ਕਾਵਿ ਕਿਆਰੀ: ਸਾਨੂੰ ਦੇ ਰੁਜ਼ਗਾਰ...
ਨਿਰਮਲ ਸਿੰਘ ਰੱਤਾ ਕੰਨ ਪੱਕ ਗਏ ਨੇ ਸੁਣ ਸੁਣ ਲਾਰੇ ਅਸੀਂ ਵੀ ਜਾਏ ਪੰਜ ਆਬ ਦੇ ਸਾਨੂੰ ਦੇ ਰੁਜ਼ਗਾਰ ਸਰਕਾਰੇ। ਬੜੇ ਔਖੋ ਹੋ ਕੇ ਸਾਡੇ ਬਾਪੂ ਨੇ ਕਮਾਈ ਕੀਤੀ ਕੱਟ ਜਗਰਾਤੇ ਸਾਡੀ ਬੇਬੇ ਨੇ ਸਿਲਾਈ ਕੀਤੀ ਪੈਸਾ ਪੈਸਾ ਜੋੜ ਦਾਖਲੇ...
ਨਿਰਮਲ ਸਿੰਘ ਰੱਤਾ
ਕੰਨ ਪੱਕ ਗਏ ਨੇ ਸੁਣ ਸੁਣ ਲਾਰੇ
ਅਸੀਂ ਵੀ ਜਾਏ ਪੰਜ ਆਬ ਦੇ
ਸਾਨੂੰ ਦੇ ਰੁਜ਼ਗਾਰ ਸਰਕਾਰੇ।
ਬੜੇ ਔਖੋ ਹੋ ਕੇ ਸਾਡੇ ਬਾਪੂ ਨੇ ਕਮਾਈ ਕੀਤੀ
ਕੱਟ ਜਗਰਾਤੇ ਸਾਡੀ ਬੇਬੇ ਨੇ ਸਿਲਾਈ ਕੀਤੀ
ਪੈਸਾ ਪੈਸਾ ਜੋੜ ਦਾਖਲੇ ਸੀ ਤਾਰੇ
ਅਸੀਂ ਵੀ ਜਾਏ ਪੰਜ ਆਬ ਦੇ
ਸਾਨੂੰ ਦੇ ਰੁਜ਼ਗਾਰ ਸਰਕਾਰੇ।
ਦਿਲ ਦੀ ਤਮੰਨਾ ਕੁਝ ਕਰ ਦਿਖਾਈਏ
ਮਿਹਨਤਾਂ ਦੇ ਦਮ ’ਤੇ ਨਾਂ ਚਮਕਾਈਏ
ਮਰ ਮੁੱਕ ਚੱਲੇ ਸੁਪਨੇ ਵੀ ਸਾਰੇ
ਅਸੀਂ ਵੀ ਜਾਏ ਪੰਜ ਆਬ ਦੇ
ਸਾਨੂੰ ਦੇ ਰੁਜ਼ਗਾਰ ਸਰਕਾਰੇ।
ਸਿਰ ’ਤੇ ਡਿਗਰੀਆਂ ਦੀ ਪੰਡ ਚੁੱਕੀ ਫਿਰਦੇ ਹਾਂ
ਲੱਭਦੇ ਨੌਕਰੀ ਤੇ ਕੰਮ ਕਿੰਨੇ ਚਿਰ ਦੇ ਹਾਂ
ਹਰ ਥਾਂ ਜਾਈਏ ਪਰ ਜਾਈਏ ਦੁਤਕਾਰੇ
ਅਸੀਂ ਵੀ ਜਾਏ ਪੰਜ ਆਬ ਦੇ
ਸਾਨੂੰ ਦੇ ਰੁਜ਼ਗਾਰ ਸਰਕਾਰੇ।
ਆਖਦੀ ਹੈ ਨਿੱਤ ਬੇਬੇ ਪੁੱਤ ਘਬਰਾਈਂ ਨਾ
ਵੇਖੀਂ ਵੇ ਨਿਰਾਸ਼ ਹੋ ਕੇ ਪੁੱਠੇ ਪਾਸੇ ਜਾਈਂ ਨਾ
ਸੁੱਖਾਂ ਸੁੱਖਦੀ ਹੈ ਜਾ ਕੇ ਗੁਰਦੁਆਰੇ
ਅਸੀਂ ਵੀ ਜਾਏ ਪੰਜ ਆਬ ਦੇ
ਸਾਨੂੰ ਦੇ ਰੁਜ਼ਗਾਰ ਸਰਕਾਰੇ।
ਸੰਪਰਕ: 84270-07623
* * *
ਬਹਾਰਾਂ
ਗੁਰਮੀਤ ਸਿੰਘ ਚੀਮਾ
ਹੋਵਣ ਕਤਲ ਬਹਾਰਾਂ ਇੱਥੇ,
ਸੜਨ ਪਈਆਂ ਗੁਲਜ਼ਾਰਾਂ ਇੱਥੇ।
ਪੈਰ ਪੈਰ ’ਤੇ ਜ਼ਹਿਰਾਂ ਉੱਗਣ,
ਬਣ ਕੇ ਤਿੱਖੀਆਂ ਖ਼ਾਰਾਂ ਇੱਥੇ।
ਅੰਬਰੋਂ ਵਰ੍ਹਦੀ ਰਾਖ ਅਗਨ ਦੀ,
ਧਰਤੀ ਦਾ ਮੂੰਹ ਸ਼ਿਕਵਾ ਸ਼ਿਕਵਾ।
ਮਹਿਲ ਮਾੜੀਆਂ ਉੱਚੀਆਂ ਉੱਠਣ,
ਰੋਵਣ ਛੰਨਾਂ ਢਾਰਾਂ ਇੱਥੇ।
ਖ਼ੂਨ ’ਚ ਲਿੱਬੜੇ ਪੰਜੇ ਤੱਕੇ,
ਤੇ ਬਨਮਾਨਸ ਬੰਦੇ ਤੱਕੇ।
ਤਿਰਸ਼ੂਲਾਂ ਦੀ ਮੰਡੀ ਲਗਦੀ,
ਮੁਫ਼ਤ ਮਿਲਣ ਤਲਵਾਰਾਂ ਇੱਥੇ।
* * *
ਗ਼ਜ਼ਲ
ਗੁਰਵਿੰਦਰ ਸਿੰਘ ਗੋਸਲ
ਅਕਸਰ ਵੇਖਾਂ ਇੱਕ ਦੂਜੇ ਦੀ, ਰਹਿਣ ਬੁਰਾਈ ਕਰਦੇ ਲੋਕ,
ਜਦ ਇਨਸਾਨ ਤਰੱਕੀ ਕਰਦਾ, ਬਿਲਕੁਲ ਵੀ ਨਾ ਜਰਦੇ ਲੋਕ।
ਮਾੜੇ ਬੰਦੇ ਉੱਤੇ ਐਵੇਂ, ਹਰ ਬੰਦਾ ਹੀ ਝਾੜੇ ਰ੍ਹੋਬ,
ਪੈਸੇ ਵਾਲੇ ਬੰਦੇ ਦਾ ਹੀ, ਵੇਖੇ ਪਾਣੀ ਭਰਦੇ ਲੋਕ।
ਸਭ ਦੇ ਰੰਗ ਨੇ ਵੱਖੋ-ਵੱਖਰੇ, ਸਭ ਦੇ ਵੱਖੋ-ਵੱਖ ਸੁਭਾਅ,
ਇੱਕ ਦੂਜੇ ਦੇ ਢੱਕਦੇ ਘੱਟ ਨੇ, ਚੱਕਦੇ ਬਹੁਤੇ ਪੜਦੇ ਲੋਕ।
ਵੱਧ ਦਿਹਾੜੀ ਦੇਣ ਦੀ ਗੱਲ ਤਾਂ, ਰਹਿ ਗਈ ਲੱਖਾਂ ਕੋਹਾਂ ਦੂਰ,
ਮਜ਼ਦੂਰਾਂ ਦਾ ਹੱਕ ਖਾ ਜਾਂਦੇ, ਏਥੇ ਸਰਦੇ ਵਰਦੇ ਲੋਕ।
ਰੱਬ ਦੇ ਨਾਂਅ ’ਤੇ ਕਰ ਕੇ ‘ਕੱਠਾ, ਭੋਲੇ ਲੋਕਾਂ ਕੋਲੋਂ ਦਾਨ,
ਚੁੱਪ-ਚੁਪੀਤੇ ਛਕ ਜਾਂਦੇ ਹਨ, ਰੱਬ ਤੋਂ ਵੀ ਨ੍ਹੀਂ ਡਰਦੇ ਲੋਕ।
ਦੇਸ਼ ਮੇਰੇ ਦੀ ਧਰਤੀ ਦਾ ਅੱਜ, ਕਿੰਨਾ ਬਦਤਰ ਹੋਇਆ ਹਾਲ,
ਆਪਣੀ ਮੌਤੇ ਘੱਟ ਤੇ ਜ਼ਿਆਦਾ, ਨਸ਼ਿਆਂ ਕਾਰਨ ਮਰਦੇ ਲੋਕ।
‘ਗੋਸਲ’ ਆਖਰ ਪਛਤਾਵੇ ਬਿਨ, ਕੁਝ ਨਈਂ ਬਚਣਾ ਉਹਨਾਂ ਕੋਲ,
ਜਿਹੜੇ ਅਪਣੇ ਹੱਕਾਂ ਖਾਤਰ, ਮੂੰਹ ਨਾ ਖੋਲ੍ਹਣ ਡਰਦੇ ਲੋਕ।
ਸੰਪਰਕ: 97796-96042
* * *
ਚਾਹ ਪੀ ਲਈਏ
ਮਨਜੀਤ ਸਿੰਘ ਬੱਧਣ
ਤੁਰਦੇ ਤੇ ਰੁੱਕਦੇ ਥੱਕ ਰਹੇ ਹਾਂ, ਘੁੱਟ ਚਾਹ ਪੀ ਲਈਏ,
ਕਿੱਧਰੇ ਆਰਾਮ ਤੱਕ ਰਹੇ ਹਾਂ, ਘੁੱਟ ਚਾਹ ਪੀ ਲਈਏ।
ਗੁੜ ਵਾਲੀ ਚਾਹ ਵਿੱਚ ਇਲਾਇਚੀ-ਅਦਰਕ ਵੀ ਹੈ,
ਆਵੇ ਖੁਸ਼ਬੂ, ਨੇੜੇ ਹੀ ਰਹੀਏ, ਘੁੱਟ ਚਾਹ ਪੀ ਲਈਏ।
ਇਹ ਜਵਾਨੀ, ਗੁਮਾਨੀ ਤੇ ਅੱਖ ਮਸਤਾਨੀ ਦਾ ਅਸਰ,
ਮੁੱਛ ’ਤੇ ਹੱਥ ਤੇ ਜੀ-ਜੀ ਕਹੀਏ, ਘੁੱਟ ਚਾਹ ਪੀ ਲਈਏ।
ਉਮੰਗ ਤੋਂ ਉੱਗਦਾ ਹੈ ਦਿਨ, ਆਸ ’ਤੇ ਅਸਤ ਹੋ ਜਾਵੇ,
ਚੱਲ ਨਸੀਬਾਂ ਨਾਲ ਵੀ ਖਹੀਏ, ਘੁੱਟ ਚਾਹ ਪੀ ਲਈਏ।
ਟੋਟੇ-ਟੋਟੇ ਹੋਇਆ ਵੀ ਝੱਲਾ ਦਿਲ, ਧੜਕ ਰਿਹਾ ਹੈ,
ਲਾ ਕੇ ਕੁਝ ਤੋਪੇ, ਸਿਉਂ ਲਈਏ, ਘੁੱਟ ਚਾਹ ਪੀ ਲਈਏ।
ਇਸ ਆਰ ਤੋਂ ਉਸ ਪਾਰ ਹੋ ਜਾਣ ਤੋਂ ਪਹਿਲਾਂ-ਪਹਿਲਾਂ,
ਚੁਸਕੀਆਂ ਨਾਲ ਜੀਅ ਲਈਏ, ਘੁੱਟ ਚਾਹ ਪੀ ਲਈਏ।
ਸੰਪਰਕ: 94176-35053
* * *
ਕਣੀਆਂ
ਓਮਕਾਰ ਸੂਦ ਬਹੋਨਾ
ਕਿਣਮਿਣ, ਕਿਣਮਿਣ ਆ ਗਈਆਂ ਕਣੀਆਂ,
ਠੰਢਕ ਜਿਹੀ ਵਰਤਾ ਗਈਆਂ ਕਣੀਆਂ।
ਗਰਮੀ ਨੇ ਸੀ ਅੱਗ ਵਰ੍ਹਾਈ ,
ਸਭ ’ਤੇ ਰਹਿਮ ਕਮਾ ਗਈਆਂ ਕਣੀਆਂ।
ਧਰਤੀ ਦੀ ਹਿੱਕ ਠਾਰੀ ਇਨ੍ਹਾਂ,
ਧਰਤ ਦੀ ਪਿਆਸ ਬੁਝਾ ਗਈਆਂ ਕਣੀਆਂ।
ਮੁਰਝਾਏ ਬੂਟੇ ਫਿਰ ਤੋਂ ਮੌਲੇ,
ਖੇੜਾ ਨਵਾਂ ਲਿਆ ਗਈਆਂ ਕਣੀਆਂ।
ਮਹਿਕ ਉੱਠੀ ਹੈ ਮਿੱਟੀ ਸੌਂਧੀ,
ਕਣ-ਕਣ ਨੂੰ ਖਿੜਾ ਗਈਆਂ ਕਣੀਆਂ।
ਪੰਛੀ ਵੀ ਹੁਣ ਚਹਿਕਣ ਲੱਗੇ,
ਰੌਣਕ ਨਵੀਂ ਲਗਾ ਗਈਆਂ ਕਣੀਆਂ।
ਬਾਲ ਮਨਾਂ ਨੂੰ ਚਾਅ ਹੈ ਚੜ੍ਹਿਆ,
ਆਹਰੇ ਸਭ ਨੂੰ ਲਾ ਗਈਆਂ ਕਣੀਆਂ।
ਨਹਾਤੀਆਂ ਧੋਤੀਆਂ ਫੁੱਲ ਪੱਤੀਆਂ ਨੇ ,
ਕੁਦਰਤ ਰੂਪ ਸਜਾ ਗਈਆਂ ਕਣੀਆਂ।
ਸੰਪਰਕ: 96540-36080
* * *
ਚੀਖ਼
ਅਮਰਜੀਤ ਦਸੂਹਾ
ਦਰਦਾਂ ਦੇ ਛਾਲੇ ਉੱਧੜੇ ਪਏ ਨੇ,
ਸਾਹ ਪੀੜਾਂ ਨਾਲ ਉੱਖੜੇ ਪਏ ਨੇ।
ਜ਼ਿੰਦਗੀ ਦੇ ਸਵਾਲ ਉਲਝੇ ਪਏ ਨੇ,
ਜਵਾਬ ਲੇਖਾਂ ਨਾਲ ਰੁੱਸੇ ਪਏ ਨੇ।
ਧਰਤੀ ਦੇ ਪਾਣੀ ਸੁੱਕਦੇ ਪਏ ਨੇ,
ਬਿਰਖ ਵੀ ਜੰਗਲਾਂ ’ਚ ਮੁੱਕਦੇ ਪਏ ਨੇ।
ਕੁੱਖ ’ਚ ਧੀਆਂ ਦੇ ਕਤਲ ਨੇ ਹੁੰਦੇ,
ਕੁਦਰਤ ਅਤੇ ਕਾਦਰ ਗੁੱਸੇ ਪਏ ਨੇ।
ਨੰਗੇ ਤਨ ਪੋਹ ਵਿੱਚ ਠਰਦੇ ਨੇ ਲੋਕ,
ਹਾੜ੍ਹ ਦੀ ਧੁੱਪ ਵਿੱਚ ਸੜਦੇ ਪਏ ਨੇ।
ਕਫ਼ਨ ਕਿਰਤੀਆਂ ਸਿਰ ਬੰਨ੍ਹੇ ਪਏ ਨੇ,
ਹੱਥ ਤਕਦੀਰ ਨਾਲ ਲੜਦੇ ਪਏ ਨੇ।
ਧਨਾਢਾਂ ਦੇ ਢਿੱਡ ਨੇ ਬਾਹਰ ਨੂੰ ਲਟਕੇ,
ਮਜ਼ਲੂਮਾਂ ਦੇ ਚੁੱਲ੍ਹੇ ਬੁਝੇ ਪਏ ਨੇ।
ਵਿਚਾਰੇ ਭੁੱਖ ਨਾਲ ਤਪੇ ਪਏ ਨੇ,
ਪਾਣੀ ਵੀ ਚਿੱਥ ਕੇ ਪੀਂਦੇ ਪਏ ਨੇ।
ਝੱਖੜ ਥੰਮ ਚਾਨਣ ਹੁੰਦੇ ਪਏ ਨੇ,
ਕਲਮ ਅਤੇ ਦਾਤੀ ਸਲਾਹੀਂ ਪਏ ਨੇ।
ਸਾਂਝ ਦੇ ਸਿਰਨਾਵੇਂ ਲਿਖਦੇ ਪਏ ਨੇ,
‘ਅਮਰ’ ਹੁਣ ਸ਼ਬਦ ਸਹੀ ਰਸਤੇ ਪਏ ਨੇ।
ਸੰਪਰਕ: 89689-33711
* * *
ਉੱਠ ਕਿਰਤੀਆ...
ਯਾਦਵਿੰਦਰ ਸਿੰਘ ਕਲੌਲੀ
ਤੂੰ ਉੱਠ ਕਿਰਤੀਆ ਅੱਗੇ ਵਧ,
ਤੇਰਾ ਬੇਲੀ ਨਾ ਕੋਈ ਸੰਗੀ ਏ।
ਹੌਸਲਾ ਹੀ ਤੈਨੂੰ ਬਚਾਏਗਾ,
ਕਿਉਂ ਹਿੰਮਤ ਸੂਲੀ ਟੰਗੀ ਏ।
ਤੈਨੂੰ ਮਾਰ ਸਮਿਆਂ ਦੀ ਪਈ ਐਸੀ,
ਹਰ ਗੱਲ ਹੋ ਰਹੀ ਬੇਢੰਗੀ ਏ।
ਲੋਕਾਂ ਦਾ ਢਿੱਡ ਪਿਆ ਭਰਦਾ ਏਂ,
ਤੈਨੂੰ ਫਿਰ ਵੀ ਤੋਟ ਤੇ ਤੰਗੀ ਏ।
ਤਰਲੇ ਮਿੰਨਤਾਂ ਬਹੁਤ ਕਰ ਲਏ,
ਤੂੰ ਇੱਕੋ ਮੰਗ ਤੇ ਮੰਗੀ ਏ।
ਗੱਲ ਇਕੱਲੇ ਰਹਿ ਕੇ ਨ੍ਹੀਂ ਬਣਨੀ,
ਇਕੱਠਿਆਂ ਦੀ ਗੱਲ ਚੰਗੀ ਏ।
ਸੰਪਰਕ: 81684-33853
* * *
ਤ੍ਰਿਸਕਾਰ
ਮੁਹੰਮਦ ਅੱਬਾਸ ਧਾਲੀਵਾਲ
ਸੱਚ ਦਾ ਇਉਂ ਤ੍ਰਿਸਕਾਰ ਨਾ ਕਰ,
ਝੂਠ ਨੂੰ ਤੂੰ ਸਵੀਕਾਰ ਨਾ ਕਰ।
ਦਿਲ ਦੇ ਰਿਸ਼ਤੇ ਨਾਜ਼ੁਕ ਹੁੰਦੇ,
ਇਨ੍ਹਾਂ ਦਾ ਇਉਂ ਵਪਾਰ ਨਾ ਕਰ।
ਮਰ ਜਾਵੇ ਜ਼ਮੀਰ ਹੀ ਜਿਸ ’ਤੇ,
ਅਜਿਹੇ ਰਾਹ ਅਖ਼ਤਿਆਰ ਨਾ ਕਰ।
ਸੋਚ ਤੂੰ ਰੱਖੀਂ ਫੁੱਲਾਂ ਵਰਗੀ,
ਨਫ਼ਰਤ ਨੂੰ ਗੁਲਜ਼ਾਰ ਨਾ ਕਰ।
ਥੋੜ੍ਹਾ ਬਹੁਤਾ ਸਬਰ ਵੀ ਰੱਖ,
ਹਰ ਗੱਲ ’ਤੇ ਤਕਰਾਰ ਨਾ ਕਰ।
‘ਅੱਬਾਸ’ ਤੂੰ ਆਪਣੇ ਅਸੂਲਾਂ ਨਾਲ,
ਸਮਝੌਤਿਆਂ ਦਾ ਵਪਾਰ ਨਾ ਕਰ।
ਸੰਪਰਕ: 98552-59650
* * *
ਗ਼ਜ਼ਲ
ਗੁਰਬਖ਼ਸ਼ ਸਿੰਘ ‘ਨਾਕਾਮ’
ਮਹਿਰਮ ਬਣੇ ਰਹਿਣ ਸਦਾ ਦਿਲ ਦੇ,
ਹੋਵੇ ਕਿਸਮਤ ਜੇ ਤਾਹੀਓਂ ਮਿਲਦੇ।
ਗਾਹ ਮਾਰਿਆ ਮੈਂ ਕੁੱਲ ਗੁਲਜ਼ਾਰ,
ਵੇਖਣ ਨੂੰ ਨਾ ਮਿਲੇ ਫੁੱਲ ਖਿਲਦੇ।
ਖੋਦ-ਖੋਦ ਖੁੱਡ, ਚੂਹੇ ਥੱਕ ਜਾਵਣ,
ਸੱਪ ਬਣ ਬੈਠਣ ਮਾਲਕ ਬਿਲ ਦੇ।
ਤਿੜਕਿਆ ਸ਼ੀਸ਼ਾ ਭਾਵੇਂ ਜੁੜ ਜਾਵੇ,
ਫੱਟ ਦਿਲ ਲੱਗੇ ਕਦੇ ਨਾ ਸਿਲਦੇ।
ਉੱਜੜੇ ਵੱਸੇ, ਉੱਜੜੇ, ਮੁੜ ਵੱਸੇ,
ਪਰ ਨਾ ਦੇਣਦਾਰ ਇੱਕ ਤਿਲ ਦੇ।
ਬੇਇਨਸਾਫ਼ੀ ਦੇ ਤਾਬੂਤਾਂ ਖ਼ਾਤਰ,
ਤਲਬਗਾਰ ਹਾਂ ਅਸੀਂ ਹਰ ਕਿੱਲ ਦੇ।
ਸਦੀਆਂ ਪੁਸ਼ਤਾਂ ਦੇਣ ਨਾ ਮੁਆਫ਼ੀ,
ਗੁਨਾਹਗਾਰ ਜੋ ਵਰਤੀ ਢਿੱਲ ਦੇ।
‘ਨਾਕਾਮ’ ਜੇ ਨੀਅਤ ਰਾਸ ਮੁਕੰਮਲ,
ਹੱਲ ਮਿਲ ਜਾਂਦੇ ਹਰ ਮੁਸ਼ਕਿਲ ਦੇ।
ਸੰਪਰਕ: 98154-05741
* * *
ਅਮੀਰ ਮਿੱਟੀ
ਰਵਿੰਦਰ ਸਿੰਘ ਧਾਲੀਵਾਲ
ਮਿੱਟੀ ਜਿਹਾ ਅਮੀਰ ਨਾ ਕੋਈ
ਸਭ ਦੇ ਕੰਮ ਜੋ ਆਵੇ
ਧੁੱਪ, ਮੀਂਹ, ਝੱਖੜ, ਔੜਾਂ ਝੱਲਦੀ
ਕੁੱਲ ਦੁਨੀਆ ਨੂੰ ਰੁਸ਼ਨਾਵੇ
ਵਾਂਗ ਮਨੁੱਖ ਨਾ ਕਰੇ ਵਿਤਕਰਾ
ਸਭ ਨੂੰ ਗਲ਼ ਨਾਲ ਲਾਵੇ।
ਇਸ ਤੋਂ ਸਿੱਖ ਲੈ ਤੂੰ ਜੀਵਣਾ
ਕਿਉਂ ਰੋ-ਰੋ ਜੂਨ ਹੰਢਾਵੇਂ
ਜਨਮ ਤੋਂ ਅਖੀਰ ਸਮੇਂ ਤੱਕ
ਮਿੱਟੀ ਚੋਗ ਚੁਗਾਵੇ
ਤੇਰੇ ਖਾਨੇ ਕੁਝ ਨਾ ਪੈਣਾ
ਇਹ ਕੀ-ਕੀ ਰੰਗ ਵਿਖਾਵੇ।
ਫੁੱਲ, ਫਲ ਤੇ ਜੜੀ ਬੂਟੀਆਂ
ਇਸ ਦੀ ਕੁੱਖ ਦੇ ਜਾਏ
ਮੀਂਹ ਪੈਂਦੇ ਤਾਂ ਮਹਿਕ ਮਿੱਟੀ ਦੀ
ਸਭ ਦੇ ਮਨ ਨੂੰ ਭਾਵੇ
ਮਿੱਟੀ ਨਾਲ ਸਭ ਮਿੱਟੀ ਹੋਣਾ
ਤੈਨੂੰ ਰਤਾ ਸਮਝ ਨਾ ਆਵੇ।
ਮਿੱਟੀ ਵਾਂਗੂ ਬਣ ਜਾ ਖੁੱਲ੍ਹਦਿਲਾ
ਜਿਹੜੀ ਸਭ ਲਈ ਅੰਨ ਉਗਾਵੇ
ਗੁਰੂਆਂ ਮਾਂ ਦਾ ਦਰਜਾ ਦੇ ਕੇ
ਇਸ ਨੂੰ ਪੂਜਣ ਯੋਗ ਬਣਾਇਆ
‘ਧਾਲੀਵਾਲਾ’ ਬੰਦਾ ਚੰਦ ਛਿੱਲੜਾਂ ਲਈ
ਇਹ ਦੀ ਹਿੱਕ ਚੜ੍ਹ ਬੋਲੀ ਲਾਵੇ।
ਸੰਪਰਕ: 78374-90309
* * *
ਅਜੋਕੇ ਸਮਿਆਂ ਦਾ ਸੱਚ
ਪਰਮਜੀਤ ਸਿੰਘ ਨਿੱਕੇ ਘੁੰਮਣ
ਅੰਨ੍ਹਾ ਰਾਜਾ, ਰਾਜ ਚਲਾਵੇ
ਗੂੰਗੀ ਪਰਜਾ, ਹੰਝ ਵਹਾਵੇ।
ਦੇਸ਼ ਦਾ ਬੇੜਾ ਗ਼ਰਕ ਹੋ ਗਿਆ
ਵੇਖ ਸਿਆਸਤ ਗ਼ਰਕੀ ਜਾਵੇ।
ਚੋਣਾਂ ਸੰਗ ਇਨਸਾਫ਼ ਵੀ ਵਿਕਿਆ
ਪੇਪਰ ਲੀਕ ਦਾ ਸ਼ੋਰ ਪਿਆ ਆਵੇ।
ਗੈਸ, ਤੇਲ ਆਸਮਾਨੀਂ ਚੜ੍ਹ ਗਏ
ਬੇਸ਼ਰਮਾਂ ਨੂੰ ਸ਼ਰਮ ਨਾ ਆਵੇ।
ਨਫ਼ਰਤ ਵਾਲੇ ਬੀਜ ਬੀਜ ਕੇ
ਭਾਈ ਸੰਗ ਭਾਈ ਲੜਵਾਵੇ।
ਅੰਨਦਾਤਾ ਹੈ ਫ਼ਾਹੇ ਲੈਂਦਾ
ਇਹ ਮਿੱਤਰਾਂ ਦਾ ਹੇਜ ਪੁਗਾਵੇ।
ਕੋਈ ਤਾਂ ਉੱਠੋ ਸੂਰਾ ਵੀਰੋ
‘ਅੱਛੇ ਦਿਨ’ ਜੋ ਮੋੜ ਲਿਆਵੇ।
ਸੁੱਤੇ ਹੁੰਦੇ ਤਾਂ ਉੱਠ ਜਾਂਦੇ
ਮੁਰਦੇ ਨੂੰ ਦੱਸ ਕੌਣ ਉਠਾਵੇ?
ਦੜ ਵੱਟ ਕੇ ਤੂੰ ਬਹਿ ਜਾ ‘ਘੁੰਮਣ’
ਇਨ੍ਹਾਂ ਤੋਂ ਹੁਣ ਰੱਬ ਬਚਾਵੇ।
ਸੰਪਰਕ: 97816-46008
* * *

