ਡਾ. ਗੁਰਤੇਜ ਸਿੰਘ
2020 ਦੇ ਖੁਰਾਕ ਦਿਵਸ ਮੌਕੇ ਕੰਨਸਰਨ ਵਰਲਡਵਾਈਡ ਅਤੇ ਵੈਲਟ ਹੰਗਰ ਹਿਲਫੇ ਨਾਮੀ ਦੋ ਸੰਸਥਾਵਾਂ ਨੇ ਮਿਲ ਕੇ ਭੁੱਖਮਰੀ ਸੂਚਕ ਅੰਕ ਜਾਰੀ ਕੀਤਾ ਹੈ ਜੋ ਹਰ ਸਾਲ ਜਾਰੀ ਕੀਤਾ ਜਾਦਾ ਹੈ। ਇਸ ਅੰਦਰ 0-100 ਤੱਕ ਸਕੋਰ ਹੁੰਦਾ ਹੈ ਜੋ ਪੰਜ ਸ੍ਰੇਣੀਆਂ ਤੇ ਆਧਾਰਿਤ ਹੁੰਦਾ ਹੈ। ਇਸ ਅਨੁਸਾਰ 17 ਮੁਲਕਾਂ ਦਾ ਸਕੋਰ 5 ਤੋਂ ਘੱਟ ਹੈ ਅਤੇ ਚਾਡ ਦੇਸ਼ 44.7 ਸਕੋਰ ਨਾਲ ਆਖਿਰੀ ਸਥਾਨ 107ਵੇਂ ਤੇ ਹੈ। 2012 ਤੋਂ ਤਿੰਨ ਸ਼੍ਰੇਣੀਆਂ ਜਿਵੇਂ ਦਰਮਿਆਨ, ਗੰਭੀਰ ਤੇ ਚਿੰਤਾਜਨਕ ਸ਼੍ਰੇਣੀ ਵਿਚ ਮੌਜੂਦ 46 ਦੇਸ਼ਾਂ ਦੀ ਸਥਿਤੀ ਵਿਚ ਸੁਧਾਰ ਹੋਇਆ ਹੈ। ਦੁਨੀਆ ਦੇ ਇਸੇ ਸ਼੍ਰੇਣੀ ਦੇ 14 ਮੁਲਕਾਂ ਦੀ ਭੁੱਖਮਰੀ ਅਤੇ ਕੁਪੋਸ਼ਣ ਦੀ ਸਥਿਤੀ ਖਰਾਬ ਹੋਈ ਹੈ। ਸੰਸਾਰ ਦੇ 37 ਮੁਲਕ ਸੰਨ 2030 ਤੱਕ ਵੀ ਸਿਫਰ ਭੁੱਖਮਰੀ ਸੂਚਕ ਅੰਕ ਦੇ ਨਿਸ਼ਾਨੇ ਨੂੰ ਪ੍ਰਾਪਤ ਨਹੀ ਕਰ ਸਕਣਗੇ। ਇਸ ਰਿਪੋਰਟ ਅਨੁਸਾਰ ਵਿਸ਼ਵ ਦੇ 690 ਮਿਲੀਅਨ ਲੋਕ ਕੁਪੋਸ਼ਣ ਦਾ ਸ਼ਿਕਾਰ ਹਨ। ਦੁਨੀਆ ਦੇ 107 ਦੇਸ਼ਾਂ ਤੋਂ ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ 94ਵੇਂ ਸਥਾਨ ‘ਤੇ ਹੈ ਅਤੇ ਸੂਚਕ ਅੰਕ 27.7 ਸਕੋਰ ਨਾਲ ‘ਗੰਭੀਰ ਸਥਿਤੀ’ ਵਿਚ ਹੈ। ਨੇਪਾਲ, ਪਾਕਿਸਤਾਨ, ਬੰਗਲਾਦੇਸ਼ ਤੇ ਇੰਡੋਨੇਸ਼ੀਆ ਦੀ ਸਥਿਤੀ ਭਾਰਤ ਤੋਂ ਬਿਹਤਰ ਦਰਸਾਈ ਗਈ ਹੈ। ਇਸੇ ਤਰ੍ਹਾਂ ਸੰਸਾਰ ਦੇ 13 ਦੇਸ਼ ਅਜਿਹੇ ਵੀ ਹਨ ਜਿਨ੍ਹਾਂ ਦੀ ਸਥਿਤੀ ਭਾਰਤ ਤੋਂ ਵੀ ਮਾੜੀ ਹੈ। ਭਾਰਤ ਦੀ 14 ਫੀਸਦੀ ਆਬਾਦੀ ਅਲਪ ਪੋਸ਼ਿਤ ਹੈ ਤੇ ਬੱਚੇ ਵੀ ਕੁਪੋਸ਼ਣ ਦਾ ਸ਼ਿਕਾਰ ਹਨ। ਬੱਚਿਆਂ ਦੇ ਕੁਪੋਸ਼ਣ ਦੇ ਚਾਰ ਮਾਪਦੰਡ ਹਨ। ਪਹਿਲਾ, ਬੱਚੇ ਦੀ ਲੰਬਾਈ ਦੇ ਅਨੁਪਾਤ ਵਿਚ ਵਜ਼ਨ ਦਾ ਘੱਟ ਹੋਣਾ, ਇਸ ਵਿਚ 2010-14 ਤੱਕ 15 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਸਨ ਜਦਕਿ 2015-19 ਤੱਕ ਇਹ ਅੰਕੜਾ 17.3 ਫੀਸਦੀ ਹੋ ਗਿਆ ਹੈ। ਦੂਜਾ ਮਾਪਦੰਡ ਉਮਰ ਦੇ ਅਨੁਪਾਤ ਵਿਚ ਕੱਦ ਦਾ ਘੱਟ ਹੋਣਾ। ਤੀਜਾ ਮਾਪਦੰਡ ਬੱਚਿਆਂ ਦੀ ਮੌਤ ਦਰ ਅਤੇ ਚੌਥਾ ਸੰਤੁਲਿਤ ਆਹਾਰ ਦੀ ਕਮੀ ਕਾਰਨ ਉਤਪੰਨ ਕੁਪੋਸ਼ਣ।
2019 ਦੇ ਵਿਸ਼ਵ ਖੁਰਾਕ ਦਿਵਸ ਮੌਕੇ ਦੁਨੀਆ ਦੇ 117 ਦੇਸ਼ਾਂ ਦੀ ਭੁੱਖਮਰੀ ਸੂਚਕ ਅੰਕ ਦੀ ਸੂਚੀ ਜਾਰੀ ਕੀਤੀ ਸੀ ਜਿਸ ਵਿਚ ਭਾਰਤ ਆਪਣੇ ਗੁਆਂਢੀ ਮੁਲਕਾਂ ਬੰਗਲਾਦੇਸ਼ (88) ਅਤੇ ਪਾਕਿਸਤਾਨ (94) ਨਾਲੋਂ ਵੀ ਬਹੁਤ ਪਿੱਛੇ ਸੀ। ਚੀਨ ਦਾ ਭੁੱਖਮਰੀ ਸੂਚਕ ਅੰਕ 25 ਸੀ। ਇਹ ਸੂਚੀ ਜਿੱਥੇ ਕੁਪੋਸ਼ਣ ਨੂੰ ਦਰਸਾਉਦੀ ਹੈ, ਉਥੇ ਭੁੱਖਮਰੀ ਬਾਰੇ ਵੀ ਦੱਸਦੀ ਸੀ ਜਿੱਥੇ ਸਾਡੇ ਮੁਲਕ ਨੂੰ ‘ਗੰਭੀਰ ਸਥਿਤੀ’ ਵਾਲੇ ਖਾਨੇ ਵਿਚ ਰੱਖਿਆ ਗਿਆ ਸੀ। 2017 ਦੀ ਇੱਕ ਰਿਪੋਰਟ ਅਨਸਾਰ ਭੁੱਖਮਰੀ ਸੂਚਕ ਅੰਕ ਵਿਚ 119 ਵਿਚੋਂ ਭਾਰਤ ਦਾ ਸਥਾਨ 100ਵਾਂ ਸੀ। ਇਸ ਵਿਚ ਚੀਨ 29, ਨੇਪਾਲ 72, ਮਿਆਂਮਾਰ 77, ਸ੍ਰੀਲੰਕਾ 84 ਅਤੇ ਬੰਗਲਾਦੇਸ਼ 88ਵੇਂ ਸਥਾਨ ਤੇ ਸਨ। 2016 ਵਿਚ ਭਾਰਤ 97ਵੇਂ ਸਥਾਨ ਤੇ ਸੀ ਜਦਕਿ ਚੰਦ ਵਰ੍ਹੇ ਪਹਿਲਾਂ ਹੀ ਭੁੱਖਮਰੀ ਸੂਚਕ ਅੰਕ ਵਿਚ ਭਾਰਤ 63ਵੇਂ ਸਥਾਨ ਤੇ ਸੀ ਅਤੇ ਸ੍ਰੀਲੰਕਾ, ਪਾਕਿਸਤਾਨ, ਬੰਗਲਾਦੇਸ਼ ਕ੍ਰਮਵਾਰ 43, 57, 58ਵੇਂ ਸਥਾਨ ਤੇ ਸਨ।
ਦੱਖਣੀ ਏਸ਼ੀਆ ਭੁੱਖਮਰੀ ਕਾਰਨ ਲੰਮੇ ਸਮੇਂ ਤੋਂ ਸੁਰਖੀਆਂ ਵਿਚ ਹੈ ਜਿੱਥੇ ਔਰਤਾਂ ਅਤੇ ਬੱਚੇ ਵੱਡੀ ਸੰਖਿਆ ਵਿਚ ਕੁਪੋਸ਼ਣ ਦਾ ਸ਼ਿਕਾਰ ਹਨ ਅਤੇ ਭੁੱਖਮਰੀ ਤੇ ਪੌਸ਼ਟਿਕ ਆਹਾਰ ਦੀ ਅਣਹੋਂਦ ਕਾਰਨ ਵੱਖ ਵੱਖ ਬਿਮਾਰੀਆਂ ਨਾਲ ਮਰਨ ਲਈ ਮਜਬੂਰ ਹਨ। ਭਾਰਤ ਅਤੇ ਨਾਲ ਲੱਗਦੇ ਵਿਕਾਸਸ਼ੀਲ ਦੇਸ਼ਾਂ ਅੰਦਰ 1990 ਵਿਚ 42.2 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਸਨ ਅਤੇ 2013 ਵਿਚ ਇੱਥੇ 30 ਫੀਸਦੀ ਬੱਚੇ ਕੁਪੋਸ਼ਣ ਦੇ ਸ਼ਿਕਾਰ ਮਿਲੇ ਹਨ। ਵਿਸ਼ਵ ਦੇ 79.5 ਕਰੋੜ ਲੋਕ ਕੁਪੋਸ਼ਣ ਦੇ ਸ਼ਿਕਾਰ ਹਨ, ਨੌਂ ਵਿਅਕਤੀਆਂ ਵਿਚੋਂ ਇੱਕ ਕੁਪੋਸ਼ਣ ਦਾ ਸ਼ਿਕਾਰ ਹੈ। ਸੰਯੁਕਤ ਰਾਸਟਰ ਦੀ ਰਿਪੋਰਟ ਅਨੁਸਾਰ ਭਾਰਤ ਦੀ 17.5 ਫੀਸਦੀ ਜਨਸੰਖਿਆ ਲੋਕ ਭੁੱਖਮਰੀ ਦੇ ਸ਼ਿਕਾਰ ਹਨ। ਇੱਕ ਅੰਦਾਜ਼ੇ ਮੁਤਾਬਕ ਭਾਰਤ ਵਿਚ ਵਿਸ਼ਵ ਦੀ ਸਭ ਤੋਂ ਜ਼ਿਆਦਾ ਭੁੱਖਮਰੀ ਹੈ ਅਤੇ ਦੁਨੀਆ ਦੀ ਕੁੱਲ ਭੁੱਖਮਰੀ ਨਾਲ ਪੀੜਤ ਆਬਾਦੀ ਦਾ 25 ਫੀਸਦੀ ਭਾਗ ਭਾਰਤ ਵਿਚ ਨਿਵਾਸ ਕਰਦਾ ਹੈ। ਸਭ ਤੋਂ ਜ਼ਿਆਦਾ ਪ੍ਰਭਾਵਿਤ ਦੇਸ਼ਾਂ ਵਿਚ ਭਾਰਤ 19ਵੇਂ ਸਥਾਨ ਤੇ ਸੀ। ਵਿਸ਼ਵ ਬੈਂਕ ਅਨੁਸਾਰ ਦੁਨੀਆ ਦੇ 49 ਫੀਸਦੀ ਬੱਚੇ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਵਿਚੋਂ 34 ਫੀਸਦੀ ਬੱਚੇ ਭਾਰਤ ਵਿਚ ਹਨ। ਯੂਨੀਸੈੱਫ ਦੀ ਤਾਜ਼ਾ ਰਿਪੋਰਟ ਅਨੁਸਾਰ 42 ਫੀਸਦੀ ਬੱਚੇ ਭਾਰਤ ਵਿਚ ਕੁਪੋਸ਼ਣ ਦਾ ਸ਼ਿਕਾਰ ਹਨ ਜਿਨ੍ਹਾਂ ਦੀ ਉਮਰ ਪੰਜ ਸਾਲ ਤੋਂ ਘੱਟ ਹੈ।
ਹਰੀ ਕ੍ਰਾਂਤੀ ਦੀ ਆਮਦ ਨਾਲ ਸਾਡੇ ਮੁਲਕ ਵਿਚ ਅੰਨ ਦੇ ਉਤਪਾਦਨ ਵਿਚ ਰਿਕਾਰਡ ਤੋੜ ਵਾਧਾ ਹੋਇਆ ਹੈ। ਬੇਤਹਾਸ਼ਾ ਅੰਨ ਦੀ ਪੈਦਾਵਾਰ ਹੋਣ ਦੇ ਬਾਵਜੂਦ ਗਰੀਬੀ ਦੀ ਦਲਦਲ ਕਾਰਨ ਦੇਸ਼ ਦੇ ਕਈ ਕਰੋੜ ਦੇਸ਼ ਵਾਸੀਆਂ ਦੀ ਪਹੁੰਚ ਤੋਂ ਦੂਰ ਹੈ ਜਿਸ ਦੀ ਗਵਾਹੀ ਦੇਸ਼ ਅੰਦਰ ਭੁੱਖਮਰੀ ਦੀਆਂ ਵਾਪਰਦੀਆਂ ਘਟਨਾਵਾਂ ਭਰਦੀਆਂ ਹਨ। ਪਿਛਲੇ ਕਈ ਸਾਲਾਂ ਤੋਂ ਆਸਮਾਨ ਥੱਲੇ ਭੰਡਾਰ ਕੀਤਾ ਅਨਾਜ ਸੜ ਰਿਹਾ ਹੈ, ਜਾਂ ਇੰਜ ਕਹਿ ਲਉ ਕਿ ਅਨਾਜ ਭੰਡਾਰਨ ਲਈ ਜਗ੍ਹਾ ਦੀ ਕਮੀ ਹੈ। ਸੜਿਆ ਅਨਾਜ ਨਦੀਆਂ ਨਹਿਰਾਂ ਵਿਚ ਵਹਾਇਆ ਜਾ ਰਿਹਾ ਹੈ ਜਿਸ ਨੇ ਜਲ ਜੀਵ ਜਗਤ ਲਈ ਨਵੇਂ ਖਤਰੇ ਸਹੇੜੇ ਹਨ। ਇਸ ਪੂਰੇ ਘਟਨਾਕ੍ਰਮ ਦਾ ਨੋਟਿਸ ਲੈਦਿਆਂ ਸਰਵ ਉੱਚ ਅਦਾਲਤ ਨੇ ਸਰਕਾਰ ਤੋਂ ਪੁੱਛਿਆ ਸੀ ਕਿ ਸੜ ਰਿਹਾ ਅਨਾਜ ਸਸਤੀ ਦਰ ਤੇ ਗਰੀਬਾਂ ਨੂੰ ਕਿਉਂ ਨਹੀ ਵੰਡਿਆ ਜਾ ਰਿਹਾ ਹੈ?
ਗਰੀਬੀ, ਭੁੱਖਮਰੀ ਤੋਂ ਤੰਗ ਆ ਕੇ ਲੋਕ ਹਰ ਤਰ੍ਹਾਂ ਦਾ ਕੰਮ ਕਰਨ ਲਈ ਮਜਬੂਰ ਹੋ ਜਾਂਦੇ ਹਨ ਜੋ ਉਨ੍ਹਾਂ ਨੂੰ ਲੋਕਾਂ ਦਾ ਗੁਲਾਮ ਬਣਾਉਂਦਾ ਹੈ। ਗਲੋਬਲ ਸਲੇਵਰੀ ਇੰਡੈਕਸ 2016 ਅਨੁਸਾਰ ਵਿਸ਼ਵ ਵਿਚ 4 ਕਰੋੜ 50 ਲੱਖ ਗੁਲਾਮ ਹਨ। ਦੁਨੀਆ ਦੇ 167 ਦੇਸ਼ਾਂ ਵਿਚ ਭਾਰਤ ਨੂੰ ਸਭ ਤੋਂ ਵੱਧ ਗੁਲਾਮਾਂ ਵਾਲਾ ਦੇਸ਼ ਐਲਾਨਿਆ ਹੈ। ਭਾਰਤ ਵਿਚ 1.83 ਕਰੋੜ ਲੋਕ ਗੁਲਾਮ ਹਨ। ਇਹ ਦੇਸ਼ ਦੀ ਕੁੱਲ ਆਬਾਦੀ ਦਾ 1.4 ਫੀਸਦੀ ਹੈ। ਦਾਸ ਪ੍ਰਥਾ ਖਤਮ ਕਰਨ ਲਈ ਐਕਟ 1976 ਹੋਂਦ ਵਿਚ ਆਇਆ। ਧਾਰਮਿਕਤਾ ਹੋਣ ਦੇ ਬਾਵਜੂਦ ਗਰੀਬ ਲੋਕ ਭੁੱਖ, ਗਰਮੀ ਸਰਦੀ, ਇਲਾਜ ਤੋਂ ਬਿਨਾ ਮਰਨ ਲਈ ਮਜਬੂਰ ਹਨ। ਦੇਸ਼ ਅੰਦਰ ਇੱਕ ਪਾਸੇ ਲੋਕ ਜ਼ਿਆਦਾ ਖਾਣ ਕਰ ਕੇ ਮੋਟਾਪਾ ਅਤੇ ਇਸ ਤੋਂ ਪੈਦਾ ਹੁੰਦੀਆਂ ਬਿਮਾਰੀਆਂ ਤੋਂ ਪ੍ਰੇਸ਼ਾਨ ਹਨ, ਇਸ ਦੇ ਇਲਾਜ ਲਈ ਕਸਰਤ ਜਾਂ ਹੋਰ ਤਰੀਕੇ ਅਪਣਾਉਂਦੇ ਹਨ; ਦੂਜੇ ਪਾਸੇ ਗਰੀਬ ਲੋਕ ਹਨ ਜਿਨ੍ਹਾਂ ਨੂੰ ਖਾਣ ਨੂੰ ਪੂਰਾ ਖਾਣਾ ਵੀ ਨਹੀਂ ਮਿਲਦਾ।
ਇੱਥੋਂ ਦੇ ਲੋਕਾਂ ਦੀ ਗਰੀਬੀ ਦਾ ਮੁੱਖ ਕਾਰਨ ਅਨਪੜ੍ਹਤਾ , ਬੇਰੁਜ਼ਗਾਰੀ, ਸਹੀ ਨੀਤੀਆਂ ਦੀ ਕਮੀ, ਸਰਕਾਰਾਂ ਦੀ ਕਮਜ਼ੋਰ ਇੱਛਾ ਸ਼ਕਤੀ, ਭ੍ਰਿਸ਼ਟਾਚਾਰ ਆਦਿ ਹੈ। ਭ੍ਰਿਸ਼ਟਾਚਾਰ ਕਾਰਨ ਅਰਬਾਂ ਰੁਪਇਆ ਵਿਦੇਸ਼ੀ ਬੈਕਾਂ ਵਿਚ ਜਮ੍ਹਾਂ ਪਿਆ ਹੈ ਤੇ ਹੁਣ ਵੀ ਜਮ੍ਹਾਂ ਹੋ ਰਿਹਾ ਹੈ ਜੋ ਕਾਲਾ ਧਨ ਹੋਣ ਕਾਰਨ ਦੇਸ਼ ਦੇ ਲੋਕਾਂ ਦੀ ਜ਼ਿੰਦਗੀ ਦੇ ਅਹਿਮ ਦਿਨ ਕਾਲੇ ਕਰ ਰਿਹਾ ਹੈ।
ਗਰੀਬੀ ਦੇ ਅਰਥ ਗੁਲਾਮੀ ਹਨ ਤੇ ਗੁਲਾਮੀ ਦੇ ਅਰਥ ਨਰਕ ਹੋ ਨਿੱਬੜਦੇ ਹਨ। ਗਰੀਬ ਲੋਕਾਂ ਦਾ ਨਾ ਤਾਂ ਸਰੀਰਕ ਵਿਕਾਸ ਹੁੰਦਾ ਹੈ ਤੇ ਨਾ ਹੀ ਮਾਨਸਿਕ। ਉਹ ਸਾਰੀ ਉਮਰ ਰੋਟੀ ਲਈ ਖਪਦੇ ਮਰ ਜਾਂਦੇ ਹਨ। ਗਰੀਬੀ ਨੂੰ ਭਾਵੇਂ ਧਰਮਾਂ ਨੇ ਸਲਾਹਿਆ ਹੈ ਪਰ ਅਸਲ ਵਿਚ ਇਹ ਬੜੀ ਖੌਫਨਾਕ ਹੈ। ਜਿਸ ਤਰ੍ਹਾਂ ਫਿਲਮਾਂ ਵਿਚ ਜੰਗਲ ਦੀ ਰਾਤ ਬੜੀ ਰਮਣੀਕ ਦਿਸਦੀ ਹੈ, ਉਂਜ ਜੰਗਲ ਦੀ ਰਾਤ ਬੜੀ ਭਿਆਨਕ ਹੁੰਦੀ ਹੈ। ਸਾਡੇ ਮੁਕਾਬਲੇ ਪੱਛਮ ਦੇ ਲੋਕ ਜ਼ਿਆਦਾ ਧਾਰਮਿਕ ਨਹੀਂ ਹਨ ਪਰ ਉੱਥੇ ਖੁਸ਼ਹਾਲੀ ਸਾਡੇ ਨਾਲੋਂ ਜ਼ਿਆਦਾ ਹੈ। ਭਾਰਤ ਦੇ ਲੋਕ ਭਾਵੁਕਤਾ ਦੀ ਜਕੜ ਹੇਠ ਹਨ। ਧਰਮਾਂ ਨੇ ਪੈਸੇ ਨੂੰ ਰੁਹਾਨੀਅਤ ਦੇ ਰਾਹ ਦਾ ਰੋੜਾ ਦੱਸਿਆ ਹੈ। ਉਂਜ, ਹੈਰਾਨੀ ਦੀ ਗੱਲ ਹੈ ਕਿ ਇਸ ਗਰੀਬ ਦੇਸ਼ ਦੇ ਲੋਕਾਂ ਦੇ ਦੇਵਤੇ, ਸੰਤ ਮਹਾਂਪੁਰਸ਼ ਬੜੇ ਅਮੀਰ ਹਨ। ਲੋਕਾਂ ਨੂੰ ਗਰੀਬੀ ਉੱਤਮ ਦੱਸਦੇ ਹੋਏ ਰੱਬ ਨੂੰ ਮਿਲਣ ਦੀ ਪਹਿਲੀ ਪੌੜੀ ਦੱਸਣ ਵਾਲੇ ਬਾਬਿਆਂ ਦੀ ਖੁਦ ਦੀ ਪ੍ਰਤੀ ਦਿਨ ਕਮਾਈ ਲੱਖਾਂ ਰੁਪਏ ਹੈ ਤੇ ਠਾਠ ਵਾਲਾ ਜੀਵਨ ਜਿਊਂਦੇ ਹਨ। ਇੱਕ ਅੰਦਾਜ਼ੇ ਮੁਤਾਬਕ ਜੇ ਧਾਰਮਿਕ ਸਥਾਨਾਂ ਦੇ ਸਰਮਾਏ ਨੂੰ ਹੀ ਲੋਕ ਭਲਾਈ ਹਿਤ ਵਰਤ ਲਿਆ ਜਾਵੇ ਤਾਂ ਲੋਕਾਂ ਦੇ ਬੁਰੇ ਦਿਨ ਆਰਾਮ ਨਾਲ ਖਤਮ ਹੋ ਸਕਦੇ ਹਨ।
ਸੰਪਰਕ: 94641-72783