ਯਾਦਾਂ ਦੇ ਸੰਸਾਰ ’ਚ ਵੱਸਿਆ ਪ੍ਰੀਤ ਨਗਰ
ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਦੇ ਵਸਾਏ ਪ੍ਰੀਤ ਨਗਰ ਨੂੰ ਪਹਿਲਾਂ ਦੇਸ਼ਵੰਡ ਅਤੇ ਫਿਰ ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਉਜਾੜਾ ਸਹਿਣਾ ਪਿਆ। ਦਰਅਸਲ, ਸਾਲ 1984 ’ਚ ਉਨ੍ਹਾਂ ਦੇ ਪੋਤਰੇ ਸੁਮੀਤ ਸਿੰਘ (ਨਵਤੇਜ ਸਿੰਘ ਦੇ ਪੁੱਤਰ) ਨੂੰ ਕਤਲ ਕਰ ਦਿੱਤਾ ਗਿਆ।...
ਗੁਰਬਖ਼ਸ਼ ਸਿੰਘ ‘ਪ੍ਰੀਤ ਲੜੀ’ ਦੇ ਵਸਾਏ ਪ੍ਰੀਤ ਨਗਰ ਨੂੰ ਪਹਿਲਾਂ ਦੇਸ਼ਵੰਡ ਅਤੇ ਫਿਰ ਪੰਜਾਬ ਦੇ ਕਾਲੇ ਦੌਰ ਦੌਰਾਨ ਵੀ ਉਜਾੜਾ ਸਹਿਣਾ ਪਿਆ। ਦਰਅਸਲ, ਸਾਲ 1984 ’ਚ ਉਨ੍ਹਾਂ ਦੇ ਪੋਤਰੇ ਸੁਮੀਤ ਸਿੰਘ (ਨਵਤੇਜ ਸਿੰਘ ਦੇ ਪੁੱਤਰ) ਨੂੰ ਕਤਲ ਕਰ ਦਿੱਤਾ ਗਿਆ। ਫਿਰ ‘ਪ੍ਰੀਤ ਲੜੀ’ ਦੀ ਜ਼ਿੰਮੇਵਾਰੀ ਪੂਨਮ ਪ੍ਰੀਤ ਲੜੀ ਨੇ ਸੰਭਾਲੀ ਅਤੇ ਇਸ ਕਾਰਜ ਵਿੱਚ ਉਨ੍ਹਾਂ ਦਾ ਸਾਥ ਸੁਮੀਤ ਸਿੰਘ ਦੇ ਛੋਟੇ ਭਰਾ ਰਤੀ ਕੰਤ ਸਿੰਘ ਨੇ ਦਿੱਤਾ। 1960 ’ਚ ਜਨਮੇ ਰੱਤੀ ਕੰਤ ਸਿੰਘ ਨੇ ਆਪਣੇ ਦਾਦਾ ਗੁਰਬਖ਼ਸ਼ ਸਿੰਘ ਦਾ ਸਾਥ 1977 ’ਚ ਉਨ੍ਹਾਂ ਦੇ ਦੇਹਾਂਤ ਤੱਕ ਮਾਣਿਆ। ਹਥਲਾ ਲੇਖ ਪ੍ਰੀਤ ਨਗਰ ਨਾਲ ਜੁੜੀਆਂ ਰੱਤੀ ਕੰਤ ਸਿੰਘ ਦੀਆਂ ਯਾਦਾਂ ਬਾਰੇ ਹੈ।
ਪ੍ਰੀਤ ਨਗਰ ਇੱਕ ਨਵੀਂ ਲੋੜ ਮੁਤਾਬਿਕ ਬਣਿਆ ਨਵਾਂ ਪਿੰਡ ਸੀ, ਜਿਸ ਦੇ ਵਾਸੀ ਫਿਰ ਨਵੀਂ ਕਿਸਮ ਦੇ ਹੀ ਹੋਣੇ ਸਨ! ਸਾਲ 1960 ਵਿੱਚ ਮੈਂ ਆਪਣੇ ਜਨਮ ਤੋਂ ਹੀ ਪ੍ਰੀਤ ਲੜੀ ਦੇ ਲਿਖੇ ਜਾਣ, ਕੰਪੋਜ਼ ਹੋਣ, ਛਪਣ, ਬਾਈਂਡ ਹੋਣ ਤੱਕ ਨੂੰ ਅੱਖੀਂ ਵੇਖਿਆ ਅਤੇ ਇੱਥੋਂ ਦੇ ਮਾਹੌਲ ਨੂੰ ਮਾਣਿਆ ਹੈ।
ਬੇਸ਼ੱਕ, ਵੱਡੇ ਵੱਡੇ ਲੇਖਕਾਂ ਦੇ ਨਾਂ ਪ੍ਰੀਤ ਨਗਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ਬਾਰੇ ਅਕਸਰ ਗੱਲ ਚੱਲਦੀ ਰਹਿੰਦੀ ਹੈ, ਪਰ ਮੈਂ ਅੱਜ ਦੋ-ਤਿੰਨ ਪੀੜ੍ਹੀਆਂ ਤੋਂ ਇੱਥੇ ਰਹਿੰਦੇ ਆ ਰਹੇ ਉਨ੍ਹਾਂ ਲੋਕਾਂ ਬਾਰੇ ਗੱਲ ਕਰਨੀ ਚਾਹੁੰਦਾ ਹਾਂ, ਜਿਨ੍ਹਾਂ ਵਿੱਚ ਮੈਂ ਪਲਿਆ ਹਾਂ। ਇੱਥੋਂ ਦਾ ਮਾਹੌਲ ਸਭ ਲਈ ਖੁੱਲ੍ਹਾ-ਡੁੱਲ੍ਹਾ ਅਤੇ ਬਰਾਬਰੀ ਵਾਲਾ ਸੀ, ਜਿਸ ਵਿੱਚ ਹਾਸਾ ਠੱਠਾ ਵੀ ਸੀ, ਸਭਨਾਂ ਲਈ ਇੱਜ਼ਤ ਅਤੇ ਗੰਭੀਰਤਾ ਵੀ ਸੀ। ਸਭ ਇੱਕ ਦੂਜੇ ਦੇ ਕਦਰਦਾਨ ਅਤੇ ਮਦਦਗਾਰ ਸਨ। ਇਸਤਰੀਆਂ ਅਤੇ ਮਰਦਾਂ ਵਿੱਚ ਬਰਾਬਰੀ ਸੀ। ਹੁਨਰ ਅਤੇ ਕੰਮ ਲਈ ਇੱਜ਼ਤ ਸੀ।
ਪ੍ਰੀਤ ਨਗਰ ਵਿੱਚ ਕਈ ਨਵੇਂ ਹੁਨਰਾਂ ਦੇ ਨਵੇਂ ਮਾਹਿਰ ਵਸਾਏ ਗਏ ਸਨ, ਜਿਵੇਂ ਕਿ ਕੰਪੋਜ਼ੀਟਰ, ਮਸ਼ੀਨਮੈਨ, ਬਾਈਂਡਰ, ਪ੍ਰੈੱਸ ਮੈਨੇਜਰ, ਮਾਲੀ, ਰਸੋਈਏ ਆਦਿ। ਇਹ ਸਾਰੇ ਆਲੇ-ਦੁਆਲੇ ਦੇ ਪਿੰਡਾਂ ਵਿੱਚੋਂ ਇੱਥੇ ਆ ਕੇ ਵੱਸੇ ਸਨ। ਸਰਕਾਰੀ ਅਤੇ ਨਿੱਜੀ ਕੰਮਕਾਰਾਂ ਵਿੱਚ ਮੁਲਾਜ਼ਮਤ ਕਰਨ ਵਾਲੇ ਵੀ ਇੱਥੇ ਸਾਡੇ ਆਲੇ-ਦੁਆਲੇ ਰਹਿੰਦੇ ਸਨ। ਪੋਸਟਮਾਸਟਰ, ਡਾਕਟਰ, ਕੰਪਾਊਂਡਰ, ਡੰਗਰਾਂ ਦੇ ਡਾਕਟਰ, ਰਿਲਿੰਗ ਸੈਂਟਰ ਦਾ ਮੈਨੇਜਰ, ਸੇਵਾਮੁਕਤ ਫ਼ੌਜੀ, ਰੋਡਵੇਜ਼ ਦੇ ਡਰਾਈਵਰ, ਕੰਡਕਟਰ, ਬੇਲਦਾਰ, ਅਧਿਆਪਕ, ਦਰਜ਼ੀ, ਕੈਮਿਸਟ, ਖੇਤ ਮਜ਼ਦੂਰ, ਜਿਮੀਂਦਾਰ ਤੇ ਕਾਮੇ। ਇਹ ਸਭ ਆਪਸੀ ਭਾਈਚਾਰੇ ਨਾਲ ਰਹਿੰਦੇ ਸਨ। ਬੇਸ਼ੱਕ, ਸਭ ਦੇ ਜੱਦੀ ਪਿੰਡ, ਕਸਬੇ, ਸ਼ਹਿਰ ਹੋਰਨਾਂ ਥਾਵਾਂ ਉੱਤੇ ਸਨ, ਪਰ ਇਹ ਸਾਰੇ ਇੱਕ-ਦੂਜੇ ਦੇ ਦੁੱਖ-ਸੁੱਖ ’ਚ ਭਿਆਲ ਸਨ। ਇਹ ਸਾਰੇ ਆਪਣੇ ਇਸ ਅਪਣਾਏ ਹੋਏ ਪਿੰਡ ਨੂੰ ਬੜਾ ਪਿਆਰ ਕਰਦੇ ਸਨ ਅਤੇ ਪਿੰਡ ਇਨ੍ਹਾਂ ਨੂੰ।
ਪਿੰਡ ਦੀਆਂ ਧੀਆਂ ਵਿਆਹੀਆਂ ਜਾਂਦੀਆਂ, ਪਰ ਜਦੋਂ ਵੀ ਪਿੰਡ ਗੇੜਾ ਮਾਰਨ ਆਉਂਦੀਆਂ ਤਾਂ ਘਰ ਘਰ ਜਾ ਕੇ ਸਭ ਨੂੰ ਮਿਲਦੀਆਂ ਅਤੇ ਇੱਥੇ ਬਿਤਾਏ ਖੁੱਲ੍ਹੇ ਮਾਹੌਲ ਵਾਲੇ ਦਿਨਾਂ ਨੂੰ ਯਾਦ ਕਰਦਿਆਂ ਖ਼ੁਸ਼ੀ ਦਾ ਇਜ਼ਹਾਰ ਕਰਦੀਆਂ। ਗਿੱਧੇ ਪਾਉਣੇ, ਲੋਹੜੀ ਮੰਗਣ ਜਾਣਾ, ਪੀਘਾਂ ਝੂਟਣੀਆਂ, ਵਿਸਾਖੀ ਦੇ ਮੇਲੇ ਜਾਣਾ, ਗੁਆਂਢ ਦੇ ਪਿੰਡਾਂ ਦੇ ਉਰਸ ਵਰਗੇ ਜੋੜ ਮੇਲਿਆਂ ’ਤੇ ਜਾਣਾ, ਚਾਨਣੀਆਂ ਰਾਤਾਂ ਵਿੱਚ ਦੇਰ ਰਾਤ ਤੱਕ ਸੜਕ ਉੱਤੇ ਸੈਰ ਕਰਨੀ, ਲੁਕਣਮੀਟੀ, ਪਿੱਠੂ ਗਰਮ ਖੇਡਣਾ, ਤੰਦੂਰੇ ਰੋਟੀਆਂ ਲਾਉਣੀਆਂ, ਮਿੱਠੇ ਮਖ਼ੌਲ ਕਰਨੇ, ਵਿਆਹਾਂ ਸ਼ਾਦੀਆਂ ਵਿੱਚ ਜੰਝ ਨੂੰ ਖਾਣਾ ਖੁਆਉਣਾ, ਬਹਾਉਣਾ, ਬਿਸਤਰਿਆਂ ਦੇ ਇੰਤਜ਼ਾਮ... ਗੁੱਡੀਆਂ ਉਡਾਉਣੀਆਂ, ਬੰਟੇ ਖੇਡਣੇ, ਦਾਣੇ ਭੁੰਨਣੇ, ਹੋਲਾਂ ਭੁੰਨਣੀਆਂ...- ਇਹ ਸਭ ਉਨ੍ਹਾਂ ਨੂੰ ਯਾਦ ਆਉਂਦਾ।
ਹੁਣ ਪਿੰਡ ਵਿਚਲਾ ਸਰਕਾਰੀ ਸਕੂਲ ਇੱਥੋਂ ਦੇ ਮਸ਼ਹੂਰ ਰਹੇ ‘ਐਕਟੀਵਿਟੀ ਸਕੂਲ’ ਦੀ ਬਚੀ ਹੋਈ ਡਿਓੜੀ ਵਿੱਚ ਬਣਿਆ ਹੋਇਆ ਹੈ। ਇੱਥੇ ਛੋਟੇ ਹੁੰਦਿਆਂ ਅਸੀਂ ਬੱਚਿਆਂ ਨੇ ਆਪ ਸਫ਼ੈਦੇ ਤੇ ਹੋਰ ਛਾਂਦਾਰ ਬੂਟੇ ਲਾਏ, ਪਾਣੀ ਦਿੱਤਾ... ਜਿਹੜੇ ਹੁਣ ਬਹੁਤ ਉੱਚੇ ਲੰਮੇ ਹਨ ਅਤੇ ਵਿਦਿਆਰਥੀਆਂ ਤੇ ਅਧਿਆਪਕਾਂ ਉਨ੍ਹਾਂ ਦੀ ਛਾਂ ਮਾਣਦਿਆਂ ਵੇਖ ਕੇ ਖ਼ੁਸ਼ੀ ਹੁੰਦੀ ਹੈ। ਫਿਰ ਮੈਨੂੰ ਯਾਦ ਆਉਂਦਾ ਹੈ ਸਕੂਲ ’ਚ ਤੱਪੜਾਂ ਨੂੰ ਝਾੜ ਝਾੜ ਕੇ, ਖਿੱਚ ਧੂਹ ਕੇ ਬਹਿਣਾ, ਆਪਣੀ ਥਾਂ ਮੱਲਣੀ, ਫੱਟੀਆਂ ਨੂੰ ਸੁਕਾਉਣਾ, ਪੂਰਨੇ ਪਾ ਕੇ ਲਿਖਣਾ... ਇਸ ਆਪਸੀ ਲੈਣ ਦੇਣ ਤੋਂ ਪਤਾ ਨਹੀਂ ਕਿੰਨਾ ਕੁਝ ਅਸੀਂ ਸਿੱਖਿਆ ਹੋਵੇਗਾ, ਜੋ ਜ਼ਿੰਦਗੀ ਵਿੱਚ ਇੱਕ ਨੀਂਹ ਵਾਂਗ ਕੰਮ ਆ ਰਿਹਾ ਹੈ।
ਇੱਥੇ ਬੱਚਿਆਂ ਨਾਲ ਧੱਕਾ ਨਹੀਂ ਸੀ ਕੀਤਾ ਜਾ ਸਕਦਾ ਸਗੋਂ ਪਿਆਰ ਨਾਲ, ਹੌਸਲੇ ਨਾਲ ਅਤੇ ਸੂਝ ਨਾਲ ਅਗਵਾਈ ਦਿੱਤੀ ਜਾਂਦੀ ਸੀ। ਅੱਜ ਵੀ ਇਹ ਸਾਰੀ ਖੁਸ਼ਬੂ ਇੱਥੇ ਦੇ ਲੋਕਾਂ ਵਿੱਚ ਮਹਿਸੂਸ ਹੁੰਦੀ ਹੈ, ਜਿਸ ਦਾ ਆਪਣਾ ਹੀ ਇੱਕ ਵੱਖਰਾ ਆਨੰਦ ਹੈ।
ਇੱਕ ਮਜ਼ਾਹੀਆ ਕਿੱਸਾ ਇੱਥੇ ਆਮ ਸੁਣਾਇਆ ਜਾਂਦਾ ਸੀ। ਲਓ, ਤੁਸੀਂ ਵੀ ਸੁਣੋ:
ਪ੍ਰੀਤਨਗਰ ਤੋਂ ਲਾਹੌਰ ਬੱਸ ਜਾਂਦੀ ਹੁੰਦੀ ਸੀ। ਪਿੰਡ ਦਾ ਇੱਕ ਸਾਦਾ ਨੌਜਵਾਨ ਉਸ ਦਾ ਕੰਡਕਟਰ ਸੀ। ਇੱਕ ਮਰਦ ਸਵਾਰੀ ਕਾਹਲੀ ਕਾਹਲੀ ਆਪਣਾ ਸਾਮਾਨ ਚੁੱਕੀ ਆ ਰਹੀ ਸੀ। ਨਾਲ ਉਸ ਦੀ ਪਤਨੀ ਸੀ। ਸਵਾਰੀ ਨੇ ਇਸ ਪੇਂਡੂ ਨੌਜਵਾਨ ਨੂੰ ਕਿਹਾ, ‘‘ਇਹ ਸਾਮਾਨ ਹੈ ਅਤੇ ਮੇਰੀ ਫੈਮਿਲੀ ਵੀ ਹੈ।’’ ਨੌਜਵਾਨ ਕਹਿੰਦਾ, ‘‘ਫੈਮਿਲੀ ਉੱਤੇ ਰੱਖ ਦੇ...।’’ ਮੇਰੇ ਮਨ ਵਿੱਚ ਪ੍ਰੀਤ ਨਗਰ ਦੀਆਂ ਯਾਦਾਂ ਦਾ ਸੰਸਾਰ ਵੱਸਿਆ ਹੋਇਆ ਹੈ। ਇਨ੍ਹਾਂ ਸ਼ਬਦਾਂ ਰਾਹੀਂ ਆਪਣੇ ਮਨ ਅੰਦਰਲੇ ਉਸ ਸੰਸਾਰ ’ਤੇ ਤੁਹਾਡੀ ਝਾਤ ਪੁਆਉਂਦਿਆਂ ਮੈਂ ਖ਼ੁਦ ਵੀ ਇਨ੍ਹਾਂ ਯਾਦਾਂ ’ਚ ਗੁਆਚ ਗਿਆ ਹਾਂ... ... ...।
