ਕੇ ਉਦਾਸ ਜਿਹਾ ਅਲਮਾਰੀ ਵਿੱਚ ਪਿਆ ਰਹਿੰਦਾ ਹੈ।
ਇਸ ਧੋਬੀ ਦੀਆਂ ਹਰਕਤਾਂ ਕਾਰਨ ਮੈਂ ਕਈ ਵਾਰ ਬੇਇੱਜ਼ਤ ਹੋ ਚੁੱਕਾ ਹਾਂ। ਇਕ ਵਾਰ ਧੋਬੀ ਕੱਪੜੇ ਧੋ ਕੇ ਲਿਆਇਆ ਤਾਂ ਉਨ੍ਹਾਂ ਵਿੱਚ ਮੇਰੀ ਚਿੱਟੀ ਸ਼ਰਟ ਨਹੀਂ ਸੀ। ਮੈਂ ਅੜ ਗਿਆ ਕਿ ਮੈਨੂੰ ਮੇਰੀ ਚਿੱਟੀ ਸ਼ਰਟ ਚਾਹੀਦੀ ਹੀ ਚਾਹੀਦੀ ਹੈ ਤਾਂ ਉਸ ਨੇ ਮੈਨੂੰ ਇੱਕ ਲਾਲ ਸ਼ਰਟ ਲਿਆ ਦਿੱਤੀ ਕਿ ਫਿਲਹਾਲ ਇਸ ਸ਼ਰਟ ਨੂੰ ਬਤੌਰ ਜ਼ਮਾਨਤ ਰੱਖ ਲਓ। ਮੈਂ ਬਹੁਤ ਮਨ੍ਹਾਂ ਕੀਤਾ ਕਿ ਕਿਸੇ ਹੋਰ ਦੀ ਸ਼ਰਟ ਆਪਣੇ ਕੋਲ ਨਹੀਂ ਰੱਖਣੀ ਹੈ ਪਰ ਉਹ ਮੰਨਿਆ ਨਹੀਂ ਅਤੇ ਉਹ ਲਾਲ ਸ਼ਰਟ ਮੈਨੂੰ ਦੇ ਕੇ ਹੀ ਹਟਿਆ। ਇੱਕ ਦਿਨ ਮੇਰੇ ਕੋਲ ਕੋਈ ਧੋਤੀ ਹੋਈ ਸ਼ਰਟ ਨਹੀਂ ਸੀ ਤਾਂ ਮੈਂ ਉਹੀ ਲਾਲ ਸ਼ਰਟ ਪਹਿਨ ਕੇ ਬਾਜ਼ਾਰ ਚਲਾ ਗਿਆ। ਅਜੇ ਚਾਰ ਕਦਮ ਹੀ ਤੁਰਿਆ ਸੀ ਕਿ ਪਿੱਛੋਂ ਇੱਕ ਬੰਦੇ ਨੇ ਮੇਰਾ ਕਾਲਰ ਫੜ ਲਿਆ ਅਤੇ ਕਿਹਾ, ‘ਕਿਉਂ ਉਏ ਕੱਪੜਾ ਚੋਰ, ਲਾਹ ਮੇਰੀ ਸ਼ਰਟ ਜਾਂ ਚੱਲ ਪੁਲੀਸ ਠਾਣੇ।’ ਪੁਲੀਸ ਦਾ ਨਾਂ ਸੁਣਦਿਆਂ ਹੀ ਮੇਰੇ ਤਾਂ ਹੋਸ਼ ਗੁੰਮ ਹੋ ਗਏ। ਮਰਦਾ ਕੀ ਨਾ ਕਰਦਾ, ਸਰੇ ਬਾਜ਼ਾਰ ਸ਼ਰਟ ਲਾਹ ਕੇ ਉਸ ਨੂੰ ਦੇ ਦਿੱਤੀ ਅਤੇ ਖ਼ੁਦ ਬਗੈਰ ਸ਼ਰਟ ਤੋਂ ਘਰ ਆਇਆ।
ਇੱਕ ਦਿਨ ਤਾਂ ਧੋਬੀ ਨੇ ਸਿਰਾ ਹੀ ਲਾ ਦਿੱਤਾ। ਕੱਪੜੇ ਦੀ ਦੁਕਾਨ ’ਤੇ ਮੈਨੂੰ ਕੱਪੜੇ ਖਰੀਦਦੇ ਦੇਖ ਲਿਆ। ਮੈਂ ਕੱਪੜੇ ਲੈ ਕੇ ਦਰਜ਼ੀ ਦੀ ਦੁਕਾਨ ਉੱਤੇ ਗਿਆ ਤਾਂ ਦਰਜ਼ੀ ਨੇ ਕੱਪੜੇ ਲੈ ਕੇ ਕਿਹਾ ਬੁੱਧਵਾਰ ਨੂੰ ਦੇ ਦਊਂਗਾ। ਮੈਂ ਕਿਹਾ, ‘ਉਹ ਤਾਂ ਠੀਕ ਹੈ, ਪਰ ਪਹਿਲਾਂ ਮੇਰਾ ਨਾਪ ਤਾਂ ਲੈ ਲਓ।’ ਦਰਜ਼ੀ ਬੋਲਿਆ, ‘ਉਸ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਹੁਣੇ ਥੋੜ੍ਹੀ ਦੇਰ ਪਹਿਲਾਂ ਹੀ ਤੁਹਾਡਾ ਧੋਬੀ ਆਪਣਾ ਨਾਪ ਦੇ ਕੇ ਗਿਆ ਹੈ। ਸੱਚ ਕਹਿੰਦਾ, ਉਸ ਦਿਨ ਤੋਂ ਹਰ ਰੋਜ਼ ਮੈਂ ਇਹ ਦੁਆ ਮੰਗਦਾ ਹਾਂ, ‘ਯਾ ਅੱਲ੍ਹਾ ਮੈਨੂੰ ਮੇਰੇ ਧੋਬੀ ਤੋਂ ਬਚਾਓ।’
ਪੰਜਾਬੀ ਰੂਪ: ਨਿਰਮਲ ਪ੍ਰੇਮੀ ਰਾਮਗੜ੍ਹ
ਸੰਪਰਕ: 94631-61691

