DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਸਰਦਾਰ ਸੋਹਾਣੇ ਦੇ...!

ਸ. ਗੁਰਬਖ਼ਸ਼ ਸਿੰਘ ਸੋਹਾਣਾ ਤੇ ਸ. ਤਾਰਾ ਸਿੰਘ ਮਾਣਕ ਮਾਜਰਾ। ਮੁਹਾਲੀ ਸ਼ਹਿਰ ਦੇ ਛਿਪਦੇ ਵੱਲ ਬਿਲਕੁਲ ਵੱਖੀ ਨੂੰ ਛੋਂਹਦਾ ਹੈ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਪ੍ਰਾਪਤ ਪਿੰਡ ਸੋਹਾਣਾ। ਪ੍ਰਸਿੱਧੀ ਦਾ ਇੱਕ ਕਾਰਨ ਹੈ ਪਿੰਡ ਦੇ ਚੜ੍ਹਦੇ ਪਾਸੇ ਨਿਹੰਗ ਮੁਖੀ ਜਥੇਦਾਰ ਹਨੂੰਮਾਨ ਸਿੰਘ...

  • fb
  • twitter
  • whatsapp
  • whatsapp
featured-img featured-img
ਸ. ਨਰੈਣ ਸਿੰਘ
Advertisement
ਸ. ਗੁਰਬਖ਼ਸ਼ ਸਿੰਘ ਸੋਹਾਣਾ ਤੇ ਸ. ਤਾਰਾ ਸਿੰਘ ਮਾਣਕ ਮਾਜਰਾ।
ਸ. ਗੁਰਬਖ਼ਸ਼ ਸਿੰਘ ਸੋਹਾਣਾ ਤੇ ਸ. ਤਾਰਾ ਸਿੰਘ ਮਾਣਕ ਮਾਜਰਾ।

ਮੁਹਾਲੀ ਸ਼ਹਿਰ ਦੇ ਛਿਪਦੇ ਵੱਲ ਬਿਲਕੁਲ ਵੱਖੀ ਨੂੰ ਛੋਂਹਦਾ ਹੈ ਦੇਸ਼-ਵਿਦੇਸ਼ ਵਿੱਚ ਪ੍ਰਸਿੱਧੀ ਪ੍ਰਾਪਤ ਪਿੰਡ ਸੋਹਾਣਾ। ਪ੍ਰਸਿੱਧੀ ਦਾ ਇੱਕ ਕਾਰਨ ਹੈ ਪਿੰਡ ਦੇ ਚੜ੍ਹਦੇ ਪਾਸੇ ਨਿਹੰਗ ਮੁਖੀ ਜਥੇਦਾਰ ਹਨੂੰਮਾਨ ਸਿੰਘ ਦੀ ਯਾਦ ਵਿੱਚ ਬਣਿਆ ‘ਗੁਰਦੁਆਰਾ ਸਿੰਘ ਸ਼ਹੀਦਾਂ’, ਜਿੱਥੇ ਹਰ ਰੋਜ਼ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹਨ। ਪ੍ਰਸਿੱਧੀ ਦਾ ਦੂਜਾ ਕਾਰਨ ਹੈ ਪੰਥ ਰਤਨ ਭਾਈ ਜਸਬੀਰ ਸਿੰਘ ਖੰਨੇ ਵਾਲਿਆਂ ਵੱਲੋਂ ਸਥਾਪਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਹਸਪਤਾਲ ਜਿੱਥੇ ਓਨੀ ਹੀ ਵੱਡੀ ਗਿਣਤੀ ਵਿੱਚ ਸਰੀਰੋਂ ਪੀੜਤ ਲੋਕ ਰੋਗ ਨਿਵਾਰਨ ਵਾਸਤੇ ਪਹੁੰਚਦੇ ਹਨ। ਆਜ਼ਾਦੀ ਤੋਂ ਪਹਿਲਾਂ ਦੋ ਸਦੀਆਂ ਇਹ ਪਿੰਡ ਕਿਲ੍ਹੇ ਵਾਲੇ ਸਰਦਾਰਾਂ ਕਾਰਨ ਮਸ਼ਹੂਰ ਸੀ।

ਅਠਾਰ੍ਹਵੀਂ ਸਦੀ ਦੇ ਮੱਧ ਤੋਂ ਪਹਿਲਾਂ ਬੈਦਵਾਨ ਲਕਬ ਵਾਲੇ ਰਾਜਪੂਤਾਂ ਨੇ ਥਾਨੇਸਰ ਨੇੜਲੇ ਪਿੰਡ ਧਨੌਰਾ ਤੋਂ ਆ ਕੇ ਇਸ ਇਲਾਕੇ ਦਾ ਚੋਖਾ ਇਲਾਕਾ ਮੱਲ ਲਿਆ ਅਤੇ ਆਪਣਾ ਟਿਕਾਣਾ ਸੋਹਾਣਾ ਪਿੰਡ ਨੂੰ ਬਣਾਇਆ। ਨੌਵੇਂ ਅਤੇ ਦਸਵੇਂ ਸਿੱਖ ਗੁਰੂ ਸਾਹਿਬਾਨ ਦੇ ਸੰਪਰਕ ਸਦਕਾ ਬੈਦਵਾਨ ਸਿੱਖੀ ਸੋਚ ਨਾਲ ਜੁੜ ਗਏ। ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹਿੰਦ ਨਾਲ ਦੋ ਹੱਥ ਕਰਨ ਵਾਸਤੇ ਤਿਆਰੀ ਲਈ ਬੈਦਵਾਨਾਂ ਦੇ ਇਲਾਕੇ ਨੂੰ ਹੀ ਚੁਣਿਆ ਅਤੇ ਯੁੱਧ ਚੱਪੜਚਿੜੀ ਦੇ ਸਥਾਨ ਉੱਤੇ ਹੋਇਆ। ਇਸ ਲੜਾਈ ਦੌਰਾਨ ਬੈਦਵਾਨ ਖ਼ੁਦ ਤਾਂ ਬਾਬਾ ਬੰਦਾ ਸਿੰਘ ਬਹਾਦਰ ਦੀ ਸੈਨਾ ਵਿੱਚ ਸ਼ਾਮਿਲ ਹੋ ਕੇ ਲੜੇ ਹੀ, ਉਨ੍ਹਾਂ ਲੜਾਈ ਵਿੱਚ ਜ਼ਖ਼ਮੀ ਹੋਏ ਸਿੰਘਾਂ ਨੂੰ ਆਪਣੇ ਪਿੰਡਾਂ ਵਿੱਚ ਲਿਜਾ ਕੇ ਉਨ੍ਹਾਂ ਦੀ ਸੇਵਾ ਲਈ ਸ਼ਲਾਘਾਯੋਗ ਉੱਦਮ ਵੀ ਕੀਤਾ। ਬੈਦਵਾਨਾਂ ਦੀ ਹੈਸੀਅਤ ਦਾ ਅੰਦਾਜ਼ਾ ਇਸ ਤੱਥ ਤੋਂ ਲਾਇਆ ਜਾ ਸਕਦਾ ਹੈ ਕਿ ਇੱਥੋਂ ਦੇ ਸਰਦਾਰ ਰਾਮ ਸਿੰਘ ਨੇ ਸੰਨ 1753 ਵਿੱਚ ਆਪਣੀ ਧੀ ਦਾ ਵਿਆਹ ਫੂਲਕਿਆਂ ਵਿੱਚ ਭਦੌੜ ਵਾਲੇ ਦੁੰਨਾ ਸਿੰਘ ਦੇ ਪੁੱਤਰ ਸੁੱਖੂ ਸਿੰਘ ਨਾਲ ਕੀਤਾ। ਸੰਨ 1764 ਵਿੱਚ ਖਾਲਸਾ ਪੰਥ ਨੇ ਸਰਹਿੰਦ ਫ਼ਤਹਿ ਕਰਨ ਪਿੱਛੋਂ ਸਤਲੁਜ ਤੋਂ ਜਮਨਾ ਤੱਕ ਦੇ ਇਲਾਕੇ ਉੱਤੇ ਕਬਜ਼ਾ ਕੀਤਾ ਅਤੇ ਫਿਰ ਅਗਲੀ ਸਦੀ ਦੇ ਪਹਿਲੇ ਦਹਾਕੇ ’ਚ ਮਹਾਰਾਜਾ ਰਣਜੀਤ ਸਿੰਘ ਨੇ ਸਤਲੁਜ ਤੋਂ ਪੂਰਬ ਵੱਲ ਆ ਕੇ ਕਈ ਇਲਾਕੇ ਆਪਣੇ ਕਬਜ਼ੇ ’ਚ ਲਏ, ਪਰ ਦੋਵੇਂ ਵਾਰ ਕਿਸੇ ਨੇ ਬੈਦਵਾਨਾਂ ਨੂੰ ਨਹੀਂ ਛੇੜਿਆ। ਸੰਨ 1803 ਵਿੱਚ ਰਾਮ ਸਿੰਘ ਦੇ ਦੇਹਾਂਤ ਪਿੱਛੋਂ ਉਸ ਦਾ ਪੁੱਤਰ ਰਣਜੀਤ ਸਿੰਘ ਇਸ ਮਿਲਖ ਦਾ ਮਾਲਕ ਬਣਿਆ ਅਤੇ ਉਸ ਨੇ ਸਤਲੁਜ ਤੇ ਜਮਨਾ ਵਿਚਕਾਰ ਛੋਟੇ ਵੱਡੇ ਇਲਾਕੇ ਮੱਲੀ ਬੈਠੇ ਹੋਰਨਾਂ ਸਿੱਖ ਸਰਦਾਰਾਂ ਵਾਂਗ 1809 ਵਿੱਚ ਈਸਟ ਇੰਡੀਆ ਕੰਪਨੀ ਦੀ ਸਰਪ੍ਰਸਤੀ ਹਾਸਲ ਕੀਤੀ। ਰਣਜੀਤ ਸਿੰਘ ਦੇ ਸਮੇਂ ਤੱਕ ਸੋਹਾਣਾ ਪਰਿਵਾਰ ਵਿੱਚ ਇਕਲੌਤਾ ਵਾਰਿਸ ਰਿਹਾ, ਜਿਸ ਕਾਰਨ ਸਾਰੀ ਮਿਲਖ ਇੱਕੋ ਥਾਂ ਰਹੀ, ਪਰ ਦਸੰਬਰ 1821 ਵਿੱਚ ਰਣਜੀਤ ਸਿੰਘ ਦੇ ਦੇਹਾਂਤ ਪਿੱਛੋਂ ਮਿਲਖ ਵਿੱਚ ਸ਼ਾਮਿਲ ਲਗਪਗ ਡੇਢ ਦਰਜਨ ਪਿੰਡ ਉਸ ਦੇ ਤਿੰਨ ਪੁੱਤਰਾਂ ਜੱਸਾ ਸਿੰਘ, ਭੂਪ ਸਿੰਘ ਅਤੇ ਅਲਬੇਲ ਸਿੰਘ ਵਿੱਚ ਵੰਡੇ ਗਏ। ਸਰਦਾਰੀ ਦਾ ਰੁਤਬਾ ਭਾਵੇਂ ਵੱਡੇ ਪੁੱਤਰ ਜੱਸਾ ਸਿੰਘ ਨੂੰ ਦਿੱਤਾ ਗਿਆ, ਪਰ ਮਿਲਖ ਦਾ ਮੁੱਖ ਪਿੰਡ ਉਸ ਨੂੰ ਦੇਣ ਦੀ ਥਾਂ ਉਸ ਤੋਂ ਛੋਟੇ ਭੂਪ ਸਿੰਘ ਦੇ ਹਿੱਸੇ ਆਇਆ। ਵੰਡ ਦਾ ਨਤੀਜਾ ਸ਼ਰੀਕੇਬਾਜ਼ੀ ਵਿੱਚ ਨਿਕਲਿਆ। ਜੱਸਾ ਸਿੰਘ ਵੱਲੋਂ ਵਾਵੇਲਾ ਕੀਤੇ ਜਾਣ ਉੱਤੇ ਮਿਲਖ ਦੀ ਮਾਲੀਆ-ਆਧਾਰਿਤ ਵੰਡ ਕੀਤੀ ਗਈ ਅਤੇ ਸੋਹਾਣਾ ਜੱਸਾ ਸਿੰਘ ਨੂੰ ਦਿੱਤਾ ਗਿਆ।

Advertisement

ਜੱਸਾ ਸਿੰਘ ਨੇ ਦੋ ਵਿਆਹ ਕਰਵਾਏ, ਪਰ ਸੰਤਾਨ ਪ੍ਰਾਪਤ ਨਾ ਹੋਈ। ਜੱਟਾਂ ਵਿੱਚ ਜ਼ਮੀਨ ਦਾ ਮੋਹ ਕਿਸੇ ਤੋਂ ਗੁੱਝਾ ਨਹੀਂ। ਹਰ ਕੋਈ ਜਿਵੇਂ ਕਿਵੇਂ ਵੀ ਹੋ ਸਕੇ ਵੱਧ ਤੋਂ ਵੱਧ ਜ਼ਮੀਨ ਹਾਸਲ ਕਰਨ ਦੀ ਇੱਛਾ ਰੱਖਦਾ ਸੀ। ਜੱਸਾ ਸਿੰਘ ਦੇ ਦੋਵੇਂ ਭਰਾ ਵੀ ਇਸ ਇੱਛਾ ਤੋਂ ਮੁਕਤ ਨਹੀਂ ਸਨ। ਉਨ੍ਹਾਂ ਦੀ ਅੱਖ ਚਿਰ ਤੋਂ ਜੱਸਾ ਸਿੰਘ ਦੀ ਜਾਇਦਾਦ ਉੱਤੇ ਸੀ ਕਿ ਕਦੋਂ ਨਿਰਸੰਤਾਨ ਜੱਸਾ ਸਿੰਘ ਇਸ ਸੰਸਾਰ ਤੋਂ ਵਿਦਾ ਹੋਵੇ ਅਤੇ ਉਹ ਉਸ ਦੀ ਮਾਲਕੀ ਹੇਠਲੇ ਪਿੰਡ ਆਪਸ ਵਿੱਚ ਵੰਡਣ। ਉਧਰ ਪਹਿਲੀਆਂ ਪਤਨੀਆਂ ਵਿੱਚੋਂ ਔਲਾਦ ਨਾ ਹੋਣ ਕਾਰਨ ਜੱਸਾ ਸਿੰਘ ਨੇ ਤੀਜਾ ਵਿਆਹ ਦੂਜੇ ਵਿਆਹ ਦੀ ਪਤਨੀ ਬਿਸ਼ਨ ਕੌਰ ਦੇ ਕੁਨਬੇ ਵਿੱਚੋਂ ਲੱਗਦੀ ਉਸ ਦੀ ਭੈਣ ਸਾਹਾ ਦੇ ਸ. ਵਜ਼ੀਰ ਸਿੰਘ ਦੀ ਵਿਧਵਾ ਧੀ ਖੇਮ ਕੌਰ ਨਾਲ ਬਣਦੀਆਂ ਰਸਮਾਂ ਪੂਰੀਆਂ ਕਰਕੇ ਕਰਵਾਇਆ। ਰੱਬ ਦੀ ਮਿਹਰ ਹੋਈ, ਖੇਮ ਕੌਰ ਦੀ ਕੁੱਖੋਂ ਜਿਸ ਪੁੱਤਰ ਦਾ ਜਨਮ ਹੋਇਆ ਉਸ ਦਾ ਨਾਂ ਬਸਾਵਾ ਸਿੰਘ ਰੱਖਿਆ ਗਿਆ। ਇਸ ਨਾਲ ਭੂਪ ਸਿੰਘ ਅਤੇ ਅਲਬੇਲ ਸਿੰਘ ਦੀਆਂ ਆਸਾਂ ਉੱਤੇ ਪਾਣੀ ਫਿਰ ਗਿਆ। ਹੁਣ ਉਨ੍ਹਾਂ ਕੋਲ ਆਪਣੀ ਲਾਲਸਾ ਪੂਰਤੀ ਦਾ ਇੱਕੋ ਰਾਹ ਸੀ ਕਿ ਉਹ ਜੱਸਾ ਸਿੰਘ ਦੇ ਖੇਮ ਕੌਰ ਨਾਲ ਹੋਏ ਵਿਆਹ ਨੂੰ ਮਾਨਤਾ ਨਾ ਦੇਣ। ਅਜਿਹਾ ਸਿੱਧ ਕਰਨ ਵਾਸਤੇ ਉਨ੍ਹਾਂ ਦੀ ਦਲੀਲ ਸੀ ਕਿ ਚਾਦਰ ਪਾਉਣ ਜਾਂ ਕਰੇਵੇ ਦੀ ਰਸਮ ਤਦ ਹੀ ਸਹੀ ਮੰਨੀ ਜਾਂਦੀ ਹੈ ਜੇਕਰ ਔਰਤ ਮ੍ਰਿਤਕ ਪਤੀ ਦੇ ਕਿਸੇ ਭਰਾ ਦੇ ਘਰ ਵਸੇ, ਨਾ ਕਿ ਕੋਈ ਅਜਨਬੀ ਉਸ ਨੂੰ ਆਪਣੇ ਘਰ ਲੈ ਜਾਵੇ, ਜਿਵੇਂ ਜੱਸਾ ਸਿੰਘ ਨੇ ਕੀਤਾ ਸੀ।

Advertisement

ਉਨ੍ਹਾਂ ਦੀਆਂ ਗੱਲਾਂ ਤੋਂ ਜੱਸਾ ਸਿੰਘ ਨੂੰ ਡਰ ਹੋ ਗਿਆ ਕਿ ਉਸ ਦੀ ਮੌਤ ਪਿੱਛੋਂ ਉਹ ਬਸਾਵਾ ਸਿੰਘ ਨੂੰ ਜਾਇਦਾਦ ਤੋਂ ਅਲਹਿਦਾ ਕਰਨ ਦੇ ਯਤਨ ਕਰਨਗੇ। ਇਸ ਲਈ ਉਸ ਨੇ ਬਸਾਵਾ ਸਿੰਘ ਨੂੰ ਆਪਣਾ ਵਾਰਿਸ ਬਣਾਉਣ ਬਾਰੇ ਦਸੰਬਰ 1827 ਵਿੱਚ ਗਵਰਨਰ ਜਨਰਲ ਦੇ ਏਜੰਟ ਕੋਲ ਦਰਖਾਸਤ ਦਿੱਤੀ, ਜਿਸ ਦੇ ਨਤੀਜੇ ਵਜੋਂ ਅੰਗਰੇਜ਼ੀ ਏਜੰਟ ਮਰ੍ਹੇ ਨੇ ਇੱਕ ਹੁਕਮ ਜਾਰੀ ਕਰਕੇ ਜੱਸਾ ਸਿੰਘ ਤੋਂ ਪਿੱਛੋਂ ਉਸ ਦੇ ਪੁੱਤਰ ਬਸਾਵਾ ਸਿੰਘ ਨੂੰ ਮਿਲਖ ਦਾ ਮਾਲਕ ਤਸਲੀਮ ਕਰ ਲਿਆ। ਜੱਸਾ ਸਿੰਘ ਦੇ ਸਵਰਗਵਾਸ ਹੋਣ ਪਿੱਛੋਂ ਸਰਦਾਰੀ ਦਾ ਰੁਤਬਾ ਉਸ ਦੇ ਛੋਟੇ ਭਰਾ ਭੂਪ ਸਿੰਘ ਨੂੰ ਮਿਲਿਆ, ਪਰ ਉਸ ਦੀ ਮਿਲਖ ਬਸਾਵਾ ਸਿੰਘ ਨੂੰ ਦਿੱਤੀ ਗਈ। ਇਸ ਤੋਂ ਦੁਖੀ ਭੂਪ ਸਿੰਘ ਅਤੇ ਅਲਬੇਲ ਸਿੰਘ ਨੇ ਅੰਗਰੇਜ਼ੀ ਏਜੰਟ ਮਰ੍ਹੇ ਕੋਲ ਜੱਸਾ ਸਿੰਘ ਦੇ ਵਿਆਹ ਬਾਰੇ ਇਤਰਾਜ਼ ਕੀਤਾ। ਏਜੰਟ ਨੇ ਪੁੱਛ ਪੜਤਾਲ ਕੀਤੀ ਅਤੇ ਬਸਾਵਾ ਸਿੰਘ ਨੂੰ ਜੱਸਾ ਸਿੰਘ ਦੀ ਨਾਜਾਇਜ਼ ਔਲਾਦ ਮੰਨਦਿਆਂ 28 ਜੁਲਾਈ 1828 ਨੂੰ ਆਪਣਾ ਪਹਿਲਾ ਫ਼ੈਸਲਾ ਉਲਟ ਦਿੱਤਾ। ਨਤੀਜੇ ਵਜੋਂ, ਬਸਾਵਾ ਸਿੰਘ ਨੂੰ ਦਿੱਤੇ ਗਏ ਪਿੰਡ ਦੋਵਾਂ ਭਰਾਵਾਂ ਵਿੱਚ ਵੰਡੇ ਗਏ। ਜਾਗੀਰ ਖੁੱਸ ਜਾਣ ਪਿੱਛੋਂ ਬਸਾਵਾ ਸਿੰਘ ਚੁੱਪ ਕਰਕੇ ਨਹੀਂ ਬੈਠਾ। ਜਦੋਂ 1831 ਵਿੱਚ ਮਰ੍ਹੇ ਦੀ ਥਾਂ ਕਲਾਰਕ ਏਜੰਟ ਨਿਯੁਕਤ ਹੋ ਕੇ ਆਇਆ ਤਾਂ ਬਸਾਵਾ ਸਿੰਘ ਨੇ ਆਪਣਾ ਮਾਮਲਾ ਉਸ ਅੱਗੇ ਰੱਖਿਆ। ਕਲਾਰਕ ਨੇ ਇਸ ਬਾਰੇ ਆਪਣੇ ਉੱਚ ਅਧਿਕਾਰੀ ਮਿਸਟਰ ਮਾਰਟਨ ਨੂੰ ਲਿਖਿਆ। ਮਾਰਟਨ ਨੇ ਕਲਾਰਕ ਨੂੰ ਇਹ ਪਤਾ ਕਰਨ ਲਈ ਕਿਹਾ ਕਿ ਕੀ ਕਰੇਵੇ ਦੀ ਰਸਮ ਸਹੀ ਸੀ? ਜੇ ਉੱਤਰ ‘ਹਾਂ’ ਵਿੱਚ ਹੋਵੇ ਤਾਂ ਬਸਾਵਾ ਸਿੰਘ ਨੂੰ ਮਿਲਖ ਵਿੱਚ ਹਿੱਸੇਦਾਰ ਮੰਨਿਆ ਜਾ ਸਕਦਾ ਹੈ। ਕਲਾਰਕ ਨੇ ਪੁੱਛ-ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਜੱਸਾ ਸਿੰਘ ਅਤੇ ਖੇਮ ਕੌਰ ਦੀ ਸ਼ਾਦੀ ਸਮੇਂ ਭਾਈਚਾਰੇ ਦਾ ਪੂਰਾ ਇਕੱਠ ਸੀ, ਜੱਸਾ ਸਿੰਘ ਵਾਜੇ ਗਾਜੇ ਨਾਲ ਖੇਮ ਕੌਰ ਦੇ ਪੇਕੀਂ ਉਸ ਨੂੰ ਵਿਆਹੁਣ ਗਿਆ ਸੀ ਅਤੇ ਪੂਰੀ ਸਜ-ਧਜ ਨਾਲ ਉਸ ਨੂੰ ਵਿਆਹ ਕੇ ਲਿਆਇਆ ਸੀ। ਗਵਾਹੀਆਂ ਜੱਸਾ ਸਿੰਘ ਅਤੇ ਖੇਮ ਕੌਰ ਦੀ ਸ਼ਾਦੀ ਨੂੰ ਸਹੀ ਠਹਿਰਾਉਂਦੀਆਂ ਸਨ, ਜਿਨ੍ਹਾਂ ਦੀ ਲੋਅ ਵਿੱਚ ਏਜੰਟ ਨੇ ਭੂਪ ਸਿੰਘ ਅਤੇ ਅਲਬੇਲ ਸਿੰਘ ਨੂੰ ਮਿਲਖ ਦੀ ਨਵੇਂ ਸਿਰਿਓਂ ਵੰਡ ਕਰਨ ਦੇ ਹੁਕਮ ਦਿੱਤੇ। ਇਸ ਹੁਕਮ ਦੀ ਪਾਲਣਾ ਕਰਦਿਆਂ ਭੂਪ ਸਿੰਘ ਅਤੇ ਅਲਬੇਲ ਸਿੰਘ ਵੱਲੋਂ 20 ਦਸੰਬਰ 1833 ਨੂੰ ਏਜੰਟ ਦੇ ਦਫ਼ਤਰ ਵਿੱਚ ਪੇਸ਼ ਕੀਤੀ ਲਿਖਤ ਅਨੁਸਾਰ ਜਾਇਦਾਦ ਦੀ ਮੁੜ ਵੰਡ ਕਰਦਿਆਂ ਬਸਾਵਾ ਸਿੰਘ ਨੂੰ ਮਾਣਕ ਮਾਜਰਾ ਵਾਲੀ ਮਿਲਖ ਦਿੱਤੀ ਗਈ। ਸੰਨ 1850 ਵਿੱਚ ਭੂਪ ਸਿੰਘ ਸੋਹਾਣਾ ਸਵਰਗਵਾਸ ਹੋਇਆ ਤਾਂ ਉਸ ਦੀ ਥਾਂ 1835 ਵਿੱਚ ਜਨਮੇ ਉਸ ਦੇ ਪੁੱਤਰ ਭਗਵਾਨ ਸਿੰਘ ਨੇ ਲਈ। ਅਲਬੇਲ ਸਿੰਘ ਦਾ ਪੁੱਤਰ ਜੀਵਨ ਸਿੰਘ 1856 ਵਿੱਚ ਬੇਔਲਾਦ ਸਵਰਗਵਾਸ ਹੋਇਆ ਤਾਂ ਉਸ ਦੀ ਜਾਗੀਰ ਵੰਡਣ ਦਾ ਮਾਮਲਾ ਮੁੜ ਕਚਹਿਰੀ ਵਿੱਚ ਗਿਆ। 18 ਫਰਵਰੀ 1857 ਨੂੰ ਸੁਣਾਏ ਫ਼ੈਸਲੇ ਅਨੁਸਾਰ ਇਹ ਜਾਗੀਰ ਭਗਵਾਨ ਸਿੰਘ ਅਤੇ ਬਸਾਵਾ ਸਿੰਘ ਦਰਮਿਆਨ ਅੱਧੋ ਅੱਧ ਵੰਡੀ ਗਈ। ਦੋਵੇਂ ਧਿਰਾਂ ਸੋਹਾਣੇ ਦਾ ਕਬਜ਼ਾ ਲੈਣਾ ਚਾਹੁੰਦੀਆਂ ਸਨ, ਪਰ ਅਦਾਲਤ ਨੇ ਸੋਹਾਣਾ ਭਗਵਾਨ ਸਿੰਘ ਨੂੰ ਦੇ ਕੇ ਇਸ ਦੇ ਬਦਲੇ 60 ਰੁਪਏ ਮਾਲੀਆ ਦੇਣ ਵਾਲੀ ਵਾਧੂ ਜਾਗੀਰ ਬਸਾਵਾ ਸਿੰਘ ਨੂੰ ਦੇਣ ਦਾ ਫ਼ੈਸਲਾ ਸੁਣਾਇਆ। ਵਿੱਤ ਕਮਿਸ਼ਨਰ ਨੇ 17 ਦਸੰਬਰ 1857 ਨੂੰ ਇਸ ਫ਼ੈਸਲੇ ਦੀ ਪੁਸ਼ਟੀ ਕੀਤੀ।

ਸੰਨ 1861 ਵਿੱਚ ਬੈਦਵਾਨ ਪਰਿਵਾਰ ਵਿੱਚ ਸਰਦਾਰੀ ਦਾ ਰੁਤਬਾ ਲੈਣ ਵਾਸਤੇ ਭਗਵਾਨ ਸਿੰਘ ਅਤੇ ਬਸਾਵਾ ਸਿੰਘ ਦਰਮਿਆਨ ਫਿਰ ਮੁਕੱਦਮੇਬਾਜ਼ੀ ਸ਼ੁਰੂ ਹੋ ਗਈ। ਡਿਪਟੀ ਕਮਿਸ਼ਨਰ ਅੰਬਾਲਾ ਨੇ 23 ਫਰਵਰੀ 1861 ਦੇ ਫ਼ੈਸਲੇ ਵਿੱਚ ਭਗਵਾਨ ਸਿੰਘ ਦਾ ਦਾਅਵਾ ਕਰ ਦਿੱਤਾ, ਪਰ ਕਮਿਸ਼ਨਰ ਅਤੇ ਸਤਲੁਜ ਤੋਂ ਪੂਰਬ ਵੱਲ ਦੀਆਂ ਰਿਆਸਤਾਂ ਲਈ ਲੈਫਟੀਨੈਂਟ ਗਵਰਨਰ ਪੰਜਾਬ ਦੇ ਏਜੰਟ ਮਿਸਟਰ ਆਰਥਰ ਲਾਇਲ ਬਰੈਂਡਰਥ ਦੀ ਕਚਹਿਰੀ ਵਿੱਚ ਅਪੀਲ ਹੋ ਜਾਣ ਪਿੱਛੋਂ ਸਰਦਾਰੀ ਦਾ ਹੱਕਦਾਰ ਭਗਵਾਨ ਸਿੰਘ ਨੂੰ ਮੰਨਿਆ ਗਿਆ। ਕਮਿਸ਼ਨਰ ਵੱਲੋਂ ਇਸ ਦੀ ਪੁਸ਼ਟੀ ਕੀਤੇ ਜਾਣ ਪਿੱਛੋਂ ਇਹ ਫ਼ੈਸਲਾ ਲਾਗੂ ਹੋ ਗਿਆ।

ਬਸਾਵਾ ਸਿੰਘ ਦਾ ਦੇਹਾਂਤ 1864 ਵਿੱਚ ਹੋਇਆ ਤਾਂ ਉਸ ਦੀ ਮਾਣਕ ਮਾਜਰੇ ਵਾਲੀ ਮਿਲਖ ਉਸ ਦੇ ਪੁੱਤਰਾਂ ਪਰਤਾਪ ਸਿੰਘ ਅਤੇ ਨਰੈਣ ਸਿੰਘ ਵਿੱਚ ਵੰਡੀ ਗਈ। ਪਰਤਾਪ ਸਿੰਘ 1891 ਵਿੱਚ ਸੰਤਾਨਹੀਣ ਸਵਰਗਵਾਸ ਹੋਇਆ ਤਾਂ ਉਸ ਦਾ ਹਿੱਸਾ ਵੀ ਨਰੈਣ ਸਿੰਘ ਨੂੰ ਮਿਲ ਗਿਆ। 1893 ਵਿੱਚ ਭਗਵਾਨ ਸਿੰਘ ਦੀ ਸੋਹਾਣੇ ਵਾਲੀ ਜਾਗੀਰ ਵਿੱਚ 18 ਪਿੰਡ ਅਤੇ ਨਰੈਣ ਸਿੰਘ ਦੀ ਮਾਣਕ ਮਾਜਰੇ ਵਾਲੀ ਜਾਗੀਰ ਵਿੱਚ 10 ਪਿੰਡ ਸ਼ਾਮਿਲ ਸਨ, ਜਿਨ੍ਹਾਂ ਦੇ ਮਾਲੀਏ ਤੋਂ ਕੁੱਲ ਸਾਲਾਨਾ ਆਮਦਨ ਕ੍ਰਮਵਾਰ 7581 ਰੁਪਏ ਅਤੇ 7815 ਰੁਪਏ ਸੀ। ਦੋਵੇਂ ਅੰਗਰੇਜ਼ ਸਰਕਾਰ ਨੂੰ ਤਵਾਨ ਵਜੋਂ ਹਰ ਰੁਪਏ ਪਿੱਛੇ ਇੱਕ ਆਨਾ ਦਿੰਦੇ ਸਨ। ਭਗਵਾਨ ਸਿੰਘ ਨੇ ਅੰਗਰੇਜ਼ ਅਧਿਕਾਰੀਆਂ ਨਾਲ ਚੰਗੇ ਸੰਬੰਧ ਬਣਾਏ ਹੋਏ ਸਨ ਅਤੇ ਸਰਕਾਰ ਵੱਲੋਂ ਉਸ ਨੂੰ ਆਨਰੇਰੀ ਮੈਜਿਸਟ੍ਰੇਟ ਤੇ ਸਬ ਰਜਿਸਟਰਾਰ ਥਾਪਿਆ ਗਿਆ। 1896 ਵਿੱਚ ਭਗਵਾਨ ਸਿੰਘ ਦੀ ਮੌਤ ਹੋਣ ਪਿੱਛੋਂ ਸੋਹਾਣਾ ਜਾਗੀਰ ਦਾ ਮੁਖੀ ਉਸ ਦਾ 1864 ਵਿੱਚ ਜਨਮਿਆ ਪੁੱਤਰ ਬ੍ਰਿਜ ਚੰਦ ਸਿੰਘ ਬਣਿਆ। ਬ੍ਰਿਜ ਚੰਦ ਸਿੰਘ ਦੀ ਸ਼ਾਦੀ ਸੁਲਤਾਨਵਿੰਡ ਦੇ ਕਾਠਗੜ੍ਹੀਏ ਸਰਦਾਰਾਂ ਦੇ ਘਰ ਹੋਈ, ਪਰ ਇਸ ਪਤਨੀ ਦੇ ਕੁੱਖੋਂ ਬੱਚਾ ਨਾ ਹੋਣ ਕਾਰਨ ਉਸ ਨੇ ਆਪਣੀ ਪਤਨੀ ਦੀ ਛੋਟੀ ਭੈਣ ਨੂੰ ਵਿਆਹਿਆ। ਦੋਵਾਂ ਦੇ ਕੋਈ ਔਲਾਦ ਨਾ ਪੈਦਾ ਹੋਈ। ਵਾਰਿਸ ਦੀ ਲੋੜ ਮਹਿਸੂਸ ਕਰਦਿਆਂ ਬ੍ਰਿਜ ਚੰਦ ਸਿੰਘ ਦੀਆਂ ਪਤਨੀਆਂ ਨੇ ਆਪਣੀ ਭਤੀਜੀ ਕਰੇਵਾ ਕਰਵਾ ਕੇ ਬ੍ਰਿਜ ਚੰਦ ਸਿੰਘ ਦੇ ਘਰ ਵਸਾਈ। ਇਸ ਤੋਂ ਛੇਤੀ ਪਿੱਛੋਂ ਬੈਦਵਾਨ ਪਰਿਵਾਰ ਵਿੱਚ ਨਾਟਕੀ ਦੌਰ ਸ਼ੁਰੂ ਹੋ ਗਿਆ। ਕਿਹਾ ਜਾਂਦਾ ਹੈ ਕਿ ਜੱਟਾਂ ਵਿੱਚ ਵੈਰ ਸੱਤ ਪੀੜ੍ਹੀਆਂ ਤੱਕ ਚੱਲਦਾ ਰਹਿੰਦਾ ਹੈ।

ਬਸਾਵਾ ਸਿੰਘ ਦਾ ਪੁੱਤਰ ਨਰੈਣ ਸਿੰਘ ਨਹੀਂ ਸੀ ਭੁੱਲਿਆ ਕਿ ਪੌਣੀ ਸਦੀ ਪਹਿਲਾਂ ਬ੍ਰਿਜ ਚੰਦ ਸਿੰਘ ਦੇ ਦਾਦੇ ਭੂਪ ਸਿੰਘ ਨੇ ਉਨ੍ਹਾਂ ਦੇ ਪਰਿਵਾਰ ਨੂੰ ਬੇਇੱਜ਼ਤ ਕਰਕੇ ਬੇਘਰ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਸੀ ਛੱਡੀ। ਉਹ ਬਦਲਾ ਲੈਣ ਦਾ ਢੁਕਵਾਂ ਮੌਕਾ ਲੱਭਦਾ ਸੀ, ਜੋ ਉਸ ਨੂੰ 1900 ਵਿੱਚ ਮਿਲ ਗਿਆ। ਜਨਵਰੀ 1900 ਦੇ ਸ਼ੁਰੂਆਤੀ ਦਿਨਾਂ ਵਿੱਚ ਨਰੈਣ ਸਿੰਘ ਨੇ ਡਿਪਟੀ ਕਮਿਸ਼ਨਰ ਅੰਬਾਲਾ ਮਿਸਟਰ ਐੱਚ ਜੇ ਮੇਨਾਰਡ ਕੋਲ 18 ਜਨਵਰੀ ਨੂੰ ਸ਼ਿਕਾਇਤ ਕੀਤੀ ਕਿ ਸੋਹਾਣੇ ਵਾਲਾ ਉਸ ਦੇ ਚਾਚੇ ਦਾ ਪੁੱਤਰ ਬ੍ਰਿਜ ਚੰਦ ਸਿੰਘ 13 ਜਨਵਰੀ ਨੂੰ ਬਾਹਰੋਂ ਇੱਕ ਬਾਲ ਨੂੰ ਆਪਣੇ ਘਰ ਲੈ ਕੇ ਆਇਆ ਹੈ ਅਤੇ ਛੇਤੀ ਹੀ ਵਾਰਿਸ ਦੇ ਜਨਮ ਬਾਰੇ ਐਲਾਨ ਕਰੇਗਾ। ਕਿਸੇ ਮਿਲਖ ਮੁਖੀ ਦੇ ਨਿਰਸੰਤਾਨ ਮਰਨ ਦੀ ਸੂਰਤ ਵਿੱਚ ਜਾਇਦਾਦ ਸਰਕਾਰ ਕੋਲ ਚਲੀ ਜਾਂਦੀ ਸੀ। ਇਸ ਲਈ ਡਿਪਟੀ ਕਮਿਸ਼ਨਰ ਨੇ ਇਸ ਸੂਚਨਾ ਦੀ ਅਸਲੀਅਤ ਜਾਣਨ ਵਾਸਤੇ ਲੇਡੀ ਡਾਕਟਰ ਮਿਸ ਕਾਰਲਟਨ ਐੱਮ ਡੀ ਨੂੰ ਸ਼ਿਕਾਇਤ ਦੀ ਪੜਤਾਲ ਵਾਸਤੇ ਸੋਹਾਣੇ ਭੇਜਿਆ। ਉਸ ਵੱਲੋਂ ਦਿੱਤੀ ਰਿਪੋਰਟ ਤੋਂ ਨਰੈਣ ਸਿੰਘ ਦਾ ਬਿਆਨ ਝੂਠਾ ਸਾਬਿਤ ਹੋਇਆ। ਜਦ ਨਰੈਣ ਸਿੰਘ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਸ ਨੇ ਆਪਣਾ ਪਹਿਲਾ ਬਿਆਨ ਬਦਲ ਲਿਆ। ਉਸ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਉਸ ਦੀ ਨਵਜਾਤ ਬੱਚੇ ਨੂੰ ਵਾਰਿਸ ਨਾ ਮੰਨੇ ਜਾਣ ਦੀ ਬੇਨਤੀ ਦਾ ਆਧਾਰ ਇਹ ਸੀ ਕਿ ਨਵਜਨਮੇ ਬੱਚੇ ਦੀ ਮਾਤਾ ਦਾ ਬ੍ਰਿਜ ਚੰਦ ਸਿੰਘ ਨਾਲ ਵਿਆਹ ਯੋਗ ਵਿਧੀ ਨਾਲ ਨਹੀਂ ਹੋਇਆ। ਡਿਪਟੀ ਕਮਿਸ਼ਨਰ ਨੇ ਬ੍ਰਿਜ ਚੰਦ ਸਿੰਘ ਅਤੇ ਨਰੈਣ ਸਿੰਘ ਦੋਵਾਂ ਨੂੰ ਸੱਦ ਕੇ ਉਨ੍ਹਾਂ ਦਾ ਪੱਖ ਸੁਣਿਆ। ਦੋਵਾਂ ਦੀ ਸਹਿਮਤੀ ਨਾਲ ਸਰਦਾਰ ਜੀਵਨ ਸਿੰਘ ਸ਼ਾਹਜ਼ਾਦਪੁਰ, ਸਰਦਾਰ ਪਰਤਾਪ ਸਿੰਘ ਘਨੌਲੀ ਅਤੇ ਸਰਦਾਰ ਹਰਨਾਮ ਸਿੰਘ ਖਰੜ ਨੂੰ ਮਹਾਰਾਜਾ ਪਟਿਆਲਾ ਦੀ ਸਲਾਹ ਲੈ ਕੇ ਵਿਆਹ ਦੇ ਜਾਇਜ਼ ਹੋਣ ਜਾਂ ਨਾ ਹੋਣ ਦਾ ਫ਼ੈਸਲਾ ਕਰਨ ਬਾਰੇ ਕਿਹਾ। ਸਲਾਹਕਾਰ ਮੰਡਲ ਵਿੱਚ ਸ਼ਾਮਿਲ ਸਰਦਾਰਾਂ ਨੇ ਬਾਲ ਨੂੰ ਜਨਮ ਦੇਣ ਵਾਲੀ ਔਰਤ ਨਾਲ ਬ੍ਰਿਜ ਚੰਦ ਸਿੰਘ ਦੇ ਕਰੇਵੇ ਨੂੰ ਸਹੀ ਠਹਿਰਾਇਆ ਤਾਂ ਡਿਪਟੀ ਕਮਿਸ਼ਨਰ ਨੇ ਵੀ ਇਸ ਨਾਲ ਸਹਿਮਤੀ ਪ੍ਰਗਟਾ ਦਿੱਤੀ। ਇਸ ਪਿੱਛੋਂ ਡਿਪਟੀ ਕਮਸ਼ਿਨਰ ਨੇ ਦੋਵਾਂ ਧਿਰਾਂ ਨੂੰ ਬਿਠਾ ਕੇ ਸਮਝਾਇਆ ਕਿ ਉਹ ਆਪਣੀ ਹੈਸੀਅਤ ਦਾ ਖ਼ਿਆਲ ਰੱਖਦਿਆਂ ਇਸ ਤਰ੍ਹਾਂ ਦੀ ਦੂਸ਼ਣਬਾਜ਼ੀ ਵਿੱਚ ਨਾ ਪੈਣ। ਇਸ ਪਿੱਛੋਂ ਦੋਵਾਂ ਪਰਿਵਾਰਾਂ ਵਿੱਚ ਸਬੰਧ ਸੁਖਾਵੇਂ ਰਹੇ।

ਸੰਪਰਕ: 94170-49417

ਸੋਹਾਣੇ ਦਾ ਕਿਲ੍ਹਾ
ਸੋਹਾਣੇ ਦਾ ਕਿਲ੍ਹਾ
Advertisement
×