DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ: ਤੇਰੀ ਚੁੱਪ

ਮਨਿੰਦਰ ਕੌਰ ਬਸੀ ਇੱਕ ਪਾਸੇ ਸੀ ਸ਼ੋਰ ਜਹਾਨ ਦਾ, ਪਰ ਸਾਨੂੰ ਤੇਰੀ ਚੁੱਪ ਮਿਲੀ। ਇਸ ਚੁੱਪ ਨੇ ਮਨ ਵਿਆਕੁਲ ਕੀਤਾ, ਕਿਧਰੇ ਨਾ ਕੋਈ ਠੋਰ ਮਿਲੀ। ਤੇਰੇ ਬੁੱਲ੍ਹਾਂ ਤੋਂ ਜੋ ਕਿਰੀਆਂ, ਮਿੱਠੇ ਲਫ਼ਜ਼ਾਂ ਵਾਲੀਆਂ ਕਲੀਆਂ, ਸਾਂਭ ਬੋਚ ਕੇ ’ਕੱਠੀਆਂ ਕਰੀਆਂ, ਮਹਿਕ...

  • fb
  • twitter
  • whatsapp
  • whatsapp
Advertisement

ਮਨਿੰਦਰ ਕੌਰ ਬਸੀ

ਇੱਕ ਪਾਸੇ ਸੀ ਸ਼ੋਰ ਜਹਾਨ ਦਾ,

Advertisement

ਪਰ ਸਾਨੂੰ ਤੇਰੀ ਚੁੱਪ ਮਿਲੀ।

Advertisement

ਇਸ ਚੁੱਪ ਨੇ ਮਨ ਵਿਆਕੁਲ ਕੀਤਾ,

ਕਿਧਰੇ ਨਾ ਕੋਈ ਠੋਰ ਮਿਲੀ।

ਤੇਰੇ ਬੁੱਲ੍ਹਾਂ ਤੋਂ ਜੋ ਕਿਰੀਆਂ,

ਮਿੱਠੇ ਲਫ਼ਜ਼ਾਂ ਵਾਲੀਆਂ ਕਲੀਆਂ,

ਸਾਂਭ ਬੋਚ ਕੇ ’ਕੱਠੀਆਂ ਕਰੀਆਂ,

ਮਹਿਕ ਮੁਹੱਬਤ ਲੋਰ ਮਿਲੀ।

ਇੱਕ ਮਿਲੀ ਤੇਰੀ ਬੇਰੁਖ਼ੀ ਵੀ,

ਇੱਕ ਮਿਲੀ ਤੇਰੀ ਬੇਪਰਵਾਹੀ,

ਸੋਚੀ ਸੀ ਕੋਈ ਹੋਰ ਕਹਾਣੀ,

ਪਰ ਕਿਸਮਤ ਕੁਝ ਹੋਰ ਮਿਲੀ।

ਹੱਥਾਂ ਉੱਤੇ ਛੇਦੀਆਂ ਲੀਕਾਂ,

ਪੈਰਾਂ ਉੱਤੇ ਸਫ਼ਰ ਦੇ ਛਾਲੇ,

ਨੈਣਾਂ ਦੇ ਵਿੱਚ ਪੀੜ ਹਿਜਰ ਦੀ,

ਨਦੀਏ ਸਾਗਰ ਜ਼ੋਰ ਮਿਲੀ।

ਨਿਹੋਂਦ ਦੀ ਹੋਂਦ ਵੀ ਕੀ ਸੀ,

ਮੋਮ ਸੀ ਜਾਂ ਉਹ ਪੱਥਰ ਹੀ ਸੀ,

ਵਿੱਚ ਹਨੇਰੇ ਗੁੰਮ ਜਾਣਾ ਸੀ,

ਲੱਪ ਕੁ ਚਾਨਣ ਭੋਰ ਮਿਲੀ।

ਉਸ ਦਾ ਸਿਦਕ ਤੇ ਸੁੱਚੇ ਹਾਸੇ,

ਇਸ਼ਕ ਅਕੀਦਤ ਸੀ ਹਰ ਪਾਸੇ,

ਵਿੱਛੜ ਕੇ ਮੁੜ ਨਾ ਮਿਲੇ ਦੁਬਾਰਾ,

ਜਿੰਦੇ ਜੀਅ ਵਿੱਚ ਗੋਰ ਮਿਲੀ।

ਸੰਪਰਕ: 98784-38722

* * *

ਮਾਂ ਤੇ ਨਦੀ

ਹਰੀ ਕ੍ਰਿਸ਼ਨ ਮਾਇਰ

ਦੁਨੀਆ ਵਿੱਚ

ਕਿੰਨੇ ਹੀ ਮੁਲਕ ਹੋਣਗੇ

ਜੋ ਨਦੀ ਨੂੰ ਮਾਂ ਨ੍ਹੀਂ ਆਖਦੇ

ਉਨ੍ਹਾਂ ਦੀਆਂ

ਨਦੀਆਂ ਸਾਫ਼-ਸਫ਼ਾਫ਼

ਪਾਣੀ ਨਾਲ ਉੱਛਲਦੀਆਂ ਨੇ

ਅਸੀਂ ਜੋ ਨਦੀ ਨੂੰ

ਮਾਂ ਕਹਿੰਦੇ ਹਾਂ

ਰੂਹ ਤੀਕ ਤੁੰਨ ਦਿੰਦੇ

ਕੂੜੇ ਨਾਲ ਉਸ ਨੂੰ

ਮਾਂ ਜੋ ਬਾਲਾਂ ਦਾ

ਮਲ ਮੂਤਰ ਸਮੇਟਦੀ

ਚੀਸ ਨਹੀਂ ਵੱਟਦੀ

ਤੁਸੀਂ ਨਦੀ ਨੂੰ

ਮਾਂ ਕਹਿੰਦੇ ਹੋ

ਤੁਹਾਡੇ ਕੂੜੇ ਨੂੰ ਉਹ

ਆਂਦਰਾਂ ਤੀਕ

ਸਮੇਟੀ ਰੱਖਦੀ ਹੈ

ਪਰ ਚੀਸ ਨਹੀਂ ਵੱਟਦੀ

ਚੇਤੇ ਰੱਖਿਓ

ਮੌਕਾਪ੍ਰਸਤੋ!

ਮੁੱਕ ਜਾਣ ’ਤੇ

ਨਾ ਮਾਂ ਲੱਭਦੀ ਹੈ

ਨਾ ਨਦੀ

ਸੰਪਰਕ: 97806-67686

* * *

ਸੁਪਨਾ ਤੇ ਯਥਾਰਥ

ਰਾਵਿੰਦਰ ਫਫ਼ੜੇ

ਮਾੜੇ ਨਾਲੋਂ, ਚੰਗਾ ਜ਼ਿਆਦਾ ਹੋਇਆ

ਕਿ ਆਪਾਂ ਜੁਦਾ ਹੋ ਗਏ

ਉਮਰਾਂ ਦੇ ਉਸ ਪੜਾਅ ’ਤੇ

ਜਦੋਂ ਦਿਲ ਹਾਵੀ ਹੁੰਦੈ

ਦਿਮਾਗ਼ ’ਤੇ

ਸ਼ੇਖੀਆਂ ਦੇ ਵਹਿਣ

ਖ਼ਰੇ ਨਹੀਂ ਉਤਰਦੇ

ਤਰਕ ਦੀਆਂ ਕਸਵੱਟੀਆਂ ’ਤੇ

ਮੈਂ ਵਾਅਦਾ ਕੀਤਾ ਸੀ

ਅੰਬਰੋਂ ਤਾਰੇ ਤੋੜ ਲਿਆਉਣ ਦਾ

ਕਸਮ ਖਾਧੀ ਸੀ

ਪਲਕਾਂ ਹੇਠ ਤਾਉਮਰ ਬਿਤਾਉਣ ਦੀ

ਇਹ ਸੁਪਨੇ ਸਨ

ਸੱਚ ਇਹ ਹੈ

ਅੰਬਰੋਂ ਤਾਰੇ ਤੋੜਨਾ

ਕਿਸੇ ਪ੍ਰਾਣੀ ਦੇ ਵੱਸ ਨਹੀਂ

ਤੇ ਪਲਕਾਂ ਹੇਠ ਜ਼ਿੰਦਗੀ ਗੁਜ਼ਾਰਨੀ

ਮੇਰੇ ਜਹੇ ਗੁਰਬਤ ਮਾਰੇ ਦੇ ਹੱਥ ਨਹੀਂ

ਕਿਉਂਕਿ

ਪਿਆਰ ਦੀ ਭੁੱਖ

ਸੁਪਨਾ ਹੁੰਦੀ ਹੈ ...ਤੇ

ਪੇਟ ਦੀ ਭੁੱਖ

ਯਥਾਰਥ।

ਸੰਪਰਕ: 98156-80980

* * *

ਮਨੁੱਖ ਅਤੇ ਕੁਦਰਤ

ਰਘੁਵੀਰ ਸਿੰਘ ਕਲੋਆ

ਪੜ੍ਹਦਾ ਹਾਂ

ਸੁਣਦਾ ਹਾਂ

ਵੇਖਦਾ ਵੀ ਹਾਂ

ਜਦੋਂ ਕੋਈ ਅਣਹੋਣੀ ਵਾਪਰਦੀ।

ਤਾਂ ਬਣ ਬੁੱਧੀਜੀਵੀ

ਅਹਿਦ ਵੀ ਕਰਦਾ ਹਾਂ

ਪਰ ਲਾਲਚੀ ਵਪਾਰੀ ਮਨ

ਛੇਤੀ ਹੀ ਸਭ ਵਿਸਾਰ ਦਿੰਦਾ।

ਤੇ ਮੁੜ

ਜੰਗਲਾਂ ਨੂੰ ਗਾਹ ਕੇ

ਪਰਬਤਾਂ ਨੂੰ ਢਾਹ ਕੇ

ਨਦੀਆਂ ਨੂੰ ਅਟਕਾਅ ਕੇ

ਨਿੱਤ ਨਵਾਂ ਢਾਂਚਾ ਉਸਾਰ ਲੈਂਦਾ।

ਪਾਲਣ ਨੂੰ ਆਪਣਾ ਲਾਣਾ

ਬਣਦਾ ਹਾਂ ਬੜਾ ਸਿਆਣਾ

ਛੇੜਾ ਖ਼ੁਦ ਛੇੜ ਛੇੜ ਕੇ

ਆਖਾਂ ਕੁਦਰਤ ਦਾ ਭਾਣਾ।

ਐਪਰ ਇਹ ਚੁਸਤ-ਚਲਾਕੀਆਂ

ਕਿੰਨਾ ਕੁ ਚਿਰ ਚੱਲਣਾ?

ਭੱਜ ਲੈ ਬੰਦਿਆ

ਹੁਣ ਜਿੰਨਾ ਤੂੰ ਭੱਜਣਾ

ਬੇਅੰਤ ਅਥਾਹ ਕੁਦਰਤ ਨੂੰ

ਆਖ਼ਰ ਕਿਸ ਨੇ ਠੱਲ੍ਹਣਾ।

ਜੋ ਦਿਸਦਾ ਚੁਫ਼ੇਰੇ

ਨਿਰੇ ਮਹਿਲ ਨਹੀਂ ਤੇਰੇ

ਇਹ ਕੁਦਰਤ ਦਾ ਦਿੱਤਾ

ਤੇ ਅੰਤ ਕੁਦਰਤ ਨੇ ਹੀ ਮੱਲਣਾ।

ਸੰਪਰਕ: 98550-24495

* * *

27 ਵਾਲੀ ਚੋਣ

ਡਾ. ਸਾਧੂ ਰਾਮ ਲੰਗੇਆਣਾ

27 ਵਾਲੀ ਚੋਣ ਸਤਾਈ ਜਾਂਦੀ

ਅੰਦਰੋਂ ਅੰਦਰੀਂ ਤੜਫ਼ਾਈ ਜਾਂਦੀ।

ਚਿੰਤਾ ਝੋਰੇ ਵੱਢ ਵੱਢ ਖਾਂਦੇ

ਜਿੰਦ ਡਾਹਢੀ ਘਬਰਾਈ ਜਾਂਦੀ।

ਨਵੀਂ ਲਈ ਅੰਗੜਾਈ ਜਾਂਦੀ

ਧੜਕਣ ਜ਼ੋਰ ਵਧਾਈ ਜਾਂਦੀ।

ਕੀ ਬਣੂੰਗਾ, ਕੀ ਹੈ ਬਣਨਾ

ਕਿਹੜਾ ਭੱਜੂਗਾ ਕੀਹਨੇ ਖੜ੍ਹਨਾ।

ਕਿੱਥੇ ਕਿੱਥੇ ਮਾਰਨੀ ਬਾਜ਼ੀ

ਕੀਹਨੂੰ ਕੀਹਨੂੰ ਮੋੜਨੀ ਭਾਜੀ।

ਕਿਵੇਂ ਕਿਸਮਤ ਅਜ਼ਮਾਈ ਜਾਂਦੀ

27 ਵਾਲੀ ਚੋਣ ਸਤਾਈ ਜਾਂਦੀ।

ਕੀਹਦਾ ਕੀਹਦਾ ਮੁੱਲ ਹੈ ਪਾਉਣਾ

ਕੀਹਨੂੰ ਲੌਲੀਪੌਪ ਦਿਖਾਉਣਾ।

ਕਿਵੇਂ ਵਿਰੋਧੀ ਪਊ ਮਨਾਉਣਾ

ਕਿਹੜਾ ਕਿਹੜਾ ਗੁੱਠੇ ਲਾਉਣਾ।

ਕੀਹਦੇ ਨਾਲ ਪੈੱਗ ਟਕਰਾਉਣਾ

ਕੀਹਦਾ ਚੁੱਲ੍ਹਾ ਠੰਢਾ ਕਰਵਾਉਣਾ।

ਉਹਦੇ ਪਾਉਣਾ ਅੱਖੀਂ ਘੱਟਾ

ਉਹਦੇ ਰੱਖਣਾ ਪੈਰੀਂ ਦੁਪੱਟਾ।

ਕਿੱਥੇ ਲਾਰਾ ਕਿੱਥੇ ਪੁਆੜਾ

ਕਿੱਥੇ ਅਸਲੀ ਕਿੱਥੇ ਇਸ਼ਾਰਾ।

ਸਕੀਮ ਤੇ ਸਕੀਮ ਚੜ੍ਹਾਈ ਜਾਂਦੀ

27 ਵਾਲੀ ਚੋਣ ਸਤਾਈ ਜਾਂਦੀ।

ਕੀਹਨੂੰ ਛੁਡਾਉਣਾ ਕੀਹਨੂੰ ਫਸਾਉਣਾ

ਕੀਹਨੂੰ ਚਮਕਾਉਣਾ ਕੀਹਨੂੰ ਧਮਕਾਉਣਾ।

ਸੋਮਰਸ ਤੇ ਖੀਰੇ ਟਮਾਟਰ

ਭੁਜੀਆ ਪਕੌੜੀ ਲਟਰਮ ਪਟਰਮ।

ਭੰਗ, ’ਫ਼ੀਮ ਤੇ ਡੋਡਿਆਂ ਵਾਲੇ

ਕਿਹੜੇ ਕਿਹੜੇ ਵਿਕਣੇ ਵਾਲੇ।

ਗਧਿਆਂ ਨੂੰ ਵੀ ਬਾਪੂ ਕਹਿਣਾ

ਲਾਲਚੀਆਂ ਨੂੰ ਚੋਗਾ ਪਾਉਣਾ।

ਹਰ ਵਰਗ ਦੇ ਦਰ ’ਤੇ ਜਾਣਾ

ਰਲਮਿਲ ਬੈਠ ਕੇ ਭੋਜਨ ਖਾਣਾ।

ਪੋਟਿਆਂ ’ਤੇ ਗਿਣਤੀ ਗਿਣਾਈ ਜਾਂਦੀ

27 ਵਾਲੀ ਚੋਣ ਸਤਾਈ ਜਾਂਦੀ।

ਸੰਪਰਕ: 98781-17285

* * *

ਗ਼ਜ਼ਲ

ਗੁਰਵਿੰਦਰ ਸਿੰਘ ਗੋਸਲ

ਸੁੱਖੀ ਸਾਂਦੀ ਫਿਰਦੇ ਲੋਕ ਉਦਾਸੇ ਨੇ,

ਸਾਡੇ ਮੁੱਖ ’ਤੇ ਪਰ ਦੁੱਖ ਵਿੱਚ ਵੀ ਹਾਸੇ ਨੇ।

ਜਿਹੜੇ ਆਲਸ ਦੇ ਵਿੱਚ ਵਕਤ ਗੁਆ ਬੈਠਣ,

ਰਹਿੰਦੇ ਜੀਵਨ ਭਰ ਉਹ ਲੋਕ ਨਿਰਾਸ਼ੇ ਨੇ।

ਕੰਨਾਂ ਵਿੱਚ ਮਿਠਾਸ ਘੁਲੇ ਜਦ ਬੋਲੇ ਉਹ,

ਮੈਨੂੰ ਲੱਗਦੇ ਉਸ ਦੇ ਬੋਲ ਪਤਾਸੇ ਨੇ।

ਅਪਣਾ ਅਪਣਾ ਆਖਣ ਵਾਲ਼ੇ ਵੇਖੇ ਮੈਂ,

ਭੀੜ ਪਈ ਤੋਂ ਕਰ ਲੈਂਦੇ ਮੁੱਖ ਪਾਸੇ ਨੇ।

ਸੱਜਣਾ! ਮੁੱਖ ਵਿਖਾ ਜਾ ਨਾ ਤੜਫ਼ਾ ਸਾਨੂੰ,

ਤੇਰੀ ਦੀਦ ਲਈ ਹੁਣ ਨੈਣ ਪਿਆਸੇ ਨੇ।

ਲਾਲਚ ਵਿੱਚ ਜ਼ਮੀਰ ਕਦੇ ਵੀ ਵੇਚੀ ਨ੍ਹੀਂ,

ਭਾਵੇਂ ਕੁੱਲੀਆਂ ਦੇ ਵਿੱਚ ਸਾਡੇ ਵਾਸੇ ਨੇ।

‘ਗੋਸਲ’ ਬਿਨ ਮਿਹਨਤ ਤੋਂ ਕੁਝ ਨਾ ਮਿਲਦਾ ਹੈ,

ਮਿਹਨਤ ਨਾਲ ਹੀ ਭਰਦੇ ਖਾਲੀ ਕਾਸੇ ਨੇ।

ਸੰਪਰਕ: 97796-96042

* * *

ਚੇਲੇ ਘਟਣ ਲੱਗੇ ਨੇ

ਕੇਵਲ ਸਿੰਘ ਰੱਤੜਾ

ਬਾਬੇ ਮੰਤਰ ਰਟਣ ਲੱਗੇ ਨੇ

ਲਗਦੈ ਚੇਲੇ ਘਟਣ ਲੱਗੇ ਨੇ।

ਗਿਣਤੀ ਕੀਤੀ ਮਾਇਆ ਘਟਗੀ

ਲੋਕੀਂ ਮੁਫ਼ਤ ਦਾ ਛਕਣ ਲੱਗੇ ਨੇ।

ਅੰਦਰ ਦੰਗੇ, ਹੱਦ ’ਤੇ ਜੰਗਾਂ,

ਖ਼ਬਰਾਂ ਅੰਦਰ ਛਪਣ ਲੱਗੇ ਨੇ।

ਵੱਧ ਨਿਆਣੇ ਪੈਦਾ ਕਰ ਲਓ,

ਧਰਮ-ਗੁਰੂ ਦੱਸਣ ਲੱਗੇ ਨੇ।

ਜੈੱਨ-ਜ਼ੀ ਆਖ਼ਰ ਔਖੇ ਹੋ ਕੇ,

ਕੁਰਸੀ ਵੱਲ ਨੂੰ ਤੱਕਣ ਲੱਗੇ ਨੇ।

ਬੁੱਧੀਜੀਵੀ ਚੁੱਪ ਨੇ ਜਾਂ ਫਿਰ

ਸੱਚ ਤੋਂ ਪਾਸਾ ਵੱਟਣ ਲੱਗੇ ਨੇ।

ਅੱਗ ਨਾਲ ਖੇਡਣ ਵਾਲਿਆਂ ਦੇ ਹੁਣ

ਆਪਣੇ ਘਰ ਵੀ ਸੜਨ ਲੱਗੇ ਨੇ।

ਨੇਤਾ ਵੋਟਾਂ ਵਿੱਚ ਉੱਲਝਾ ਕੇ

‘ਰੱਤੜਾ’ ਲਾਹਾ ਖੱਟਣ ਲੱਗੇ ਨੇ।

ਸੰਪਰਕ: 82828-30599

* * *

ਧੀ ਕਿਸਮਤ ਦਾ ਏ ਨਾਂ

ਮਨਜੀਤ ਸ਼ਰਮਾ

ਧੀ ਕਿਸਮਤ ਦਾ ਨਾਮ ਏ ਦੂਜਾ,

ਇਹ ਵੇਹੜੇ ਦਾ ਸ਼ਿੰਗਾਰ ਹੁੰਦੀ ਏ।

ਧੀ ਜਿਹਾ ਨਾ ਕੋਈ ਅਣਮੁੱਲਾ ਗਹਿਣਾ,

ਇਹ ਦੁਆਵਾਂ ਦਾ ਕੀਮਤੀ ਹਾਰ ਹੁੰਦੀ ਏ।

ਧੀ ਹੁੰਦੀ ਡੋਰ ਮਾਂ ਦੇ ਜਜ਼ਬਾਤਾਂ ਦੀ,

ਇਹ ਪਿਓ ਦੇ ਸਿਰ ਦਾ ਤਾਜ ਹੁੰਦੀ ਏ।

ਧੀ ਨਾਲ ਸਦਾ ਭਰੇ ਰਹਿੰਦੇ ਖੁਸ਼ੀਆਂ-ਖੇੜੇ,

ਇਹ ਸੁੱਖਾਂ ਦੇ ਘਰ ਦਾ ਆਗਾਜ਼ ਹੁੰਦੀ ਏ।

ਧੀ ਦੇ ਹਾਸੇ ਜਿਵੇਂ ਹੋਣ ਰੌਣਕ ਬਹਾਰਾਂ,

ਇਹ ਰੱਬ ਦੀ ਲਿਖੀ ਕਿਤਾਬ ਹੁੰਦੀ ਏ।

ਧੀ ਦੇ ਬੋਲ ਜਿਉਂ ਹੋਣ ਰੂਹਾਨੀ ਸੁਰਾਂ,

ਇਹ ਨਾਨਕ ਦੀ ਬਾਣੀ ਦਾ ਰਬਾਬ ਹੁੰਦੀ ਏ।

* * *

ਕੰਡਿਆਲੀ ਤਾਰ

ਯਾਦਵਿੰਦਰ ਸਿੰਘ ਕਲੌਲੀ

ਮੈਂ ਕੰਡਿਆਲੀ ਤਾਰ ਵੇ,

ਮੈਨੂੰ ਮੜਿ੍ਹਆ ਉਸ ਦੀਵਾਰ।

ਜਿਹਨੇ ਵੰਡਿਆ ਸਾਡੇ ਪਾਣੀਆਂ,

ਜੋ ਰਹਿ ਗਏ ਨੇ ਉਸ ਪਾਰ।

ਜਿਹਦੀ ਹਿੰਦ ਰੰਗੀ ਰੱਤ ਨਾਲ,

ਪਾਕ ਦਾ ਪਾਣੀ ਵੀ ਲਾਲ।

ਮੇਰੇ ਸੀਨੇ ਭਾਂਬੜ ਮੱਚਦੇ,

ਮੇਰੀ ਕੋਈ ਨਾ ਸੁਣੇ ਪੁਕਾਰ।

ਕਈਆਂ ਨੇ ਸੇਕੀਆਂ ਰੋਟੀਆਂ,

ਤੇ ਕਈਆਂ ਨੇ ਕੀਤੇ ਸ਼ਿੰਗਾਰ।

ਕਈਆਂ ਬਾਲੀਆਂ ਮੋਬੱਤੀਆਂ,

ਕਈਆਂ ਦੇ ਚੁੱਲ੍ਹੇ ਉਸ ਪਾਰ।

ਕਈਆਂ ਨੇ ਕਲਮਾਂ ਚੁੱਕੀਆਂ,

ਕਈਆਂ ਦੀ ਸਿਆਹੀ ਲਾਲ।

ਕਈ ਅੱਜ ਵੀ ਰਾਹਵਾਂ ਤੱਕਦੇ,

ਕਰ ਗਲਵੱਕੜੀ ਤਿਆਰ।

ਸੰਪਰਕ: 81684-33853

* * *

Advertisement
×