DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਿੰਨੀ ਕਹਾਣੀ: ਜਸਮੀਤ ਬਨਾਮ ਜਗਮੀਤ

‘‘ਪਟਵਾਰੀ ਸਾਹਿਬ! ਦੇਖਿਓ ਭਲਾ, ਮੈਂ ਕੋਈ ਅੱਠ-ਨੌਂ ਸਾਲ ਪਹਿਲਾਂ ਆਹ ਚਾਰ ਕੁ ਵਿਸਵਿਆਂ ਦਾ ਪਲਾਟ ਲਿਆ ਸੀ, ਮੈਂ ਇਸ ਦੀ ਫਰਦ ਜਮਾਂਬੰਦੀ ਕਢਵਾਉਣੀ ਹੈ।’’ ‘‘ਅੰਕਲ ਜੀ, ਅੱਜਕੱਲ੍ਹ ਫਰਦ ਜਮ੍ਹਾਂਬੰਦੀ ਦੀ ਨਕਲ ਤਾਂ ਫਰਦ ਕੇਂਦਰ ਤੋਂ ਮਿਲਦੀ ਹੈ। ਤੁਸੀਂ ਤਹਿਸੀਲ ਦਫ਼ਤਰ...

  • fb
  • twitter
  • whatsapp
  • whatsapp
Advertisement

‘‘ਪਟਵਾਰੀ ਸਾਹਿਬ! ਦੇਖਿਓ ਭਲਾ, ਮੈਂ ਕੋਈ ਅੱਠ-ਨੌਂ ਸਾਲ ਪਹਿਲਾਂ ਆਹ ਚਾਰ ਕੁ ਵਿਸਵਿਆਂ ਦਾ ਪਲਾਟ ਲਿਆ ਸੀ, ਮੈਂ ਇਸ ਦੀ ਫਰਦ ਜਮਾਂਬੰਦੀ ਕਢਵਾਉਣੀ ਹੈ।’’ ‘‘ਅੰਕਲ ਜੀ, ਅੱਜਕੱਲ੍ਹ ਫਰਦ ਜਮ੍ਹਾਂਬੰਦੀ ਦੀ ਨਕਲ ਤਾਂ ਫਰਦ ਕੇਂਦਰ ਤੋਂ ਮਿਲਦੀ ਹੈ। ਤੁਸੀਂ ਤਹਿਸੀਲ ਦਫ਼ਤਰ ਜਾ ਕੇ ਫਰਦ ਸੁਵਿਧਾ ਕੇਂਦਰ ਵਿੱਚ ਅਪਲਾਈ ਕਰੋ।’’ ‘‘ਓ ਕਾਕਾ! ਮੈਂ ਗਿਆ ਸੀ ਓਥੇ, ਉਹ ਕਹਿੰਦੇ ਕਿ ਮੇਰੇ ਨਾਂ ਯਾਨੀ, ਜਸਮੀਤ ਸਿੰਘ ਦੇ ਨਾਂ ’ਤੇ ਤਾਂ ਸਾਰੇ ਪਿੰਡ ਦੇ ਰਿਕਾਰਡ ਵਿੱਚ ਇੱਕ ਇੰਚ ਵੀ ਜ਼ਮੀਨ ਨਹੀਂ ਬੋਲਦੀ। ਮੈਂ ਉਨ੍ਹਾਂ ਨੂੰ ਆਹ ਰਜਿਸਟਰੀ ਵੀ ਦਿਖਾਈ ਸੀ। ਫਰਦ ਕੇਂਦਰ ਵਾਲਿਆਂ ਨੇ ਮੈਨੂੰ ਅੱਗੇ ਦੱਸਿਆ ਕਿ ਇਹ ਨੰਬਰ ਤਾਂ ਕਿਸੇ ਜਗਮੀਤ ਸਿੰਘ ਦੇ ਨਾਂ ਬੋਲਦੇ ਨੇ। ਸਬੱਬੀਂ ਮੇਰੇ ਅਤੇ ਇਸ ਦੇ ਬਾਪ ਦਾ ਨਾਂ ਵੀ ਸੁੱਚਾ ਸਿੰਘ ਹੀ ਹੈ।’’

‘‘ਲਿਆਓ ਮੈਂ ਦੇਖਾਂ, ਕੀ ਨਾਂ ਦੱਸਿਐ? ਜਗਮੀਤ?’’

Advertisement

‘‘ਨਹੀਂ ਨਹੀਂ, ਮੇਰਾ ਨਾਂ ਜਸਮੀਤ ਸਿੰਘ ਹੈ, ਜ ਸ ਮੀ ਤ। ਇਹ ਜਸਮੀਤ ਤੋਂ ਜਗਮੀਤ ਕਿਵੇਂ ਹੋ ਗਿਆ?’’

Advertisement

ਪਟਵਾਰੀ ਨੇ ਲੈਪਟਾਪ ਖੋਲ੍ਹ ਕੇ ਰਜਿਸਟਰੀ ਵਿਚਲੇ ਖਸਰਾ ਨੰਬਰ ਤੋਂ ਦੇਖਿਆ ਤਾਂ ਇਹ ਨੰਬਰ ਵਾਕਿਆ ਹੀ ਕਿਸੇ ਜਗਮੀਤ ਸਿੰਘ ਪੁੱਤਰ ਸੁੱਚਾ ਸਿੰਘ ਦੇ ਨਾਮ ਬੋਲਦੇ ਸਨ।

‘‘ਹਾਂ ਅੰਕਲ ਜੀ, ਤੁਸੀਂ ਠੀਕ ਹੀ ਕਹਿੰਦੇ ਹੋ। ਮੈਨੂੰ ਇਉਂ ਲੱਗਦਾ ਹੈ ਕਿ ਜਦੋਂ ਰਿਕਾਰਡ ਕੰਪਊਟਰ ’ਤੇ ਚਾੜ੍ਹਿਆ ਗਿਆ, ਉਦੋਂ ਕਿਸੇ ਤੋਂ ਇਹ ਗ਼ਲਤੀ ਹੋਈ ਹੈ। ਸੱਸੇ ਵਿਚਲੀ ਘੁੰਡੀ ਕਿਤੇ ਪੂਰੀ ਨਹੀਂ ਪਈ ਹੋਣੀ, ਇਸ ਲਈ ਉਸ ਨੇ ਸੱਸੇ ਨੂੰ ਗੱਗਾ ਪੜ੍ਹ ਲਿਆ ਤੇ ਤੁਹਾਡੇ ਵਾਲੇ ਪਲਾਟ ਦਾ ਮਾਲਕ ਬਣ ਗਿਆ ਜਗਮੀਤ ਸਿੰਘ।’’

‘‘ਚਲੋ ਕੋਈ ਨੀ ਪਟਵਾਰੀ ਸਾਹਿਬ, ਗ਼ਲਤੀ ਤਾਂ ਕਿਸੇ ਤੋਂ ਵੀ ਹੋ ਸਕਦੀ ਐ, ਤੁਸੀਂ ਇਸ ਨੂੰ ਮੇਰੀ ਆਹ ਰਜਿਸਟਰੀ ਮੁਤਾਬਿਕ ਠੀਕ ਕਰ ਦਿਓ।’’

‘‘ਤੁਸੀਂ ਵੀ ਅੰਕਲ ਜੀ, ਬੱਚਿਆਂ ਆਲੀਆਂ ਗੱਲਾਂ ਕਰਦੇ ਓ। ਐਨਾ ਸੌਖਾ ਇਹ ਨਾਂ ਠੀਕ ਨਹੀਂ ਹੋਣਾ। ਨਾਮ ਦਰੁਸਤੀ ਦੀ ਫਾਈਲ ਤਿਆਰ ਹੋਊ। ਪਹਿਲਾਂ ਤਾਂ ਪੁਰਾਣਾ ਰਿਕਾਰਡ ਲੱਭਣਾ ਪਊ। ਆਹ ਕਰਿੰਦੇ ਨੂੰ ਲਾਊਂ ਇਸ ਕੰਮ ’ਤੇ, ਪੰਜ ਚਾਰ ਦਿਨ ਲੱਗ ਜਾਣਗੇ। ਥੋੜ੍ਹਾ ਬਹੁਤਾ ਇਸ ਦਾ ਮਾਣ-ਤਾਣ ਕਰ ਦਿਓ। ਇਨ੍ਹਾਂ ਵਿਚਾਰਿਆਂ ਨੂੰ ਸਰਕਾਰ ਕੋਈ ਤਨਖ਼ਾਹ ਤਾਂ ਦਿੰਦੀ ਨ੍ਹੀਂ। ਬੱਸ ਇਉਂ ਹੀ ਟਾਈਮ ਪਾਸ ਕਰਦੇ ਨੇ। ਫਿਲਹਾਲ ਤੁਸੀਂ ਇੱਕ ਅਰਜ਼ੀ ਲਿਖ ਕੇ ਉਸ ਨਾਲ ਆਪਣੀ ਆਹ ਰਜਿਸਟਰੀ ਦੀ ਨਕਲ ਅਤੇ ਆਪਣੇ ਨਾਂ ਦੇ ਤਿੰਨ ਸਬੂਤਾਂ ਦੀ ਫੋਟੋਸਟੇਟ ਨਾਲ ਲਾ ਕੇ ਫਰਦ ਕੇਂਦਰ ਵਿੱਚ ਦੇ ਆਇਓ। ਇਸ ਦੀ ਕੁਝ ਸਰਕਾਰੀ ਫੀਸ ਵੀ ਹੋਊ, ਉੱਥੋਂ ਪੁੱਛ ਕੇ ਜਮ੍ਹਾ ਕਰਵਾ ਦਿਓ। ਜੇਕਰ ਤੁਹਾਡੇ ਕੋਲੋਂ ਇਹ ਕੰਮ ਨਹੀਂ ਹੋਣਾ ਤਾਂ ਕਿਸੇ ਵਸੀਕਾਨਵੀਸ ਤੋਂ ਫਾਈਲ ਤਿਆਰ ਕਰਵਾ ਲਿਓ। ਪੰਦਰਾਂ ਕੁ ਦਿਨ ਬਾਅਦ ਗੇੜਾ ਮਾਰਿਓ।’’ ਪਟਵਾਰੀ ਸਾਹਿਬ ਨੇ ਜਸਮੀਤ ਸਿੰਘ ਨੂੰ ਸਾਰਾ ਸਿਸਟਮ ਸਮਝਾ ਦਿੱਤਾ ਸੀ। ‘‘ਫੀਸ ਕਾਹਦੀ, ਗ਼ਲਤੀ ਤਾਂ ਸਾਰੀ ਤੁਹਾਡੇ ਮਹਿਕਮੇ ਦੀ ਹੈ। ਰਜਿਸਟਰੀ ਮੇਰੇ ਕੋਲ ਹੈ ਅਤੇ ਰਜਿਸਟਰੀ ਵਿੱਚ ਮੇਰਾ ਨਾਮ ਸਹੀ ਹੈ ਜ ਸ ਮੀ ਤ ਸਿੰਘ। ਇਹਨੂੰ ਦੇਖ ਕੇ ਤੁਸੀਂ ਠੀਕ ਕਰ ਦਿਓ ਆਪਦੇ ਰਿਕਾਰਡ ਵਿੱਚ।’’ ਜਸਮੀਤ ਸਿੰਘ ਚਾਹੁੰਦਾ ਸੀ ਕਿ ਕੰਮ ਸੌਖਿਆਂ ਹੀ ਹੋ ਜਾਵੇ।

‘‘ਅੰਕਲ ਜੀ, ਮੈਂ ਤਾਂ ਤੁਹਾਨੂੰ ਸਹੀ ਰਾਹ ਪਾਇਆ ਹੈ, ਬਾਕੀ ਤੁਹਾਡੀ ਮਰਜ਼ੀ।’’ ਇਹ ਕਹਿੰਦਿਆਂ ਪਟਵਾਰੀ ਨੀਵੀਂ ਪਾ ਕੇ ਆਪਣੇ ਕੰਮ ਲੱਗ ਗਿਆ। ਪਟਵਾਰੀ ਦੇ ਦੱਸੇ ਮੁਤਾਬਿਕ ਜਸਮੀਤ ਸਿੰਘ ਨੇ ਵਸੀਕਾਨਵੀਸ ਨੂੰ ਤਿੰਨ ਸੌ ਰੁਪਏ ਦੇ ਕੇ ਫਾਈਲ ਤਿਆਰ ਕਰਵਾ ਲਈ। ਆਪਣੇ ਆਧਾਰ ਕਾਰਡ, ਪੈਨ ਕਾਰਡ ਅਤੇ ਬੈਂਕ ਦੀ ਕਾਪੀ ਦੀ ਨਕਲ ਨਾਲ ਰਜਿਸਟਰੀ ਦੀ ਫੋਟੋਸਟੇਟ ਲਾ ਕੇ ਫਰਦ ਕੇਂਦਰ ਵਿੱਚ ਫਾਈਲ ਤੇ ਫੀਸ ਜਮ੍ਹਾਂ ਕਰਵਾ ਦਿੱਤੀ। ਪੰਦਰਾਂ ਦਿਨ ਲੰਘ ਜਾਣ ਤੋਂ ਬਾਅਦ ਜਸਮੀਤ ਸਿੰਘ ਜਾ ਪਟਵਾਰੀ ਸਾਹਿਬ ਦੇ ਦਫ਼ਤਰ ਪੇਸ਼ ਹੋਇਆ। ‘‘ਹਾਂ ਜੀ ਪਟਵਾਰੀ ਸਾਹਿਬ, ਹੋ ਗਈ ਦਰੁਸਤੀ ਮੇਰੇ ਨਾਂ ਦੀ?’’

‘‘ਨਹੀਂ ਅੰਕਲ ਜੀ, ਅਸੀਂ ਪੁਰਾਣਾ ਰਿਕਾਰਡ ਦੇਖਿਆ ਸੀ, ਓਥੇ ਵੀ ਮਾਮਲਾ ਸ਼ੱਕੀ ਜਿਹਾ ਬਣਿਆ ਪਿਐ। ਸੱਸੇ ਦੀ ਡੰਡੀ ਮੌਕੇ ਦੇ ਪਟਵਾਰੀ ਨੇ ਪੂਰੀ ਨਹੀਂ ਖਿੱਚੀ, ਹੁਣ ਉਸ ਨੂੰ ਚਾਹੋ ਤਾਂ ਜਸਮੀਤ ਪੜ੍ਹ ਲਓ ਚਾਹੇ ਜਗਮੀਤ। ਖ਼ੈਰ, ਅਸੀਂ ਤਾਂ ਕੇਸ ਤਿਆਰ ਕਰ ਕੇ ਤਹਿਸੀਲ ਦਫ਼ਤਰ ਭੇਜ ਦਿੱਤਾ ਸੀ। ਉੱਥੋਂ ਨਾਇਬ ਸਾਹਿਬ ਨੇ ਹੁਕਮ ਕੀਤਾ ਹੈ ਕਿ ਤਤਕਾਲੀ ਨੰਬਰਦਾਰ ਅਤੇ ਗਵਾਹਾਂ ਨੂੰ ਪੇਸ਼ ਕਰਕੇ ਤਸਦੀਕ ਕਰਵਾਈ ਜਾਵੇ। ਸੋ ਤੁਸੀਂ ਕਿਸੇ ਦਿਨ ਨੰਬਰਦਾਰ ਅਤੇ ਗਵਾਹਾਂ ਨੂੰ ਆਪਣੇ ਪਛਾਣ ਪੱਤਰ ਲੈ ਕੇ ਤਹਿਸੀਲ ਦਫ਼ਤਰ ਨਾਇਬ ਸਾਹਿਬ ਦੇ ਪੇਸ਼ ਹੋ ਜਾਇਓ। ਉਨ੍ਹਾਂ ਦੀ ਗਵਾਹੀ ਜ਼ਰੂਰੀ ਐ।’’

‘‘ਮੇਰੀ ਤਾਂ ਪਰਸੋਂ ਨੂੰ ਫਲਾਈਟ ਐ। ਕੈਨੇਡਾ ਦੀ ਟਿਕਟ ਆਈ ਪਈ ਐ। ਮੈਂ ਕਿੱਥੋਂ ਲਿਆਵਾਂ ਉਸ ਵੇਲੇ ਦੇ ਨੰਬਰਦਾਰ ਤੇ ਗਵਾਹ। ਮੈਨੂੰ ਤਾਂ ਇਹ ਵੀ ਯਾਦ ਨਹੀਂ ਬਈ ਕਿਹੜਾ ਨੰਬਰਦਾਰ ਸੀ। ਐਥੋਂ ਈ ਲਿਆ ਸੀ ਕੋਈ ਤਹਿਸੀਲ ’ਚੋਂ ਹੀ। ਆਹ ਨਵਾਂ ਈ ਯੱਭ ਛਿੜ ਗਿਆ।’’ ਜਸਮੀਤ ਸਿੰਘ ਮੂੰਹ ਵਿੱਚ ਹੀ ਬੁੜਬੁੜਾਇਆ। ‘‘ਕੋਈ ਨਈਂ ਬਜ਼ੁਰਗੋ, ਤੁਸੀਂ ਜਾਓ ਕੈਨੇਡਾ, ਆਪੇ ਹੋਈ ਜਾਊ, ਜਿਵੇਂ ਹੋਣਾ ਹੋਇਆ।’’ ਪਟਵਾਰੀ ਗੱਲ ਨੂੰ ਲੰਮੀ ਨਹੀਂ ਸੀ ਖਿੱਚਣਾ ਚਾਹੁੰਦਾ। ਕੋਈ ਪੰਜ ਕੁ ਸਾਲ ਅਮਰੀਕਾ ਵਿੱਚ ਗੁਜ਼ਾਰ ਕੇ ਜਸਮੀਤ ਸਿੰਘ ਵਾਪਸ ਭਾਰਤ ਪਰਤਿਆ। ਦੋ ਕੁ ਦਿਨ ਆਰਾਮ ਫਰਮਾਉਣ ਤੋਂ ਬਾਅਦ ਉਸ ਨੇ ਪਟਵਾਰੀ ਨੂੰ ਮਿਲ ਕੇ ਪਤਾ ਕਰਨਾ ਚਾਹਿਆ ਕਿ ਮਹਿਕਮੇ ਦੇ ਰਿਕਾਰਡ ਵਿੱਚ ਉਸ ਦੇ ਨਾਮ ਦੀ ਦਰੁਸਤੀ ਹੋਈ ਕਿ ਨਹੀਂ? ਪਟਵਾਰਖ਼ਾਨੇ ਜਾ ਕੇ ਜਸਮੀਤ ਸਿੰਘ ਨੇ ਦੇਖਿਆ ਕਿ ਨਾ ਤਾਂ ਉੱਥੇ ਪਹਿਲਾਂ ਵਾਲਾ ਪਟਵਾਰੀ ਸੀ ਅਤੇ ਨਾ ਹੀ ਉਸ ਦਾ ਕਰਿੰਦਾ। ਵਰਤਮਾਨ ਪਟਵਾਰੀ ਨੇ ਦੱਸਿਆ ਕਿ ਪਟਵਾਰੀ ਤਾਂ ਦੋ ਕੁ ਸਾਲ ਪਹਿਲਾਂ ਰਿਟਾਇਰ ਹੋ ਗਿਆ ਸੀ ਤੇ ਉਸ ਵੇਲੇ ਦੇ ਕਰਿੰਦੇ ਨੂੰ ਬਿਜਲੀ ਮਹਿਕਮੇ ਵਿੱਚ ਲਾਈਨਮੈਨ ਵਜੋਂ ਨੌਕਰੀ ਮਿਲ ਗਈ ਸੀ। ਸਾਰਾ ਰਿਕਾਰਡ ਫਰੋਲ ਕੇ ਪਟਵਾਰੀ ਗੁਰਮੁਖ ਸਿੰਘ ਨੇ ਦੱਸਿਆ ਕਿ ਰਿਕਾਰਡ ਮੁਤਾਬਿਕ ਨਾ ਹੀ ਜਸਮੀਤ ਸਿੰਘ ਦੇ ਨਾਂ ਅਤੇ ਨਾ ਹੀ ਜਗਮੀਤ ਸਿੰਘ ਦੇ ਨਾਂ ’ਤੇ ਕੋਈ ਪਲਾਟ ਹੈ। ਹਾਂ, ਇੱਕ ਪਲਾਟ ਹੈ ਚਾਰ ਵਿਸਵੇ ਦਾ। ਇਹ ਪਲਾਟ ਜਗਮੀਤ ਸਿੰਘ ਪੁੱਤਰ ਸੁੱਚਾ ਸਿੰਘ ਨੇ ਕਿਸੇ ਕ੍ਰਿਸ਼ਨ ਲਾਲ ਨੂੰ ਵੇਚਿਆ ਸੀ ਤੇ ਕ੍ਰਿਸ਼ਨ ਲਾਲ ਨੇ ਅੱਗਿਓਂ ਇਹ ਕਿਸੇ ਪ੍ਰਸਿੰਨੀ ਨੂੰ ਵੇਚਿਆ ਹੋਇਐ। ਵਰਤਮਾਨ ਰਿਕਾਰਡ ਮੁਤਾਬਿਕ ਇਸ ਪਲਾਟ ’ਤੇ ਕਿਸੇ ਬੈਂਕ ਦਾ ਮਕਾਨ ਬਣਾਉਣ ਦਾ ਕਰਜ਼ਾ ਹੈ ਅਤੇ ਹੁਣ ਇਹ ਬੈਂਕ ਕੋਲ ਗਿਰਵੀ ਪਿਆ ਹੈ। ਅੰਕਲ ਜੀ, ਤੁਸੀਂ ਏਸ ਜਗਮੀਤ ਸਿੰਘ ਨੂੰ ਮਿਲੋ, ਇਹ ਤੁਹਾਨੂੰ ਸਾਰੀ ਗੱਲ ਸਮਝਾ ਸਕਦੈ।’’

‘‘ਐਂ ਕਿਵੇਂ ਵਿਕ ਗਿਆ ਭਲਾ? ਕਾਨੂੰਨ ਨਾਂ ਦੀ ਕੋਈ ਚੀਜ਼ ਨਹੀਂ? ਕਿਸ ਨੇ ਉਸ ਨੂੰ ਨੰਬਰ ਦੇ ਦਿੱਤੇ?, ਕਿਸ ਨੇ ਰਜਿਸਟਰੀ ਕਰ ਦਿੱਤੀ?, ਨੰਬਰਦਾਰ ਗਵਾਹ ਵੀ ਲਏ ਹੋਣਗੇ, ਖਾਲਾ ਜੀ ਦਾ ਵਾੜਾ ਸਮਝ ਰੱਖਿਐ! ਮੈਂ ਉੱਪਰ ਤੱਕ ਜਾਊਂਗਾ। ਸਭ ਦੀ ਸਾਰ ਲਊਂਗਾ। ਉਂਜ ਮੈਂ ਸਮਝ ਤਾਂ ਗਿਆ ਕਿ ਕਿੱਥੇ ਅਤੇ ਕਿਵੇਂ ਹੋਇਐ ਇਹ ਘਾਲਾ-ਮਾਲਾ।’’

‘‘ਬਾਬਾ! ਐਥੇ ਰੌਲਾ ਪਾਉਣ ਦਾ ਕੀ ਫ਼ਾਇਦਾ। ਮੈਂ ਤਾਂ ਤੈਨੂੰ ਰਿਕਾਰਡ ਦੇਖ ਕੇ ਦੱਸਤਾ, ਬਾਕੀ ਤੂੰ ਜਾਣੇਂ ਤੇ ਤੇਰਾ ਕੰਮ।’’ ਇਹ ਕਹਿੰਦਿਆਂ ਪਟਵਾਰੀ ਤਹਿਸੀਲ ਜਾਣ ਲਈ ਦਫ਼ਤਰੋਂ ਬਾਹਰ ਹੋ ਗਿਆ। ਉੱਥੋਂ ਆਪਣਾ ਲਕਾ-ਤੁਕਾ ਸਮੇਟ ਕੇ ਜਸਮੀਤ ਸਿੰਘ ਨੇ ਜਗਮੀਤ ਸਿੰਘ ਦੇ ਘਰ ਵੱਲ ਚਾਲੇ ਪਾ ਦਿੱਤੇ। ਜਗਮੀਤ ਸਿੰਘ ਘਰ ਹੀ ਸੀ। ਉਸ ਨੇ ਆਦਤਨ ਥੋੜ੍ਹੀ ਪੀ ਰੱਖੀ ਸੀ।

‘‘ਜਗਮੀਤ ਸਿਹਾਂ, ਮੈਂ ਪਟਵਾਰੀ ਕੋਲੋਂ ਆਇਆਂ, ਉਸ ਨੇ ਮੈਨੂੰ ਦੱਸਿਐ ਬਈ ਆਹ ਮੇਰਾ ਚਾਰ ਬਿਸਵੇ ਦਾ ਪਲਾਟ ਤੈਂ ਵੇਚਤਾ। ਤੂੰ ਭਲਾ ਕਿਵੇਂ ਵੇਚ ਸਕਦੈਂ, ਜਦ ਤੂੰ ਇਸਦਾ ਮਾਲਿਕ ਹੀ ਨਹੀਂ ਸਗੋਂ ਮਾਲਿਕ ਤਾਂ ਮੈਂ ਆਂ। ਤੈਨੂੰ ਇਸ ਦੇ ਨੰਬਰ ਕਿਸ ਨੇ ਦੇ ਦਿੱਤੇ? ਕਿਹੜਾ ਪਟਵਾਰੀ ਸੀ ਉਸ ਵਕਤ? ਰਜਿਸਟਰੀ ਕਿਵੇਂ ਹੋਗੀ?’’ ਜਸਮੀਤ ਸਿੰਘ ਨੇ ਕਈ ਸਵਾਲ ਇਕਦਮ ਹੀ ਦਾਗ਼ ਦਿੱਤੇ ਸਨ।

‘‘ਕਿਹੜੇ ਪਲਾਟ ਦੀ ਗੱਲ ਕਰਦੇ ਓ ਅੰਕਲ ਜੀ ਤੁਸੀਂ? ਅਸੀਂ ਤਾਂ ਰੋਜ਼ ਈ ਕੋਈ ਨਾ ਕੋਈ ਪਲਾਟ ਵੇਚਦੇ ਆਂ। ਥੋਨੂੰ ਪਤਾ ਈ ਐ, ਮੇਰਾ ਪਿਓ ਥਾਣੇਦਾਰ ਸੀ, ਸਵਰਗਾਂ ’ਚ ਕੁਰਸੀ ਮਿਲੇ ਵਿਚਾਰੇ ਨੂੰ, ਸਾਡੇ ਵਾਸਤੇ ਥਾਓਂ ਥਾਓਂ ਪਲਾਟ ਲੈ ਕੇ ਰੱਖ ਗਿਆ।’’ ਲੜਖੜਾਉਂਦੀ ਜ਼ੁਬਾਨ ਵਿੱਚ ਜਗਮੀਤ ਨੇ ਜਵਾਬ ਦਿੱਤਾ। ‘‘ਆਹ ਜਿਹੜਾ ਨਵਯੁੱਗ ਕਲੋਨੀ ਵਾਲਾ, ਚਾਰ ਵਿਸਵੇ ਦਾ ਪਲਾਟ। ਜਿਹੜਾ ਤੈਂ ਕਿਸੇ ਕ੍ਰਿਸ਼ਨ ਲਾਲ ਨੂੰ ਵੇਚਿਐ, 14 ਲੱਖ ਦਾ। ਇਸ ਦਾ ਮਾਲਿਕ ਤਾਂ ਮੈਂ ਆਂ। ਆਹ ਦੇਖ ਰਜਿਸਟਰੀ। ਤੇਰੇ ਕੋਲ ਇਸ ਦਾ ਮਾਲਿਕ ਹੋਣ ਦਾ ਕੀ ਸਬੂਤ ਐ?’’ ਸਾਰੇ ਕਾਗਜ਼ ਜਗਮੀਤ ਅੱਗੇ ਰੱਖਦਿਆਂ ਜਸਮੀਤ ਨੇ ਗਲ ਸਾਫ਼ ਕਰਨੀ ਚਾਹੀ। ‘‘ਅੰਕਲ ਜੀ, ਮੈਨੂੰ ਕੁਝ ਪਤਾ ਨਹੀਂ। ਮੈਨੂੰ ਤਾਂ ਪਿਛਲੇ ਪਟਵਾਰੀ ਦੇ ਕਰਿੰਦੇ ਨੇ ਬੁਲਾ ਕੇ ਦੱਸਿਆ ਸੀ ਬਈ ਇਹ ਪਲਾਟ ਮੇਰੇ ਨਾਂ ਬੋਲਦੈ। ਮੈਂ ਸੋਚਿਆ ਬਈ ਮੇਰੇ ਪਿਉ ਨੇ ਖਰੀਦਿਆ ਹੋਣੈ, ਰਜਿਸਟਰੀ ਕਿਸੇ ਥਾਣੇ ’ਚ ਧਰ ਕੇ ਭੁੱਲ ਗਿਆ ਹੋਊ। ਵੀਹ ਸਾਲ ਥਾਣੇਦਾਰ ਲੱਗਿਆ ਰਿਹੈ, ਅੱਡ-ਅੱਡ ਥਾਣਿਆਂ ’ਚ। ਧਰ ਧਰ ਭੁੱਲਦਾ ਸੀ। ਨੰਬਰ ਮੈਨੂੰ ਪਟਵਾਰੀ ਨੇ ਦੇ ਦਿੱਤੇ। ਪਲਾਟ ਮੈਂ ਆਪਣਾ ਸਮਝ ਕੇ ਵੇਚ ਦਿੱਤਾ। ਮੈਨੂੰ ਤਾਂ ਪਤਾ ਲੱਗਿਐ ਬਈ ਉਸ ਨੇ ਇਹ ਅੱਗੇ ਵੇਚ ਦਿੱਤਾ ਤੇ ਅਗਾਂਹ ਆਲੇ ਨੇ ਉੱਥੇ ਮਕਾਨ ਬਣਾ ਲਿਆ। ਹੁਣ ਤੂੰ ਕਿੱਥੋਂ ਆ ਗਿਆ, ਇਹਦਾ ਮਾਲਿਕ?’’ ਸ਼ਰਾਬੀ ਹੋਏ ਜਗਮੀਤ ਸਿੰਘ ਨੇ ਅਚੰਭਾ ਪ੍ਰਗਟ ਕਰਦਿਆਂ ਕਿਹਾ।

‘‘ਚਲੋ ਕੋਈ ਨੀ, ਜਿਹੜਾ ਕੁਝ ਪਿੱਛੇ ਹੋ ਗਿਆ ਸੋ ਹੋ ਗਿਆ। ਉਸ ’ਤੇ ਪਾਈਏ ਮਿੱਟੀ। ਆਪਾਂ ਕਿਸੇ ਲੜਾਈ ਝਗੜੇ ’ਚ ਨ੍ਹੀਂ ਪੈਣਾ। ਤੁਸੀਂ ਮੈਨੂੰ ਮੇਰੇ ਪਲਾਟ ਦੀ ਕੀਮਤ 14 ਲੱਖ ਹੀ ਦੇ ਦਿਓ ਅਤੇ ਸੁਰਖ਼ਰੂ ਹੋਵੋ। ਨਾ ਹੈ ਹੈ ਨਾ ਖੈ ਖੈ। ਆਪਾਂ ਅਦਾਲਤ ’ਚ ਜਾ ਕੇ ਲਿਖਾ ਪੜ੍ਹੀ ਕਰ ਲਵਾਂਗੇ।’’ ਜਸਮੀਤ ਸਿੰਘ ਨੇ ਆਪਣੇ ਵੱਲੋਂ ਸਲਾਹ ਦਿੱਤੀ। ‘‘ਕਿਹੜੇ ਪੈਸੇ? ਕਾਹਦੇ ਪੈਸੇ?? ਉਹ ਵੀ ਚੌਦਾਂ ਲੱਖ। ਮੇਰੇ ਕੋਲ ਤਾਂ ਚੌਦਾਂ ਰੁਪਈਏ ਨਹੀਂ। ਜਿਹੜੇ ਪੈਸੇ ਮੈਂ ਵੱਟੇ ਸੀ ਉਹ ਤਾਂ ਖਾਧੇ ਪੀਤੇ ਗਏ। ਨਾਲੇ ਮੈਂ ਤਾਂ ਇਹ ਪਲਾਟ ਆਪਣਾ ਸਮਝ ਕੇ ਵੇਚਿਆ ਸੀ। ਜੇਕਰ ਮੈਨੂੰ ਪਤਾ ਹੁੰਦਾ ਬਈ ਇਹ ਪਲਾਟ ਮੇਰਾ ਨਹੀਂ, ਮੈਂ ਕਾਹਨੂੰ ਵੇਚਦਾ। ਤੂੰ ਚਾਚਾ ਜਾ ਕੇ ਤਸੀਲ ਆਲਿਆਂ ਨੂੰ ਪੁੱਛ, ਜਿਨ੍ਹਾਂ ਨੇ ਮੈਨੂੰ ਨੰਬਰ ਦਿੱਤੇ, ਜਿਨ੍ਹਾਂ ਨੇ ਰਜਿਸਟਰੀ ਕਰੀ। ਮੇਰਾ ਇਹਦੇ ’ਚ ਭਲਾ ਕੀ ਕਸੂਰ ਐ?’’ ਜਗਮੀਤ ਸਿੰਘ ਨੇ ਦੋ ਟੁੱਕ ਗੱਲ ਨਿਬੇੜ ਦਿੱਤੀ ਸੀ।

ਅੱਕੇ ਹੋਏ ਜਸਮੀਤ ਸਿੰਘ ਨੇ ਤਹਿਸੀਲਦਾਰ, ਐੱਸ ਡੀ ਐਮ, ਡੀ ਸੀ ਅਤੇ ਕਮਿਸ਼ਨਰ ਕੋਲ ਦਰਖ਼ਾਸਤ ਦਿੱਤੀ, ਪਰ ਸਭ ਪਾਸਿਓਂ ਉਸ ਦੇ ਪੱਲੇ ਨਿਰਾਸ਼ਾ ਹੀ ਪਈ। ਸਭ ਨੇ ਇਹੀ ਕਿਹਾ ਕਿ 12 ਸਾਲ ਟੱਪਣ ਬਾਅਦ ਜ਼ਮੀਨ ਤੇ ਲਿਮੀਟੇਸ਼ਨ ਕਾਨੂੰਨ ਲਾਗੂ ਹੋ ਜਾਂਦੈ ਯਾਨੀ ਕਿ ਜਿਸ ਦਾ ਕਬਜ਼ਾ ਉਸੇ ਦਾ ਪਲਾਟ। ਕਿਸੇ ਨੇ ਸਲਾਹ ਦਿੱਤੀ ਕਿ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਜਾਵੇ। ਪੰਜ ਲੱਖ ਰੁਪਏ ਵਕੀਲ ਨੂੰ ਦੇ ਕੇ ਹਾਈ ਕੋਰਟ ਤੱਕ ਪਹੁੰਚ ਕੀਤੀ ਗਈ। ਗਿਆਰਾਂ ਮਹੀਨਿਆਂ ਬਾਅਦ ਨੰਬਰ ਲੱਗਿਆ। ਤੀਜੀ ਪੇਸ਼ੀ ’ਤੇ ਕੋਰਟ ਨੇ ਉਲਝੇ ਹੋਏ ਕੇਸ ਵਿੱਚ ਸਰਕਾਰ ਨੂੰ ਹਦਾਇਤ ਕੀਤੀ ਕਿ ਜਸਮੀਤ ਸਿੰਘ ਨੂੰ ਉਸ ਦੇ ਪਲਾਟ ਦਾ ਜਾਇਜ਼ ਮੁਆਵਜ਼ਾ ਦਿੱਤਾ ਜਾਵੇ ਅਤੇ ਸਬੰਧਤ ਕਸੂਰਵਾਰਾਂ ’ਤੇ ਫੌਜਦਾਰੀ ਕੇਸ ਦਾਇਰ ਕੀਤਾ ਜਾਵੇ। ਸਰਕਾਰ ਨੇ ਚਾਰ ਬਿਸਵੇ ਦੇ ਪਲਾਟ ਦੀ ਵਰਤਮਾਨ ਸਰਕਾਰੀ ਦਰ ਦੇ ਹਿਸਾਬ ਨਾਲ 10 ਲੱਖ ਦਾ ਮੁਆਵਜ਼ਾ ਮਨਜ਼ੂਰ ਕਰ ਦਿੱਤਾ, ਪਰ ਹੁਣ ਤੱਕ ਸੱਤ ਅੱਠ ਲੱਖ ਰੁਪਏ ਤਾਂ ਉਹ ਕੇਸ ਉੱਪਰ ਖਰਚ ਕਰ ਚੁੱਕਿਆ ਸੀ। ਜਸਮੀਤ ਸਿੰਘ ਨੇ ਇਹ ਨਿਗੂਣਾ ਮੁਆਵਜ਼ਾ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸੁਪਰੀਮ ਕੋਰਟ ਤੱਕ ਪਹੁੰਚ ਕਰਨ ਦੀ ਠਾਣ ਲਈ। ਕੇਸ ਨਾਲ ਸਬੰਧਿਤ ਸਾਰੇ ਦਸਤਾਵੇਜ਼ ਇਕੱਠੇ ਕਰਕੇ ਇੱਕ ਦਿਨ ਉਸ ਨੇ ਸਵੇਰੇ 6 ਵਜੇ ਦਿੱਲੀ ਵਾਲੀ ਇੰਟਰਸਿਟੀ ਟਰੇਨ ਫੜ ਲਈ। ਸੁਪਰੀਮ ਕੋਰਟ ਪਹੁੰਚ ਕੇ ਇੱਕ ਗੁਰਮੁਖ ਬੰਦਾ ਕੰਪਿਊਟਰ ’ਤੇ ਕੁਝ ਟਾਈਪ ਕਰਦਾ ਉਸ ਦੇ ਨਜ਼ਰੀਂ ਪਿਆ। ਜਸਦੀਪ ਸਿੰਘ ਟਾਈਪ ਕਰ ਰਹੇ ਭੱਦਰ ਪੁਰਸ਼ ਨੂੰ ਫ਼ਤਹਿ ਬੁਲਾ ਕੇ ਉਸ ਦੇ ਸਾਹਮਣੇ ਪਏ ਬੈਂਚ ਉੱਪਰ ਆਰਾਮ ਕਰਨ ਲਈ ਬੈਠ ਗਿਆ। ਦੋ-ਚਾਰ ਮਿੰਟ ਆਰਾਮ ਫਰਮਾ ਕੇ ਜਸਦੀਪ ਸਿੰਘ ਨੇ ਅੱਧਖੜ੍ਹ ਉਮਰ ਦੇ ਟਾਈਪਿਸਟ ਦਾ ਧਿਆਨ ਆਪਣੇ ਵੱਲ ਖਿੱਚਿਆ ਅਤੇ ਉਸ ਨੂੰ ਸੰਬੋਧਨ ਹੋ ਕੇ ਦਸ ਕੁ ਮਿੰਟਾਂ ਵਿੱਚ ਆਪਣੀ ਸਾਰੀ ਰਾਮ ਕਹਾਣੀ ਕਹਿ ਸੁਣਾਈ।

‘‘ਤੁਸੀਂ ਤਾਂ ਸਭ ਨੂੰ ਜਾਣਦੇ ਹੋਵੋਗੇ, ਮੈਨੂੰ ਕਿਸੇ ਸੁਲਝੇ ਹੋਏ ਸਿਆਣੇ ਵਕੀਲ ਦੀ ਜਾਣਕਾਰੀ ਦਿਓ, ਜਿਹੜਾ ਮੇਰਾ ਕੇਸ ਲੜ ਕੇ ਮੈਨੂੰ ਮੇਰੇ ਪਲਾਟ ਦਾ ਢੁਕਵਾਂ ਮੁਆਵਜ਼ਾ ਦਿਵਾ ਸਕੇ।’’ ਜਸਦੀਪ ਸਿੰਘ ਨੇ ਸਨਿਮਰ ਬੇਨਤੀ ਕੀਤੀ ਸੀ।

ਹੁਣ ਤੱਕ ਨੀਵੀਂ ਪਾ ਕੇ ਟਾਈਪ ਕਰ ਰਹੇ ਬੰਦੇ ਨੇ ਨਾਲੋ-ਨਾਲ ਉਸ ਦੀ ਸਾਰੀ ਵਿਥਿਆ ਸੁਣ ਅਤੇ ਸਮਝ ਲਈ ਸੀ।

‘‘ਦੇਖੋ ਸਰਦਾਰ ਜੀ, ਤੁਸੀਂ ਪਤਾ ਨਹੀਂ ਘਰੋਂ ਕੀ ਕੀ ਉਮੀਦਾਂ ਲੈ ਕੇ ਚੱਲੇ ਹੋਵੋਂਗੇ। ਸੋਚਿਆ ਹੋਊਗਾ ਬਈ ਜੇਕਰ ਹੋਰ ਨਹੀਂ ਤਾਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਤਾਂ ਤੁਹਾਡੀ ਜ਼ਰੂਰ ਸੁਣੇਗੀ ਅਤੇ ਉਚਿੱਤ ਨਿਆਂ ਕਰੇਗੀ ਪਰ ਇੱਥੇ ਪਹਿਲਾਂ ਤਾਂ ਪੰਜ-ਸੱਤ ਸਾਲ ਤੁਹਾਡੀ ਵਾਰੀ ਹੀ ਨ੍ਹੀਂ ਆਉਣੀ। ਦੂਜੀ ਗੱਲ, ਮੇਰੇ ਹਿਸਾਬ ਨਾਲ ਤੁਹਾਡੇ ਪਲਾਟ ਦੀ ਵਰਤਮਾਨ ਕੀਮਤ ਲਗਪਗ 20 ਕੁ ਲੱਖ ਰੁਪਏ ਹੋਵੇਗੀ, ਜਿਸ ਦਾ ਤੁਸੀਂ ਮੁਆਵਜ਼ਾ ਮੰਗਦੇ ਹੋ। ਮੈਂ ਤੁਹਾਨੂੰ ਹਨੇਰੇ ਵਿੱਚ ਨਹੀਂ ਰੱਖਣਾ ਚਾਹੁੰਦਾ। ਇੱਥੇ ਤਾਂ ਵਕੀਲ ਦੀ ਘੱਟੋ ਘੱਟ ਫੀਸ ਹੀ 20 ਲੱਖ ਤੋਂ ਸ਼ੁਰੂ ਹੁੰਦੀ ਹੈ। ਮੰਨ ਲਓ ਕੇਸ ਤੁਹਾਡੇ ਹੱਕ ਵਿੱਚ ਹੋ ਵੀ ਜਾਵੇ, ਪਲਾਟ ਦੀ ਕੀਮਤ ਤਾਂ ਵਕੀਲ ਦੀ ਫੀਸ ਵਿੱਚ ਹੀ ਚਲੀ ਜਾਊ। ਖੱਜਲ-ਖੁਆਰੀ ਵਾਧੂ ਦੀ। ਕੀ ਗੰਜੀ ਨਹਾਊ ਅਤੇ ਕੀ ਨਿਚੋੜੂ? ਮੈਨੂੰ ਤਾਂ ਲੱਗਦੈ ਕੁਝ ਨਹੀਂ ਇਸ ਕੇਸ ’ਚ। ਅੱਠ-ਦਸ ਲੱਖ ਤੁਸੀਂ ਪਹਿਲਾਂ ਖਰਚ ਕਰੀ ਫਿਰਦੇ ਓ। ਮੇਰੀ ਤੁਹਾਨੂੰ ਸਲਾਹ ਹੈ ਕਿ ਜਿਹੜਾ ਮੁਆਵਜ਼ਾ ਸਰਕਾਰ ਦਿੰਦੀ ਐ, ਚੁੱਪ ਕਰਕੇ ਲੈ ਲਵੋ। ਸਮਝ ਲੈਣਾ ਕਿ ਖਰਚਾ ਮੁੜ ਆਇਆ। ਬਾਕੀ, ਜਿੱਧਰ ਗਿਆ ਬਾਣੀਆ ਉਧਰ ਗਿਆ ਬਾਜ਼ਾਰ। ਚਾਰ ਵਿਸਵੇ ਮਿੱਟੀ ਪਿੱਛੇ ਕਿਉਂ ਮਿੱਟੀ ਹੋਣ ਲੱਗੇ ਓ?’’ ਜਸਮੀਤ ਸਿੰਘ ਉਸ ਬੰਦੇ ਦੀ ਗੱਲ ਸੁਣ ਕੇ ਬੈਂਚ ਤੋਂ ਉੱਠਿਆ ਤੇ ਘਰ ਵੱਲ ਤੁਰ ਪਿਆ।

ਸੰਪਰਕ: 98727-87243

Advertisement
×