ਕਾਵਿ ਕਿਆਰੀ: ਜੰਗ ਜਦੋਂ ਕਿਤੇ ਵੀ ਲੱਗਦੀ ਏ
ਜਗਦੀਸ਼ ਬਹਾਦਰਪੁਰੀ ਜੰਗ ਜਦੋਂ ਕਿਤੇ ਵੀ ਲੱਗਦੀ ਏ, ਧਰਤੀ ਦਾ ਸੀਨਾ ਸੱਲਦੀ ਏ। ਮਾਨਵਤਾ ਥਰ ਥਰ ਕੰਬਦੀ ਏ, ਇਹ ਅਗਨ ਜਦੋਂ ਬਣ ਬਲਦੀ ਏ। ਜੰਗ ਜਦੋਂ ਕਿਤੇ ਵੀ ਲੱਗਦੀ ਏ... ਇਹ ਸੁੱਖ, ਸ਼ਾਂਤੀ ਖੋਹ ਲੈਂਦੀ, ਕੋਈ ਬਲਾ ਜਿਉਂ ਵਰ੍ਹ ਪੈਂਦੀ।...
ਜਗਦੀਸ਼ ਬਹਾਦਰਪੁਰੀ
ਜੰਗ ਜਦੋਂ ਕਿਤੇ ਵੀ ਲੱਗਦੀ ਏ,
ਧਰਤੀ ਦਾ ਸੀਨਾ ਸੱਲਦੀ ਏ।
ਮਾਨਵਤਾ ਥਰ ਥਰ ਕੰਬਦੀ ਏ,
ਇਹ ਅਗਨ ਜਦੋਂ ਬਣ ਬਲਦੀ ਏ।
ਜੰਗ ਜਦੋਂ ਕਿਤੇ ਵੀ ਲੱਗਦੀ ਏ...
ਇਹ ਸੁੱਖ, ਸ਼ਾਂਤੀ ਖੋਹ ਲੈਂਦੀ,
ਕੋਈ ਬਲਾ ਜਿਉਂ ਵਰ੍ਹ ਪੈਂਦੀ।
ਇਹ ਵੱਸਦੇ ਸ਼ਹਿਰ ਉਜਾੜ ਦਿੰਦੀ
ਇਹ ਡੈਣ ਜਿਊਂਦੇ ਜੀਅ ਮਾਰ ਦਿੰਦੀ।
ਇਹ ਦੂਰ ਵਤਨ ਦੀਆਂ ਹੱਦਾਂ ਤੋਂ
ਘਰੀਂ ਸ਼ੋਕ ਸੁਨੇਹੇ ਘੱਲਦੀ ਏ।
ਜੰਗ ਜਦੋਂ ਕਿਤੇ ਵੀ ਲੱਗਦੀ ਏ...
ਇਹ ਗਰਜ ਤੋਪਾਂ, ਬੰਬਾਂ ਦੀ,
ਬੰਦੂਕਾਂ ਅਤੇ ਜਹਾਜ਼ਾਂ ਦੀ।
ਇਹ ਗੰਧ ਬਾਰੂਦ ਤੇ ਲਾਸ਼ਾਂ ਦੀ,
ਦੁਰਗੰਧ ਸੜੇ ਜੰਗਬਾਜ਼ਾਂ ਦੀ।
ਇਹ ਅਜਗਰ-ਕੁੰਡਲੀ ਹਵਸਾਂ ਦੀ
ਸਭ ਦੇਸ਼-ਦੇਸ਼ਾਂਤਰ ਵਲਦੀ ਏ।
ਜੰਗ ਜਦੋਂ ਕਿਤੇ ਵੀ ਲੱਗਦੀ ਏ...
ਬਾਲਾਂ ਤੋਂ ਬਾਪ ਦੀ ਛਾਂ ਖੋਂਹਦੀ,
ਹਰ ਥਾਂ ਕਹਿਰ ਖਿਲਾਰ ਦਿੰਦੀ।
ਮਾਪਿਆਂ ਤੋਂ ਖੋਂਹਦੀ ਪੁੱਤਰਾਂ ਨੂੰ,
ਨਾਰਾਂ ਦੇ ਸੰਧੂਰ ਉਜਾੜ ਦਿੰਦੀ।
ਰੂਹਾਂ ’ਚ ਵਸਾਉਂਦੀ ਬੇਵੱਸੀਆਂ,
ਹਰ ਕੋਨਾ ਘਰਾਂ ਦਾ ਮੱਲਦੀ ਏ।
ਜੰਗ ਜਦੋਂ ਕਿਤੇ ਵੀ ਲੱਗਦੀ ਏ...
ਇਸ ਜੰਗ ਦੀ ਤਪਦੀ ਭੱਠੀ ਵਿੱਚ,
ਸਭ ਕੁਝ ਹੀ ਸੜ ਕੇ ਸੁਆਹ ਹੁੰਦਾ।
ਯਮਰਾਜ ਕੋਈ ਪਰ ਘਰ ਆਪਣੇ
ਸਭ ਦੇਖ ਕੇ ਖ਼ੁਸ਼ ਬੜਾ ਹੁੰਦਾ।
ਇਹ ਰਾਖ ਯਾਰੋ ਸ਼ਮਸ਼ਾਨਾਂ ਦੀ,
ਕਈਆਂ ਨੂੰ ਬੜਾ ਹੀ ਫਲਦੀ ਏ।
ਜੰਗ ਜਦੋਂ ਕਿਤੇ ਵੀ ਲੱਗਦੀ ਏ...
‘ਜਗਦੀਸ਼’ ਸਿਆਸਤਦਾਨਾਂ ਨੇ,
ਠੱਗ, ਚੋਰਾਂ ਅਤੇ ਸ਼ੈਤਾਨਾਂ ਨੇ।
ਸਭ ਕੁਝ ਨਰਕ ਬਣਾ ਧਰਿਆ,
ਇਹ ਆਦਮਖੋਰ ਹੈਵਾਨਾਂ ਨੇ।
ਇਹ ਕੌਮ ਸਿਆਸਤਦਾਨਾਂ ਦੀ,
ਸਾਡੇ ਹੀ ਖ਼ੂਨ ’ਤੇ ਪਲਦੀ ਏ।
ਜੰਗ ਜਦੋਂ ਕਿਤੇ ਵੀ ਲੱਗਦੀ ਏ...
ਸੰਪਰਕ: 94639-85934
* * *
ਗ਼ਜ਼ਲ
ਬਲਬੀਰ ਕੌਰ ਬੱਬੂ
ਨਾ ਮੰਜ਼ਿਲ ਨੂੰ ਖ਼ਬਰ ਕੋਈ ਸਫ਼ਰ ਕਿੱਦਾਂ ਮੁਕਾਇਆ ਹੈ,
ਪਿਆ ਝੋਲ਼ੀ ’ਚ ਕੀ ਕੀ ਹੈ ਤੇ ਹੱਥੋਂ ਕੀ ਗਵਾਇਆ ਹੈ।
ਲੁਟਾ ਦਿੱਤੀ ਜਮ੍ਹਾਂ ਪੂੰਜੀ ਜਿਨ੍ਹਾਂ ਦੀ ਹਰ ਖ਼ੁਸ਼ੀ ਖ਼ਾਤਰ,
ਤੇ ਅੱਜ ਉਹ ਬਾਲ ਪੁੱਛਦੇ ਨੇ ਅਸਾਂ ਲਈ ਕੀ ਬਚਾਇਆ ਹੈ।
ਕਈ ਵਾਰੀ ਗਿਰੇ ਅਰਸ਼ੋਂ ਤੇ ਗਿਰ ਕੇ ਫਿਰ ਸੰਭਲੇ ਸਾਂ,
ਕਿਤਾਬਾਂ ’ਚੋਂ ਨਾ ਉਹ ਮਿਲਿਆ ਸਮੇਂ ਨੇ ਜੋ ਸਿਖਾਇਆ ਹੈ।
ਸਬਕ ਸਿੱਖਦੇ ਨਾ ਫਿਰ ਸ਼ਾਇਦ ਅਗਰ ਸਭ ਬਾਵਫ਼ਾ ਹੁੰਦੇ,
ਦਿਲੋਂ ਧੰਨਵਾਦ ਉਨ੍ਹਾਂ ਦਾ ਜਿਨ੍ਹਾਂ ਧੋਖਾ ਕਮਾਇਆ ਹੈ।
ਰਹੀ ਕੋਸ਼ਿਸ਼ ਤੂਫ਼ਾਨਾਂ ਦੀ ਸਫ਼ੀਨਾ ਡੋਬ ਦੇਵਣ ਦੀ,
ਮਗਰ ਰਹਿਮਤ ਰਹੀ ਰੱਬ ਦੀ ਉਸੇ ਨੇ ਪਾਰ ਲਾਇਆ ਹੈ।
ਪਰਾਈ ਪੇਕਿਆਂ ਘਰ ਸੀ ਤੇ ਸਹੁਰੇ ਵੀ ਬਿਗਾਨੀ ਹਾਂ,
ਹੈ ਮੇਰਾ ਅਸਲ ਘਰ ਕਿਹੜਾ ਨਾ ਹੁਣ ਤੱਕ ਸਮਝ ਆਇਆ ਹੈ।
ਜੋ ਅੱਜ ਹੈ ਹੀਰਿਆਂ ਦੇ ਤੁੱਲ ਉਹ ਕੱਲ੍ਹ ਨੂੰ ਖ਼ਾਕ ਹੋ ਸਕਦੈ,
ਸਮੇਂ ਦੇ ਗਰਭ ਵਿੱਚ ਜਾਣੇ ਨਾ ਕੋਈ ਕੀ ਸਮਾਇਆ ਹੈ।
ਉਨ੍ਹਾਂ ਆਉਣਾ ਜਾਂ ਆਉਣਾ ਨਾ ਇਹ ਮਰਜ਼ੀ ਹੈ ਉਨ੍ਹਾਂ ਦੀ ਪਰ,
ਅਸਾਂ ਤਾਂ ਆਸ ਦਾ ਦੀਵਾ ਬਰੂਹਾਂ ’ਤੇ ਜਗਾਇਆ ਹੈ।
* * *
ਪੰਜ-ਆਬ ਦੀ ਰਾਣੀ
ਹਰਪ੍ਰੀਤ ਪੱਤੋ
ਮੇਰੀ ਮਾਂ ਪੰਜਾਬੀ ਬੋਲੀ,
ਪੰਜ-ਆਬ ਦੀ ਰਾਣੀ।
ਸ਼ਰਬਤ ਵਰਗੀ, ਮਾਖਿਓਂ ਮਿੱਠੀ,
ਇਸ ਦੀ ਅਜਬ ਕਹਾਣੀ।
ਗੁਰੂਆਂ ਪੀਰਾਂ ਮਾਣ ਬਖ਼ਸ਼ਿਆ,
ਉਚਾਰੀ ਵਿੱਚ ਗੁਰਬਾਣੀ।
ਵਾਰਸ, ਪੀਲੂ, ਸ਼ਾਹ ਹੁਸੈਨ ਜਿਹੇ,
ਬਣੇ ਸਮੇਂ ਦੇ ਹਾਣੀ।
ਸਾਰੀਆਂ ਰਾਣੀਆਂ ਬੋਲੀਆਂ ਦੀ ਹੈ,
ਇਹ ਬੋਲੀ ਪਟਰਾਣੀ।
ਸਭ ਨੂੰ ਸਮਝੇ ਇੱਕ ਬਰਾਬਰ,
ਊਚ-ਨੀਚ ਨਹੀਂ ਜਾਣੀ।
ਧਰਮਾਂ ਵਿੱਚ ਮਨੁੱਖਤਾ ਵੰਡਦੀ,
ਸਭ ਨੇ ਰਮਜ਼ ਪਛਾਣੀ।
ਨਹੀਂ ਭੁੱਲਦੀ ਮੈਨੂੰ ਲੱਖ ਭੁਲਾਵਾਂ,
ਮੌਜ ਬੁੱਕਲ ਦੀ ਮਾਣੀ।
ਚਸ਼ਮੇ ਫੁੱਟਦੇ, ਝਰਨੇ ਡਿੱਗਦੇ,
ਵਗਦੇ ਮਿੱਠੇ ਪਾਣੀ।
ਇੱਕ ਇੱਕ ਸ਼ਬਦ ਬੜਾ ਕੀਮਤੀ,
ਜਿਉਂ ਰਤਨਾਂ ਦੀ ਖਾਣੀ।
‘ਪੱਤੋ’ ਨੂੰ ਵਰ ਮਿਲਿਆ, ਨਹੀਂ ਤਾਂ
ਉਸ ਨੂੰ ਸਮਝ ਕੀ ਆਣੀ।
ਸੰਪਰਕ: 94658-21417
* * *
ਗ਼ਜ਼ਲ
ਅਮਨ ਦਾਤੇਵਾਸੀਆ
ਜੀਰੀ ਲਾਵੇ ਬਾਲੜੀ ਹੋ ਕੇ ਆਵਾਜ਼ਾਰ,
ਦੇਖੋ ਭੁੱਖ ਤੇ ਰਿਜਕ ਦਾ ਕੈਸਾ ਹੈ ਵਿਉਪਾਰ।
ਸਹੁਰੇ ਘਰ ਨੂੂੰ ਤੋਰਨੀ, ਛਿੰਦੋ ਆਉਂਦੇ ਚੇਤ,
ਮਾਪੇ ਆਖਣ ਜੋੜ ਲੈ, ਧੀਏ ਛਿੱਲੜ ਚਾਰ।
ਚੱਪਣੀ ਟੁੱਟ ਗਈ ਵੀਰ ਦੀ ਬੈਠਾ ਮੰਜਾ ਮੱਲ,
ਤੇਰੇ ਮੋਢੇ ਐਤਕੀਂ, ਪੈ ਗਿਆ ਸਾਰਾ ਭਾਰ।
ਘਰ ਦੀ ਚੈਂ-ਪੈਂ ਮਾਰਦੀ, ਮਾਰੇ ਘੋਰ-ਕਲੇਸ਼,
ਏਦੂੰ ਚੰਗਾ ਖੇਤ ਹੀ, ਸੱਚ ਆਖੇ ਕਰਤਾਰ।
ਮੰਨਤ ਖ਼ਵਾਜਾ ਪੀਰ ਦੀ, ਰਿੰਨ੍ਹਾਂ ਮਿੱਠੇ ਚੌਲ,
ਵਾਹਣ ਮਿਲਜੇ ਹੋਰ ਵੀ ਮੰਨੀਂ ਅਰਜ਼ ਗੁਹਾਰ।
ਛੇਤੀ-ਛੇਤੀ ਜਿੰਦੂਆ, ਘਰ ਦਾ ਕੰਮ ਨਿਬੇੜ,
ਅੱਜ ਵੀ ਹੋ ਗਏ ਲੇਟ ਤਾਂ ਝਿੜਕੂ ਠੇਕੇਦਾਰ।
ਦੋ ਏਕੜ ਦੀ ਓਟਣੀ, ਦੱਸੋ ਕਿਸਨੇ ਪਾਂਤ?
ਸ਼ਰਤਾਂ ਲਾ-ਲਾ ਪਾਂਤ ਨੂੂੰ, ਕਰਦੇ ਗੋਡੇ ਭਾਰ।
ਸਖੀਏ ਲਾਈਏ ਮਹਿਫ਼ਿਲਾਂ ਛੱਡ ਕੇ ਰੋਂਦੂ ਹਾਲ,
ਵਾਰੋ ਵਾਰੀ ਆਪਣਾ, ਛੱਡ ਜਾਣਾ ਘਰ ਬਾਰ।
ਕਾਰ ਕਮਾਓ ਸੱਚ ਦੀ, ਨਾਨਕ ਦੀ ਜੋ ਰੀਤ,
ਕਿਰਤੀ ਓੜ ਨਿਭਾਂਵਦੇ, ਬਣ ਕੇ ਪਹਿਰੇਦਾਰ।
ਨੀਵੀਂ ਪਾ ਕੇ ਚੱਲਣਾ ਜਾਂ ਉੱਚੀ ਕਰਕੇ ਧੌਣ,
ਇਹ ਗੱਲ ਤਾਂ ‘ਦਾਤੇਵਾਸੀਆ’ ਤੇਰੇ ਹੀ ਇਖਤਿਆਰ।
ਸੰਪਰਕ: 94636-09540
* * *
ਸੱਜਣਾ
ਐਡਵੋਕੇਟ ਗੁਰਤੇਜ ਸਿੰਘ ਖੁਡਾਲ
ਸੱਜਣਾ ਯਾਦ ਤੂੰ ਆਉਣਾ ਛੱਡ ਦੇ,
ਸਾਨੂੰ ਤੂੰ ਸਤਾਉਣਾ ਛੱਡ ਦੇ।
ਆਪਣਾ ਆਪਣਾ ਕਹਿਣਾ ਛੱਡ ਦੇ,
ਝੂਠੇ ਦੇਣੇ ਦਿਲਾਸੇ ਛੱਡ ਦੇ।
ਜੇਕਰ ਸਾਨੂੰ ਚਾਹੁੰਦਾ ਨਹੀਂ ਤੂੰ,
ਸਾਨੂੰ ਫਿਰ ਅਜ਼ਮਾਉਣਾ ਛੱਡ ਦੇ।
ਖ਼ੁਆਬਾਂ ਵਿੱਚ ਤੂੰ ਕਿਉਂ ਆਉਂਦਾ ਏਂ,
ਸਾਡੀ ਨੀਂਦ ਉਡਾਉਣਾ ਛੱਡ ਦੇ।
ਜੇਕਰ ਦਿਲੋਂ ਪਿਆਰ ਨਹੀਂ ਕਰਦਾ,
ਸਾਡੇ ਰਾਹਾਂ ਵਿੱਚ ਆਉਣਾ ਛੱਡ ਦੇ।
ਇਸ਼ਕ ਸਮੁੰਦਰ ਜੇ ਤਰ ਨਹੀਂ ਹੁੰਦਾ,
ਇਸ਼ਕ ਮੁਹੱਬਤ ਕਰਨਾ ਛੱਡ ਦੇ।
ਅਸੀਂ ਤਾਂ ਤੈਨੂੰ ਮੰਨ ਲਿਆ ਆਪਣਾ,
ਤੂੰ ਪਾਰ ਲੰਘਾ ਜਾਂ ਵਿਚਕਾਰ ਹੀ ਛੱਡ ਦੇ।
‘ਖੁਡਾਲ’ ਜੇ ਤੈਥੋਂ ਨਿਭ ਨਹੀਂ ਹੁੰਦਾ,
ਆਪਣਾ ਹੱਕ ਜਤਾਉਣਾ ਛੱਡ ਦੇ।
ਸੰਪਰਕ: 94641-29118
* * *
ਗ਼ਜ਼ਲ
ਬਲਜਿੰਦਰ ਸਿੰਘ ‘ਬਾਲੀ ਰੇਤਗੜ੍ਹ’
ਸਤਲੁਜ ਵੀ ਕੀ ਕੀ ਰਾਜ਼ ਛੁਪਾਈ ਬੈਠਾ ਹੈ,
ਲਾਸ਼ਾਂ ’ਤੇ ਰੋ ਰੋ ਨੈਣ ਸੁਜਾਈ ਬੈਠਾ ਹੈ।
ਜੋਬਨ ਰੁੱਤੇ ਕਰਕੇ ਕਤਲ ਵਹਾ ਦਿੱਤੇ ਜੋ,
ਏਹ ਕਿਉਂ ਜ਼ਾਲਮ ਦੇ ਰਾਜ਼ ਦਬਾਈ ਬੈਠਾ ਹੈ।
ਸੂਹਾ ਰੱਤ ਕਿਵੇਂ ਲੈ ਪਾਣੀ ਵਿੱਚ ਮੌਨ ਰਿਹਾ,
ਕਿਉਂ ਮਾਵਾਂ ਦੀ ਔਲਾਦ ਲੁਕਾਈ ਬੈਠਾ ਹੈ।
ਕੋਹ ਕੋਹ ਮਾਰੇ ਚੋਬਰ, ਦਰਿਆਵੀਂ ਰੋੜ੍ਹ ਗਏ,
ਨਾਮ ਜੱਲਾਦਾਂ ਦੇ ਇਹ, ਖੁਣਵਾਈ ਬੈਠਾ ਹੈ।
ਕਫ਼ਨ ਬਿਨਾਂ ਹੀ ਤੁਰ ਗਏ, ਜੋ ਸਾਈਂ ਧੀਆਂ ਦੇ,
ਪਿੰਜਰ ਹੀ ਦੇ ਦੇ, ਜੋ ਵਹਿਣ ਰੁੜ੍ਹਾਈ ਬੈਠਾ ਹੈ।
ਆਖ ਲਾਵਾਰਿਸ ਸਾੜ ਗਏ ਸਨ, ਕਿਉਂ ਆਪਣੇ ਹੀ,
ਖਾਕ ’ਤੇ ਕਿਉਂ ਖਾਕੀ, ਦਾਗ਼ ਲਵਾਈ ਬੈਠੀ ਹੈ।
ਕੌਣ ਜਵਾਬ ਦਵੇ, ਪੰਜਾਬੀਆਂ ਦੀ ਨਸਲਕੁਸ਼ੀ ਦਾ,
‘ਬਾਲੀ’ ਚੁੱਪ ਹਕੂਮਤ, ਘਬਰਾਈ ਬੈਠੀ ਹੈ।
ਬੋਲ ਜ਼ੁਬਾਨੋਂ ਦੇ ਦੇ ਇੱਕ ਗਵਾਹੀ ਸਤਲੁਜ,
ਕਿਉਂ ਬਖਤਾਵਰ ਦੀ ਬਣ ਭਰਜਾਈ ਬੈਠੀ ਹੈ।
ਪੰਜਾਬ ਕਰੇ ਮਾਣ ਜੋ, ‘ਬਾਲੀ’ ਦਰਿਆਵਾਂ ’ਤੇ,
ਜੀਅ ਸਾਡੇ ਹੀ ਏਹ ਆਫ਼ਤ ਖਾਈ ਬੈਠੀ ਹੈ।
ਸੰਪਰਕ: 94651-29168
* * *
ਪੇਕੇ ਜਾਣੇ ਨੂੰ ਜੀਅ ਨ੍ਹੀਂ ਕਰਦਾ
ਜਸਮੇਰ ਮੀਆਂਪੁਰੀ
ਸੁਖੀ ਵੱਸਣ ਮੇਰੇ ਭਾਈ-ਭਤੀਜੇ, ਭਤੀਜੀਆਂ ਤੇ ਭਰਜਾਈਆਂ
ਅਸੀਂ ਵੀ ਮਾਣੀਆਂ ਇਸ ਘਰ ਮੌਜਾਂ ਜਦ-ਕਦ ਹਿੱਸੇ ਆਈਆਂ
ਪਰ ਹੁਣ ਦਿਲ ਦਰਿਆ ਦੇ ਕੰਢੇ ਨਾਲ ਤਕਰਾਰਾਂ ਭੁਰ ਗਏ ਨੇ
ਹੁਣ ਪੇਕੇ ਜਾਣੇ ਨੂੰ ਜੀਅ ਨ੍ਹੀਂ ਕਰਦਾ ਜਦੋਂ ਦੇ ਮਾਂ-ਪਿਓ ਤੁਰ ਗਏ ਨੇ।
ਮੋਹ ਭੰਗੇ ਜੇ ਹੋਗੇ ਰਿਸ਼ਤੇ ਪਰਾਇਆਂ ਵਾਂਗ ਕਰਨ ਵਰਤਾਰੇ
ਨਾ ਮੰਗ ਲੈਣ ਕਿਧਰੇ ਕੁੱਝ ਭੈਣਾਂ ਲਗਦੈ ਤਾਹੀਂਓ ਕਰਨ ਕਿਨਾਰੇ
ਲੱਗਦੇ ਸੀ ਜੋ ਥੰਮ੍ਹਾਂ ਵਰਗੇ ਵਾਂਗੂੰ ਬਰਫ਼ ਦੇ ਖ਼ੁਰ ਗਏ ਨੇ
ਹੁਣ ਪੇਕੇ ਜਾਣੇ ਨੂੰ ਜੀਅ ਨ੍ਹੀਂਂ ਕਰਦਾ ਜਦੋਂ ਦੇ ਮਾਂ-ਪਿਓ ਤੁਰ ਗਏ ਨੇ।
‘ਮੀਆਂਪੁਰੀ’ ਜਸਮੇਰ ਭਰਾ ਹੁਣ ਮਿਲਣੋਂ ਵੀ ਕਤਰਾਉਂਦੇ ਨੇ
ਦੇ ਕੇ ਸੁਨੇਹੇ ਪੈਂਦੇ ਬੁਲਾਉਣੇ ਆਪ ਮਿਲਣ ਕਿੱਥੇ ਆਉਂਦੇ ਨੇ
ਸਾਡੇ ਲਾਡ ਮੁਹੱਬਤ ਸਭ ਝੋਰਿਆਂ ਵਿੱਚ ਝੁਰ ਗਏ ਨੇ
ਹੁਣ ਪੇਕੇ ਜਾਣੇ ਨੂੰ ਜੀਅ ਨ੍ਹੀਂ ਕਰਦਾ ਜਦੋਂ ਦੇ ਮਾਂ-ਪਿਓ ਤੁਰ ਗਏ ਨੇ।
ਸੰਪਰਕ: 99146-89888
* * *

