ਰਿਸ਼ਤੇਦਾਰ
ਅੰਗਰੇਜ਼ੀ ਦੇ ਪੀਰੀਅਡ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੰਗਲਾਦੇਸ਼ ਦੇ ਸਿਰਮੌਰ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਦੀ ਅੰਗਰੇਜ਼ੀ ਵਿੱਚ ਅਨੁਵਾਦਤ ਕਹਾਣੀ ‘ਹੋਮ ਕਮਿੰਗ’ (home coming) ਪੜ੍ਹਾ ਰਹੀ ਸਾਂ। ਇਸ ਕਹਾਣੀ ਦਾ ਅੰਤ ਇੰਨਾ ਦਰਦਨਾਕ ਹੈ ਕਿ ਅਖੀਰਲੀਆਂ ਸਤਰਾਂ ਦਾ ਪੰਜਾਬੀ ਵਿੱਚ...
ਅੰਗਰੇਜ਼ੀ ਦੇ ਪੀਰੀਅਡ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਬੰਗਲਾਦੇਸ਼ ਦੇ ਸਿਰਮੌਰ ਸਾਹਿਤਕਾਰ ਰਾਬਿੰਦਰਨਾਥ ਟੈਗੋਰ ਦੀ ਅੰਗਰੇਜ਼ੀ ਵਿੱਚ ਅਨੁਵਾਦਤ ਕਹਾਣੀ ‘ਹੋਮ ਕਮਿੰਗ’ (home coming) ਪੜ੍ਹਾ ਰਹੀ ਸਾਂ। ਇਸ ਕਹਾਣੀ ਦਾ ਅੰਤ ਇੰਨਾ ਦਰਦਨਾਕ ਹੈ ਕਿ ਅਖੀਰਲੀਆਂ ਸਤਰਾਂ ਦਾ ਪੰਜਾਬੀ ਵਿੱਚ ਅਨੁਵਾਦ ਕਰਦਿਆਂ ਮੈਨੂੰ ਇਉਂ ਲੱਗਿਆ ਜਿਵੇਂ ਪਾਠਕ ਦੀ ਮਾਂ ਮੈਂ ਹੋਵਾਂ ਤੇ ਇਹ ਸਭ ਕੁਝ ਮੇਰੇ ਨਾਲ ਹੀ ਵਾਪਰ ਰਿਹਾ ਹੋਵੇ। ਧੁਰ ਅੰਦਰ ਤੱਕ ਉਸ ਮਾਂ ਦੇ ਦਰਦ ਦੀ ਪੀੜ ਮਹਿਸੂਸ ਕਰਦਿਆਂ ਭਾਵਨਾਤਮਕ ਜਵਾਰਭਾਟੇ ਨੇ ਮੈਨੂੰ ਚਰਮ ਸੀਮਾ ਤੱਕ ਪਹੁੰਚਾ ਦਿੱਤਾ ਤੇ ਮੈ ਵਿਦਿਆਰਥੀਆਂ ਦੇ ਸਾਹਮਣੇ ਹੀ ਹਟਕੋਰੇ ਭਰਦੀ ਹੋਈ ਭਾਵੁਕ ਹੋ ਗਈ। ਮੇਰੀ ਆਵਾਜ਼ ਭਾਰੀ ਹੋ ਗਈ ਤੇ ਅੱਖਾਂ ’ਚੋਂ ਤ੍ਰਿਪ ਤ੍ਰਿਪ ਅੱਥਰੂ ਵਗਣ ਲੱਗ ਪਏ। ਹੈਰਾਨ ਹੋਏ ਵਿਦਿਆਰਥੀ ਮੇਰੇ ਚਿਹਰੇ ਵੱਲ ਤੱਕੀ ਜਾ ਰਹੇ ਸਨ ਪਰ ਚੰਦਰਾ ਮਨ ਕਾਬੂ ਵਿੱਚ ਨਹੀਂ ਸੀ ਆ ਰਿਹਾ। ਇਹ ਕਾਲਜੇ ਦਾ ਰੁੱਗ ਭਰ ਕੇ ਰੱਖ ਦੇਣ ਵਾਲੀ ਕਹਾਣੀ ਹੈ ਜਿਸ ਵਿੱਚ ਲੇਖਕ ਨੇ ਜ਼ੋਰਦਾਰ ਆਵਾਜ਼ ਵਿੱਚ ਹੋਕਾ ਦੇ ਕੇ ਆਪਣੇ ਵਰਗਿਆਂ ਨੂੰ ਸੁਚੇਤ ਕੀਤਾ ਹੈ ਕਿ ਆਪਣਾ ਬੱਚਾ ਲਾਇਕ ਹੋਵੇ ਭਾਵੇਂ ਨਾਲਾਇਕ, ਉਸ ਦੀ ਸੰਭਾਲ ਕਦੇ ਵੀ ਕਿਸੇ ਦੂਜੇ ’ਤੇ ਨਾ ਛੱਡੀ ਜਾਵੇ। ਧੀ ਹੋਵੇ ਜਾਂ ਪੁੱਤ, ਕਿਸੇ ਵੀ ਰਿਸ਼ਤੇਦਾਰ ’ਤੇ ਭਰੋਸਾ ਕਰਕੇ ਉਸ ਕੋਲ ਕਦੇ ਵੀ ਬੱਚੇ ਨੂੰ ਭੇਜਣ ਦੀ ਭੁੱਲ ਕੇ ਵੀ ਗ਼ਲਤੀ ਨਾ ਕਰੋ ਕਿਉਂਕਿ ਤੁਹਾਡਾ ਬੱਚਾ ਜਿੰਨਾ ਤੁਹਾਨੂੰ ਪਿਆਰਾ ਹੈ ਉਸ ਤੋਂ ਵੱਧ ਹੋਰ ਕਿਸੇ ਵੀ ਸਾਕ ਸਬੰਧੀ ਨੂੰ ਨਹੀਂ ਹੋ ਸਕਦਾ।
ਪੰਜਾਬੀ ਦੀ ਇੱਕ ਕਹਾਵਤ ਵੀ ਇਸ ਅਟੱਲ ਸੱਚਾਈ ਦੀ ਪੁਸ਼ਟੀ ਕਰਦੀ ਹੈ ਕਿ ‘ਮਾਂ ਨਾਲੋਂ ਹੇਜਲੀ ਫਫੇਕੁੱਟਣੀ।’ ਕਹਾਣੀ ਪੜ੍ਹ ਕੇ ਇੱਕ ਸਾਧਾਰਨ ਵਿਅਕਤੀ ਨੂੰ ਵੀ ਲੇਖਕ ਦਾ ਉਦੇਸ਼ ਸਮਝ ਆ ਜਾਂਦਾ ਹੈ ਪਰ ਫੇਰ ਵੀ ਪਤਾ ਨਹੀਂ ਕਿਉਂ, ਲੱਖਾਂ ਹੀ ਪੜ੍ਹੇ ਲਿਖੇ ਸਮਝਦਾਰ ਲੋਕ ਇਹ ਭੁੱਲ ਕਰ ਬੈਠਦੇ ਹਨ ਤੇ ਫੇਰ ਕਹਾਣੀ ਦੇ ਮੁੱਖ ਪਾਤਰ ਦੀ ਮਾਂ ਵਾਂਗ ਉਨ੍ਹਾਂ ਦੇ ਪੱਲੇ ਪਛਤਾਵੇ ਦੇ ਹੰਝੂਆਂ ਤੋਂ ਬਿਨਾਂ ਹੋਰ ਕੁਝ ਨਹੀਂ ਬਚਦਾ। ਕਹਾਣੀ ਦੇ ਵਿਸ਼ਾ ਵਸਤੂ ਬਾਰੇ ਡੂੰਘੀ ਸੋਚ ਵਿੱਚ ਡੁੱਬੀ ਹੋਈ ਨੂੰ ਕਿਸੇ ਜਾਣ-ਪਛਾਣ ਵਾਲੇ ਤੋਂ ਸੁਣੀ ਹੋਈ ਇੱਕ ਸੱਚੀ ਘਟਨਾ ਯਾਦ ਆਈ ਤੇ ਚੇਤਿਆਂ ਦੀ ਚੰਗੇਰ ’ਚੋਂ ਖਿਸਕ ਕੇ ਉਹ ਖ਼ਿਆਲ ਮੇਰੀ ਕਲਮ ਰਾਹੀਂ ਕਾਗਜ਼ ’ਤੇ ਉਕਰਨ ਲੱਗੇ।
ਕੈਨੇਡਾ ਤੋਂ ਵੀਹ ਕੁ ਸਾਲ ਦਾ ਮੁੰਡਾ ਫੋਨ ’ਤੇ ਇੰਡੀਆ ਰਹਿੰਦੇ ਆਪਣੇ ਕਿਸੇ ਸਾਕ ਸਬੰਧੀ ਨਾਲ ਗੱਲ ਕਰ ਰਿਹਾ ਸੀ। ਕੋਲ ਬੈਠਾ ਮੇਜ਼ਬਾਨ ਮੁੰਡਾ ਜੋ ਉਸ ਨਾਲੋਂ ਉਮਰ ਵਿੱਚ ਦਸ ਬਾਰਾਂ ਵਰ੍ਹੇ ਵੱਡਾ ਸੀ, ਉਸ ਵੱਲ ਕੁਣੱਖਾ ਜਿਹਾ ਝਾਕਦਾ ਹੋਇਆ ਲਗਾਤਾਰ ਤਿਊੜੀਆਂ ਚੜ੍ਹਾਉਂਦਾ ਆਪੇ ਤੋਂ ਬਾਹਰ ਹੁੰਦਾ ਜਾ ਰਿਹਾ ਸੀ। ਨੇੜਲਾ ਰਿਸ਼ਤੇਦਾਰ ਹੋਣ ਕਰਕੇ ਨਵਾਂ ਨਵਾਂ ਕੈਨੇਡਾ ਗਿਆ ਮੁੰਡਾ ਉਸ ਕੋਲ ਠਹਿਰਿਆ ਹੋਇਆ ਸੀ। ਮੇਜ਼ਬਾਨ ਮੁੰਡੇ ਦੇ ਇਸ ਵਿਹਾਰ ਦਾ ਕਾਰਨ ਵੀ ਇਹੀ ਸੀ।
‘‘ਕੀਹਦਾ ਫੋਨ ਸੀ?’’ ਮੱਥੇ ’ਤੇ ਤਿਊੜੀ ਪਾਉਂਦਿਆਂ ਰਮਨ ਨੇ ਕੁਨਾਲ ਵੱਲ ਝਾਕਦਿਆਂ ਪੁੱਛਿਆ।
‘‘ਚੰਡੀਗੜ੍ਹੋਂ ਸੀ, ਵੱਡੇ ਮਾਮਾ ਜੀ ਹੁਰਾਂ ਦਾ।’’
‘‘ਤੂੰ ਫੋਨ ਸੁਣਨ ਤੋਂ ਪਹਿਲਾਂ ਮੈਥੋਂ ਕਾਹਤੋਂ ਨਾ ਪੁੱਛਿਆ ਬਈ ਚੰਡੀਗੜ੍ਹ ਵਾਲਿਆਂ ਦਾ ਫੋਨ ਏ, ਉਨ੍ਹਾਂ ਨਾਲ ਗੱਲ ਕਰਾਂ ਕਿ ਨਾ ਕਰਾਂ? ਅਕਲ ਦਿਆ ਅੰਨ੍ਹਿਆਂ! ਤੈਨੂੰ ਏਨਾ ਵੀ ਸ਼ਊਰ ਨਹੀਂ, ਬਈ ਕਿਸੇ ਨਾਲ ਵੀ ਗੱਲ ਕਰਨ ਤੋਂ ਪਹਿਲਾਂ ਮੇਰੀ ਇਜਾਜ਼ਤ ਲੈਣਾ ਜ਼ਰੂਰੀ ਏ, ਤੈਨੂੰ ਚੰਗਾ ਭਲਾ ਪਤੈ ਬਈ ਸਾਡੀ ਉਨ੍ਹਾਂ ਨਾਲ ਬੋਲ ਬਾਣੀ ਨ੍ਹੀਂ, ਜੇ ਉਨ੍ਹਾਂ ਪਿੱਛੇ ਆਪਣੇ ਵਿੱਚ ਵਿਗਾੜ ਪੈ ਗਿਆ ਤਾਂ ਫੇਰ ਦੱਸ! ਕੌਣ ਜ਼ਿੰਮੇਵਾਰ ਹੋਵੇਗਾ?’’ ਉਸ ਦੀਆਂ ਚੱਬ ਚੱਬ ਕੇ ਕੀਤੀਆਂ ਗੱਲਾਂ ’ਚੋਂ ਠਾਣੇਦਾਰੀ ਰੋਅਬ ਝਲਕਦਾ ਸੀ।
‘‘ਪਰ ਵੀਰੇ, ਸਾਡੇ ਤਾਂ ਉਨ੍ਹਾਂ ਨਾਲ ਬੜੇ ਵਧੀਆ ਰਿਲੇਸ਼ਨ ਹਨ, ਮੇਰੇ ਇੱਥੇ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਹੀ ਸਾਡੇ ਨਾਲ ਸਾਰੀ ਸ਼ਾਪਿੰਗ ਕਰਵਾਈ ਸੀ, ਦਿੱਲੀ ਏਅਰਪੋਰਟ ’ਤੇ ਮੈਨੂੰ ਚੜ੍ਹਾਉਣ ਲਈ ਵੀ ਉਹ ਮੇਰੇ ਪੇਰੈਂਟਸ ਨਾਲ ਆਏ ਸਨ। ਆਹ ਤਾਂ ਵੀਰ ਜੀ! ਤੁਸੀਂ ਮੈਨੂੰ ਅਜੀਬ ਹੀ ਗੱਲ ਸੁਣਾ ਦਿੱਤੀ। ਇਸ ਗੱਲ ’ਤੇ ਤਾਂ ਸਿਰਫ਼ ਅਫਸੋਸ ਹੀ ਜ਼ਾਹਰ ਕੀਤਾ ਜਾ ਸਕਦਾ ਹੈ ਜੀ।’’ ਕੁਨਾਲ ਨੇ ਨਿਮਰਤਾ ਸਹਿਤ ਦਲੀਲ ਦਿੱਤੀ।
‘‘ਤੈਨੂੰ ਇਹ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦੈ ਕਿ ਇਸ ਸਮੇਂ ਤੂੰ ਮੇਰੇ ਘਰ ਵਿੱਚ ਰਹਿ ਰਿਹਾ ਏਂ, ਮੇਰੀ ਆਗਿਆ ਵਿੱਚ ਰਹਿਣ ਦੀ ਤੈਨੂੰ ਤਮੀਜ਼ ਹੋਣੀ ਚਾਹੀਦੀ ਹੈ, ਕੀ ਗੱਲ ਇਹ ਮੱਤ ਦੇ ਕੇ ਨ੍ਹੀਂ ਤੋਰਿਆ ਤੈਨੂੰ ਘਰਦਿਆਂ ਨੇ?’’ ਉਸ ਥੋੜ੍ਹਾ ਰੁਕ ਕੇ ਕਿਹਾ, ‘‘ਆਹੋ ਭਾਈ! ਮੈਂ ਤਾਂ ਆਪੇ ਈ ਮਾੜਾ ਵਾਂ ਜਿਹੜਾ ਤੇਰੇ ਵਰਗੇ ਘਰੋਂ ਕੱਢੇ ਨੂੰ ਆਸਰਾ ਦੇ ਕੇ ਘਰੇ ਬਿਠਾਇਆ ਹੋਇਐ।’’ ਰਮਨ ਉਸ ਜਵਾਕ ਦੀ ਉਮਰ ਦਾ ਲਿਹਾਜ਼ ਕੀਤੇ ਬਿਨਾਂ ਤਾਹਨੇ-ਮਿਹਣਿਆਂ ’ਤੇ ਉਤਰ ਆਇਆ ਸੀ।
ਕੁਨਾਲ ਉਦਾਸ ਜਿਹਾ ਹੋ ਗਿਆ ਤੇ ਚੁੱਪ ਕਰਕੇ ਬੈਠ ਗਿਆ। ਉਸ ਨੇ ਅੱਜ ਪਹਿਲੀ ਵਾਰ ਕਿਸੇ ਦੇ ਮੂੰਹੋਂ ਅਜਿਹੇ ਕੌੜੇ ਕੁਸੈਲੇ ਬੋਲ ਸੁਣੇ ਸਨ। ਅਜੇ ਤਾਂ ਉਸ ਨੂੰ ਇੰਡੀਆ ਤੋਂ ਆਏ ਨੂੰ ਇੱਕ ਦੋ ਹਫ਼ਤੇ ਹੀ ਹੋਏ ਸਨ। ਉਹ ਤਾਂ ਇੱਥੇ ਕਿਸੇ ਨੂੰ ਜਾਣਦਾ ਵੀ ਨਹੀਂ ਸੀ ਕਿ ਆਪਣੀ ਰਿਹਾਇਸ਼ ਦਾ ਵੱਖਰਾ ਪ੍ਰਬੰਧ ਕਰ ਲੈਂਦਾ। ਬੱਚੇ ਤਾਂ ਸਾਰੇ ਹੀ ਮਾਂ-ਬਾਪ ਦੀਆਂ ਅੱਖਾਂ ਦੇ ਤਾਰੇ ਹੁੰਦੇ ਨੇ ਪਰ ਉਹ ਤਾਂ ਕੁਝ ਵਧੇਰੇ ਹੀ ਲਾਡ ਪਿਆਰ ਨਾਲ ਪਲਿਆ ਸੀ। ਘਰ ਵਿੱਚ ਕਦੇ ਕਿਸੇ ਨੇ ਉਸ ਨੂੰ ਘੂਰਿਆ ਨਹੀਂ ਸੀ। ਮਾਂ ਬਾਪ ਨੇ ਉਸ ਨੂੰ ਸਾਰੀਆਂ ਲੋੜੀਂਦੀਆਂ ਹਦਾਇਤਾਂ ਦੇ ਕੇ ਇੰਡੀਆ ਤੋਂ ਭੇਜਿਆ ਸੀ, ‘‘ਪੁੱਤ! ਵੀਰੇ ਨਾਲ ਬਣਾ ਕੇ ਰੱਖੀਂ, ਉਹਦੇ ਕਹਿਣੇ ਤੋਂ ਬਾਹਰ ਨਹੀਂ ਹੋਣਾ, ਕੋਈ ਵੀ ਕੰਮ ਕਰਨ ਤੋਂ ਪਹਿਲਾਂ ਉਸ ਦੀ ਸਲਾਹ ਜ਼ਰੂਰ ਲੈ ਲਿਆ ਕਰੀਂ, ਉਸ ਦੀ ਪੈੜ ਵਿੱਚ ਪੈੜ ਰੱਖਣੀ ਏ, ਮਾੜੇ ਮੁੰਡਿਆਂ ਦੀ ਸੰਗਤ ’ਚ ਭੁੱਲ ਕੇ ਵੀ ਨੀ ਪੈਣਾ, ਦੇਖੀਂ ਕਿਤੇ ਤੇਰਾ ਕੋਈ ਉਲਾਂਭਾ ਆਵੇ, ਤੂੰ ਇਹ ਸਮਝ ਕੇ ਜਾ, ਬਈ ਮੈਂ ਆਪਣੇ ਹੀ ਘਰ ਜਾ ਰਿਹਾਂ, ਨਾਲੇ ਉਹ ਕਿਹੜਾ ਕੋਈ ਬੇਗਾਨਾ ਏ, ਸਕੇ ਮਾਮੇ ਦਾ ਪੁੱਤ ਐ, ਬਥੇਰਾ ਸਾਂਭ ਲਵੇਗਾ ਤੈਨੂੰ, ਬੱਸ ਘਰ ਵਰਗਾ ਮਾਹੌਲ ਸਮਝ ਕੇ ਉਥੇ ਜੀਅ ਲਾ ਕੇ ਪੜ੍ਹਾਈ ਕਰੀਂ।’’ ਕੈਨੇਡਾ ਭੇਜਣ ਤੋਂ ਪਹਿਲਾਂ ਉਹ ਦਿਨ ਰਾਤ ਪੁੱਤਰ ਨੂੰ ਇਹੀ ਗੱਲਾਂ ਸਮਝਾਉਂਦੇ ਰਹਿੰਦੇ ਪਰ ਇੱਥੇ ਤਾਂ ਮਾਮਲਾ ਹੀ ਉਲਟ ਪੈ ਗਿਆ ਸੀ।
‘‘ਉਏ! ਤੂੰ ਮੁੰਡਾ ਏਂ ਕਿ ਕੁਸ਼ ਹੋਰ?’’ ਰਮਨ ਨੇ ਇੱਕ ਹੋਰ ਬਦਰੰਗ ਪੱਤਾ ਉਸ ਵੱਲ ਸੁੱਟਿਆ।
‘‘ਮੈਂ ਕਮਲਿਆਂ ਵਾਂਗੂੰ ਕੱਲਾ ਈ ਬੈਠਾ ਪੀਂਦਾ ਰਹਿੰਨੈਂ, ਨਾ ਭੈੜੀ ਬੂਥੀ ਵਾਲਿਆ! ਮੈਨੂੰ ਤਾਂ ਤੇਰਾ ਕੱਖ ਦਾ ਵੀ ਭਾਅ ਭਾੜਾ ਨ੍ਹੀਂ, ਤੂੰ ਖਾਣ ਪੀਣ ਵਿੱਚ ਮੇਰੀ ਕੰਪਨੀ ਵੀ ਨਹੀਂ ਕਰ ਸਕਦਾ? ਚੱਲ ਜੇ ਪੈੱਗ ਸ਼ੈੱਗ ਨਹੀ ਵੀ ਲਾਉਣਾ ਤਾਂ ਆਹ ਭੰਗ ਵਾਲੀਆਂ ਸਿਗਰਟਾਂ ਦੇ ਈ ਦੋ-ਚਾਰ ਸੂਟੇ ਖਿੱਚ ਲਿਆ ਕਰ, ਐਵੇਂ ਕੁੜੀਆਂ ਵਾਂਗੂੰ ਡਰਦਾ ਸੰਗਦਾ ਰਹਿਨੈ, ਇਹ ਕੈਨੇਡਾ ਏ ਕੈਨੇਡਾ, ਇੱਥੇ ਤਾਂ ਸਭ ਕੁਸ਼ ਚਲਦੈ, ਇੱਥੇ ਨ੍ਹੀਂ ਕੋਈ ਕਿਸੇ ਤੋਂ ਡਰਦਾ, ਨਾ ਇੱਥੇ ਨਸ਼ਿਆਂ ’ਤੇ ਕੋਈ ਰੋਕ ਟੋਕ ਐ।’’ ਰਮਨ ਉਸ ਨੂੰ ਪੁੱਠੀਆਂ ਮੱਤਾਂ ਦੇਣ ਲੱਗ ਪਿਆ ਸੀ।
ਕੁਨਾਲ ਥਰ ਥਰ ਕੰਬਣ ਲੱਗ ਪਿਆ। ਉਸ ਨੂੰ ਆਪਣੇ ਮਾਪੇ ਯਾਦ ਆਏ। ਉਨ੍ਹਾਂ ਨੇ ਤਾਂ ਅੱਜ ਤੱਕ ਨਸ਼ਾ ਕਦੇ ਘਰ ਨਹੀਂ ਸੀ ਵੜਨ ਦਿੱਤਾ। ‘ਉਏ ਮੇਰਿਆ ਰੱਬਾ!! ਮੈਂ ਕਿੱਥੇ ਫਸ ਗਿਐਂ ਆ ਕੇ, ਇਹ ਮੇਰੇ ਨਾਲ ਕੀ ਹੋ ਰਿਹੈ? ਇੱਥੇ ਆਉਣ ਲਈ ਮੈਂ ਕਾਹਤੋਂ ਘਰਦਿਆਂ ਨਾਲ ਜ਼ਿੱਦ ਕੀਤੀ? ਮੈਂ ਤਾਂ ਇੱਥੇ ਪੜ੍ਹਨ ਲਈ ਆਇਆ ਸਾਂ, ਇਸ ਯਮਦੂਤ ਨੇ ਤਾਂ ਨ੍ਹੀਂ ਮੈਨੂੰ ਪੜ੍ਹਨ ਦੇਣਾ! ਇਹ ਤਾਂ ਮੈਨੂੰ ਨਸ਼ੇੜੀ ਬਣਾਉਣ ’ਤੇ ਤੁਲਿਐ! ਮੈਂ ਕਿਹੜੀ ਚੰਦਰੀ ਘੜੀ ਘਰੋਂ ਪੈਰ ਪੱਟ ਲਿਆ?’ ਕੁਨਾਲ ਇਕੱਲਾ ਬੈਠਾ ਇਹੀ ਕੁਝ ਸੋਚ-ਸੋਚ ਕੇ ਦੁਖੀ ਹੁੰਦਾ ਰਹਿੰਦਾ।
ਮਹੀਨਾ ਬੀਤ ਗਿਆ। ਰਮਨ ਨੇ ਅੱਲੜ੍ਹ ਵਰੇਸ ਮੁੰਡੇ ਦੇ ਨੱਕ ਵਿੱਚ ਦਮ ਕਰ ਦਿੱਤਾ। ਝਗੜਾ ਦਿਨ-ਬਦਿਨ ਵਧ ਰਿਹਾ ਸੀ। ਅਕਸਰ ਉਹ ਕੰਮ ਤੋਂ ਔਖਾ ਹੋਇਆ ਘਰ ਮੁੜਦਾ ਤੇ ਆ ਕੇ ਆਪਣਾ ਸਾਰਾ ਨਜ਼ਲਾ ਕੁਨਾਲ ’ਤੇ ਝਾੜ ਦਿੰਦਾ। ਬਿਨਾਂ ਗੱਲੋਂ ਹੀ ਉਸ ਨਾਲ ਲੜ ਪੈਂਦਾ। ਬਿਨਾਂ ਗੱਲੋਂ ਟੋਕਾ-ਟਾਕੀ ਕਰਦਾ। ਘਰ ਦਾ ਸਾਰਾ ਕੰਮ ਰੋਅਬ ਨਾਲ ਉਸ ਤੋਂ ਕਰਵਾਉਂਦਾ। ਕੁਨਾਲ ਦੀ ਭੋਲੀ ਸੂਰਤ ਤੇ ਸੋਹਣਾ ਸਰੀਰ ਰਮਨ ਦੇ ਨਸ਼ਿਆਂ ਨਾਲ ਸੁੰਗੜੇ ਤੇ ਮੁਰਝਾਏ ਸਰੀਰ ਨੂੰ ਦੰਦੀਆਂ ਚਿੜ੍ਹਾਉਂਦੀ ਤੇ ਇਸ ਹੀਣਤਾ ਕਰਕੇ ਉਹ ਕੁਨਾਲ ਨਾਲ ਹੋਰ ਮਾੜਾ ਵਿਹਾਰ ਕਰਦਾ। ਰਮਨ ਹਮੇਸ਼ਾ ਹੀ ਕੁਨਾਲ ’ਤੇ ਖਿਝਿਆ-ਖਪਿਆ ਰਹਿੰਦਾ। ਲੜਨ ਲੱਗਿਆਂ ਰਮਨ ਛੋਟੇ-ਵੱਡੇ ਦਾ ਲਿਹਾਜ਼ ਭੁੱਲ ਜਾਂਦਾ ਸੀ। ਅੱਕੇ ਹੋਏ ਕੁਨਾਲ ਨੇ ਘਰ ਫੋਨ ਕਰ ਦਿੱਤਾ ਕਿ ਮੈਂ ਇੱਥੇ ਬਹੁਤ ਔਖਾ ਹਾਂ ਤੇ ਘਰ ਵਾਪਸ ਆਉਣਾ ਚਾਹੁੰਦਾ ਹਾਂ। ਫੋਨ ਸੁਣ ਕੇ ਮਾਂ ਬਾਪ ਘਬਰਾ ਗਏ। ਪੁੱਤਰ ਨੂੰ ਬਾਹਰਲੇ ਮੁਲਕ ਸੈੱਟ ਕਰਨ ਲਈ ਉਨ੍ਹਾਂ ਬੜੀ ਮੁਸ਼ਕਲ ਨਾਲ ਪੈਸੇ ਇਕੱਠੇ ਕੀਤੇ ਸਨ। ਕਿਹੜਾ-ਕਿਹੜਾ ਖੂਹ ਨਹੀਂ ਸੀ ਪੁੱਟਿਆ ਉਨ੍ਹਾਂ। ਘੱਟ ਆਮਦਨ ਵਾਲੇ ਲੋਕਾਂ ਵਾਸਤੇ ਤੀਹ-ਚਾਲੀ ਲੱਖ ਰੁਪਏ ਦਾ ਜੁਗਾੜ ਕਰਨਾ ਖਾਲਾ ਜੀ ਦਾ ਵਾੜਾ ਨਹੀਂ! ਉਨ੍ਹਾਂ ਮੁੰਡੇ ਨੂੰ ਖੱਟਣ ਕਮਾਉਣ ਤੇ ਵਧੀਆ ਭਵਿੱਖ ਬਣਾਉਣ ਦੇ ਆਸ਼ੇ ਨਾਲ ਬਾਹਰ ਭੇਜਿਆ ਸੀ। ਦਿਲ ਵਿੱਚ ਸੌ ਸੌ ਰੀਝਾਂ ਉਮੰਗਾਂ ਸਨ ਬਈ ਆਹ ਕਰਾਂਗੇ, ਔਹ ਕਰਾਂਗੇ ਪਰ ਇੱਥੇ ਤਾਂ ਗੱਲ ਹੀ ਕੁਝ ਹੋਰ ਬਣ ਗਈ ਸੀ। ਬੱਚੇ ਨੂੰ ਉਥੇ ਸੈੱਟ ਕਰਨ ਦਾ ਜਦੋਂ ਹੋਰ ਕੋਈ ਹੀਲਾ ਵਸੀਲਾ ਨਾ ਬਣ ਸਕਿਆ ਤਾਂ ਹਾਰ ਕੇ ਉਨ੍ਹਾਂ ਰਿਟਰਨ ਟਿਕਟ ਭੇਜ ਕੇ ਮੁੰਡਾ ਇਸ ਉਮੀਦ ਨਾਲ ਵਾਪਸ ਬੁਲਾ ਲਿਆ ਕਿ ਕਾਲਜ ਵਿੱਚ ਤਿੰਨ ਮਹੀਨੇ ਦੀਆਂ ਛੁੱਟੀਆਂ ਹਨ, ਚਲੋ ਇੰਡੀਆ ਆਉਣ ਨਾਲ ਇਸ ਦਾ ਥੋੜ੍ਹਾ ਮਹੌਲ ਬਦਲ ਜਾਵੇਗਾ ਤੇ ਮੁੜ ਤਾਜ਼ਾਦਮ ਹੋ ਕੇ ਕੈਨੇਡਾ ਪਰਤ ਜਾਵੇਗਾ। ਜਦੋਂ ਕੁਨਾਲ ਘਰ ਆਇਆ ਤਾਂ ਉਨ੍ਹਾਂ ਅਕਾਲ ਪੁਰਖ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। ਇਨ੍ਹਾਂ ਕੁਝ ਮਹੀਨਿਆਂ ਵਿੱਚ ਕੁਨਾਲ ਦੀ ਮਾਨਸਿਕ ਹਾਲਤ ਇੰਨੀ ਵਿਗੜ ਗਈ ਸੀ ਕਿ ਉਹ ਹੁਣ ਪਹਿਲਾਂ ਵਾਲਾ ਕੁਨਾਲ ਲੱਗਦਾ ਹੀ ਨਹੀਂ ਸੀ। ਮਾਪਿਆਂ ਨੇ ਸ਼ੁਕਰ ਮਨਾਇਆ ਕਿ ਇਕਲੌਤਾ ਪੁੱਤਰ ਉਨ੍ਹਾਂ ਦੀ ਝੋਲੀ ਮੁੜ ਆ ਪਿਆ ਸੀ।
ਮੈਨੂੰ ਮੁੜ ਰਾਬਿੰਦਰਨਾਥ ਟੈਗੋਰ ਦੀ ਕਹਾਣੀ ‘ਹੋਮ ਕਮਿੰਗ’ ਯਾਦ ਆ ਗਈ ਸੀ ਜਿਸ ਦਾ ਮੁੱਖ ਪਾਤਰ ਸਕੇ ਮਾਮੇ ਦੇ ਘਰ ਰਹਿਣ ਲਈ ਗਿਆ ਮੁੜ ਜਿਉਂਦਾ ਜਾਗਦਾ ਘਰ ਨਹੀਂ ਸੀ ਪਰਤ ਸਕਿਆ।
ਸੰਪਰਕ: 78146-98117

