DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਵਿਦਰੋਹੀ ਬੋਲ

ਹਥਲੀ ਪੁਸਤਕ ‘ਵਿਦਰੋਹੀ ਬੋਲ’ ਵਿੱਚ ਨਕਸਲਬਾੜੀ ਲਹਿਰ ਦੇ ਦੌਰ ਦੀ ਚੋਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ ਨੂੰ ਪ੍ਰਸਿੱਧ ਪੱਤਰਕਾਰ ਅਤੇ ਸ਼ਾਇਰ ਡਾ. ਮੇਘਾ ਸਿੰਘ ਨੇ ਸੰਪਾਦਿਤ ਕੀਤਾ ਹੈ। ਇਸ 464 ਪੰਨਿਆਂ ਦੀ ਪੁਸਤਕ ਨੂੰ ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ...

  • fb
  • twitter
  • whatsapp
  • whatsapp
Advertisement

ਹਥਲੀ ਪੁਸਤਕ ‘ਵਿਦਰੋਹੀ ਬੋਲ’ ਵਿੱਚ ਨਕਸਲਬਾੜੀ ਲਹਿਰ ਦੇ ਦੌਰ ਦੀ ਚੋਣਵੀਂ ਜੁਝਾਰਵਾਦੀ ਪੰਜਾਬੀ ਕਵਿਤਾ ਨੂੰ ਪ੍ਰਸਿੱਧ ਪੱਤਰਕਾਰ ਅਤੇ ਸ਼ਾਇਰ ਡਾ. ਮੇਘਾ ਸਿੰਘ ਨੇ ਸੰਪਾਦਿਤ ਕੀਤਾ ਹੈ। ਇਸ 464 ਪੰਨਿਆਂ ਦੀ ਪੁਸਤਕ ਨੂੰ ਤਰਕਭਾਰਤੀ ਪ੍ਰਕਾਸ਼ਨ, ਬਰਨਾਲਾ ਨੇ ਪ੍ਰਕਾਸ਼ਿਤ ਕੀਤਾ ਹੈ। ਇਸ ਵਿੱਚ 113 ਕਵੀਆਂ ਦੀਆਂ 390 ਚੋਣਵੀਆਂ ਕਾਵਿ ਰਚਨਾਵਾਂ ਸ਼ਾਮਿਲ ਹਨ। ਇਨ੍ਹਾਂ ਵਿੱਚ ਤੁਕਾਂਤਬੱਧ ਤੇ ਖੁੱਲ੍ਹੀਆਂ ਕਵਿਤਾਵਾਂ, ਗ਼ਜ਼ਲ ਅਤੇ ਗੀਤ ਰੂਪਾਕਾਰਾਂ ਵਿੱਚ ਲਿਖਿਆ ਕਾਵਿ ਸ਼ਾਮਿਲ ਹੈ। ਸੰਪਾਦਕ ਨੇ ਬਿਨਾਂ ਕਿਸੇ ਪੱਖਪਾਤ ਤੇ ਸੰਕੀਰਨਤਾ ਤੋਂ ਇਸ ਲਹਿਰ ਦੀ ਸਿਆਸੀ ਚੇਤਨਾ, ਇਸ ਦੇ ਮਕਸਦਾਂ, ਸਰਗਰਮੀਆਂ, ਵੰਗਾਰਾਂ, ਕੁਰਬਾਨੀਆਂ ਅਤੇ ਭਖ਼ਦੇ ਮਸਲਿਆਂ ਪ੍ਰਤੀ ਜੁਝਾਰੂ ਇਨਕਲਾਬੀ ਨਜ਼ਰੀਏ ਤੋਂ ਲਿਖੀਆਂ ਰਚਨਾਵਾਂ ਨੂੰ ਚੁਣਿਆ ਹੈ। ਪੁਸਤਕ ਦੀ ਪਹਿਲੀ ਕਵਿਤਾ ਓਮ ਪ੍ਰਕਾਸ਼ ਸ਼ਰਮਾ ਦੀ ‘ਮੇਰੇ ਪਰਦੇਸੀਆ ਯਾਰਾ’, ਜੋ ਕੈਨੇਡਾ ਗਏ ਇੱਕ ਦੋਸਤ ਦੇ ਨਾਂ ਹੈ, ਇਨ੍ਹਾਂ ਸ਼ਬਦਾਂ ਨਾਲ ਸ਼ੁਰੂ ਹੁੰਦੀ ਹੈ, ‘ਗਾਥਾ ਇੱਕ ਦੋਸਤ ਦੀ ਨਹੀਂ/ ਗਾਥਾ ਇੱਕ ਦੇਸ਼ ਦੀ ਹੈ।’ ਇਹ ਪੁਸਤਕ ਵਰਿਆਮ ਸਿੰਘ ਸੰਧੂ ਦੇ ਮਨ-ਟੁੰਬਵੇਂ ਬੋਲਾਂ ਨਾਲ ਖ਼ਤਮ ਹੁੰਦੀ ਹੈ: ‘ਸਾਡੀ ਹਿੱਕ ਨੂੰ ਲਿਤਾੜਦੇ ਜਹਾਜ਼ ਇੱਕ ਦਿਨ/ ਡੁੱਬ ਜਾਣੇ ਜਦੋਂ ਉੱਠਿਆ ਤੂਫ਼ਾਨ ਹਾਣੀਆ।’

ਇਸ ਪੁਸਤਕ ਦੀ ਇੱਕ ਵੱਡੀ ਖ਼ੂਬੀ ਇਹ ਹੈ ਕਿ ਸੰਪਾਦਕ ਨੇ ਨਕਸਲਬਾੜੀ ਲਹਿਰ ਦੇ ਪ੍ਰਭਾਵ ਅਧੀਨ ਰਚੀ ਗਈ ਕਵਿਤਾ ਨੂੰ ਉਸ ਦੇ ਨਿੱਗਰ ਇਤਿਹਾਸਕ ਸੰਦਰਭ ਵਿੱਚ ਸਮਝ ਕੇ ਇਸ ਦਾ ਕਾਲ ਖੰਡ 1968 ਤੋਂ 1982 ਤੱਕ ਦੇ ਡੇਢ ਦਹਾਕੇ ਨੂੰ ਨਿਸ਼ਚਿਤ ਕੀਤਾ ਹੈ। ਇਸੇ ਸਮੇਂ ਦੌਰਾਨ ਰਚੀ ਗਈ ਨਕਸਲਬਾੜੀ ਲਹਿਰ ਤੋਂ ਪ੍ਰਭਾਵਿਤ ਹੋ ਕੇ ਲਿਖੀ ਕਵਿਤਾ ਨੂੰ ਇਸ ਪੁਸਤਕ ਵਿੱਚ ਸ਼ਾਮਿਲ ਕੀਤਾ ਹੈ। ਪੰਜਾਬੀ ਕਵਿਤਾ ਦੀਆਂ ਧਾਰਾਵਾਂ/ਪ੍ਰਵਿਰਤੀਆਂ ਦੀ ਇਤਿਹਾਸਕ ਵਿਚਾਰਧਾਰਕ ਦ੍ਰਿਸ਼ਟੀ ਤੋਂ ਸਮਝ, ਪਰਖ ਅਤੇ ਨਿਖੇੜੇ ਦਾ ਇਹ ਇੱਕ ਅਹਿਮ ਸੂਤਰ ਹੈ। ਸੰਪਾਦਕ ਨੇ ਇਹ ਸਪੱਸ਼ਟ ਕੀਤਾ ਹੈ ਕਿ ਉਸ ਦੀ ਮਨਸ਼ਾ ਤਾਂ ਸ਼ਾਮਲ ਕਵੀਆਂ ਦੀ ਜਨਮ ਤਰੀਕ ਦੇ ਕ੍ਰਮ ਮੁਤਾਬਿਕ ਰਚਨਾਵਾਂ ਨੂੰ ਤਰਤੀਬ ਦੇਣ ਦੀ ਸੀ, ਪਰ ਕੁਝ ਸ਼ਾਮਿਲ ਕਵੀਆਂ ਦੀ ਜਨਮ ਤਰੀਕ ਨਾ ਮਿਲ ਸਕਣ ਕਰਕੇ ਇਹ ਤਰਤੀਬ ਪੰਜਾਬੀ ਵਰਣਮਾਲਾ ਦੇ ਅੱਖਰ ਕ੍ਰਮ ਅਨੁਸਾਰ ਰੱਖੀ ਗਈ।

Advertisement

ਇਸ ਪੁਸਤਕ ਦੇ ਗਹਿਨ-ਗੰਭੀਰ ਅਧਿਐਨ ਉਪਰੰਤ ਇਹ ਸਪੱਸ਼ਟ ਹੁੰਦਾ ਹੈ ਕਿ ਸੰਪਾਦਕ ਨੇ ਲੱਗਦੀ ਵਾਹ ਪੰਜਾਬੀ ਦੀ ਜੁਝਾਰਵਾਦੀ ਕਵਿਤਾ ਨੂੰ ਬਹੁਤ ਮਿਹਨਤ ਲਗਨ ਅਤੇ ਵਿਚਾਰਧਾਰਕ ਸਪੱਸ਼ਟਤਾ ਨਾਲ ਚੁਣ ਕੇ ਸੰਪਾਦਿਤ ਕੀਤਾ ਹੈ। ਇਸ ਚੋਣ ਦਾ ਮੁੱਖ ਆਧਾਰ ਜੁਝਾਰਵਾਦੀ ਚੇਤਨਾ ਸੰਵੇਦਨਾ ਅਤੇ ਇਸ ਪ੍ਰਤੀ ਨਿੱਗਰ ਲਗਾਅ ਹੈ। ਕਵਿਤਾ ਦੇ ਮਿਆਰ ਬਾਰੇ ਕਿੰਤੂ ਪ੍ਰੰਤੂ ਹੋ ਸਕਦਾ ਹੈ, ਪਰ ਇਸ ਦੇ ਲੋਕ ਹਿਤੈਸ਼ੀ ਮੂਲ ਭਾਵ ਤੇ ਜੀਵਨ ਦ੍ਰਿਸ਼ਟੀ ਦੇ ਇਨਕਲਾਬੀ ਖ਼ਾਸੇ ਬਾਰੇ ਕੋਈ ਸੰਦੇਹ ਨਹੀਂ। ਹਾਲਾਂਕਿ ਇਸ ਲਹਿਰ ਦੀ ਸਿਆਸੀ ਦ੍ਰਿਸ਼ਟੀ ਬਾਰੇ ਭਾਰਤੀ ਨਿੱਗਰ ਸਰਬਕਾਲੀ ਅਤੇ ਦੀਰਘਕਾਲੀ ਪਾਸਾਰਾਂ, ਆਧਾਰਾਂ ਅਤੇ ਸੰਭਾਵਨਾਵਾਂ ਤਹਿਤ ਭਖਵੀਂ ਬਹਿਸ ਦੀ ਹੁਣ ਵੀ ਜ਼ਰੂਰਤ ਹੈ। ਸੰਪਾਦਕ ਦਾ ਰਚਨਾਵਾਂ ਚੁਣਨ ਦਾ ਵਿਸ਼ੇਸ਼ ਮਕਸਦ ਤੇ ਟੀਚਾ ਸਮਰਪਣ ਦੇ ਇਨ੍ਹਾਂ ਸ਼ਬਦਾਂ ਰਾਹੀਂ ਬਿਲਕੁਲ ਸਪੱਸ਼ਟ ਹੋ ਜਾਂਦਾ ਹੈ, “ਪੰਜਾਬੀ ਦੇ ਉਨ੍ਹਾਂ ਲੋਕ ਪੱਖੀ ਕਵੀਆਂ ਨੂੰ, ਜਿਨ੍ਹਾਂ ਜਬਰ ਜ਼ੁਲਮ ਦੇ ਦੌਰ ਵਿੱਚ ਵੀ ਦੱਬੇ ਕੁਚਲੇ ਲੋਕਾਂ ਦੇ ਹੱਕਾਂ ਅਤੇ ਹਿੱਤਾਂ ਅਤੇ ਜਮਾਤ ਰਹਿਤ ਬਰਾਬਰੀ ਵਾਲੇ ਸਮਾਜ ਦੀ ਸਿਰਜਣਾ ਲਈ ਲੋਕ-ਪੱਖੀ ਕਾਵਿ ਪਰੰਪਰਾ ਨੂੰ ਜਾਰੀ ਰੱਖਦਿਆਂ ਕਾਵਿ ਰਚਨਾ ਕੀਤੀ।”

Advertisement

ਇਸ ਪੁਸਤਕ ਦੀ ਖ਼ਾਸੀਅਤ ਇਹ ਹੈ ਕਿ ਸੰਪਾਦਕ ਨੇ ਪੁਸਤਕ ਦੇ ਅੰਤ ਉੱਤੇ ਸ਼ਾਮਿਲ ਕਵੀਆਂ ਦੀ ਸੰਖੇਪ ਜਾਣਕਾਰੀ ਸਾਂਝੀ ਕੀਤੀ ਹੈ। ਇਸ ਤੋਂ ਬਾਅਦ ਸਹਾਇਕ ਪੁਸਤਕ ਸੂਚੀ ਦਿੱਤੀ ਹੈ, ਜੋ ਇਸ ਲਹਿਰ ਨਾਲ ਸੰਬੰਧਿਤ ਮੂਲ ਸਰੋਤਾਂ ਬਾਰੇ ਪ੍ਰਮਾਣਿਕ ਜਾਣਕਾਰੀ ਹੈ। ਇਹ ਦੋਵੇਂ ਜਾਣਕਾਰੀਆਂ ਸੰਪਾਦਕ ਦੀ ਪ੍ਰਬੁੱਧ ਦ੍ਰਿਸ਼ਟੀ ਤੇ ਪਾਠਕਾਂ ਦੀ ਮੁੱਢਲੀ ਜ਼ਰੂਰਤ ਪ੍ਰਤੀ ਚੌਕਸ ਤੇ ਪ੍ਰਤੀਬੱਧ ਹੋਣ ਦੀਆਂ ਜ਼ਾਮਨ ਹਨ।

ਕਾਵਿ ਰਚਨਾਵਾਂ ਚੁਣਨ ਪਿੱਛੇ ਡਾ. ਮੇਘਾ ਸਿੰਘ ਦੀ ਮੂਲ ਦ੍ਰਿਸ਼ਟੀ ਉਹਨਾਂ ਰਚਨਾਵਾਂ ਦੇ ਅੰਦਰ ਰਮੀ ਹੋਈ ਕ੍ਰਾਂਤੀਕਾਰੀ ਚੇਤਨਾ ਉਤੇ ਆਧਾਰਿਤ ਹੈ। ਉਸ ਨੇ ਭਾਰਤ ਦੀ ਖੱਬੇ-ਪੱਖੀ ਲਹਿਰ ਦਾ ਸੰਖੇਪ ਜਿਹਾ ਨੋਟਿਸ ਤਾਂ ਲਿਆ ਹੈ, ਇਸਦੇ ਅੰਤਰੀਵ ਅਤੇ ਬਾਹਰੀ ਵਿਆਪਕ ਵਿਰੋਧਾਂ ਅਤੇ ਅੰਤਰ-ਵਿਰੋਧਾਂ ਨੂੰ ਨੋਟ ਵੀ ਕੀਤਾ ਹੈ ਅਤੇ ਇੱਕ ਪੱਧਰ ’ਤੇ ਨਕਸਲਬਾੜੀ ਲਹਿਰ ਦੀ ਉੱਚਤਾ ਨੂੰ ਉਭਾਰਿਆ ਵੀ ਹੈ, ਪਰ ਉਸ ਨੇ ਨਕਸਲਬਾੜੀ ਲਹਿਰ ਦੇ ਅੰਦਰ ਤੇ ਬਾਹਰ ਹੋਈਆਂ ਸਿੰਗ ਫਸਾਊ ਬਹਿਸਾਂ, ਮਨਭਾਉਂਦੇ ਵਿਚਾਰਧਾਰਕ ਮੱਤਭੇਦਾਂ, ਬਣੇ ਨਿੱਕੇ ਵੱਡੇ ਧੜਿਆਂ ਦੇ ਪ੍ਰਸਪਰ ਰਾਜਸੀ ਸਮਾਜਿਕ ਆਦਿ ਮੁੱਦਿਆਂ ਦੇ ਬਖੇੜੇ ਪ੍ਰਤੀ ਖ਼ੁਦ ਸੰਤੁਲਿਤ ਪਹੁੰਚ ਅਪਣਾਈ ਹੈ। ਗੁੱਟਬੰਦੀਆਂ ਤੇ ਖੱਬੇਪੱਖੀ ਸਵੈ-ਉਚਿਤਾਵਾਦੀ ਜਿੱਲ੍ਹਣ ਵਿਚ ਨਹੀਂ ਵੜਿਆ ਤੇ ਨਾ ਹੀ ਨਿਰੋਲ ਨਾਂਹ-ਪੱਖੀ ਰਵੱਈਏ ਨੂੰ ਅਪਣਾਇਆ ਹੈ। ਆਪਣਾ ਫੋਕਸ ਰਚੀ ਗਈ ਪੰਜਾਬੀ ਕਵਿਤਾ ਦੇ ਕ੍ਰਾਂਤੀਕਾਰੀ ਉਚਾਰ ਉਤੇ ਰੱਖਿਆ ਹੈ।

ਇਸ ਪੁਸਤਕ ਵਿੱਚ ਸ਼ਾਮਲ ਕੀਤੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਵਾਰ-ਵਾਰ ਇਹ ਅਹਿਸਾਸ ਹੁੰਦਾ ਹੈ ਕਿ ਇਹਨਾਂ ਕਵੀਆਂ ਨੇ ਪੂਰਬਲੀ ਪ੍ਰਗਤੀਵਾਦੀ, ਪ੍ਰਯੋਗਵਾਦੀ ਕਵਿਤਾ ਤੋਂ ਵਿੱਥ ਥਾਪ ਕੇ ਨਕਸਲਬਾੜੀ ਲਹਿਰ ਦੇ ਮੂਲ ਸੁਭਾਅ ਮੁਤਾਬਕ ਨਾ ਸਿਰਫ ਕ੍ਰਾਂਤੀਕਾਰੀ ਜੁਝਾਰੂ ਮੁਕਤੀ ਮਾਰਗ ਨੂੰ ਕੇਂਦਰੀ ਸਥਾਨ ਦਿੱਤਾ ਹੈ, ਨਾਲ ਹੀ ਇਸੇ ਦ੍ਰਿਸ਼ਟੀ ਤੋਂ ਸਾਡੀ ਸਮਾਜਿਕ ਆਰਥਿਕ ਰਾਜਨੀਤਿਕ ਸਥਿਤੀ ਅਤੇ ਪ੍ਰਸਥਿਤੀਆਂ ਵਿਚੋਂ ਆਮ ਲੋਕਾਈ ਦੇ ਨਿੱਗਰ ਤਲਖ਼ ਅਨੁਭਵਾਂ ਤੇ ਕ੍ਰਾਂਤੀਕਾਰੀ ਬੋਲਾਂ ਨੂੰ ਵੰਗਾਰਵੇਂ ਕਾਵਿਕ ਲਹਿਜੇ ਵਿਚ ਮੌਲਿਕ ਮੈਟਾਫਰਾਂ ਤੇ ਪ੍ਰਭਾਵੀ ਕਾਵਿ ਬਿੰਬਾਂ ਰਾਹੀਂ ਪੁਨਰ-ਸਿਰਜਿਤ ਕੀਤਾ ਹੈ। ਮੌਲਿਕ ਅੰਤਰ-ਦ੍ਰਿਸ਼ਟੀਆਂ ਨੂੰ ਉਭਾਰਿਆ ਹੈ। ਇਹ ਅਹਿਮ ਨੁਕਤਾ ਹੈ ਕਿ ਇਸ ਕਵਿਤਾ ਵਿੱਚ ਭਗਤ ਸਿੰਘ ਦੀ ਕਤਾਰ ਵਿੱਚ ਨਕਸਲਬਾੜੀ ਲਹਿਰ ਦੇ ਸਰਗਰਮ ਨੇਤਾਵਾਂ, ਪ੍ਰਮੁੱਖ ਘਟਨਾਵਾਂ, ਸਟੇਟ ਜ਼ੁਲਮਾਂ ਤੇ ਨਕਸਲੀ ਨੇਤਾਵਾਂ ਦੀਆਂ ਕੁਰਬਾਨੀਆਂ ਨੂੰ ਜੋੜ ਕੇ ਇਕ ਅਗਲਾ ਇਤਿਹਾਸਕ ਅਧਿਆਇ ਸਿਰਜਣ ਦਾ ਯਤਨ ਕੀਤਾ ਗਿਆ ਹੈ। ਇਸ ਕਵਿਤਾ ਵਿੱਚ ਕੁਝ ਘਟਨਾਵਾਂ ਅਤੇ ਕੁਰਬਾਨੀ ਦੇਣ ਵਾਲੇ ਕਈ ਨਾਇਕਾਂ ਦਾ ਵਾਰ-ਵਾਰ ਜ਼ਿਕਰ ਇਹੀ ਦਰਸਾਉਂਦਾ ਹੈ। ਇਨ੍ਹਾਂ ਕਵੀਆਂ ਦਾ ਅਹਿਮ ਪ੍ਰੇਰਨਾ ਸਰੋਤ ਪਹਿਲੀ ਤੇ ਸਮਕਾਲੀ ਦੌਰ ਦੀ ਕਵਿਤਾ ਤੋਂ ਵੱਖਰਾ ਹੈ। ਭਗਤ ਸਿੰਘ ਤੋਂ ਅੱਗੇ ਉਹ ਬਾਬਾ ਬੂਝਾ ਸਿੰਘ, ਮਰਗਿੰਦ, ਜੈਮਲ ਸਿੰਘ ਪੱਡਾ, ਵਿਦਿਆਰਥੀ ਨੇਤਾ ਪ੍ਰਿਥੀਪਾਲ ਸਿੰਘ, ਮੋਗਾ ਕਾਂਡ ਦੇ ਸ਼ਹੀਦ ਹਰਜੀਤ ਤੇ ਸਵਰਨਾ, ਕਾਲਾ ਸੰਘਿਆਂ ਘੋਲ ’ਚ ਮਾਰ ਦਿਤੇ ਗਏ ਤਰਸੇਮ, ਦੀਪਾ, ਤੇਜ ਆਦਿ ਨੂੰ ਇਹ ਸ਼ਾਇਰ ਰੋਹ ਭਰੇ ਮਾਣ ਨਾਲ ਯਾਦ ਕਰਦੇ ਹਨ।

ਡਾ. ਮੇਘਾ ਸਿੰਘ ਨੇ ਇਹ ਵਿਸ਼ੇਸ਼ ਦਿਲਚਸਪੀ ਦਿਖਾਈ ਹੈ ਕਿ ਉਹ ਇਸ ਕਵਿਤਾ ਦੇ ਲੋਕ-ਪੱਖੀ ਜਜ਼ਬੇ ਤੇ ਇਨਕਲਾਬੀ ਚੇਤਨਾ ਨੂੰ ਪੇਸ਼ ਕਰਨ ਵਾਲੀਆਂ ਕਾਵਿ-ਰਚਨਾਵਾਂ ਨੂੰ ਹੀ ਇਸ ਪੁਸਤਕ ਵਿੱਚ ਸ਼ਾਮਲ ਕਰੇ। ਚਾਹੇ ਉਸ ਕਵੀ ਦੀ ਸਾਰੀ ਕਵਿਤਾ ਇਸੇ ਹੱਦਬੰਦੀ ਤੋਂ ਬਾਹਰ ਦੀ ਵੀ ਹੋਵੇ। ਮੈਨੂੰ ਵਾਹਵਾ ਹੈਰਾਨੀ ਤੇ ਕੁਝ ਖੁਸ਼ੀ ਹੋਈ, ਜਦੋਂ ਮੈਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਪੜ੍ਹੀ। ਸੁਖਬੀਰ, ਰਾਮ ਸਰੂਪ ਅਣਖੀ, ਮੋਹਨਜੀਤ, ਪ੍ਰਮਿੰਦਰਜੀਤ, ਗੁਰਭਜਨ ਗਿੱਲ, ਜਸਵਿੰਦਰ ਦੀਆਂ ਰਚਨਾਵਾਂ ਸ਼ਾਮਲ ਕਰਕੇ ਡਾ. ਮੇਘਾ ਸਿੰਘ ਨੇ ਨਿਰੋਲ ਸੰਕੀਰਣ ਸਿਆਸੀ ਪਹੁੰਚ ਨੂੰ ਉਲੰਘ ਆਪਣੀ ਵਿਸ਼ਾਲ ਮਾਨਵਵਾਦੀ ਸਭਿਆਚਾਰਕ ਤੇ ਸਹੀ ਸਿਆਸੀ ਸਮਝਦਾਰੀ ਦਾ ਪ੍ਰਮਾਣ ਪੇਸ਼ ਕੀਤਾ ਹੈ। ਇਸ ਪੁਸਤਕ ਵਿਚ ਪੰਜਾਬੀ ਦੇ ਕਈ ਅਣਗੌਲੇ ਕਵੀਆਂ ਨੂੰ ਸ਼ਾਮਲ ਕਰਨਾ ਕਾਬਿਲੇ-ਤਾਰੀਫ ਹੈ, ਜਿਵੇਂ ਗੁਰਦਾਸ ਰਾਮ ਆਲਮ, ਫਤਿਹਜੀਤ, ਗੁਰਦੀਪ ਗਰੇਵਾਲ, ਪ੍ਰੋ. ਹਰਭਜਨ ਸਿੰਘ ਤੇ ਕਈ ਹੋਰ।

ਪ੍ਰਸਿੱਧ ਕਵੀ ਤਾਂ ਖ਼ੈਰ ਸ਼ਾਮਲ ਹਨ ਹੀ। ਇਹੀ ਕਾਰਨ ਹੈ ਕਿ ਇਹ ਪੁਸਤਕ ਪੰਜਾਬੀ ਦੀ ਜੁਝਾਰਵਾਦੀ ਕਵਿਤਾ ਦਾ ਇੱਕ ਵਿਸਤ੍ਰਿਤ ਪ੍ਰਮਾਣਿਤ ਤੇ ਪ੍ਰਤੀਨਿਧ ਦਸਤਾਵੇਜ਼ ਕਹੀ ਜਾ ਸਕਦੀ ਹੈ। ਕੁਝ ਕਵਿਤਾਵਾਂ ਦੇ ਕਲਾਤਮਕ ਮਿਆਰਾਂ ਬਾਰੇ ਨਕਸਲਬਾੜੀ ਲਹਿਰ ਦੇ ਦਾਰਸ਼ਨਿਕ, ਰਾਜਨੀਤਿਕ, ਵਿਚਾਰਧਾਰਕ, ਨੀਤੀਗਤ ਪਹਿਲੂਆਂ, ਕਾਰਜਾਂ ਤੇ ਆਚਰਨਾਂ ਦੇ ਪਸਾਰਾਂ ਤੇ ਪੱਖਾਂ ਉਪਰ ਸੰਵਾਦ ਹੁੰਦਾ ਆ ਰਿਹਾ ਹੈ ਤੇ ਹੁੰਦਾ ਰਹੇਗਾ। ਨਿਸ਼ਚੇ ਹੀ ਇਹ ਪੁਸਤਕ ਡਾ. ਮੇਘਾ ਸਿੰਘ ਦੀ ਲੰਬੀ ਘਾਲਣਾ, ਸੁਹਿਰਦ ਪ੍ਰਤੀਬੱਧਤਾ ਅਤੇ ਲੋਕਾਈ ਦੀ ਸਮੂਹਿਕ ਮਾਨਵੀ ਜ਼ਿੰਦਗੀ ਦੇ ਹਮਵਾਰ ਖੁਸ਼ਗਵਾਰ ਤਸੱਵਰਾਂ ਪ੍ਰਤੀ ਗੂੜ੍ਹੇ ਲਗਾਓ ਦੀ ਜ਼ਾਮਨ ਹੈ। ‘ਵਿਦਰੋਹੀ ਬੋਲ' ਇਕ ਮੁੱਲਵਾਨ ਪੁਸਤਕ ਹੈ।

ਸੰਪਰਕ: 98728-60245

Advertisement
×