DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਡਾ. ਇਕਬਾਲ ਦੀ ‘ਬਾਲਿ ਜਿਬਰੀਲ’ ਪੜ੍ਹਦਿਆਂ

ਉਰਦੂ ਸ਼ਾਇਰੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਨਾਮਵਰ ਸ਼ਾਇਰਾਂ ਵਿੱਚ ਅੱਲਾਮਾ ਮੁਹੰਮਦ ਇਕਬਾਲ ਵੀ ਸ਼ੁਮਾਰ ਹਨ। ਹਰ ਕੋਈ ਉਨ੍ਹਾਂ ਦੇ ਸ਼ਿਅਰਾਂ ਨੂੰ ਲੋੜ ਅਨੁਸਾਰ ਪੇਸ਼ ਕਰ ਕੇ ਗੌਰਵ ਮਹਿਸੂਸ ਕਰਦਾ ਹੈ। ਇਕਬਾਲ ਦੀ ਕਾਵਿ ਰਚਨਾ ‘ਬਾਲਿ ਜਿਬਰੀਲ’ ਬਹੁਤ ਮਕਬੂਲ ਹੈ।...

  • fb
  • twitter
  • whatsapp
  • whatsapp
Advertisement

ਉਰਦੂ ਸ਼ਾਇਰੀ ਨੂੰ ਬੁਲੰਦੀਆਂ ’ਤੇ ਪਹੁੰਚਾਉਣ ਵਾਲੇ ਨਾਮਵਰ ਸ਼ਾਇਰਾਂ ਵਿੱਚ ਅੱਲਾਮਾ ਮੁਹੰਮਦ ਇਕਬਾਲ ਵੀ ਸ਼ੁਮਾਰ ਹਨ। ਹਰ ਕੋਈ ਉਨ੍ਹਾਂ ਦੇ ਸ਼ਿਅਰਾਂ ਨੂੰ ਲੋੜ ਅਨੁਸਾਰ ਪੇਸ਼ ਕਰ ਕੇ ਗੌਰਵ ਮਹਿਸੂਸ ਕਰਦਾ ਹੈ। ਇਕਬਾਲ ਦੀ ਕਾਵਿ ਰਚਨਾ ‘ਬਾਲਿ ਜਿਬਰੀਲ’ ਬਹੁਤ ਮਕਬੂਲ ਹੈ।

ਮੁਹੰਮਦ ਇਕਬਾਲ ਦੇ ਪੁਰਖੇ ਕਸ਼ਮੀਰ ਤੋਂ ਚੱਲ ਕੇ ਸਿਆਲਕੋਟ ਵੱਲ ਗਏ ਸਨ। ਸਪਰੂ ਗੋਤ ਦੇ ਕਸ਼ਮੀਰੀ ਬ੍ਰਾਹਮਣਾਂ ਦੇ ਪਿਛੋਕੜ ਤੋਂ ਇਸਲਾਮ ਮਤ ਧਾਰਨ ਕਰਿਆਂ ਚਾਰ ਸੌ ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਸੀ। ਸ਼ੇਖ ਨੂਰ ਮੁਹੰਮਦ ਦਾ ਛੋਟਾ ਪੁੱਤਰ ਮੁਹੰਮਦ ਇਕਬਾਲ ਸੀ, ਜਿਸ ਦਾ ਜਨਮ 1873 ਈਸਵੀ ਵਿੱਚ ਸਿਆਲਕੋਟ ’ਚ ਹੋਇਆ। ਪਿਤਾ ਨੇ ਇਕਬਾਲ ਨੂੰ ਉਰਦੂ, ਫ਼ਾਰਸੀ ਅਤੇ ਅੰਗਰੇਜ਼ੀ ਦੀ ਸਿੱਖਿਆ ਗ੍ਰਹਿਣ ਕਰਵਾਈ। ਮੌਲਵੀ ਸੱਯਦ ਮੀਰ ਹਸਨ ਆਪਣੇ ਸਮੇਂ ਦੇ ਵਿਦਵਾਨ ਅਧਿਆਪਕ ਸਨ, ਜਿਨ੍ਹਾਂ ਨੇ ਮੁਹੰਮਦ ਇਕਬਾਲ ਨੂੰ ਫ਼ਾਰਸੀ ਤੇ ਅਰਬੀ ਵਿੱਚ ਪਰਿਪੱਕ ਕੀਤਾ। ਇਸ ਦਾ ਅਹਿਸਾਨ ਮੁਹੰਮਦ ਇਕਬਾਲ ਤਾਉਮਰ ਮੰਨਦੇ ਰਹੇ। ਗੌਰਮਿੰਟ ਕਾਲਜ ਲਾਹੌਰ ’ਚ ਅੰਗਰੇਜ਼ ਪ੍ਰੋਫੈਸਰ ਮਿਸਟਰ ਆਰਨਲਡ ਤੋਂ ਬੀ ਏ ਵਿੱਚ ਫਿਲਾਸਫ਼ੀ ਵਿਸ਼ਾ ਪੜ੍ਹਿਆ। ਅਰਬੀ ਤੇ ਅੰਗਰੇਜ਼ੀ ’ਚ ਅੱਵਲ ਰਹਿਣ ਕਰਕੇ ਦੋ ਸੋਨੇ ਦੇ ਤਗ਼ਮੇ ਹਾਸਲ ਕੀਤੇ। ਐੱਮ ਏ ਦੀ ਪ੍ਰੀਖਿਆ ’ਚ ਵੀ ਚੰਗੇ ਨੰਬਰ ਹਾਸਲ ਕਰਕੇ ਸੋਨੇ ਦਾ ਤਗ਼ਮਾ ਪ੍ਰਾਪਤ ਕੀਤਾ। ਤੀਖਣ ਬੁੱਧੀ ਤੇ ਮਿਹਨਤੀ ਹੋਣ ਕਾਰਨ ਮੁਹੰਮਦ ਇਕਬਾਲ ਦੀ ਪੈਂਠ ਬਣੀ ਰਹੀ। ਲਾਹੌਰ ਵਿੱਚ ਉਰਦੂ ਦੇ ਮੁਸ਼ਾਇਰਿਆਂ ’ਚ ਸ਼ਿਰਕਤ ਕਰਨ ਕਰਕੇ ਇਕਬਾਲ ਦਾ ਨਾਂ ਚਮਕ ਉੱਠਿਆ। ਉਨ੍ਹਾਂ ਦੀਆਂ ਦੋ ਨਜ਼ਮਾਂ ‘ਕੋਹ ਹਿਮਾਲਾ’ ਅਤੇ ‘ਹਿੰਦੁਸਤਾਨ ਹਮਾਰਾ’ ਬਹੁਤ ਲੋਕ ਚਰਚਿਤ ਹੋਈਆਂ ਤੇ ਉਨ੍ਹਾਂ ਦਾ ਨਾਂ ਚੋਟੀ ਦੇ ਸ਼ਾਇਰਾਂ ਵਿੱਚ ਗਿਣਿਆ ਜਾਣ ਲੱਗਾ। ਬਾਈ ਸਾਲ ਦੀ ਉਮਰੇ ਸ਼ਿਅਰ ਪੜ੍ਹਦਿਆਂ ਦੇਖ ਕੇ ਉਸ ਸਮੇਂ ਦੇ ਪ੍ਰਸਿੱਧ ਸ਼ਾਇਰ ਮਿਰਜ਼ਾ ਅਰਸ਼ਦ ਗੋਰਮਾਨੀ ਨੇ ਉਨ੍ਹਾਂ ਨੂੰ ਕਾਬਿਲ-ਏ-ਤਾਰੀਫ਼ ਸਮਝਿਆ। ਇਹ ਦੌਰ ਲਾਹੌਰ ’ਚ ਉਰਦੂ ਦੀ ਸ਼ਾਇਰੀ ਦਾ ਸਿਖ਼ਰ ਸੀ ਤੇ ਮੁਹੰਮਦ ਇਕਬਾਲ ਨੂੰ ਸੁਣਨ ਲਈ ਸਰੋਤੇ ਬਿਹਬਲ ਹੁੰਦੇ ਸਨ। ਉਨ੍ਹਾਂ ਦੀ ਸੰਜੀਦਗੀ ਹੀ ਉਨ੍ਹਾਂ ਦੀ ਸ਼ੈਲੀ ਸੀ।

Advertisement

ਸ਼ੁਰੂ ਤੋਂ ਹੀ ਇਕਬਾਲ ਸਾਧਾਰਨ ਤੇ ਧਾਰਮਿਕ ਜੀਵਨ ਨੂੰ ਤਰਜੀਹ ਦੇਣ ਵਾਲੇ ਸਨ। ਸਲਵਾਰ, ਕੁੜਤਾ ਤੇ ਸਾਫ਼ਾ ਉਨ੍ਹਾਂ ਦੀ ਪੋਸ਼ਾਕ ਹੁੰਦੀ ਸੀ। ਵਿਦਿਆਰਥੀ ਜੀਵਨ ਵਿੱਚ ਵੀ ਸਵੇਰੇ ਉੱਠ ਕੇ ਨਮਾਜ਼ ਪੜ੍ਹਦੇ ਤੇ ਫਿਰ ਕੁਰਾਨ ਸ਼ਰੀਫ਼ ਦੀ ਉੱਚੀ ਆਵਾਜ਼ ਵਿੱਚ ਤਲਾਵਤ ਕਰਦੇ ਸਨ। ਵਲਾਇਤ ਜਾ ਕੇ ਅੰਗਰੇਜ਼ੀ ਕੱਪੜੇ ਵੀ ਪਹਿਨੇ, ਪਰ ਵਤਨ ਪਰਤ ਕੇ ਸਲਵਾਰ, ਕਮੀਜ਼, ਫਰਾਕ ਕੋਟ ਨਾਲ ਤੁਰਕੀ ਟੋਪੀ ਪਹਿਨਦੇ ਰਹੇ। ਸਾਲ 1905 ’ਚ ਇੰਗਲੈਂਡ ਦੀ ਕੈਂਬਰਿਜ ਯੂਨੀਵਰਸਿਟੀ ਤੋਂ ਫਿਲਾਸਫ਼ੀ ਦੀ ਉਚੇਰੀ ਸਿਖਿਆ ਹਾਸਲ ਕੀਤੀ। ਉਨ੍ਹਾਂ ਨੇ ਇਰਾਨ ਦੇ ਫਲਸਫ਼ੇ ਬਾਰੇ ਇੱਕ ਪੁਸਤਕ ਲਿਖੀ, ਜਿਸ ’ਤੇ ਜਰਮਨੀ ਦੀ ਮਿਊਨਿਖ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਪੀਐੱਚ ਡੀ ਦੀ ਡਿਗਰੀ ਦਿੱਤੀ। ਇੰਗਲੈਂਡ ਦੀ ਲੰਡਨ ਯੂਨੀਵਰਸਿਟੀ ’ਚ ਛੇ ਮਹੀਨੇ ਅਰਬੀ ਪੜ੍ਹਾਈ। ਇੰਗਲੈਂਡ ਤੋਂ ਪਰਤ ਕੇ ਗੌਰਮਿੰਟ ਕਾਲਜ ਲਾਹੌਰ ’ਚ ਪੰਜ ਸੌ ਰੁਪਏ ਤਨਖ਼ਾਹ ’ਤੇ ਪੜ੍ਹਾਇਆ। ਇੱਥੇ ਮੁਹੰਮਦ ਇਕਬਾਲ ਨੇ ਫ਼ਾਰਸੀ ਵਿੱਚ ਨਜ਼ਮਾਂ ਲਿਖਣ ਵੱਲ ਵਧੇਰੇ ਧਿਆਨ ਲਾਇਆ। ਉਰਦੂ ਨਾਲੋਂ ਫ਼ਾਰਸੀ ਦਾ ਘੇਰਾ ਵਿਸ਼ਾਲ ਹੋਣ ਕਰਕੇ ਉਨ੍ਹਾਂ ਨੇ ਫ਼ਾਰਸੀ ਕਲਾਮ ਲਿਖਣ ਨੂੰ ਤਰਜੀਹ ਦਿੱਤੀ। ‘ਬਾਲਿ ਜਿਬਰੀਲ’ ਉਨ੍ਹਾਂ ਦੀ ਉੱਤਮ ਸ਼ਾਇਰੀ ਦਾ ਸਿਖ਼ਰ ਮੰਨੀ ਜਾਂਦੀ ਹੈ। ਕਾਲਜ ਦੀ ਪ੍ਰੋਫੈਸਰੀ ਤੋਂ ਅਸਤੀਫ਼ਾ ਦੇ ਕੇ ਉਨ੍ਹਾਂ ਵਕਾਲਤ ਕਰਨ ਵੱਲ ਧਿਆਨ ਦਿੱਤਾ, ਪਰ ਇਹ ਕਿੱਤਾ ਸਿਰਫ਼ ਰੋਟੀ-ਰੋਜ਼ੀ ਲਈ ਹੀ ਕੀਤਾ। ਪਹਿਲੀ ਆਲਮੀ ਜੰਗ ਨੇ ਇਕਬਾਲ ਨੂੰ ਬੜਾ ਬੇਚੈਨ ਕੀਤਾ। ਇਸ ਦੌਰ ਦੀਆਂ ਦੋ ਨਜ਼ਮਾਂ ‘ਅਸਰਾਰੇ ਖ਼ੁਦੀ’ ਅਤੇ ‘ਰੁਮੂਜ਼ੇ ਬੇਖ਼ੁਦੀ’ ਮਨੁੱਖਤਾ ਦੀ ਵਡਿਆਈ ਦੇ ਪ੍ਰਸੰਗ ਵਿੱਚ ਲਿਖੀਆਂ। ਇਕਬਾਲ ਦਾ ਇਹ ਹੋਕਾ ਸੀ ਕਿ ਲੋਕੋ, ਆਪਣੇ ਆਪ ਨੂੰ ਪਛਾਣੋ, ਘਾਲਣਾ ਘਾਲ ਕੇ ਅੱਗੇ ਵਧੋ, ਜੀਵਨ ਨੂੰ ਮਾਣੋ, ਜੀਵਨ ਸੰਘਰਸ਼ ਦਾ ਅਖਾੜਾ ਹੈ। ਹਿੰਦੋਸਤਾਨ ਦੀ ਬਸਤੀਵਾਦੀ ਹਕੂਮਤ ਨੇ ਉਨ੍ਹਾਂ ਦੀ ਵਿਦਵਤਾ ਤੇ ਸ਼ਾਇਰੀ ਨੂੰ ਮੁੱਖ ਰੱਖਦਿਆਂ ਸੰਨ 1922 ’ਚ ‘ਸਰ’ ਦਾ ਖ਼ਿਤਾਬ ਦਿੱਤਾ। ਸਾਰੀ ਕੌਮ ਉਨ੍ਹਾਂ ਨੂੰ ‘ਅੱਲਾਮਾ ਇਕਬਾਲ’ ਕਹਿਣ ’ਚ ਮਾਣ ਸਮਝਦੀ ਸੀ। ਅੰਤਲੇ ਸਾਲਾਂ ਵਿੱਚ ਇਕਬਾਲ ਨੂੰ ਕਈ ਬਿਮਾਰੀਆਂ ਨੇ ਆ ਘੇਰਿਆ। ਇਲਾਜ ਕਰਵਾਏ। ਆਖ਼ਰ 65 ਸਾਲ ਦੀ ਉਮਰ ਭੋਗ ਕੇ 21 ਅਪਰੈਲ 1938 ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਨੂੰ ਲਾਹੌਰ ਦੀ ਸ਼ਾਹੀ ਮਸਜਿਦ ਨੇੜੇ ਦਫ਼ਨਾਇਆ ਗਿਆ। ਦੱਸਿਆ ਜਾਂਦਾ ਹੈ ਕਿ ਉਨ੍ਹਾਂ ਦੇ ਜਨਾਜ਼ੇ ’ਚ ਲਗਪਗ ਸੱਠ ਹਜ਼ਾਰ ਲੋਕ ਸ਼ਾਮਲ ਸਨ। ਉਨ੍ਹਾਂ ਦਾ ਮਸ਼ਹੂਰ ਸ਼ਿਅਰ ਹੈ:

Advertisement

ਨ: ਤਖ਼ਤੁ ਤਾਜ ਮੇਂ, ਨੈ ਲਸ਼ਕਰੋ ਸਿਪਾਹ ਮੇਂ ਹੈ,

ਜੋ ਬਾਤ ਮਰਦਿ ਕਲੰਦਰ ਕੀ ਬਾਰ-ਗਾਹ ਮੇਂ ਹੈ।

ਇੱਕ ਹੋਰ ਥਾਂ ਇਕਬਾਲ ਲਿਖਦੇ ਹਨ:

ਇਸ ਖ਼ਾਕ ਕੋ ਅੱਲਾਹ ਨੇ ਬਖਸ਼ੇ ਹੈਂ ਵੁਹ ਆਂਸੂ,

ਕਰਤੀ ਹੈ ਚਮਕ ਜਿਨ ਕੀ ਸਿਤਾਰੋਂ ਕੀ ਅਰਕ-ਨਾਕ।

ਮੁਹੱਬਤ ਦੀ ਪਾਕ-ਪਵਿੱਤਰ ਅਵਸਥਾ ਬਾਰੇ ਲਿਖਦੇ ਹਨ:

ਇਸ਼ਕ ਕੇ ਮਿਜ਼ਰਾਬ ਸੇ, ਨਗਮਇ ਤਾਰੇ ਹਯਾਤ,

ਇਸ਼ਕ ਸੇ ਨੂਰੇ ਹਯਾਤ, ਇਸ਼ਕ ਸੇ ਨਾਰੇ ਹਯਾਤ।

ਉਨ੍ਹਾਂ ਦਾ ਕਲਾਮ ਮਨੁੱਖ ਦੀ ਖ਼ੁਦੀ ਨੂੰ ਸੰਬੋਧਨ ਹੈ:

ਖ਼ੁਦੀ ਕੇ ਜ਼ੋਰ ਸੇ ਦੁਨਯਾ ਖਿ: ਛਾ ਜਾ,

ਮੁਕਾਮੇ ਰੰਗੁ ਬੂ ਕਾ ਰਾਜ਼ ਪਾ ਜਾ,

ਬਰੰਗੇ ਬਹਰ ਸਾਹਿਲ-ਆਸ਼ਨਾ ਰਹ

ਕਫ਼ੇ ਸਾਹਿਲ ਸੇ ਦਾਮਨ ਖੈਂਚਤਾ ਜਾ।

ਆਪਣੇ ਆਪ ਦੀ ਦਰਵੇਸ਼ੀ ਅਤੇ ਬੇਮੁਥਾਜੀ ਬਾਰੇ ਬਹੁਤ ਸਪੱਸ਼ਟ ਕਰਦੇ ਹੋਏ ਇਕਬਾਲ ਆਪਣੇ ਨਾਂ ਦੇ ਡੂੰਘੇ ਅਰਥ ਵੀ ਸਮਝਾ ਜਾਂਦੇ ਹਨ:

ਕਹਾਂ ਸੇ ਤੂਨੇ ਐ ‘ਇਕਬਾਲ’ ਸੀਖੀ ਹੈ ਯਿ: ਦਰਵੇਸ਼ੀ,

ਕਿ: ਚਰਚਾ ਪਾਦਸ਼ਾਹੋਂ ਮੇਂ ਹੈ ਤੇਰੀ ਬੇ-ਨਿਯਾਜ਼ੀ ਕਾ।

ਇਕਬਾਲ ਦੀ ਫ਼ਾਰਸੀ ਸ਼ਾਇਰੀ ਦਾ ਕੋਈ ਮੁਕਾਬਲਾ ਨਹੀਂ। ਉਨ੍ਹਾਂ ਕੋਲ ਡੂੰਘਾ ਅਨੁਭਵ ਅਤੇ ਚਿੰਤਨ ਸੀ। ਕਿਤੇ-ਕਿਤੇ ਉਨ੍ਹਾਂ ਦੀ ਸ਼ਾਇਰੀ ਬਹੁਤ ਸਰਲ ਸ਼ਬਦਾਂ ਵਿੱਚ ਪੜ੍ਹੀ ਤੇ ਮਾਣੀ ਜਾ ਸਕਦੀ ਹੈ। ਕੁਝ ਰੰਗ ਇਸ ਤਰ੍ਹਾਂ ਦਾ ਵੀ ਹੈ:

ਮਨ ਕੀ ਦੌਲਤ ਹਾਥ ਆਤੀ ਹੈ

ਤੋ ਫਿਰ ਜਾਤੀ ਨਹੀਂ

ਤਨ ਕੀ ਦੌਲਤ ਛਾਉਂ ਹੈ

ਆਤਾ ਹੈ ਧਨ, ਜਾਤਾ ਹੈ ਧਨ।

ਇਕਬਾਲ ਖ਼ੁਦਾ ਨੂੰ ਅਰਜੋਈ ਕਰਦੇ ਸਵੈ-ਰੌਸ਼ਨ ਹੋਣ ਲਈ ਕਹਿੰਦੇ ਹਨ:

ਖੁਦਾਯਾ ਆਰਜ਼ੂ ਮੇਰੀ ਯਹੀ ਹੈ

ਮਿਰਾ ਨੂਰੇ ਬਸੀਰਤ ਆਮ ਕਰਦੇ।

(1) (ਅੰਦਰ ਦੀ ਅੱਖ ਦਾ ਪ੍ਰਕਾਸ਼)

‘ਬਾਲਿ ਜਿਬਰੀਲ’ ਨੂੰ ਭਾਸ਼ਾ ਵਿਭਾਗ, ਪੰਜਾਬ ਨੇ 1962 ’ਚ ਬੜੀ ਜ਼ਿੰਮੇਵਾਰੀ ਨਾਲ ਪੰਜਾਬੀ ਵਿੱਚ ਲਿਪੀਅੰਤਰ ਕਰਵਾਇਆ ਸੀ। ਅਜਿਹੀ ਸ਼ਾਇਰੀ ਨੂੰ ਪੰਜਾਬੀ ਪਾਠਕਾਂ ਦੇ ਰੂ-ਬ-ਰੂ ਕਰਨਾ ਇੱਕ ਚੰਗਾ ਉੱਦਮ ਹੈ। ਸ਼ਾਇਰੀ ਨੂੰ ਜੋ ਰੁਤਬਾ ਦਿੱਤਾ, ਉਹ ਸਦਾ ਯਾਦ ਕੀਤਾ ਜਾਵੇਗਾ।

ਸੰਪਰਕ: 98151-23900

Advertisement
×