ਕਾਵਿ ਕਿਆਰੀ: ਕੈਮਰੇ ਦੀ ਅੱਖ ਬੰਦ ਨਹੀਂ ਹੋਈ
ਅਮਰਜੀਤ ਟਾਂਡਾ ਤੂੰ ਚਲਾ ਗਿਆ ਏਂ ਪਰ ਤੇਰੇ ਜਾਣ ਨਾਲ ਦੁਨੀਆ ਦੀ ਕੋਈ ਤਸਵੀਰ ਅਜੇ ਪੂਰੀ ਤਰ੍ਹਾਂ ਕਾਲੀ ਨਹੀਂ ਹੋਈ ਕਿਤੇ ਕਿਸੇ ਬਜ਼ੁਰਗ ਦੇ ਚਿਹਰੇ ਉੱਤੇ ਸਮੇਂ ਦੀਆਂ ਝੁਰੜੀਆਂ ਬੋਲ ਰਹੀਆਂ ਨੇ ਕਿਤੇ ਕਿਸੇ ਬੱਚੇ ਦੀਆਂ ਅੱਖਾਂ ਵਿੱਚ ਭਵਿੱਖ ਅਜੇ...
ਅਮਰਜੀਤ ਟਾਂਡਾ
ਤੂੰ ਚਲਾ ਗਿਆ ਏਂ
ਪਰ ਤੇਰੇ ਜਾਣ ਨਾਲ
ਦੁਨੀਆ ਦੀ ਕੋਈ ਤਸਵੀਰ
ਅਜੇ ਪੂਰੀ ਤਰ੍ਹਾਂ ਕਾਲੀ ਨਹੀਂ ਹੋਈ
ਕਿਤੇ ਕਿਸੇ ਬਜ਼ੁਰਗ ਦੇ ਚਿਹਰੇ ਉੱਤੇ
ਸਮੇਂ ਦੀਆਂ ਝੁਰੜੀਆਂ ਬੋਲ ਰਹੀਆਂ ਨੇ
ਕਿਤੇ ਕਿਸੇ ਬੱਚੇ ਦੀਆਂ ਅੱਖਾਂ ਵਿੱਚ
ਭਵਿੱਖ ਅਜੇ ਵੀ ਜਨਮ ਲੈ ਰਿਹਾ ਹੈ
ਕਿਤੇ ਮਜ਼ਦੂਰ ਦੇ ਹੱਥਾਂ ਉੱਤੇ
ਮਿਹਨਤ ਦੀ ਚਮਕ ਹੈ
ਤੇ ਮੈਨੂੰ ਲੱਗਦਾ ਹੈ
ਤੂੰ ਅਜੇ ਵੀ
ਆਪਣੇ ਕੈਮਰੇ ਦੇ ਪਿੱਛੇ ਖੜ੍ਹਾ ਏਂ
ਤੂੰ ਸਾਨੂੰ
ਚੀਜ਼ਾਂ ਵੇਖਣ ਦਾ ਸਲੀਕਾ ਸਿਖਾਇਆ ਸੀ
ਤੂੰ ਚਿਹਰੇ ਨਹੀਂ ਖਿੱਚਦਾ ਸੀ
ਚਿਹਰਿਆਂ ਦੇ ਪਿੱਛੇ ਲੁਕੇ ਹੋਏ
ਸਾਲਾਂ ਨੂੰ ਫੜ ਲੈਂਦਾ ਸੀ
ਇੱਕ ਤਸਵੀਰ ਵਿੱਚ
ਤੂੰ ਇੱਕ ਪੂਰਾ ਪੰਜਾਬ ਰੱਖ ਦਿੰਦਾ ਸੀ
ਇੱਕ ਅੱਖ ਵਿੱਚ
ਸਦੀਆਂ ਦੀ ਥਕਾਵਟ
ਇੱਕ ਮੁਸਕਾਨ ਵਿੱਚ
ਪੂਰੀ ਜ਼ਿੰਦਗੀ ਦੀ ਰੌਸ਼ਨੀ
ਹੁਣ ਜਦੋਂ ਤੂੰ ਨਹੀਂ ਏਂ
ਤਾਂ ਸ਼ਹਿਰ ਉਹੀ ਹੈ
ਰਾਹ ਉਹੀ ਨੇ
ਲੋਕ ਉਹੀ ਨੇ
ਆਸਮਾਨ ਵੀ ਉਹੀ ਹੈ
ਪਰ ਇਨ੍ਹਾਂ ਨੂੰ ਵੇਖਣ ਵਾਲੀ
ਇੱਕ ਅੱਖ ਘੱਟ ਹੋ ਗਈ ਹੈ
ਸ਼ਾਇਦ ਮੌਤ
ਇਨਸਾਨ ਨੂੰ ਖ਼ਤਮ ਨਹੀਂ ਕਰਦੀ
ਉਹ ਸਿਰਫ਼
ਦੇਹ ਨੂੰ
ਸਾਡੀਆਂ ਅੱਖਾਂ ਤੋਂ ਦੂਰ ਕਰਦੀ ਹੈ
ਕੁਝ ਲੋਕ
ਚਲੇ ਜਾਣ ਤੋਂ ਬਾਅਦ
ਹੋਰ ਵੀ ਵੱਧ ਦਿਸਣ ਲੱਗਦੇ ਹਨ
ਉਨ੍ਹਾਂ ਦੀ ਆਵਾਜ਼
ਚੁੱਪ ਵਿੱਚ ਸੁਣਾਈ ਦਿੰਦੀ ਹੈ
ਉਨ੍ਹਾਂ ਦੀ ਤਸਵੀਰ
ਯਾਦ ਵਿੱਚ ਨਹੀਂ
ਜ਼ਮੀਰ ਵਿੱਚ ਟੰਗੀ ਰਹਿੰਦੀ ਹੈ
ਹਰਭਜਨ ਬਾਜਵਾ
ਤੇਰੇ ਕੈਮਰੇ ਨੇ
ਜਿਹੜੇ ਲੋਕ ਦੁਨੀਆ ਨੂੰ ਵਿਖਾਏ
ਉਹ ਹੁਣ ਤੇਰੀ ਗ਼ੈਰਹਾਜ਼ਰੀ ਵਿੱਚ
ਤੇਰੀ ਗਵਾਹੀ ਬਣਨਗੇ
ਕਿਸੇ ਮਿੱਟੀ ਵਿੱਚੋਂ ਉੱਗਦਾ ਚਿਹਰਾ
ਕਿਸੇ ਬੁੱਢੀ ਮਾਂ ਦੀ ਉਡੀਕ
ਕਿਸੇ ਕਿਸਾਨ ਦਾ ਪਸੀਨਾ
ਕਿਸੇ ਰਾਹ ਉੱਤੇ ਤੁਰਦਾ ਇਕੱਲਾ ਬੰਦਾ
ਸਭ ਕਹਿਣਗੇ
ਇੱਕ ਆਦਮੀ ਹੁੰਦਾ ਸੀ
ਜੋ ਸਾਨੂੰ ਵੇਖ ਕੇ
ਸਾਨੂੰ ਸਾਡੇ ਨਾਲ ਮਿਲਾ ਜਾਂਦਾ ਸੀ
ਹੁਣ ਤੇਰਾ ਕੈਮਰਾ
ਕਿਸ ਦੇ ਹੱਥ ਵਿੱਚ ਹੈ
ਇਹ ਸਵਾਲ ਨਹੀਂ
ਸਵਾਲ ਇਹ ਹੈ
ਕਿ ਅਸੀਂ ਆਪਣੀਆਂ ਅੱਖਾਂ ਵਿੱਚ
ਤੇਰੀ ਨਿਗਾਹ ਕਿੰਨੀ ਦੇਰ ਜਿਊਂਦੀ ਰੱਖ ਸਕਾਂਗੇ
ਕਿਉਂਕਿ ਤਸਵੀਰ
ਕਾਗਜ਼ ਉੱਤੇ ਨਹੀਂ ਰਹਿੰਦੀ
ਜੇ ਉਸ ਵਿੱਚ ਸੱਚ ਹੋਵੇ
ਉਹ ਮਨੁੱਖ ਦੇ ਅੰਦਰ
ਇੱਕ ਛੋਟੀ ਜਿਹੀ ਖਿੜਕੀ ਬਣ ਜਾਂਦੀ ਹੈ
ਜਿੱਥੋਂ ਉਹ
ਦੁਨੀਆ ਨੂੰ ਵੇਖਦਾ ਹੈ
ਅੱਜ ਤੇਰੇ ਸਦੀਵੀ ਵਿਛੋੜੇ ਉੱਤੇ
ਅਸੀਂ ਤੈਨੂੰ ਅਲਵਿਦਾ ਕਹਿੰਦੇ ਹਾਂ
ਪਰ ਸ਼ਾਇਦ
ਅਲਵਿਦਾ ਉਨ੍ਹਾਂ ਨੂੰ ਕਹੀ ਜਾਂਦੀ ਹੈ
ਜੋ ਯਾਦ ਤੋਂ ਵੀ ਮਿਟ ਜਾਣ
ਤੂੰ
ਹਰ ਉਸ ਤਸਵੀਰ ਵਿੱਚ ਰਹੇਂਗਾ
ਜਿੱਥੇ ਮਨੁੱਖ
ਮਨੁੱਖ ਵਾਂਗ ਦਿਸੇਗਾ
ਹਰ ਉਸ ਰੋਸ਼ਨੀ ਵਿੱਚ
ਜੋ ਹਨੇਰੇ ਨੂੰ
ਸਿਰਫ਼ ਚੀਰਦੀ ਨਹੀਂ
ਉਸ ਦਾ ਚਿਹਰਾ ਵੀ ਵਿਖਾਉਂਦੀ ਹੈ
ਤੇ ਜਦੋਂ ਕਦੇ
ਕਿਸੇ ਸਵੇਰ ਦੀ ਧੁੱਪ
ਕਿਸੇ ਬੇਨਾਮ ਚਿਹਰੇ ਉੱਤੇ ਪਵੇਗੀ
ਅਸੀਂ ਸ਼ਾਇਦ ਹੌਲੀ ਜਿਹੀ ਆਖਾਂਗੇ
ਵੇਖੋ
ਹਰਭਜਨ ਦਾ ਕੈਮਰਾ
ਅਜੇ ਵੀ ਚੱਲ ਰਿਹਾ ਹੈ
ਕਿਉਂਕਿ ਕੁਝ ਅੱਖਾਂ
ਬੰਦ ਹੋ ਕੇ ਵੀ
ਦੁਨੀਆ ਨੂੰ ਵੇਖਦੀਆਂ ਰਹਿੰਦੀਆਂ ਹਨ।
ਸੰਪਰਕ: 61-412913021
* * *
ਗ਼ਜ਼ਲ
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਕੁਦਰਤ ਉਸ ਨੂੰ ਤੋਹਫ਼ਾ ਦਿੰਦੀ ਕਦਰ ਸਮੇਂ ਦੀ ਕਰਦਾ ਜੋ,
ਉਹੋ ਸਾਹਿਲ ਉਤੇ ਪੁੱਜਦਾ ਡੂੰਘੇ ਪਾਣੀ ਤਰਦਾ ਜੋ।
ਦੂਜੇ ਉੱਤੇ ਨਿਰਭਰ ਬੰਦਾ ਭੁੱਖ ਕਦੀ ਨ੍ਹੀਂ ਛੱਡਦਾ,
ਤ੍ਰਿਪਤ ਇਰਾਦੇ ਉਹੋ ਰੱਖਦਾ ਆਤਮ ਬਲ ਨਾਲ ਲੜਦਾ ਜੋ।
ਸਭ ਕੁਝ ਹੁੰਦਿਆਂ-ਸੁੰਦਿਆਂ ਫਿਰ ਵੀ ਰੀਂਘਣ ਦਾ ਆਦੀ ਹੁੰਦਾ ਜੋ,
ਧਰਤੀ ਉਪਰ ਬੋਝ ਹੈ ਹੁੰਦਾ, ਜਿਊਂਦਾ ਤੇ ਨਾ ਮਰਦਾ ਉਹ।
ਧਰਤੀ ’ਚੋਂ ਖ਼ੁਸ਼ਹਾਲੀ ਵਰਗਾ ਸੋਨਾ ਪੈਦਾ ਕਰਦੇ ਵੇਖੇ,
ਅਪਣੇ ਤਨ ਦੇ ਸਿੱਦਕ ਉਤੇ ਨਿੱਤ ਖ਼ੂਨ ਪਸੀਨਾ ਜਰਦੇ ਜੋ।
ਬੁਝਦਿਲ ਕਾਇਰ ਰੱਖਦਾ ਨਾਹੀ ਜ਼ੁਰਰਤ ਮੌਕਾ ਪਾਵਣ ਦੀ,
ਅੱਤ ਗਰਮੀ ਦੇ ਮੌਸਮ ਵਿੱਚ ਵੀ ਸਰਦੀ ਵਾਗੂੰ ਠਰਦਾ ਜੋ।
ਆਪੇ ਅੱਗ ਲਗਾ ਦਿੰਦਾ ਹੈ, ਆਪੇ ਦਿੰਦਾ ਫੇਰ ਬੁਝਾ,
ਅਪਣੀਆਂ ਕਰਤੂਤਾਂ ਉਤੇ ਆਪੇ ਪਾਂਦਾ ਪਰਦਾ ਜੋ।
‘ਬਾਲਮ’ ਦੂਜੇ ਦੇ ਕੰਮ ਆਉਣਾ ਸੱਚਾ ਧਰਮ ਕਹਾਉਂਦਾ ਹੈ,
ਬੱਦਲ ਸ਼ੁੱਭਅਸੀਸਾਂ ਲੈਂਦਾ ਔੜਾਂ ਦੇ ਵਿੱਚ ਵਰ੍ਹਦਾ ਜੋ।
ਸੰਪਰਕ: 98156-25409
* * *
ਰੁੱਖ ਤੇ ਪਾਣੀ
ਗੁਰਤੇਜ ਸਿੰਘ
ਕਿੱਥੋਂ ਠੰਢੀਆਂ ਛਾਵਾਂ ਲੱਭਦਾ
ਕਿੱਥੋਂ ਲੱਭੇ ਪਾਣੀ
ਵਿੱਚ ਲਾਲਚ ਦੇ ਸਾਰੇ ਵੱਢ ‘ਤੇ
ਸਮਝੀ ਨਹੀਂ ਕਹਾਣੀ
ਵਰਤ-ਵਰਤ ਕੇ ਨਵੀਆਂ ਜੁਗਤਾਂ
ਡੂੰਘੀਆਂ ਖੱਡਾਂ ਪੱਟੇ
ਇੱਕ ਦਿਨ ਐਸਾ ਆ ਜਾਣਾ ਏ
ਹੱਥ ਰਹਿਣੇ ਨੇ ਵੱਟੇ।
ਮੁੱਲ ਬਾਜ਼ਾਰੋਂ ਲੈ ਨੀ ਹੋਣਾ
ਇਹੋ ਸੱਚ ਪਛਾਣੀਂ
ਕਿੱਥੋਂ ਠੰਢੀਆਂ ਛਾਵਾਂ ਲੱਭਦਾ
ਕਿੱਥੋਂ ਲੱਭੇ ਪਾਣੀ।
ਸਾਹ ਨਾ ਸੌਖਾ ਆਉਂਦਾ ਕਿੱਧਰੇ
ਤਪਦੀ ਧਰਤੀ ਲੂਹੇ
ਲੰਬੀ ਧੂਏਂ ਦੀ ਇੱਕ ਚਾਦਰ
ਅਸਮਾਨਾਂ ਨੂੰ ਛੂਹੇ।
ਤਣੇ, ਟਾਹਣੀਆ, ਪੱਤੇ ਸੜ ਗਏ
ਸੜ ਗਏ ਨੇ ਕਈ ਹਾਣੀ
ਕਿੱਥੋਂ ਠੰਢੀਆਂ ਛਾਵਾਂ ਲੱਭਦਾ
ਕਿੱਥੋਂ ਲੱਭੇ ਪਾਣੀ।
ਬਿਨ ਮਤਲਬੋਂ ਡੋਲ੍ਹੀਂ ਜਾਵੇਂ
ਕਦਰ ਕਿਉਂ ਨਹੀਂ ਕਰਦੇ
ਪੁੱਛੋ ਓਹਨਾਂ ਕੋਲੋਂ ਕੀਮਤ
ਜੋ ਕੋਹਾਂ ਤੋਂ ਭਰਦੇ।
ਪਾਣੀ ਬਾਝ ਨਾ ਕਦੇ ਵੀ ਉਪਜੇ
ਪੌਦਾ ਅਤੇ ਪ੍ਰਾਣੀ
ਕਿੱਥੋਂ ਠੰਢੀਆਂ ਛਾਵਾਂ ਲੱਭਦਾ
ਕਿੱਥੋਂ ਲੱਭੇ ਪਾਣੀ।
ਹਾਲੇ ਵੀ ਕੁਝ ਨਾ ਵਿਗੜਿਆ
ਅਕਲਾਂ ਨੂੰ ਹੱਥ ਮਾਰ
ਕੁਦਰਤ ਨੇ ਸੌਗਾਤਾਂ ਦਿੱਤੀਆਂ
ਇਹਨਾਂ ਨੂੰ ਸੰਭਾਲ।
‘ਤੇਜਿਆ’ ਮਤਲਬ ਨਹੀਓਂ ਚੰਗਾ
ਛੱਡ ਕਰਨੀ ਮਨਮਾਨੀ
ਕਿੱਥੋਂ ਠੰਢੀਆਂ ਛਾਵਾਂ ਲੱਭਦਾ
ਕਿੱਥੋਂ ਲੱਭੇ ਪਾਣੀ।
ਸੰਪਰਕ: 97804-00626
* * *
ਬਦਲਦੀ ਦੁਨੀਆ ਬਦਲਦੇ ਲੋਕ
ਦੀਪਿਕਾ ਅਰੋੜਾ
ਅਜਬ ਦੁਨੀਆ ਦਾ ਫ਼ਲਸਫ਼ਾ ਹੋ ਗਿਆ ਹੈ,
ਕਿ ਇੰਸਾਂ ’ਚੋਂ ਇੰਸਾਂ ਜੁਦਾ ਹੋ ਗਿਆ ਹੈ।
ਮਜ਼ਹਬ ਦੇ ਨਾਂ ’ਤੇ ਮਨੁੱਖਤਾ ਦੀਆਂ ਵੰਡਿਆਂ,
ਐਸੀ ਫ਼ਿਤਰਤ ’ਤੇ ਹੈਰਾਂ ਖ਼ੁਦਾ ਹੋ ਗਿਆ ਹੈ।
ਹਰਿਕ ਥਾਂ ਫ਼ਰੇਬੀ ਦੀ ਹੋਵੇ ਹੈ ਪੁੱਛ-ਗਿੱਛ,
ਸੱਚ ਬੋਲਣਾ ਜਿਉਂ ਗੁਨਾਹ ਹੋ ਗਿਆ ਹੈ।
ਹੰਸਾਂ ਦੀ ਡਾਰਾਂ ’ਤੇ ਚੁੱਪ ਦੀ ਹੈ ਬੰਦਿਸ਼,
ਕਾਗਾਂ ਦਾ ਹੁਣ ਦਬਦਬਾ ਹੋ ਗਿਆ ਹੈ।
ਪੀੜਾਂ ’ਤੇ ਸਦਕੇ ਇਮੋਜੀ ਦਾ ਮਰਹਮ,
ਕਿ ਹੱਕ ਦੋਸਤੀ ਦਾ ਅਦਾ ਹੋ ਗਿਆ ਹੈੈੈੈ।
ਕਠਪੁਤਲੀ ਬਣਕੇ ਕਦੋਂ ਤਕ ਮੈਂ ਨਚਦਾ,
ਬਗ਼ਾਵਤ ਜੋ ਕੀਤੀ ਗ਼ੁਨਾਹ ਹੋ ਗਿਆ ਹੈ।
ਮੁਜ਼ਰਿਮ ਅਸਾਡਾ ਹੀ ਮੁਨਸਿਫ਼ ਹੈ ਬਣਿਆ,
ਤੇ ਚੋਰਾਂ ਦਾ ਡੱਡੂ ਗਵਾਹ ਹੋ ਗਿਆ ਹੈ।
* * *
ਮਾਵਾਂ
ਹਰਪ੍ਰੀਤ ਪੱਤੋ
ਮਾਂ ਬਿਨਾਂ ਜਗ ਘੁੱਪ ਹਨੇਰਾ,
ਕਹਿੰਦੇ ਲੋਕ ਸਿਆਣੇ।
ਖੋਹ ਲੈਂਦੇ ਟੁੱਕ ਹੱਥਾਂ ਵਿੱਚੋਂ,
ਕਾਂ ਕਾਲੇ ਮਰ ਜਾਣੇ।
ਚਾਅ ਮੁੱਕ ਜਾਣ ਦਿਲਾਂ ਦੇ, ਰੁਲਦੇ
ਗਲੀਆਂ ਵਿੱਚ ਨਿਆਣੇ।
ਜਿਨ੍ਹਾਂ ਕੋਲੇ ਮਾਂ ਨ੍ਹੀਂ ਹੁੰਦੀ,
ਘਾਟਾਂ ਉਹੀ ਜਾਣੇ।
ਕਈ ਮਾਵਾਂ, ਮਾਵਾਂ ਨ੍ਹੀਂ ਹੁੰਦੀਆਂ,
ਰੱਖਦੀਆਂ ਭੁੱਖਣ ਭਾਣੇ।
ਨਾਲ ਮਾਸੂਮਾਂ ਦਗਾ ਕਮਾਵਣ,
ਮੱਲਦੀਆਂ ਹੋਰ ਟਿਕਾਣੇ।
ਕੀਤੇ ਕਿਹੜੇ ਪਾਪ ਇਨ੍ਹਾਂ ਨੇ,
ਜਾਂ ਮੰਨ ਲਈਏ ਭਾਣੇ।
ਉਨ੍ਹਾਂ ਮਾਵਾਂ ਨੂੰ ਕੀ ਕਹੀਏ,
ਜੋ ਦਿੰਦੀਆਂ ਜ਼ਹਿਰੀ ਖਾਣੇ।
ਇੱਕ ਪੱਖ ਨਾ ਰੱਖੀਏ ‘ਪੱਤੋ’,
ਚਾਹੀਏ ਦੋਵੇਂ ਪੱਖ ਦਰਸਾਣੇ।
ਸੰਪਰਕ: 94658-21417
* * *
ਮਨਿ ਜੀਤੈ ਜਗੁ ਜੀਤੁ
ਜਤਿੰਦਰ ਸਿੰਘ ‘ਸੂਫੀ’ ਪਮਾਲ
ਕਦੇ ਮੰਦਿਰ, ਕਦੇ ਮਸਜਿਦ ਕਦੇ ਗੁਰਦੁਆਰਾ,
ਚੈਨ ਨਾ ਆਵੇ ਮਨ ਨੂੰ ਕੀ ਕਰੇ ਵਿਚਾਰਾ।
ਮਨ ਦੀ ਸ਼ਾਂਤੀ ਲਈ ਤੀਰਥ ਕਈ ਨ੍ਹਾਤੇ,
ਪਰ ਨਾ ਮਿਲਿਆ ਚਿੰਤਾਵਾਂ ਤੋਂ ਛੁਟਕਾਰਾ।
ਹਰ ਥਾਂ ਗੋਲਕਾਂ ਖਾਤਰ ਲੜਾਈਆਂ,
ਧਰਮਾਂ ਦੇ ਨਾ ’ਤੇ ਹੋਵੇ ਬਟਵਾਰਾ।
ਸੱਚ ਜਾਣੋ ਹੈ ਘਰ ਵਿੱਚ ਤੀਰਥ,
ਰਹੇ ਹਸਦਾ-ਵਸਦਾ ਜੇ ਟੱਬਰ ਸਾਰਾ।
ਪੱਕਾ ਵੇਖ ਨਾ ਢਾਹਿਓ ਕੱਚਾ,
ਕਰੋ ਚਾਦਰ ਵੇਖ ਕੇ ਪੈਰ ਪਸਾਰਾ।
ਸਬਰ, ਸੰਤੋਖ, ਸਾਦਗੀ, ਸੰਜਮ,
ਅਸਲ ਜ਼ਿੰਦਗੀ ਦਾ ਅਸਲ ਨਜ਼ਾਰਾ।
ਲਾਲਚ ਦੇ ਚੱਕਰ ਵਿੱਚ ਨਾ ਫਸਿਓ,
ਅੰਤ ਨੂੰ ਛੱਡਣਾ ਖਾਲੀ ਹੱਥ ਸਾਰਾ।
ਕਿਰਤੀਆਂ, ਕਾਮਿਆਂ ਨੂੰ ਗਲ ਲਾਇਓ
ਮਲਕ ਭਾਗੋ ਦਾ ਛੱਡ ਭੰਡਾਰਾ।
ਲੋਟੂ ਲੀਡਰਾਂ ’ਤੇ ਇਤਬਾਰ ਨਾ ਕਰਿਓ,
ਦੋ ਮਿੰਟਾਂ ਵਿੱਚ ਕਰਨ ਪੱਗ ਦਾ ਬਟਵਾਰਾ।
ਕਿਰਤ ਕਰੋ, ਨਾਮ ਜਪੋ, ਵੰਡ ਛੱਕੋ,
ਹੈ ਸਭ ਸਿਧਾਂਤਾਂ ਤੋਂ ਸਿਧਾਂਤ ਨਿਆਰਾ।
ਸੰਪਰਕ: 98156-73477
* * *

