ਪੰਜਾਬੀ ਦੀ ਸਿਰਮੌਰ ਸ਼ਾਇਰਾ ਅੰਮ੍ਰਿਤਾ ਪ੍ਰੀਤਮ
ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ, ਨਾਵਲਕਾਰ ਅਤੇ ਲੇਖਕਾ ਸੀ। ਉਸ ਨੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਸ ਦੀਆਂ ਰਚਨਾਵਾਂ ਵਿੱਚ ਵੰਡ ਦਾ ਦਰਦ, ਔਰਤਾਂ ਦੇ ਹੱਕ ਅਤੇ ਮਨੁੱਖੀ ਭਾਵਨਾਵਾਂ ਦਾ ਵਰਣਨ ਮਿਲਦਾ ਹੈ। ਅੰਮ੍ਰਿਤਾ ਪ੍ਰੀਤਮ...
ਅੰਮ੍ਰਿਤਾ ਪ੍ਰੀਤਮ ਪੰਜਾਬੀ ਦੀ ਪ੍ਰਸਿੱਧ ਕਵਿੱਤਰੀ, ਨਾਵਲਕਾਰ ਅਤੇ ਲੇਖਕਾ ਸੀ। ਉਸ ਨੇ ਪੰਜਾਬੀ ਸਾਹਿਤ ਨੂੰ ਅਮੀਰ ਬਣਾਉਣ ਵਿੱਚ ਅਹਿਮ ਯੋਗਦਾਨ ਪਾਇਆ। ਉਸ ਦੀਆਂ ਰਚਨਾਵਾਂ ਵਿੱਚ ਵੰਡ ਦਾ ਦਰਦ, ਔਰਤਾਂ ਦੇ ਹੱਕ ਅਤੇ ਮਨੁੱਖੀ ਭਾਵਨਾਵਾਂ ਦਾ ਵਰਣਨ ਮਿਲਦਾ ਹੈ। ਅੰਮ੍ਰਿਤਾ ਪ੍ਰੀਤਮ ਨੇ 100 ਤੋਂ ਵੱਧ ਪੁਸਤਕਾਂ ਦੀ ਰਚਨਾ ਕੀਤੀ। ਉਸ ਦੀ ਪ੍ਰਸਿੱਧ ਰਚਨਾ ‘ਅੱਜ ਆਖਾਂ ਵਾਰਿਸ਼ ਸ਼ਾਹ ਨੂੰ’ ਪੰਜਾਬ ਵੰਡ ਦੇ ਦਰਦ ਨੂੰ ਬਿਆਨ ਕਰਦੀ ਹੈ। ਉਸ ਦਾ ਪ੍ਰਸਿੱਧ ਨਾਵਲ ‘ਪਿੰਜਰ’ ਵੰਡ ਦੌਰਾਨ ਔਰਤਾਂ ਦੇ ਦੁੱਖਾਂ ਤੇ ਮੁਸ਼ਕਿਲਾਂ ਨੂੰ ਬਿਆਨਦਾ ਹੈ। ਅੰਮ੍ਰਿਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਰਾਹੀਂ ਔਰਤ ਦੇ ਹੱਕਾਂ ਅਤੇ ਸਮਾਜਿਕ ਬਰਾਬਰੀ ਲਈ ਆਵਾਜ਼ ਉਠਾਈ। ਅੰਮ੍ਰਿਤਾ ਨੂੰ 1956 ’ਚ ਕਾਵਿ-ਪੁਸਤਕ ‘ਸੁਨੇਹੜੇ’ ਲਈ ਸਾਹਿਤ ਅਕਾਦਮੀ ਪੁਰਸਕਾਰ, ਸਾਲ 1969 ’ਚ ਪਦਮ ਸ੍ਰੀ, 1982 ’ਚ ‘ਕਾਗਜ਼ ਤੇ ਕੈਨਵਸ’ ਲਈ ਭਾਰਤੀ ਗਿਆਨਪੀਠ ਪੁਰਸਕਾਰ, 2004 ’ਚ ਪਦਮ ਵਿਭੂਸ਼ਣ ਅਤੇ ਉਸੇ ਸਾਲ ਸਾਹਿਤ ਅਕਾਦਮੀ ਫੈਲੋਸ਼ਿਪ ਮਿਲੀ। ਇਉਂ 1956 ’ਚ ‘ਸੁਨੇਹੜੇ’ ਕਾਵਿ ਸੰਗ੍ਰਹਿ ਲਈ ਸਾਹਿਤ ਅਕਾਦਮੀ ਐਵਾਰਡ ਪ੍ਰਾਪਤ ਕਰਨ ਵਾਲੀ ਪਹਿਲੀ ਔਰਤ ਬਣੀ। ਅੰਮ੍ਰਿਤਾ ਪ੍ਰੀਤਮ 1986 ’ਚ ਰਾਜ ਸਭਾ ਦੀ ਮੈਂਬਰ ਨਾਮਜ਼ਦ ਹੋਈ। ਇਸ ਤੋਂ ਇਲਾਵਾ ਉਸ ਨੂੰ ਬੁਲਗਾਰੀਆ ਦਾ ਵਾਤਸਾਰੋਵ ਪੁਰਸਕਾਰ ਅਤੇ ਫਰਾਂਸ ਵੱਲੋਂ ਕਲਾ ਤੇ ਸਾਹਿਤ ਦੇ ਖੇਤਰ ’ਚ ਸਨਮਾਨ ਵੀ ਮਿਲਿਆ। ਉਸ ਨੂੰ ਜਬਲਪੁਰ, ਦਿੱਲੀ ਅਤੇ ਵਿਸ਼ਵ ਭਾਰਤੀ ਯੂਨੀਵਰਸਿਟੀਆਂ ਦੁਆਰਾ ਆਨਰੇਰੀ ਡਿਗਰੀਆਂ ਨਾਲ ਸਨਮਾਨਿਤ ਕੀਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਲਮ ਰਾਹੀਂ ਪੰਜਾਬੀ ਸਾਹਿਤ ਨੂੰ ਦੁਨੀਆ ਭਰ ’ਚ ਫੈਲਾਇਆ। ਉਸ ਦੀਆਂ ਰਚਨਾਵਾਂ ਅੱਜ ਵੀ ਪਾਠਕਾਂ ਨੂੰ ਪ੍ਰੇਰਿਤ ਕਰਦੀਆਂ ਹਨ।
ਪੰਜਾਬੀ ਸਾਹਿਤ ਦੀ ਸਭ ਤੋਂ ਵੱਧ ਸਨਮਾਨਿਤ ਲੇਖਕਾ ਅੰਮ੍ਰਿਤਾ ਪ੍ਰੀਤਮ ਦਾ ਜਨਮ 31 ਅਗਸਤ 1919 ਨੂੰ ਪਿਤਾ ਗਿਆਨੀ ਕਰਤਾਰ ਸਿੰਘ ਹਿੱਤਕਾਰੀ ਦੇ ਘਰ ਗੁੱਜਰਾਂਵਾਲਾ (ਪਾਕਿਸਤਾਨ) ਵਿੱਚ ਹੋਇਆ। ਗਿਆਨੀ ਕਰਤਾਰ ਸਿੰਘ ਹਿੱਤਕਾਰੀ ਸਕੂਲ ਅਧਿਆਪਕ ਅਤੇ ਸਿੱਖ ਧਰਮ ਦੇ ਪ੍ਰਚਾਰਕ ਸਨ। ਮਾਂ ਦੀ ਮੌਤ ਵੇਲੇ ਅੰਮ੍ਰਿਤਾ ਗਿਆਰਾਂ ਸਾਲ ਦੀ ਸੀ, ਜਿਸ ਕਾਰਨ ਉਸ ਨੂੰ ਘਰੇਲੂ ਜ਼ਿੰਮੇਵਾਰੀ ਬਚਪਨ ’ਚ ਹੀ ਨਿਭਾਉਣੀ ਪਈ। ਉਸ ਨੇ ਛੋਟੀ ਉਮਰ ’ਚ ਹੀ ਲਿਖਣਾ ਸ਼ੁਰੂ ਕਰ ਦਿੱਤਾ ਸੀ। ਸੋਲਾਂ ਸਾਲ ਦੀ ਉਮਰ ’ਚ ਅੰਮ੍ਰਿਤਾ ਪ੍ਰੀਤਮ ਦੀ ਪਹਿਲੀ ਲਿਖਤ ਛਪੀ। ਉਹ 1947 ਤੱਕ ਲਾਹੌਰ ਰੇਡੀਓ ਲਈ ਗੀਤ, ਸੰਗੀਤ-ਰੂਪਕ ਤੇ ਪੰਜਾਬੀ ਪੁਸਤਕ ਪੜਚੋਲ ਲਿਖਦੀ ਰਹੀ। ਅੰਮ੍ਰਿਤਾ ਪ੍ਰੀਤਮ ਨੇ ਠੰਢੀਆਂ ਕਿਰਨਾਂ, ਅੰਮ੍ਰਿਤ ਲਹਿਰਾਂ, ਜਿਊਂਦਾ ਜੀਵਣ, ਤ੍ਰੇਲ ਧੋਤੇ ਫੁੱਲ, ਓ ਗੀਤਾਂ ਵਾਲਿਓ, ਸੰਝ ਦੀ ਲਾਲੀ, ਲੋਕ ਪੀੜਾ, ਪੱਥਰ ਗੀਟੇ, ਲੰਮੀਆਂ ਵਾਟਾਂ, ਸਰਘੀ ਵੇਲਾ, ਸੁਨੇਹੜੇ, ਅਸ਼ੋਕਾ ਚੇਤੀ, ਕਸਤੂਰੀ ਆਦਿ ਕਾਵਿ-ਸੰਗ੍ਰਹਿ ਪੰਜਾਬੀ ਸਾਹਿਤ ਦੀ ਝੋਲੀ ਪਾਏ। ਡਾਕਟਰ ਦੇਵ, ਪਿੰਜਰ, ਆਲ੍ਹਣਾ ਆਦਿ ਅੰਮ੍ਰਿਤਾ ਪ੍ਰੀਤਮ ਦੇ ਪ੍ਰਸਿੱਧ ਨਾਵਲ ਹਨ।
ਸੰਨ 1947 ’ਚ ਦੇਸ਼ ਵੰਡ ਦੌਰਾਨ ਉਹ ਪਹਿਲਾਂ ਦੇਹਰਾਦੂਨ ਅਤੇ ਫਿਰ ਦਿੱਲੀ ਆ ਕੇ ਵਸ ਗਏ। ਸੰਨ 1961 ਤੱਕ ਆਲ ਇੰਡੀਆ ਰੇਡੀਓ ਦਿੱਲੀ ਵਿੱਚ ਅਨਾਊਂਸਰ ਅਤੇ ਸਕ੍ਰਿਪਟ ਰਾਈਟਰ ਵਜੋਂ ਕੰਮ ਕੀਤਾ। ਉਸ ਦੀ ਪੁਸਤਕ ‘ਡਾਕੂ’ ’ਤੇ ਬਾਸੂ ਭੱਟਚਾਰੀਆ ਨੇ ਫਿਲਮ ਬਣਾਈ। ਉਸ ਦੇ ਪ੍ਰਸਿੱਧ ਨਾਵਲ ‘ਪਿੰਜਰ’ ’ਤੇ ਵੀ ਫਿਲਮ ਬਣੀ। ਇਸ ਨਾਵਲ ’ਚ ਔਰਤ ਦੇ ਜਜ਼ਬਾਤ, ਮਰਦ ਪ੍ਰਧਾਨ ਸਮਾਜ ਵਿਚਲੀ ਤ੍ਰਾਸਦੀ ਅਤੇ ਵੰਡ ਵੇਲੇ ਲੋਕਾਂ ਦੇ ਰੁਲਦੇ ਅਰਮਾਨਾਂ ਨੂੰ ਬੜੇ ਯਥਾਰਥਕ ਢੰਗ ਨਾਲ ਪੇਸ਼ ਕੀਤਾ ਗਿਆ। ਅੰਮ੍ਰਿਤਾ ਪ੍ਰੀਤਮ ਨੇ ਜੀਵਨ ਦੇ ਆਖ਼ਰੀ 40 ਸਾਲ ਚਿੱਤਰਕਾਰ ਇਮਰੋਜ਼ ਨਾਲ ਬਿਤਾਏ। ਉਸ ‘ਨਾਗਮਣੀ’ ਨਾਂ ਦਾ ਇੱਕ ਸਾਹਿਤਕ ਮਾਸਿਕ ਰਸਾਲਾ ਵੀ ਚਲਾਇਆ। ਅੰਮ੍ਰਿਤਾ ਪ੍ਰੀਤਮ ਆਪਣੀਆਂ ਸਾਹਿਤਕ ਰਚਨਾਵਾਂ ਨਾਲ ਕਵਿੱਤਰੀ ਤੋਂ ਵਧ ਕੇ ਪੰਜਾਬ ਦੀ ਆਵਾਜ਼ ਬਣੀ ਰਹੀ। ਸੰਨ 1947 ਦੇ ਦੁਖਾਂਤ ਸਮੇਂ ਹੋਈ ਔਰਤਾਂ ਦੀ ਬੇਪਤੀ ਬਾਰੇ ‘ਅੱਜ ਆਖਾਂ ਵਾਰਿਸ਼ ਸ਼ਾਹ ਨੂੰ’ ਕਵਿਤਾ ’ਚ ਇੰਜ ਬਿਆਨਿਆ ਹੈ:
ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ।
ਤੇ ਅੱਜ ਕਿਤਾਬੇ ਇਸ਼ਕ ਦਾ, ਕੋਈ ਅਗਲਾ ਵਰਕਾ ਫੋਲ।
ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ।
ਅੱਜ ਲੱਖਾਂ ਧੀਆਂ ਰੋਂਦੀਆਂ, ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
ਅੰਮ੍ਰਿਤਾ ਪ੍ਰੀਤਮ ਨੇ ਆਪਣੀ ਕਵਿਤਾ ਰਾਹੀਂ ਸਰਮਾਏਦਾਰੀ ਸ਼ੋਸ਼ਣ ਦੇ ਖ਼ਿਲਾਫ਼ ਵੀ ਬੁਲੰਦ ਆਵਾਜ਼ ਉਠਾਈ। ਉਸ ਦੀ ਕਵਿਤਾ ‘ਬਾਰਾਂਮਾਹ’ ਕਿਰਤੀਆਂ ਦੇ ਹੱਕਾਂ ਦਾ ਬੜਾ ਵਧੀਆ ਸੁਨੇਹਾ ਦਿੰਦੀ ਹੈ। ਉਸ ਨੇ ਕਈ ਖ਼ੂਬਸੂਰਤ ਗੀਤ ਅਤੇ ਕਹਾਣੀਆਂ ਵੀ ਰਚੀਆਂ। ਸਭ ਤੋਂ ਵੱਧ ਸਨਮਾਨਿਤ ਪੰਜਾਬੀ ਲੇਖਕਾ 86 ਸਾਲ ਦੀ ਉਮਰ ਭੋਗ ਕੇ 31 ਅਕਤੂਬਰ 2005 ਨੂੰ ਹਮੇਸ਼ਾ ਲਈ ਸਾਡੇ ਤੋਂ ਵਿਛੜ ਗਈ। ਪੰਜਾਬੀ ਸਾਹਿਤ ਦੀ ਵਿਲੱਖਣ ਸੇਵਾ ਕਰਨ ਲਈ ਅੰਮ੍ਰਿਤਾ ਪ੍ਰੀਤਮ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ।
ਸੰਪਰਕ: 94631-62825

