DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੋਲ ਨੰਬਰ ਦੋ ਸੌ ਉਨੱਤਰ..!

ਗਿੱਦੜਬਾਹਾ ਨੇੜਲੇ ਨਾਨਕੇ ਪਿੰਡ ਛੱਤੇਆਣੇ ਰਹਿੰਦਿਆਂ ਮੈਂ ਗੁਆਂਢੀ ਪਿੰਡ ਸੁਖਣਾ ਅਬਲੂ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ। ਇਹ ਸਕੂਲ ਮਿਡਲ ਤੋਂ ਨਵਾਂ-ਨਵਾਂ ਹੀ ਹਾਈ ਸਕੂਲ ਬਣਿਆ ਸੀ ਅਤੇ ਪਹਿਲੀ ਦਸਵੀਂ ਦੀ ਜਮਾਤ ਸਾਡੀ ਹੀ ਸੀ। ਮੈਂ ਆਪਣੀ...

  • fb
  • twitter
  • whatsapp
  • whatsapp
Advertisement

ਗਿੱਦੜਬਾਹਾ ਨੇੜਲੇ ਨਾਨਕੇ ਪਿੰਡ ਛੱਤੇਆਣੇ ਰਹਿੰਦਿਆਂ ਮੈਂ ਗੁਆਂਢੀ ਪਿੰਡ ਸੁਖਣਾ ਅਬਲੂ ਦੇ ਸਰਕਾਰੀ ਹਾਈ ਸਕੂਲ ਤੋਂ ਦਸਵੀਂ ਪਾਸ ਕੀਤੀ ਸੀ। ਇਹ ਸਕੂਲ ਮਿਡਲ ਤੋਂ ਨਵਾਂ-ਨਵਾਂ ਹੀ ਹਾਈ ਸਕੂਲ ਬਣਿਆ ਸੀ ਅਤੇ ਪਹਿਲੀ ਦਸਵੀਂ ਦੀ ਜਮਾਤ ਸਾਡੀ ਹੀ ਸੀ। ਮੈਂ ਆਪਣੀ ਜਮਾਤ ਵਿੱਚੋਂ ਫਸਟ ਡਿਵੀਜ਼ਨ ਲੈ ਕੇ ਪਹਿਲੇ ਨੰਬਰ ’ਤੇ ਆਇਆ। ਦਸਵੀਂ ਵਿੱਚ ਪੜ੍ਹਦਿਆਂ ਹੀ ਕਾਲਜ ਪੜ੍ਹਦੇ ਸਾਥੀਆਂ ਦੀਆਂ ਗੱਲਾਂ ਬਾਤਾਂ ਸੁਣ ਕੇ ਖੰਭ ਜਿਹੇ ਲੱਗਣੇ ਸ਼ੁਰੂ ਹੋ ਗਏ ਸਨ ਕਿ ਕਾਲਜ ’ਚ ਬੜੀਆਂ ਮੌਜਾਂ ਹੁੰਦੀਆਂ ਹਨ, ਉਥੇ ਪ੍ਰੋਫੈਸਰ ਕਿਸੇ ਵੀ ਵਿਦਿਆਰਥੀ ਨੂੰ ਕੁੱਟਦੇ ਨਹੀਂ ਹਨ, ਕਿਉਂਕਿ ਉਦੋਂ ਸਕੂਲਾਂ ਵਿੱਚ ਥੋੜ੍ਹੀ ਮੋਟੀ ਗ਼ਲਤੀ ਕਰਨ ’ਤੇ ਮਾਸਟਰ ਡੰਡਾ ਪਰੇਡ ਵੀ ਕਰਦੇ ਹੁੰਦੇ ਸਨ। ਇਹ ਵੀ ਸੁਣਦੇ ਸਾਂ ਕਿ ਕਾਲਜ ’ਚ ਪੀਰੀਅਡ ਵੀ ਥੋੜ੍ਹੇ ਲੱਗਦੇ ਹਨ ਅਤੇ ਬਸਤੇ ਦੀ ਥਾਂ ਇੱਕ ਰਫ਼ ਕਾਪੀ ਲੈ ਕੇ ਹੀ ਤੁਸੀਂ ਕਾਲਜ ਜਾ ਸਕਦੇ ਹੋ। ਉਸ ਸਮੇਂ ਦੀ ਬੱਚਿਆਂ ਵਾਲੀ ਸੋਚ ਮੁਤਾਬਕ ਇਹੋ ਜਿਹੀਆਂ ਸਹੂਲਤਾਂ ਮਿਲਣ ਦੀ ਉਮੀਦ ਨਾਲ ਕਾਲਜ ਪਹੁੰਚਣਾ ਇੱਕ ਰੰਗੀਨ ਸੁਪਨੇ ਵਰਗਾ ਜਾਪਦਾ ਸੀ।

ਉਦੋਂ ਜ਼ਿਆਦਾਤਰ ਮਾਪੇ ਅਨਪੜ੍ਹ ਹੁੰਦੇ ਸਨ ਪਰ ਮੇਰੇ ਮਾਮਾ ਜੀ ਨੇ ਉਸ ਤੋਂ ਕਈ ਵਰ੍ਹੇ ਪਹਿਲਾਂ ਚੰਗੇ ਨੰਬਰਾਂ ਵਿੱਚ ਦਸਵੀਂ ਪਾਸ ਕੀਤੀ ਸੀ ਅਤੇ ਕੁਝ ਸਮਾਂ ਸਰਕਾਰੀ ਰਾਜਿੰਦਰਾ ਕਾਲਜ ਬਠਿੰਡਾ ਵੀ ਪੜ੍ਹਾਈ ਕੀਤੀ ਸੀ। ਸੋ, ਦਸਵੀਂ ਤੱਕ ਪੜ੍ਹਾਉਣ ਵਾਲੇ ਸੰਜੀਦਾ ਅਧਿਆਪਕ ਪ੍ਰੀਤਮ ਸਿੰਘ ਢਿੱਲੋਂ ਅਤੇ ਦੂਸਰੇ ਸਤਿਕਾਰਯੋਗ ਅਧਿਆਪਕਾਂ ਦੀ ਰਾਇ ਅਨੁਸਾਰ ਚੰਗੀ ਵਿੱਦਿਆ ਪ੍ਰਾਪਤੀ ਲਈ ਸਾਇੰਸ ਦੀ ਪੜ੍ਹਾਈ ਕਰਨ ਲਈ ਪ੍ਰੇਰਨਾ ਮਿਲੀ। ਉਦੋਂ, ਅੱਜ ਵਾਂਗ ਜ਼ਿਆਦਾ ਕਿਸਮ ਦੇ ਕੋਰਸ ਨਹੀਂ ਹੁੰਦੇ ਸਨ, ਸਿਰਫ਼ ਸਾਇੰਸ ਦੇ ਮੈਡੀਕਲ ਤੇ ਨਾਨ-ਮੈਡੀਕਲ ਅਤੇ ਆਰਟਸ ਗਰੁੱਪ ਹੁੰਦੇ ਸਨ। ਸੋ, ਨਾਨ-ਮੈਡੀਕਲ ਦੀ ਪੜ੍ਹਾਈ ਕਰਾਉਣ ਦੀ ਇੱਛਾ ਨਾਲ ਮਾਪਿਆਂ ਨੇ ਡੀ ਏ ਵੀ ਕਾਲਜ ਮਲੋਟ ਵਿੱਚ ਮੇਰਾ ਦਾਖ਼ਲਾ ਕਰਵਾ ਦਿੱਤਾ। ਸੋ, ਸਕੂਲੀ ਬੰਦਿਸ਼ਾਂ ਤੋਂ ਮੁਕਤ ਸੁਪਨਿਆਂ ਦੇ ਸੰਸਾਰ ਜਿਹਾ ਮਾਹੌਲ ਮਿਲ ਗਿਆ। ਦੇਸੀ ਜਿਹੇ ਕੁੜਤੇ ਪਜਾਮੇ ਤੇ ਟੇਢੀਆਂ ਪੱਗਾਂ ਬੰਨ੍ਹਣ ਵਾਲੇ ਪੇਂਡੂ ਮੁੰਡੇ ਪੈਂਟਾਂ ਸ਼ਰਟਾਂ ਪਾ ਕੇ ਅਤੇ ਸੋਹਣੀਆਂ ਪੱਗਾਂ ਬੰਨ੍ਹ ਕੇ ਪੂਰੇ ਕਾਲਜੀਏਟ ਬਣ ਕੇ ਪੜ੍ਹਨ ਆਉਂਦੇ ਸਨ। ਵਾਕਿਆ ਹੀ ਪ੍ਰੋਫੈਸਰਾਂ ਦੀ ਕਿਸੇ ਗੱਲ ਤੋਂ ਰੋਕ-ਟੋਕ ਨਹੀਂ ਸੀ। ਸਾਡੇ ਪ੍ਰੈਪ ਮੈਡੀਕਲ ਤੇ ਪ੍ਰੈਪ ਨਾਨ-ਮੈਡੀਕਲ ਵਾਲੇ ਮੁੰਡੇ ਕੁੜੀਆਂ ਦੇ ਜ਼ਿਆਦਾ ਪੀਰੀਅਡ ਇਕੱਠੇ ਹੀ ਲੱਗਦੇ ਸਨ ਅਤੇ ਕਾਲਜ ਵੱਲੋਂ ਰੋਲ ਨੰਬਰ ਵੀ ਆਰਟਸ ਵਾਲਿਆਂ ਨੂੰ ਵੱਖਰੀ ਲੜੀ ਤੇ ਸਾਇੰਸ ਵਾਲਿਆਂ ਨੂੰ ਵੱਖਰੀ ਲੜੀ ਵਿੱਚ ਅਲਾਟ ਕੀਤੇ ਹੁੰਦੇ ਸਨ। ਸਾਡੇ ਸਾਇੰਸ ਵਾਲੇ ਵਿਦਿਆਰਥੀਆਂ ਦੇ ਰੋਲ ਨੰਬਰ ਚਾਰ ਸੌ ਇੱਕ ਤੋਂ ਸ਼ੁਰੂ ਹੋ ਕੇ ਅੱਗੇ ਨੂੰ ਇੱਕ, ਦੋ, ਤਿੰਨ ਅਤੇ ਇਸ ਤਰ੍ਹਾਂ ਤਕਰੀਬਨ ਛਪੰਜਾ ਤੱਕ ਚੱਲਦੇ ਸਨ ਅਤੇ ਮੇਰਾ ਰੋਲ ਨੰਬਰ ਚਾਰ ਸੌ ਛੱਤੀ ਸੀ। ਸਕੂਲ ਦੀ ਕਾਰਜ ਸ਼ੈਲੀ ਦੇ ਉਲਟ ਹਰ ਪੀਰੀਅਡ ਵਿੱਚ ਆਉਣ ਵਾਲਾ ਪ੍ਰੋਫੈਸਰ ਨਵੇਂ ਸਿਰਿਉਂ ਹਾਜ਼ਰੀ ਲਾਉਂਦਾ ਸੀ।

Advertisement

ਜਦੋਂ ਪ੍ਰੋਫੈਸਰ ਸਾਬ੍ਹ ਹਾਜ਼ਰੀ ਲਾਉਂਦੇ ਤਾਂ ਉਹ ਚਾਰ ਸੌ ਇੱਕ ਤੋਂ ਸ਼ੁਰੂ ਕਰਕੇ ਦੋ, ਤਿੰਨ, ਚਾਰ ਤੇ ਚਾਰ ਸੌ ਛਪੰਜਾ ਤੱਕ ਦੇ ਰੋਲ ਨੰਬਰ ਬੋਲਦੇ ਅਤੇ ਬਾਅਦ ਵਿੱਚ ਦੋ ਵੱਖਰੇ ਰੋਲ ਨੰਬਰ ਦੋ ਸੌ ਉਨੱਤਰ ਅਤੇ ਇੱਕ ਸੌ ਸਤਾਹਟ ਬੋਲਦੇ ਸਨ। ਇਹ ਦੋਵੇਂ ਵਿਦਿਆਰਥੀ ਆਰਟਸ ਵਿੱਚ ਦਾਖ਼ਲਾ ਲੈਣ ਤੋਂ ਬਾਅਦ ਸਾਇੰਸ ਗਰੁੱਪ ਵਿੱਚ ਬਦਲ ਕੇ ਆਏ ਸਨ। ਸਾਇੰਸ ਗਰੁੱਪ ਵਿੱਚ ਆਮ ਤੌਰ ’ਤੇ ਹੁਸ਼ਿਆਰ ਬੱਚੇ ਹੀ ਦਾਖ਼ਲਾ ਲੈਂਦੇ ਸਨ ਤੇ ਉਨ੍ਹਾਂ ਵਿੱਚੋਂ ਵੀ ਅਕਸਰ ਜੇ ਕਿਸੇ ਨੂੰ ਸਾਇੰਸ ਦੀ ਪੜ੍ਹਾਈ ਜ਼ਿਆਦਾ ਔਖੀ ਅਤੇ ਬੋਝ ਵਾਲੀ ਲੱਗਦੀ ਤਾਂ ਕੁਝ ਵਿਦਿਆਰਥੀ ਸਾਇੰਸ ਛੱਡ ਕੇ ਆਰਟਸ ਵਿੱਚ ਚਲੇ ਜਾਂਦੇ ਸਨ ਕਿਉਂਕਿ ਸਾਇੰਸ ਵਿੱਚ ਪੀਰੀਅਡ ਵੀ ਜ਼ਿਆਦਾ ਹੁੰਦੇ ਸਨ ਅਤੇ ਪ੍ਰੈਕਟੀਕਲ ਹੋਣ ਕਾਰਨ ਸਾਰਾ ਦਿਨ ਜਮਾਤਾਂ ਲੱਗਦੀਆਂ ਰਹਿੰਦੀਆਂ ਸਨ। ਪਹਿਲਾਂ ਵਾਲੇ ਸਾਲਾਂ ਵਿੱਚ ਇਸ ਤਰ੍ਹਾਂ ਜਮਾਤਾਂ ਬਦਲਣ ਦਾ ਵਰਤਾਰਾ ਅਸੀਂ ਸੁਣਿਆ ਸੀ। ਐਤਕੀਂ ਵੀ ਸਾਡੇ ਨਾਲ ਦੇ ਕੁਝ ਵਿਦਿਆਰਥੀ ਸਾਇੰਸ ਛੱਡ ਕੇ ਆਰਟਸ ਗਰੁੱਪ ਵਿੱਚ ਚਲੇ ਗਏ ਸਨ ਪਰ ਆਰਟਸ ’ਚੋਂ ਸਾਇੰਸ ਵਿੱਚ ਆਉਣ ਦੇ ਬਹੁਤ ਘੱਟ ਕੇਸ ਹੁੰਦੇ ਸਨ। ਇੱਕ ਦਿਨ ਸਾਡੇ ਕੈਮਿਸਟਰੀ ਵਾਲੇ ਪ੍ਰੋਫੈਸਰ ਯਸ਼ ਪਾਲ ਮੱਕੜ ਜੀ ਨੇ ਹਾਜ਼ਰੀ ਲਾਉਣ ਤੋਂ ਬਾਅਦ ਰੋਲ ਨੰਬਰ ਦੋ ਸੌ ਉਨੱਤਰ, ਜਿਸ ਦਾ ਨਾਮ ਸੰਤੋਖ ਸਿੰਘ ਮਾਨ ਸੀ ਤੇ ਉਹ ਪਿੰਡ ਭਲੇਰੀਆਂ ਤੋਂ ਰੋਜ਼ਾਨਾ ਸਾਈਕਲ ’ਤੇ ਆਉਂਦਾ ਸੀ, ਨੂੰ ਪੁੱਛਿਆ ਕਿ ਸਾਇੰਸ ਵਿੱਚੋਂ ਆਰਟਸ ਜਮਾਤਾਂ ਵਿੱਚ ਤਾਂ ਵਿਦਿਆਰਥੀ ਅਕਸਰ ਜਾਂਦੇ ਹਨ ਤੇ ਤੁਸੀਂ ਆਰਟਸ ਵਿੱਚੋਂ ਸਾਇੰਸ ਵਿੱਚ ਕਿਉਂ ਆਏ ਹੋ, ਤਾਂ ਉਹ ਨਵਾਂ-ਨਵਾਂ ਕਾਲਜ ਆਇਆ ਪੇਂਡੂ ਜਿਹਾ ਮੁੰਡਾ ਸਹਿਜ ਸੁਭਾਅ ਕਹਿੰਦਾ ਕਿ ਮੇਰੇ ਘਰ ਦੇ ਮੈਨੂੰ ਡਾਕਟਰ ਬਣਾਉਣਾ ਚਾਹੁੰਦੇ ਹਨ ਤੇ ਮੈਨੂੰ ਕਈ ਦਿਨ ਆਰਟਸ ਦੀਆਂ ਜਮਾਤਾਂ ਲਾਉਣ ਤੋਂ ਬਾਅਦ ਪਤਾ ਲੱਗਿਆ ਕਿ ਡਾਕਟਰ ਬਣਨ ਲਈ ਤਾਂ ਮੈਡੀਕਲ ਦੀ ਪੜ੍ਹਾਈ ਕਰਨੀ ਪੈਂਦੀ ਹੈ। ਸਾਰੇ ਵਿਦਿਆਰਥੀ ਉਸਦੇ ਸਾਫ਼ ਸਪੱਸ਼ਟ ਉੱਤਰ ’ਤੇ ਖੁੱਲ੍ਹ ਕੇ ਹੱਸੇ ਤੇ ਉਸ ਨੂੰ ਅਕਸਰ ਹੀ ਡਾਕਟਰ ਕਹਿ ਕੇ ਹਾਸਾ ਠੱਠਾ ਕਰਦੇ ਰਹਿੰਦੇ ਸਨ। ਦੂਸਰਾ, ਇੱਕ ਸੌ ਸਤਾਹਟ ਰੋਲ ਨੰਬਰ ਵਾਲਾ ਹਸਮੁੱਖ ਜਿਹੇ ਚਿਹਰੇ ਵਾਲਾ ਸੁਖਰਾਜ ਸਿੰਘ ਵੀ ਇਸ ਤਰ੍ਹਾਂ ਆਰਟਸ ’ਚੋਂ ਬਦਲ ਕੇ ਸਾਇੰਸ ਗਰੁੱਪ ਵਿੱਚ ਆਇਆ ਸੀ।

Advertisement

ਸਮਾਂ ਆਪਣੀ ਚਾਲ ਚੱਲਦਾ ਰਹਿੰਦਾ ਹੈ। ਹਰ ਇਨਸਾਨ ਦੀ ਜ਼ਿੰਦਗੀ ਸਵੈ ਇਤਿਹਾਸ ਲਿਖਦਿਆਂ ਗੁਜ਼ਰਦੀ ਰਹਿੰਦੀ ਹੈ। ਕਾਲਜ ਦਾ ਸਮਾਂ ਗੁਜ਼ਾਰਨ ਤੋਂ ਬਾਅਦ ਸਾਰੇ ਵਿਦਿਆਰਥੀ ਆਪੋ-ਆਪਣੇ ਸਿਰਜੇ ਸੁਪਨਿਆਂ ਜਾਂ ਕਿਸਮਤ ਵਿੱਚ ਲਿਖੇ ਰਾਹਾਂ ’ਤੇ ਪੈ ਗਏ ਸਨ। ਸਤਿਕਾਰਯੋਗ ਅਧਿਆਪਕਾਂ ਦੀਆਂ ਅੱਖ਼ਰਾਂ ਦੇ ਗਿਆਨ ਦੇ ਰੂਪ ਵਿੱਚ ਕੀਤੀਆਂ ਬਖ਼ਸ਼ਿਸ਼ਾਂ ਕਰ ਕੇ ਸਾਡੇ ਕਈ ਸਾਥੀਆਂ ਨੇ ਸੂਬਾ ਪੱਧਰ ਦੇ ਰੁਤਬਿਆਂ ਤੱਕ ਅਤੇ ਕਈਆਂ ਨੇ ਵੱਖ-ਵੱਖ ਵਿਭਾਗਾਂ ਵਿੱਚ ਚੰਗੇ ਅਹੁਦਿਆਂ ’ਤੇ ਪਹੁੰਚ ਕੇ ਆਪਣੇ ਪਰਿਵਾਰਾਂ, ਪਿੰਡਾਂ, ਅਧਿਆਪਕਾਂ ਦਾ ਨਾਮ ਰੋਸ਼ਨ ਕੀਤਾ ਹੈ ਅਤੇ ਕਈਆਂ ਨੇ ਆਪਣੇ ਕਾਰੋਬਾਰਾਂ ਵਿੱਚ ਬੁਲੰਦੀਆਂ ਨੂੰ ਛੋਹਿਆ ਹੈ। ਉਸ ਸਮੇਂ ਦੇ ਹੁਣ ਇਸ ਜਹਾਨ ਤੋਂ ਤੁਰ ਗਏ ਨੇਕ ਦਿਲ ਅਤੇ ਦੂਰਅੰਦੇਸ਼ ਇਨਸਾਨ ਪ੍ਰਿੰਸੀਪਲ ਪਿਆਰੇ ਲਾਲ ਤਰਾਕੜੂ, ਪ੍ਰੋ. ਗਿਰਧਰ, ਡਾ. ਦਰਸ਼ਨ ਸਿੰਘ ਨਰੂਲਾ, ਸਤਪਾਲ ਨਰੂਲਾ ਜੀ ਕਾਲਜ ਸਮੇਂ ਤੋਂ ਬਾਅਦ ਵੀ ਬੜੀ ਮੁਹੱਬਤ ਅਤੇ ਅਪਣੱਤ ਨਾਲ ਮਿਲਦੇ ਰਹੇ ਸਨ। ਪ੍ਰੋਫੈਸਰ ਯਸ਼ ਪਾਲ ਮੱਕੜ ਜੀ ਜੋ ਬਹੁਤ ਸੰਜੀਦਾ ਅਤੇ ਜ਼ਹੀਨ ਲੇਖਕ ਹਨ, ਹੁਣ ਵੀ ਸਾਹਿਤ ਸਭਾਵਾਂ ਅਤੇ ਹੋਰ ਸਮਾਗਮਾਂ ਵਿੱਚ ਮਿਲਦੇ ਰਹਿੰਦੇ ਹਨ। ਉਨ੍ਹਾਂ ਦੇ ਸਹਿਜਤਾ ਨਾਲ ਕਹੇ ਮੋਹਵੰਤੇ ਸਿੱਖਿਆਦਾਇਕ ਸ਼ਬਦ ਹੁਣ ਵੀ ਬੜਾ ਕੁਝ ਵਧੀਆ ਸਿਖਾ ਜਾਂਦੇ ਹਨ।

ਯਾਦਾਂ ਜ਼ਿੰਦਗੀ ਦਾ ਸਰਮਾਇਆ ਹੁੰਦੀਆਂ ਹਨ। ਸਕੂਲ ਅਤੇ ਕਾਲਜ ਸਮੇਂ ਦੀਆਂ ਭੋਲੇਪਣ ਵਾਲੀਆਂ ਮਨ ਦੇ ਵਰਕਿਆਂ ’ਤੇ ਗੂੜ੍ਹੇ ਅੱਖਰਾਂ ਵਿੱਚ ਲਿਖੀਆਂ ਯਾਦਾਂ ਦੇ ਰੰਗ ਕਦੇ ਫਿੱਕੇ ਨਹੀਂ ਪੈਂਦੇ ਹਨ। ਇਨਸਾਨ ਜ਼ਿੰਦਗੀ ਦੇ ਵੱਖ-ਵੱਖ ਖੇਤਰਾਂ ਵਿੱਚ ਮਿਲੇ ਸੰਗੀ ਸਾਥੀਆਂ ਨੂੰ ਤਾਂ ਭੁੱਲ ਸਕਦਾ ਹੈ ਪਰ ਸਕੂਲ ਅਤੇ ਕਾਲਜ ਸਮੇਂ ਦੇ ਨਾਲ ਪੜ੍ਹਨ ਵਾਲੇ ਮਿੱਤਰਾਂ ਬੇਲੀਆਂ ਦੇ ਮਨ ਦੇ ਕੈਨਵਸ ’ਤੇ ਚਿਤਰੇ ਚਿਹਰੇ ਮੋਹਰੇ ਅਤੇ ਯਾਦਾਂ ਸਾਰੀ ਉਮਰ ਲਈ ਚੇਤਿਆਂ ਵਿੱਚ ਵਸੀਆਂ ਰਹਿੰਦੀਆਂ ਹਨ। ਅਚੇਤ ਸੁਚੇਤ ਰੂਪ ਵਿੱਚ ਇਨਸਾਨ ਇਕੱਲਾ ਜਾਂ ਇਕੱਠਾਂ ਵਿੱਚ ਇਨ੍ਹਾਂ ਦਾ ਜ਼ਿਕਰ ਜ਼ਰੂਰ ਕਰਦਾ ਰਹਿੰਦਾ ਹੈ। ਰੂਹਦਾਰੀ ਨਾਲ ਜ਼ਿੰਦਗੀ ਨਾਲ ਜੁੜੇ ਨਿੱਕੇ-ਨਿੱਕੇ ਰੰਗੀਨ ਕਿੱਸੇ, ਛੋਟੇ-ਛੋਟੇ ਹਾਦਸੇ, ਯਾਦਾਂ, ਸ਼ਰਾਰਤਾਂ, ਗੱਲਾਂ ਬਾਤਾਂ ਚੇਤੇ ਕਰਨਾ ਹਰ ਇਨਸਾਨ ਨੂੰ ਬਾਅਦ ਵਿੱਚ ਬੜਾ ਸਕੂਨ ਦਿੰਦਾ ਹੈ। ਬਹੁਤੇ ਵਿਦਿਆਰਥੀ ਚਾਹੇ ਕਈ ਕਾਲਜ ਸਮੇਂ ਦੀਆਂ ਗੱਲਾਂ ਭੁੱਲ ਭੁਲਾ ਗਏ ਹੋਣ ਪਰ ਰੋਲ ਨੰਬਰ ਦੋ ਸੌ ਉਨੱਤਰ ਦਾ ਜ਼ਿਕਰ ਜਦੋਂ ਵੀ ਕੋਈ ਪੁਰਾਣਾ ਸਾਥੀ ਮਿਲਦਾ ਹੈ ਤਾਂ ਜ਼ਰੂਰ ਹੁੰਦਾ ਹੈ। ਹੁਣ ਵੀ ਕਦੇ ਸਾਲਾਂ ਬਾਅਦ ਜਦੋਂ ਕਦੇ ਸੰਤੋਖ ਸਿੰਘ ਮਾਨ ਮਿਲਦਾ ਹੈ ਤਾਂ ਉਸ ਦਾ ਸਾਈਕਲ ’ਤੇ ਮਲੋਟ ਕਾਲਜ ਆਉਂਦੇ ਦਾ ਭੋਲਾ ਜਿਹਾ ਦੋ ਸੌ ਉਨੱਤਰ ਰੋਲ ਨੰਬਰ ਵਾਲਾ ਚਿਹਰਾ ਯਾਦ ਆ ਜਾਂਦਾ ਹੈ। ਬਚਪਨ ਦੀਆਂ ਅਜਿਹੀਆਂ ਨਿੱਕੀਆਂ ਨਿੱਕੀਆਂ ਯਾਦਾਂ ਕਦੇ ਵੀ ਮਨਾਂ ਵਿਚੋਂ ਮਨਫੀ ਨਹੀਂ ਹੁੰਦੀਆਂ ਹਨ।

ਸੰਪਰਕ: 94171-04961

Advertisement
×