DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਰ ਦੀ ਛੱਤ

ਉਹ ਫਿਰ ਤੋਂ ਉਪਰਾਮ ਹੋ ਗਿਆ ਸੀ। ਕਿਹੋ ਜਿਹੇ ਦਿਨ ਸਨ, ਅੰਬਰਾਂ ਤੱਕ ਛਾਈ ਘੋਰ ਉਦਾਸੀ ਘਟਣ ਦਾ ਨਾਮ ਨਹੀਂ ਸੀ ਲੈ ਰਹੀ। ਉਮਰ ਦੇ ਪੰਜਵੇਂ ਦਹਾਕੇ ’ਚ ਪੁੱਜ ਜਦੋਂ ਵਿਅਕਤੀ ਨੇ ਕਿੰਨੀਆਂ ਹੀ ਰੁੱਤਾਂ ਮਾਣ ਲਈਆਂ ਹੁੰਦੀਆਂ, ਕਿੰਨੇ ਹੀ...

  • fb
  • twitter
  • whatsapp
  • whatsapp
Advertisement

ਉਹ ਫਿਰ ਤੋਂ ਉਪਰਾਮ ਹੋ ਗਿਆ ਸੀ। ਕਿਹੋ ਜਿਹੇ ਦਿਨ ਸਨ, ਅੰਬਰਾਂ ਤੱਕ ਛਾਈ ਘੋਰ ਉਦਾਸੀ ਘਟਣ ਦਾ ਨਾਮ ਨਹੀਂ ਸੀ ਲੈ ਰਹੀ। ਉਮਰ ਦੇ ਪੰਜਵੇਂ ਦਹਾਕੇ ’ਚ ਪੁੱਜ ਜਦੋਂ ਵਿਅਕਤੀ ਨੇ ਕਿੰਨੀਆਂ ਹੀ ਰੁੱਤਾਂ ਮਾਣ ਲਈਆਂ ਹੁੰਦੀਆਂ, ਕਿੰਨੇ ਹੀ ਉਤਰਾਅ ਚੜ੍ਹਾਅ ਦੇਖ ਲਏ ਹੁੰਦੇ ਨੇ ਤਾਂ ਸਹਿਜ ਤੇ ਠਹਿਰਾਅ ਸੁਭਾਅ ਵਿੱਚ ਆ ਹੀ ਜਾਂਦਾ ਹੈ, ਪਰ ਇੰਦਰ ਪੰਜਾਹ ਵਰ੍ਹਿਆਂ ਦਾ ਹੋ ਕੇ ਵੀ ਅੱਜ ਚਾਰ ਪੰਜ ਸਾਲ ਦੇ ਜਵਾਕ ਵਾਂਗ ਓਦਰਿਆ ਪਿਆ ਸੀ। ਉਹ ਜਵਾਕ ਜਿਸ ਤੋਂ ਉਸ ਦੀ ਬਹੁਤ ਹੀ ਕੀਮਤੀ ਸ਼ੈਅ ਸਦਾ ਲਈ ਖੁੱਸ ਗਈ ਹੋਵੇ ਤੇ ਉਸ ਨੂੰ ਦਿਲਾਸਾ ਦੇਣ ਵਾਲੀ ਉਸ ਦੀ ਮਾਂ ਵੀ ਉਸ ਦੇ ਕੋਲ ਨਾ ਰਹੀ ਹੋਵੇ। ਉਂਜ ਇੰਦਰ ਬੜੇ ਹੀ ਠਰ੍ਹੰਮੇ ਵਾਲਾ ਵਿਅਕਤੀ ਸੀ। ਮਾੜਾ ਮੋਟਾ ਦੁੱਖ ਤਾਂ ਉਹ ਅੰਦਰ ਹੀ ਲੁਕੋ ਲੈਂਦਾ। ਹਮੇਸ਼ਾ ਆਪਣੇ ਕੰਮ ਅਤੇ ਘਰ ਪਰਿਵਾਰ ’ਚ ਮਸਤ ਰਹਿੰਦਾ। ਮਾੜੀਆਂ ਮੋਟੀਆਂ ਘਟਨਾਵਾਂ ਤਾਂ ਹਰ ਵਿਅਕਤੀ ਦੀ ਜ਼ਿੰਦਗੀ ’ਚ ਵਾਪਰਦੀਆਂ ਹਨ ਤੇ ਇਹ ਇੰਦਰ ਦੇ ਵੀ ਵਾਪਰੀਆਂ, ਪਰ ਉਹ ਸਹਿਜ ਨਾਲ ਇਨ੍ਹਾਂ ਦਾ ਸਾਹਮਣਾ ਕਰਦਾ ਆ ਰਿਹਾ ਸੀ। ਉਮਰ ਦੇ 49 ਵਰ੍ਹੇ ਉਸ ਦੇ ਇਸੇ ਸਹਿਜ ਵਿੱਚ ਬੀਤੇ ਸਨ, ਪਰ ਪੰਜਾਹਵਾਂ ਵਰ੍ਹਾ ਸ਼ੁਰੂ ਹੁੰਦਿਆਂ ਹੀ ਉਸ ’ਤੇ ਭਾਰੂ ਪੈ ਗਿਆ। ਉਸ ਲਈ ਦੁਨੀਆ ਦਾ ਸਭ ਤੋਂ ਪਿਆਰਾ ਰਿਸ਼ਤਾ, ਉਸ ਦੀ ਮਾਂ ਅਚਾਨਕ ਚੱਲ ਵਸੀ।

ਮਾਂ ਦੇ ਦੇਹਾਂਤ ਨੂੰ ਡੇਢ ਸਾਲ ਤੋਂ ਉੱਪਰ ਹੋ ਗਿਆ, ਪਰ ਉਸ ਦੀਆਂ ਅੱਖਾਂ ਅੱਗੇ ਸਭ ਇਉਂ ਘੁੰਮੀ ਜਾਂਦਾ, ਜਿਵੇਂ ਕੱਲ੍ਹ ਦੀ ਗੱਲ ਹੋਵੇ। ਪਿਛਲੇ 15 ਦਿਨਾਂ ਤੋਂ ਤਾਂ ਹੋਰ ਵੀ ਜ਼ਿਆਦਾ। ਸਬਰ ਦਾ ਬੰਨ੍ਹ ਜਿਹੜਾ ਉਸ ਨੇ ਆਪਣੇ ਪਿਓ ਦੇ ਗੁੰਮਸੁੰਮ, ਉਦਾਸ ਚਿਹਰੇ ਵੱਲ ਦੇਖ ਕੇ ਬੰਨ੍ਹ ਲਿਆ ਸੀ, ਉਹ ਹੁਣ ਦੂਣੀ ਰਫ਼ਤਾਰ ਨਾਲ ਟੁੱਟ ਚੁੱਕਾ ਸੀ ਤੇ ਪਿਛਲੇ 15 ਦਿਨਾਂ ਤੋਂ ਵਗਦਾ ਇਹ ਵਹਿਣ ਰੁਕਣ ਦਾ ਨਾਂ ਨਹੀਂ ਸੀ ਲੈ ਰਿਹਾ। ਕਦੇ ਮਾਂ ਤੇ ਕਦੇ ਪਿਓ ਦਾ ਚਿਹਰਾ ਉਸ ਦੀਆਂ ਅੱਖਾਂ ਅੱਗੇ ਘੁੰਮਣ ਲੱਗਦਾ। ਬਚਪਨ ਤੋਂ ਹੁਣ ਤੱਕ ਦਾ ਜੀਵਨ ਦਾ ਸਫ਼ਰ ਕਿੰਨੀ ਵਾਰ ਉਸ ਦੇ ਮਨ ਮਸਤਕ ਵਿੱਚੋਂ ਕਿਸੇ ਫਿਲਮ ਵਾਂਗ ਘੁੰਮ ਚੁੱਕਾ ਸੀ। ਦੋਵੇਂ ਵੱਡੀਆਂ ਭੈਣਾਂ, ਧੀ-ਪੁੱਤਰ ਅਤੇ ਪਤਨੀ ਕੋਲ ਬੈਠ ਜ਼ਿੰਦਗੀ ਦੀ ਇਸ ਰੀਲ ਵਿੱਚੋਂ ਕੁਝ ਖੁਸ਼ਗਵਾਰ ਪਲਾਂ ਨੂੰ ਚੇਤੇ ਕਰ ਕੇ ਮਸਾਂ ਉਸ ਦੇ ਚਿਹਰੇ ਦੀ ਪਿਲੱਤਣ ਕੁਝ ਘਟੀ ਸੀ ਕਿ ਇੱਕ ਨਿੱਕੀ ਜਿਹੀ ਘਟਨਾ ਨੇ ਉਸ ਨੂੰ ਫਿਰ ਉਪਰਾਮ ਕਰ ਦਿੱਤਾ।

Advertisement

ਉਸ ਦੀਆਂ ਅੱਖਾਂ ਅੱਗੇ ਉਹ ਦਿਨ ਫਿਰ ਘੁੰਮਣ ਲੱਗੇ। ਮਾਘੀ ਦੀ ਸੰਗਰਾਂਦ ਸੀ ਜਿਸ ਦਿਨ ਇੰਦਰ ਦੀ ਮਾਂ ਉਸ ਦੇ ਹੱਥੋਂ ਰਾਤ ਦੀ ਰੋਟੀ ਖਾਂਦੀ, ਉਸੇ ਦੇ ਹੱਥਾਂ ’ਚ ਹੀ ਰੱਬ ਨੂੰ ਪਿਆਰੀ ਹੋ ਗਈ ਸੀ। ਬਹੁਤ ਭਲੀ ਔਰਤ ਸੀ ਉਹ। ਗੁਰਬਾਣੀ ਪੜ੍ਹਦੀ ਹੀ ਨਹੀਂ ਸੀ ਸਗੋਂ ਗੁਰਬਾਣੀ ਅਨੁਸਾਰ ਜਿਊਂਦੀ ਵੀ ਸੀ। ਦੁੱਖ ਸਹਿ ਕੇ ਸੁਖ ਮਨਾਉਣ ਵਾਲੀ। ਨਵੀਂ ਵਿਆਹੀ ਆਈ ਨੇ ਸੱਸ ਅਤੇ ਵੱਡੀਆਂ ਨਨਾਣਾਂ ਦੀਆਂ ਰੱਜ ਕੇ ਵਧੀਕੀਆਂ ਜਰੀਆਂ। ਉੱਧਰੋਂ ਇੰਦਰ ਦੀ ਮਾਂ ਤੇ ਇੱਧਰੋਂ ਇੰਦਰ ਦਾ ਪਿਓ, ਦੋਵੇਂ ਆਪੋ ਆਪਣੇ ਟੱਬਰ ’ਚ ਸਭ ਤੋਂ ਛੋਟੇ ਸਨ। ਇਸੇ ਕਾਰਨ ਦੋਵਾਂ ਨੂੰ ਆਪੋ-ਆਪਣੇ ਪਰਿਵਾਰ ’ਚ ਪਛਾੜੀ ਵਾਲਾ, ਘਰੋੜੀ ਦਾ ਹੀ ਪਿਆਰ ਮਿਲਿਆ ਸੀ। ‘‘ਘਰੋੜੀ ਦਾ ਪਿਆਰ, ਭਲਾ ਇਹ ਕੀ ਬਲਾ ਹੁੰਦੀ ਐ?’’ ਜਦੋਂ ਇੰਦਰ ਨੇ ਇਹ ਸ਼ਬਦ ਸੁਣ ਕੇ ਆਪਣੀ ਮਾਂ ਤੋਂ ਇਸ ਬਾਰੇ ਪੁੱਛਿਆ ਸੀ ਤਾਂ ਉਸ ਨੇ ਬੜੀ ਹੀ ਵਧੀਆ ਉਦਾਹਰਣ ਦਿੱਤੀ ਸੀ, ‘‘ਵੱਡੇ ਟੱਬਰਾਂ ’ਚ ਰੋਟੀ ਵਰਤਾਉਣ ਲੱਗਿਆਂ ਕਈ ਵਾਰ ਸਭ ਤੋਂ ਪਿੱਛੋਂ ਰਹਿੰਦੇ ਬੱਚੇ ਵਾਰੀ ਦਾਲ ਸਬਜ਼ੀ ਮੁੱਕ ਜਾਂਦੀ। ਘਰ ਦੀ ਸੁਆਣੀ, ਉਸ ਨੂੰ ਪਰਚਾਉਣ ਲਈ ਸਬਜ਼ੀ ਵਾਲੇ ਭਾਂਡੇ ਨਾਲ ਰੋਟੀ ਘੁੰਮਾ ਉਸ ਨੂੰ ਪੂਣੀ ਬਣਾ ਫੜਾ ਦਿੰਦੀ ਅਤੇ ਨਾਲ ਹੀ ਆਖਦੀ, ਲੈ ਤੈਨੂੰ ਤਾਂ ਸਗੋਂ ਹੁਣ ਘਰੋੜੀ ਦਾ ਸਵਾਦ ਆਊ। ਉਹ ਬੱਚਾ ਘਰੋੜੀ ਦੇ ਸਵਾਦ ਦਾ ਨਾਂ ਸੁਣ ਕੇ ਹੀ ਪਰਚ ਜਾਂਦਾ। ਪਹਿਲੀਆਂ ਵਿੱਚ ਵੱਧ ਜੀਆਂ ਵਾਲੇ ਟੱਬਰਾਂ ’ਚ ਸਭ ਤੋਂ ਛੋਟੇ ਬੱਚੇ ਨੂੰ, ਬੱਸ ਇਉਂ ਹੀ, ਘਰੋੜੀ ਦੇ ਪਿਆਰ ਨਾਲ ਗੁਜ਼ਾਰਾ ਕਰਨਾ ਪੈਂਦਾ ਸੀ।’’

Advertisement

ਬਚਪਨ ’ਚ ਇੰਦਰ ਭਾਵੇਂ ਇਨ੍ਹਾਂ ਸ਼ਬਦਾਂ ਦੇ ਅਰਥ ਪੂਰੀ ਤਰ੍ਹਾਂ ਨਹੀਂ ਸੀ ਸਮਝ ਸਕਿਆ ਪਰ ਪਿੱਛੋਂ ਉਸ ਨੂੰ ਇਨ੍ਹਾਂ ਦੀ ਸਮਝ ਆਈ। ਆਪ ਘਰੋੜੀ ਦੇ ਪਿਆਰ ਨਾਲ ਪਲੀ ਉਸ ਦੀ ਮਾਂ ਨੇ ਉਸ ਨੂੰ ਸਭ ਤੋਂ ਛੋਟਾ ਹੋਣ ਦੇ ਬਾਵਜੂਦ ਘਰੋੜੀ ਵਾਲਾ ਨਹੀਂ ਸਗੋਂ ਰੱਜਵਾਂ ਪਿਆਰ ਦਿੱਤਾ ਸੀ। ਹਾਂ, ਆਪਣੀ ਮਾਂ ਨੂੰ ਇਹ ਘਰੋੜੀ ਦਾ ਸਵਾਦ ਚੱਖਦਿਆਂ ਉਸ ਨੇ ਕਈ ਵਾਰ ਦੇਖਿਆ ਸੀ। ਜਦੋਂ ਸਾਰੇ ਟੱਬਰ ਨੂੰ ਰੋਟੀ ਵਰਤਾਅ ਉਹ ਆਪ ਖਾਲੀ ਭਾਂਡੇ ਨਾਲ ਰੋਟੀ ਘੁੰਮਾ ਆਪਣਾ ਡੰਗ ਟਪਾ ਲੈਂਦੀ। ਅਜਿਹੀ ਸਬਰ ਸੰਤੋਖ ਵਾਲੀ ਮਾਂ ਦੀ ਕੁੱਖੋਂ ਜਨਮ ਲੈ ਇੰਦਰ ਖ਼ੁਦ ਨੂੰ ਵਡਭਾਗਾ ਸਮਝਦਾ ਸੀ। ਤੰਗੀਆਂ ਦੇ ਦੌਰ ਲੰਘੇ ਪਰ ਇੰਦਰ ਦੀ ਮਾਂ ਨੇ ਨਾ ਕਦੇ ਰਿਜ਼ਕ ਦੀ ਕਦਰ ਛੱਡੀ, ਨਾ ਦੁਨਿਆਵੀ ਤੇ ਰੱਬੀ ਰਿਸ਼ਤਿਆਂ ਦੀ। ਇੰਦਰ ਹੋਰਾਂ ਨੂੰ ਉਹ ਧਾਰਮਿਕ ਸਾਖੀਆਂ ਤਾਂ ਸੁਣਾਉਂਦੀ ਹੀ, ਆਪਣੇ ਪੇਕੇ ਪਿੰਡ ਵਾਲੀ ਇੱਕ ਮਾਈ ਰੱਬਣੀ ਨਾਂ ਦੀ ਔਰਤ ਦੀਆਂ ਗੱਲਾਂ ਵੀ ਸੁਣਾਉਂਦੀ। ਉਂਜ ਨਾਂ ਤਾਂ ਉਸ ਮਾਈ ਦਾ ਕੋਈ ਹੋਰ ਹੋਣਾ, ਪਰ ਉਸ ਦੀ ਰੱਬ ਨਾਲ ਬਿਰਤੀ ਜੁੜੀ ਹੋਣ ਕਰ ਕੇ ਲੋਕਾਂ ਨੇ ਉਸ ਦਾ ਨਾਂ ਹੀ ਮਾਈ ਰੱਬਣੀ ਰੱਖ ਲਿਆ ਸੀ। ਜਦੋਂ ਵੀ ਇੰਦਰ ਦੀ ਮਾਂ ਮਾਈ ਰੱਬਣੀ ਦੀ ਕੋਈ ਗੱਲ ਸੁਣਾਉਂਦੀ ਤਾਂ ਇੰਦਰ ਨੂੰ ਉਸ ਮਾਈ ਦਾ ਚਿਹਰਾ ਆਪਣੀ ਮਾਂ ਜਿਹਾ ਹੀ ਜਾਪਦਾ। ਉਸ ਦੀ ਮਾਂ ਹਰ ਵੀਰਵਾਰ ਨੂੰ ਬੀਰਮ ਦਾਸ ਨਾਂ ਦੇ ਇੱਕ ਤਪੱਸਵੀ ਦੀ ਕਥਾ ਵੀ ਸੁਣਾਉਂਦੀ ਹੁੰਦੀ ਸੀ। ਇਹ ਕਥਾ ਸਵੇਰੇ ਸੁੱਚੇ ਮੂੰਹ, ਕਿਸੇ ਦੂਜੇ ਸੁੱਚੇ ਮੂੰਹ ਵਾਲੇ ਵਿਅਕਤੀ ਨੂੰ ਹੀ ਸੁਣਾਉਣੀ ਹੁੰਦੀ ਸੀ। ਇੰਦਰ ਦੀ ਮਾਂ ਦਾ ਇਸ ਗੱਲ ਲਈ ਗੁਣੀਆ ਬਹੁਤੀ ਵਾਰ ਇੰਦਰ ’ਤੇ ਹੀ ਫਿੱਟ ਬਹਿੰਦਾ। ਛੋਟਾ ਹੋਣ ਕਰਕੇ ਉਹ ਸਭ ਤੋਂ ਪਿੱਛੋਂ ਉੱਠਦਾ ਤੇ ਕੰਮ ਧੰਦਾ ਮੁਕਾਉਂਦੀ ਉਸ ਦੀ ਮਾਂ ਉਂਜ ਹੀ ਉਸ ਵੇਲੇ ਤੱਕ ਸੁੱਚੇ ਮੂੰਹ ਹੁੰਦੀ। ਆਪਣੇ ਕੋਲ ਬਿਠਾ ਉਹ ਇੰਦਰ ਨੂੰ ਕਥਾ ਸੁਣਾਉਣ ਪਿੱਛੋਂ ਨਾਲੇ ਇੰਦਰ ਨੂੰ ਚਾਹ ਦੁੱਧ ਪਿਆਉਂਦੀ ਤੇ ਨਾਲੇ ਆਪ ਪੀਂਦੀ। ਕਥਾ ਦੀਆਂ ਸਤਰਾਂ ਇੰਨ-ਬਿੰਨ ਇੰਦਰ ਨੂੰ ਯਾਦ ਹੋ ਚੁੱਕੀਆਂ ਸਨ। ਉਹ ਉਸ ਨੂੰ ਕੁਝ ਅਲੋਕਾਰੀ ਵੀ ਜਾਪਦੀਆਂ, ਪਰ ਫਿਰ ਵੀ ਮਾਂ ਦੇ ਮੂੰਹੋਂ ਇਹ ਸਭ ਸੁਣਨਾ ਉਸ ਨੂੰ ਚੰਗਾ ਲੱਗਦਾ। ਵੱਡੇ ਸਕੂਲ ਪੜ੍ਹਦਿਆਂ ਇੰਦਰ ਨੂੰ ਇਹ ਕਥਾਵਾਂ ਗ਼ੈਰ-ਵਿਗਿਆਨਕ ਲੱਗਣ ਲੱਗੀਆਂ, ਪਰ ਪਿਆਰੀ ਮਾਂ ਦੇ ਦਿਲ ਨੂੰ ਠੇਸ ਨਾ ਲੱਗੇ, ਇਸ ਲਈ ਉਹ ਚੁੱਪ-ਚੁਪੀਤਾ ਇਹ ਸੁਣ ਲੈਂਦਾ। ਨੌਕਰੀ ਲੱਗਣ ਪਿੱਛੋਂ ਜਦੋਂ ਇੰਦਰ ਦਾ ਵਿਆਹ ਹੋਇਆ ਤਾਂ ਘਰ ’ਚ ਮਾਹੌਲ ਸੱਸ-ਨੂੰਹ ਵਾਲਾ ਨਹੀਂ, ਮਾਂ-ਧੀ ਵਾਲਾ ਸੀ। ਦੇਖਦਿਆਂ ਹੀ ਦੇਖਦਿਆਂ ਦੋ ਬੱਚੇ ਹੋਏ ਤੇ ਸਕੂਲੀ ਪੜ੍ਹਾਈ ਕਰਨ ਪਿੱਛੋਂ ਕਦੋਂ ਡਿਗਰੀਆਂ ਕਰਨ ਲੱਗੇ, ਲੰਘਦੇ ਵਕਤ ਦਾ ਪਤਾ ਹੀ ਨਾ ਲੱਗਾ। ਹਾਂ, ਸਮੇਂ ਨਾਲ ਇੱਕ ਫ਼ਰਕ ਜ਼ਰੂਰ ਪਿਆ ਸੀ, ਉਮਰ ਦੇ ਅੱਠਵੇਂ ਦਹਾਕੇ ’ਚ ਪੁੱਜ ਇੰਦਰ ਦੀ ਮਾਂ ਕਾਫ਼ੀ ਕਮਜ਼ੋਰ ਹੋ ਗਈ ਸੀ। ਵਿਦੇਸ਼ ਬੈਠੀਆਂ ਇੰਦਰ ਦੀਆਂ ਭੈਣਾਂ ਫ਼ਿਕਰ ਕਰਦੀਆਂ ਰਹਿੰਦੀਆਂ। ਵੀਡੀਓ ਕਾਲ ਲਾ ਜਦੋਂ ਆਪਣੀ ਮਾਂ ਨੂੰ ਹਾਲ-ਚਾਲ ਪੁੱਛਦੀਆਂ ਤਾਂ ਉਹ ਕਮਜ਼ੋਰ ਹੁੰਦਿਆਂ ਵੀ ਹਮੇਸ਼ਾ ਚੜ੍ਹਦੀਕਲਾ ਵਿੱਚ ਹੀ ਗੱਲ ਕਰਦੀ। ਫਿਰ ਹੌਲੀ-ਹੌਲੀ ਉਸ ਦਾ ਥੋੜ੍ਹਾ ਬਹੁਤਾ ਤੁਰਨਾ ਵੀ ਬੰਦ ਹੋ ਗਿਆ। ਉਸ ਨੂੰ ਸਹਾਰੇ ਦੀ ਲੋੜ ਪੈਂਦੀ, ਇੱਕ ਆਵਾਜ਼ ਮਾਰਦੀ ਤਾਂ ਦੋ ਦੋ ਭੱਜੇ ਆਉਂਦੇ। ਇੰਦਰ ਦੀਆਂ ਭੈਣਾਂ ਫਿਰ ਵੀ ਫ਼ਿਕਰ ਕਰਦੀਆਂ ਰਹਿੰਦੀਆਂ, ‘‘ਮੰਮੀ ਦਾ ਖ਼ਿਆਲ ਰੱਖਿਓ, ਤੁਸੀਂ ਦੋਵੇਂ ਨੌਕਰੀਆਂ ’ਤੇ ਜਾਂਦੇ ਓ, ਨਿਆਣੇ ਵੀ ਪੜ੍ਹਦੇ ਨੇ, ਪਿੱਛੋਂ ਕਿਤੇ ਮਾਂ ਨੂੰ ਭਾਵੇਂ...!’’ ਇੰਦਰ ਦੇ ਪਿਤਾ ਵੀ ਤਾਂ ਘਰ ਹੀ ਹੁੰਦੇ ਸਨ। ‘‘ਪਰ ਉਹ ਤਾਂ ਆਪ ਸਿਆਣੇ ਨੇ।’’ ਇੰਦਰ ਦੀਆਂ ਭੈਣਾਂ ਦਾ ਤਰਕ ਹੁੰਦਾ। ਇਹ ਸਭ ਸੁਣ ਇੰਦਰ ਦੀ ਸੁਤ੍ਵਾ ਕੰਮ ’ਤੇ ਹੁੰਦਿਆਂ ਵੀ ਮਾਂ ਵਿੱਚ ਹੀ ਰਹਿੰਦੀ।

ਵਿਧਾਤਾ ਦੀਆਂ ਲਿਖੀਆਂ ਉਹੀ ਜਾਣੇ। ਮਾਘੀ ਵਾਲੇ ਦਿਨ, ਰਾਤ ਦੀ ਰੋਟੀ ਖੁਆ ਜਦੋਂ ਇੰਦਰ ਆਪਣੀ ਮਾਂ ਨੂੰ ਲਿਟਾਉਣ ਲੱਗਾ ਤਾਂ ਉਹ ਪਲਾਂ ਵਿੱਚ ਹੀ ਉਸ ਦੇ ਹੱਥਾਂ ’ਚ ਸੁਆਸ ਤਿਆਗ ਗਈ। ਨਾ ਹੂੰ, ਨਾ ਹਾਏ, ਕਿਹੋ ਜਿਹੀ ਮੌਤ ਆਈ ਸੀ। ਨਾਨਕਿਆਂ ਵਾਲੀ ਮਾਈ ਰੱਬਣੀ ਤਾਂ ਇੰਦਰ ਨੇ ਨਹੀਂ ਸੀ ਦੇਖੀ, ਪਰ ਉਸ ਦੀ ਆਪਣੀ ਮਾਂ ਸੱਚਮੁੱਚ ਹੀ ਰੱਬਣੀ ਹੋ ਨਿੱਬੜੀ ਸੀ। ਨੌਕਰੀ ਕਾਰਨ ਕਈ ਵਾਰ ਇੰਦਰ ਨੂੰ ਦੇਰ ਸਵੇਰ ਹੋ ਜਾਂਦੀ, ਕਿਤੇ ਰਿਸ਼ਤੇਦਾਰੀ ਵਿੱਚ ਵੀ ਜ਼ਰੂਰੀ ਜਾਣਾ ਪੈ ਜਾਂਦਾ, ਪਰ ਉਸ ਦੀ ਮਾਂ ਨੇ ਉਸ ਨੂੰ ਕਿਸੇ ਵੀ ਉਲ੍ਹਾਮੇ ਤੋਂ ਬਚਾਈ ਰੱਖਿਆ। ਉਹ ਸਰਵਣ ਜਿਹਾ ਹੋ ਤਾਂ ਨਹੀਂ ਸੀ ਸਕਿਆ, ਪਰ ਫਿਰ ਵੀ ਉਸ ਦੀ ਮਾਂ ਉਸ ਨੂੰ ਸਰਵਣ ਪੁੱਤ ਬਣਾ ਗਈ ਸੀ। ਮਾਂ ਦੇ ਅਚਾਨਕ ਜਾਣ ’ਤੇ ਇੰਦਰ ਧਾਹਾਂ ਮਾਰ ਰੋਇਆ। ਸਸਕਾਰ ਭੈਣਾਂ ਦੇ ਆਉਣ ’ਤੇ ਕਰਨਾ ਸੀ। ਇਸੇ ਬਹਾਨੇ ਤਿੰਨ ਦਿਨ ਉਹ ਮਾਂ ਦੀ ਦੇਹ ਨੂੰ ਘਰੇ ਫਰੀਜ਼ਰ ਮਸ਼ੀਨ ’ਚ ਰੱਖ ਉਸ ਦੇ ਸਿਰਹਾਣੇ ਬੈਠਾ ਰਿਹਾ। ਭੈਣਾਂ ਆਈਆਂ, ਸਸਕਾਰ ਹੋਇਆ, ਇੰਦਰ ਓਦਰਿਆ ਪਿਆ ਸੀ। ਜਦੋਂ ਭੈਣਾਂ ਨੇ ਉਸ ਨੂੰ ਪਿਓ ਦੇ ਚਿਹਰੇ ਵੱਲ ਵੇਖਣ ਲਈ ਕਿਹਾ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਕਿੰਨੇ ਸਾਲਾਂ ਪਿੱਛੋਂ ਉਸ ਨੇ ਆਪਣੇ ਪਿਓ ਦੇ ਚਿਹਰੇ ਨੂੰ ਗਹੁ ਨਾਲ ਦੇਖਿਆ ਸੀ। ਧੌਲੀ ਦਾੜ੍ਹੀ, ਫ਼ਿਕਰਾਂ ’ਚ ਪਿਆ, ਗੁੰਮਸੁੰਮ...! ਬਚਪਨ ਤੋਂ ਬੈਠੇ ਡਰ ਕਾਰਨ ਉਸ ਨੇ ਤਾਂ ਕਦੇ ਅੱਜ ਤੱਕ ਆਪਣੇ ਪਿਓ ਵੱਲ ਇੰਜ ਨਜ਼ਰ ਭਰ ਦੇਖਿਆ ਹੀ ਨਹੀਂ ਸੀ। ‘‘ਇੰਦਰ! ਹੁਣ ਡੈਡੀ ਹੀ ਸਾਡੇ ਲਈ ਮਾਂ ਅਤੇ ਪਿਓ ਹਨ, ਇਨ੍ਹਾਂ ਦਾ ਖ਼ਿਆਲ ਰੱਖਿਓ, ਅਸੀਂ ਜਲਦੀ ਫੇਰ ਆਵਾਂਗੀਆਂ।’’ ਇੰਦਰ ਦੀਆਂ ਭੈਣਾਂ ਨੇ ਘਰੋਂ ਵਿਦਾਈ ਲੈਣ ਲੱਗਿਆਂ ਇਹ ਤਾਕੀਦ ਕੀਤੀ ਤਾਂ ਇੰਦਰ ਨੇ ਵੀ ਆਪਣਾ ਸਾਰਾ ਧਿਆਨ ਆਪਣੇ ਪਿਓ ਵਿੱਚ ਹੀ ਲਾ ਲਿਆ। ‘ਬਜ਼ੁਰਗ ਤਾਂ ਘਰ ਦਾ ਜਿੰਦਰਾ ਹੁੰਦੇ ਨੇ।’ ‘ਬਜ਼ੁਰਗਾਂ ਦਾ ਤਾਂ ਬੈਠਿਆਂ ਦਾ ਹੀ ਬੜਾ ਆਸਰੈ।’ ਇਹ ਸ਼ਬਦ ਭਾਵੇਂ ਉਸ ਨੇ ਪਹਿਲਾਂ ਵੀ ਕਈ ਵਾਰ ਸੁਣੇ ਸਨ, ਪਰ ਇਨ੍ਹਾਂ ਦੀ ਸਚਾਈ ਉਸ ਨੂੰ ਆਪਣੀ ਮਾਂ ਦੇ ਜਾਣ ਪਿੱਛੋਂ ਹੀ ਪਤਾ ਲੱਗੀ ਸੀ। ਇਸੇ ਲਈ ਉਹ ਆਪਣਾ ਬਚਿਆ ਸਹਾਰਾ, ਆਪਣਾ ਪਿਓ ਨਹੀਂ ਸੀ ਗੁਆਉਣਾ ਚਾਹੁੰਦਾ। ਜਿੱਥੇ ਉਸ ਦੇ ਪਿਓ ਨੇ ਪਹਿਲਾਂ ਵਾਂਗ ਟੋਕਾ-ਟਾਕੀ ਛੱਡ ਦਿੱਤੀ ਸੀ, ਉੱਥੇ ਇੰਦਰ ਵੀ ਹੋਰ ਜ਼ਿਆਦਾ ਸਹਿਣਸ਼ੀਲ ਅਤੇ ਜ਼ਿੰਮੇਵਾਰ ਬਣ ਗਿਆ ਸੀ। ਉਹ ਪਹਿਲਾਂ ਨਾਲੋਂ ਵੀ ਛੇਤੀ ਘਰ ਆਉਣ ਲੱਗਾ। ਭਾਵੇਂ ਉਸ ਦਾ ਆਪਣੇ ਪਿਓ ਨਾਲ ਬਹੁਤਾ ਸੰਵਾਦ ਤਾਂ ਨਾ ਹੁੰਦਾ ਪਰ ਫਿਰ ਵੀ ਉਹ ਵੱਧ ਤੋਂ ਵੱਧ ਉਸ ਦੇ ਕੋਲ ਬੈਠਦਾ। ਜਿਵੇਂ ਪਹਿਲਾਂ ਆਪਣੀ ਮਾਂ ਦੀਆਂ ਦਵਾਈਆਂ ਕੱਢ ਕੇ ਉਸ ਦੇ ਸਿਰਹਾਣੇ ਧਰਦਾ ਸੀ ਇਵੇਂ ਪਿਓ ਦੀਆਂ ਦਵਾਈਆਂ ਰੱਖ ਉਸ ਨੂੰ ਚੇਤੇ ਕਰਵਾਉਂਦਾ। ਕੋਈ ਬੈਂਕ ਦਾ ਜਾਂ ਬਾਜ਼ਾਰ ਦਾ ਕੰਮ ਹੁੰਦਾ ਤਾਂ ਉਹ ਖ਼ੁਦ ਆਪਣੇ ਪਿਓ ਨੂੰ ਨਾਲ ਲੈ ਕੇ ਜਾਂਦਾ। ਮਾਂ ਦੀ ਕਹੀ ਇਹ ਗੱਲ ਉਸ ਨੂੰ ਚੇਤੇ ਆਉਂਦੀ, ‘‘ਨਿਆਣਾ ਸਿਆਣਾ, ਇੱਕ ਬਰਾਬਰ।’’ ‘ਜਿਵੇਂ ਬਚਪਨ ’ਚ ਬੱਚੇ ਕਿਸੇ ਵੱਡੇ ਦਾ ਸਹਾਰਾ ਤੱਕਦੇ ਨੇ ਤਿਵੇਂ ਹੀ ਬੁਢਾਪੇ ਵਿੱਚ ਬਜ਼ੁਰਗ ਕਿਸੇ ਦੂਜੇ ਦਾ ਆਸਰਾ ਭਾਲਦੇ ਨੇ। ਬਚਪਨ ਅੱਗੇ ਤਾਂ ਜਵਾਨੀ ਉਡੀਕ ਰਹੀ ਹੁੰਦੀ ਐ, ਪਰ ਬੁਢਾਪੇ ਅੱਗੇ...!’ ਇਸ ਸੋਚ ਨਾਲ ਇੰਦਰ ਨੂੰ ਕੰਬਣੀ ਜਿਹੀ ਛਿੜ ਪੈਂਦੀ। ਉਂਜ ਉਸ ਦੇ ਪਿਓ ਦੀ ਸਿਹਤ ਉਸ ਦੀ ਮਾਂ ਨਾਲੋਂ ਕਾਫ਼ੀ ਬਿਹਤਰ ਸੀ। ਉਹ ਮਨੋ-ਮਨੀ ਦੁਆ ਕਰਦਾ, ‘ਮੇਰੀ ਰਿਟਾਇਰਮੈਂਟ ਤੱਕ ਤਾਂ ਸਾਡਾ ਸਾਥ ਨਿਭਾਉਣਗੇ ਹੀ।’ ਮਾਂ ਭਾਵੇਂ 82ਵੇਂ ਵਰ੍ਹੇ ਚਲੀ ਗਈ ਸੀ, ਪਰ ਉਸ ਨੂੰ ਆਸ ਸੀ ਕਿ ਪਿਉ 92ਵੇਂ ਤੋਂ ਵੀ ਪਾਰ ਜਾਵੇਗਾ, ਪਰ ਉਸ ਦੀ ਇਹ ਆਸ ਛੇਤੀ ਹੀ ਟੁੱਟ ਗਈ। ਉਸ ਦਾ ਪਿਓ ਇੱਕ ਬਹੁਤ ਹੀ ਸਵੈਮਾਣ ਵਾਲਾ ਵਿਅਕਤੀ ਸੀ। ਜਦੋਂ ਇੰਦਰ ਹੁਰੀਂ ਮਾਂ ਨੂੰ ਸਹਾਰਾ ਦੇ ਇੱਧਰ ਉਧਰ ਲੈ ਕੇ ਜਾਂਦੇ ਹੁੰਦੇ ਸਨ ਤਾਂ ਉਸ ਵੱਲ ਵੇਖ ਇੰਦਰ ਦਾ ਪਿਓ ਸਹਿਜ ਸੁਭਾਅ ਹੀ ਆਖ ਦਿੰਦਾ, ‘‘ਮੈਨੂੰ ਤਾਂ ਰੱਬ ਚੱਲਦਿਆਂ ਫਿਰਦਿਆਂ ਹੀ ਲੈ ਜਾਵੇ।’’ ਇਹ ਸਵੈਮਾਣ ਜਿਵੇਂ ਉਸ ਦੇ ਪਿਓ ਨੇ ਪੱਕਾ ਹੀ ਪੱਲੇ ਬੰਨ੍ਹ ਲਿਆ ਸੀ। ਬੀ ਪੀ ਕਾਰਨ ਬਰੇਨ ਹੈਮਰੇਜ ਦਾ ਸਟਰੋਕ ਆਇਆ, ਸਮੇਂ ਸਿਰ ਹਸਪਤਾਲ ਵੀ ਪੁੱਜ ਗਏ, ਪਰ ਕਲੌਟ ਕਾਫ਼ੀ ਵੱਡਾ ਬਣ ਗਿਆ। ਅਪਰੇਸ਼ਨ ਬਿਨਾਂ ਕੋਈ ਚਾਰਾ ਨਹੀਂ ਸੀ। ਸ਼ਾਂਤ ਚਿੱਤ ਬੇਹੋਸ਼ ਪਏ ਆਪਣੇ ਪਿਓ ਦੀ ਜ਼ਿੰਦਗੀ ਬਚਾਉਣ ਖ਼ਾਤਰ ਇੰਦਰ ਹੋਰਾਂ ਫਟਾਫਟ ਅਪਰੇਸ਼ਨ ਦੀ ਫੀਸ ਭਰ ਦਿੱਤੀ। ਖ਼ੁਸ਼ਕਿਸਮਤੀ ਨਾਲ ਇਸ ਉਮਰ ਵਿੱਚ ਵੀ ਬਰੇਨ ਦਾ ਉਹ ਅਪਰੇਸ਼ਨ ਠੀਕ ਹੋ ਗਿਆ ਤੇ 24 ਘੰਟੇ ਪਿੱਛੋਂ ਇੰਦਰ ਦੇ ਪਿਉ ਨੇ ਅੱਖਾਂ ਵੀ ਉਘਾੜ ਲਈਆਂ। ਆਈ ਸੀ ਯੂ ਵਿੱਚ ਹੋਣ ਕਾਰਨ ਆਕਸੀਜਨ, ਫੂਡ, ਬਲੱਡ ਸਪਲਾਈ ਆਦਿ ਕਿੰਨੀਆਂ ਹੀ ਪਾਈਪਾਂ ਲੱਗੀਆਂ ਹੋਈਆਂ ਸਨ। ਜਦੋਂ ਇੰਦਰ ਦੇ ਪਿਤਾ ਨੂੰ ਹੋਸ਼ ਆਈ ਤਾਂ ਆਪਣੇ ਆਪ ਨੂੰ ਪਾਈਪਾਂ ਦੇ ਜਾਲ ਵਿੱਚ ਜਕੜਿਆ ਦੇਖਿਆ। ਭਾਵੇਂ ਬਾਕੀ ਸਭ ਤਾਂ ਠੀਕ ਸੀ, ਪਰ ਸਰੀਰ ਦੇ ਸੱਜੇ ਪਾਸੇ ਉੱਪਰ ਕਲੌਟ ਅਸਰ ਦਿਖਾ ਗਿਆ ਸੀ। ਸੱਜੀ ਬਾਂਹ ਤੇ ਸੱਜੀ ਲੱਤ ਇੰਦਰ ਦੇ ਪਿਤਾ ਜੀ ਕੋਲੋਂ ਚੁੱਕੇ ਨਹੀਂ ਸਨ ਜਾ ਰਹੇ। ਇੰਦਰ ਦਾ ਪਿਤਾ ਆਪਣਾ ਪੂਰਾ ਜ਼ੋਰ ਲਾ ਉਹ ਪਾਸਾ ਉਠਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਡਾਕਟਰ ਕਹਿੰਦੇ ਸਨ ਕਿ ਮਹੀਨੇ ਦੋ ਮਹੀਨੇ ਬਾਅਦ ਆਪੇ ਰਿਕਵਰੀ ਹੋ ਜਾਵੇਗੀ ਤੇ ਇਹ ਪਾਸਾ ਵੀ ਚੱਲ ਪਵੇਗਾ, ਪਰ ਇੰਜ ਦੋ ਕੁ ਮਹੀਨਿਆਂ ਲਈ ਵੀ ਕਿਸੇ ਦਾ ਮੁਥਾਜ ਹੋਣਾ ਇੰਦਰ ਦੇ ਪਿਓ ਨੂੰ ਕਿੱਥੋਂ ਗਵਾਰਾ ਸੀ। ਆਕਸੀਜਨ ਦੀ ਪਾਈਪ ਹਟਾ ਦਿੱਤੀ ਗਈ ਸੀ ਤੇ ਇੱਕ ਦੋ ਦਿਨਾਂ ਤੱਕ ਆਈ ਸੀ ਯੂ ਤੋਂ ਜਨਰਲ ਵਾਰਡ ਵਿੱਚ ਸ਼ਿਫਟ ਕਰ ਦੇਣਾ ਸੀ। ਇਹ ਸਭ ਸੁਣ ਇੰਦਰ ਤਾਂ ਪਰਮਾਤਮਾ ਦਾ ਧੰਨਵਾਦ ਕਰਨ ਲਈ ਪਿੰਡ ਗੁਰਦੁਆਰੇ ਗਿਆ ਹੋਇਆ ਸੀ ਕਿ ਪਿੱਛੋਂ ਇੰਦਰ ਦੇ ਪਿਤਾ ਨੇ ਉੱਥੇ ਪਿਆਂ ਪਿਆਂ ਜੋ ਅਰਦਾਸ ਕੀਤੀ ਸ਼ਾਇਦ ਰੱਬ ਨੇ ਉਹ ਮਨਜ਼ੂਰ ਕਰ ਲਈ। ਬੀ ਪੀ ਇਕਦਮ ਹੇਠਾਂ ਆ ਗਿਆ। ਆਕਸੀਜਨ ਦੁਬਾਰਾ ਲਾ ਕੇ ਡਾਕਟਰਾਂ ਦੀ ਪੂਰੀ ਟੀਮ ਜ਼ੋਰ ਲਗਾ ਹਟੀ, ਪਰ ਬੀ ਪੀ ਨਾ ਚੜ੍ਹਿਆ। ਜਦੋਂ ਇੰਦਰ ਨੂੰ ਇਹ ਸਭ ਪਤਾ ਲੱਗਾ ਤਾਂ ਉਹ ਫਟਾਫਟ ਹਸਪਤਾਲ ਨੂੰ ਭੱਜਿਆ। ਪਿਓ ਦਾ ਚਿਹਰਾ ਫਿਰ ਤੋਂ ਪਹਿਲਾਂ ਵਾਂਗ ਬਿਲਕੁਲ ਸ਼ਾਂਤ ਸੀ। ਹਫ਼ਤਾ ਭਰ ਹੋ ਗਿਆ ਸੀ, ਇੰਦਰ ਆਪਣੇ ਪਿਤਾ ਦੇ ਕੋਲ ਇਸੇ ਆਈ ਸੀ ਯੂ ਵਾਰਡ ਵਿੱਚ ਸੀ। ਇਸ ਵਾਰਡ ਵਿੱਚ ਉਸ ਨੇ ਨਿੱਤ ਹੀ ਕੋਈ ਨਾ ਕੋਈ ਡਰਾਵਣੀ ਮੌਤ ਆਪਣੇ ਅੱਖੀਂ ਦੇਖੀ ਸੀ। ਪਰ ਉਸ ਦੇ ਪਿਓ ਦਾ ਚਿਹਰਾ ਉਨ੍ਹਾਂ ਸਭ ਨਾਲੋਂ ਵੱਖ, ਬਿਲਕੁਲ ਸ਼ਾਂਤ ਸੀ। ਡਾਕਟਰਾਂ ਦੀ ਟੀਮ ਵੱਲੋਂ ਜਵਾਬ ਦੇਣ ਉਪਰੰਤ ਇੰਦਰ ਆਪਣੇ ਪਿਓ ਦੇ ਪੈਰਾਂ ਵੱਲ ਬੇਵੱਸ ਹੱਥ ਜੋੜ ਕੇ ਖੜ੍ਹਾ ਸੀ ਕਿ ਅਚਾਨਕ ਹੀ ਉਸ ਦੇ ਪਿਓ ਨੇ ਅੱਖਾਂ ਖੋਲ੍ਹ ਲਈਆਂ। ਦੋਵੇਂ ਪੁਤਲੀਆਂ ਇੱਕੋ ਦਿਸ਼ਾ ਵਿੱਚ, ਇੱਕ ਸਾਰ, ਹੌਲੀ ਹੌਲੀ ਘੁੰਮਾਈਆਂ ਤੇ ਫਿਰ ਮਲਕੜੇ ਜਿਹੇ ਇੰਦਰ ਵੱਲ ਦੇਖ ਪਲਕਾਂ ਮੀਟ ਲਈਆਂ। ਜਿਵੇਂ ਜ਼ਿੰਦਗੀ ਦੀ ਸਾਰੀ ਫਿਲਮ ਫਿਰ ਤੋਂ ਦੇਖ, ਇੰਦਰ ਨੂੰ ਦੱਸ ਉਸ ਦੇ ਸਾਹਮਣੇ ਹੀ ਜਾਣਾ ਹੋਵੇ। ਇਹ ਸਭ ਦੇਖਦਾ ਇੰਦਰ ਡੌਰ-ਭੌਰ ਖੜ੍ਹਾ ਸੀ। ਇੰਨੇ ਦਿਨਾਂ ਦੀ ਮਿਹਨਤ ’ਤੇ ਇਕਦਮ ਪਾਣੀ ਫਿਰ ਗਿਆ ਸੀ। ਰੋਂਦੇ ਕੁਰਲਾਉਂਦੇ ਘਰ ਪੁੱਜੇ, ਸਸਕਾਰ ਹੋਇਆ, ਸਾਕ ਸਬੰਧੀ ਆਏ, ਭੈਣਾਂ ਵੀ ਆਈਆਂ, ਪਰ ਹੁਣ ਇੰਦਰ ਬੁਰੀ ਤਰ੍ਹਾਂ ਟੁੱਟ ਚੁੱਕਾ ਸੀ। ਜਿਵੇਂ ਇੱਕ ਸਟਰੋਕ ਪਿੱਛੋਂ ਛੇਤੀ ਹੀ ਦੂਜਾ ਸਟਰੋਕ ਆ ਜਾਂਦਾ। ‘ਬਜ਼ੁਰਗ ਤਾਂ ਘਰ ਦਾ ਜਿੰਦਾ ਕੁੰਡਾ ਹੁੰਦੇ ਨੇ।’ ‘ਬਜ਼ੁਰਗਾਂ ਦਾ ਤਾਂ ਬੈਠਿਆਂ ਦਾ ਹੀ ਬੜਾ ਆਸਰਾ ਹੁੰਦੈ।’ ਇਹ ਗੱਲਾਂ ਦੁਬਾਰਾ ਇੰਦਰ ਦੇ ਦਿਲ ਨੂੰ ਡੋਬੂ ਪਾ ਰਹੀਆਂ ਸਨ। ਇਸ ਤੋਂ ਵੀ ਵੱਖ ਇੱਕ ਹੋਰ ਗੱਲ, ਜੋ ਇੱਕ ਰਿਸ਼ਤੇਦਾਰ ਨੇ ਸਹਿਜ ਸੁਭਾਅ ਹੀ ਕਹੀ ਸੀ, ਉਸ ਦੇ ਦਿਮਾਗ਼ ਵਿੱਚ ਵਾਰ ਵਾਰ ਚੱਕਰ ਲਗਾ ਰਹੀ ਸੀ, ‘‘ਮਾਂ ਪਿਓ ਤਾਂ ਸਿਰ ਦੀ ਛੱਤ ਹੁੰਦੇ ਨੇ।’’

ਇਸੇ ਗੱਲ ਨੇ ਇੰਦਰ ਨੂੰ ਬੇਚੈਨ ਕਰ ਦਿੱਤਾ ਸੀ। ਭੋਗ ਪੈ ਚੁੱਕਾ ਸੀ ਤੇ ਫੁੱਲ ਵੀ ਪਾ ਦਿੱਤੇ ਗਏ ਸਨ। ਥੋੜ੍ਹੇ ਦਿਨਾਂ ਤੱਕ ਭੈਣਾਂ ਨੇ ਵੀ ਮੁੜਨਾ ਸੀ। ਉਨ੍ਹਾਂ ਨੇ ਟਿਕਟ ਇੱਕ ਪਾਸੇ ਦੀ ਹੀ ਲਈ ਸੀ, ਦੇਖਦੀਆਂ ਸਨ ਕਿ ਇੰਦਰ ਨਾਰਮਲ ਹੋ ਜਾਵੇ ਤਾਂ ਹੀ ਉਹ ਵਾਪਸ ਜਾਣ। ਕੁਝ-ਕੁਝ ਸੰਭਲਦਾ ਇੰਦਰ ਅੱਜ ਫਿਰ ਇੱਕ ਨਿੱਕੀ ਜਿਹੀ ਘਟਨਾ ਕਾਰਨ ਫਿਰ ਤੋਂ ਉਪਰਾਮ ਹੋ ਗਿਆ।

ਇੰਦਰ ਨੇ ਇੱਕ ਜਰਮਨ ਸ਼ੈਫਰਡ ਕੁੱਤਾ ਰੱਖਿਆ ਹੋਇਆ ਸੀ। ਤਿੰਨ ਕੁ ਸਾਲਾਂ ਦਾ ਹੋ ਗਿਆ ਹੋਵੇਗਾ। ਜਦੋਂ ਛੋਟਾ ਸੀ ਤਾਂ ਇੰਦਰ ਦੀ ਮਾਂ ਦੇ ਕਮਰੇ ਦੇ ਬਾਹਰ ਰੋਟੀ ਵੇਲੇ ਸ਼ਹਿ ਲਾ ਕੇ ਬਹਿ ਜਾਂਦਾ। ਉਹ ਵੀ ਰੋਟੀ ਵਿੱਚੋਂ ਇੱਕ ਟੁਕੜਾ ਉਸ ਲਈ ਜ਼ਰੂਰ ਰੱਖਦੀ। ਇੰਦਰ ਜਦੋਂ ਕਦੇ ਕੁੱਤੇ ਨੂੰ ਝਿੜਕਦਾ ਤਾਂ ਉਹ ਝਟਪਟ ਉੱਥੇ ਡੱਠੇ ਇੱਕ ਪੀੜ੍ਹੇ ਹੇਠ ਜਾ ਲੁਕਦਾ। ਹੁਣ ਭਾਵੇਂ ਉਹ ਵੱਡਾ ਹੋ ਗਿਆ ਸੀ ਤੇ ਪੀੜ੍ਹੇ ਹੇਠ ਵੜਦਾ ਵੀ ਮਸਾਂ ਸੀ, ਪਰ ਤਾਂ ਵੀ ਜਦੋਂ ਉਸ ਨੂੰ ਕੋਈ ਝਿੜਕਦਾ ਤਾਂ ਉਹ ਝਟਪਟ ਉਸੇ ਪੀੜ੍ਹੇ ਹੇਠ ਜਾ ਲੁਕਦਾ। ਜਿਵੇਂ ਇਹ ਉਸ ਲਈ ਸਭ ਤੋਂ ਸੁਰੱਖਿਅਤ ਥਾਂ ਹੋਵੇ। ਅੱਜ ਵੀ ਜਦੋਂ ਇੰਦਰ ਦੀ ਪਤਨੀ ਨੇ ਕਿਸੇ ਗੱਲੋਂ ਉਸ ਨੂੰ ਡਰਾਇਆ ਤਾਂ ਉਹ ਫੇਰ ਉਸੇ ਪੀੜ੍ਹੇ ਹੇਠ ਜਾ ਲੁਕਿਆ। ਇੰਦਰ ਵਿਹੜੇ ’ਚ ਬੈਠਾ ਆਪਣੀਆਂ ਭੈਣਾਂ ਨਾਲ ਪੁਰਾਣੀਆਂ ਗੱਲਾਂ ਕਰਦਾ ਕੁਝ ਸਹਿਜ ਹੋਇਆ ਹੀ ਸੀ ਕਿ ਇਹ ਦ੍ਰਿਸ਼ ਦੇਖ ਸਿਰ ਦੀ ਛੱਤ ਵਾਲੀ ਗੱਲ ਉਸ ਦੇ ਦਿਮਾਗ਼ ਵਿੱਚ ਫਿਰ ਤੋਂ ਘੁੰਮਣ ਲੱਗੀ। ਕੁੱਤੇ ਵੱਲ ਵੇਖਦਾ ਉਹ ਜਿਵੇਂ ਫਿੱਸ ਹੀ ਪਿਆ, “ਇਹ ਪੀੜ੍ਹੇ ਹੇਠ ਪਤਾ ਕਿਉਂ ਲੁਕਦੈ, ਉੱਥੇ ਇਸ ਨੂੰ ਜਾਪਦੈ ਕਿ ਮੇਰੇ ਸਿਰ ’ਤੇ ਛੱਤ ਹੈਗੀ। ਦੇਖ ਲਓ ਇੱਕ ਜਾਨਵਰ ਵੀ ਸਿਰ ’ਤੇ ਛੱਤ ਭਾਲਦੈ... ਫਿਰ ਮੇਰੀ ਤਾਂ ਸੱਚਮੁੱਚ ਦੀ ਛੱਤ... ਸਦਾ ਲਈ...!’’

ਇਹ ਆਖ ਉਹ ਬੱਚਿਆਂ ਵਾਂਗ ਰੋਣ ਲੱਗਾ। ਦੋਵਾਂ ਭੈਣਾਂ ਅਤੇ ਪਤਨੀ ਨੇ ਵਾਰੋ-ਵਾਰੀ ਵਰਾਇਆ, ਪਰ ਇੰਦਰ ਦੇ ਹਟਕੋਰੇ ਲਗਾਤਾਰ ਜਾਰੀ ਸਨ। ਇਹ ਵੇਖ ਇੰਦਰ ਦੀ ਧੀ ਨੇ ਵੀ ਅੱਖਾਂ ਭਰ ਲਈਆਂ। ਅਚਾਨਕ ਉਹ ਆਪਣੇ ਪਿਓ ਕੋਲ ਆਈ ਤੇ ਉਸ ਦੇ ਮੋਢੇ ’ਤੇ ਆਪਣਾ ਸਿਰ ਰੱਖ ਕੇ ਆਖਣ ਲੱਗੀ, ‘‘ਪਾਪਾ! ਤੁਹਾਡੇ ਸਿਰ ਦੀ ਛੱਤ ਤਾਂ ਚਲੀ ਗਈ, ਸਾਡੇ ਸਿਰ ’ਤੇ ਤਾਂ ਛੱਤ ਰਹਿਣ ਦਿਓ।’’ ਧੀ ਦੇ ਪਿੱਛੇ ਹੀ ਇੰਦਰ ਦਾ ਪੁੱਤ ਵੀ ਖੜ੍ਹਾ ਸੀ। ਧੁੰਦਲਾਈਆਂ ਨਜ਼ਰਾਂ ਨਾਲ ਜਦੋਂ ਇੰਦਰ ਨੇ ਉਨ੍ਹਾਂ ਦੋਵਾਂ ਵੱਲ ਦੇਖਿਆ ਤਾਂ ਇਕਦਮ ਉਸ ਦੇ ਮਨ ਨੇ ਕਰਵਟ ਬਦਲੀ, ‘ਮੇਰੇ ਮਾਂ-ਪਿਓ ਤਾਂ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾ ਗਏ, ਹੁਣ ਮੈਨੂੰ ਵੀ ਤਾਂ ਇਹ ਜ਼ਿੰਮੇਵਾਰੀ ਨਿਭਾਉਣੀ ਹੀ ਚਾਹੀਦੀ ਐ।’ਉਸ ਦੇ ਹਟਕੋਰਿਆਂ ਦੀ ਰਫ਼ਤਾਰ ਹੁਣ ਮੱਠੀ ਪੈਣ ਲੱਗੀ ਸੀ।

ਸੰਪਰਕ: 98550-24495

Advertisement
×