DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਪੰਜਾਬੀ ਭਾਸ਼ਾ ਦਾ ਸਤਿਕਾਰ

ਅਸੀਂ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ। ਸਾਡਾ ਜਨਮ ਪੰਜਾਬ ਵਿੱਚ ਹੋਇਆ ਹੈ। ਅਸੀਂ ਪੰਜਾਬ ਦੇ ਵਾਸੀ, ਪੰਜਾਬੀ ਹਾਂ ਤੇ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ...

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਅਸੀਂ ਪੰਜਾਬੀ ਹੋਣ ’ਤੇ ਮਾਣ ਮਹਿਸੂਸ ਕਰਦੇ ਹਾਂ। ਸਾਡਾ ਜਨਮ ਪੰਜਾਬ ਵਿੱਚ ਹੋਇਆ ਹੈ। ਅਸੀਂ ਪੰਜਾਬ ਦੇ ਵਾਸੀ, ਪੰਜਾਬੀ ਹਾਂ ਤੇ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ। ਹੁਣ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਦਾ ਸਤਿਕਾਰ ਕਰੀਏ। ਅਸੀਂ ਆਪਣੇ ਘਰਾਂ, ਦਫ਼ਤਰਾਂ ਅਤੇ ਹੋਰ ਥਾਵਾਂ ’ਤੇ ਪੰਜਾਬੀ ਵਿੱਚ ਹੀ ਗੱਲਬਾਤ ਕਰੀਏ। ਅਸੀਂ ਆਪਣੇ ਬੱਚਿਆਂ ਨਾਲ ਜ਼ਰੂਰ ਪੰਜਾਬੀ ਭਾਸ਼ਾ ਵਿੱਚ ਗੱਲ ਕਰੀਏ ਅਤੇ ਉਨ੍ਹਾਂ ਨੂੰ ਪੰਜਾਬੀ ਸਿਖਾਈਏ। ਸਾਡੇ ਬੱਚੇ ਭਾਵੇਂ ਕਿਸੇ ਵੀ ਸਕੂਲ ਵਿੱਚ ਪੜ੍ਹਦੇ ਹੋਣ ਪਰ ਹੋਰ ਭਾਸ਼ਾਵਾਂ ਦੇ ਨਾਲ-ਨਾਲ ਉਨ੍ਹਾਂ ਨੂੰ ਪੰਜਾਬੀ ਪਹਿਲ ਦੇ ਆਧਾਰ ’ਤੇ ਪੜ੍ਹਨੀ ਤੇ ਲਿਖਣੀ ਆਉਣੀ ਚਾਹੀਦੀ ਹੈ। ਪੰਜਾਬ ਦੇ ਬਹੁਤ ਸਾਰੇ ਸਕੂਲਾਂ ਵਿੱਚ ਬੱਚਿਆਂ ਨੂੰ ਪੰਜਾਬੀ ਬੋਲਣ ਨਹੀਂ ਦਿੱਤੀ ਜਾਂਦੀ। ਸਿਰਫ਼ ਤੇ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਹੀ ਬੋਲਣ ਦੀ ਇਜਾਜ਼ਤ ਹੈ। ਸਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਨ੍ਹਾਂ ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨਹੀਂ ਪੜ੍ਹਾਈ ਜਾਂਦੀ, ਉਨ੍ਹਾਂ ਸਕੂਲਾਂ ਵਿੱਚ ਅਸੀਂ ਆਪਣੇ ਬੱਚਿਆਂ ਦੇ ਦਾਖ਼ਲੇ ਨਾ ਕਰਵਾਈਏ। ਆਓ, ਸਾਰੇ ਰਲ ਕੇ ਪੰਜਾਬੀ ਮਾਂ ਬੋਲੀ ਨੂੰ ਪ੍ਰਫੁੱਲਿਤ ਕਰਨ ਲਈ ਆਪਣਾ ਯੋਗਦਾਨ ਪਾਈਏ। ਅਸੀਂ ਆਮ ਤੌਰ ’ਤੇ ਦੇਖਦੇ ਹਾਂ ਕਿ ਕੁਝ ਲੋਕ ਪੰਜਾਬੀ ਭਾਸ਼ਾ ਵਿੱਚ ਗੱਲ ਕਰਕੇ ਖੁਦ ਨੂੰ ਘੱਟ ਪੜ੍ਹਿਆ ਅਤੇ ਪੇਂਡੂ ਸਮਝਦੇ ਹਨ। ਕੁਝ ਲੋਕ ਫੋਕੀ ਸ਼ੋਹਰਤ ਲਈ ਆਪਣੀ ਮਾਂ ਬੋਲੀ ਪੰਜਾਬੀ ਨੂੰ ਛੱਡ ਕੇ ਹਿੰਦੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਗੱਲ ਕਰਕੇ ਖੁਦ ਨੂੰ ਜ਼ਿਆਦਾ ਪੜ੍ਹਿਆ-ਲਿਖਿਆ ਸਮਝਦੇ ਹਨ। ਜੇਕਰ ਪੰਜਾਬ ਵਿੱਚ ਹੀ ਲੋਕ ਪੰਜਾਬੀ ਭਾਸ਼ਾ ਤੋਂ ਮੁੱਖ ਮੋੜਨਗੇ, ਫਿਰ ਅਸੀਂ ਦੇਸ਼ ਦੇ ਹੋਰ ਸੂਬਿਆਂ ਅਤੇ ਹੋਰ ਦੇਸ਼ਾਂ ਦੇ ਲੋਕਾਂ ਤੋਂ ਪੰਜਾਬੀ ਭਾਸ਼ਾ ਦੇ ਮਾਣ-ਸਤਿਕਾਰ ਕਰਨ ਦੀ ਕੀ ਉਮੀਦ ਰੱਖ ਸਕਦੇ ਹਾਂ?

ਅਸੀਂ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਬਾਰੇ ਦੱਸੀਏ। ਪੰਜਾਬੀ ਭਾਸ਼ਾ ਸਾਡੇ ਵੱਡੇ ਵਡੇਰਿਆਂ ਅਤੇ ਸਾਡੇ ਗੁਰੂ ਸਹਿਬਾਨ ਨੇ ਸਾਨੂੰ ਦਿੱਤੀ ਹੈ। ਇਸ ਲਈ ਸਾਡਾ ਸਾਰੇ ਪੰਜਾਬੀਆਂ ਅਤੇ ਹੋਰ ਦੇਸ਼ ਵਾਸੀਆਂ ਦਾ ਪੰਜਾਬੀ ਮਾਂ ਬੋਲੀ ਦਾ ਸਤਿਕਾਰ ਕਰਨ ਦਾ ਫਰਜ਼ ਬਣਦਾ ਹੈ ਤਾਂ ਹੀ ਸਾਡੇ ਬੱਚੇ, ਨੌਜਵਾਨ ਪੰਜਾਬੀ ਮਾਂ ਬੋਲੀ ਨੂੰ ਚੰਗੀ ਤਰ੍ਹਾਂ ਪੜ੍ਹਨਗੇ, ਲਿਖਣਗੇ, ਬੋਲਣਗੇ ਅਤੇ ਪਿਆਰ ਕਰਨਗੇ। ਹਰ ਕੋਈ ਚਾਹੁੰਦਾ ਹੈ ਕਿ ਸਾਡਾ ਬੱਚਾ ਅੰਗਰੇਜ਼ੀ ਮੀਡੀਅਮ ਵਾਲੇ ਸਕੂਲਾਂ ਵਿੱਚ ਪੜ੍ਹ ਕੇ ਵੱਡਾ ਅਫਸਰ ਬਣੇ ਪਰ ਇਨ੍ਹਾਂ ਸਕੂਲਾਂ ਵਿੱਚ ਪੰਜਾਬੀ ਬੋਲਣ ਅਤੇ ਪੜ੍ਹਨ ’ਤੇ ਪਾਬੰਦੀ ਹੈ। ਬੱਚੇ ਸਿਰਫ਼ ਹਿੰਦੀ ਜਾਂ ਅੰਗਰੇਜ਼ੀ ਵਿੱਚ ਹੀ ਗੱਲਬਾਤ ਕਰ ਸਕਦੇ ਹਨ। ਜੇਕਰ ਸਾਡੇ ਬੱਚੇ ਪੰਜਾਬ ਵਿੱਚ ਹੀ ਪੰਜਾਬੀ ਨਹੀਂ ਬੋਲ ਸਕਦੇ ਤਾਂ ਇਸ ਤੋਂ ਵੱਡਾ ਪੰਜਾਬੀ ਮਾਂ ਬੋਲੀ ਦਾ ਕੋਈ ਨਿਰਾਦਰ ਨਹੀਂ ਹੋ ਸਕਦਾ ਜਦਕਿ ਪੰਜਾਬ ਦੇ ਹਰ ਇੱਕ ਸਕੂਲ ਵਿੱਚ ਪੰਜਾਬੀ ਭਾਸ਼ਾ ਪੜ੍ਹਾਉਣੀ ਬਹੁਤ ਜ਼ਰੂਰੀ ਹੈ। ਜਿਹੜੇ ਸਕੂਲ ਪੰਜਾਬ ਵਿੱਚ ਪੰਜਾਬੀ ਬੋਲਣ ’ਤੇ ਜੁਰਮਾਨਾ ਕਰਦੇ ਹਨ ਜਾਂ ਪੰਜਾਬੀ ਬੋਲਣ ’ਤੇ ਪਾਬੰਦੀ ਲਾਉਂਦੇ ਹਨ, ਉਹ ਸਕੂਲ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਵੀ ਉਲੰਘਣਾ ਕਰਦੇ ਹਨ। ਸਰਕਾਰ ਨੂੰ ਚਾਹੀਦਾ ਅਜਿਹੇ ਸਕੂਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕਰੇ।

Advertisement

ਅਸੀਂ ਆਪਣੀ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ’ਤੇ ਰੱਖੀਏ। ਬਾਕੀ ਭਾਸ਼ਾਵਾਂ ਵੀ ਬੋਲੋ ਜਿੱਥੇ ਉਨ੍ਹਾਂ ਦੀ ਜ਼ਰੂਰਤ ਹੋਵੇ ਪਰ ਦੂਜੀਆਂ ਭਾਸ਼ਾਵਾਂ ਬੋਲਣ ਦੇ ਚੱਕਰ ਵਿੱਚ ਅਸੀਂ ਪੰਜਾਬੀ ਤੋਂ ਦੂਰ ਨਾ ਹੋਈਏ। ਜੇਕਰ ਅਸੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਨੇ ਹੁਕਮ ਦਿੱਤਾ ਸੀ ਕਿ ਸਾਰੇ ਸਰਕਾਰੀ ਅਤੇ ਅਰਧ-ਸਰਕਾਰੀ ਸਕੂਲਾਂ, ਕਾਲਜਾਂ ਅਤੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਵਿੱਚ ਬੋਰਡ ਲਏ ਜਾਣ। ਇਸ ਤੋਂ ਇਲਾਵਾ ਪ੍ਰਈਵੇਟ ਆਦਰਿਆਂ ਦੇ ਬੋਰਡ ਵੀ ਪੰਜਾਬੀ ਵਿੱਚ ਲਿਖਣੇ ਜ਼ਰੂਰੀ ਹਨ। ਪੰਜਾਬੀ ਭਾਸ਼ਾ ਲਿਖਣ ਤੋਂ ਬਾਅਦ ਬੋਰਡ ’ਤੇ ਹੋਰ ਭਾਸ਼ਾ ਵੀ ਨਾਲ ਲਿਖ ਸਕਦੇ ਹੋ ਪਰ ਪੰਜਾਬੀ ਭਾਸ਼ਾ ਨੂੰ ਪਹਿਲੇ ਨੰਬਰ ’ਤੇ ਰੱਖਿਆ ਜਾਵੇ।

Advertisement

ਸਰਕਾਰ ਆਪਣੇ ਦਫ਼ਤਰਾਂ ਵਿੱਚ ਵੀ ਪੰਜਾਬੀ ਨੂੰ ਪੂਰੀ ਤਰ੍ਹਾਂ ਲਾਗੂ ਕਰੇ। ਬਹੁਤ ਸਾਰੀ ਦਫ਼ਤਰੀ ਕਾਰਵਾਈ ਅਜੇ ਵੀ ਅੰਗਰੇਜ਼ੀ ਜਾਂ ਹੋਰ ਭਾਸ਼ਾਵਾਂ ਵਿੱਚ ਹੁੰਦੀ ਹੈ। ਸਰਕਾਰੀ ਗੱਡੀਆਂ ਤੇ ਬੱਸਾਂ ’ਤੇ ਅੰਗਰੇਜ਼ੀ ਵਿੱਚ ਹੀ ਪੰਜਾਬ ਸਰਕਾਰ ਲਿਖਿਆ ਹੁੰਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਹਰ ਇੱਕ ਇਮਤਿਹਾਨ ਵਿੱਚ ਪੰਜਾਬੀ ਵਿਸ਼ੇ ਵਿੱਚੋਂ ਘੱਟੋ-ਘੱਟ ਪਾਸ ਹੋਣ ਲਈ ਅੱਸੀ ਫੀਸਦੀ ਅੰਕ ਲੈਣੇ ਜ਼ਰੂਰੀ ਹੋਣ। ਜੇਕਰ ਪੰਜਾਬੀ ’ਚੋਂ ਫੇਲ੍ਹ ਹੈ ਤਾਂ ਉਹ ਫੇਲ੍ਹ ਹੈ। ਆਓ, ਆਪਾਂ ਸਾਰੇ ਰਲ ਕੇ ਪੰਜਾਬੀ ਮਾਂ ਬੋਲੀ ਦੇ ਹੋਰ ਪਸਾਰ ਲਈ ਸਰਕਾਰ ਦਾ ਸਾਥ ਦੇਈਏ। ਸਰਕਾਰ ਨੂੰ ਵੀ ਚਾਹੀਦਾ ਹੈ ਕਿ ਪੰਜਾਬੀ ਬੋਲੀ ਨੂੰ ਹੋਰ ਵਧੀਆ ਢੰਗ ਨਾਲ ਲਾਗੂ ਕਰਨ ਲਈ ਸਖ਼ਤੀ ਦਿਖਾਵੇ।

ਸੰਪਰਕ: 94641-29118

Advertisement
×