ਸਾਂਝੇ ਸ਼ਾਇਰ ਨੂੰ ਲਹਿੰਦੇ ਪੰਜਾਬ ਵੱਲੋਂ ਸਲਾਮ
ਮੈਂ ਸੁਰਜੀਤ ਪਾਤਰ ਹੋਰਾਂ ਨੂੰ ਜ਼ਿੰਦਗੀ ਵਿੱਚ ਸਿਰਫ਼ ਦੋ ਵਾਰ ਮਿਲ ਸਕਿਆ ਹਾਂ। ਪਹਿਲੀ ਵਾਰ ਸਾਲ 1992 ਵਿੱਚ ਨਵੀਂ ਦਿੱਲੀ ’ਚ ਹੋਏ ਵਿਸ਼ੇਸ਼ ਕਵੀ ਦਰਬਾਰ ਮੌਕੇ ਅਤੇ ਦੂਜੀ ਵਾਰ ਸਾਲ 2007 ਵਿੱਚ ਸਕਾਟਲੈਂਡ ’ਚ। ਸਾਲ 1992 ’ਚ ਹੋਏ ਕਵੀ ਦਰਬਾਰ...
ਮੈਂ ਸੁਰਜੀਤ ਪਾਤਰ ਹੋਰਾਂ ਨੂੰ ਜ਼ਿੰਦਗੀ ਵਿੱਚ ਸਿਰਫ਼ ਦੋ ਵਾਰ ਮਿਲ ਸਕਿਆ ਹਾਂ। ਪਹਿਲੀ ਵਾਰ ਸਾਲ 1992 ਵਿੱਚ ਨਵੀਂ ਦਿੱਲੀ ’ਚ ਹੋਏ ਵਿਸ਼ੇਸ਼ ਕਵੀ ਦਰਬਾਰ ਮੌਕੇ ਅਤੇ ਦੂਜੀ ਵਾਰ ਸਾਲ 2007 ਵਿੱਚ ਸਕਾਟਲੈਂਡ ’ਚ। ਸਾਲ 1992 ’ਚ ਹੋਏ ਕਵੀ ਦਰਬਾਰ ’ਚ ਮੈਨੂੰ ਪਹਿਲਾਂ ਸਟੇਜ ’ਤੇ ਬੁਲਾਇਆ ਗਿਆ ਤੇ ਸੁਰਜੀਤ ਪਾਤਰ ਨੂੰ ਮਗਰੋਂ। ਸੁਰਜੀਤ ਪਾਤਰ ਹੋਰੀਂ ਸਟੇਜ ’ਤੇ ਆਏ ਤਾਂ ਕਹਿਣ ਲੱਗੇ, ‘‘ਨਹੀਂ ਯਾਰ, ਬਾਬੇ ਨੂੰ ਮੈਥੋਂ ਬਾਅਦ ’ਚ ਬੁਲਾਉਣਾ ਚਾਹੀਦਾ ਸੀ।’’ ਇਹ ਸੀ ਉਨ੍ਹਾਂ ਦੀ ਹਲੀਮੀ। ਇਹੋ ਵੱਡੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ। ਸਕਾਟਲੈਂਡ ਵਾਲੀ ਮਿਲਣੀ ਨੇ ਵੀ ਪਾਤਰ ਹੋਰਾਂ ਨਾਲ ਮੇਰੀਆਂ ਯਾਦਾਂ ਦੇ ਖ਼ਜ਼ਾਨੇ ’ਚ ਹੋਰ ਇਜ਼ਾਫ਼ਾ ਕੀਤਾ। ਉੱਥੋਂ ਦੇ ਮੇਜ਼ਬਾਨ ਨੇ ਪਾਕਿਸਤਾਨ ਤੋਂ ਮੈਨੂੰ ਅਤੇ ਹਿੰਦੋਸਤਾਨ ਤੋਂ ਸੁਰਜੀਤ ਪਾਤਰ ਹੋਰਾਂ ਨੂੰ ਸੱਦਿਆ। ਅਸੀਂ ਇਕੱਠਿਆਂ ਮੁਸ਼ਾਇਰਾ ਪੜ੍ਹਿਆ ਅਤੇ ਅਸੀਂ ਇੱਕ ਦੋ ਦਿਨ ਇਕੱਠਿਆਂ ਬਿਤਾਏ। ਇਉਂ ਉਨ੍ਹਾਂ ਨਾਲ ਹੋਈਆਂ ਇਹ ਦੋ ਮੁਲਾਕਾਤਾਂ ਹੀ ਦੋ ਯੁੱਗ ਲੰਮੀਆਂ ਪ੍ਰਤੀਤ ਹੁੰਦੀਆਂ ਨੇ।
ਮਾਂ ਬੋਲੀ ਪੰਜਾਬੀ ਦੇ ਵਫ਼ਾਦਾਰ ਸਪੁੱਤਰ ਸੁਰਜੀਤ ਪਾਤਰ ਨੇ ਬਹੁਤ ਹੀ ਬੇਨਜ਼ੀਰ ਕੰਮ ਕੀਤਾ। ਉਸ ਕੰਮ ਨੂੰ ਕੋਈ ਵੀ ਤਾਕਤ ਮੇਟ ਨਹੀਂ ਸਕੇਗੀ। ਉਨ੍ਹਾਂ ਦੀ ਸ਼ਾਇਰੀ ਵਕ਼ਤ ਗੁਜ਼ਰਨ ਦੇ ਨਾਲ਼ ਨਾਲ਼ ਹੋਰ ਵੀ ਭਰ ਜੋਬਨ ’ਤੇ ਆਉਂਦੀ ਰਹੇਗੀ।
ਮੇਰੀ ਬੇਸ਼ੁਮਾਰ ਤਮੰਨਾ ਸੀ ਪਾਤਰ ਹੋਰਾਂ ਨੂੰ ਗ਼ਦਰੀ ਬਾਬਿਆਂ ਦੇ ਮੇਲੇ ’ਤੇ ਮਿਲਣ ਦੀ, ਪਰ ਮੈਨੂੰ ਵੀਜ਼ਾ ਨਾ ਮਿਲਣ ਕਰਕੇ ਮਨ ਦੀ ਰੀਝ ਅੱਜ ਵੀ ਹਰ ਸਾਹ ਨਾਲ ਮਰਦੀ ਹੈ।
ਅਸੀਂ ਸ਼ਾਇਰ ਭਲਾ ਮਿਲਣੀ ਕਰਨਾ ਹੀ ਤਾਂ ਮੰਗਦੇ ਹਾਂ। ... ਤੇ ਇਸ ’ਤੇ ਵੀ ਬੰਦਿਸ਼ ਲੱਗ ਜਾਂਦੀ ਹੈ! ਉਨ੍ਹਾਂ ਨੂੰ ਨਾ ਮਿਲ ਸਕਣ ਕਾਰਨ ਮਨ ਬੇਹੱਦ ਉਦਾਸ ਰਹਿੰਦਾ ਹੈ।
ਕਈ ਵਾਰ ਪਾਤਰ ਹੋਰਾਂ ਦੇ ਸ਼ਬਦ ਯਾਦ ਕਰਕੇ ਅੱਖਾਂ ਭਰ ਆਉਂਦੀਆਂ ਹਨ:
ਕੀ ਇਹ ਤੇਰਾ ਸ਼ਹਿਰ ਜਿੱਥੇ ਫੁੱਲ ਵੀ
ਮੰਗਦੇ ਨੇ ਆਗਿਆ ਮਹਿਕਣ ਲਈ!
ਸੁਰਜੀਤ ਪਾਤਰ ਹੋਰਾਂ ਦੇ ਸਦੀਵੀ ਵਿਛੋੜਾ ਦੇ ਜਾਣ ਦੇ ਦਿਨ ਉਨ੍ਹਾਂ ਨੂੰ ਇੰਝ ਹੀ ਮਿਲਣ ਦੇ ਦਿਨ ਹਨ। ਮੇਰਾ ਸੁਨੇਹਾ ਪੰਜਾਬੀਆਂ ਤੱਕ ਪੁੱਜਦਾ ਕਰ ਦਿਓ ਕਿ
ਚੜ੍ਹਦੇ ਪੰਜਾਬ ਹੋ ਰਹੇ ਸਮਾਗਮਾਂ ਮਿਲਣੀਆਂ ਮੌਕੇ
ਸਾਡੇ ਵੱਡੇ ਸ਼ਾਇਰ ਨੂੰ ਲਹਿੰਦੇ ਪੰਜਾਬ ਵੱਲੋਂ ਸਲਾਮ!
* * *
*ਸੁਰਜੀਤ ਪਾਤਰ ਦੀ ਦੂਜੀ ਬਰਸੀ ਮੌਕੇ ਲਹਿੰਦੇ ਪੰਜਾਬ ਤੋਂ ਫੋਨ ’ਤੇ ਅਮੋਲਕ ਸਿੰਘ ਰਾਹੀਂ ਭੇਜਿਆ ਗਿਆ ਸੁਨੇਹਾ।

