DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿੱਖ ਰਾਜ ਦਾ ਬਹਾਦਰ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀਵਾਲਾ

ਅਟਾਰੀ ਪਿੰਡ ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ’ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰੀ ਉੱਤੇ ਸਥਿਤ ਹੈ, ਜਿਸ ਦਾ ਬਾਨੀ ਸਰਦਾਰ ਗੌਰ ਸਿੰਘ ਸੀ। ਉਸ ਨੇ 25-30 ਫੁੱਟ ਉੱਚੇ ਥੇਹ ’ਤੇ ਪਿੰਡ ਵਸਾ ਕੇ ਆਪਣੀ ਸੱਤ ਮੰਜ਼ਿਲੀ ਹਵੇਲੀ ਬਣਵਾਈ, ਜਿਸ ਕਰਕੇ...

  • fb
  • twitter
  • whatsapp
  • whatsapp
Advertisement

ਅਟਾਰੀ ਪਿੰਡ ਅੰਮ੍ਰਿਤਸਰ ਤੋਂ ਲਾਹੌਰ ਵਾਲੀ ਸੜਕ ’ਤੇ ਅੰਮ੍ਰਿਤਸਰ ਤੋਂ 20 ਕਿਲੋਮੀਟਰ ਦੂਰੀ ਉੱਤੇ ਸਥਿਤ ਹੈ, ਜਿਸ ਦਾ ਬਾਨੀ ਸਰਦਾਰ ਗੌਰ ਸਿੰਘ ਸੀ। ਉਸ ਨੇ 25-30 ਫੁੱਟ ਉੱਚੇ ਥੇਹ ’ਤੇ ਪਿੰਡ ਵਸਾ ਕੇ ਆਪਣੀ ਸੱਤ ਮੰਜ਼ਿਲੀ ਹਵੇਲੀ ਬਣਵਾਈ, ਜਿਸ ਕਰਕੇ ਪਿੰਡ ਦਾ ਨਾਂ ਅਟਾਰੀ ਪੈ ਗਿਆ।

ਸਰਦਾਰ ਗੌਰ ਸਿੰਘ ਦਾ ਪੁੱਤਰ ਨਿਹਾਲ ਸਿੰਘ ਬਹਾਦਰ ਯੋਧਾ, ਚੰਗਾ ਪ੍ਰਬੰਧਕ ਤੇ ਯੋਗ ਹਾਕਮ ਸੀ। ਆਪਣੀ ਯੋਗਤਾ ਤੇ ਬਹਾਦਰੀ ਕਾਰਨ ਸਰਦਾਰ ਨਿਹਾਲ ਸਿੰਘ ਮਹਾਰਾਜਾ ਰਣਜੀਤ ਸਿੰਘ ਦੇ ਬਹੁਤ ਨੇੜੇ ਸੀ। ਉਸ ਬਾਰੇ ਗ੍ਰਿਫਿਨ ਲਿਖਦਾ ਹੈ,‘‘ਉਹ ਲੜਾਈ ਜੋ ਸਿੱਖਾਂ ਦੀ ਅਹਿਮਦ ਖਾਂ ਸ਼ਹਾਨਚੀ-ਬਾਸ਼ੀ ਦੇ ਅਧੀਨ ਅਫ਼ਗ਼ਾਨਾਂ ਨਾਲ ਹੋਈ, ਦੀ ਜਿੱਤ ਸਰਦਾਰ ਨਿਹਾਲ ਸਿੰਘ ਦੀ ਬਹਾਦਰੀ ਕਰ ਕੇ ਸੀ।’’

Advertisement

ਸਰਦਾਰ ਸ਼ਾਮ ਸਿੰਘ ਦਾ ਜਨਮ 1785 ਵਿੱਚ ਸਰਦਾਰ ਨਿਹਾਲ ਸਿੰਘ ਤੇ ਮਾਤਾ ਸ਼ਮਸ਼ੇਰ ਕੌਰ ਦੇ ਘਰ ਹੋਇਆ। ਪਿਤਾ ਤੋਂ ਘੋੜਸਵਾਰੀ, ਤੀਰਅੰਦਾਜ਼ੀ, ਤਲਵਾਰਬਾਜ਼ੀ ਤੇ ਹੋਰ ਜੰਗੀ ਕਰਤੱਬ ਸਿੱਖਣ ਸਦਕਾ ਸ਼ਾਮ ਸਿੰਘ ਛੋਟੀ ਉਮਰ ਵਿੱਚ ਹੀ ਜੰਗਾਂ ਵਿੱਚ ਹਿੱਸਾ ਲੈਣ ਲੱਗ ਪਿਆ। ਗੁਲਸ਼ਨ ਲਾਲ ਚੋਪੜਾ ਅਨੁਸਾਰ ਸ਼ਾਮ ਸਿੰਘ 1803 ਈਸਵੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਸ਼ਾਮਿਲ ਹੋਇਆ ਸੀ। ਸੰਨ 1816 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਸ਼ਾਮ ਸਿੰਘ ਦੀ ਦਲੇਰੀ ਤੋਂ ਖ਼ੁਸ਼ ਹੋ ਕੇ ਹੀਰਿਆਂ ਜੜੀ ਕਲਗੀ ਬਖ਼ਸ਼ੀ ਸੀ, ਜਿਸ ਦੀ ਖ਼ਬਰ 12 ਮਾਰਚ 1816 ਨੂੰ ‘ਈਵੈਂਟਸ ਇਨ ਦਿ ਕੋਰਟ ਔਫ ਮਹਾਰਾਜਾ ਰਣਜੀਤ ਸਿੰਘ’ ਵਿੱਚ ਛਪੀ ਸੀ।

Advertisement

ਸਰਦਾਰ ਨਿਹਾਲ ਸਿੰਘ ਦੀ 1817 ਵਿੱਚ ਬਿਮਾਰੀ ਨਾਲ ਮੌਤ ਮਗਰੋਂ ਸ਼ਾਮ ਸਿੰਘ ਨੇ ਆਪਣੇ ਪਿਤਾ ਦੀ ਥਾਂ ਸੰਭਾਲ ਲਈ। ਜਰਨੈਲ ਸ਼ਾਮ ਸਿੰਘ ਨੇ ਸਿੱਖ ਰਾਜ ਦੀਆਂ ਅਨੇਕਾਂ ਲੜਾਈਆਂ ਵਿੱਚ ਬਹਾਦਰੀ ਤੇ ਨਿਡਰਤਾ ਦੇ ਜੌਹਰ ਦਿਖਾਏ, ਜਿਨ੍ਹਾਂ ਵਿੱਚੋਂ ਕੁਝ ਅਹਿਮ ਹਨ: (1) ਸੰਨ 1818 ’ਚ ਮੁਲਤਾਨ ਦੀ ਜੰਗ ਵਿੱਚ ਚੋਖਾ ਨਾਮ ਖੱਟਿਆ, (2) ਸੰਨ 1818 ਵਿੱਚ ਪਿਸ਼ਾਵਰ ਦੀ ਜੰਗ ਜਿੱਤੀ, (3) ਸੰਨ 1819 ਵਿੱਚ ਕਸ਼ਮੀਰ ਦੀ ਜੰਗ ਲੜੀ, (4) ਸੰਨ 1831 ਵਿੱਚ ਸੱਯਦ ਅਹਿਮਦ ਬਰੇਲਵੀ, ਖੈਰਾਬਾਦ (ਅਟਕ) ਉੱਪਰ ਜਿੱਤ ਪ੍ਰਾਪਤ ਕੀਤੀ, (5) ਸੰਨ 1832-1839 ਦੌਰਾਨ ਸਿੱਖ ਰਾਜ ਦੀਆਂ ਸਰਹੱਦਾਂ ਦੀ ਰਾਖੀ ਤੇ ਹਜ਼ਾਰੇ ਦੀਆਂ ਮੁਹਿੰਮਾਂ ਵਿੱਚ ਹਿੱਸਾ ਲਿਆ, (6) ਸੰਨ 1834 ਵਿੱਚ ਬੰਨੂੰ ਟੋਚੀ ਦੱਰੇ ਦੀ ਜਿੱਤ, (7) ਸੰਨ 1837 ਵਿੱਚ ਜਮਰੌਦ ਅਤੇ (8) ਸੰਨ 1838 ਵਿੱਚ ਹਜ਼ਾਰੇ ਦੀਆਂ ਮੁਹਿੰਮਾਂ ਵਿੱਚ ਸਫ਼ਲਤਾ ਪ੍ਰਾਪਤ ਕੀਤੀ।

ਉਸ ਨੇ ਸਾਮਰਾਜ ਦੇ ਵਿਸਥਾਰ ਵਿੱਚ ਲਗਾਤਾਰ ਯੋਗਦਾਨ ਪਾ ਕੇ ਕਸ਼ਮੀਰ, ਪਿਸ਼ਾਵਰ, ਮਨਕੇਰਾ, ਡੇਰਾ ਇਸਮਾਈਲ ਖਾਂ ਤੇ ਮੁਲਤਾਨ ਵਰਗੀਆਂ ਵੱਡੀਆਂ ਵੱਡੀਆਂ ਰਿਆਸਤਾਂ ਸਿੱਖ ਰਾਜ ਵਿੱਚ ਸ਼ਾਮਿਲ ਕਰਨ ਵਿੱਚ ਹਿੱਸਾ ਪਾਇਆ। ਇਨ੍ਹਾਂ ਬਹਾਦਰੀਆਂ ਤੋਂ ਖ਼ੁਸ਼ ਹੋ ਕੇ ਮਹਾਰਾਜਾ ਰਣਜੀਤ ਸਿੰਘ ਨੇ ਜਰਨੈਲ ਸ਼ਾਮ ਸਿੰਘ ਨੂੰ ਪਿਸ਼ਾਵਰ ਦੀ ਫ਼ੌਜ ਦਾ ਮੁੱਖ ਅਧਿਕਾਰੀ ਨਿਯੁਕਤ ਕੀਤਾ।

ਮਹਾਰਾਜਾ ਰਣਜੀਤ ਸਿੰਘ ਦੇ ਵੱਡੇ ਪੁੱਤਰ ਖੜਕ ਸਿੰਘ ਦਾ ਪੁੱਤਰ ਕੰਵਰ ਨੌਨਿਹਾਲ ਸਿੰਘ ਸਿੱਖ ਰਾਜ ਦੀਆਂ ਜੰਗਾਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ ਲੱਗ ਪਿਆ। ਬੰਨੂੰ ਤੇ ਪਿਸ਼ਾਵਰ ਦੀਆਂ ਲੜਾਈਆਂ ਵਿੱਚ ਜਰਨੈਲ ਸ਼ਾਮ ਸਿੰਘ ਨੇ ਉਸ ਨੂੰ ਨੇੜਿਓਂ ਪਰਖਿਆ ਅਤੇ ਉਸ ਦੇ ਗੁਣਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਸ ਨੇ ਆਪਣੀ ਧੀ ਬੀਬੀ ਨਾਨਕੀ ਦਾ ਵਿਆਹ ਕੰਵਰ ਨੌਨਿਹਾਲ ਸਿੰਘ ਨਾਲ ਕਰਨ ਦਾ ਇਰਾਦਾ ਬਣਾਇਆ ਅਤੇ ਮਹਾਰਾਜੇ ਸਾਹਮਣੇ ਪ੍ਰਸਤਾਵ ਰੱਖਿਆ। ਸੋਚ ਵਿਚਾਰ ਕਰਕੇ ਮਹਾਰਾਜਾ ਨੇ 11 ਅਗਸਤ 1835 ਨੂੰ ਕੰਵਰ ਨੌਨਿਹਾਲ ਸਿੰਘ ਦਾ ਛੁਹਾਰਾ ਲਗਾਉਣ ਦੀ ਰਸਮ ਦਾ ਦਿਨ ਨਿਸ਼ਚਿਤ ਕੀਤਾ ਅਤੇ ਡੇਢ ਸਾਲ ਪਿੱਛੋਂ ਵਿਆਹ ਰਚਾ ਦਿੱਤਾ।

ਇਸ ਵਿਆਹ ਦੀਆਂ ਤਿਆਰੀਆਂ ਛੇ ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈਆਂ। ਵਿਆਹ ਸਬੰਧੀ ਮਹਾਰਾਜੇ ਨੇ ਲਗਭਗ 5 ਲੱਖ ਸੱਦਾ ਪੱਤਰ ਭੇਜੇ। ਇਸ ਵਿੱਚ ਪਟਿਆਲਾ, ਨਾਭਾ, ਜੀਂਦ ਤੇ ਫ਼ਰੀਦਕੋਟ ਦੇ ਰਾਜੇ; ਮਾਲੇਰਕੋਟਲਾ ਦਾ ਨਵਾਬ; ਸੁਕੇਤ ਮੰਡੀ, ਚੰਬਾ ਤੇ ਨੂਰਪੁਰ ਦੇ ਪਹਾੜੀ ਰਾਜੇ; ਅਤੇ ਸਤਲੁਜ ਤੋਂ ਉੱਤਰ ਵੱਲ ਪਿਸ਼ਾਵਰ ਤੱਕ ਦੇ ਸਭ ਸਰਦਾਰ ਤੇ ਜਾਗੀਰਦਾਰ ਸ਼ਾਮਲ ਸਨ। ਅੰਗਰੇਜ਼ਾਂ ਦੀ ਈਸਟ ਇੰਡੀਆ ਕੰਪਨੀ ਦਾ ਕਮਾਂਡਰ-ਇਨ-ਚੀਫ ਸਰ ਹੈਨਰੀ ਫੈਨ ਵੀ ਵਿਆਹ ਵਿੱਚ ਸ਼ਾਮਿਲ ਹੋਇਆ।

ਮਹਾਰਾਜਾ ਰਣਜੀਤ ਸਿੰਘ ਉਸ ਵੇਲੇ ਰਾਮਬਾਗ, ਅੰਮ੍ਰਿਤਸਰ ਸ਼ਹਿਰ ਵਿਖੇ ਠਹਿਰਿਆ ਹੋਇਆ ਸੀ। ਕੰਵਰ ਨੌਨਿਹਾਲ ਸਿੰਘ ਦੀ ਸਿਹਰਾਬੰਦੀ ਦਰਬਾਰ ਸਾਹਿਬ ਵਿਖੇ 7 ਮਾਰਚ 1837 ਨੂੰ ਕਰ ਕੇ, ਜੰਝ ਹਾਥੀਆਂ ’ਤੇ ਚੜ੍ਹ ਕੇ ਅਟਾਰੀ ਵੱਲ ਤੁਰੀ। ਜਿਉਂ-ਜਿਉਂ ਜੰਝ ਅੱਗੇ ਵਧਦੀ, ਮਹਾਰਾਜਾ ਚਹੁੰਆਂ ਪਾਸੇ ਰੁਪੱਈਆਂ ਦੀ ਸੋਟ ਕਰੀ ਜਾਂਦਾ। ਜੰਝ ਵੇਖਣ ਵਾਲੀ ਖਲਕਤ ਨੂੰ ਰੁਪਏ ਤੇ ਪਸ਼ੂ ਦਾਨ ਕੀਤੇ ਗਏ। ਇਤਿਹਾਸਕਾਰ ਸੋਹਣ ਲਾਲ ਸੂਰੀ ਲਿਖਦਾ ਹੈ ਕਿ ਲੋਕ ਝੋਲੀਆਂ ਭਰ ਕੇ ਦਾਨ ਲੈ ਕੇ ਗਏ। ਕਿਸੇ ਨੂੰ ਖਾਲੀ ਹੱਥ ਨਹੀਂ ਮੁੜਨਾ ਪਿਆ। ਇਸ ਤਰ੍ਹਾਂ ਮਹਾਰਾਜੇ ਨੇ 20 ਲੱਖ ਰੁਪਏ ਦਾਨ ਕੀਤੇ।

ਸਰਦਾਰ ਸ਼ਾਮ ਸਿੰਘ ਨੇ ਪ੍ਰਾਹੁਣਿਆਂ ਦੇ ਦਿਲ-ਪਰਚਾਵੇ ਲਈ ਕਈ ਤਰ੍ਹਾਂ ਦੇ ਸਮਾਗਮ ਰਚਾਏੇ। ਸਨਮਾਨ ਵਜੋਂ ਪ੍ਰਾਹੁਣਿਆਂ ਨੂੰ ਕਈ ਤਰ੍ਹਾਂ ਦੀਆਂ ਸੌਗਾਤਾਂ ਦਿੱਤੀਆਂ। ਦਾਜ ਵਿੱਚ 11 ਜੋੜੇ ਤਿਉਰ, 4 ਸੋਨੇ ਦੇ ਬਣੇ ਕੱਪੜੇ ਦੇ ਜੋੜੇ, 101 ਊਠ, 101 ਘੋੜੇ, 101 ਗਾਵਾਂ, 101 ਮੱਝਾਂ, 101 ਬੱਕਰੀਆਂ, 6 ਹਾਥੀ, ਬਹੁਤ ਸਾਰੇ ਗਹਿਣੇ, ਸੋਨੇ ਦੇ ਭਾਂਡੇ ਅਤੇ 11 ਹਜ਼ਾਰ ਰੁਪੱਈਏ ਦਿੱਤੇ। ਮਹਾਰਾਜੇ ਨੇ ਇਹ ਸਭ ਬੜੇ ਚਾਅ ਨਾਲ ਪ੍ਰਵਾਨ ਕੀਤਾ।

ਕੰਵਰ ਨੌਨਿਹਾਲ ਸਿੰਘ ਦੇ ਵਿਆਹ ਦੀ ਖ਼ੁਸ਼ੀ ਵਿੱਚ ਮਹਾਰਾਜੇ ਨੇ ਇੱਕ ਨਵਾਂ ਤਗ਼ਮਾ ਕੱਢਿਆ, ਜਿਸ ਦਾ ਨਾਂ ‘ਕੋਕੇਬ-ਇ-ਇਕਬਾਲ-ਇ-ਪੰਜਾਬ’ (ਭਾਵ ਪੰਜਾਬ ਦੀ ਖੁਸ਼ਹਾਲੀ ਦਾ ਸਿਤਾਰਾ) ਸੀ।

ਡੋਲੀ ਤੋਰਨ ਦੀ ਰਸਮ 10 ਮਾਰਚ 1837 ਨੂੰ ਹੋਈ। ਧੂਮ-ਧਾਮ ਨਾਲ ਹੋਏ ਇਸ ਵਿਆਹ ਨੇ ਮਹਾਰਾਜਾ ਅਤੇ ਸਰਦਾਰ ਸ਼ਾਮ ਸਿੰਘ ਦੀਆਂ ਵਡਿੱਤਾਂ ਬਾਰੇ ਧੁੰਮਾਂ ਪਾ ਦਿੱਤੀਆਂ। ਇਹ ਵਿਆਹ ਇੱਕ ਅਦੁੱਤੀ, ਵਿਸ਼ਾਲ ਅਤੇ ਬੇਅੰਤ ਕੀਮਤੀ ਸਮਾਗਮ ਸੀ, ਜਿਸ ਦੀ ਇਤਿਹਾਸ ਵਿੱਚ ਹੋਰ ਮਿਸਾਲ ਨਹੀਂ ਹੈ। ਪੋਤਰੇ ਦੇ ਵਿਆਹ ਤੋਂ 2 ਸਾਲ 3 ਮਹੀਨੇ ਬਾਅਦ 27 ਜੂਨ 1839 ਨੂੰ ਮਹਾਰਾਜਾ ਰਣਜੀਤ ਸਿੰਘ ਦਾ ਦੇਹਾਂਤ ਹੋ ਗਿਆ। ਮਹਾਰਾਜੇ ਨੇ ਆਪਣੇ ਰਾਜ ਵਿੱਚ ਵੱਖ-ਵੱਖ ਰਿਆਸਤਾਂ ਤੇ ਇਲਾਕਿਆਂ ਦੇ ਮੁੱਖ ਮੰਤਰੀ ਅਤੇ ਗਵਰਨਰ ਲਾਏ ਹੋਏ ਸਨ, ਜਿਨ੍ਹਾਂ ਵਿੱਚ ਕਈ ਡੋਗਰੇ ਵੀ ਸ਼ਾਮਿਲ ਸਨ।

ਡੋਗਰਿਆਂ ਵਿੱਚੋਂ ਜ਼ਿਆਦਾ ਚਰਚਿਤ ਨਾਮ ਰਾਜਾ ਗੁਲਾਬ ਸਿੰਘ, ਰਾਜਾ ਧਿਆਨ ਸਿੰਘ, ਰਾਜਾ ਹੀਰਾ ਸਿੰਘ ਤੇ ਰਾਜਾ ਲਾਲ ਸਿੰਘ ਸਨ। ਮਹਾਰਾਜੇ ਦੀ ਮੌਤ ਤੋਂ ਬਾਅਦ ਇਹ ਡੋਗਰੇ ਸਿੱਖ ਰਾਜ ਨੂੰ ਖ਼ਤਮ ਕਰਕੇ ਆਪਣਾ ਰਾਜ ਮਜ਼ਬੂਤ ਤੇ ਕਾਇਮ ਰੱਖਣਾ ਲੋਚਦੇ ਸਨ। ਨਿੱਜੀ ਸੁਆਰਥਾਂ ਲਈ ਉਹ ਸਿੱਖ ਸਰਦਾਰਾਂ ਵਿਚਕਾਰ ਫੁੱਟਾਂ ਪੁਆਉਣ ਤੇ ਲੜਾਈਆਂ ਕਰਾਉਣ ਲੱਗੇ ਅਤੇ ਅੰਗਰੇਜ਼ ਸਰਕਾਰ ਦੇ ਗਵਰਨਰ-ਜਨਰਲ ਨਾਲ ਗੁਪਤ ਤੌਰ ’ਤੇ ਰਾਬਤਾ ਕਰਨ ਲੱਗ ਪਏ ਸਨ। ਇਸ ਤਰ੍ਹਾਂ ਥੋੜ੍ਹੇ ਚਿਰ ਵਿੱਚ ਹੀ ਸਿੱਖ ਸਰਦਾਰਾਂ, ਜਰਨੈਲਾਂ ਤੇ ਮੁੱਖ ਮੰਤਰੀਆਂ ਵਿਚਕਾਰ ਆਪਸੀ ਫੁੁੱਟਾਂ ਤੇ ਨਫ਼ਰਤਾਂ ਲਗਾਤਾਰ ਵਧਦੀਆਂ ਗਈਆਂ, ਪਰ ਸ਼ਾਮ ਸਿੰਘ ਦੀ ਡੋਗਰਿਆਂ ਨਾਲ ਕੋਈ ਰੜਕ ਜਾਂ ਰੰਜਿਸ਼ ਨਹੀਂ ਸੀ। ਉਹ ਸਮਝਦਾ ਸੀ ਕਿ ਸਿੱਖ ਰਾਜ ਦੇ ਤਖ਼ਤ ’ਤੇ ਕੋਈ ਵਰਿਆਮ ਤੇ ਸੂਰਮਾ ਹੋਣਾ ਚਾਹੀਦਾ ਹੈ।

ਮਹਾਰਾਜੇ ਦੇ ਸਭ ਤੋਂ ਵੱਡੇ ਪੁੱਤਰ ਖੜਕ ਸਿੰਘ ਨੂੰ ਤਖ਼ਤ ’ਤੇ ਬਿਠਾਇਆ ਗਿਆ। ਲਗਭਗ ਇੱਕ ਸਾਲ ਬਾਅਦ ਨਵੰਬਰ 1840 ’ਚ ਉਹ ਮਰ ਗਿਆ ਜਾਂ ਗੱਦਾਰ ਡੋਗਰਿਆਂ ਵੱਲੋਂ ਮਾਰ ਦਿੱਤਾ ਗਿਆ। ਅਜੇ ਉਸ ਦਾ ਸਸਕਾਰ ਹੋਇਆ ਹੀ ਸੀ ਕਿ ਉਸ ਦੇ ਪੁੱਤਰ ਕੰਵਰ ਨੌਨਿਹਾਲ ਸਿੰਘ ਨੂੰ ਕਿਲ੍ਹੇ ਵਿੱਚ ਵੜਨ ਵੇਲੇ ਦਰਵਾਜ਼ੇ ਦਾ ਛੱਜਾ ਡੇਗ ਕੇ ਮਾਰ ਦਿੱਤਾ ਗਿਆ। ਫਿਰ ਨੌਨਿਹਾਲ ਸਿੰਘ ਦੀ ਮਾਂ, ਰਾਣੀ ਚੰਦ ਕੌਰ ਨੇ ਬਤੌਰ ਰੀਜੈਂਟ (ਮਲਿਕਾ ਮੁਕੱਦਿਸਾ) ਰਾਜ ਚਲਾਇਆ, ਪਰ ਜਲਦੀ ਹੀ ਉਸ ਨੂੰ ਵੀ ਮਾਰ ਦਿੱਤਾ ਗਿਆ।

ਧਿਆਨ ਸਿੰਘ ਡੋਗਰੇ ਨੇ ਮਹਾਰਾਜੇ ਦੇ ਦੂਜੇ ਪੁੱਤਰ ਕੰਵਰ ਸ਼ੇਰ ਸਿੰਘ ਨੂੰ ਬਟਾਲੇ ਤੋਂ ਸੱਦ ਕੇ ਜਨਵਰੀ 1941 ਵਿੱਚ ਤਖ਼ਤ ’ਤੇ ਬਿਠਾ ਦਿੱਤਾ। ਮਹਾਰਾਜਾ ਸ਼ੇਰ ਸਿੰਘ ਅਤੇ ਉਸ ਦਾ ਪੁੱਤਰ 15 ਸਤੰਬਰ 1843 ਨੂੰ ਸਰਦਾਰ ਲਹਿਣਾ ਸਿੰਘ ਤੇ ਅਜੀਤ ਸਿੰਘ ਸੰਧਾਵਾਲੀਆ ਨੇ ਮਾਰ ਦਿੱਤੇ।

ਮਹਾਰਾਜਾ ਰਣਜੀਤ ਸਿੰਘ ਦੇ ਛੋਟੇ 5 ਸਾਲ ਦੇ ਨਾਬਾਲਗ ਪੁੱਤਰ ਦਲੀਪ ਸਿੰਘ, ਜੋ ਮਹਾਰਾਣੀ ਜਿੰਦਾਂ (ਜਿੰਦ ਕੌਰ) ਦੀ ਕੁੱਖੋਂ ਪੈਦਾ ਹੋਇਆ ਸੀ, ਨੂੰ 16 ਸਤੰਬਰ 1843 ਨੂੰ ਤਖ਼ਤ ’ਤੇ ਬਿਠਾਇਆ ਗਿਆ।

ਸੰਨ 1844 ਦੇ ਆਰੰਭ ਵਿੱਚ ਸਰਦਾਰ ਸ਼ਾਮ ਸਿੰਘ ਦਾ ਵੱਡਾ ਲੜਕਾ ਚਲਾਣਾ ਕਰ ਗਿਆ, ਜਿਸ ਦੁੱਖ ਕਾਰਨ ਉਹ ਕੁਝ ਚਿਰ ਲਾਹੌਰ ਦਰਬਾਰ ਵਿੱਚ ਹਾਜ਼ਰ ਨਾ ਹੋਇਆ। ਕੁਝ ਚਿਰ ਬਾਅਦ ਸਿੱਖ ਸਰਦਾਰਾਂ ਅਤੇ ਜਰਨੈਲਾਂ ਦੀ ਆਪਸੀ ਫੁੱਟ ਤੋਂ ਦੁਖੀ ਹੋ ਕੇ ਉਹ ਬਿਰਧ ਜਰਨੈਲ ਆਪਣੇ ਪਿੰਡ ਅਟਾਰੀ ਚਲਾ ਗਿਆ।

ਮਹਾਰਾਜਾ ਰਣਜੀਤ ਸਿੰਘ ਤੇ ਈਸਟ ਇੰਡੀਆ ਕੰਪਨੀ ਵਿਚਾਲੇ ਸਥਾਈ ਮਿੱਤਰਤਾ ਲਈ 25 ਅਪਰੈਲ 1809 ਨੂੰ ਇੱਕ ਸੰਧੀ ਹੋਈ ਸੀ, ਜੋ ‘ਟਰੀਟੀ ਔਫ ਅੰਮ੍ਰਿਤਸਰ’ ਦੇ ਨਾਮ ਨਾਲ ਜਾਣੀ ਜਾਂਦੀ ਸੀ। ਇਸ ਸੰਧੀ ਅਨੁਸਾਰ ਦੋਵਾਂ ਰਾਜਾਂ ਵਿਚਕਾਰ ਸਤਲੁਜ ਦਰਿਆ ਨੂੰ ਹੱਦ ਮਿਥਿਆ ਗਿਆ ਸੀ। ਇਸ ਕਰਕੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਦੋਵਾਂ ਰਾਜਾਂ ਦੀਆਂ ਫ਼ੌਜਾਂ ਨੇ ਕਦੇ ਵੀ ਸਤਲੁਜ ਦਰਿਆ ਪਾਰ ਨਹੀਂ ਕੀਤਾ ਸੀ।

ਫਿਰ ਮਹਾਰਾਜਾ ਨੌਨਿਹਾਲ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਵੱਲੋਂ ਸੰਧੀ ਦੇ ਨਿਯਮਾਂ ਦੀ ਉਲੰਘਣਾ ਸ਼ੁਰੂ ਕਰ ਦਿੱਤੀ ਗਈ। ਉਨ੍ਹਾਂ ਅਨੁਸਾਰ ਮਹਾਰਾਜਾ ਰਣਜੀਤ ਸਿੰਘ ਦੇ ਉੱਤਰਾਧਿਕਾਰੀ ਅਗਵਾਈ ਦੇ ਗੁਣਾਂ ਦੇ ਮਾਲਕ ਨਹੀਂ ਸਨ। ਉੱਘਾ ਪੱਤਰਕਾਰ ਤੇ ‘ਹਿਸਟਰੀ ਔਫ ਸਿੱਖਸ’ ਦਾ ਲੇਖਕ ਖੁਸ਼ਵੰਤ ਸਿੰਘ ਲਿਖਦਾ ਹੈ ਕਿ ਡੋਗਰੇ ਤੇ ਕੁਝ ਹੋਰ ਸਰਦਾਰ ਅੰਗਰੇਜ਼ਾਂ ਨਾਲ ਸੰਪਰਕ ਵਿੱਚ ਸਨ ਅਤੇ ਪੰਜਾਬ ਨੂੰ ਵੇਚਣ ਲਈ ਤਿਆਰ ਸਨ, ਬਸ਼ਰਤੇ ਉਨ੍ਹਾਂ ਦੀਆਂ ਸੁੱਖ-ਸਹੂਲਤਾਂ ਅਤੇ ਜਾਗੀਰਾਂ ਸੁਰੱਖਿਅਤ ਰਹਿਣ।

ਅੰਗਰੇਜ਼ ਰਾਜ ਦੇ ਗਵਰਨਰ-ਜਨਰਲ, ਲਾਰਡ ਹਾਰਡਿੰਗ ਨੇ 13 ਦਸੰਬਰ 1845 ਨੂੰ ਸਿੱਖ ਰਾਜ ਹੜੱਪਣ ਲਈ ਜੰਗ ਦਾ ਐਲਾਨ ਕਰ ਦਿੱਤਾ। ਇਸ ਕਰਕੇ ਦੋਵਾਂ ਰਾਜਾਂ ਵਿਚਕਾਰ ਲੜੀਵਾਰ ਝੜਪਾਂ ਤੇ ਜੰਗਾਂ ਸ਼ੁਰੂ ਹੋ ਗਈਆਂ।

ਗੱਦਾਰਾਂ ਨੇ ਰਾਜ ਹਥਿਆਉਣ ਲਈ ਚਾਰ ਸਾਲਾਂ ਵਿੱਚ ਹੀ ਸਿੱਖ ਰਾਜ ਦੇ ਕਈ ਉੱਤਰਾਧਿਕਾਰੀਆਂ ਨੂੰ ਕਤਲ ਕਰ ਦਿੱਤਾ ਸੀ ਅਤੇ ਸੰਨ 1845 ਤੱਕ ਸਿੱਖ ਰਾਜ ਦੇ ਪ੍ਰਬੰਧਕਾਂ ਵਿਚਾਲੇ ਜ਼ਬਰਦਸਤ ਤਰੇੜਾਂ ਪੈ ਚੁੱਕੀਆਂ ਸਨ। ਇਨ੍ਹਾਂ ਹਾਲਾਤ ਵਿੱਚ 18 ਦਸੰਬਰ 1845 ਨੂੰ ਅੰਗਰੇਜ਼ਾਂ ਨਾਲ ਪਹਿਲੀ ਜੰਗ ਸਤਲੁਜ ਦਰਿਆ ਦੇ ਦੱਖਣੀ ਕੰਢੇ ਮੁੱਦਕੀ ਵਿੱਚ ਹੋਈ, ਜਿਸ ਵਿੱਚ ਕਮਾਂਡਰ ਤੇਜ ਸਿੰਘ ਡੋਗਰਾ ਤੇ ਵਜ਼ੀਰ ਲਾਲ ਸਿੰਘ ਡੋਗਰਾ ਵੱਲੋਂ ਗੱਦਾਰੀ ਕਾਰਨ ਸਿੱਖਾਂ ਦੀ ਹਾਰ ਹੋਈ।

ਫਿਰ ਸਿੱਖ ਫ਼ੌਜਾਂ ਫਿਰੋਜ਼ਸ਼ਾਹ (ਜੋ ਫੇਰੂ ਸ਼ਹਿਰ ਅਤੇ ਫੇਰੂ ਸ਼ਾਹ ਦੇ ਨਾਵਾਂ ਨਾਲ ਵੀ ਜਾਣਿਆ ਜਾਂਦਾ ਹੈ) ਵਿੱਚ ਇਕੱਠੀਆਂ ਹੋਈਆਂ ਅਤੇ ਇੱਥੇ 23 ਦਸੰਬਰ 1845 ਨੂੰ ਅੰਗਰੇਜ਼ਾਂ ਨਾਲ ਦੂਜੀ ਝੜਪ ਹੋਈ।

ਉਸ ਉਪਰੰਤ ਸਤਲੁਜ ਦੇ ਨਾਲ ਲੱਗਦੇ ਇਲਾਕੇ ਦੇ ਸਰਦਾਰ ਰਣਜੋਧ ਸਿੰਘ ਨੇ ਲਾਡਵਾ ਦੇ ਰਾਜੇ ਨਾਲ ਮਿਲ ਕੇ 22 ਜਨਵਰੀ 1846 ਨੂੰ ਬੱਦੋਵਾਲ ਵਿਖੇ ਅੰਗਰੇਜ਼ਾਂ ਦੀ ਫ਼ੌਜ ’ਤੇ ਹਮਲੇ ਕਰ ਕੇ ਉਨ੍ਹਾਂ ਦਾ ਬਹੁਤ ਨੁਕਸਾਨ ਕੀਤਾ।

ਆਲੀਵਾਲ ਸਥਿਤ ਚੌਥੀ ਝੜਪ 28 ਜਨਵਰੀ 1846 ਵਿੱਚ ਹੋਈ ਜਿਸ ’ਚ ਅੰਗਰੇਜ਼ਾਂ ਨੇ ਸਿੱਖ ਫ਼ੌਜਾਂ ਦਾ ਬਹੁਤ ਘਾਣ ਕੀਤਾ। ਇਨ੍ਹਾਂ ਲੜਾਈਆਂ ਵਿੱਚ ਹਾਰਾਂ ਕਾਰਨ ਸਿੱਖ ਫ਼ੌਜਾਂ ਦਿਲ ਛੱਡ ਗਈਆਂ। ਸਿੱਖ ਫ਼ੌਜਾਂ ਦੀਆਂ ਲੜੀਵਾਰ ਹਾਰਾਂ ਕਾਰਨ ਸਿੱਖ ਰਾਜ ਦਾ ਖ਼ਾਤਮਾ ਹੁੰਦਾ ਦੇਖਦਿਆਂ ਮਹਾਰਾਣੀ ਜਿੰਦਾਂ ਨੇ ਸਿੱਖ ਰਾਜ ਦੇ ਵਫ਼ਾਦਾਰ, ਇਮਾਨਦਾਰ, ਸੂਰਬੀਰ ਤੇ ਅਣਖੀਲੇ ਬਿਰਧ ਜਰਨੈਲ ਸ਼ਾਮ ਸਿੰਘ ਅਟਾਰੀਵਾਲਾ ਨੂੰ ਚਿੱਠੀ ਲਿਖੀ। ਇਸ ਰਾਹੀਂ ਸਨਿਮਰ ਬੇਨਤੀ ਕੀਤੀ ਕਿ ਅਤਿ ਮੁਸ਼ਕਿਲ ਘੜੀ ਵਿੱਚ ਉਹ ਹੀ ਸਿੱਖ ਰਾਜ ਨੂੰ ਸੰਕਟ ਵਿੱਚੋਂ ਬਾਹਰ ਕੱਢ ਸਕਦਾ ਹੈ। ਇਹ ਚਿੱਠੀ ਲੈ ਕੇ ਦਸ ਘੋੜਸਵਾਰ ਅਟਾਰੀ ਪਹੁੰਚੇ।

ਚਿੱਠੀ ਮਿਲਦੇ ਸਾਰ ਸਰਦਾਰ ਸ਼ਾਮ ਸਿੰਘ ਲੜਾਈ ਦੇ ਮੈਦਾਨ ਵੱਲ ਚੱਲ ਪਿਆ। ਉਸ ਨੇ ਦ੍ਰਿੜ੍ਹਤਾ ਨਾਲ ਐਲਾਨ ਕੀਤਾ ਕਿ ਉਹ ਅੰਗਰੇਜ਼ਾਂ ਦਾ ਟਾਕਰਾ ਕਰੇਗਾ ਤੇ ਉਨ੍ਹਾਂ ਨੂੰ ਪੰਜ ਦਰਿਆਵਾਂ ਦੀ ਧਰਤੀ ’ਤੇ ਕਬਜ਼ਾ ਕਰਨੋਂ ਰੋਕੇਗਾ। ਸਰਦਾਰ ਸ਼ਾਮ ਸਿੰਘ ਨੇ ਤਰਨਤਾਰਨ ਜ਼ਿਲ੍ਹੇ ਦੇ ਸਭਰਾਉਂ ਪਿੰਡ, ਜੋ ਸਤਲੁਜ ਤੋਂ ਉੱਤਰ ਵੱਲ ਹੈ, ਪਹੁੰਚ ਕੇ ਫ਼ੌਜ ਇਕੱਠੀ ਕੀਤੀ। ਉਨ੍ਹਾਂ ਨੂੰ ਆਪਣੇ ਪੁਰਖਿਆਂ ਦੀਆਂ ਕੁਰਬਾਨੀਆਂ ਤੇ ਕਾਰਨਾਮਿਆਂ ਦੀ ਯਾਦ ਤਾਜ਼ਾ ਕਰਵਾ ਕੇ ਉਨ੍ਹਾਂ ’ਚ ਨਵਾਂ ਜੋਸ਼ ਤੇ ਉਤਸ਼ਾਹ ਭਰਿਆ।

ਉੱਥੋਂ ਬੇੜੀਆਂ ਦਾ ਪੁਲ ਬਣਾ ਕੇ ਸਿੱਖ ਫ਼ੌਜ ਦਰਿਆ ਪਾਰ ਕਰਕੇ ਦਰਿਆ ਦੇ ਦੱਖਣ ਵਾਲੇ ਪਾਸੇ ਅੰਗਰੇਜ਼ ਰਾਜ ਦੀ ਹੱਦ ਵਿੱਚ ਦਾਖਲ ਹੋਈ। ਇੱਥੇ ਅੱਜਕੱਲ੍ਹ ਫ਼ਤਹਿਗੜ੍ਹ ਸਭਰਾਂ ਪਿੰਡ (ਜ਼ਿਲ੍ਹਾ ਫਿਰੋਜ਼ਪੁਰ) ਸਥਿਤ ਹੈ।

ਉਸ ਵੇਲੇੇ ਕਮਾਂਡਰ ਤੇਜ ਸਿੰਘ ਡੋਗਰਾ ਵੀ ਸਿੱਖ ਫ਼ੌਜ ਦੇ ਨਾਲ ਸੀ। ਉਸ ਨੇ 9 ਫਰਵਰੀ 1846 ਦੀ ਰਾਤ ਨੂੰ ਲੜਾਈ ਤੋਂ ਕੁਝ ਘੰਟੇ ਪਹਿਲਾਂ ਸਰਦਾਰ ਸ਼ਾਮ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਅੰਗਰੇਜ਼ਾਂ ਵਿਰੁੱਧ ਲੜਾਈ ਕਰ ਕੇ ਆਪਣੀ ਮੌਤ ਨਾ ਸਹੇੜੇ ਕਿਉਂਕਿ ਅੰਗਰੇਜ਼ਾਂ ਦੀ ਭਾਰੀ ਤਿਆਰੀ ਕਾਰਨ ਸਿੱਖ ਫ਼ੌਜਾਂ ਦਾ ਜਿੱਤ ਹਾਸਲ ਕਰਨਾ ਅਸੰਭਵ ਹੈ, ਇਸ ਲਈ ਉਹ ਲੜਾਈ ਕਰਨ ਦੀ ਥਾਂ ਰਣਭੂਮੀ ਵਿੱਚੋਂ ਭੱਜ ਜਾਵੇ।

ਸਰਦਾਰ ਸ਼ਾਮ ਸਿੰਘ ਨੇ ਸਿੱਖ ਰਾਜ ਨਾਲ ਧ੍ਰੋਹ ਕਰਨ ਦੀ ਇਹ ਤਜਵੀਜ਼ ਠੁਕਰਾ ਦਿੱਤੀ। ਤੇਜ ਸਿੰਘ ਡੋਗਰੇ ਨੇ ਗੁੱਸੇ ਵਿੱਚ ਆਖਿਆ, ‘‘ਜੇ ਤੂੰ ਇੰਨਾ ਹੀ ਬਹਾਦਰ ਹੈ ਤਾਂ ਸਹੁੰ ਚੁੱਕ ਕਿ ਰਣਭੂਮੀ ਵਿੱਚੋਂ ਨੱਸ ਕੇ ਨਹੀਂ ਜਾਵੇਂਗਾ ਕਿਉਂਕਿ ਮੈਨੂੰ ਨਿਸ਼ਚਾ ਹੈ ਕਿ ਅੰਤ ਤੂੰ ਵੀ ਉਹੀ ਕਰੇਂਗਾ ਜੋ ਮੈਂ ਆਖਦਾ ਹਾਂ।’’ ਉਸ ਵੇਲੇ ਸਰਦਾਰ ਸ਼ਾਮ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੰਗਵਾਈ ਤੇ ਗੁਰੂ ਜੀ ਦੇ ਸਨਮੁਖ ਅਰਦਾਸ ਕਰਕੇ ਪ੍ਰਤਿਗਿਆ ਕੀਤੀ, ‘‘ਜੇ ਸਿੱਖ ਹਾਰ ਗਏ ਤਾਂ ਮੈਂ ਰਣਭੂਮੀ ਵਿੱਚੋਂ ਜਿਊਂਦਾ ਵਾਪਸ ਨਹੀਂ ਜਾਵਾਂਗਾ।’’ ਸਰਦਾਰ ਸ਼ਾਮ ਸਿੰਘ ਨੇ 10 ਫਰਵਰੀ 1846 ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਚਿੱਟੀ ਪੁਸ਼ਾਕ ਪਾਈ ਤੇ ਆਪਣੀ ਚੀਨੀ ਘੋੜੀ ’ਤੇ ਸਵਾਰ ਹੋ ਕੇ ਸਿੱਖ ਫ਼ੌਜ ਨੂੰ ਸੰਬੋਧਨ ਕਰਨ ਲਈ ਚੱਲ ਪਿਆ।

ਦੂਸਰੇ ਪਾਸੇ ਗੱਦਾਰ ਰਾਜਾ ਗੁਲਾਬ ਸਿੰਘ ਡੋਗਰਾ ਤੇ ਕਮਾਂਡਰ ਤੇਜ ਸਿੰਘ ਡੋਗਰਾ ਵੱਲੋਂ ਅਗਾਊਂ ਦਿੱਤੀਆਂ ਸੂਹਾਂ ਅਨੁਸਾਰ ਅੰਗਰੇਜ਼ ਫ਼ੌਜਾਂ ਨੇ ਚੁੱਪ-ਚੁਪੀਤੇ ਪਹਿਲਾਂ ਹੀ ਹਮਲਾ ਕਰਦਿਆਂ ਮੋਰਚਿਆਂ ਉੱਤੇ ਅਚਾਨਕ ਭਾਰੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਇਧਰ ਸਿੱਖ ਨਗਾਰਿਆਂ ’ਤੇ ਚੋਟ ਲਾ ਕੇ ਬਿਗਲਾਂ ਦੀ ਆਵਾਜ਼ ਨਾਲ ਗੋਲਿਆਂ ਦਾ ਜਵਾਬ ਗੋਲਿਆਂ ਨਾਲ ਦੇਣ ਲੱਗੇ। ਮੁਹੰਮਦ ਲਤੀਫ਼ ਲਿਖਦਾ ਹੈ, ‘‘ਬੁੱਢੇ ਸਰਦਾਰ ਸ਼ਾਮ ਸਿੰਘ ਨੇ ਆਪਣੀ ਲੰਮੀ ਦੁੱਧ ਚਿੱਟੀ (ਬਰਫ਼ਾਨੀ) ਦਾੜ੍ਹੀ ਵਰਗੀ ਸਫੈਦ ਪੋਸ਼ਾਕ ਪਾਈ, ਚੀਨੀ ਘੋੜੀ ਨੂੰ ਸਰਪਟ ਦੌੜਾਇਆ ਤੇ ਆਪਣੇ ਜੋਸ਼ੀਲੇ ਸਾਥੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਉਹ ਅੱਗੇ ਵਧਿਆ ਤੇ ਅੰਤ ਤੱਕ ਮੌਤ ਨੂੰ ਟਿੱਚ ਜਾਣਦਾ ਹੋਇਆ ਸ਼ਹੀਦੀ ਪ੍ਰਾਪਤ ਕਰ ਗਿਆ।’’

ਸਰਦਾਰ ਸ਼ਾਮ ਸਿੰਘ ਆਪਣੀ ਛਾਤੀ ਵਿੱਚ ਸੱਤ ਗੋਲੀਆਂ ਖਾ ਕੇ ਸ਼ਹੀਦ ਹੋਇਆ। ਅੰਗਰੇਜ਼ਾਂ ਨੇ ਵੀ ਮੰਨਿਆ ਹੈ ਕਿ ਇਸ ਸੂਰਬੀਰ ਜਰਨੈਲ ਦੇ ਇੱਕ ਵੀ ਸਿੱਖ ਸਿਪਾਹੀ ਨੇ ਲੜਾਈ ਦਾ ਮੈਦਾਨ ਨਹੀਂ ਛੱਡਿਆ ਅਤੇ ਨਾ ਹੀ ਕਿਸੇ ਨੇ ਜੀਵਨਦਾਨ ਦੀ ਭੀਖ ਮੰਗੀ।

ਇਸ ਘਮਸਾਣ ਯੁੱਧ ਬਾਰੇ ਸ਼ਾਹ ਮੁਹੰਮਦ ਲਿਖਦਾ ਹੈ, ‘‘ਸ਼ਾਮ ਸਿੰਘ ਅਟਾਰੀ ਵਾਲੇ, ਬੰਨ੍ਹ ਸ਼ਸਤਰੀਂ ਜੋੜ ਵਿਛੋੜ ਸੁੱਟੇ। ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ, ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ।’’

ਅੰਗਰੇਜ਼ ਫ਼ੌਜ ਦੇ ਕਮਾਂਡਰ-ਇਨ-ਚੀਫ ਸਰ ਹਿਊ ਗੌਫ ਨੇ ਸਭਰਾਉਂ ਦੀ ਬੇਮਿਸਾਲ ਗਹਿਗੱਚ ਜੰਗ ਦੀ ਤੁਲਨਾ ਅੰਗਰੇਜ਼ਾਂ ਵੱਲੋਂ ਨੈਪੋਲੀਅਨ ਨਾਲ ਹੋਈ ਆਖ਼ਰੀ ਵਾਟਰਲੂ ਦੀ ਜੰਗ ਨਾਲ ਕੀਤੀ ਹੈ। ਉਨ੍ਹਾਂ ਜਰਨੈਲ ਸਰਦਾਰ ਸ਼ਾਮ ਸਿੰਘ ਦੀ ਦਲੇਰੀ ਅਤੇ ਸੂਰਬੀਰਤਾ ਨੂੰ ਮਾਨਤਾ ਦਿੰਦੇ ਹੋਏ ਉਸ ਦੀ ਮ੍ਰਿਤਕ ਦੇਹ ਸਤਿਕਾਰ ਸਹਿਤ ਹਾਥੀ ਉੱਪਰ ਅਟਾਰੀ ਪਿੰਡ ਪਹੁੰਚਾਈ ਸੀ।

ਇਤਿਹਾਸਕਾਰਾਂ ਨੇ ਸਭਰਾਉਂ ਦੀ ਲੜਾਈ ਵਿੱਚ ਸਿੱਖ ਫ਼ੌਜ ਦੀ ਹਾਰ ਦੇ ਅਨੇਕਾਂ ਕਾਰਨ ਦੱਸੇ ਹਨ, ਜਿਵੇਂ ਕਿ ਸਰਦਾਰਾਂ ਦੀ ਆਪਸੀ ਫੁੱਟ ਅਤੇ ਗੱਦਾਰ ਡੋਗਰੇ ਕਮਾਂਡਰਾਂ ਵੱਲੋਂ ਅੰਗਰੇਜ਼ਾਂ ਨਾਲ ਮੇਲ-ਜੋਲ ਰੱਖਣਾ ਅਤੇ ਭੇਤ ਦੇਣਾ, ਤੋਪਾਂ ਲਈ ਬਾਰੂਦ ਦੇ ਤੋੜਿਆਂ ਵਿੱਚ ਸਰ੍ਹੋਂ ਦੇ ਬੀਜ ਦੀ ਮਿਲਾਵਟ, ਆਪ ਮੈਦਾਨ ਵਿੱਚੋਂ ਭੱਜ ਜਾਣਾ ਅਤੇ ਸਤਲੁਜ ਦਰਿਆ ’ਤੇ ਬਣੇ ਕਿਸ਼ਤੀਆਂ ਦੇ ਪੁਲ ਦੀਆਂ ਬੇੜੀਆਂ ਤੋੜ ਕੇ ਦੱਬ ਦੇਣੀਆਂ ਆਦਿ। ਅਣਖੀ ਸਰਦਾਰ ਸ਼ਾਮ ਸਿੰਘ ਆਪਣੀ ਪ੍ਰਤਿੱਗਿਆ ’ਤੇ ਪੂਰਾ ਉਤਰਿਆ ਅਤੇ ਗੱਦਾਰੀ ਜਾਂ ਸੁਆਰਥ ਦੀ ਤੁਲਨਾ ਵਿੱਚ ਉਸ ਦੀ ਵਫ਼ਾਦਾਰੀ ਤੇ ਸ਼ਹੀਦੀ ਹਮੇਸ਼ਾ ਚਾਨਣ-ਮੁਨਾਰਾ ਬਣ ਕੇ ਚਮਕਦੀ ਰਹੇਗੀ।

ਖੁਸ਼ਵੰਤ ਸਿੰਘ ਇਨ੍ਹਾਂ ਲੜੀਵਾਰ ਝੜਪਾਂ ਤੇ ਲੜਾਈਆਂ ਨੂੰ ‘ਪਹਿਲੀ ਐਂਗਲੋ-ਸਿੱਖ ਜੰਗ’ ਅਤੇ ਉਸ ਤੋਂ ਬਾਅਦ 1849 ਤੱਕ ਅੰਗਰੇਜ਼ਾਂ ਦੇ ਪੰਜਾਬ ਉੱਪਰ ਪੂਰੀ ਤਰ੍ਹਾਂ ਕਾਬਜ਼ ਹੋਣ ਤੱਕ ਦੀਆਂ ਲੜਾਈਆਂ ਨੂੰ ਸਿੱਖ ਰਾਜ ਦੀ ‘ਦੂਜੀ ਐਂਗਲੋ-ਸਿੱਖ ਜੰਗ’ ਲਿਖਦਾ ਹੈ। ਅਣਖੀ ਤੇ ਬਹਾਦਰ ਜਰਨੈਲ ਦੇ ਨਾਲ-ਨਾਲ ਸਰਦਾਰ ਸ਼ਾਮ ਸਿੰਘ ਇੱਕ ਦ੍ਰਿੜ੍ਹ-ਵਿਸ਼ਵਾਸੀ ਅਤੇ ਸ਼ਰਧਾਲੂ ਸਿੱਖ ਸੀ ਅਤੇ ਗੁਰਦੁਆਰਿਆਂ ਦੀ ਸੇਵਾ ਤਨ, ਮਨ ਤੇ ਧਨ ਨਾਲ ਕਰਦਾ ਸੀ। ਉਸ ਨੇ ਬਾਬਾ ਅਟੱਲ, ਸ੍ਰੀ ਅੰਮ੍ਰਿਤਸਰ ਦੀ ਉੱਪਰਲੀ ਮੰਜ਼ਿਲ ਦੀ ਗ਼ਚਕਾਰੀ ਆਪ ਕਰਵਾਈ ਅਤੇ ਬਾਹਰਲੇ ਹਿੱਸੇ ਨੂੰ ਆਪਣੇ ਵੱਡੇ ਪੁੱਤਰ ਠਾਕਰ ਸਿੰਘ ਦੀ ਨਿਗਰਾਨੀ ਵਿੱਚ ਸੰਨ 1842 ਵਿੱਚ ਬਣਵਾਇਆ ਸੀ। ਪਿੰਡ ਅਟਾਰੀ, ਜ਼ਿਲ੍ਹਾ ਅੰਮ੍ਰਿਤਸਰ ’ਚ ਸਰਦਾਰ ਸ਼ਾਮ ਸਿੰਘ, ਉਨ੍ਹਾਂ ਦੇ ਪਿਤਾ ਸਰਦਾਰ ਨਿਹਾਲ ਸਿੰਘ ਤੇ ਪਤਨੀ ਦੀਆਂ ਸਮਾਧਾਂ ਬਣੀਆਂ ਹੋਈਆਂ ਹਨ। ਉਨ੍ਹਾਂ ਦੀ ਸੱਤ ਮੰਜ਼ਿਲੀ ਹਵੇਲੀ, ਕਿਲ੍ਹਾ ਤੇ ਕਈ ਹੋਰ ਇਤਿਹਾਸਕ ਇਮਾਰਤਾਂ ਵੀ ਹਨ ਪਰ ਠੀਕ ਦੇਖ-ਭਾਲ ਨਾ ਹੋਣ ਕਾਰਨ ਹੌਲੀ ਹੌਲੀ ਢਹਿ-ਢੇਰੀ ਹੋ ਰਹੀਆਂ ਹਨ।

ਪਿੰਡ ਫਤਿਹਗੜ੍ਹ ਸਭਰਾਂ, ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ਼ਹੀਦ ਸ਼ਾਮ ਸਿੰਘ ਅਟਾਰੀ ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਰਿਹਾਇਸ਼ੀ ਕਾਲਜ, ਅਜਾਇਬਘਰ ਤੇ ਗੁਰਦੁਆਰਾ ਸਾਹਿਬ ਬਣੇ ਹਨ। ਆਮ ਲੋਕਾਂ ਦੇ ਸਹਿਯੋਗ ਸਦਕਾ ਇਨ੍ਹਾਂ ਦੀ ਵਧੀਆ ਸੰਭਾਲ ਹੋ ਰਹੀ ਹੈ।

ਐਂਗਲੋ-ਸਿੱਖ ਵਾਰ ਮੈਮੋਰੀਅਲ, ਫਿਰੋਜ਼ਸ਼ਾਹ, ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਸਰਕਾਰ ਵੱਲੋਂ ਬਣਾਈ ਯਾਦਗਾਰ ਹੈ ਜਿਸ ਦੀ ਸਰਕਾਰ ਵੱਲੋਂ ਸੰਭਾਲ ਹੋ ਰਹੀ ਹੈ। ਇੱਥੇ ਸਿੱਖ ਰਾਜ ਤੇ ਅੰਗਰੇਜ਼ਾਂ ਵਿਚਕਾਰ ਹੋਈਆਂ ਜੰਗਾਂ ਬਾਰੇ ਪੋਸਟਰ ਤੇ ਤਸਵੀਰਾਂ ਲੱਗੀਆਂ ਹਨ।

Advertisement
×