ਗਰਦਿਸ਼

ਗਰਦਿਸ਼

ਅਰਵਿੰਦਰ ਕੌਰ ਧਾਲੀਵਾਲ

ਅਰਵਿੰਦਰ ਕੌਰ ਧਾਲੀਵਾਲ

ਕਥਾ ਪ੍ਰਵਾਹ

‘‘ਤਾਤੀ ਵਾਉ ਨ ਲਗਈ ਪਾਰਬ੍ਰਹਮ ਸਰਣਾਈ... ਚਉਗਿਰਦ... ਭਾਈ...’’ ਸਿਮਰਨਾ ਹੱਥੋਂ ਤਿਲਕ-ਤਿਲਕ ਪੈਂਦਾ ਏ।

ਤਿੰਨ ਦਿਨ ਹੋ ਗਏ ਸੂਲ਼ਾਂ ’ਤੇ ਪਿਆਂ। ਹੱਥ ਹੀ ਨਹੀਂ ਜਿਵੇਂ ਰੂਹ ਵੀ ਕੰਬੀ ਜਾਂਦੀ ਏ। ਨਿੱਕੇ-ਨਿੱਕੇ ਖੜਾਕ ਦੀਆਂ ਬਿੜਕਾਂ ਲੈਂਦੀ ਫਿਰਦੀ ਆਂ। ਖ਼ਬਰੇ! ਕੋਈ ਸੁਨੇਹਾ ਆ ਜਾਵੇ। ਟਿਕਾ ਕਿੱਥੇ ਐ ਪਰ, ਖ਼ਿਆਲ ਖੌਰੂ ਪਾਉਂਦੇ ਨੇ।

‘‘ਹੁਣ ਪਤਾ ਨਹੀਂ ਕੀ ਹੋਣ ਵਾਲਾ ਏ...!’’

‘‘ਲੈ...! ਮੈਂ ਕਿਤੇ ਵਾਹਿਗੁਰੂ ’ਤੇ ਸ਼ੱਕ ਕਰ ਰਹੀ ਆਂ... ਨਹੀਂ, ਨਹੀਂ, ਮੈਥੋਂ ਭੁੱਲ ਹੋ ਗਈ, ਹੇ ਬਖ਼ਸ਼ਣਹਾਰ! ਬਖ਼ਸ਼ ਲੈ।’’ ਸ਼ੈਲਫ਼ ’ਤੇ ਪਈਆਂ ਪਹਿਲੀ ਪਾਤਸ਼ਾਹੀ ਤੇ ਦਸਮ ਪਾਤਸ਼ਾਹ ਦੀਆਂ ਸੁਨਹਿਰੇ ਫਰੇਮਾਂ ਜੜੀਆਂ ਫੋਟੋਆਂ ਅੱਗੇ ਹੱਥ ਆਪਮੁਹਾਰੇ ਜੁੜ ਗਏ ਨੇ।

‘‘ਹੇ ਬਾਬਾ ਜੀ, ਹੇ ਸਰਬੰਸਦਾਨੀ...! ਮੇਰਾ... ਤੇਰੇ ਜਿੰਨਾ ਜਿਗਰਾ ਨਹੀਂ ਊ..., ਮਾਲਕਾ! ਮੈਂ ਨਿਮਾਣੀ... ਤੇਰੇ ਦਰ ਦੀ ਭਿਖਾਰਨ... ਰੱਖਿਆ ਕਰਿਉ ਉਹਦੀ...!’’ ਅੱਥਰੂਆਂ ਨਾਲ ਸ਼ੈਲਫ਼ ਦਾ ਕੱਪੜਾ ਭਿੱਜ ਗਿਆ ਹੈ।

‘‘ਮੇਰਿਆ ਮਾਲਕਾ! ਮੈਂ ਕਦੇ ਤੇਰੇ ਅੱਗੇ ਗਿਲਾ ਨਹੀਂ ਕੀਤਾ..., ਤੂੰ ਆਪ ਹੀ ਦੇਂਦਾ ਤੇ ਆਪੇ ਲੈ ਲੈਂਦਾ ਰਿਹਾ...’’ ਆਪਣੇ ਮਨ ਨੂੰ ਸਮਝਾਉਂਦੀ ਹਾਂ।

‘‘ਚੱਲ ਮਨਾ, ਹੱਥ ਧੋ ਲੈ... ਡਾਕਟਰਾਂ ਨੇ ਕਿਹਾ ਏ ਵਾਰ-ਵਾਰ ਹੱਥ ਧੋਣੇ ਐ, ਨਾਲੇ ਸਹਿਜ ਪਾਠ ਦਾ ਭੋਗ ਵੀ ਪਾਉਣਾ ਏ ਕੱਲ੍ਹ ਨੂੰ...’’ ਹੱਥ ਧੋ ਕੇ ਪਾਠ ਕਰਨ ਲੱਗਦੀ ਹਾਂ।

ਬਾਹਰ ਖੜਾਕ ਹੁੰਦਾ ਹੈ ਤਾਂ ਪੋਥੀ ਬੰਦ ਕਰ ਦਿੰਦੀ ਹਾਂ। ਬਾਹਰ ਵੇਖਦੀ ਹਾਂ। ਦਰਸ਼ੋ ਚੌਂਕੇ ਵਿਚ ਚਾਹ ਬਣਾ ਰਹੀ ਹੈ। ਲਾਲੂ ਟਾਹਲੀ ਥੱਲੇ ਮੰਜੀ ’ਤੇ ਬੈਠਾ ਹੈ।

ਉਹਨੇ ਸਿਰ ਹੱਥਾਂ ’ਚ ਸੁੱਟਿਆ ਹੋਇਐ। ਚਾਹ ਉਡੀਕ ਰਿਹੈ।

‘‘ਕੰਮ ਤਾਂ ਕਰਨਾ ਹੋਇਆ, ਲਾਲੂ ਨੇ ਚਾਹ ਪੀ ਕੇ ਡੰਗਰ ਚੋਣੇ ਐ... ਦੋਧੀ ਨੇ ਸਵੇਰੇ ਆਉਣੈ ਦੁੱਧ ਚੁੱਕਣ... ਕੰਮ ਤਾਂ ਸਾਰੇ ਉਵੇਂ ਹੀ ਚੱਲ ਰਹੇ ਐ... ਬੱਸ ਜ਼ਿੰਦਗੀ ਰੁਕ ਗਈ... ਕੋਈ ਵਿਰਲਾ ਮਜਬੂਰੀ ਨੂੰ ਹੀ ਬਾਹਰ ਨਿਕਲਦੈ... ਦੁਨੀਆ ਭੈਅ ਖਾਣ ਲੱਗ ਗੀ ਇੱਕ ਦੂਜੇ ਤੋਂ...!’’ ਮੈਨੂੰ ਬਾਰੀ ’ਚ ਖੜ੍ਹੀ ਵੇਖ ਕੇ ਦਰਸ਼ੋ ਨੇ ਜਿਵੇਂ ਘੂਰ ਕੇ ਵੇਖਿਆ ਹੋਵੇ।

‘‘ਬੀਬੀ ਆਇਆ ਨ੍ਹੀ ਫੂਨ ਕੋਈ ਅਜੇ...?’’

ਮੇਰੀ ਸੁਰਤੀ ਵਾਪਸ ਮੁੜਦੀ ਹੈ। ਪਿਛਲੇ ਅੰਦਰ ਫ਼ੋਨ ਵੱਜ ਰਿਹੈ। ਫ਼ੋਨ ਪਰਮ ਦੀ ਮਾਮੀ ਦਾ ਹੈ।

‘‘ਹੈਲੋ... ਹਾਂ... ਪਤਾ ਨਹੀਂ ਭਾਬੀ... ਮੇਰੇ ’ਚ ਹੌਸਲਾ ਨਹੀਂ ਹੁਣ... ਮੈਥੋਂ ਹੁਣ ਕੁਝ ਨ੍ਹੀ ਗਵਾਇਆ ਜਾਣਾ...,’’ ਮੇਰੀ ਭੁੱਬ ਨਿਕਲ ਗਈ ਹੈ।

ਫ਼ੋਨ ਬੰਦ ਕਰਦਿਆਂ ਮੇਰੀ ਨਜ਼ਰ ਮਹਿੰਦਰਪਾਲ ਦੀ ਫੋਟੋ ’ਤੇ ਪਈ ਹੈ। ਮੇਰੀ ਬਿਰਤੀ ਪਿੱਛੇ ਦੀ ਪਰਿਕਰਮਾ ਕਰਨ ਲੱਗਦੀ ਹੈ।

ਮੈਂ, ਸ਼ਹਿਰ ਦੀ ਜੰਮਪਲ ਕੁੜੀ, ਕਾਲਜ ’ਚ ਅਜੇ ਪਹਿਲੇ ਸਾਲ ਦਾਖ਼ਲ ਹੋਈ ਸੀ ਜਦੋਂ ਮਹਿੰਦਰਪਾਲ ਦੇ ਬੀਜੀ ਨੇ ਮੈਨੂੰ ਪਸੰਦ ਕਰ ਲਿਆ ਸੀ।

ਮਹਿੰਦਰਪਾਲ ਸੋਹਣਾ, ਉੱਚਾ-ਲੰਮਾ, ਪੜ੍ਹਿਆ ਤੇ ਰੱਜ ਕੇ ਸ਼ੁਕੀਨ ਮਝੈਲ ਸੀ। ਆਪਣੇ ਇਲਾਕੇ ਦਾ ਆਧੁਨਿਕ ਤੇ ਅਗਾਂਹਵਧੂ ਕਿਸਾਨ।

‘‘ਨਸੀਬ...! ਬੇਟਾ... ਇਹ ਨਾ ਸੋਚ ਕਿ ਤੈਨੂੰ ਕਿਧਰੇ ਧੱਕਾ ਦੇਣ ਲੱਗਿਆਂ..., ਜੇ ਤੈਨੂੰ ਪਸੰਦ ਨਹੀਂ ਤਾਂ ਬੇਸ਼ੱਕ ਨਾਂਹ ਕਰ ਦੇ...!’’ ‘‘ਪਰ..., ਪਾਪਾ ਜੀ ਮੈਂ ਤਾਂ ਕਦੀ ਪਿੰਡ ਰਹੀ ਨਹੀਂ...’’ ਬੋਲ ਤਾਂ ਮੇਰੀ ਜੀਭ ਥੱਲੇ ਦੱਬੇ ਹੀ ਰਹਿ ਗਏ ਸਨ ਜਦੋਂ ਮੈਂ ਮਹਿੰਦਰਪਾਲ ਦੇ ਬੀਜੀ ਦੀ ਸਵਾਰ ਕੇ ਲਈ ਹੋਈ ਬੁੱਕਲ ਵਿਚ ਜਾ ਪਹੁੰਚੀ ਸੀ। ਮਮਤਾ ਡੁੱਲ੍ਹ-ਡੁੱਲ੍ਹ ਪੈਂਦੀ ਸੀ ਉਨ੍ਹਾਂ ਅੱਖਾਂ ’ਚੋਂ।

‘‘ਅਸੀਂ ਆਪੇ ਪੜ੍ਹਾ ਲਵਾਂਗੇ...’’ ਤੇ ਉਨ੍ਹਾਂ ਆਪਣੀ ਗੱਲ ਨਿਭਾਈ ਵੀ ਸੀ।

ਮਹਿੰਦਰਪਾਲ ਮੈਥੋਂ ਪੰਜ ਸਾਲ ਵੱਡਾ ਸੀ। ਮੈਂ ਵੇਖਦੀ ਰਹਿ ਗਈ ਸੀ ਉਸ ਸ਼ਖ਼ਸੀਅਤ ਨੂੰ। ਬੜਾ ਮਾਣ ਹੋ ਆਇਆ ਸੀ, ਮੈਨੂੰ ਆਪਣੇ ਨਸੀਬਾਂ ’ਤੇ।

‘‘ਸਰਦਾਰਨੀ ਰੇਸ਼ਮ ਕੌਰ ਤੇ ਸਰਦਾਰ ਬਲਕਾਰ ਸਿੰਘ ਦੇ ਸਪੁੱਤਰ ਸਰਦਾਰ ਮਹਿੰਦਰਪਾਲ ਸਿੰਘ ਦਾ ਵਿਆਹ ਨਸੀਬ ਕੌਰ... ਕਿ ਪਤਾ ਨਹੀਂ... ਬਦਨਸੀਬ ਕੌਰ ਨਾਲ ਹੋਣਾ ਨਿਯਤ ਹੋਇਆ ਹੈ ਜੀ...।’’ ਅੱਜ ਚਾਚਾ ਜੀ ਦੀ ਭਰੀ ਹੋਈ ਸਾਹੇ ਚਿੱਠੀ ਦੇ ਅਧੂਰੇ ਵਾਕ ਨੂੰ ਆਪ ਪੂਰਾ ਕਰ ਰਹੀ ਹਾਂ।

ਜਿਸ ਦਿਨ ਸਾਹਾ ਸਧਾਇਆ ਗਿਆ ਉਸੇ ਦਿਨ ਪਾਪਾ ਜੀ ਦੇ ਘਰ ਲੜੀਆਂ ਜਗਮਗ-ਜਗਮਗ ਕਰਨ ਲੱਗੀਆਂ ਸਨ।

ਲੜੀਆਂ ਤਾਂ ਅੱਜ ਵੀ ਲਟਕ ਰਹੀਆਂ ਨੇ ਬਾਹਰ, ਪਰ... ਜਗਾਈਆਂ ਹੀ ਨਹੀਂ... ਕਿਸੇ ਦੀ ਹਿੰਮਤ ਹੀ ਨਹੀਂ ਹੋਈ ਜਗਾਉਣ ਦੀ...। ਸੋਚਦੀ ਹਾਂ ਬੱਸ ਉਦੇਨੂਰ ਘਰ ਆ ਜਾਏ... ਕੱਲ੍ਹ ਜਨਮ ਦਿਨ ਏ ਉਹਦਾ... ਜਦੋਂ ਉਦੇਨੂਰ ਦਾ ਜਨਮ ਹੋਇਆ ਸੀ ਲੱਗਿਆ ਰੱਬ ਨੇ ਸਾਰੀਆਂ ਖ਼ੁਸ਼ੀਆਂ ਵਾਪਸ ਮੋੜ ਦਿੱਤੀਆਂ।

‘‘ਆਇਆ ਨੀ ਕੋਈ ਫ਼ੂਨ...!’’ ਦਰਸ਼ੋ ਨੇ ਜਾਲ਼ੀ ਵਾਲਾ ਬੂਹਾ ਖੋਲ੍ਹ ਕੇ ਆਪਣੀ ਧੌਣ ਅੰਦਰ ਕਰਕੇ ਪੁੱਛਿਆ ਹੈ।

‘‘ਨਾ... ਅਜੇ ਨ੍ਹੀਂ ਆਇਆ... ਹਈਥੋਂ ਮੁੜ ਜਾ... ਪਿਛਾਂਹ... ਨਾਲੇ ਬਾਹਰੋਂ ਬੂਹੇ ਦੇ ਹੈਂਡਲ ’ਤੇ ਸਪਰੇਅ ਕਰ ਜਾ..., ਤੈਨੂੰ ਕਿੰਨੀ ਵਾਰੀ ਆਖਿਆ ਏ... ਬੂਹੇ ਨੂੰ ਹੱਥ ਧੋ ਕੇ ਲਾਇਆ ਕਰ ਪਰ ਮੰਨਦੀ ਕਿਤੇ...।’’ ਸੋਚਦੀ ਹਾਂ ਕਿ ਦਰਸ਼ੋ ਤਾਂ ਕਿੱਥੇ ਮੰਨਦੀ ਹੈ ਕਿਸੇ ਦੀ।

ਜਦੋਂ ਇਹਦਾ ’ਕੱਲ੍ਹਾ-’ਕੱਲ੍ਹਾ ਪੁੱਤ ਕਿਸੇ ਪਿੰਡੋਂ ਕੁੜੀ ਕੱਢ ਕੇ ਲਿਆਇਆ ਸੀ ਤਾਂ ਮੈਂ ਇਹਨੂੰ ਬੜਾ ਸਮਝਾਇਆ ਸੀ ਕਿ ਸਿਆਣੇ ਬਣ ਕੇ ਕੁੜੀ ਨੂੰ ਵਾਪਸ ਮੋੜ ਦਿਉ। ਪਰ ਇਹਨੇ ਆਪਣੇ ਪੁੱਤ ਦਾ ਸਾਥ ਦਿੱਤਾ ਸੀ... ਅੱਜ ਹਾਲ ਇਹ ਕਿ ਉਹ ਕੁੜੀ ਇਨ੍ਹਾਂ ਦੇ ਘਰੋਂ ਵੀ ਅਗਾਂਹ ਨਿਕਲਗੀ ਤੇ ਮੁੰਡਾ ਜੇਲ੍ਹੇ ਫਸਾ ਗਈ... ਤੇ ਹੁਣ ਇਹ ਮਾਰੀ ਦੀ... ਮੇਰੇ ਕੋਲ ਸਿਰ ਲੁਕਾਈ ਬੈਠੀ।

‘‘ਪਰ ਕਿੱਥੇ ਰਹਿੰਦਾ ਕੋਈ ਮੇਰੇ ਕੋਲ?’’ ਸੋਚਦਿਆਂ ਡਰਾਇੰਗ ਰੂਮ ਵਿਚ ਚਲੀ ਗਈ ਹਾਂ। ਟੀ.ਵੀ. ’ਤੇ ਖ਼ਬਰਾਂ ਲੱਗੀਆਂ ਹੋਈਆਂ। ਸਾਰਾ ਦਿਨ ਉਹੀ ਕੂੜ-ਕਬਾੜ ਉਲੱਦਦੇ ਰਹਿੰਦੇ ਐ ਲੋਕਾਂ ਦੇ ਦਿਮਾਗ਼ਾਂ ’ਚ। ਜਿਉਂਦਿਆਂ ਨੂੰ ਡਰਾ-ਡਰਾ ਕੇ ਮਾਰਦੇ ਐ!

ਟੀ.ਵੀ. ਬੰਦ ਕਰਕੇ ਫ਼ੋਨ ਵੇਖਦੀ ਹਾਂ ਤਾਂ ਉਦੇਨੂਰ ਦਾ ਚੇਤਾ ਆਉਂਦਾ ਹੈ। ਕਿੰਨੇ ਚਾਅ ਨਾਲ ਖਰੀਦ ਕੇ ਲਿਆਇਆ ਸੀ ਮੋਬਾਈਲ ਫ਼ੋਨ।

‘‘ਵੱਡੇ ਅੰਮਾ! ਤੁਸੀਂ ਪੜ੍ਹੇ ਲਿਖੇ ਹੋ। ਮੋਬਾਈਲ ਤਾਂ ਅਨਪੜ੍ਹਾਂ ਨੂੰ ਚਲਾਉਣਾ ਆਉਂਦੈ...! ਆਹ ਆਪਣਾ ਲਾਲੂ... ਇਹ ਚਲਾ ਲੈਂਦੈ ਸਮਾਰਟ ਫ਼ੋਨ,’’ ਮਹਿੰਦਰਪਾਲ ਦੀ ਫੋਟੋ ਸਾਹਮਣੇ ਖੜ੍ਹਾ ਉਦੇਨੂਰ ਹੂ-ਬ-ਹੂ ਦਾਦੇ ਦੀ ਕਾਪੀ ਲੱਗਿਆ ਸੀ।

ਮਹਿੰਦਰਪਾਲ ਤੇ ਬੀਜੀ, ਦੋਵਾਂ ਦੀ ਸਿਆਣਪ ਤੇ ਪਿਆਰ ਵਿਚ ਮੇਰੀ ਜ਼ਿੰਦਗੀ ਦੇ ਦਸ ਸਾਲ ਬਿਨਾਂ ਔਲਾਦ ਦੇ ਵੀ ਹੱਸਦੇ ਖੇਡਦੇ ਗੁਜ਼ਰ ਗਏ ਸੀ।

ਜਦੋਂ ਤਾਈ ਬੰਸੋ ਦੇ ਘਰ ਪੋਤਰਾ ਹੋਇਆ ਸੀ ਉਦੋਂ ਪਰਮਪਾਲ ਮੇਰੀ ਕੁੱਖੇ ਪਿਆ। ਮਲਕਾ ਹੁਰੀਂ ਵਧਾਈ ਲੈਣ ਆਏ ਨੱਚੇ ਤਾਂ ਬੀਜੀ ਉਹਨੂੰ ਆਪਣੇ ਘਰ ਸੱਦ ਲਿਆਏ। ਕਿੰਨੀਆਂ ਦੁਆਵਾਂ ਦੇ ਕੇ ਗਈ ਸੀ ਉਹ। ਤੇ ਪਰਮਪਾਲ ਦੇ ਜਨਮ ਦੀ ਵਧਾਈ ਦੇਣ ਆਈ ਬੀਜੀ ਦੇ ਹੱਥੋਂ ਕੜਾ ਲੁਹਾ ਕੇ ਲੈ ਗਈ ਸੀ। ਉਹੀ ਮਲਕਾ, ਪਰਮਪਾਲ ਦਾ ਹਿਰਖ ਕਰਨ ਆਈ ਜ਼ਾਰੋਜ਼ਾਰ ਰੋਈ ਸੀ। ਉਦੋਂ ਮੈਨੂੰ ਸਮਝ ਨਹੀਂ ਸੀ ਆਉਂਦੀ ਕਿ ਮੈਂ ਉਹਨੂੰ ਵਰਚਾਵਾਂ ਜਾਂ ਉਹ ਮੈਨੂੰ ਵਰਾਵੇ...।

‘‘ਪਰਮਪਾਲ ਨਾਂ ਰੱਖਣਾ ਏ... ਬਲਕਾਰ ਸਿੰਘ ਦਾ ਪੋਤਾ...,’’ ਪੰਜੀਰੀ ਦੇ ਸਵਾਦ ਨਾਲ ਡੈਡੀ ਦਾ ਜਿਵੇਂ ਮੂੰਹ ਭਰ-ਭਰ ਜਾਂਦਾ। ਬੀਜੀ ਨੂੰ ਤਾਂ ਜਿਵੇਂ ਅੱਡੀਆਂ ਭੋਂ ’ਤੇ ਲਾ ਕੇ ਤੁਰਨਾ ਯਾਦ ਹੀ ਨਹੀਂ ਸੀ। ਉਹ ਅੰਦਰ ਬਾਹਰ ਹੁੰਦੇ ਕਦੇ ਲੂਣ ਕਦੇ ਮਿਰਚਾਂ ਵਾਰ-ਵਾਰ ਸੁੱਟਦੇ।

ਪਰਮਪਾਲ ਤੁਰਨਾ ਸਿੱਖਿਆ ਤੇ ਬੀਜੀ, ਡੈਡੀ ਦੋਵੇਂ ਅੱਗੇ-ਪਿੱਛੇ ਤੁਰਦੇ ਬਣੇ। ਪਿੱਛੇ ਰਹਿ ਗਏ ਅਸੀਂ ਢਾਈ ਟੋਟਰੂ। ਉਦੋਂ ਹੀ ਮਹਿੰਦਰਪਾਲ ਇਸੇ ਲਾਲੂ ਨੂੰ ਘਰੇ ਲੈ ਆਇਆ ਸੀ ਜਿਹਦੇ ਹੱਥਾਂ ਵਿਚ ਪਰਮ ਸਕੂਲੇ ਗਿਆ, ਹੱਸਿਆ-ਖੇਡਿਆ, ਕਸਰਤਾਂ ਕੀਤੀਆਂ।

‘‘ਬਗਾਨੇ-ਬਗਾਨੇ ਹੁੰਦੇ ਆ... ਅੰਤ ਨੂੰ ਆਪਣਾ ਲਹੂ ਆਪਣਾ ਹੁੰਦਾ...,’’ ਪਰਮ ਤੇ ਲਾਲੂ ਨੂੰ ਇਕੱਠਿਆਂ ਵੇਖ ਨਾਲ ਦੇ ਘਰੋਂ ਚਾਚੇ ਜੈਲੇ ਦੀ ਵਹੁਟੀ ਵਿਸ ਘੋਲ਼ਦੀ, ‘‘ਨਖੱਤਾ ਭਈਆ... ਸਭ ਕੁਝ ਹੋ ਗਿਆ ਇਨ੍ਹਾਂ ਲਈ।’’

ਦਰਸ਼ੋ ਮਿਰਚਾਂ ਦੀ ਮੁੱਠ ਭਰ ਕੇ ਵਾਰਦੀ ਤੇ ਚੁੱਲ੍ਹੇ ਵਿਚ ਜਾ ਪਾਉਂਦੀ। ਫੜਕ ਕੰਧਾਂ ਤੋਂ ਪਾਰ ਫੈਲ ਜਾਂਦੀ।

ਮੈਨੂੰ ਯਾਦ ਆਇਆ। ਮਿਰਚਾਂ ਤਾਂ ਮੈਂ ਉਸ ਦਿਨ ਵੀ ਵਾਰੀਆਂ ਸਨ ਜਦੋਂ ਉਦੇਨੂਰ ਘਰੋਂ ਗਿਆ ਸੀ ਤੇ ਉੱਦਣ ਵੀ ਜਦੋਂ ਪਰਮਪਾਲ ਚੌਦਾਂ ਸਾਲਾਂ ਦਾ ਹੋਇਆ ਸੀ। ਮਹਿੰਦਰਪਾਲ ਤੇ ਮੈਂ ਬੜੇ ਖ਼ੁਸ਼ ਸੀ ਉਸ ਦਿਨ।

ਇੰਨੀ ਖ਼ੁਸ਼ੀ ਕਿਸਮਤ ਤੋਂ ਜਰੀ ਨਹੀਂ ਸੀ ਗਈ...। ‘‘ਰੱਬਾ! ਤੂੰ ਸਦਾ ਮੈਥੋਂ ਇੱਕ ਚੀਜ਼ ਦੇ ਕੇ ਦੂਜੀ ਕਿਉਂ ਖੋਹ ਲਈ...’’ ਮੇਰੀ ਭੁੱਬ ਨਿਕਲ ਗਈ ਏ। ਸੋਚਦੀ ਹਾਂ...

‘‘ਕੀ ਜੰਗ ਲੜ ਰਿਹੈਂ ਬੰਦਿਆ...। ਕੀਹਦੇ ਨਾਲ...? ਜਿਊਣ ਦੀ ਜੰਗ...। ਕਿਹੋ ਜਿਹੇ ਸਮੇਂ ਆਏ ਨੇ...? ਕਹਿੰਦੇ ਨੇ ਕੁਦਰਤ ਬਦਲਾ ਲੈਂਦੀ ਏ...। ਸਿਰਫ਼ ਮੌਤ ਦੀ ਖ਼ਬਰਾਂ... ਚਾਰੇ ਪਾਸੇ ਦਨਦਨਾਉਂਦੀ ਮੌਤ...!! ਬਾਕੀ ਸਾਰੀਆਂ ਚੀਜ਼ਾਂ ਦੀ, ਦਹਿਸ਼ਤਗਰਦੀ ਦੀ ਜੰਗਬੰਦੀ ਹੋ ਗਈ ਏ...!!!’’

‘‘ਪਰ ਜ਼ਿੰਦਗੀ ਦੀ ਜੰਗਬੰਦੀ ਤਾਂ ਕਦੇ ਨਹੀਂ ਹੁੰਦੀ।’’ ਆਪਮੁਹਾਰੇ ਮੇਰੇ ਮੂੰਹੋਂ ਨਿਕਲਿਆ ਤਾਂ ਰਾਜੀ ਨੇ ਮੇਰੇ ਚਿਹਰੇ ’ਤੋਂ ਅੱਥਰੂ ਪੂੰਝੇ ਹਨ। ਰਾਜੀ ਕਿਸ ਪਲ ਅੰਦਰ ਆਈ, ਇਸਦਾ ਮੈਨੂੰ ਪਤਾ ਹੀ ਨਹੀਂ ਲੱਗਿਆ।

‘‘ਲਾਲੂ ਨੂੰ ਰੋਟੀ ਦੇਣੀ ਸੀ... ਭੈੜੇ ਨੇ, ਪੂਰਾ ਦਿਨ ਲੰਘ ਗਿਆ, ਅੰਨ ਮੂੰਹ ਲਾ ਕੇ ਨਹੀਂ ਦੇਖਿਆ, ਲਾਵੇ ਵੀ ਕਿਵੇਂ, ਉਹ ਤਾਂ ਦੂਹਰੇ ਫ਼ਿਕਰਾਂ ’ਚ ਲੱਥਾ ਪਿਐ...! ਉਦੇਨੂਰ ਦਾ ਫ਼ਿਕਰ ਤਾਂ ਉਹ ਕਰਦਾ ਈ ਏ... ਪਰ ਉਹਦੇ ਵੱਡੇ ਭਰਾ ਦਾ ਸਾਰਾ ਟੱਬਰ... ਉਹ ਦਿੱਲੀਉਂ ਪੈਦਲ ਈ ਤੁਰੇ ਹੋਏ ਆਪਣੇ ਪਿੰਡਾਂ ਨੂੰ...,’’ ਮੇਰੇ ਕਹਿਣ ’ਤੇ ਰਾਜੀ ਬਾਹਰ ਚੌਂਕੇ ਵੱਲ ਤੁਰ ਗਈ ਹੈ।

ਜਿਸ ਦਿਨ ਮਹਿੰਦਰਪਾਲ ਤੁਰ ਗਿਆ ਸੀ, ਉਸ ਦਿਨ ਰਾਜੀ ਦੀ ਮੰਮੀ, ਮੇਰੀ ਭਾਬੀ ਨੇ ਅੰਦਰੋਂ ਬੀਜੀ ਦੀ ਸੰਭਾਲ ਕੇ ਰੱਖੀ ਚੁੰਨੀ ਮੇਰੇ ਸਿਰ ’ਤੇ ਲਿਆ ਧਰੀ ਸੀ। ਵੀਰ ਨੇ ਕਿਹਾ ਸੀ, ‘‘ਘਰ ਦੀ ਇੱਜ਼ਤ, ਮੋਹਤਬਰੀ ਸਭ ਤੇਰੇ ਹੱਥ ਵਿਚ ਆ, ਸਾਂਭ ਕੇ ਰੱਖੀਂ...।’’

ਮੈਂ ਮਹਿੰਦਰਪਾਲ ਦੀ ਫੋਟੋ ਨੂੰ ਪੱਲੇ ਨਾਲ ਪੂੰਝਿਆ ਹੈ।

‘‘ਕਿੰਨਾ ਪਿਆਰ ਕੀਤਾ ਸੀ ਮਹਿੰਦਰਪਾਲ ਨੇ ਮੈਨੂੰ! ਮੈਂ ਉਹ ਜ਼ਨਾਨੀਆਂ ਬਾਰੇ ਵੀ ਸੁਣਦੀ ਆਂ ਜਿਨ੍ਹਾਂ ਦੀ ਸਾਰੀ ਉਮਰ ਛਿੱਤਰੋ-ਛਿੱਤਰੀ ਹੁੰਦਿਆਂ ਲੰਘ ਜਾਂਦੀ ਏ...! ਰਾਣੀ ਬਣਾ ਕੇ ਰੱਖਿਆ ਸਾਰੀ ਉਮਰ...! ਮੇਰਾ ਮਹਿਕਦਾ ਸਰਦਾਰ...!’’

‘‘ਭੂਆ ਜੀ, ਅਗਰਬੱਤੀ ਬੁਝ ਗਈ ਏ।’’ ਰਾਜੀ ਡੱਬੀ ਚੁੱਕ ਕੇ ਤੀਲ੍ਹੀ ਬਾਲਦੀ ਹੈ। ਅਗਰਬੱਤੀ ਮਹਿਕਣ ਲੱਗੀ ਏ।

‘‘ਲਾਲੂ ਬਾਹਰ ਨਹੀਂ ਜਾਣਾ... ਬੀਬੀ ਗੁੱਸੇ ਹੋਊਗੀ... ਨਾਲੇ ਪੁਲਸ ਵਾਲੇ ਕਹਿ ਗਏ ਨੇ... ਘਰੋਂ ਬਾਹਰ ਨ੍ਹੀਂ ਨਿਕਲਣਾ,’’ ਕੁੰਡੇ ਨੂੰ ਹੱਥ ਪਾਈ ਖੜ੍ਹੇ ਲਾਲੂ ਨੂੰ ਦਰਸ਼ੋ ਦੀ ਆਵਾਜ਼ ਨੇ ਰੋਕ ਲਿਆ ਹੈ, ਉਹ ਚੁੱਪਚਾਪ ਆ ਕੇ ਅਲਾਣੀ ਮੰਜੀ ’ਤੇ ਪੈ ਗਿਆ ਹੈ।

ਰੋਕਿਆ ਤਾਂ ਮੈਂ ਪਰਮਪਾਲ ਨੂੰ ਵੀ ਬੜਾ ਸੀ, ਪਰ ਉਹ ਟਲਿਆ ਨਹੀਂ ਸੀ। ਸ਼ੀਤਲ ਮੈਨੂੰ ਪਹਿਲੀ ਨਜ਼ਰੇ ਪਸੰਦ ਨਹੀਂ ਸੀ ਆਈ, ਨਾ ਘਰ ਪਰਿਵਾਰ ਦਾ ਮੇਲ਼, ਨਾ ਜਾਤ ਬਰਾਦਰੀ ਦਾ।

ਇੱਕੀ ਸਾਲ ਦੀ ਕੋਈ ਉਮਰ ਹੁੰਦੀ ਐ ਵਿਆਹ ਦੀ, ਪਰ... ਮੈਂ ਪੁੱਤ ਦੇ ਕਹੇ ’ਤੇ ਫੁੱਲ ਚੜ੍ਹਾਏ ਤੇ ਸਬਰ ਕਰ ਲਿਆ।

‘‘ਆਹ ਲਉ, ਕੱਪੜੇ ਲਿਆਈ ਜੇ, ਸੁੱਕ ਗਏ ਨੇ... ਛੋਟੇ ਕੱਪੜੇ ਕੁਝ ਗਿੱਲੇ ਸੀ, ਰਾਜੀ ਦੇ ਕਮਰੇ ’ਚ ਈ ਦੇ ਆਈ ਆਂ...,’’ ਕੱਪੜੇ ਰੱਖ ਕੇ ਦਰਸ਼ੋ ਨੇ ਆਪਣੇ ਹੱਥ ਮੇਰੇ ਅੱਗੇ ਕਰ ਦਿੱਤੇ ਕਿ ਉਹ ਹੁਣੇ ਸਾਬਣ ਨਾਲ ਧੋ ਕੇ ਆਈ ਸੀ।

‘‘ਇਹਨੂੰ ਕਹੋ... ਹਾਅ ਕਛਨੀਆਂ ਜਿਹੀਆਂ ਪਾ ਕੇ ਨਾ ਘੁੰਮਿਆ ਕਰੇ ਵਿਹੜੇ ’ਚ... ਭਲਾ ਇਹੋ ਜਿਹੀਆਂ ਕਰਤੂਤਾਂ ਕੀ ਆਂਹਦੀਆਂ ਸਰਦਾਰਾਂ ਦੀ ਨੂੰਹ ਨੂੰ...,’’ ਸਲੀਵਲੈੱਸ ਤੇ ਕੈਪਰੀ ਪਾਈ ਸ਼ੀਤਲ ਨੂੰ ਜਦੋਂ ਮੈਂ ਦੋ ਕੁ ਗੱਲਾਂ ਕੀਤੀਆਂ ਤਾਂ ਉਹ ਭੱਜ ਕੇ ਅੰਦਰ ਜਾ ਵੜੀ ਸੀ।

ਪਰ ਪਰਮਪਾਲ ਨੇ ਉਹਦੀ ਹਮਾਇਤ ਕੀਤੀ ਕਿ ਉਸ ਨੂੰ ਪਰੈਗਨੈਂਸੀ ਵਿਚ ਗਰਮੀ ਲੱਗਦੀ ਹੈ। ਉਹਨੇ ਮੇਰੇ ਗਲ ਬਾਹਵਾਂ ਪਾ ਕੇ ਮੈਨੂੰ ਹਰ ਗੱਲ ਲਈ ਮਨਾ ਲੈਣਾ ਹੁੰਦਾ ਸੀ।

‘‘ਮੰਨੀ ਤਾਂ ਮੈਂ ਉਦੇਨੂਰ ਲਈ ਵੀ ਨਹੀਂ ਸੀ। ਜਦੋਂ ਮਾਸਟਰ ਨੇ ਸਕੂਲੋਂ ਆ ਕੇ ਉਦੇਨੂਰ ਦੀ ਹਮਾਇਤ ਕੀਤੀ, ਉਦੇਨੂਰ ਨੇ ਪਰਮਪਾਲ ਵਾਂਗ ਮੇਰੇ ਗਲ ਬਾਹਵਾਂ ਪਾ ਦਿੱਤੀਆਂ...। ਮੈਂ ਕੀ ਕਰਦੀ...! ਹਾਏ ਰੱਬਾ! ਮੈਂ ਹੀ ਨਾ ਮੰਨਦੀ...। ਮੇਰਾ ਬੱਚਾ ਅੱਜ ਮੇਰੇ ਕੋਲ ਹੁੰਦਾ...!!’’

ਬਾਹਰ ਗੇਟ ਵੱਲ ਵੇਖਣ ਜਾਂਦੀ ਹਾਂ।

ਦੁੱਧ ਦੀ ਚਵਾਈ ਹੋ ਗਈ ਏ। ਕਾਮਾ ਡੋਹਣੇ ਲਾਲੂ ਨੂੰ ਸੰਭਾਲ ਰਿਹਾ ਹੈ।

* * *

ਪਰਮਪਾਲ ਵੀ ਬੜਾ ਖ਼ੁਸ਼ ਸੀ ਜਿਸ ਦਿਨ ਉਦੇਨੂਰ ਦਾ ਚੰਨ ਚੜ੍ਹਿਆ ਸੀ ਸਾਡੇ ਵਿਹੜੇ ਵਿਚ। ਪਰ ਇਹ ਖ਼ੁਸ਼ੀ ਵੀ ਥੁੜਚਿਰੀ ਹੀ ਨਿਕਲੀ।

ਸ਼ੀਤਲ ਅਜੇ ਸ਼ਿਲੇ ਵਿਚ ਹੀ ਸੀ ਜਦੋਂ ਪਰਮਪਾਲ ਦਾ ਵਿਹੜੇ ਵਿਚ ਲੱਗੀ ਬੰਬੀ ਦੀ ਤਾਰ ਲਾਉਂਦਿਆਂ ਪੈਰ ਪਾਣੀ ਵਿਚ ਪੈ ਗਿਆ ਸੀ..., ਹਾਏ ਉਏ ਰੱਬਾ! ਓਦਣ ਮੈਂ ਸੱਚ ਹੀ ਬਦਨਸੀਬ ਸਾਬਤ ਹੋਈ ਸਾਂ।

ਤੇ ਸ਼ੀਤਲ ਦੇ ਮਾਪੇ, ਉਦੇਨੂਰ ਨੂੰ ਮੇਰੀ ਝੋਲੀ ਪਾ ਕੇ ਸ਼ੀਤਲ ਨੂੰ ਵਾਪਸ ਲੈ ਮੁੜੇ ਸੀ। ਮੈਂ ਅਭਾਗਣ ਜ਼ਿੰਦਗੀ ਦੇ ਅੰਤਹੀਣ ਰਾਹ ’ਤੇ ਫਿਰ ਉੱਠ ਤੁਰੀ।

ਕਈ ਵਾਰ ਸੋਚਦੀ ਹਾਂ ਕਿ ਮੈਂ ਕਿੰਨੀ ਢੀਠ ਹਾਂ, ਕਿੰਨੀ ਜ਼ਿੱਦੀ... ਕਿ ਏਨਾ ਸਭ ਹੋ ਗਿਆ... ਮੈਂ ਅਜੇ ਵੀ ਜਿਊਨੀ ਆਂ...!

ਜ਼ਿੱਦ ਹੀ ਕਰ ਗਿਆ ਸੀ ਉਦੇਨੂਰ, ਤਾਂ ਹੀ ਭੇਜਿਆ ਸੀ ਉਹਨੂੰ ਮੈਂ ਅਮਰੀਕਾ। ਮਾਸਟਰ ਨੇ ਕਿਹਾ, ‘‘ਜੇ ਇਹਦਾ ਵਿਗਿਆਨੀ ਬਣਨ ਦਾ ਮਨ ਕਰਦੈ ਤਾਂ ਨਾਸਾ, ਅਮਰੀਕਾ ਦਾ ਟਰੇਨਿੰਗ ਪ੍ਰੋਗਰਾਮ ਲਾ ਲੈਣ ਦਿਉ...! ਤੇ ਕਿੰਨਾ ਚਾਈਂ-ਚਾਈਂ ਘਰੋਂ ਗਿਆ ਸੀ ਉਦੇਨੂਰ! ਤੇ ਉੱਥੇ ਵੀ ਉਹਦੇ ਨਾਲ ਰੋਜ਼ ਗੱਲ ਹੁੰਦੀ। ਵੀਡੀਓ ਕਾਲ ਕਰਦਾ ਕਿੰਨਾ ਖ਼ੁਸ਼ ਦਿਖਾਈ ਦਿੰਦਾ। ਤੇ ਫਿਰ... ਫਿਰ ਅਚਾਨਕ ਦੁਨੀਆਂ ਖੜੋ ਗਈ। ਉਹ ਕਿੰਨੇ ਦਿਨਾਂ ਤੱਕ ਉੱਥੇ ਡੱਕੇ ਰਹੇ। ਤੇ ਪਰਸੋਂ ਦਾ ਸਪੈਸ਼ਲ ਜਹਾਜ਼ ਰਾਹੀਂ ਸਾਰੀ ਟੀਮ ਨੂੰ ਆਪਣੇ ਦੇਸ ਵਾਪਸ ਲੈ ਆਂਦਾ ਗਿਆ ਸੀ।

ਉਦੇਨੂਰ ਨੇ ਉੱਥੋਂ ਤੁਰਨ ਲੱਗਿਆਂ ਮੇਰੇ ਨਾਲ ਗੱਲ ਵੀ ਕੀਤੀ ਸੀ। ਪਰ ਅੱਜਕੱਲ੍ਹ ਕਿਸੇ ਨੂੰ ਸਿੱਧਾ ਘਰ ਤਾਂ ਆਉਣ ਹੀ ਨਹੀਂ ਦਿੰਦੇ। ਉੱਤੋਂ ਉਹਦੇ ਆਪਣੇ ਮਾਸਟਰ ਜੀ ਬਿਮਾਰ ਵੀ ਸੀ। ਮੇਰੇ ਪੁੱਤ ਵਾਂਗ ਮੇਰੀ ਜਾਨ ਵੀ ਮੁੱਠੀ ਵਿਚ ਆਈ ਹੋਈ ਸੀ।

ਪਿੰਡ ਦਵਾਈਆਂ ਦੀ ਦੁਕਾਨ ਕਰਦਾ ਡਾਕਟਰ ਮੁੰਡਾ ਸ਼ਹਿਰ ਹਸਪਤਾਲ ਦੀ ਲੈਬ ਵਿਚ ਰੋਜ਼ ਜਾਂਦਾ ਏ। ਉਹਨੇ ਹੀ ਪਤਾ ਕਰਕੇ ਦੇਣਾ ਸੀ ਕਿਉਂ ਜੋ ਉਦੇਨੂਰ ਦਾ ਫ਼ੋਨ ਤਾਂ ਹਸਪਤਾਲ ਵਾਲਿਆਂ ਰੱਖ ਲਿਆ ਹੋਇਐ।

ਦਰਸ਼ੋ ਭੱਜ ਕੇ ਲਾਲੂ ਵੱਲ ਨੂੰ ਨੱਸੀ ਏ।

ਅਚਾਨਕ ਲਾਲੋ ਜ਼ਾਰੋਜ਼ਾਰ ਰੋਂਦਾ ਹੈ। ਉਹ ਸੰਭਾਲਿਆ ਨਹੀਂ ਜਾ ਰਿਹਾ।

‘‘ਕੀ ਹੋਇਆ...?’’ ਮੇਰੇ ਸੋਤਰ ਸੁੱਕਦੇ ਜਾਂਦੇ ਨੇ।

ਲਾਲੂ ਕੁਝ ਸੰਭਲਦਾ ਹੈ।

ਉਹ ਦੱਸਦੈ ਕਿ ਉਹਦਾ ਭਰਾ ਤੇ ਉਹਦਾ ਪਰਿਵਾਰ ਵੀ ਰੇਲਗੱੱਡੀ ਥੱਲੇ ਆ ਕੇ ਵੱਢਿਆ ਗਿਐ..., ਉਹਨੂੰ ਪਿੰਡੋਂ ਫ਼ੋਨ ਆਇਆ ਹੈ। ਮੇਰੀ ਖਾਨਿਉਂ ਗਈ... ਮੈਨੂੰ ਜਾਪਿਆ ਕਿ ਕੁਝ ਦੇਰ ਪਹਿਲਾਂ ਟੀ.ਵੀ. ’ਤੇ ਰੇਲ ਦੀ ਪਟੜੀ ’ਤੇ ਸੁੱਤੇ ਰਹਿ ਗਏ ਲੋਕਾਂ ਦੀਆਂ ਵੱਢੀਆਂ ਟੁੱਕੀਆਂ ਲਾਸ਼ਾਂ ਟੀ.ਵੀ. ਵਿਚੋਂ ਨਿਕਲ ਕੇ ਸਭ ਮੇਰੇ ਘਰ ਦੇ ਵਿਹੜੇ ਵਿਚ ਇਕੱਠੇ ਹੋ ਰਹੇ ਨੇ। ਸਾਰਿਆਂ ਦੇ ਮੂੰਹ ਢੱਕੇ ਹੋਏ ਨੇ। ਡਰਾਉਣੇ ਕੱਪੜਿਆਂ ਵਾਲੇ ਲੋਕ...। ਕੁਝ ਪਲ਼ ਪਹਿਲਾਂ ਟੀ.ਵੀ. ’ਤੇ ਖਿੱਲਰੇ ਵੇਖੇ ਬੂਟ, ਕੱਪੜੇ, ਰੇਲਵੇ ਲਾਈਨ ਤੋਂ ਤੁਰ ਕੇ ਟਾਹਲੀ ਹੇਠ ਇਕੱਠੇ ਹੋ ਗਏ ਨੇ। ਉਨ੍ਹਾਂ ’ਚੋਂ ਲਹੂ ਚੋਅ ਰਿਹਾ ਏ।

* * *

ਮੈਂ ਚੁੱਪ ਹਾਂ। ਲਾਲੂ ਚੁੱਪ ਹੈ। ਰਾਜੀ ਚੁੱਪ ਹੈ ਤੇ ਦਰਸ਼ੋ ਵੀ।

... ... ...

ਫ਼ੋਨ ਦੀ ਘੰਟੀ ਵੱਜੀ ਹੈ।

ਰਾਜੀ ਭੱਜ ਕੇ ਅੰਦਰ ਗਈ ਹੈ।

‘‘ਭੂਆ ਜੀ...!’’ ਉਹਨੇ ਅੰਦਰੋਂ ਚੀਕ ਮਾਰੀ ਹੈ।

ਤੁਰਨ ਜੋਗੀ ਮੇਰੇ ਵਿਚ ਹਿੰਮਤ ਨਹੀਂ ਰਹੀ। ਰਾਜੀ ਮੈਨੂੰ ਹਲੂਣ ਰਹੀ ਹੈ।

‘‘ਭੂਆ ਜੀ... ਭੂਆ ਜੀ! ਉਦੇਨੂਰ ਦਾ ਟੈਸਟ ਨੈਗੇਟਿਵ ਆਇਐ। ਉਹ ਸਵੇਰੇ ਘਰ ਆ ਜਾਊਗਾ...!’’ ਰਾਜੀ ਤੋਂ ਖ਼ੁਸ਼ੀ ਸਾਂਭੀ ਨਹੀਂ ਜਾ ਰਹੀ।

ਮੈਂ ਮਿਰਚਾਂ ਲੈਣ ਰਸੋਈ ਵੱਲ ਤੁਰ ਪਈ ਹਾਂ।

ਸੰਪਰਕ: 99142-11422

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਹਰ ਹਮਲੇ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਕਰੋਨਾਵਾਇਰਸ ਦਾ ਫੈਲਾਅ ਰੋਕਣ ਲਈ ਸਰਕਾਰ ਦੇ ਉਪਰਾਲਿਆਂ ਦੀ ਸ਼ਲਾਘਾ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

ਭਾਰਤ ਅਮਨ ਦਾ ਹਾਮੀ, ਪਰ ਕਿਸੇ ਵੀ ਹਿਮਾਕਤ ਦਾ ਜਵਾਬ ਦੇਣ ਦੇ ਸਮਰੱਥ: ਕੋਵਿੰਦ

74ਵੇਂ ਆਜ਼ਾਦੀ ਦਿਹਾੜੇ ਦੀ ਪੂਰਬਲੀ ਸੰਧਿਆ ਰਾਸ਼ਟਰ ਦੇ ਨਾਂ ਸੰਬੋਧਨ ’ਚ ਰ...

ਸ਼ਹਿਰ

View All