‘ਪ੍ਰਗਟ ਭਏ ਗੁਰ ਤੇਗ ਬਹਾਦਰ’: ਮਹੱਤਵ ਅਤੇ ਪ੍ਰਸੰਗਿਕਤਾ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਸ ਦੇ ਤਿੰਨ ਸੌ ਪੰਜਾਹਵੇਂ ਵਰ੍ਹੇ ’ਤੇ ਸਾਰਾ ਸਿੱਖ ਜਗਤ, ਸਾਰਾ ਵਿਸ਼ਵ ਸਿਮਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ ਦੋ ਹਜ਼ਾਰ ਇੱਕੀ ’ਚ ਸਾਰੇ ਜਗਤ ਨੇ ਨੌਵੇਂ ਗੁਰੂ ਦੇ ਚਾਰ ਸੌ ਸਾਲਾ...
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ ਇਸ ਦੇ ਤਿੰਨ ਸੌ ਪੰਜਾਹਵੇਂ ਵਰ੍ਹੇ ’ਤੇ ਸਾਰਾ ਸਿੱਖ ਜਗਤ, ਸਾਰਾ ਵਿਸ਼ਵ ਸਿਮਰ ਰਿਹਾ ਹੈ। ਇਸ ਤੋਂ ਪਹਿਲਾਂ ਸਾਲ ਦੋ ਹਜ਼ਾਰ ਇੱਕੀ ’ਚ ਸਾਰੇ ਜਗਤ ਨੇ ਨੌਵੇਂ ਗੁਰੂ ਦੇ ਚਾਰ ਸੌ ਸਾਲਾ ਪ੍ਰਕਾਸ਼ ਵਰ੍ਹੇ ਮੌਕੇ ਉਨ੍ਹਾਂ ਦੇ ਜੀਵਨ, ਸਿੱਖਿਆਵਾਂ ਅਤੇ ਬਾਣੀ ਦਰਸ਼ਨ ਬਾਰੇ ਗਿਆਨ ਗੋਸ਼ਟਿ ਕੀਤੇ। ਇਨ੍ਹਾਂ ਚਰਚਾਵਾਂ ਦਾ ਕੇਂਦਰੀ ਨੁਕਤਾ ਇਹ ਰਿਹਾ ਕਿ ਵਰਤਮਾਨ ਸੰਕਟਮਈ ਸਮਿਆਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਦਰਸ਼ਨ ਦੇ ਮਹੱਤਵ ਨੂੰ ਕਿਵੇਂ ਮੁੜ ਪ੍ਰਸੰਗਿਕ ਕੀਤਾ ਜਾਵੇ ਤਾਂ ਕਿ ਉਨ੍ਹਾਂ ਦੇ ਦਿਖਾਏ ਮਾਰਗ ਅਤੇ ਸਿੱਖਿਆਵਾਂ ਨੂੰ ਅਪਣਾ ਕੇ ਸਮੁੱਚੇ ਸਮਾਜ ਅਤੇ ਮਨੁੱਖੀ ਜੀਵਨ ਮੂਹਰੇ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕੀਤਾ ਜਾਵੇ।
ਡਾ. ਧਰਮ ਸਿੰਘ ਪੰਜਾਬੀ ਅਧਿਐਨ ਸਕੂਲ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਰੋਫੈਸਰ ਅਤੇ ਮੁਖੀ ਰਹੇ ਹਨ। ਉਨ੍ਹਾਂ ਦੀ ਨਵੀਂ ਪੁਸਤਕ ‘ਪ੍ਰਗਟ ਭਏ ਗੁਰ ਤੇਗ ਬਹਾਦਰ’ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਦਰਸ਼ਨ ਨਾਲ ਸਬੰੰਧਿਤ ਅਧਿਐਨਾਂ ਤੇ ਵਿਆਖਿਆਵਾਂ ਬਾਰੇ ਗ਼ੈਰਸਿਲਸਿਲੇਵਾਰ ਅਠਾਰਾਂ ਲੇਖਾਂ ਦਾ ਸੰਗ੍ਰਹਿ ਹੈ। ਡਾ. ਧਰਮ ਸਿੰਘ ਮੱਧਕਾਲੀ ਸਾਹਿਤ ਪਰੰਪਰਾਵਾਂ ਦੇ ਇਤਿਹਾਸਕ ਅਤੇ ਪਾਠਾਤਾਮਕ ਦ੍ਰਿਸ਼ਟੀਕੋਣ ਦੇ ਗੰਭੀਰ ਅਧਿਐਨ ਕਰਤਾ ਅਤੇ ਮਾਹਿਰ ਹਨ। ਅਧਿਐਨ ਪ੍ਰਕਿਰਿਆ ਵਿੱਚ ਇਹ ਅਧਿਐਨ ਦ੍ਰਿਸ਼ਟੀਆਂ ਉਨ੍ਹਾਂ ਦੇ ਖੋਜ ਅਤੇ ਅਧਿਆਪਨ ਦੇ ਤਕਰੀਬਨ ਅੱਧੀ ਸਦੀ ਦੇ ਅਨੁਭਵ ਵਿੱਚੋਂ ਵਿਕਸਿਤ ਹੋਈਆਂ ਹਨ। ਇਸ ਪੁਸਤਕ ਦੇ ਕੁਝ ਲੇਖ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ, ਦ੍ਰਿਸ਼ਟੀ, ਦਰਸ਼ਨ, ਸ਼ਖ਼ਸੀਅਤ ਅਤੇ ਸ਼ਹਾਦਤ; ਕੁਝ ਲੇਖ ਗੁਰੂ ਇਤਿਹਾਸ ਅਤੇ ਕੁਝ ਲੇਖ ਗੁਰਮਤਿ ਸੱਭਿਆਚਾਰ, ਗ੍ਰੰਥਾਂ ਦੀਆਂ ਲਿਖਣ ਤੇ ਸੰਪਾਦਨ ਤਕਨੀਕਾਂ ਅਤੇ ਗੁਰਮੁਖੀ ਲਿਪੀ ਦੇ ਵਿਕਾਸ ਨਾਲ ਸਬੰਧਿਤ ਹਨ।
‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚ ਸਿਫ਼ਤੀ ਨਾਂ’ ਸਿਰਲੇਖ ਵਾਲੇ ਲੇਖ ਵਿੱਚ ਗੁਰੂ ਸਾਹਿਬ ਵੱਲੋਂ ਆਪਣੀ ਬਾਣੀ ਵਿੱਚ ਪਰਮਾਤਮਾ ਦੀ ਉਸਤਤਿ ਲਈ ਵਰਤੇ ਗਏ ਸਿਫ਼ਤੀ ਨਾਵਾਂ ਦੀ ਭਾਸ਼ਾ ਅਤੇ ਅਰਥਾਂ ਦਾ ਵਿਸ਼ਲੇਸ਼ਣ ਕੀਤਾ ਗਿਆ ਹੈ। ਇਨ੍ਹਾਂ ਗੁਣਵਾਚਕ ਨਾਵਾਂ ਵਿੱਚ ਲੰਮੀ ਸੂਚੀ ਪ੍ਰਦਾਨ ਕੀਤੀ ਗਈ ਹੈ। ਹਰ ਵਿਸ਼ੇਸ਼ਣੀ ਨਾਂ ਦੀ ਨਿਰੁਕਤੀ ਅਤੇ ਸ਼ਾਬਦਿਕ ਅਰਥਾਂ ਦੀ ਵਿਆਖਿਆ ਕਰ ਉਨ੍ਹਾਂ ਨੂੰ ਵਰਗੀਕ੍ਰਿਤ ਕੀਤਾ ਗਿਆ ਹੈ। ਕਈ ਸ਼ਬਦਾਂ ਦੀ ਤਤਸਮ ਅਤੇ ਤਦਭਵ ਵਰਤੋਂ ਬਾਰੇ ਵਿਸਤਾਰ ਦਿੱਤਾ ਗਿਆ ਹੈ। ਪਰਮਾਤਮਾ ਜਾਂ ਬ੍ਰਹਮ ਲਈ ਵਰਤੇ ਸਿਫ਼ਤੀ ਨਾਵਾਂ ਤੋਂ ਪਤਾ ਲਗਦਾ ਹੈ ਕਿ ਬ੍ਰਹਮ ਨੂੰ ਸੰਪੂਰਨ ਮੰਨਿਆ ਗਿਆ ਹੈ ਅਤੇ ਸੂਖ਼ਮ ਰੂਪ ’ਚ ਅਵਤਾਰਵਾਦ ਨੂੰ ਨਕਾਰਿਆ ਗਿਆ ਹੈ। ਗੁਰਮਤਿ ’ਚ ਬ੍ਰਹਮ ਨੂੰ ਅਜੋਨੀ, ਅਬਿਨਾਸੀ ਕਹਿ ਕੇ ਸਾਰੀਆਂ ਦੁਬਿਧਾਵਾਂ ਦਾ ਨਿਵਾਰਣ ਕਰ ਦਿੱਤਾ ਗਿਆ ਹੈ। ਇਹ ਸਾਰੇ ਸਿਫ਼ਤੀ ਨਾਂ ਨਵੇਂ ਨਹੀਂ ਸਗੋਂ ਗੁਰਬਾਣੀ ਵਿੱਚ ਪਹਿਲਾਂ ਵੀ ਵਰਤੇ ਗਏ ਹਨ ਜੋ ਇਕਈਸ਼ਵਰਵਾਦੀ ਵਿਚਾਰਧਾਰਾ ਦੇ ਲਖਾਇਕ ਹਨ। ਇਹ ਨਾਂ ਜ਼ਿਆਦਾਤਰ ਭਾਰਤੀ ਪਰੰਪਰਾ ’ਚੋਂ ਲਏ ਗਏ ਹਨ। ਇਹ ਸਿਫ਼ਤੀ ਨਾਂ ਗੁਰੂ ਤੇਗ ਬਹਾਦਰ ਜੀ ਰਚਿਤ ਸ਼ਬਦਾਂ ਦੇ ਮੁਕਾਬਲੇ ਸ਼ਲੋਕਾਂ ਵਿੱਚ ਥੋੜ੍ਹੇ ਹਨ।
ਦੂਜਾ ਵੱਡਾ ਲੇਖ ਹੈ ‘ਸਿੱਖ ਸਰੋਤਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਰੂਪ’। ਇਸ ਵਿੱਚ ਬਚਿੱਤਰ ਨਾਟਕ ਤੋਂ ਲੈ ਕੇ ਗੁਰ ਸੋਭਾ- ਕਵੀ ਸੈਨਾਪਤਿ, ਪਾਤਸਾਹੀ ਦਸਵੀਂ ਬਾਰੇ ਭਾਈ ਸੁੱਖਾ ਸਿੰਘ ਅਤੇ ਕੋਇਰ ਸਿੰਘ ਦੇ ਦੋ ਗੁਰਬਿਲਾਸਾਂ, ਕਵੀ ਸੋਹਨ ਜਾਂ ਭਗਤ ਸਿੰਘ ਦਾ ਗੁਰਬਿਲਾਸ ਪਾਤਸਾਹੀ ਛੇਵੀਂ, ਕੇਸਰ ਸਿੰਘ ਛਿੱਬਰ ਦਾ ਬੰਸਾਵਲੀਨਾਮਾ ਦਸਾਂ ਪਾਤਸਾਹੀਆਂ ਕਾ, ਸਰੂਪ ਦਾਸ ਭੱਲਾ ਦਾ ਮਹਿਮਾ ਪ੍ਰਕਾਸ਼, ਤੋਲਾ ਸਿੰਘ ਭੱਲਾ ਦੀ ਗੁਰਰਤਨਾਵਲੀ, ਭਾਈ ਸੇਵਾ ਸਿੰਘ ਦਾ ਸ਼ਹੀਦ ਬਿਲਾਸ, ਭਾਈ ਸੰਤੋਖ ਸਿੰਘ ਦਾ ਗੁਰਪ੍ਰਤਾਪ ਸੂਰਜ ਗ੍ਰੰਥ, ਰਤਨ ਸਿੰਘ ਭੰਗੂ ਦਾ ਪ੍ਰਾਚੀਨ ਪੰਥ ਪ੍ਰਕਾਸ਼ ਅਤੇ ਗਿਆਨੀ ਗਿਆਨ ਸਿੰਘ ਦੇ ਸ੍ਰੀ ਗੁਰੂ ਪੰਥ ਪ੍ਰਕਾਸ਼ ’ਚ ਗੁਰੂ ਤੇਗ ਬਹਾਦਰ ਜੀ ਦੇ ਪ੍ਰਸੰਗਾਂ ਦਾ ਸਰਵੇਖਣ ਕੀਤਾ ਗਿਆ ਹੈ। ਇਸ ਅਧਿਐਨ ਦਾ ਸਿੱਟਾ ਇਹ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਖ਼ਸੀਅਤ ਮੁੱਖ ਤੌਰ ’ਤੇ ਤਿੰਨ ਸੋਮਿਆਂ ਵਿੱਚ ਪ੍ਰਤੀਬਿੰਬਤ ਹੋਈ ਮਿਲਦੀ ਹੈ। ਪਹਿਲਾ ਸਰੋਤ ਗੁਰੂ ਸਾਹਿਬ ਦੀ ਆਪਣੀ ਬਾਣੀ ਹੈ। ਦੂਜਾ ਸਰੋਤ ਉਨ੍ਹਾਂ ਦੇ ਹੁਕਮਨਾਮੇ ਹਨ। ਤੀਜਾ ਸਰੋਤ ਉਨ੍ਹਾਂ ਬਾਰੇ ਲਿਖਿਆ ਅਭਿਨੰਦਨ ਕਾਵਿ ਹੈ। ਦਰਅਸਲ, ਉਨ੍ਹਾਂ ਦੀ ਸ਼ਖ਼ਸੀਅਤ ਦਾ ਕੋਈ ਗੁਣ ਅਜਿਹਾ ਨਹੀਂ, ਜੋ ਕੇਵਲ ਇੱਕ ਹੀ ਸਰੋਤ ਵਿੱਚ ਉਪਲਬਧ ਹੋਵੇ। ਗੁਰੂ ਸਾਹਿਬ ਦੀ ਸ਼ਖ਼ਸੀਅਤ ਅਤੇ ਸਰੂਪ ਦਾ ਪਾਰਾਵਾਰ ਇਨ੍ਹਾਂ ਸਾਰੇ ਸਰੋਤਾਂ ਦੀ ਮਦਦ ਨਾਲ ਪਾਇਆ ਜਾ ਸਕਦਾ ਹੈ।
ਲੇਖ ‘ਬਾਣੀ ਸ੍ਰੀ ਗੁਰੂ ਤੇਗ ਬਹਾਦਰ ਦੀ: ਆਧੁਨਿਕ ਸੰਦਰਭ’ ਅਨੁਸਾਰ ਭਾਰਤੀ ਇਤਿਹਾਸ ’ਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਦੇਣ ਸਪੱਸ਼ਟ ਅਤੇ ਕਈ ਰੰਗਾਂ ਰੂਪਾਂ ਵਿੱਚ ਹੈ। ਇਸ ਲੇਖ ਦਾ ਤੱਤਸਾਰ ਹੈ ਕਿ ਉਨ੍ਹਾਂ ਦੀ ਬਾਣੀ ਵਿਚਲੇ ਸੰਦੇਸ਼ ਦੀ ਆਧੁਨਿਕ ਯੁੱਗ ਵਿੱਚ ਵੀ ਓਨੀ ਹੀ ਆਵੱਸ਼ਕਤਾ, ਸਾਰਥਿਕਤਾ ਅਤੇ ਪ੍ਰਸੰਗਿਕਤਾ ਹੈ, ਜਿੰਨੀ ਰਚਨਾ ਕਾਲ ਸਮੇਂ ਸੀ। ਇਸ ਵਿੱਚ ਧਾਰਮਿਕ ਸਹਿਣਸ਼ੀਲਤਾ, ਰਵਾਦਾਰੀ, ਧਾਰਮਿਕ ਸਹਿਹੋਂਦ ਅਤੇ ਅਨੇਕਤਾ ਵਿੱਚ ਏਕਤਾ ਦੇ ਭਾਵ ਹਨ, ਜਿਸ ਨੂੰ ਅੱਜ ਬਹੁਵਾਦ (Pluralism) ਅਤੇ ਬਹੁ-ਸਭਿਆਚਾਰਵਾਦ (Multi Culturalism) ਕਿਹਾ ਜਾਂਦਾ ਹੈ।
‘ਮਨ ਦਾ ਸੰਕਲਪ ਅਤੇ ਗੁਰੂ ਤੇਗ ਬਹਾਦਰ ਜੀ ਦੀ ਬਾਣੀ’ ਸਿਰਲੇਖ ਵਾਲੇ ਲੇਖ ਵਿੱਚ ਕਿਹਾ ਗਿਆ ਹੈ ਕਿ ਗੁਰਬਾਣੀ ਵਿੱਚ ਮਨ ਕੇਵਲ ਸ਼ਬਦ ਨਹੀਂ ਸਗੋਂ ਇੱਕ ਸੰਕਲਪ ਵਜੋਂ ਵਿਚਾਰਿਆ ਗਿਆ ਹੈ, ਜਿਸ ਦੀਆਂ ਅੱਗੋਂ ਕਈ ਪਰਤਾਂ ਅਤੇ ਰੰਗ ਹਨ। ਦਰਅਸਲ, ਮਨ ਮਨੁੱਖ ਦਾ ਸਮਾਨਾਰਥਕ ਹੋ ਨਿੱਬੜਿਆ ਹੈ। ਮਨ ਲਈ ਵਰਤੇ ਗਏ ਸ਼ਬਦ ਜਾਂ ਸੰਬੋਧਨ ਮਨੁੱਖ ਲਈ ਮੰਨੇ ਜਾ ਸਕਦੇ ਹਨ। ਗੁਰੂ ਸਾਹਿਬ ਦੀ ਬਾਣੀ ਵਿੱਚ ਮਨ ਇੱਕ ਕੇਂਦਰੀ ਇਕਾਈ ਹੈ। ਮਨ ਬਾਰੇ ਬਾਣੀ ’ਚ ਹੋਏ ਵਿਚਾਰ ਦੇ ਤਿੰਨ ਧਰਾਤਲ ਬਣਦੇ ਹਨ। ਪਹਿਲੇ ਵਿੱਚ ਮਨ ਦੇ ਲੱਛਣ ਜਾਂ ਔਗੁਣ ਹਨ, ਜੋ ਮਾਇਆ ਦੇ ਪ੍ਰਭਾਵ ਕਾਰਨ ਜਲਦੀ ਵਿਚਲਿਤ ਹੋ ਜਾਂਦਾ ਹੈ। ਦੂਜੇ ਧਰਾਤਲ ’ਤੇ ਵਿਚਲਿਤ ਹੋਣ ਦੇ ਨੁਕਸਾਨ ਹਨ। ਤੀਜੇ ਪੱਧਰ ’ਤੇ ਮਨ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਹੈ। ਕਿਤੇ-ਕਿਤੇ ਟਿਕੇ ਹੋਏ ਮਨ ਦੀ ਅਵਸਥਾ ਦਾ ਵੀ ਜ਼ਿਕਰ ਹੈ ਜਦ ਉਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਸਹਿਜ ਅਵਸਥਾ ਵਿੱਚ ਆ ਜਾਂਦਾ ਹੈ, ਪਰ ਇਹ ਸਭ ਨਾਮ ਜਾਂ ਸਿਮਰਨ ਕਰਕੇ ਹੀ ਸੰਭਵ ਹੈ।
ਲੇਖ ‘ਬਾਣੀ ਗੁਰੂ ਤੇਗ ਬਹਾਦਰ: ਮਿਥਿਹਾਸਕ ਸੰਕੇਤ’ ਵਿੱਚ ਚਰਚਾ ਕੀਤੀ ਗਈ ਹੈ ਕਿ ਗੁਰੂ ਸਾਹਿਬ ਦੀ ਬਾਣੀ ਵਿੱਚ ਵੀ ਭਾਰਤੀ ਮਿਥਿਹਾਸ ਦੀ ਚਿਹਨਾਤਮਕ ਵਰਤੋਂ ਹੋਈ ਹੈ ਤਾਂ ਜੋ ਸੰਚਾਰ ਸੁਖਾਲਾ ਹੋ ਸਕੇ। ਅਵਤਾਰਵਾਦ ਦਾ ਖੰਡਨ, ਭਗਤੀ ਅਤੇ ਭਗਤਜਨਾਂ ਦੀ ਮਹਿਮਾ, ਸੰਸਾਰ ਦੀ ਨਾਸ਼ਮਾਨਤਾ, ਪਰਮਾਤਮਾ ਦੀ ਉੱਚਤਾ ਅਤੇ ਸਿਰਮੌਰਤਾ, ਮੌਤ ਦੀ ਅਟੱਲਤਾ ਅਤੇ ਮਨੁੱਖ ਦੀ ਤੁੱਛਤਾ ਕੁਝ ਗੁਰਮਤਿ ਵਿਚਾਰ ਹਨ, ਜੋ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸਪੱਸ਼ਟ ਕਰ ਵਿਖਿਆਉਂਦੇ ਅਤੇ ਭਾਰਤੀ ਗਿਆਨ ਦੀ ਵਿਰਾਸਤ ਨਾਲ ਵੀ ਜੋੜਦੇ ਹਨ।
ਲੇਖ ‘ਕੁਰਬਾਨੀ ਦਾ ਸ਼ਹਿਨਸ਼ਾਹ: ਇੱਕ ਨਵੀਂ ਲੱਭਤ’ 1926 ’ਚ ਲਿਖੇ ਗਿਆਨੀ ਭਗਤ ਸਿੰਘ ਦੀ ਸ਼ਹੀਦੀ ਬਾਰੇ ਰਚਨਾਤਮਿਕ ਕਾਵਿ ਬਾਰੇ ਵਿਸ਼ੇਲਸ਼ਣਾਤਮਕ ਵਿਵੇਚਨ ਹੈ। ਗਿਆਨੀ ਜੀ ਗੁਰੂ ਤੇਗ ਬਹਾਦਰ ਖ਼ਾਲਸਾ ਹਾਈ ਸਕੂਲ, ਬਾਬਾ ਬਕਾਲਾ ਵਿਖੇ ਅਧਿਆਪਕ ਸਨ। ਬਾਬਾ ਬਕਾਲਾ ਵਿਖੇ ਗੁਰੂ ਸਾਹਿਬ ਨੇ ਲੰਮਾ ਸਮਾਂ ਗੁਜ਼ਾਰਿਆ ਸੀ। ਲੇਖ ‘ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਜੀ ਕੋਲ ਹੀ ਕਿਉਂ ਆਏ?’ ਵਿੱਚ ਚਰਚਾ ਕੀਤੀ ਗਈ ਹੈ ਕਿ ਉਸ ਵੇਲੇ ਹਿੰਦੋਸਤਾਨ ਵਿੱਚ ਵੱਖ-ਵੱਖ ਧਰਮ ਆਗੂਆਂ ਦਾ ਲੋਕਾਈ ’ਤੇ ਖ਼ਾਸਾ ਪ੍ਰਭਾਵ ਸੀ, ਉਨ੍ਹਾਂ ਕੋਲ ਕਸ਼ਮੀਰੀ ਪੰਡਿਤ ਕਿਉਂ ਨਹੀਂ ਗਏ? ਦੱਸਿਆ ਗਿਆ ਹੈ ਕਿ ਕਸ਼ਮੀਰ ’ਚ ਸਿੱਖੀ ਦਾ ਬੂਟਾ ਗੁਰੂ ਨਾਨਕ ਸਾਹਿਬ ਨੇ ਆਪਣੀ ਤੀਜੀ ਉਦਾਸੀ ਦੌਰਾਨ ਲਾਇਆ, ਜਿਸ ਨੂੰ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਵਿਕਸਿਤ ਕੀਤਾ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਵੀ ਕਸ਼ਮੀਰੀਆਂ ਦੀ ਗੁਰੂਘਰ ਨਾਲ ਨੇੜਤਾ ਦੇ ਪ੍ਰਮਾਣ ਮਿਲਦੇ ਹਨ। ਇਤਿਹਾਸਕ ਸਰੋਤਾਂ ਅਨੁਸਾਰ ਪੰਡਿਤ ਕਿਰਪਾ ਰਾਮ ਦੱਤ ਦਾ ਪੜਦਾਦਾ ਬ੍ਰਹਮ ਦਾਸ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਿੱਖ ਬਣਿਆ ਸੀ। ਸਭ ਤੋਂ ਵੱਡਾ ਕਾਰਨ ਕਸ਼ਮੀਰੀ ਪੰਡਿਤਾਂ ਦਾ ਇਹ ਦ੍ਰਿੜ੍ਹ ਵਿਸ਼ਵਾਸ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਹੀ ਉਨ੍ਹਾਂ ਦੇ ਧਰਮ ਦੀ ਰੱਖਿਆ ਆਪਣੀ ਕੁਰਬਾਨੀ ਦੇ ਕੇ ਕਰ ਸਕਦੇ ਹਨ।
ਲੇਖ ‘ਸ਼ਹੀਦੀ ਸ਼ਤਾਬਦੀ: ਵਿਦਵਾਨਾਂ ਦੇ ਵਿਚਾਰਗੋਚਰੇ ਕੁਝ ਪ੍ਰਸ਼ਨ’ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸ਼ਤਾਬਦੀ ਬਾਰੇ ਨਿੱਜੀ ਰੂਪ ’ਚ ਕੁਝ ਪ੍ਰਸ਼ਨ ਖੜ੍ਹੇ ਕੀਤੇ ਹਨ। ਪਾਠਕਾਂ ਲਈ ਇਹ ਲੇਖ ਕਈ ਤਰ੍ਹਾਂ ਦੇ ਪ੍ਰਸ਼ਨ ਖੜ੍ਹੇ ਕਰਦਾ ਹੈ, ਜਿਨ੍ਹਾਂ ਬਾਰੇ ਸਿੱਖ ਜਗਤ ਵਿੱਚ ਬਹਿਸ ਦਰਕਾਰ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਸਬੰਧਿਤ ਲੇਖਾਂ ਵਿੱਚੋਂ ਇੱਕ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਤਕਨੀਕੀ ਪੱਖਾਂ ਬਾਰੇ ਵਿਚਾਰ ਕੀਤਾ ਗਿਆ ਹੈ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਕੋਲ ਕਾਵਿ ਪ੍ਰਤਿਭਾ, ਰਾਗ ਵਿਦਿਆ ਦੀ ਡੂੰਘੀ ਸਮਝ, ਕਾਵਿ ਸ਼ਾਸਤਰ ਅਤੇ ਪੂਰਬਲੇ ਗ੍ਰੰਥਾਂ ਦੀ ਵਿਸ਼ਾਲ ਜਾਣਕਾਰੀ ਤੇ ਨਿਸ਼ਚਿਤ ਸੰਪਾਦਕੀ ਵਿਉਂਤ ਸੀ। ਕਿਸੇ ਗ੍ਰੰਥ ਵਿਚਲੀਆਂ ਸੰਪਾਦਕੀ ਸੂਚਨਾਵਾਂ ਪ੍ਰਾਪਤ ਪਾਠ ਨੂੰ ਸਪੱਸ਼ਟ ਅਤੇ ਆਸਾਨੀ ਨਾਲ ਸਮਝਣ ਵਿੱਚ ਸਹਾਈ ਹੁੰਦੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਈ ਸੰਪਾਦਕੀ ਸੂਚਨਾਵਾਂ ਹਨ ਅਤੇ ਹੈਨ ਵੀ ਉਹ ਵਾਰਤਕ ਵਿੱਚ। ਕੁਝ ਸੂਚਨਾਵਾਂ ਗਾਇਨ ਸਬੰਧੀ ਹਨ। ਇਸ ਵਿੱਚ ਕੁਝ ਸੂਚਨਾਵਾਂ ਉਚਾਰਨ ਸਬੰਧੀ ਵੀ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਉਪ-ਕ੍ਰਮ ਜਾਂ ਉਪ-ਸੰਹਾਰ ਦਾ ਨਾਂ ੴ ਨਾਲ ਕੀਤਾ ਗਿਆ ਹੈ। ਇਸ ਦੇ ਪਾਠ ਦਾ ਮਹਾਤਮ ਮੁੰਦਾਵਣੀ ਅਤੇ ਸਲੋਕ ਮਹਲਾ ਪੰਜਵਾਂ ਨਾਲ ਦੱਸਿਆ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਦੀ ਲੋੜ ਪੂਰੀ ਕਰਨ ਲਈ ਤਤਕਰਾ ਵੀ ਦਿੱਤਾ ਗਿਆ ਹੈ। ਇਨ੍ਹਾਂ ਸਾਰੇ ਤਕਨੀਕੀ ਪੱਖਾਂ ਨੂੰ ਇਸ ਲੇਖ ਵਿੱਚ ਉਭਾਰਿਆ ਗਿਆ ਹੈ। ਇਸ ਤੋਂ ਇਲਾਵਾ ਇਸ ਕਿਤਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਆਈਆਂ ‘ਅੰਜੁਲੀਆਂ’ ਅਤੇ ‘ਕਰਹਲਿਆਂ’ ਬਾਰੇ ਜਾਣਕਾਰੀ ਭਰਪੂਰ ਦੋ ਲੇਖ ਹਨ।
ਲੇਖਕ ਨੇ ਕੁਝ ਪੁਰਾਣੇ ਭੁੱਲ-ਭੁਲਾ ਚੁੱਕੇ ਪਾਠਾਂ ਵਿੱਚੋਂ ਦੋ ਲਿਖਤਾਂ ਨੂੰ ਮੁੜ-ਸੁਰਜੀਤ ਕਰਨ ਦਾ ਯਤਨ ਕੀਤਾ ਹੈ। ਪਹਿਲੀ ਲਿਖਤ ਹੈ: ‘ਸ੍ਰੀ ਗੁਰੂ ਅਮਰ ਬਿਲਾਸ: ਇੱਕ ਨਵੀਂ ਲੱਭਤ’। ਇਹ ਭਾਈ ਜੋਧ ਸਿੰਘ ਗੁੱਜਰਖਾਨ ਦੁਆਰਾ ਤੀਜੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਬਾਰੇ ਰਚਿਆ ਗੁਰਬਿਲਾਸ ਹੈ। ਇਹ ਇਕਲੌਤਾ ਖੰਡ ਕਾਵਿ ਹੈ। ਸ੍ਰੀ ਗੁਰੂ ਅਮਰਦਾਸ ਜੀ ਬਾਰੇ ਮੰਗਲਾਚਰਨ ਰੂਪ ’ਚ ਕਈ ਛੰਦ ਮਿਲ ਜਾਂਦੇ ਹਨ, ਪਰ ਸੰਗਠਿਤ ਰੂਪ ਵਿੱਚ ਹੁਣ ਤੱਕ ਇੱਕੋ ਇੱਕ ਰਚਨਾ ਹੈ। ਦੂਜਾ ਲੇਖ ‘ਇੱਕ ਨਵੀਂ ਲੱਭਤ: ਸ੍ਰੀ ਗੁਰੂ ਅਰਜਨ ਬਿਲਾਸ’ ਬਾਰੇ ਹੈ। ਇਹ ਗੁਰਬਿਲਾਸ ਵੀ ਜੋਧ ਸਿੰਘ ਗੁੱਜਰਖਾਨ ਦਾ ਲਿਖਿਆ ਹੈ। ‘ਸ੍ਰੀ ਗੁਰੂ ਅਰਜਨ ਬਿਲਾਸ’ ਵਿੱਚ ਗੁਰਮਤਿ ਦਰਸ਼ਨ ਦੇ ਸਿਧਾਤਾਂ ਦੀ ਟੋਹ ਤੋਂ ਇਲਾਵਾ ਨਿਰਗੁਣ ਅਕਾਲ ਪੁਰਖ ਦੀ ਅਰਾਧਨਾ ਨੂੰ ਉੱਤਮ ਮੰਨਿਆ ਗਿਆ।
ਲੇਖ ‘ਬਹੁਸਭਿਆਚਾਰਵਾਦ ਅਤੇ ਮੱਧਕਾਲੀ ਪੰਜਾਬੀ ਸਾਹਿਤ’ ਵਿੱਚ ਕਿਹਾ ਗਿਆ ਹੈ ਕਿ ਅੱਜ ਭਾਵੇਂ ਵੱਖ-ਵੱਖ ਗਿਆਨ ਸ਼ਾਸਤਰਾਂ ਦੇ ਪਸਾਰ ਕਰਕੇ ਨਵੇਂ-ਨਵੇਂ ਵਿਚਾਰ ਅਤੇ ਸੰਕਲਪ ਸਾਹਮਣੇ ਆ ਰਹੇ ਹਨ, ਜਿਨ੍ਹਾਂ ਵਿੱਚੋਂ ਬਹੁ-ਸੱਭਿਆਚਾਰਵਾਦ ਵੀ ਇੱਕ ਹੈ ਪਰ ਮੱਧਕਾਲੀ ਪੰਜਾਬੀ/ਭਾਰਤੀ ਸਾਹਿਤ ਵਿੱਚ ਇਸ ਦਾ ਵਿਹਾਰਕ ਰੂਪ ਪਹਿਲਾਂ ਹੀ ਮੌਜੂਦ ਹੈ। ਮੱਧਕਾਲ ਵਿੱਚ ਪੰਜਾਬੀ ਸਾਹਿਤ ਦੇ ਰਚਣਹਾਰਿਆਂ ਵਿੱਚ ਹਰ ਰੰਗ, ਨਸਲ, ਰੂਪ, ਵਰਣ, ਜਾਤ ਜਾਂ ਧਰਮ ਦੇ ਲੋਕਾਂ ਦੇ ਸੱਭਿਆਚਾਰ ਸ਼ਾਮਿਲ ਹਨ।
ਲੇਖ ‘ਸੱਭਿਆਚਾਰਕ ਚੇਤਨਾ ਦਾ ਪ੍ਰਵਚਨ: ਆਸਾ ਦੀ ਵਾਰ’ ਲੇਖ ਵਿੱਚ ਆਸਾ ਦੀ ਵਾਰ ਨੂੰ ਸੱਭਿਆਚਾਰਕ ਪ੍ਰਵਚਨ ਕਿਹਾ ਗਿਆ ਹੈ। ਗੁਰਮਤਿ ਦਰਸ਼ਨ ਵਿੱਚ ਸੱਭਿਆਚਾਰਕ ਦਰਸ਼ਨ ਨੂੰ ਪ੍ਰਮੁੱਖ ਸਥਾਨ ਹਾਸਿਲ ਹੈ। ਆਸਾ ਦੀ ਵਾਰ ਦਾ ਮਹੱਤਵ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਤਤਕਾਲੀ ਵਰਤਾਰਿਆਂ ਨੂੰ ਉਜਾਗਰ ਕਰਨ ਵਿੱਚ ਵਧੇਰੇ ਹੈ। ਗੁਰਦੁਆਰਿਆਂ ’ਚ ਅੰਮ੍ਰਿਤ ਵੇਲੇ ‘ਆਸਾ ਦੀ ਵਾਰ’ ਦੇ ਕੀਰਤਨ ਦੀ ਮਰਯਾਦਾ ਹੈ, ਜੋ ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਆਰੰਭ ਹੋਈ ਮੰਨੀ ਜਾਂਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਈ ਵਾਰਾਂ ਵਿੱਚੋਂ ਆਸਾ ਦੀ ਵਾਰ ਨੂੰ ਇਹ ਮਾਣ ਇਸ ਲਈ ਮਿਲਿਆ ਹੈ ਕਿਉਂਕਿ ਇਸ ਵਾਰ ਦੇ ਵਾਰ-ਵਾਰ ਗਾਇਨ ਦਾ ਮਕਸਦ ਲੋਕਾਂ ਵਿੱਚ ਸੱਭਿਆਚਾਰਕ ਚੇਤਨਾ ਜਗਾਈ ਰੱਖਣਾ ਸੀ।
ਇਸ ਕਿਤਾਬ ਵਿੱਚ ਤਿੰਨ ਲੇਖ ਵੱਖ-ਵੱਖ ਮਹੱਤਵ ਅਤੇ ਪ੍ਰਸੰਗਿਕਤਾ ਵਾਲੇ ਹਨ। ‘ਪੁਰਾਤਨ ਪੰਜਾਬੀ ਹੱਥ ਲਿਖਤ ਗ੍ਰੰਥਾਂ ਦਾ ਮਹੱਤਵ’ ਵਿੱਚ ਪੰਜਾਬੀ ਦੇ ਕੋਈ ਸੱਤ ਹਜ਼ਾਰ ਹੱਥ ਲਿਖਤ ਗ੍ਰੰਥਾਂ ਅਤੇ ਸ਼ਾਹਮੁਖੀ, ਰੋਮਨ, ਦੇਵਨਾਗਰੀ ਲਿਪੀਆਂ ’ਚ ਲਿਖੀਆਂ ਹੱਥ ਲਿਖਤਾਂ ਦੀ ਸਾਂਭ-ਸੰਭਾਲ ਕਰਨ ਦੇ ਕਈ ਪਹਿਲੂਆਂ ਨੂੰ ਉਭਾਰਿਆ ਗਿਆ ਹੈ। ਦੂਜਾ ਲੇਖ ਹੈ ‘ਕਿਵੇਂ ਲਿਖੇ ਜਾਂਦੇ ਸਨ ਪੁਰਾਤਨ ਗ੍ਰੰਥ?’। ਇਸ ਵਿੱਚ ਦੱਸਿਆ ਗਿਆ ਹੈ ਕਿ ਪੁਰਾਤਨ ਸਮਿਆਂ ਵਿੱਚ ਵਿਦਿਆ ਦਾਨ ਦੇਣਾ ਪੁੰਨ ਦਾ ਕੰਮ ਅਤੇ ਪਵਿੱਤਰ ਧਾਰਮਿਕ ਫ਼ਰਜ਼ ਸਮਝਿਆ ਜਾਂਦਾ ਸੀ। ਪੜ੍ਹਨ ਪੜ੍ਹਾਉਣ ਲਈ ਸੈਂਚੀਆਂ, ਪੋਥੀਆਂ ਅਤੇ ਗ੍ਰੰਥਾਂ ਦੀ ਰਚਨਾ ਕੀਤੀ ਜਾਂਦੀ ਸੀ। ਗ੍ਰੰਥ ਰਚਨਾ ਨੂੰ ਵੀ ਪੁੰਨ ਦਾ ਕਾਰਜ ਸਮਝਿਆ ਜਾਂਦਾ ਸੀ ਅਤੇ ਗ੍ਰੰਥਾਂ ਨੂੰ ਪੜ੍ਹਨ ਪੜ੍ਹਾਉਣ, ਸਮਝਣ ਅਤੇ ਮੰਨਣ ਦਾ ਵੱਡਾ ਮਹਾਤਮ ਸੀ। ਇਹ ਬੜੀ ਗੰਭੀਰ, ਬੌਧਿਕ ਅਤੇ ਪੁਰਸ਼ਾਰਥੀ ਪ੍ਰਕਿਰਿਆ ਸਮਝੀ ਜਾਂਦੀ ਸੀ। ਲੇਖ ‘ਗੁਰਮੁਖੀ ਦੇ ਪੁਰਾਣੇ ਸ਼ਬਦ-ਜੋੜ’ ਵਿੱਚ ਸਮੇਂ ਨਾਲ ਗੁਰਮੁਖੀ ਸ਼ਬਦ-ਜੋੜਾਂ ਦੇ ਵਰਤੋਂ-ਵਿਹਾਰ ਵਿੱਚ ਆਈਆਂ ਤਬਦੀਲੀਆਂ ਦਾ ਗੰਭੀਰ ਵਿਸ਼ਲੇਸ਼ਣ ਪੇਸ਼ ਹੋਇਆ ਹੈ।
ਡਾ. ਧਰਮ ਸਿੰਘ ਨੇ ਇਸ ਪੁਸਤਕ ਦੇ ਲੇਖਾਂ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ, ਯੋਗਦਾਨ, ਸ਼ਹਾਦਤ ਨਾਲ ਸਬੰਧਿਤ ਇਤਿਹਾਸਕ ਸਰੋਤਾਂ ਨੂੰ ਅੰਤਰ-ਅਨੁਸ਼ਾਸਨੀ ਪਰਿਪੇਖ ਤੋਂ ਸਮਝਣ ਦਾ ਯਤਨ ਕਰਨ ਦੇ ਨਾਲ-ਨਾਲ ਗੁਰਮਤਿ ਦਰਸ਼ਨ, ਮਰਯਾਦਾ ਅਤੇ ਪਰੰਪਰਾਵਾਂ ਦੇ ਮਹੱਤਵ ਨੂੰ ਕਈ ਪ੍ਰਸੰਗਾਂ ਤੋਂ ਉਜਾਗਰ ਕੀਤਾ ਹੈ, ਜਿਸ ਕਾਰਨ ਇਸ ਪੁਸਤਕ ਦੀ ਸਾਹਿਤਕ ਮਹੱਤਤਾ ਅਤੇ ਪੜ੍ਹਨਯੋਗਤਾ ਹੋਰ ਵਧ ਜਾਂਦੀ ਹੈ।
ਸੰਪਰਕ: 82839-48811

