ਵਿਹਲਿਆਂ ਦਾ ਸਨਮਾਨ ਕਰੋ...
ਬਣਾਉਣ ਵਾਲੇ ਨੇ ਵੀ ਕੀ ਚੀਜ਼ ਬਣਾਈ ਐ। ਇਹ ਕਹੋ ਕਿ ਬੜੀ ਕੁੱਤੀ ਸ਼ੈਅ ਬਣਾਈ ਐ..! ਜੇ ਸਭ ਤੋਂ ਚੰਗੀ ਚੀਜ਼ ਹੈ ਤਾਂ ਉਹ ਵੀ ਇਹੋ ਹੈ। ਜੇ ਦੁਨੀਆ ਦੀ ਸਭ ਤੋਂ ਨਖਿੱਧ ਚੀਜ਼ ਹੈ ਤਾਂ ਵੀ ਇਹੋ। ਹਰ ਪ੍ਰਾਪਤੀ...
ਬਣਾਉਣ ਵਾਲੇ ਨੇ ਵੀ ਕੀ ਚੀਜ਼ ਬਣਾਈ ਐ। ਇਹ ਕਹੋ ਕਿ ਬੜੀ ਕੁੱਤੀ ਸ਼ੈਅ ਬਣਾਈ ਐ..! ਜੇ ਸਭ ਤੋਂ ਚੰਗੀ ਚੀਜ਼ ਹੈ ਤਾਂ ਉਹ ਵੀ ਇਹੋ ਹੈ। ਜੇ ਦੁਨੀਆ ਦੀ ਸਭ ਤੋਂ ਨਖਿੱਧ ਚੀਜ਼ ਹੈ ਤਾਂ ਵੀ ਇਹੋ। ਹਰ ਪ੍ਰਾਪਤੀ ਪਿੱਛੇ ਵੀ ਇਹ ਤੇ ਹਰ ਬਰਬਾਦੀ ਦੀ ਜੜ੍ਹ ਵੀ ਹੈ ਇਹ। ਸ਼ੈਤਾਨ ਦਾ ਰੂਪ ਵੀ ਇਹ... ਦੇਵਤਿਆਂ ਦਾ ਰੂਪ ਵੀ ਇਹ...! ਬੁੱਝਣ ਵਾਲੇ ਤਾਂ ਬੁੱਝ ਹੀ ਗਏ ਹੋਣਗੇ ਕਿ ਗੱਲ ਕਿਸ ਦੀ ਹੋ ਰਹੀ ਐ। ਹਾਂ ਹਾਂ, ਮਨ ਦੀ ਹੀ ਤਾਂ ਗੱਲ ਹੋ ਰਹੀ ਐ। ਮਨ ਹੀ ਤਾਂ ਹੈ, ਜੋ ਕਦੇ ਪੂਰੀ ਦੁਨੀਆ ਨੂੰ ‘ਮੁੱਠੀ ਵਿੱਚ’ ਕਰਨ ਲਈ ਲੱਕ ਬੰਨ੍ਹ ਲੈਂਦੈ। ਜੇ ਕਦੇ ਢੇਰੀ ਢਾਹੁਣ ਦੀ ਸੋਚ ਲਵੇ ਤਾਂ ਠੰਢ ਦੇ ਮਾਰੇ ਅਮਲੀ ਵਾਂਗੂ ਦੁਆਨੀ ਜਿੰਨੀ ਥਾਂ ਵਿੱਚ ਸਿਮਟਣ ਨੂੰ ਵੀ ਘੌਲ ਨਹੀਂ ਕਰਦਾ। ਅਜੇ ਕੱਲ੍ਹ ਸ਼ਾਮ ਦੀ ਤਾਂ ਗੱਲ ਐ, ਪਤਾ ਨਹੀਂ ਸੋਚਾਂ ਦਾ ਘੋੜਾ ਵਰਤਮਾਨ ਦੀ ਕਿੱਲੀ ਨਾਲੋਂ ਖੁੱਲ੍ਹ ਕੇ ਬੀਤੇ ਦੀ ਦੁਨੀਆ ਵਿੱਚ ਕਦੋਂ ਤੇ ਕਿਉਂ ਪ੍ਰਵੇਸ਼ ਕਰ ਗਿਆ ਤੇ ਜ਼ਿੰਦਗੀ ਦਾ ਲੇਖਾ-ਜੋਖਾ ਕਰਨ ਲੱਗ ਪਿਆ। ਜਦੋਂ ਦੀ ਸੁਰਤ ਸੰਭਾਲੀ ਐ, ਜ਼ਿੰਦਗੀ ਕੋਹਲੂ ਦੇ ਬਲਦ ਵਾਂਗ ਚੱਕਰਾਂ ਵਿੱਚ ਪਈ ਐ...! ਬਾਪੂ ਪਹਿਲੀ ਉਮਰੇ ਹੀ...! ਪਹਿਲਾਂ ਬਾਪੂ ਦੀ ਕਬੀਲਦਾਰੀ ਤੇ ਫਿਰ ਆਪਣੀ ਕਬੀਲਦਾਰੀ ਨੂੰ ਲੀਹ ’ਤੇ ਲਿਆਉਂਦਿਆਂ ਪਤਾ ਹੀ ਨਹੀਂ ਲੱਗਿਆ ਕਿ ਜ਼ਿੰਦਗੀ ਦੇ ਛੇ ਦਹਾਕੇ ਕਦੋਂ ਤੇ ਕਿਵੇਂ ਹੱਥਾਂ ’ਚੋਂ ਰੇਤ ਵਾਂਗ ਕਿਰ ਗਏ। ਪਿਤਾ ਪੁਰਖੀ ਮਿਲੇ ਚਾਰ ਸਿਆੜਾਂ ਦੀ ਖੇਤੀ, ਖਰਚੇ ਵੱਡੇ ਤੇ ਆਮਦਨ ਥੋੜ੍ਹੀ, ਹਮੇਸ਼ਾ ਹੱਥ ਤੰਗ ਹੀ ਰਹਿੰਦਾ। ਭਲਾ ਹੋਵੇ ਵੱਡੇ ਮਾਮੇ ਦਾ, ਜਿਸ ਨੇ ਮੇਰੇ ਦਸਵੀਂ ਪਾਸ ਕਰਨ ਤੋਂ ਬਾਅਦ ਭੱਜ-ਨੱਠ ਕਰਕੇ ਸਰਕਾਰੀ ਮਹਿਕਮੇ ਵਿੱਚ ਅਪਰੇਟਰ ਭਰਤੀ ਕਰਵਾ ਦਿੱਤਾ। ਬਾਪੂ ਦੀ ਵੈਦਗੀ ਨੇ ਵੀ ਕੁਝ ਸਹਾਰਾ ਤਾਂ ਦਿੱਤਾ, ਪਰ ਉਸ ਲਈ ਵੀ ਪ੍ਰਾਈਵੇਟ ਤੌਰ ਉੱਤੇ ਪੜ੍ਹ ਕੇ ਪਹਿਲਾਂ ਉਪ ਵੈਦ ਤੇ ਫਿਰ ਵੈਦ ਦਾ ਸਰਟੀਫਿਕੇਟ ਮਿਲਣ ਤੋਂ ਬਾਅਦ ਘਰੇ ਵੈਦਗੀ ਵੀ ਚਾਲੂ ਰੱਖੀ, ਜਿਸ ਨਾਲ ਹੱਥ ਸੁਖਾਲਾ ਹੋ ਗਿਆ।
ਇੱਥੇ ਤੱਕ ਪਹੁੰਚਣ ਲਈ ਜ਼ਿੰਦਗੀ ਘੜੀ ਦੀਆਂ ਸੂਈਆਂ ਵਾਂਗ ਸਦਾ ਗਤੀ ਵਿੱਚ ਹੀ ਰਹੀ। ਤਾਰਿਆਂ ਦੀ ਛਾਵੇਂ ਉੱਠਣਾ, ਤਾਰਿਆਂ ਦੀ ਛਾਵੇਂ ਹੀ ਸੌਣਾ, ਅਠਾਰਾਂ-ਅਠਾਰਾਂ ਘੰਟੇ ਦਾ ਦਿਨ ਬਣਾ ਕੇ ਰੱਖਿਆ ਸਾਰੀ ਉਮਰ। ਵਿਹਲ ਕਦੇ ਮਿਲੀ ਹੀ ਨਹੀਂ। ਜਦੋਂ ਕਦੇ ਕਿਸੇ ਮਿਲਣ ਵਾਲੇ ਜਾਂ ਨਜ਼ਦੀਕੀ ਦੇ ਮੂੰਹੋਂ ਇਹ ਸੁਣਨਾ ਕਿ “ਵਿਹਲਾ ਹੀ ਰਹਿੰਦੈ” ਤਾਂ ਮਨ ਕਹਿੰਦਾ ਹੋਰ ਤਾਂ ਜ਼ਿੰਦਗੀ ਵਿੱਚ ਚੰਗੇ ਮਾੜੇ ਵਰਤਾਰਿਆਂ ਨਾਲ ਆਢਾ ਲਾ ਕੇ ਦੇਖ ਲਿਆ, ਹੁਣ ਤਾਂ ਕਬੀਲਦਾਰੀ ਦੀ ਗੱਡੀ ਵੀ ਆਰਥਿਕ ਪੱਖੋਂ ਸੌਖੀ ਰੁੜ੍ਹ ਰਹੀ ਐ। ਬੱਚਿਆਂ ਵੱਲੋਂ ਵੀ ਠੰਢੀ ‘ਵਾ ਆਉਂਦੀ ਐ, ਕਿਉਂ ਨਾ ‘ਵਿਹਲੇ’ ਸ਼ਬਦ ਨਾਲ ਵੀ ਸਾਂਝ ਪਾ ਕੇ ਦੇਖ ਲਈ ਜਾਵੇ। ਮਨੀ ਰਾਮ ਕਹਿੰਦਾ, ‘‘ਕੱਲ੍ਹ ਨੂੰ ਜੂਨ ਦਾ ਆਖ਼ਰੀ ਐਤਵਾਰ ਐ, ਆਪਾਂ ਵੀ ਪੂਰਾ ਦਿਨ ਵਿਹਲੇ ਰਹਿ ਕੇ ਕੱਟਣੈ, ਦੇਖਦੇ ਹਾਂ ਵਿਹਲੇ ਰਹਿਣ ਦਾ ਆਨੰਦ ਕਿਹੋ ਜਿਹਾ ਹੁੰਦੈ? ਤਾਂ ਕਿ ਆਪਾਂ ਵੀ ਲੋਕਾਂ ਨੂੰ ਕਹਿ ਸਕੀਏ...!’’ ਪਤਨੀ ਆਪਣੀ ਪੁਰਾਣੀ ਆਦਤ ਮੁਤਾਬਿਕ ਗ੍ਰੰਥੀ ਸਿੰਘ ਬੋਲਦੇ ਨਾਲ ਉੱਠੀ। ਉਸ ਨੇ ਇਸ਼ਨਾਨ ਕਰਕੇ ਚਾਹ ਬਣਾ ਕੇ ਦੇ ਦਿੱਤੀ। ਮੈਂ ਚਾਹ ਦਾ ਕੱਪ ਬੈੱਡ ’ਤੇ ਬੈਠੇ ਨੇ ਪੀ ਲਿਆ ਤੇ ਫਿਰ ਲੰਮਾ ਪੈ ਗਿਆ। ਜਾਗੋ-ਮੀਟੀ ਜਿਹੀ ’ਚ ਮਿੱਠੀ-ਮਿੱਠੀ ਨੀਂਦ ਦਾ ਅਜਿਹਾ ਝੋਕਾ ਆਇਆ ਕਿ ਛੇ ਵਜੇ ਵਾਲੀ ਚਾਹ ਵੀ ਬਿਸਕੁਟਾਂ ਸਮੇਤ ਆ ਗਈ। ਮੈਂ ਫਿਰ ਚਾਹ ਨਾਲ ਬਿਸਕੁਟ ਬੈੱਡ ’ਤੇ ਹੀ ਬੈਠੇ ਨੇ ਛਕ ਲਏ ਤੇ ਫਿਰ ਬੈੱਡ ’ਤੇ ਹੀ ਲੇਟ ਹੋ ਗਿਆ। ਪਤਨੀ ਕਹਿੰਦੀ, “ਜੀ ਬੋਲਦੇ ਨਹੀਂ, ਜੇ ਕਿਧਰੇ ਜਾਣੈ ਤਾਂ ਦੱਸੋ, ਕੱਪੜੇ ਪ੍ਰੈੱਸ ਕਰਾਂ...!” “ਨਹੀਂ ਅੱਜ ਸਾਰੇ ਪ੍ਰੋਗਰਾਮ ਕੈਂਸਲ, ਸਿਰਫ਼ ਘਰੇ ਹੀ ਰਹਿਣੈ, ਕਿਧਰੇ ਨਹੀਂ ਜਾਣਾ,” ਮੈਂ ਬੈੱਡ ’ਤੇ ਪਏ ਨੇ ਹੀ ਜਵਾਬ ਦਿੱਤਾ। “ਊਂ ਜੀ ਤੁਹਾਡਾ ਚਿੱਤ ਤਾਂ ਠੀਕ ਐ? ਅੱਗੇ ਤਾਂ ਕਿਸੇ ਵੀ ਐਤਵਾਰ ਨੂੰ ਘਰੇ ਨਹੀਂ ਰਹਿੰਦੇ, ਅੱਜ ਕਿਵੇਂ...?” ਮੈਂ ਆਪਣੀ ਅਸਲੀ ਗੱਲ ਅੰਦਰ ਰੋਕਦਾ ਬੋਲਿਆ, “ਚਿੱਤ ਨੂੰ ਕੀ ਗੋਲ਼ੀ ਵੱਜੀ ਐ, ਬਸ ਐਵੇਂ ਈ, ਆਰਾਮ ਕਰਨ ਨੂੰ ਦਿਲ ਕਰਦੈ...?” ਸਾਢੇ ਕੁ ਨੌਂ ਵਜੇ ਰਸੋਈ ’ਚੋਂ ਪਰੌਂਠੇ ਬਣਨ ਦੀ ਖੁਸ਼ਬੋ ਆਈ, ਪਰ ਅੱਜ ਵਿਹਲਾ ਰਹਿਣ ਦੇ ਅਹਿਦ ਕਰਕੇ ਬੈੱਡ ਨਾਲ ਬੇਵਫ਼ਾਈ ਨਹੀਂ ਸੀ ਕਰਨੀ। ਨੂੰਹ ਰਾਣੀ ਆਲੂ ਪਿਆਜ਼ ਵਾਲੇ ਦੋ ਪਰੌਂਠੇ, ਦਹੀਂ ਦੀ ਕੌਲੀ, ਲੱਸੀ ਦਾ ਗਿਲਾਸ ਲਿਆ ਕੇ ਮੇਜ਼ ’ਤੇ ਰੱਖਦੀ ਹੋਈ ਬੋਲੀ, “ਡੈਡੀ ਜੀ ਨਾਸ਼ਤਾ ਕਰੋ, ਤੁਹਾਡੀ ਸਿਹਤ ਤਾਂ ਠੀਕ ਐ? ਅੱਜ ਤਿਆਰ ਨਹੀਂ ਹੋਏ...?” ‘‘ਭਾਈ ਸਿਹਤ ਤਾਂ ਠੀਕ ਈ ਐ, ਅੱਜ ਕਿਧਰੇ ਜਾਣਾ ਨਹੀਂ, ਇਸ ਲਈ ਬਸ...!’’ ਮੈਂ ਨੂੰਹ ਰਾਣੀ ਨੂੰ ਜਵਾਬ ਦਿੱਤਾ। ਦੋ ਪਰੌਂਠੇ, ਲੱਸੀ ਦਾ ਗਿਲਾਸ, ਦਹੀਂ ਦੀ ਕੌਲੀ ਨਿਬੇੜਨ ਤੋਂ ਬਾਅਦ ਮੈਨੂੰ ਇਉਂ ਲੱਗਿਆ ਜਿਵੇਂ ਮੇਰਾ ਢਿੱਡ ਗਲ਼ ਤੱਕ ਭਰ ਗਿਆ ਹੋਵੇ। ਮੈਂ ਮੁੜ ਲੇਟ ਗਿਆ। ਮੇਰੀ ਅੱਖ ਉਦੋਂ ਖੁੱਲ੍ਹੀ ਜਦੋਂ ਪਤਨੀ ਚਾਹ ਦਾ ਕੱਪ ਇੱਕ ਹੱਥ ਵਿੱਚ ਫੜੀ, ਦੂਸਰੇ ਹੱਥ ਨਾਲ ਮੈਨੂੰ ਮੋਢੇ ਕੋਲੋਂ ਹਲੂਣ ਕੇ ਜਗਾਉਂਦੀ ਬੋਲੀ, “ਕੀ ਗੱਲ ਜੀ, ਫਿਰ ਨੀਂਦ ਆ ਗਈ! ਸੌਣ ਦੀਆਂ ਤਾਂ ਅੱਜ ਤੁਸੀਂ ਕਸਰਾਂ ਹੀ ਕੱਢ ਦਿੱਤੀਆਂ। ਲਓ ਚਾਹ ਪੀਓ, ਸਰੀਰ ਕੰਡੇ ’ਤੇ ਹੋ ਜਾਊ। ਲੱਗਦੈ ਅੱਜ ਤੁਹਾਡਾ ਚਿੱਤ ਢਿੱਲੈ, ਮੰਨੋ ਭਾਵੇਂ ਨਾ ਮੰਨੋ।’’ ਮੈਂ ਸਿਰ ’ਤੇ ਪਰਨਾ ਬੰਨ੍ਹਦਾ ਬੋਲਿਆ, “ਨਹੀਂ ਬੱਸ ਐਵੇਂ ਈ...!” ਮੈਂ ਚਾਹ ਪੀ ਕੇ ਫਿਰ ਪੈ ਗਿਆ ਪਰ ਹੁਣ ਚਾਹ ਪੀਣ ਨਾਲ ਚਿੱਤ ਨੂੰ ਸਕੂਨ ਆਉਣ ਦੀ ਥਾਂ ਅੱਚਵੀ ਜਿਹੀ ਲੱਗਣੀ ਸ਼ੁਰੂ ਹੋ ਗਈ। ਮੈਂ ਪਲਸੇਟੇ ਮਾਰਨੇ ਸ਼ੁਰੂ ਕਰ ਦਿੱਤੇ। ਇਉਂ ਲੱਗ ਰਿਹਾ ਸੀ ਜਿਵੇਂ ਸੱਚਮੁੱਚ ਸਰੀਰ ਦਰਦ ਹੋਣ ਲੱਗ ਗਿਆ ਹੋਵੇ। ਇਸੇ ਦੌਰਾਨ ਥੋੜ੍ਹੀ ਮੋਟੀ ਕਦੇ ਅੱਖ ਲੱਗ ਜਾਂਦੀ, ਕਦੇ ਖੁੱਲ੍ਹ ਜਾਂਦੀ। ਦੋ ਢਾਈ ਘੰਟੇ ਬੱਸ ਇਉਂ ਹੀ ਯੁੱਧ ਚੱਲਦਾ ਰਿਹਾ।
ਜਾਗੋ-ਮੀਟੀ ਜਿਹੀ ਵਿੱਚ ਮੇਰੇ ਕੰਨ੍ਹ ਵਲੇਲ ਪਈ ਜਿਵੇਂ ਮੇਰੀ ਪੋਤੀ ਅਰੀਤ ਆਪਣੀ ਮਾਂ ਤੇ ਦਾਦੀ ਨਾਲ ਉੱਚੀ ਸੁਰ ਵਿੱਚ ਲੜਨ ਵਾਂਗ ਬੋਲ ਰਹੀ ਹੋਵੇ, “ਤੁਸੀਂ ਦਾਦੂ ਦੀ ਸਿਹਤ ਦਾ ਖ਼ਿਆਲ ਬਿਲਕੁਲ ਨਹੀਂ ਰੱਖਦੀਆਂ, ਸਵੇਰ ਦਾ ਬੈੱਡ ’ਤੇ ਪਏ ਨੇ, ਤੁਸੀਂ ਵੀ ਬਸ...! ਐਵੇਂ ਹੀ ਉਨ੍ਹਾਂ ਦਾ ਰਸਮੀ ਤੌਰ ’ਤੇ ਹਾਲ-ਚਾਲ ਪੁੱਛ ਰਹੇ ਓ, ਜ਼ਰੂਰ ਉਨ੍ਹਾਂ ਨੂੰ ਕੋਈ ਤਕਲੀਫ਼ ਹੋਊ ਜਾਂ ਕੋਈ ਹੋਰ ਸਮੱਸਿਆ।” ਅਰੀਤ ਹੋਮੀਓਪੈਥੀ ਦੀ ਵਿਦਿਆਰਥਣ ਹੋਣ ਕਰਕੇ ਮੇਰੀ ਸਿਹਤ ਬਾਰੇ ਆਪਣਾ ਅੰਦਾਜ਼ਾ ਲਾ ਰਹੀ ਸੀ। “ਸਵੇਰ ਦੀ ਤਿੰਨ ਵਾਰ ਚਾਹ ਵੀ ਪੀਤੀ ਐ, ਨਾਸ਼ਤਾ ਵੀ ਵਧੀਆ ਕੀਤੈ, ਦੋ ਵਾਰ ਅਸੀਂ ਉਨ੍ਹਾਂ ਨੂੰ ਸਿਹਤ ਦਾ ਹਾਲ ਵੀ ਪੁੱਛ ਆਈਆਂ, ਬੈੱਡ ’ਤੇ ਲੰਮਾ ਪਿਐ ਬਸ! ਪੁੱਛਣ ’ਤੇ ਮੁੱਲ ਦਾ ਬੋਲਦੈ, ਬੰਦਾ ਦਿਲ ਦੀ ਘੁੰਡੀ ਤਾਂ ਖੋਲ੍ਹੇ। ਜਾ ਹੁਣ ਤੂੰ ਹੀ ਪੁੱਛ ਆ, ਵੱਡੀ ਦਾਦੇ ਦੀ ਹੇਜਣ...!” ਅਰੀਤ ਦੀ ਦਾਦੀ ਦੇ ਬੋਲਾਂ ਵਿੱਚ ਤਲਖ਼ੀ ਵੀ ਜਾਪਦੀ ਸੀ। ਕੰਧ ਵਾਲੀ ਘੜੀ ਵੱਲ ਨਜ਼ਰ ਮਾਰੀ, ਉਹ ਅਜੇ ਤਿੰਨ ਹੀ ਵਜਾ ਰਹੀ ਸੀ। ਅਰੀਤ ਮੇਰੇ ਕਮਰੇ ਵਿੱਚ ਆਉਂਦਿਆਂ ਹੀ ਹੁਕਮ ਦੇਣ ਵਾਲੇ ਅੰਦਾਜ਼ ਵਿੱਚ ਬੋਲੀ, “ਦਾਦੂ ਜੀ, ਲੱਗਦੈ ਤੁਹਾਡਾ ਬਲੱਡ ਪ੍ਰੈੱਸ਼ਰ ਘਟ ਗਿਐ, ਮੈਂ ਦੋ ਬਰੈੱਡ ਪੀਸ ਗਰਮ ਕਰਕੇ ਲਿਆਈ ਹਾਂ ਚਾਹ ਨਾਲ। ਲਓ, ਬੈਠੇ ਹੋਵੋ। ਮੈਂ ਤੁਹਾਡੇ ਸਿਰ ਅਤੇ ਹੱਥਾਂ-ਪੈਰਾਂ ਦੀ ਮਾਲਿਸ਼ ਕਰਦੀ ਆਂ, ਦੇਖਿਓ ਮਿੰਟਾਂ ਵਿੱਚ ਹੀ ਤਬੀਅਤ...!” ਮੈਨੂੰ ਚਾਹ ਨਾਲ ਬਰੈੱਡ ਪੀਸ ਨਾ ਚਾਹੁੰਦੇ ਹੋਏ ਵੀ ਖਾਣੇ ਪਏ ਕਿਉਂਕਿ ਪੇਟ ਤਾਂ ਪਹਿਲਾਂ ਹੀ ਤੂੜੀ ਵਾਲੀ ਟਰਾਲੀ ਵਾਂਗ ਤੁੰਨਿਆ ਪਿਆ ਸੀ। ਅਰੀਤ ਨੇ ਸਿਰ ਅਤੇ ਪੈਰਾਂ ਦੀ ਅਜਿਹੀ ਮਾਲਿਸ਼ ਕੀਤੀ, ਸੱਚਮੁੱਚ ਬੈਠੇ ਨੂੰ ਨੀਂਦ ਆਉਣ ਲੱਗੀ।
“ਲਓ ਜੀ ਹੁਣ ਪੈ ਜਾਓ, ਸਰੀਰ ਹੌਲ਼ਾ ਫੁੱਲ ਵਰਗਾ ਹੋਇਆ ਲਓ।” ਇਹ ਕਹਿ ਕੇ ਅਰੀਤ ਚਲੀ ਗਈ। ਮੈਂ ਮੁੜ ਸੌਂ ਗਿਆ। ਥੋੜ੍ਹੀ ਦੇਰ ਬਾਅਦ ਅੱਖ ਖੁੱਲ੍ਹੀ, ਮੈਨੂੰ ਇਉਂ ਲੱਗਿਆ ਜਿਵੇਂ ਦੋ ਤਿੰਨ ਘੰਟੇ ਬੀਤ ਗਏ ਹੋਣ ਪਰ ਘੜੀ ਨੇ ਤਾਂ ਅਜੇ ਸਾਢੇ ਤਿੰਨ ਹੀ ਵਜਾਏ ਸਨ। ਮੈਨੂੰ ਘੜੀ ’ਤੇ ਸ਼ੱਕ ਹੋਇਆ ਕਿ ਇਹ ਖੜ੍ਹ ਤਾਂ ਨਹੀਂ ਗਈ। ਮੈਂ ਅੱਖਾਂ ਝਪਕੀਆਂ। ਫਿਰ ਗਹੁ ਨਾਲ ਦੇਖਿਆ ਪਰ ਇਹ ਤਾਂ ਸਹੀ ਚੱਲ ਰਹੀ ਸੀ। ਮੇਰੇ ਮਨ ਦੀ ਤਸੱਲੀ ਨਾ ਹੋਈ। ਮੈਂ ਸਿਰਹਾਣੇ ਪਏ ਮੋਬਾਈਲ ’ਤੇ ਸਮਾਂ ਦੇਖਿਆ। ਉਹ ਤਾਂ ਇਸ ਤੋਂ ਵੀ ਪੰਜ ਮਿੰਟ ਪਿੱਛੇ ਸੀ। ਹੁਣ ਮੇਰੇ ਸਰੀਰ ਦੀ ਪੋਰੀ-ਪੋਰੀ ਦੁਖ ਰਹੀ ਸੀ। ਮਨੀ ਰਾਮ ਕਹਿੰਦਾ, “ਛੱਡ ਯਾਰ ਬੈੱਡ ਦਾ ਖਹਿੜਾ। ਚੱਲ ਕੁਝ ਕਰੀਏ। ਕੀ ਫ਼ਾਇਦਾ ਅਜਿਹੇ ਵਿਹਲੇ ਰਹਿਣ ਦਾ, ਜਿਸ ਨਾਲ ਸਰੀਰ ਨੂੰ ਸਕੂਨ ਦੀ ਥਾਂ ਕਸ਼ਟ ਮਿਲੇ।’’
ਮੈਂ ਸੋਚਿਆ, ‘ਮਨੀ ਰਾਮਾ, ਤੇਰੀ ਸਹਿਮਤੀ ਨਾਲ ਹੀ ਤਾਂ ਵਿਹਲੇ ਰਹਿਣ ਦਾ ਫ਼ੈਸਲਾ ਲਿਆ ਸੀ। ਅਜੇ ਤਾਂ ਚੌਵੀ ਘੰਟੇ ਵੀ ਪੂਰੇ ਨਹੀਂ ਹੋਏ, ਹੁਣੇ ਹੀ ਚੀਕਾਂ...! ਸਰਦਾਰਾ, ਸ਼ਾਸਤਰਾਂ ਵਿੱਚ ਤਿੰਨ ਹਠ ਦਰਜ ਨੇ, ਰਾਜ ਹਠ, ਬਾਲ ਹਠ ਅਤੇ ਤ੍ਰਿਆ ਹਠ। ਆਪਣਾ ਤਾਂ ਇਨ੍ਹਾਂ ਵਿੱਚ ਸ਼ੁਮਾਰ ਹੀ ਨਹੀਂ, ਚੱਲ ਛੱਡ ਦੇ ਸੰਕਲਪ ਨੂੰ, ਕੋਈ ਕੰਮ ਧੰਦਾ ਕਰੀਏ।’ ਘੜੀ ਨੇ ਬੇਸ਼ੱਕ ਸ਼ਾਮ ਦੇ ਚਾਰ ਵਜਾ ਦਿੱਤੇ ਸਨ। ਮੈਂ ਕਮਰਿਓਂ ਬਾਹਰ ਨਿਕਲਿਆ ਕਿ ਖੇਤ ਗੇੜਾ ਹੀ ਮਾਰ ਆਈਏ। ਦੇਖਿਆ ਧੁੱਪ ਆਪਣਾ ਜੌਹਰ ਦਿਖਾ ਰਹੀ ਸੀ। ਲੱਗਦਾ ਸੀ ਜਿਵੇਂ ਅਜੇ ਸਿਖ਼ਰ ਦੁਪਹਿਰ ਹੀ ਹੋਵੇ। ਮੈਂ ‘ਰਮਤੇ’ ਦਾ ਸੱਜਰਾ ਅੰਕ ਪੜ੍ਹਨਾ ਸ਼ੁਰੂ ਕਰ ਦਿੱਤਾ। ਉਸ ਵਿੱਚ ਅਜਿਹਾ ਖੁੱਭਿਆ ਕਿ ਪਤਾ ਹੀ ਨਾ ਲੱਗਿਆ ਕਿ ਕਦੋਂ ਸ਼ਾਮ ਦੇ ਸਾਢੇ ਪੰਜ ਵੱਜ ਗਏ। ਮੈਂ ਸਾਈਕਲ ਚੁੱਕ ਖੇਤ ਗਿਆ, ਉੱਥੇ ਲੱਗੀਆਂ ਸਬਜ਼ੀਆਂ ਦੀ ਦੇਖਭਾਲ਼ ਕੀਤੀ, ਕੱਦੂ, ਤੋਰੀਆਂ, ਪੁਦੀਨਾ ਤੇ ਹਰੀਆਂ ਮਿਰਚਾਂ ਤੋੜ ਕੇ ਵਾਪਸ ਆਉਂਦਿਆਂ ਸੋਚ ਰਿਹਾ ਸੀ ਕਿ ਉਹ ਲੋਕ ਕਿੰਨੇ ਤਕੜੇ ਤੇ ਜ਼ਿੰਦਾਦਿਲ ਹਨ ਜੋ ਕਹਿੰਦੇ ਨੇ ‘ਮੈਂ ਤਾਂ ਸਦਾ ਵਿਹਲਾ ਹੀ ਰਹਿਨਾਂ’। ਅਜਿਹੇ ਲੋਕਾਂ ਨੂੰ ਤਾਂ ਪੰਚਾਇਤਾਂ, ਕਲੱਬਾਂ ਜਾਂ ਸਮਾਜਸੇਵੀ ਸੰਸਥਾਵਾਂ ਵੱਲੋਂ ਸਨਮਾਨਿਤ ਕਰਨਾ ਚਾਹੀਦੈ। ਮੇਰੀ ਤਾਂ ਇੱਕ ਦਿਨ ਵਿਹਲਾ ਰਹਿਣ ਨਾਲ ਹੀ ਬੱਸ ਹੋ ਗਈ। ਸੱਚ! ਪੂਰਾ ਦਿਨ ਕਿੱਥੇ, ਉਸ ਵਿੱਚੋਂ ਵੀ ਕੁਝ ਸਮਾਂ ਬਾਕੀ ਐ ਅਜੇ...!’ ਮਨੀ ਰਾਮ ਨੇ ਫਿਰ ਅੰਦਰੋਂ ਸਿਰ ਚੁੱਕਦਿਆਂ ਗੁੱਸੇ ਨਾਲ ਕਿਹਾ, ‘ਦੁਰ ਫਿੱਟੇ ਮੂੰਹ ਤੇਰੀ ਅਜਿਹੀ ਸੋਚ ਦੇ, ਝੱਲਿਆ ਸੋਚ ਤੇਰੀ ਜ਼ਿੰਦਗੀ ਦਾ ਇੱਕ ਕੀਮਤੀ ਦਿਨ ਬੇਕਾਰ ਹੋ ਗਿਆ। ਜੇ ਤੂੰ ਮੁੱਢੋਂ ਹੀ ਵਿਹਲੇ ਰਹਿਣ ਦੇ ਸ਼ਬਦ ’ਤੇ ਅਮਲ ਕਰ ਲੈਂਦਾ, ਫਿਰ ਤੇਰੀ ਆਪਣੇ ਪਰਿਵਾਰ ਵਿੱਚ, ਰਿਸ਼ਤੇਦਾਰੀਆਂ ਵਿੱਚ, ਸਮਾਜ ਵਿੱਚ, ਇਹ ਹੈਸੀਅਤ ਨਹੀਂ ਸੀ ਹੋਣੀ, ਜੋ ਅੱਜ ਹੈ।’
ਸੰਪਰਕ: 094647-70121/094936-15000

