ਰਾਹੁਲ ਦਾ ਨਵਾਂ ਫੋਨ

ਰਾਹੁਲ ਦਾ ਨਵਾਂ ਫੋਨ

ਬਾਲ ਕਹਾਣੀ

ਮਨਦੀਪ ਰਿੰਪੀ

ਰਾਹੁਲ ਸੱਤਵੀਂ ਜਮਾਤ ਵਿਚ ਪੜ੍ਹਦਾ ਸੀ। ਰਾਹੁਲ ਦੇ ਪਾਪਾ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ। ਉਸ ਦੇ ਮੰਮੀ ਉਸ ਦਾ ਪਾਲਣ ਪੋਸ਼ਣ ਬੜੇ ਪਿਆਰ ਨਾਲ ਕਰ ਰਹੇ ਸਨ, ਪਰ ਫੇਰ ਵੀ ਰਾਹੁਲ ਨੂੰ ਹਮੇਸ਼ਾਂ ਆਪਣੇ ਮੰਮੀ ਤੋਂ ਸ਼ਿਕਾਇਤ ਰਹਿੰਦੀ ਸੀ ਕਿ ਉਹ ਮੈਨੂੰ ਪਿਆਰ ਨਹੀਂ ਕਰਦੇ। ਰਾਹੁਲ ਦੇ ਮੰਮੀ ਘਰ ਦਾ ਗੁਜ਼ਾਰਾ ਚਲਾਉਣ ਲਈ ਇਕ ਬਜ਼ੁਰਗ ਅੰਕਲ-ਆਂਟੀ ਦੀ ਦੇਖਭਾਲ ਕਰਦੇ ਸਨ। ਉਹ ਸਵੇਰੇ ਨੌਂ ਵਜੇ ਘਰੋਂ ਜਾਂਦੇ ਅਤੇ ਸ਼ਾਮ ਨੂੰ ਪੰਜ ਵਜੇ ਘਰ ਵਾਪਸ ਆਉਂਦੇ। ਰਾਹੁਲ ਆਪਣੇ ਸਕੂਲ ਦੀ ਛੁੱਟੀ ਤੋਂ ਬਾਅਦ ਦੁਪਹਿਰ ਵੇਲੇ ਆਪਣੀ ਮੰਮੀ ਕੋਲ ਆ ਜਾਂਦਾ। ਉਸ ਘਰ ਵਿਚ ਰਹਿਣ ਵਾਲੇ ਬਜ਼ੁਰਗ ਅੰਕਲ ਆਂਟੀ ਵੀ ਰਾਹੁਲ ਨੂੰ ਬਹੁਤ ਪਿਆਰ ਕਰਦੇ। ਉਹ ਕਦੀ ਕਦਾਈਂ ਉਸ ਨੂੰ ਕੋਈ ਨਾ ਕੋਈ ਚੀਜ਼ ਵੀ ਲੈ ਕੇ ਦੇ ਦਿੰਦੇ। ਰਾਹੁਲ ਦੇ ਮੰਮੀ ਅਕਸਰ ਉਸ ਨੂੰ ਆਖਦੇ ਕਿ ਉਹ ਉਨ੍ਹਾਂ ਸਾਹਮਣੇ ਕਿਸੇ ਚੀਜ਼ ਦੀ ਜ਼ਿੱਦ ਨਾ ਕਰਿਆ ਕਰੇ ਕਿਉਂਕਿ ਜਦੋਂ ਉਹ ਉਨ੍ਹਾਂ ਸਾਹਮਣੇ ਕਿਸੇ ਚੀਜ਼ ਦੀ ਜ਼ਿੱਦ ਕਰਦਾ ਹੈ ਤਾਂ ਬਜ਼ੁਰਗ ਅੰਕਲ ਆਂਟੀ ਉਸ ਦੀ ਜ਼ਿੱਦ ਪੂਰੀ ਕਰਦੇ ਹਨ। ਇਹ ਗੱਲ ਉਸ ਦੇ ਮੰਮੀ ਨੂੰ ਬਿਲਕੁਲ ਪਸੰਦ ਨਹੀਂ ਸੀ। ਉਹ ਆਖਦੇ ਸਨ, ‘ਮੈਂ ਮਿਹਨਤ ਕਰਦੀ ਹਾਂ। ਆਪਣੀ ਮਿਹਨਤ ਦੇ ਪੈਸੇ ਲੈਂਦੀ ਹਾਂ। ਤੇਰੀ ਜ਼ਿੱਦ ਕਰਕੇ ਜਦੋਂ ਉਹ ਤੈਨੂੰ ਕੋਈ ਚੀਜ਼ ਲੈ ਕੇ ਦਿੰਦੇ ਹਨ ਤਾਂ ਮੈਨੂੰ ਚੰਗਾ ਨਹੀਂ ਲੱਗਦਾ।’ ਪਰ ਉਹ ਆਪਣੀ ਮੰਮੀ ਦੀ ਇਸ ਗੱਲ ਨੂੰ ਹਮੇਸ਼ਾਂ ਅਣਗੌਲਿਆ ਕਰ ਦਿੰਦਾ ਅਤੇ ਕਹਿੰਦਾ,‘ਤੁਸੀਂ ਆਪ ਤਾਂ ਕੋਈ ਚੀਜ਼ ਲੈ ਕੇ ਨਹੀਂ ਦਿੰਦੇ। ਜੇਕਰ ਉਹ ਅੰਕਲ ਆਂਟੀ ਮੈਨੂੰ ਕੋਈ ਚੀਜ਼ ਲੈ ਕੇ ਦਿੰਦੇ ਨੇ, ਤਾਂ ਵੀ ਤੁਸੀਂ ਪਰੇਸ਼ਾਨ ਹੋ ਜਾਂਦੇ ਹੋ।’

ਇਕ ਦਿਨ ਰਾਹੁਲ ਦੇ ਦੋਸਤ ਨੇ ਨਵਾਂ ਮੋਬਾਈਲ ਫੋਨ ਲਿਆ। ਉਸ ਦਾ ਫੋਨ ਦੇਖ ਕੇ ਉਸ ਦੇ ਮਨ ਵਿਚ ਵੀ ਨਵਾਂ ਫੋਨ ਲੈਣ ਦੀ ਇੱਛਾ ਪੈਦਾ ਹੋਈ। ਉਸ ਨੇ ਆਪਣੀ ਮੰਮੀ ਨੂੰ ਫੋਨ ਲੈਣ ਬਾਰੇ ਕਿਹਾ, ਪਰ ਮੰਮੀ ਨੇ ਨਵਾਂ ਫੋਨ ਲੈ ਕੇ ਦੇਣ ਦੀ ਗੁੰਜਾਇਸ਼ ਨਾ ਹੋਣ ਕਾਰਨ ਝੱਟ ਮਨ੍ਹਾ ਕਰ ਦਿੱਤਾ ਅਤੇ ਕਿਹਾ, ‘ਮੈਂ ਪਹਿਲਾ ਫੋਨ ਵੀ ਬੜੀ ਮੁਸ਼ਕਿਲ ਨਾਲ ਕਿਸ਼ਤਾਂ ’ਤੇ ਲੈ ਕੇ ਦਿੱਤਾ ਹੈ ਜਿਸ ਦੀਆਂ ਕਿਸ਼ਤਾਂ ਵੀ ਅਜੇ ਪੂਰੀਆਂ ਨਹੀਂ ਹੋਈਆਂ। ਮੰਨਿਆ ਕੇ ਬਹੁਤੀ ਪੜ੍ਹਾਈ ਹੁਣ ਫੋਨ ਰਾਹੀਂ ਹੀ ਹੁੰਦੀ ਹੈ, ਪਰ ਮੈਂ ਤੈਨੂੰ ਨਵਾਂ ਫੋਨ ਨਹੀਂ ਲੈ ਕੇ ਦੇ ਸਕਦੀ।’ ਇਹ ਗੱਲ ਸੁਣ ਰਾਹੁਲ ਗੁੱਸੇ ਹੋ ਗਿਆ। ਉਸ ਨੇ ਗੁੱਸੇ ਵਿਚ ਰਾਤ ਦੀ ਰੋਟੀ ਵੀ ਨਾ ਖਾਧੀ। ਸਵੇਰੇ ਵੀ ਬਿਨਾਂ ਨਾਸ਼ਤਾ ਕੀਤਿਆਂ ਅਤੇ ਬਿਨਾਂ ਆਪਣੀ ਮਾਂ ਨਾਲ ਗੱਲ ਕੀਤਿਆਂ ਉਹ ਸਕੂਲ ਚਲਾ ਗਿਆ। ਆਪਣਾ ਟਿਫਨ ਵੀ ਨਹੀਂ ਲੈ ਕੇ ਗਿਆ। ਰਾਹੁਲ ਤਾਂ ਸਕੂਲ ਚਲਾ ਗਿਆ, ਪਰ ਉਸ ਦੇ ਮੰਮੀ ਸਾਰਾ ਦਿਨ ਉਸ ਬਾਰੇ ਸੋਚ-ਸੋਚ ਕੇ ਪਰੇਸ਼ਾਨ ਹੁੰਦੇ ਰਹੇ ਕਿ ਉਹ ਅੱਜ ਭੁੱਖਾ ਹੈ। ਉਨ੍ਹਾਂ ਨੇ ਵੀ ਰੋਟੀ ਨਾ ਖਾਧੀ।

ਦੁਪਹਿਰ ਵੇਲੇ ਜਦੋਂ ਉਹ ਆਪਣੇ ਮੰਮੀ ਕੋਲ ਆਇਆ ਤਾਂ ਉਸ ਨੇ ਉਸ ਨੂੰ ਰੋਟੀ ਪਾ ਕੇ ਦਿੱਤੀ। ਰਾਹੁਲ ਨੇ ਰੋਟੀ ਖਾਣ ਤੋਂ ਮਨ੍ਹਾ ਕਰ ਦਿੱਤਾ ਅਤੇ ਕਿਹਾ, ‘ਮੈਨੂੰ ਭੁੱਖ ਨਹੀਂ।’ ਉਹ ਚੁੱਪ-ਚਾਪ ਬੈਠ ਕੇ ਆਪਣੇ ਸਕੂਲ ਦਾ ਕੰਮ ਕਰਨ ਲੱਗਾ। ਉਹ ਬਜ਼ੁਰਗ ਅੰਕਲ ਅੰਟੀ ਨਾਲ ਵੀ ਚੰਗੀ ਤਰ੍ਹਾਂ ਨਾ ਬੋਲਿਆ। ਉਨ੍ਹਾਂ ਰਾਹੁਲ ਦੇ ਮੰਮੀ ਤੋਂ ਉਸ ਦੇ ਇਸ ਤਰ੍ਹਾਂ ਚੁੱਪ ਰਹਿਣ ਦਾ ਕਾਰਨ ਪੁੱਛਿਆ ਤਾਂ ਉਸ ਦੀ ਮੰਮੀ ਨੇ ਕਿਹਾ,‘ਸਕੂਲ ਵਿਚ ਕਿਸੇ ਟੈਸਟ ਵਿਚ ਨੰਬਰ ਘੱਟ ਆਏ ਹੋਣੇ ਅਤੇ ਅਧਿਆਪਕਾਂ ਤੋਂ ਝਿੜਕਾਂ ਪਈਆਂ ਹੋਣੀਆਂ। ਸ਼ਾਇਦ ਇਸੇ ਕਾਰਨ ਚੁੱਪ ਹੈ। ਰਾਹੁਲ ਉਨ੍ਹਾਂ ਦੀਆਂ ਸਾਰੀਆਂ ਗੱਲਾਂ ਸੁਣ ਰਿਹਾ ਸੀ। ਸ਼ਾਮ ਨੂੰ ਘਰ ਜਾ ਕੇ ਫਿਰ ਆਪਣੀ ਮਾਂ ਨਾਲ ਖਿਝ ਪਿਆ ਤੇ ਆਖਣ ਲੱਗਾ,‘ਤੁਸੀਂ ਝੂਠ ਕਿਉਂ ਕਿਹਾ ਕਿ ਮੈਂ ਕਿਉਂ ਚੁੱਪ ਹਾਂ? ਤੁਸੀਂ ਕਿਉਂ ਨਹੀਂ ਦੱਸਿਆ ਕਿ ਤੁਸੀਂ ਮੈਨੂੰ ਫੋਨ ਨਹੀਂ ਲੈ ਕੇ ਦੇ ਸਕਦੇ? ਜੇਕਰ ਤੁਸੀਂ ਦੱਸ ਦਿੰਦੇ ਤਾਂ ਅੰਕਲ ਜੀ ਨੇ ਜ਼ਰੂਰ ਮੈਨੂੰ ਫੋਨ ਲੈ ਕੇ ਤੇ ਦੇਣਾ ਸੀ।’ ਇਸ ’ਤੇ ਰਾਹੁਲ ਦੇ ਮੰਮੀ ਕਹਿਣ ਲੱਗੇ,‘ਸਾਨੂੰ ਮੁਫ਼ਤ ਦੀ ਚੀਜ਼ ਦੀ ਲੋੜ ਨਹੀਂ ਹੈ। ਜਦੋਂ ਮੇਰੇ ਕੋਲ ਪੈਸੇ ਹੋਣਗੇ ਮੈਂ ਤੈਨੂੰ ਫੋਨ ਲੈ ਦਿਆਂਗੀ।’ ਪਰ ਰਾਹੁਲ ਉਸ ਦੀ ਕੋਈ ਗੱਲ ਸੁਣਨ ਲਈ ਤਿਆਰ ਹੀ ਨਹੀਂ ਸੀ। ਉਸ ਰਾਤ ਵੀ ਉਸ ਨੇ ਰੋਟੀ ਨਾ ਖਾਧੀ ਅਤੇ ਅਗਲੇ ਦਿਨ ਵੀ ਸਵੇਰੇ ਭੁੱਖਾ ਹੀ ਸਕੂਲ ਚਲਾ ਗਿਆ। ਭਾਵੇਂ ਰਾਹੁਲ ਨੇ ਸਕੂਲ ਵਿਚ ਆਪਣੇ ਦੋਸਤ ਨਾਲ ਰੋਟੀ ਖਾ ਲਈ ਸੀ, ਪਰ ਉਸ ਦੇ ਮੰਮੀ ਸਾਰਾ ਦਿਨ ਭੁੱਖੇ ਹੀ ਰਹੇ। ਜਦੋਂ ਉਹ ਸਕੂਲ ਤੋਂ ਵਾਪਸ ਆਪਣੀ ਮੰਮੀ ਕੋਲ ਆਇਆ ਤਾਂ ਵੀ ਉਹ ਉਸੇ ਤਰ੍ਹਾਂ ਚੁੱਪਚਾਪ ਸੀ। ਅੱਜ ਜਦੋਂ ਅੰਕਲ ਆਂਟੀ ਨੇ ਉਸ ਦੀ ਚੁੱਪੀ ਦਾ ਕਾਰਨ ਪੁੱਛਿਆ ਤਾਂ ਰਾਹੁਲ ਆਪ ਹੀ ਆਖਣ ਲੱਗਾ, ‘ਅੰਕਲ! ਮੇਰੇ ਮੰਮੀ ਮੈਨੂੰ ਪਿਆਰ ਨਹੀਂ ਕਰਦੇ। ਮੈਂ ਕਿੰਨੇ ਦਿਨਾਂ ਤੋਂ ਫੋਨ ਮੰਗ ਰਿਹਾ ਹਾਂ। ਮੈਨੂੰ ਫੋਨ ਨਹੀਂ ਲੈ ਕੇ ਦਿੰਦੇ।’ ਅੰਕਲ ਆਂਟੀ ਰਾਹੁਲ ਦੀ ਮੰਮੀ ਦੀ ਆਰਥਿਕ ਹਾਲਤ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਹ ਰਾਹੁਲ ਨੂੰ ਪਿਆਰ ਨਾਲ ਸਮਝਾਉਣ ਲੱਗੇ, ‘ਦੇਖ ਪੁੱਤ! ਜਦੋਂ ਤੇਰੀ ਮੰਮੀ ਕੋਲ ਪੈਸੇ ਹੋਣਗੇ ਤੈਨੂੰ ਫੋਨ ਲੈ ਦਊਗੀ। ਤੈਨੂੰ ਆਪਣੀ ਮੰਮੀ ਦੀ ਮਜਬੂਰੀ ਸਮਝਣੀ ਚਾਹੀਦੀ ਹੈ। ਤੇਰੀ ਮੰਮੀ ਤੇਰੇ ਸਹਾਰੇ ਹੀ ਜੀਅ ਰਹੀ ਹੈ। ਤੈਨੂੰ ਬਹੁਤ ਪਿਆਰ ਕਰਦੀ ਹੈ। ਦੋ ਦਿਨ ਤੋਂ ਤੇਰੀ ਮੰਮੀ ਨੇ ਵੀ ਚੱਜ ਨਾਲ ਰੋਟੀ ਨਹੀਂ ਖਾਧੀ। ਉਹ ਵੀ ਤੇਰੇ ਵਾਂਗ ਹੀ ਚੁੱਪ-ਚੁੱਪ ਹੈ।’ ਇਹ ਸੁਣ ਕੇ ਰਾਹੁਲ ਕਹਿਣ ਲੱਗਾ, ‘ਨਹੀਂ ਅੰਕਲ, ਮੇਰੀ ਮੰਮੀ ਮੈਨੂੰ ਪਿਆਰ ਨਹੀਂ ਕਰਦੀ।’ ਰਾਹੁਲ ਦੀ ਗੱਲ ਸੁਣ ਆਂਟੀ ਕਹਿਣ ਲੱਗੇ, ‘ਦੇਖ ਪੁੱਤ ! ਚੀਜ਼ਾਂ ਮਾਂ-ਪਿਓ ਜਾਂ ਰਿਸ਼ਤਿਆਂ ਨਾਲੋਂ ਵੱਧ ਪਿਆਰੀਆਂ ਨਹੀਂ ਹੋ ਸਕਦੀਆਂ। ਮਾਂ ਨੂੰ ਪੁੱਤ ਦੀ ਖੁਸ਼ੀ ਸਭ ਤੋਂ ਵੱਧ ਪਿਆਰੀ ਹੁੰਦੀ ਹੈ, ਪਰ ਕਈ ਵਾਰ ਮਜਬੂਰੀਆਂ ਅੱਗੇ ਬੰਦਾ ਬੇਵੱਸ ਹੋ ਜਾਂਦਾ।’ ਪਰ ਰਾਹੁਲ ਸਾਰੀਆਂ ਗੱਲਾਂ ਸੁਣ ਕੇ ਵੀ ਅਣਸੁਣੀਆਂ ਕਰ ਰਿਹਾ ਸੀ। ਇਹ ਵੇਖ ਕੇ ਅੰਕਲ ਕਹਿਣ ਲੱਗੇ, ‘ਤੈਨੂੰ ਆਪਣੀ ਮਾਂ ਚਾਹੀਦੀ ਹੈ ਜਾਂ ਫੋਨ?’ ਰਾਹੁਲ ਨੇ ਬਿਨਾਂ ਕੁਝ ਸੋਚਿਆਂ ਸਮਝਿਆਂ ਆਖਿਆ, ‘ਫੋਨ।’ ਰਾਹੁਲ ਦੇ ਮੂੰਹੋਂ ਇਹ ਸੁਣ ਕੇ ਉਸ ਦੀ ਮੰਮੀ ਦੀਆਂ ਅੱਖਾਂ ਵਿਚੋਂ ਹੰਝੂ ਵਹਿ ਤੁਰੇ। ਅੰਕਲ ਕਹਿਣ ਲੱਗੇ, ‘ਠੀਕ ਹੈ ਰਾਹੁਲ। ਤੂੰ ਮੇਰੇ ਨਾਲ ਚੱਲ, ਜਿਹੜਾ ਫੋਨ ਕਹੇਂਗਾ, ਉਹੀ ਲੈ ਕੇ ਦੇਵਾਂਗਾ। ਪਰ ਤੇਰੀ ਮੰਮੀ ਅੱਜ ਤੋਂ ਤੇਰੇ ਨਾਲ ਨਹੀਂ ਰਹੇਗੀ।’ ਰਾਹੁਲ ਦੇ ਮਨ ਵਿਚ ਫੋਨ ਲਈ ਐਨਾ ਲਾਲਚ ਭਰਿਆ ਹੋਇਆ ਸੀ ਕਿ ਉਸ ਨੇ ਝੱਟ ਕਹਿ ਦਿੱਤਾ, ‘ਠੀਕ ਐ ਅੰਕਲ।’ ਰਾਹੁਲ ਦੀਆਂ ਗੱਲਾਂ ਨਾਲ ਉਸ ਦੀ ਮੰਮੀ ਨੂੰ ਬਹੁਤ ਦੁੱਖ ਪਹੁੰਚਿਆ। ਰਾਹੁਲ ਅੰਕਲ ਨਾਲ ਜਾ ਕੇ ਬਾਜ਼ਾਰ ਤੋਂ ਫੋਨ ਲੈ ਆਇਆ। ਘਰ ਆ ਆਂਟੀ ਅਤੇ ਆਪਣੀ ਮੰਮੀ ਨੂੰ ਬੜੇ ਚਾਅ ਨਾਲ ਫੋਨ ਵਿਖਾਉਣ ਲੱਗਾ। ਥੋੜ੍ਹੀ ਦੇਰ ਬਾਅਦ ਕਹਿਣ ਲੱਗਾ,‘ਚਲੋ ਮੰਮੀ! ਹੁਣ ਆਪਾਂ ਘਰ ਚੱਲੀਏ।’ ਇਹ ਸੁਣ ਅੰਕਲ ਕਹਿਣ ਲੱਗੇ ,‘ਰਾਹੁਲ ਤੂੰ ਕਿਹਾ ਸੀ ਕਿ ਤੈਨੂੰ ਫੋਨ ਚਾਹੀਦਾ ਹੈ, ਮੰਮੀ ਨਹੀਂ। ਹੁਣ ਤੇਰੀ ਮੰਮੀ ਘਰ ਨਹੀਂ ਜਾਵੇਗੀ। ਇੱਥੇ ਸਾਡੇ ਕੋਲ ਹੀ ਰਹੇਗੀ। ਤੂੰ ਘਰ ਜਾ ਸਕਦਾ ਹੈ।’ ਅੰਕਲ ਦੀ ਗੱਲ ਸੁਣ ਰਾਹੁਲ ਬਿਨਾਂ ਕੁਝ ਕਹੇ, ਫੋਨ ਚੁੱਕ ਘਰ ਚਲਾ ਗਿਆ। ਘਰ ਆ ਰਾਹੁਲ ਨੇ ਪਹਿਲਾਂ ਤਾਂ ਆਪਣੇ ਦੋਸਤਾਂ ਨੂੰ ਬੜੇ ਚਾਅ ਨਾਲ ਫੋਨ ਕੀਤੇ ਅਤੇ ਆਪਣੇ ਨਵੇਂ ਫੋਨ ਬਾਰੇ ਦੱਸਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਮੰਮੀ ਦੀ ਯਾਦ ਸਤਾਉਣ ਲੱਗੀ। ਹੁਣ ਫੋਨ ਉਸ ਦੇ ਕੋਲ ਹੀ ਪਿਆ ਸੀ, ਪਰ ਉਸ ਦਾ ਧਿਆਨ ਫੋਨ ਵੱਲ ਨਹੀਂ ਵਾਰ-ਵਾਰ ਆਪਣੀ ਮੰਮੀ ਵੱਲ ਜਾ ਰਿਹਾ ਸੀ। ਉਸ ਨੂੰ ਭੁੱਖ ਵੀ ਬੜੀ ਲੱਗੀ ਸੀ, ਪਰ ਉਸ ਦੀ ਮੰਮੀ ਉਸ ਨੂੰ ਰੋਟੀ ਖਿਲਾਉਣ ਲਈ ਉਸ ਦੇ ਕੋਲ ਨਹੀਂ ਸੀ। ਰਾਤ ਹੋ ਗਈ ਸੀ ਤੇ ਰਾਹੁਲ ਨੂੰ ਡਰ ਲੱਗ ਰਿਹਾ ਸੀ ਕਿਉਂਕਿ ਰੋਜ਼ ਤਾਂ ਉਹ ਆਪਣੀ ਮੰਮੀ ਕੋਲ ਸੌਂਦਾ ਸੀ, ਪਰ ਅੱਜ ਘਰ ਵਿਚ ਇਕੱਲਾ ਸੀ। ਉੱਧਰ ਰਾਹੁਲ ਦੀ ਮੰਮੀ ਵੀ ਆਪਣੇ ਪੁੱਤ ਲਈ ਬਹੁਤ ਪਰੇਸ਼ਾਨ ਸੀ। ਅਗਲੇ ਦਿਨ ਸਵੇਰੇ ਹੀ ਰਾਹੁਲ ਅੰਕਲ- ਆਂਟੀ ਕੋਲ ਆ ਗਿਆ। ਆਉਂਦੇ ਸਾਰ ਕਿਹਾ, ‘ਅੰਕਲ! ਆਹ ਚੁੱਕੋ ਆਪਣਾ ਫੋਨ। ਮੈਨੂੰ ਫੋਨ ਨਹੀਂ ਚਾਹੀਦਾ। ਮੈਨੂੰ ਤਾਂ ਮੇਰੀ ਮੰਮੀ ਹੀ ਚਾਹੀਦੀ ਹੈ।’ ਰਾਹੁਲ ਨੇ ਆਪਣੀ ਮੰਮੀ ਨੂੰ ਘੁੱਟ ਕੇ ਜੱਫੀ ਪਾ ਲਈ। ਰਾਹੁਲ ਦੀ ਗੱਲ ਸੁਣ ਉਸ ਦੇ ਮੰਮੀ ਨੇ ਵੀ ਉਸ ਨੂੰ ਜੱਫੀ ਪਾ ਲਈ ਅਤੇ ਰੋਣ ਲੱਗੀ। ਰਾਹੁਲ ਕਹਿਣ ਲੱਗਾ,‘ਮੈਨੂੰ ਲੱਗਦਾ ਸੀ ਕਿ ਫੋਨ ਤੋਂ ਵੱੱਧ ਮੇਰੇ ਲਈ ਇਸ ਸਮੇਂ ਕੁਝ ਨਹੀਂ, ਪਰ ਮੈਂ ਤੁਹਾਡੇ ਨਾਲੋਂ ਦੂਰ ਰਹਿ ਕੇ ਮਹਿਸੂਸ ਕੀਤਾ ਕਿ ਮੇਰੀ ਮੰਮੀ ਤੋਂ ਵੱਧ ਕੋਈ ਚੀਜ਼ ਮੇਰੇ ਲਈ ਪਿਆਰੀ ਨਹੀਂ ਹੋ ਸਕਦੀ।’ ਰਾਹੁਲ ਦੀਆਂ ਗੱਲਾਂ ਸੁਣ ਅੰਕਲ ਆਂਟੀ ਮੁਸਕਰਾ ਰਹੇ ਸਨ। ਅੰਕਲ ਕਹਿਣ ਲੱਗੇ, ‘ਠੀਕ ਐ ਪੁੱਤ! ਅਸੀਂ ਤੈਨੂੰ ਇਹੋ ਸਮਝਾਉਣਾ ਚਾਹੁੰਦੇ ਸਾਂ ਕਿ ਮਾਂ ਬਾਪ ਤੋਂ ਵਧ ਕੇ ਕੋਈ ਚੀਜ਼ ਪਿਆਰੀ ਨਹੀਂ ਹੋ ਸਕਦੀ। ਸਾਨੂੰ ਬਹੁਤ ਖੁਸ਼ੀ ਹੋਈ ਕਿ ਤੂੰ ਇਹ ਗੱਲ ਛੇਤੀ ਸਮਝ ਗਿਆ। ਫੋਨ ਵੀ ਤੂੰ ਰੱਖ ਲੈ।’ ਰਾਹੁਲ ਕਹਿਣ ਲੱਗਾ, ‘ਨਹੀਂ ਅੰਕਲ, ਮੇਰੇ ਕੋਲ ਮੇਰਾ ਪੁਰਾਣਾ ਫੋਨ ਬਹੁਤ ਵਧੀਆ ਹੈ। ਮੈਨੂੰ ਇਸ ਨਵੇਂ ਫੋਨ ਦੀ ਲੋੜ ਨਹੀਂ ਹੈ।’

ਸੰਪਰਕ: 98143-85918

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All