DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ: ਭੈਣ ਭਰਾ ਦਾ ਰਿਸ਼ਤਾ

ਗੁਰਮੀਤ ਸਿੰਘ ਸੋਹੀ ਭੈਣ ਭਰਾ ਦਾ ਰਿਸ਼ਤਾ ਰੱਬ ਦੀ ਬਾਣੀ ਵਰਗਾ ਹੈ, ਸੁੱਕੇ ਰੁੱਖ ’ਤੇ ਪਾਏ ਪਹਿਲੇ ਪਾਣੀ ਵਰਗਾ ਹੈ। ਮਾਂ ਦੀ ਗੋਦੀ, ਪਿੰਡ ਦੀ ਮਿੱਟੀ, ਕੱਚਾ ਵਿਹੜਾ, ਸਾਰਾ ਕੁਝ ਇਸ ਦੀ ਇੱਕ ਨਿਸ਼ਾਨੀ ਵਰਗਾ ਹੈ। ਵਕਤ ਦੀ ਧੁੱਪ ਜਦੋਂ...

  • fb
  • twitter
  • whatsapp
  • whatsapp
Advertisement

ਗੁਰਮੀਤ ਸਿੰਘ ਸੋਹੀ

ਭੈਣ ਭਰਾ ਦਾ ਰਿਸ਼ਤਾ ਰੱਬ ਦੀ ਬਾਣੀ ਵਰਗਾ ਹੈ,

Advertisement

ਸੁੱਕੇ ਰੁੱਖ ’ਤੇ ਪਾਏ ਪਹਿਲੇ ਪਾਣੀ ਵਰਗਾ ਹੈ।

Advertisement

ਮਾਂ ਦੀ ਗੋਦੀ, ਪਿੰਡ ਦੀ ਮਿੱਟੀ, ਕੱਚਾ ਵਿਹੜਾ,

ਸਾਰਾ ਕੁਝ ਇਸ ਦੀ ਇੱਕ ਨਿਸ਼ਾਨੀ ਵਰਗਾ ਹੈ।

ਵਕਤ ਦੀ ਧੁੱਪ ਜਦੋਂ ਵੀ ਸਿਰ ’ਤੇ ਅੱਗ ਵਰ੍ਹਾਵੇ,

ਵੀਰ ਭੈਣ ਦਾ ਰਿਸ਼ਤਾ ਠੰਢੇ ਪਾਣੀ ਵਰਗਾ ਹੈ।

ਰੱਖੜੀ ਦੀ ਇੱਕ ਡੋਰ ਨਹੀਂ ਇਹ ਰੇਸ਼ਮ ਵਾਲੀ,

ਜਨਮਾਂ ਜਨਮਾਂ ਤੋਂ ਜੁੜੀ ਇੱਕ ਕਹਾਣੀ ਵਰਗਾ ਹੈ।

ਦੂਰ ਦੇਸ਼ਾਂ ਵਿੱਚ ਜਾ ਵੱਸਣ ਨਾਲ ਕੀ ਮੁੱਕਣਾ,

ਦਿਲ ਦਾ ਰਾਹ ਤਾਂ ਯੁੱਗਾਂ ਦੀ ਰਵਾਨੀ ਵਰਗਾ ਹੈ।

‘ਸੋਹੀ’ ਰਿਸ਼ਤੇ ਵੇਚੇ ਜਾਣ ਨਾ ਮੰਡੀ ਦੇ ਵਿੱਚ,

ਇਹ ਤਾਂ ਰੂਹ ਦੇ ਇੱਕ ਸੱਚੇ ਹਾਣੀ ਵਰਗਾ ਹੈ।

ਸੰਪਰਕ: 92179-81404

* * *

ਗ਼ਜ਼ਲ

ਸਤਨਾਮ ਸ਼ਾਇਰ

ਰੱਖੜੀ ਸਿਰਫ਼ ਸੂਤ ਦਾ ਧਾਗਾ ਨਹੀਂ ਵੀਰ ਮੇਰਿਆ,

ਇਹ ਭੈਣ-ਭਾਈ ਦੇ ਰਿਸ਼ਤੇ ਦੀ ਇੱਕ ਤੰਦ ਹੈ।

ਹਿਫ਼ਾਜ਼ਤ ਕਰੇਂਗਾ ਸਦਾ ਮੁਸੀਬਤਾਂ ਤੋਂ ਜੇ ਤੂੰ ਚੱਟਾਨ ਬਣ ਕੇ,

ਤੂੰ ਵੀ ਫਿਕਰ ਨਾ ਕਰੀਂ ਭੈਣ ਤੇਰੀ ਤੇਰੇ ਅੰਗ-ਸੰਗ ਹੈ।

ਭਾਈਆਂ ਪਿੱਛੇ ਭੈਣਾਂ ਹਰ ਇੱਕ ਨਾਲ ਲੜ ਜਾਂਦੀਆਂ ਨੇ,

ਬੇਸ਼ੱਕ ਸਮਾਜ ਕਿੰਨਾ ਵੀ ਕੁੜੀਆਂ ਲਈ ਪਾਬੰਦੀਆਂ-ਪਾਬੰਦ ਹੈ।

ਇੱਕ ਗੱਲ ਤਾਂ ਪੱਕੀ ਤਰੱਕੀ ਤੋਂ ਸਾਰੇ ਸੜਦੇ ਕਹਿਣ ਮਾਪੇ,

ਕਰੇਂ ਤਰੱਕੀ ਦਿਨ ਦੁੱਗਣੀ ਰਾਤ ਚੌਗੁਣੀ ਭੈਣਾਂ ਦੀ ਮੰਗ ਹੈ।

‘ਸਤਨਾਮ’ ਅੱਜ ਸ਼ਾਇਰ ਭੈਣਾਂ ਦੀ ਪ੍ਰੇਰਨਾ ਸਦਕਾ,

ਲੋਕ ਕਹਿੰਦੇ ਕਿਆ ਤੇਰੀ ਕਲਮ ਕਲਾ ਦਾ ਰੰਗ ਹੈ।

ਮੰਨਿਆ ਅੱਜਕੱਲ੍ਹ ਲੋਕ ਪੈਸੇ ਨਾਲ ਵਰਤਦੇ,

ਕੀ ਕਰੀਏ ਰੋਗੀ ਦਿਲ ਦਾ ਦਰਵਾਜ਼ਾ ਤੰਗ ਹੈ।

ਗੰਢਾਂ ਆ ਜਾਣ ਤਾਂ ਵੇ ਵੀਰਾ ਹਾੜਾ ਤੋੜੀ ਨਾ,

ਇਹ ਭੈਣ-ਭਾਈ ਦੇ ਰਿਸ਼ਤੇ ਦੀ ਅਮੁੱਲੀ ਤੰਦ ਹੈ।

ਸੰਪਰਕ: 98787-15593

* * *

ਰੱਖੜੀ ਦਾ ਗੀਤ

ਡਾ. ਸਾਧੂ ਰਾਮ ਲੰਗੇਆਣਾ

ਬੈਠ ਵੀਰੇ ਗਾਨਾ ਤੇਰੇ ਗੁੱਟ ’ਤੇ ਸਜਾਵਾਂ ਵੇ

ਚੰਨ ਜਿਹੇ ਮੱਥੇ ਉੱਤੇ ਤਿਲਕ ਲਗਾਵਾਂ ਵੇ

ਚਾਅ ਗੋਡੇ-ਗੋਡੇ ਮੈਨੂੰ ਚੜ੍ਹ ਆਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ,

ਅੱਜ ਦਿਨ ਰੱਖੜੀ ਦਾ ਆਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ।

ਭੈਣਾਂ ਦੇ ਤਾਂ ਸਿਰਾਂ ਉੱਤੇ ਵੀਰ ਹੁੰਦੇ ਛਾਂ ਵੇ

ਵੀਰਾਂ ਨਾਲ ਜੱਗ ਉੱਤੇ ਮਾਪਿਆਂ ਦਾ ਨਾਂ ਵੇ

ਖੇੜਾ ਪੇਕਿਆਂ ਦਾ ਰਹੇ ਰੁਸ਼ਨਾਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ,

ਅੱਜ ਦਿਨ ਰੱਖੜੀ ਦਾ ਆਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ।

ਭੈਣਾਂ ਲਈ ਆਵੇ ਇਹ ਮਸਾਂ-ਮਸਾਂ ਦਿਨ ਵੇ

ਦੋਵਾਂ ਦੇ ਪਿਆਰ ਦਾ ਏ ਰੱਖੜੀ ਹੈ ਚਿੰਨ੍ਹ ਵੇ

ਫਰਜ਼ ਖੁਸ਼ੀ ਨਾਲ ਜਾਵੇ ਨਿਭਾਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ,

ਅੱਜ ਦਿਨ ਰੱਖੜੀ ਦਾ ਆਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ।

ਚੰਗਾ ਵੀਰੇ, ਛੇਤੀ ਆਵੀਂ ਭੈਣ ਨੂੰ ਤੂੰ ਮਿਲਣ ਵੇ

ਦੇਰ ਹੋ ਜੇ, ਭੈਣ ਦਾ ਤਾਂ ਲੱਗੇ ਨਾ ਫਿਰ ਦਿਲ ਵੇ

ਜਾਂਦਾ ਪਿਆਰ ਨਹੀਂਓ ਮਨ ’ਚੋਂ ਭੁਲਾਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ,

ਅੱਜ ਦਿਨ ਰੱਖੜੀ ਦਾ ਆਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ।

ਉਡੀਕਦਾ ਸੀ ‘ਸਾਧੂ’ ਭੈਣ ਤੱਤੜੀ ਨੇ ਆਉਣਾ ਏ

ਗਾਨਾ ‘ਲੰਗੇਆਣੀਏ’ ਦੇ ਗੁੱਟ ’ਤੇ ਸਜਾਉਣਾ ਏ

ਹੋਗੀ ਲੇਟ ਪਿਆ ਸੀ ਮੁੱਖੋਂ ਕਮਲਾਇਆ,

ਵੀਰਾ ਵੇ ਤੇਰੇ ਬੰਨਾਂ ਰੱਖੜੀ,

ਅੱਜ ਦਿਨ ਰੱਖੜੀ ਦਾ ਆਇਆ

ਵੀਰਾ ਵੇ ਤੇਰੇ ਬੰਨਾਂ ਰੱਖੜੀ।

ਸੰਪਰਕ: 98781-17285

* * *

ਰੁਜ਼ਗਾਰ ਮੰਗ

ਨਿਰਮਲ ਸਿੰਘ ਰੱਤਾ

ਮੁਫ਼ਤ ਰਿਊੜੀ ਦਾ, ਸੁਆਦ ਛੱਡ ਦੇ

ਕਿਰਤੀ ਨਾ ਹੱਥ, ਕਿਸੇ ਅੱਗੇ ਅੱਡਦੇ।

ਮਿਹਨਤ ਮੁਸ਼ੱਕਤੋਂ, ਨਾ ਕਰ ਸੰਗ ਤੂੰ

ਛੱਡ ਆਟਾ ਦਾਲ, ਰੁਜ਼ਗਾਰ ਮੰਗ ਤੂੰ।

ਨੇਤਾ ਜੀ ਤਾਂ ਬੱਸ, ਤੈਥੋਂ ਵੋਟ ਭਾਲਦੇ

ਵਿੱਚ ਉਲਝਾ ਕੇ, ਲਾਲਚਾਂ ਦੇ ਜਾਲ ਦੇ।

ਬਚਣਾ ਤਾਂ ਲੱਭ, ਕੋਈ ਰਾਹ ਢੰਗ ਤੂੰ

ਛੱਡ ਆਟਾ ਦਾਲ, ਰੁਜ਼ਗਾਰ ਮੰਗ ਤੂੰ।

ਕਰ ਲੈ ਕਿਰਤ, ਮਨ ਤਨ ਚੰਡ ਕੇ

ਰੁੱਖੀ ਮਿੱਸੀ ਖਾਈਂ, ਸਭਨਾਂ ’ਚ ਵੰਡ ਕੇ।

ਹਿੰਮਤਾਂ ਬਗੈਰ, ਕੱਲ੍ਹ ਹੋਣਾ ਤੰਗ ਤੂੰ

ਛੱਡ ਆਟਾ ਦਾਲ, ਰੁਜ਼ਗਾਰ ਮੰਗ ਤੂੰ।

ਭਾਈ ਲਾਲੋ ਵਾਲਾ, ਕਿੱਸਾ ਹੈ ਸੁਣਾ ਗਿਆ

ਕਿਰਤੀ ਦੀ ਮਹਿਮਾ, ਬਾਣੀ ’ਚ ਗਾ ਗਿਆ।

ਸਿੱਖਿਆ ਗੁਰੂ ਦੀ, ਵਿੱਚ ਜਾਈਂ ਰੰਗ ਤੂੰ

ਛੱਡ ਆਟਾ ਦਾਲ, ਰੁਜ਼ਗਾਰ ਮੰਗ ਤੂੰ।

ਛੋਟਾ ਵੱਡਾ ਕੋਈ, ਕੰਮ ਕਾਰ ਭਾਲ ਤੂੰ

ਇਕਮਿਕ ਹੋ ਜਾ, ਮੁੜ੍ਹਕੇ ਦੇ ਨਾਲ ਤੂੰ।

ਮਿਲੇਗਾ ਆਨੰਦ, ਰਹਿ ਜਾਣਾ ਦੰਗ ਤੂੰ

ਛੱਡ ਆਟਾ ਦਾਲ, ਰੁਜ਼ਗਾਰ ਮੰਗ ਤੂੰ।

ਹੱਡਾਂ ਵਿੱਚ ਪਾਣੀ, ਤੇਰੇ ਪਾਉਣਾ ਲੋਚਦੇ

ਚੜ੍ਹਦੀ ਜਵਾਨੀ, ਉਲਝਾਉਣਾ ਸੋਚਦੇ।

ਧੱਕਿਆਂ ਵਿਰੁੱਧ, ‘ਰੱਤੇ’ ਛੇੜ ਜੰਗ ਤੂੰ

ਛੱਡ ਆਟਾ ਦਾਲ, ਰੁਜ਼ਗਾਰ ਮੰਗ ਤੂੰ।

ਸੰਪਰਕ: 84270-07623

* * *

ਗ਼ਜ਼ਲ

ਮੁਹੰਮਦ ਅੱਬਾਸ ਧਾਲੀਵਾਲ

ਚਿਹਰੇ ਪਿੱਛੇ ਚਿਹਰਾ ਏਥੇ,

ਦੱਸੋ ਸੱਚਾ ਕਿਹੜਾ ਏਥੇ।

ਸੱਚ ਦੀ ਕੀਮਤ ਕੌਡੀ ਪੈਂਦੀ,

ਝੂਠ ਫਰੇਬ ਦਾ ਡੇਰਾ ਏਥੇ।

ਸਾਹਵਾਂ ਦੇ ਵੀ ਸੌਦੇ ਹੁੰਦੇ,

ਲੁੱਟਦਾ ਦਿਨੇ ਲੁਟੇਰਾ ਏਥੇ।

ਦਿਲ ਦੀ ਗੱਲ ਕੋਈ ਸੁਣਦਾ ਨਾਹੀ,

ਸ਼ੋਰ ਪਿਆ ਚੁਫ਼ੇਰਾ ਏਥੇ।

ਚਾਰ ਦਿਨਾਂ ਦੀ ਇਹ ਜ਼ਿੰਦਗਾਨੀ,

ਸਦਾ ਨਾ ਰੈਣ-ਬਸੇਰਾ ਏਥੇ।

ਖ਼ੁਦ ਨੂੰ ਲੱਭਦਾ ਫਿਰੇ ਮਨੁੱਖ,

ਧੁੰਦਲਾ ਦਿਸਦਾ ਚਿਹਰਾ ਏਥੇ।

ਤੇਰੀਆਂ ਅੱਖਾਂ ਵਿੱਚ ਤੱਕਦਿਆਂ,

ਮਿਲੇ ਰੂਹ ਨੂੰ ਸਵੇਰਾ ਏਥੇ।

ਤੇਰੇ ਬਿਨ ਸੁੰਞੀਆਂ ਨੇ ਰਾਤਾਂ,

ਚੰਨ ਵੀ ਲੱਗੇ ਹਨੇਰਾ ਏਥੇ।

ਯਾਦ ਤੇਰੀ ਜਦ ਕੋਲ ਆ ਬੈਠੇ,

ਖਿੜ ਪਏ ਦਿਲ ਦਾ ਵਿਹੜਾ ਏਥੇ।

‘ਅੱਬਾਸ’ ਇਸ ਭੀੜ ਦੇ ਅੰਦਰ,

ਲੱਭੇ ਆਪਣਾ ਚਿਹਰਾ ਏਥੇ।

ਸੰਪਰਕ: 98552-59650

* * *

ਖ਼ੁਦ ’ਤੇ ਭਰੋਸਾ

ਯਸ਼ਿਤਾ ਸੂਦ

ਤੂੰ ਮੇਰੇ ਲਈ ਕੀਤਾ ਕੀ ਹੈ?

ਇਹ ਕਿਉਂ ਪੁੱਛੀਏ ਕਿਸੇ ਤੋਂ ਅਸੀਂ!

ਰੱਖ ਐ ਬੰਦੇ ਖ਼ੁਦ ’ਤੇ ਭਰੋਸਾ,

ਨਹੀਂ ਮਿਲਣਾ ਬਣਿਆ-ਬਣਾਇਆ,

ਖ਼ੁਦ ਹੀ ਹਿੰਮਤ ਕਰਨੀ ਪੈਣੀ,

ਇੱਕ-ਇੱਕ ਕਰ ਪੌੜੀ ਚੜ੍ਹਨੀ ਪੈਣੀ।

ਰਾਹ ਐਨਾ ਆਸਾਨ ਨਾ ਹੋਣਾ,

ਮੰਜ਼ਿਲ ਵੀ ਇਉਂ ਸਰ ਨ੍ਹੀਂ ਹੋਣੀ,

ਲੇਕਿਨ ਇੰਝ ਘਬਰਾਵੀਂ ਨਾ ਤੂੰ,

ਬੱਸ ਅਡੋਲ ਚਲਦਾ ਜਾਵੀਂ ਤੂੰ।

ਰਾਹ ਵਿੱਚ ਕਈ ਥਾਂ ਮਿਲਣਗੇ ਕੰਕਰ,

ਟੋਏ ਟਿੱਬੇ ਵੀ ਦਿਸਣਗੇ।

ਸਬਰ ਦੇ ਨਾਲ ਹੈ ਪਾਰ ਤੂੰ ਕਰਨਾ,

ਨਹੀਂ ਕਿਸੇ ਵੀ ਗੱਲੋਂ ਡਰਨਾ।

ਬੱਸ ਚਲਦੇ ਰਹਿਣਾ, ਰੁਕਣਾ ਨ੍ਹੀਂ,

ਜ਼ਿੰਦਗੀ ਦੀ ਦੌੜ ’ਚ ਥੱਕਣਾ ਨ੍ਹੀਂ।

ਮੁਸ਼ਕਿਲਾਂ ਪਾਰ ਕਰਨਾ ਹੀ ਜ਼ਿੰਦਗੀ ਹੈ,

ਕਿਸੇ ਦੇ ਰੁਕਣ ਨਾਲ ਇਹ ਕਦੋਂ ਰੁਕੀ ਹੈ?

ਤੂੰ ਵੀ ਹਿੰਮਤ ਦੇ ਨਾਲ ਅੱਗੇ ਵਧਣਾ,

ਕਦਮ ਨਾਲ ਕਦਮ ਮਿਲਾ ਕੇ ਚੱਲਣਾ।

ਤੂੰ ਆਪਣੇ ਖੰਭਾਂ ’ਤੇ ਉੱਡਣਾ,

ਕਿਸੇ ਦਾ ਸਹਾਰਾ ਲੈ ਨ੍ਹੀਂ ਹੋਣਾ।

ਉਡਾਣ ਤੇਰੀ ਖ਼ੁਦ ਦੀ ਹੋਵੇ,

ਪਛਾਣ ਤੇਰੀ ਖ਼ੁਦ ਦੀ ਹੋਵੇ।

ਕਿਸੇ ਭਰੋਸੇ ’ਤੇ ਕਿਉਂ ਰਹਿਣਾ,

ਮਿਹਨਤ ਦਾ ਸਦਾ ਮੁੱਲ ਹੈ ਪੈਣਾ।

ਸੰਪਰਕ: 78766-94181

* * *

ਵੋਟਾਂ ਤੱਕ ਦਾ ਪਿਆਰ ਹੈ ਇੱਥੇ

ਰਾਜਿੰਦਰ ਸਿੰਘ ਰਾਜਨ

ਧੋਖੇ, ਮਤਲਬ, ਪਿਆਰ ਨੇ ਇੱਥੇ,

ਸਭ ਖਾਵਣ ਦੇ ਯਾਰ ਨੇ ਇੱਥੇ।

ਨੇਕੀ ਦੀ ਕੋਈ ਗੱਲ ਨਾ ਲੱਭੇ,

ਗੱਲ ਗੱਲ ਵਿੱਚ ਤਕਰਾਰ ਹੈ ਇੱਥੇ।

ਰਿਸ਼ਤੇ ਬਣ ਗਏ ਸੌਦੇਬਾਜ਼ੀ,

ਵਪਾਰ ਦੇ ਬਸ ਇਕਰਾਰ ਨੇ ਇੱਥੇ।

ਯਾਰਾਂ ਵਿੱਚ ਵੀ ਚੁੱਪ ਹੀ ਛਾ ਗਈ,

ਚੁੱਪ ਦੇ ਵਿੱਚ ਵੀ ਚਾਲ ਹੈ ਇੱਥੇ।

ਭਾਈ-ਭਤੀਜਾਵਾਦ ਹੈ ਚੱਲਦਾ,

ਲੁੱਟੀ ਜਾਂਦੇ ਯਾਰ ਨੇ ਇੱਥੇ।

ਨੇਤਾਗਿਰੀ ਸਿਰਫ਼ ਮਤਲਬ ਦੀ,

ਵੋਟਾਂ ਤੱਕ ਦਾ ਪਿਆਰ ਹੈ ਇੱਥੇ।

ਤੂੰ ਕੌਣ ਤੇ ਮੈਂ ਕੌਣ ਫਿਰ,

ਖ਼ਾਮੋਸ਼ ਹਰ ਆਵਾਜ਼ ਹੈ ਇੱਥੇ।

ਦੂਸ਼ਣਬਾਜ਼ੀ ’ਚ ਫਸ ਕੇ ਰਹਿ ਗਏ,

ਉਲਝਿਆ ਪਿਆ ਪੰਜਾਬ ਹੈ ਇੱਥੇ।

ਬੇਰੁਜ਼ਗਾਰੀ, ਭੁੱਖ ਦੀ ਮਾਰੀ,

ਜਨਤਾ ਅਵਾਜ਼ਾਰ ਹੈ ਇੱਥੇ।

ਸੱਚ ਦਾ ਸੌਦਾ ਮਿਲਣਾ ਔਖਾ,

ਝੂਠ ਦਾ ਗਰਮ ਬਾਜ਼ਾਰ ਹੈ ਇੱਥੇ।

ਲਿਖਦਾ ਰਹੀਂ ਤੂੰ ਸੱਚ ਵੇ ‘ਰਾਜਨ’,

ਕਲਮ ਹੀ ਤਾਂ ਤਲਵਾਰ ਹੈ ਇੱਥੇ।

ਸੰਪਰਕ: 94174-27656ਂ

* * *

ਮਾਂ ਪੰਜਾਬੀ

ਅਮਰਜੀਤ ਦਸੂਹਾ

ਮੇਰੀ ਮਾਂ ਪੰਜਾਬੀ ਦੇ, ਸ਼ਹਿਦੋਂ ਮਿੱਠੜੇ ਬੋਲ,

ਪੈਰ ਵਿੱਚ ਹੁਣ ਬੇੜੀਆਂ, ਪੁੱਤਰਾਂ ਦਿੱਤਾ ਰੋਲ।

ਇਹ ਬੋਲੀ ਪੰਜ-ਆਬ ਦੀ, ਇਸ ਦੀਆਂ ਅੱਖਾਂ ’ਚ ਸੋਜ,

ਮੂੰਹ ਵਿੱਚ ਤਾਲੇ ਜੜ ਕੇ, ਸੰਘ ਵਿੱਚ ਘੁੱਟੇ ਬੋਲ।

ਇਹ ਮਿੱਟੀ ਮੁੜ੍ਹਕੇ ਜਨਮੀ, ਕਿਰਤੀ ਕਾਮਿਆਂ ਕੋਲ,

ਭੁੱਖੀ ਕੁੱਖ ਵਿੱਚ ਪਲੀ ਹੈ, ਸੁਣ ਸ਼ੱਕਰ ਮਿੱਠੇ ਬੋਲ।

ਝੂਲੀ ਵਿੱਚ ਇਹ ਤ੍ਰਿੰਞਣਾਂ, ਘੂਕ ਚਰਖੇ ਦੇ ਬੋਲ,

ਖੜਕੀ ਬਲਦੀ ਟੱਲੀਆਂ, ਹਵਾਂ ’ਚ ਸੁਗੰਧਾਂ ਘੋਲ।

ਅੱਖਰ ਸ਼ਬਦ ਸਾਂਭਣ ਲਈ, ਸਿਰ ਝੱਖੜ ਝੱਲੇ ਰੋਜ਼,

ਮੋਰਾਂ ਹਲਟੀ ਪੈਲੀਆਂ, ਨਾਲ ਟਿੱਡੀਆਂ ਦੇ ਬੋਲ।

ਘੁੰਮਦੀ ਸੱਤ ਪਾਣੀਆਂ, ਨਾਲ ਸੰਗੀਤਕ ਬੋਲ,

ਨਾ ਚਾਚੀ ਨਾਂ ਮਾਸੀ ਬਣੀ, ਖੁੱਦੋ ਖਿੱਲਰੇ ਬੋਲ।

ਹੁਣ ਜੁੱਸਾ ਲਹੂ ਲੁਹਾਂਦੜਾ, ਪਾਵੇ ਕਾਲਜੇ ਹੌਲ,

ਧੱਕੇ ਮਾਰਦੇ ਦਫਤਰੋਂ, ਘੁੱਟ ’ਤੇ ਸੰਘੀ ਬੋਲ।

‘ਅਮਰ’ ਚੀਕੇ ਹੁਣ ਸਾਂਭ ਲਓ, ਪਾਕ ਜਜ਼ਬੇ ਦੀ ਖੋਰ,

ਮਾਂ ਪੰਜਾਬੀਓ ਸਾਂਭ ਲਓ, ਦਾਨਿਸ਼ਮੰਦ ਦੇ ਬੋਲ।

ਸੰਪਰਕ: 89689-33711

* * *

Advertisement
×