DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ: ਜਰ ਲੈਂਦੇ ਨੇ

ਜਗਜੀਤ ਗੁਰਮ ਸਿਰਾਂ ’ਤੇ ਬੈਠਣ ਵਾਲੇ, ਪੈਰਾਂ ਵਿੱਚ ਗਿਰ ਵੀ ਲੈਂਦੇ ਨੇ, ਸਭ ਕੀੜੇ-ਮਕੌੜੇ ਰੀਂਗਦੇ ਨਹੀਂ, ਥੋੜ੍ਹੇ ਤੁਰ ਵੀ ਲੈਂਦੇ ਨੇ। ਜਿਗਰੇ ਵਾਲੇ ਬਦਲਾ ਲੈਂਦੇ, ਹੋਈ ਨਾਲ ਵਧੀਕੀ ਦਾ, ਕੁਝ ਠਰ੍ਹੰਮੇ ਵਾਲੇ ਸੀਨੇ ਉੱਤੇ, ਜਰ ਵੀ ਲੈਂਦੇ ਨੇ। ਐਵੇਂ ਹਲਕੇ...

  • fb
  • twitter
  • whatsapp
  • whatsapp
Advertisement

ਜਗਜੀਤ ਗੁਰਮ

ਸਿਰਾਂ ’ਤੇ ਬੈਠਣ ਵਾਲੇ,

Advertisement

ਪੈਰਾਂ ਵਿੱਚ ਗਿਰ ਵੀ ਲੈਂਦੇ ਨੇ,

Advertisement

ਸਭ ਕੀੜੇ-ਮਕੌੜੇ ਰੀਂਗਦੇ ਨਹੀਂ,

ਥੋੜ੍ਹੇ ਤੁਰ ਵੀ ਲੈਂਦੇ ਨੇ।

ਜਿਗਰੇ ਵਾਲੇ ਬਦਲਾ ਲੈਂਦੇ,

ਹੋਈ ਨਾਲ ਵਧੀਕੀ ਦਾ,

ਕੁਝ ਠਰ੍ਹੰਮੇ ਵਾਲੇ ਸੀਨੇ ਉੱਤੇ,

ਜਰ ਵੀ ਲੈਂਦੇ ਨੇ।

ਐਵੇਂ ਹਲਕੇ ਵਿੱਚ ਨਾ ਲੈ ਜਾਵੀਂ,

ਤੂੰ ਕਲਮਾਂ ਵਾਲਿਆਂ ਨੂੰ

ਇਹ ਥਲ ਵਿੱਚ ਤੁਰ ਵੀ ਲੈਂਦੇ ਨੇ,

ਝਨਾਂ ਵਿੱਚ ਤਰ ਵੀ ਲੈਂਦੇ ਨੇ।

ਸੰਪਰਕ: 99152-64836

* * *

ਮੈਂ ਬੇਜਾਨ ਨਹੀਂ ਹਾਂ

ਮਨਜੀਤ ਸਿੰਘ ਬੱਧਣ

ਉਹ ਸਾਰੇ ਵਧੀਆ ਸਨ

ਜਿੱਤ ਗਏ ਹੋਣਗੇ

ਮਾਂ ....

ਮੈਂ ਹਾਰਿਆ ਨਹੀਂ ਹਾਂ।

ਦੌੜ ਵਿਚ ਅੱਗੇ,

ਅੱਗੇ ਨਿਕਲ ਗਏ ਉਹ

ਮੈਂ ਵੀ ਭੱਜਿਆ

ਮਾਂ ...

ਭੱਜਣ ਤੋਂ ਭੱਜਿਆ ਨਹੀਂ ਹਾਂ।

ਮੇਰੀ ਦੌੜ ਤਾਂ ਮੇਰੇ ਨਾਲ ਹੈ

ਸਿਕੰਦਰ ਨਹੀਂ ਹਾਂ

ਜਿੱਤ ਕੇ ਜੋ ਹਾਰ ਗਿਆ

ਜੇਤੂਆਂ ਦਾ ਨਾਂ ਹੁੰਦੈ

ਸ਼ੋਹਰਤਾਂ ਮਿਲਦੀਆਂ

ਮੇਰੀ ਵੀ ਸਲਾਮ ਹੈ

ਮਾਂ ...

ਲਾਪਰਵਾਹ ਨਹੀਂ ਹਾਂ

ਇਸੇ ਲਈ ਤਾਂ

ਪਰਵਾਹ ਨਹੀਂ

ਕਿੰਨੇ ਮੇਰੇ ਅੱਗੇ

ਕਿੰਨਿਆਂ ਤੋਂ ਮੈਂ ਅੱਗੇ

ਖਿਡਾਰੀ ਹਾਂ ਮੈਂ

ਮਾਂ ...

ਮੈਂ ਵਪਾਰੀ ਨਹੀਂ ਹਾਂ

ਜ਼ਿੰਦਗੀ ਖੇਡ ਨਹੀਂ

ਜਿੰਦ ਵਿੱਚ ਖੇਡ ਹੁੰਦੀ

ਮੈਦਾਨ ਵਿੱਚ ਵੇਖ ਮੈਨੂੰ

ਨੱਠਦਾ, ਹਫਦਾ, ਡਿੱਗਦਾ

ਫਿਰ ਉੱਠਦਾ

ਜਿੱਤਣ ਲਈ ਨਹੀਂ

ਆਪਣੇ ਲਈ ਫਿਰ ਦੌੜਦਾ

ਥੱਕ ਤਾਂ ਗਿਆ ਹਾਂ

ਮਾਂ ...

ਮੈਂ ਬੇਜਾਨ ਨਹੀਂ ਹਾਂ।

ਸੰਪਰਕ: 94176-35053

* * *

ਬਹੁਤ ਕੁਝ ਕਹਿ ਕੇ ਵੀ

ਸੰਤਵੀਰ

ਬਹੁਤ ਕੁਝ ਕਹਿ ਕੇ ਵੀ,

ਅਣਕਿਹਾ ਰਹਿ ਗਿਆ,

ਉਹ ਚੁੱਪ ਰਹਿ ਕੇ ਵੀ,

ਬਹੁਤ ਕੁਝ ਕਹਿ ਗਿਆ।

ਮੁੱਦਤਾਂ ਦਾ ਦਰਦ ਸੀ,

ਜੋ ਹੰਝੂਆਂ ਥੀਂ ਵਹਿ ਗਿਆ,

ਦਰਦ ਬਾਝੋਂ ਜ਼ਿੰਦਗੀ ਦਾ,

ਕੀ ਵਜੂਦ ਰਹਿ ਗਿਆ।

ਇਸ ਸੀਨੇ ਵਿੱਚ ਵੀ,

ਧੜਕਦਾ ਹੁੰਦਾ ਸੀ ਦਿਲ ਕਦੇ,

ਦਿਲ ਦੀ ਤਾਂ ਕੋਈ ਸੰਗਦਿਲ,

ਖਿੱਦੋ ਬਣਾ ਕੇ ਲੈ ਗਿਆ।

ਆਪਣਾ ਆਪ ਵੀ ਹੁਣ ਤਾਂ,

ਪਰਾਇਆ ਹੋ ਗਿਆ,

ਪਹੀਆ ਜਦੋਂ ਵਕਤ ਦਾ,

ਜ਼ਿੰਦਗੀ ਨਾਲ ਖਹਿ ਗਿਆ।

ਅੱਖਾਂ ਵਿਛਾ ਕੇ ਜਿਸ ਨੂੰ,

ਤੱਕਦੇ ਰਹੇ ਅਸੀਂ ਉਮਰ ਭਰ,

ਚੋਰਾਂ ਵਾਂਗ ਲੁੱਟ ਕੇ,

ਜਹਾਨ ਸਾਡਾ ਲੈ ਗਿਆ।

* * *

ਸ਼ਬਦ

ਦੀਪ ਜ਼ੀਰਵੀ

ਸ਼ਬਦ ਕਦੇ ਵੀ ਕੰਧਾਂ ਦੇ ਕੈਦੀ ਨਹੀਂ ਬਣ ਸਕਦੇ,

ਉਹ ਹਵਾ ਵਾਂਗ ਹਨ- ਇੱਕ ਵਾਰ ਉਚਾਰ ਦਿੱਤੇ ਜਾਣ,

ਤਾਂ ਕਿਸੇ ਦੀ ਮਲਕੀਅਤ ਨਹੀਂ ਰਹਿੰਦੇ।

ਨਾ ਲੇਖਕ ਦੇ ਰਹਿੰਦੇ ਹਨ, ਨਾ ਵਕਤਾ ਦੇ,

ਉਹ ਚੇਤਨਾਵਾਂ ਦੇ ਸਫ਼ਰ ’ਤੇ ਨਿਕਲ ਪੈਂਦੇ ਹਨ।

ਇੱਕ ਮਨ ਤੋਂ ਦੂਜੇ ਤੱਕ,

ਇੱਕ ਅਨੁਭਵ ਤੋਂ ਦੂਜੇ ਤੱਕ,

ਉਹ ਨਵੇਂ ਨਵੇਂ ਅਰਥਾਂ ਨੂੰ ਜਨਮ ਦਿੰਦੇ ਰਹਿੰਦੇ ਹਨ।

ਵਿਚਾਰਾਂ ਦਾ, ਵਿਚਾਰਾਂ ਤੋਂ ਪ੍ਰਭਾਵਿਤ ਹੋਣਾ ਹੀ

ਪ੍ਰਕਿਰਤੀ ਦਾ ਨਿਯਮ ਹੈ,

ਮਨੁੱਖੀ ਚਿੰਤਨ ਕਿਸੇ ਦੀ ਜਾਇਦਾਦ ਨਹੀਂ।

ਇੱਕ ਰੇਖਾ ਦੇ ਆਰ-ਪਾਰ ਖੜ੍ਹੀ ਹੈ ਖੇਡ ਸਾਰੀ

ਇਸ ਪਾਸੇ ਪ੍ਰੇਰਣਾ ਤੇ ਦੂਜੇ ਪਾਸੇ ਚੋਰੀ

ਪ੍ਰੇਰਣਾ ਪਵਿੱਤਰ ਤੇ ਚੋਰੀ ਪਲੀਤ ਕਰਦੀ ਹੈ।

ਸ਼ਬਦਾਂ ਦੀ ਰਾਖੀ ਵੀ ਸ਼ਬਦ ਹੀ ਕਰਦੇ ਨੇ

ਇੱਕ ਦੇ ਮੂੰਹੋਂ ਨਿਕਲ ਕੇ ਦੂਜੇ ਤੱਕ ਪੁੱਜਦੇ ਸ਼ਬਦ

ਇੱਕ ਦੀ ਚੇਤਨਾ ਤੋਂ ਉਪਜ ਕੇ ਦੂਜੇ ਤੱਕ ਅੱਪੜਦੇ ਸ਼ਬਦ।

* * *

ਗ਼ਜ਼ਲ

ਤੇਜਿੰਦਰ ਮਾਰਕੰਡਾ

ਰੇਤ ਵਾਂਗੂੰ ਖਿਲਾਰਿਆ ਮੈਨੂੰ

ਤੇਰੀ ਚਾਹਤ ਨੇ ਮਾਰਿਆ ਮੈਨੂੰ।

ਹਿਜਰ ਨੇ ਫਿਰ ਕਰੂਪ ਕਰ ਦੇਣਾ

ਵਸਲ ਨੇ ਸੀ ਨਿਖਾਰਿਆ ਮੈਨੂੰ।

ਜ਼ਿੰਦਗੀ ਨੇ ਗਲੇ ਲਗਾਇਆ ਨਾ

ਮੌਤ ਨੇ ਵੀ ਨਕਾਰਿਆ ਮੈਨੂੰ।

ਉਮਰ ਭਰ ਹੁਣ ਭੁਲਾ ਨਹੀਂ ਹੋਣਾ

ਪਲ ’ਚ ਜਿਸ ਨੇ ਵਿਸਾਰਿਆ ਮੈਨੂੰ।

ਦੋਸਤਾਂ ਨੇ ਤਾਂ ਡੋਬ ਦੇਣਾ ਸੀ

ਦੁਸ਼ਮਣਾਂ ਨੇ ਹੈ ਤਾਰਿਆ ਮੈਨੂੰ।

ਦੀਵਿਆ ਰੌਸ਼ਨੀ ਦਈਂ ਮੈਨੂੰ

ਰਾਹ ਦਿਖਾ ਦੇ ਸਿਤਾਰਿਆ ਮੈਨੂੰ।

ਵਗਦਾ ਪਾਣੀ ਸੀ ਮਸਤੀਆਂ ਕਰਦਾ

ਕਿਸਨੇ ਸ਼ੀਸ਼ੇ ’ਚ ’ਤਾਰਿਆ ਮੈਨੂੰ।

ਅੱਗ ਦਾ ਦਰਿਆ ਵੀ ਤਰ ਕੇ ਜਾਵਾਂਗਾ

ਜਦ ਵੀ ਉਸ ਨੇ ਪੁਕਾਰਿਆ ਮੈਨੂੰ।

ਸੰਪਰਕ: 98721-80115

* * *

ਅੰਨ੍ਹੇਵਾਹ ਰੁੱਖ ਪੁੱਟ ਕੇ

ਅਮਰੀਕ ਸਿੰਘ ਤਲਵੰਡੀ ਕਲਾਂ

ਲੋਕ ਮੈਨੂੰ ਪੁੱਛਦੇ ਨੇ ਰਹਿੰਦੇ,

ਐਨੀ ਗਰਮੀ ਕਿੱਥੋਂ ਹੈ ਆਈ।

ਅੰਨ੍ਹੇਵਾਹ ਤੁਸੀਂ ਰੁੱਖ ਪੁੱਟ ਕੇ,

ਮੈਂ ਕਿਹਾ ਹੈ ਗਰਮੀ ਵਧਾਈ।

ਘਰ-ਘਰ ਦੇ ਵਿੱਚ ਏ ਸੀ ਲਾ ਕੇ,

ਰਹਿੰਦੀ ਕਸਰ ਤੁਸਾਂ ਕਢਾਈ।

ਅੰਦਰ ਏ ਸੀ ਠੰਢ ਹੈ ਦਿੰਦਾ,

ਬਾਹਰ ਜਾਵੇ ਅੱਗ ਵਰ੍ਹਾਈ।

ਪਾਣੀ ਹੇਠੋਂ ਮੁੱਕਦਾ ਹੈ ਜਾਂਦਾ,

ਸਿਆਣੇ ਬੰਦੇ ਪਾਉਣ ਦਹਾਈ।

ਕੁਦਰਤ ਦਾ ਅਨਮੋਲ ਖ਼ਜ਼ਾਨਾ,

ਭੰਗ ਦੇ ਮੁੱਲ ਹੀ ਜਾਂਦੇ ਗਵਾਈ।

ਧਰਤੀ ’ਤੇ ਜਦੋਂ ਤਪਸ਼ ਵਧ ਜਾਏ,

ਸੋਕਾ ਡੋਬਾ ਵੀ ਦੇਵੇ ਵਿਖਾਈ।

ਸਭ ਕੁਝ ਅੱਖੀਂ ਵੇਖ ਕੇ ਵੀ,

ਸਾਨੂੰ ਭੋਰਾ ਅਕਲ ਨਾ ਆਈ।

ਹਾੜ੍ਹ ਮਹੀਨੇ ਵਰਗੀ ਗਰਮੀ,

ਵਿਸਾਖ ਦੇ ਵਿੱਚ ਜਾਵੇ ਸਤਾਈ।

ਠੰਢੜੀ ਮਿੱਠੜੀ ਪੌਣ ਵੀ ਸਾਨੂੰ,

ਕਿਸੇ ਪਾਸੇ ਨਾ ਦੇਵੇ ਵਿਖਾਈ।

ਕਿਸੇ ਪਾਸੇ ਵੀ ਕਿਸੇ ਮੋਰ ਨੇ,

ਅਸਾਂ ਨਾ ਵੇਖੀ ਪੈਲ ਜੋ ਪਾਈ।

ਡੱਡੂਆਂ ਦੀ ਹੁਣ ਗੜੈਂ-ਗੜੈਂ ਵੀ,

ਕਿਸੇ ਪਾਸੇ ਨਾ ਦੇਵੇ ਸੁਣਾਈ।

ਭਵਿੱਖ ਦੇ ਬਾਰੇ ਜਦੋਂ ਹਾਂ ਸੋਚਦੇ,

ਚਿੰਤਾ ਜਾਵੇ ਵੱਢ-ਵੱਢ ਖਾਈ।

ਉਹ ਤਾਂ ਘੂਕ ਪਏ ਨੇ ਸੁੱਤੇ,

ਜਿਨ੍ਹਾਂ ਨੇ ਸੀ ਕਰਨੀ ਅਗਵਾਈ।

ਕੁਦਰਤ ਨਾਲ ਖਿਲਵਾੜ ਜੋ ਕੀਤਾ,

ਓਹਦੀ ਸਜ਼ਾ ਸਭ ਨੇ ਪਾਈ।

ਆਉਣ ਵਾਲੀਆਂ ਪੀੜ੍ਹੀਆਂ ਦੀ,

‘ਤਲਵੰਡੀ’ ਚਿੰਤਾ ਅਸੀਂ ਵਧਾਈ।

ਸੰਪਰਕ: 94635-42896

* * *

ਮੇਰੀ ਉਡਾਣ

ਓਮਕਾਰ ਸੂਦ ਬਹੋਨਾ

ਖੰਭ ਟੁੱਟ ਵੀ ਗਏ ਤਾਂ ਕੀ ਹੋਇਆ,

ਹਾਲੇ ਹੌਸਲੇ ਦੀ ਪਰਵਾਜ਼ ਬਾਕੀ ਹੈ।

ਮੁਸ਼ਕਿਲਾਂ ਦੇ ਇਸ ਔਖੇ ਦੌਰ ਅੰਦਰ,

ਮੇਰੀ ਕਮਜ਼ੋਰ ਜਿਹੀ ਆਵਾਜ਼ ਬਾਕੀ ਹੈ।

ਨਾ ਨਾਪੋ ਮੇਰੀਆਂ ਉਡਾਣਾਂ ਨੂੰ,

ਇਹ ਅੰਬਰਾਂ ਤੋਂ ਵੀ ਉੱਚੀਆਂ ਨੇ।

ਮੇਰੇ ਇਰਾਦਿਆਂ ਦੀ ਤਾਕਤ ਅੱਗੇ,

ਸਭ ਰੁਕਾਵਟਾਂ ਬਹੁਤ ਨਿੱਕੀਆਂ ਨੇ।

ਦੁੱਖਾਂ ਨੇ ਭਾਵੇਂ ਘੇਰਾ ਪਾਇਆ ਹੈ,

ਪਰ ਚਾਨਣ ਦੀ ਆਸ ਹਾਲੇ ਬਾਕੀ ਹੈ।

ਹਨੇਰੀਆਂ ਝੁੱਲਣ ਭਾਵੇਂ ਰਾਹਾਂ ਵਿੱਚ,

ਸਿਦਕ ਦੀ ਸ਼ਮ੍ਹਾ ਝਿਲਮਿਲਾਉਂਦੀ ਹੈ।

ਮੈਂ ਮਨ ਨੂੰ ਜਿੱਤ ਕੇ ਬੈਠਾ ਹਾਂ,

ਵਧਦੇ ਜਾਣਾ ਹੋਰ ਅੱਗੇ-ਅੱਗੇ।

ਮੇਰੇ ਪੈਰਾਂ ਦੇ ਛਾਲੇ ਪਏ ਟਸਕਣ,

ਪਰ ਮੈਂ ਮੰਜ਼ਿਲ ਤੱਕ ਪਹੁੰਚ ਕੇ ਰਹਿਣਾ ਹੈ।

ਗ਼ਮਾਂ ਦੇ ਰਾਹਾਂ ਨੂੰ ਚੀਰ ਕੇ ਮੈਂ,

ਆਪਣੀ ਮੰਜ਼ਿਲ ’ਤੇ ਜਾ ਬਹਿਣਾ ਹੈ।

ਇਹ ਟੁੱਟੇ ਹੌਸਲੇ ਦੀ ਚੀਖ਼ ਨਹੀਂ,

ਇਹ ਤਾਂ ਮੇਰੇ ਦਿਲ ਦੀ ਗਰਜਣ ਹੈ।

ਮੇਰੇ ਇਰਾਦਿਆਂ ਨੂੰ ਰਾਹ ਦੱਸੇਗੀ,

ਇਹ ਮੇਰੀ ਨਿਰੰਤਰ ਭਟਕਣ ਹੈ।

ਸੰਪਰਕ: 96540-36080

* * *

ਪਾਰਸ ਪੱਥਰ...

ਮਨਜੀਤ ਕੌਰ ਧੀਮਾਨ

ਕੀਹਦੇ ਨਾਲ ਫਰੋਲਾਂ ਦਿਲ ਨੀ,

ਕੀਹਨੂੰ ਦਰਦ ਦਿਖਾਵਾਂ ਅੜੀਏ।

ਤੇਰੇ ਬਿਨ ਸਾਡਾ ਕੌਣ ਹੈ ਦੱਸ,

ਕੀਹਦਾ ਪਾਰਸ ਪੱਥਰ ਬਣੀਏ।

ਬਚਪਨ ਵਿੱਚ ਨਾ ’ਕੱਲਿਆਂ ਛੱਡਦੀ,

ਕਦੇ ਨਾ ਭੁੱਖਿਆਂ ਰਹਿਣ ਦਿੰਦੀ।

ਸੁੱਖਾਂ ਦੇ ਵਿੱਚ ਰਹਿੰਦੇ ਸਾਂ ਸਦਾ,

ਦੁੱਖ ਕਦੇ ਨਾ ਸਹਿਣ ਦਿੰਦੀ।

ਕਿਸ ਭਰੋਸੇ ਛੱਡ ਕੇ ਤੁਰ ਗਈ,

ਕਿਹੜਾ ਹੱਥ ਜਾ ਫੜੀਏ।

’ਕੱਲਿਆਂ ਹੀ ਹੁਣ ਰਹਿੰਦੇ ਹਾਂ,

ਕੋਈ ਨਾ ਪੁੱਛਦਾ ਸਾਰ ਸਾਡੀ।

ਸੁਖਾਂ ਦਾ ਕੋਈ ਪਤਾ ਨਹੀਂ,

ਦੁੱਖਾਂ ਨਾਲ ਹੈ ਸਾਂਝ ਪਈ।

ਤੇਰੀ ਫੋਟੋ ਗਲ਼ ਲੱਗ ਰੋਈਏ,

ਮਾਲਾ ਮੋਤੀ ਦੇ ਨਾਲ ਜੜੀਏ।

ਮਾਵਾਂ ਹਨ ਸੰਘਣੀਆਂ ਛਾਵਾਂ,

ਇਹ ਸਮਝ ਹੁਣੇ ਹੀ ਆਈ।

ਇਨ੍ਹਾਂ ਸੰਗ ਹੀ ਸੋਹਣੀ ਹੁੰਦੀ,

ਜ਼ਿੰਦਗੀ ਜਿਹੜੀ ਹੰਢਾਈ।

ਲੱਖ ਕਿਤਾਬਾਂ ਪੜ੍ਹਨ ਤੋਂ ਪਹਿਲਾਂ,

ਮਾਂ ਦੀਆਂ ਅੱਖਾਂ ਪੜ੍ਹੀਏ।

ਦੂਰ ਕਿਤੇ ਉਹ ਰਹਿੰਦੀ ਹੋਣੀ,

ਸੁਪਨਿਆਂ ਦੇ ਵਿੱਚ ਆਉਂਦੀ ਏ।

ਤੱਕ ਕੇ ਸਾਡੇ ਮੂੰਹ ਮੁਰਝਾਏ,

ਉਦਾਸ ਜਿਹੀ ਹੋ ਜਾਂਦੀ ਏ।

ਕਿੱਥੋਂ ਲੰਘਦੀ ਹੁੰਦੀ ਹੋਣੀ,

ਕਿਹੜੇ ਰਾਹੀਂ ਜਾ ਖੜ੍ਹੀਏ।

ਸੰਪਰਕ: 94646-33059

Advertisement
×