ਪਾਠਕਾਂ ਦੀ ਅਪਣੱਤ..!
ਕਿਸੇ ਲੇਖਕ ਲਈ ਉਹ ਦਿਨ ਬਹੁਤ ਖ਼ਾਸ ਹੁੰਦੈ, ਜਦੋਂ ਉਸ ਦਾ ਲਿਖਿਆ ਲੇਖ ਕਿਸੇ ਵੱਕਾਰੀ ਅਖ਼ਬਾਰ ਦੇ ਪੰਨਿਆਂ ਦਾ ਸ਼ਿੰਗਾਰ ਬਣਦੈ| ਸਵੇਰੇ-ਸਵੇਰੇ ਚਾਹ ਦੀ ਚੁਸਕੀ ਲੈਂਦਿਆਂ ਜਦੋਂ ਅਖ਼ਬਾਰ ਹੱਥ ਵਿੱਚ ਆਉਂਦੀ ਹੈ ਤਾਂ ਉਸ ਵਿੱਚ ਆਪਣੇ ਨਾਮ ਹੇਠ ਛਪੀ ਲਿਖਤ...
ਕਿਸੇ ਲੇਖਕ ਲਈ ਉਹ ਦਿਨ ਬਹੁਤ ਖ਼ਾਸ ਹੁੰਦੈ, ਜਦੋਂ ਉਸ ਦਾ ਲਿਖਿਆ ਲੇਖ ਕਿਸੇ ਵੱਕਾਰੀ ਅਖ਼ਬਾਰ ਦੇ ਪੰਨਿਆਂ ਦਾ ਸ਼ਿੰਗਾਰ ਬਣਦੈ| ਸਵੇਰੇ-ਸਵੇਰੇ ਚਾਹ ਦੀ ਚੁਸਕੀ ਲੈਂਦਿਆਂ ਜਦੋਂ ਅਖ਼ਬਾਰ ਹੱਥ ਵਿੱਚ ਆਉਂਦੀ ਹੈ ਤਾਂ ਉਸ ਵਿੱਚ ਆਪਣੇ ਨਾਮ ਹੇਠ ਛਪੀ ਲਿਖਤ ਦੇਖ ਕੇ ਮਨ ਨੂੰ ਅਜੀਬ ਸਕੂਨ ਮਿਲਦੈੈ| ਤੜਕੇ ਤੋਂ ਲੈ ਕੇ ਆਥਣ ਤੱਕ ਪਾਠਕਾਂ ਦੇ ਫੋਨ ਆਉਂਦੇ ਰਹਿੰਦੇ ਹਨ ਤੇ ਮੋਬਾਈਲ ਦੀ ਘੰਟੀ ਲਗਾਤਾਰ ਵੱਜਦੀ ਰਹਿੰਦੀ ਹੈ| ਫੋਨ ਕਰਨ ਵਾਲੇ ਹਰ ਪਾਠਕ ਦਾ ਆਪਣਾ ਅੰਦਾਜ਼ ਅਤੇ ਮਕਸਦ ਹੁੰਦਾ ਹੈ| ਕਈ ਪਾਠਕ ਲੇਖ ਦੇ ਵਿਸ਼ੇ ਦੀ ਡੂੰਘਾਈ ਵਿੱਚ ਜਾਂਦੇ ਨੇ| ਉਹ ਲੇਖਕ ਵੱਲੋਂ ਉਠਾਏ ਗਏ ਨੁਕਤਿਆਂ ਦੀ ਤਾਰੀਫ਼ ਕਰਨਗੇ ਜਾਂ ਫਿਰ ਆਪਣੀ ਸੂਝ-ਬੂਝ ਮੁਤਾਬਕ ਉਸ ਵਿੱਚ ਕੋਈ ਨਵਾਂ ਸੁਝਾਅ ਜੋੜਨਗੇ| ਜੇਕਰ ਲੇਖ ਸਮਾਜਿਕ ਜਾਂ ਰਾਜਨੀਤਕ ਵਿਸ਼ੇ ’ਤੇ ਹੋਵੇ, ਤਾਂ ਗੱਲਬਾਤ ਸਿਰਫ਼ ਲੇਖ ਤੱਕ ਸੀਮਿਤ ਨਹੀਂ ਰਹਿੰਦੀ|
ਪਾਠਕ ਦੇਸ਼ ਅਤੇ ਰਾਜ ਦੀ ਮੌਜੂਦਾ ਰਾਜਨੀਤਕ ਸਥਿਤੀ ’ਤੇ ਆਪਣੀ ਭੜਾਸ ਕੱਢਣ ਜਾਂ ਉਸ ਬਾਰੇ ਵਿਚਾਰ ਸਾਂਝੇ ਕਰਨ ਲੱਗ ਜਾਂਦੇ ਹਨ| ਬਹੁਤ ਸਾਰੇ ਪਾਠਕ ਲੇਖਕ ਦੇ ਨਿੱਜੀ ਜੀਵਨ ਬਾਰੇ ਜਾਣਨ ਲਈ ਬਹੁਤ ਉਤਸੁਕ ਹੁੰਦੇ ਹਨ| ਉਹ ਪੁੱਛਦੇ ਹਨ, ‘ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ? ਅਤੇ ਤੁਸੀਂ ਕੀ ਕੰਮ-ਕਾਰ ਜਾਂ ਨੌਕਰੀ ਕਰਦੇ ਹੋ ?’ ਇਹ ਕੁਝ ਅਜਿਹੇ ਸਵਾਲ ਹਨ ਜੋ ਲਗਪਗ ਹਰ ਤੀਜੀ ਕਾਲ ਵਿੱਚ ਸੁਣਨ ਨੂੰ ਮਿਲਦੇ ਹਨ| ਇਹ ਸ਼ਾਇਦ ਪਾਠਕ ਵੱਲੋਂ ਲੇਖਕ ਨਾਲ ਅਪਣੱਤ ਅਤੇ ਨੇੜਤਾ ਬਣਾਉਣ ਦਾ ਮਕਸਦ ਹੈ| ਦਿਲਚਸਪ ਗੱਲ ਇਹ ਹੈ ਕਿ ਫੋਨ ਕਰਨ ਵਾਲੇ 95 ਫ਼ੀਸਦੀ ਲੋਕ 60 ਸਾਲ ਤੋਂ ਵਡੇਰੀ ਉਮਰ ਦੇ ਹੁੰਦੇ ਹਨ| ਇਹ ਲੋਕ ਕਿਸੇ ਸਰਕਾਰੀ ਜਾਂ ਪ੍ਰਾਈਵੇਟ ਮਹਿਕਮੇ ਵਿੱਚੋਂ ਸੇਵਾਮੁਕਤ ਹੋਏ ਹੁੰਦੇ ਹਨ| ਅਜਿਹੇ ਪਾਠਕ ਬਹੁਤ ਹੀ ਸ਼ਾਂਤ, ਸੰਜੀਦਾ ਅਤੇ ਸਤਿਕਾਰਤ ਲਹਿਜੇ ਵਿੱਚ ਗੱਲ ਸ਼ੁਰੂ ਕਰਦੇ ਕਹਿੰਦੇ ਹਨ, ‘ਬੇਟਾ ! ਮੈਂ ਫਲਾਂ ਮਹਿਕਮੇ ਦਾ ਸੇਵਾਮੁਕਤ ਅਫਸਰ ਬੋਲ ਰਿਹਾ ਹਾਂ, ਅੱਜ ਤੁਹਾਡਾ ਲੇਖ ਪੜ੍ਹਿਆ...!’ ਇਸ ਦੇ ਉਲਟ, ਕਿਸੇ ਜਵਾਨ ਜਾਂ ਅੱਧਖੜ ਉਮਰ ਦੇ ਵਿਅਕਤੀ ਦਾ ਫੋਨ ਆਉਣਾ ਬਹੁਤ ਹੀ ਦੁਰਲੱਭ ਹੁੰਦਾ ਹੈ| ਅਜਿਹੇ ਪਾਠਕ ਬਹੁਤ ਕਾਹਲੀ ਵਿੱਚ ਹੁੰਦੇ ਹਨ ਅਤੇ ਬਹੁਤੀ ਲੰਮੀ ਗੱਲਬਾਤ ਨਹੀਂ ਕਰਦੇ| ਪਰ ਬਜ਼ੁਰਗ ਪਾਠਕ ਤਸੱਲੀ ਨਾਲ, ਲੰਮੀ ਗੱਲਬਾਤ ਕਰਕੇ ਲੇਖਕ ਨਾਲ ਵਿਚਾਰਾਂ ਦੀ ਸਾਂਝ ਪਾਉਂਦੇ ਹਨ|
ਅੱਜ ਦੀ ਨਵੀਂ ਪੀੜ੍ਹੀ ਖ਼ਬਰਾਂ ਅਤੇ ਵਿਚਾਰਾਂ ਲਈ ਸੋਸ਼ਲ ਮੀਡੀਆ (ਇੰਸਟਾਗ੍ਰਾਮ, ਫੇਸਬੁੱਕ, ਐਕਸ) ’ਤੇ ਨਿਰਭਰ ਹੈ| ਉਹ ਰੀਲਾਂ ਅਤੇ ਸ਼ਾਰਟਸ ਦੇ ਦੌਰ ਵਿੱਚ ਜੀਅ ਰਹੇ ਨੇ, ਜਿੱਥੇ ਉਨ੍ਹਾਂ ਨੂੰ 15 ਸੈਕਿੰਟ ਤੋਂ ਵੱਧ ਸਮਾਂ ਦੇਣਾ ਮੁਸ਼ਕਿਲ ਲੱਗਦੈ| ਦੂਜੇ ਪਾਸੇ, 60 ਸਾਲ ਤੋਂ ਵੱਡੇ ਲੋਕਾਂ ਲਈ ਸਵੇਰੇ ਉੱਠ ਕੇ ਹੱਥ ਵਿੱਚ ਅਖ਼ਬਾਰ ਫੜਨਾ ਪਵਿੱਤਰ ਨਿਯਮ ਵਾਂਗ ਹੈ| ਉਹ ਲੇਖ ਨੂੰ ਸਿਰਫ਼ ਉੱਪਰੋਂ-ਉੱਪਰੋਂ ਨਹੀਂ ਪੜ੍ਹਦੇ, ਸਗੋਂ ਇੱਕ-ਇੱਕ ਸ਼ਬਦ ਨੂੰ ਵਿਚਾਰਦੇ ਨੇੇ| ਸੇਵਾਮੁਕਤੀ ਤੋਂ ਬਾਅਦ ਜ਼ਿੰਦਗੀ ਦੀ ਰਫ਼ਤਾਰ ਰੁਝੇਵੇਂ ਪੱਖੋਂ ਥੋੜ੍ਹੀ ਮੱਠੀ ਪੈ ਜਾਂਦੀ ਹੈ| ਬੱਚੇ ਆਪਣੀਆਂ ਨੌਕਰੀਆਂ ਜਾਂ ਪੜ੍ਹਾਈ ਦੇ ਸਿਲਸਿਲੇ ਵਿੱਚ ਰੁੱਝੇ ਜਾਂ ਵਿਦੇਸ਼ ਜਾ ਚੁੱਕੇ ਹੁੰਦੇ ਹਨ| ਇਨ੍ਹਾਂ ਬਜ਼ੁਰਗਾਂ ਕੋਲ ਵਕਤ ਦੀ ਕੋਈ ਕਮੀ ਨਹੀਂ ਹੁੰਦੀ, ਪਰ ਸੰਵਾਦ/ਗੱਲਬਾਤ ਦੀ ਕਮੀ ਜ਼ਰੂਰ ਹੁੰਦੀ ਹੈ|
ਜਦੋਂ ਉਹ ਅਖ਼ਬਾਰ ਵਿੱਚ ਕੋਈ ਅਜਿਹਾ ਲੇਖ ਪੜ੍ਹਦੇ ਹਨ ਜੋ ਉਨ੍ਹਾਂ ਦੇ ਦਿਲ ਨੂੰ ਛੂਹ ਲੈਂਦਾ ਹੈ, ਤਾਂ ਉਨ੍ਹਾਂ ਦੇ ਅੰਦਰਲਾ ਚਿੰਤਕ ਜਾਗ ਪੈਂਦਾ ਹੈ ਅਤੇ ਉਹ ਲੇਖ ਹੇਠ ਦਿੱਤੇ ਨੰਬਰ ’ਤੇ ਫੋਨ ਖੜਕਾ ਦਿੰਦੇ ਨੇ| ਇਨ੍ਹਾਂ ਬਜ਼ੁਰਗਾਂ ਨੇ ਜ਼ਿੰਦਗੀ ’ਚ ਕਈ ਉਤਰਾਅ-ਚੜ੍ਹਾਅ ਦੇਖੇ ਹੁੰਦੇ ਹਨ| ਉਨ੍ਹਾਂ ਕੋਲ ਦਹਾਕਿਆਂ ਦਾ ਨੌਕਰੀ ਅਤੇ ਸਮਾਜਿਕ ਜੀਵਨ ਦਾ ਤਜਰਬਾ ਹੁੰਦਾ ਹੈ| ਜਦੋਂ ਉਹ ਲੇਖਕ ਨਾਲ ਗੱਲ ਕਰਦੇ ਹਨ, ਤਾਂ ਉਹ ਅਸਲ ਵਿੱਚ ਆਪਣੇ ਤਜਰਬੇ ਨੂੰ ਕਿਸੇ ਨਾਲ ਸਾਂਝਾ ਕਰਕੇ ਹਲਕਾ ਮਹਿਸੂਸ ਹੋਣਾ ਚਾਹੁੰਦੇ ਹਨ| ਇਹ ਫੋਨ ਕਾਲਾਂ ਸਿਰਫ਼ ਇੱਕ ਲੇਖ ਦੀ ਤਾਰੀਫ਼ ਨਹੀਂ ਹੁੰਦੀਆਂ, ਸਗੋਂ ਬਜ਼ੁਰਗਾਂ ਵੱਲੋਂ ਇਕਲਾਪੇ ਦੇ ਸਮੁੰਦਰ ’ਚੋਂ ਬਾਹਰ ਨਿਕਲ ਕੇ ਸਮਾਜ ਨਾਲ ਸੁਰ ਮਿਲਾਉਣ ਦਾ ਇੱਕ ਜ਼ਰੀਆ ਹੁੰਦੀਆਂ ਹਨ| ਇਸ ਪੂਰੇ ਤਾਣੇ-ਬਾਣੇ ਵਿੱਚ ਜਵਾਨ ਜਾਂ ਅੱਧਖੜ ਉਮਰ ਦੇ ਲੋਕਾਂ ਦੀ ਗ਼ੈਰ-ਹਾਜ਼ਰੀ ਇੱਕ ਵੱਡਾ ਸਵਾਲ ਖੜ੍ਹਾ ਕਰਦੀ ਹੈ| ਕੀ ਨੌਜਵਾਨ ਪੀੜ੍ਹੀ ਸਾਹਿਤ, ਸਮਾਜਿਕ ਮੁੱਦਿਆਂ ਜਾਂ ਡੂੰਘੀਆਂ ਲਿਖਤਾਂ ਤੋਂ ਦੂਰ ਹੋ ਰਹੀ ਐ ? ਅੱਜ ਦਾ ਨੌਜਵਾਨ ਵਰਗ ਸਕਰੀਨ ਦਾ ਗ਼ੁਲਾਮ ਹੋ ਚੁੱਕਿਆ ਹੈ| ਜੇਕਰ ਉਹ ਕੋਈ ਲੇਖ ਪੜ੍ਹਦਾ ਵੀ ਹੈ, ਤਾਂ ਉਹ ਡਿਜੀਟਲ ਪਲੇਟਫਾਰਮ ’ਤੇ ਪੜ੍ਹਦਾ ਹੈ ਅਤੇ ਵੱਧ ਤੋਂ ਵੱਧ ਇੱਕ ਲਾਈਕ ਜਾਂ ਛੋਟਾ ਜਿਹਾ ਕੁਮੈਂਟ ਕਰਕੇ ਆਪਣੇ ਫੋਨ ਦੀ ਸਕਰੀਨ ਨੂੰ ਸਕਰੋਲ ਕਰ ਅੱਗੇ ਲੰਘ ਜਾਵੇਗਾ|
ਇਹੋ ਜਿਹੇ ਪਾਠਕ ਦਾ ਕਿਸੇ ਲੇਖਕ ਨੂੰ ਫੋਨ ਕਰਕੇ ਸਤਿਕਾਰ ਸਹਿਤ ਗੱਲਬਾਤ ਕਰਨ ਦਾ ਸਲੀਕਾ ਅਤੇ ਸਬਰ ਅੱਜ ਦੀ ਭੱਜ-ਦੌੜ ਵਾਲੀ ਜ਼ਿੰਦਗੀ ਵਿੱਚ ਕਿਤੇ ਗੁਆਚ ਗਿਆ ਹੈ| ਦੂਜੇ ਪਾਸੇ ਅੱਧਖੜ ਉਮਰ ਦੇ ਲੋਕ ਰੋਜ਼ੀ-ਰੋਟੀ ਅਤੇ ਪਰਿਵਾਰਕ ਜ਼ਿੰਮੇਵਾਰੀਆਂ ਦੇ ਬੋਝ ਹੇਠ ਇੰਨੇ ਦੱਬੇ ਹੋਏ ਹਨ ਕਿ ਉਨ੍ਹਾਂ ਕੋਲ ਅਖ਼ਬਾਰ ਦੇ ਲੇਖ ’ਤੇ ਚਰਚਾ ਕਰਨ ਦਾ ਸਮਾਂ ਹੀ ਨਹੀਂ ਹੈ| ਭਾਵੇਂ ਲੇਖ ਛਪਣ ਵਾਲੇ ਦਿਨ ਆਉਣ ਵਾਲੀਆਂ ਫੋਨ ਕਾਲਾਂ ਕਰਕੇ ਲੇਖਕ ਦੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ ਵਿਘਨ ਪੈਂਦਾ ਹੈ, ਪਰ ਜਦੋਂ ਕੋਈ ਬਜ਼ੁਰਗ ਪਾਠਕ ਭਰੇ ਮਨ ਨਾਲ ਅਸੀਸਾਂ ਦਿੰਦਾ ਹੈ, ਤਾਂ ਸਾਰੀ ਥਕਾਵਟ ਦੂਰ ਹੋ ਜਾਂਦੀ ਹੈ| ਇਹ ਵਰਤਾਰਾ ਸਾਨੂੰ ਯਾਦ ਦਿਵਾਉਂਦੈ ਕਿ ਲਿਖਣ ਦੀ ਸਾਰਥਿਕਤਾ ਉਦੋਂ ਤੱਕ ਬਣੀ ਰਹੇਗੀ, ਜਦੋਂ ਤੱਕ ਸਾਡੇ ਸਮਾਜ ਵਿੱਚ ਅਜਿਹੇ ਸੰਵੇਦਨਸ਼ੀਲ ਅਤੇ ਗੰਭੀਰ ਪਾਠਕ ਮੌਜੂਦ ਰਹਿਣਗੇ| ਲੋੜ ਇਸ ਗੱਲ ਦੀ ਹੈ ਕਿ ਨਵੀਂ ਪੀੜ੍ਹੀ ਵੀ ਆਪਣੇ ਰੁਝੇਵਿਆਂ ਵਿੱਚੋਂ ਕੁਝ ਪਲ ਕੱਢ ਕੇ ਇਸ ਸਾਰਥਕ ਸੰਵਾਦ ਦੀ ਪਰੰਪਰਾ ਦਾ ਹਿੱਸਾ ਬਣੇ|
ਸੰਪਰਕ: 94176-65241

