ਕਾਵਿ ਕਿਆਰੀ

ਕਾਵਿ ਕਿਆਰੀ

ਪਿੰਡ ਦਾ ਛੱਪੜ

ਪਵਨ ਗੁਲਾਟੀ

ਇਸ ਦੇ ਪਾਣੀਆਂ ਅੰਦਰ ਦਿਸੇ ਨਿੰਬਲ ਆਕਾਸ਼ ’ਚ

ਸ਼ੂੰਅ ਕਰ ਲੰਘਦਾ ਜਹਾਜ਼ ਕੋਈ

ਪਰਿੰਦੇ ਰੰਗ ਬਰੰਗੇ, ਪੇਚੇ ਅੜੀਆਂ ਪਤੰਗਾਂ

ਮੇਘ ਕਾਲੇ, ਸਲੇਟੀ, ਕਪਾਹੀ, ਬਰਫ਼ ਦੇ ਗੋਹੜਿਆਂ ਜਿਹੇ

ਕਦੇ ਕਦਾਈਂ ਵਿੱਚੇ ਝੂਟੇ ਸਤਰੰਗੀ

ਨਹਾਉਣ ਮੱਝੀਆਂ, ਗਾਈਆਂ ਤੇ ਛੇੜੂ ਇਨ੍ਹਾਂ ਦੇ

ਕੰਢੇ ਖੜ੍ਹੇ ਪਿੱਪਲ ਤੇ ਖੇਡਦੇ ਗੜਕਾਨਾ ਲੱਕੜੀ

ਸ਼ਾਮ ਤੀਕ ਪਾਣੀ ਏਸਦਾ ਰਸ ਜਾਏ ਚਮੜੀ ’ਚ ਏਨਾ

ਪਰਤਦੇ ਘਰਾਂ ਨੂੰ ਤਾਂ ਹੌਲੇ ਫੁੱਲ

ਪੈਰਾਂ ’ਚ ਐਪਰ ਚਿੱਕੜ-ਮਿੱਟੀ

ਹੋਠਾਂ ’ਤੇ ਲਰਜਦੀ ਵਕਤ ਦੀ ਬੰਸਰੀ

ਪਾਣੀਆਂ ਅੰਦਰ ਟੁੱਬੀਆਂ ਮਾਰੇ

ਤਪਿਆ ਸੂਰਜ, ਮਲ-ਮਲ ਚਿੱਕੜ ’ਚ ਮੂੰਹ ਧੋਂਦਾ

ਠੰਢਾ ਸੀਤ ਹੋਇਆ ਆਥਣੇ

ਥੱਕਿਆ, ਟੁੱਟਿਆ ਮੂੰਹ ਛਿਪਾ ਹੌਲੀ ਹੌਲੀ

ਪੱਛਮ ਦੀ ਅਲਾਣ੍ਹੀ ਮੰਜੀ ’ਤੇ ਢਹਿ-ਢੇਰੀ

ਤਾਣ ਲੈਂਦਾ ਕਾਲਾ ਲਿਹਾਫ਼

ਸੰਧਿਆ ਵੇਲੇ, ਰਤਾ ਕੁਵੇਲੇ, ਤਾਰੇ ਨੈਣ ਲੜਾਉਂਦੇ

’ਨੇਰ੍ਹੇ ਪਾਣੀ ਅੰਦਰ ਇਸ ਦੇ ਚੰਨ ਪਾਵੇ ਬਾਤੜੀਆਂ

ਜਿੱਥੇ ਬੀਂਡੇ, ਡੱਡਾਂ, ਸ਼ੀ ਸ਼ੀ ਕਰਦੀਆਂ

ਕਿਸੇ ਖੁੱਡ-ਖੋਲ੍ਹ ’ਚ ਮੁੜਮੁੜ

ਕੰਨਾਂ ਮਾਟੀ ਕੁਰ ਕੁਰ ਕੁਰ ਕੁਰ

ਕਿਤੇ ਪਾਟੀ ਚੁੰਨੀ, ਮੈਲਾ ਪਰਨਾ,

ਖੋਪਾ ਟੂਣੇ ਵਾਲਾ, ਲੀਰਾਂ, ਭੌਣਾਂ ਉਪਰ ਤਿਲਚੌਲੀ

ਵਿਹੜੇ ਅੰਦਰੋਂ ਮੂਤਰ ਭਰੀਆਂ, ਗੋਹੇ ਨਾਲ ਅੱਟੀਆਂ

ਨਾਲੀਆਂ ਮਾਰ ਧਰਾਲਾਂ

ਰਲ ਮਿਲ ਜਾਵਣ ਏੜ ਗੇੜ

ਪੱਛੋ ਪੱਤੀ ਦੀ ਵੱਡੀ ਨਾਲੀ ਅੰਦਰ

ਜਿਸ ’ਚ ਗਰ ਗਰ ਕਰਦਾ

ਵਗਿਆ ਆਉਂਦਾ ਸਾਬਣ ਵਾਲਾ ਪਾਣੀ

ਵਿਚ ਕੋਈ ਲੀੜਾ ਨਿੱਕਾ, ਡੱਬ ਖੜੱਬੀ ਰੰਗੋਂ ਛਿੱਜੀ ਲੀਰ

ਸਕੂਲ ਵਾਲੇ ਕੰਢੇ ‘ਬੰਨੀ’ ਪੱਕੀਆਂ ਇੱਟਾਂ ਵਾਲੀ

ਚੌਂਤਰੇ ਸੱਥ ਵਾਲੇ ਪਾਸੇ

ਚੂਪੀਆਂ ਗਨੇਰੀਆਂ ਦੇ ਢੇਰ, ਫਟੇ ਗੁਬਾਰੇ

ਥੋਥੇ ਖੋਖਲੇ ਸੰਖ, ਗਲੀ ਸੜੀ ਮੱਝ

ਬੇਢਬੇ ਹੋਜ਼ ਵਿਚੋਂ

ਗੋਲ ਪਾਈਪ ਵਾਲੀ ਵੱਡੀ ਨਾਲੀ ਥਾਣੀਂ

ਰਲਦੀ ਰਵਾਂ ਰਵੀਂ ਇਸ ਦੇ ਗੰਧਲੇ ਪਾਣੀ ਅੰਦਰ

ਟਰੈਕਟਰਾਂ-ਟਰਾਲੀਆਂ ਵੱਢ ਟੁੱਕ ਮਧੋਲੀ ਪਹੀ ਭੱਠੇ ਵਾਲੀ

ਜਿੱਥੇ ਦੋ ਕੁ ਕਿੱਲੇ ਪਰਾਂ ਖੇਤ ’ਚ

ਪਥੇਰ ਤੜਕੇ ਹੀ ਥੱਪਣ ਲੱਗਦੇ ਇੱਟਾਂ ਕੱਚੀਆਂ

ਘੁੰਡ ਕੱਢੀ ਪਥੇਰਨਾਂ ਚਿਣਦੀਆਂ ਲੰਬੇ ਦਾਅ

ਦੂਰ ਤਕ ਲੱਗੀਆਂ ਧਾਕਾਂ

ਨਿਆਣੇ ਨਲੀ ਚੋਚਲ, ਨੰਗ ਮਨੁੰਗੇ

ਮਿੱਟੀ ਨਾਲ ਲਥ-ਪਥ ਦੁੜੰਗੇ ਲਾਉਂਦੇ

ਚੁੱਕ ਚੁੱਕ ਡਲੇ ਨਿਸ਼ਾਨੇ ਲਾਉਣ, 

ਛੱਪੜ ’ਚ ਤੈਰਦੀਆਂ ਮੁਰਗ਼ਾਬੀਆਂ ਦੇ

ਸਿਵਿਆਂ ਵਾਲੇ ਕੰਢੇ ਜੰਡ ਦੇ ਡਾਹਣ ਟੰਗਿਆ ਰੱਸਾ

ਰੱਸੇ ਉਪਰ ਲਟਕਦਾ, ਵਹੀਆਂ ਉਪਰ ਲੱਗਾ ’ਗੂਠਾ

ਹੇਠਾਂ ਡਿੱਗੀ ਪੱਗ ਲੜ ਬੱਝਾ ਪਰਨੋਟ ਕੋਈ

ਕਿਤੇ ਖੁਸ਼ਬੂਆਂ ਕਿਸੇ ਕੰਢੇ

ਜਿੱਥੇ ਫੁੱਲ ਜਾਮਣੀ, ਕੱਕੇ, ਸੁਰਖ਼, ਕਿਰਮਚੀ

ਨੈਣ ਜੋਬਨ, ਸ਼ੋਖ ਪਰਿੰਦੇ, ਮੱਖੀਆਂ ਮਾਖੋ ਰੱਤੀਆਂ

ਅਟਕੀਆਂ, ਮਟਕੀਆਂ, ਭਟਕੀਆਂ, ਭਰਮ ਝਾਉਲੇ ਐਸੇ

ਕਿ ਸਭ ਥੀਂ ਦਿਸੇ ਸਭ ਕੁਝ, ਜ਼ਿਮੀ ਅਸਮਾਨ

ਕਿਸੇ ਕੋਨੇ ਗਾਚਨੀ ਦੀ ਮਿੰਨੀ ਵਾਸ਼ਨਾ ਜਿਹੀ

ਕੱਚੀ ਮਿੱਟੀ ਪੋਲੀ ਪੋਲੀ, ਨਿਰੀ ਮਾਸੂਮ

ਕਿਤੇ ਡਲੇ ਕਿਤੇ ਗੜ੍ਹੇ ਰਲੇ ਮਿਲੇ

ਬਣੇ ਗਾਰੇ ਵਾਲੀ ਕਾਣ੍ਹੀ ਮਿੱਧੀ ਖੁਰਦਰੇ ਪੱਬਾਂ

ਮੁੜ੍ਹਕੇ ਦੀਆਂ ਭਰ ਭਰ ਬਾਲਟੀਆਂ

ਬੱਠਲਾਂ ’ਚ ਭਰਿਆ ਕਹੀਆਂ

ਲਿੱਪੀਆਂ ਕੰਧਾਂ ਕੱਚੀਆਂ, ਬਨੇਰੇ, ਚੌਕੇ, ਛੱਤਾਂ ਪਾਣੀਹਾਰ

ਫੁੱਲਾਂ ਵਾਲੀਆਂ ਕਮੀਜ਼ਾਂ ਬਾਹਾਂ ਟੁੰਗ

ਥੱਕੇ ਹਾਰੇ ਅੰਗਾਂ ਮਹਿੰਦੀ ਵਾਲੇ ਪੋਟਿਆਂ ਸੰਗ

ਮੋਰਨੀਆਂ ਵੀ ਬਣਾਈਆਂ, ਵੇਲ ਬੂਟੇ ਵੀ....

ਗੰਧਲੇ ਪਾਣੀ ਵੀ ਦੇਖੇ ਇਸ ਨੇ

ਜਾਲ ਸੁੱਟਦੇ ਕਾਮੇ ਵੀ ਮੱਛੀਆਂ ਖਾਤਿਰ

ਵਰ੍ਹੇ-ਦੋ ਵਰ੍ਹੇ ਗਰਾਂਟਾਂ ਦੇ ਚੈੱਕ ਵੀ

ਟੁੱਬੀਆਂ ਮਾਰ ਸਗਲੇ ਛੁਪ ਗਏ

ਬੀਬੀ ਵਾਸਕਿਟ ਦੀਆਂ ਡੂੰਘੀਆਂ ਤੈਹਾਂ ਅੰਦਰ

ਮਲੂਕ ਹੱਥਾਂ ’ਚ ’ਗੂਠਾ ਸੋਹਣਾ

ਸੱਜਿਆ ਜਿਸ ਉਪਰ ਚੰਨ ਵਰਗਾ

ਸੁਣੀ ਇਸ ਗਾਲ੍ਹਾਂ ਦੇ ਗਰਜਦੇ ਬੱਦਲਾਂ ਦੀ ਗੜਗੜਾਹਟ

ਬਰਸਦੀਆਂ ਬੱਦਲੀਆਂ ਅਫ਼ਵਾਹਾਂ ਦੀਆਂ ਕਣੀਓ ਕਣੀਂ

ਦੇਖੇ ਨੀਲੇ ਸਫੈਦ ਹੰਸ ਤੈਰਦੇ ਰੁੱਤੇ ਬੇਰੁੱਤੇ

ਕਦੇ ਕੋਈ ਮਗਰ-ਘੜਿਆਲ ਮੱਲ ਬੈਠਾ

ਬੀਹੀ ਨੂੰ ਜਾਂਦੇ ਰਾਹ ਵਾਲਾ ਗੋਸ਼ਾ

ਮੰਦੜੇ ਸਮਿਆਂ ਅੰਦਰ ਵੀ, ਗੰਧਲੇ ਪਾਣੀਆਂ ਅੰਦਰ ਵੀ

ਸਾਫ ਸਫ਼ਾਫ ਦਿਸ ਜਾਂਦਾ ਸਭ

ਨਹਾ ਲੈਂਦੇ ਇਸ ਅੰਦਰ ਚੌਪਾਏ, ਦੋਪਾਏ

ਭਗਤਜਨ, ਅੱਕੜ-ਬੱਕੜ ਖੇਡਦੇ ਅੱਥਰੇ ਅੰਙਾਣੇ ਵੀ

ਫੇਰ ਵੀ! ਹਾਂ! ਫੇਰ ਵੀ

ਪਿੰਡ ਦਾ ਛੱਪੜ ਸਮੁੰਦਰ ਨਹੀਂ ਹੁੰਦਾ!

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਵੇ ਮੈਂ ਤਿੜਕੇ ਘੜੇ ਦਾ ਪਾਣੀ...

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਪੰਜਾਬੀਆਂ ਅਤੇ ਸਿਕੰਦਰ ਦੀ ਲੜਾਈ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਕਿਸਾਨਾਂ ਦਾ ਚਿੱਤਰਕਾਰ ਵਾਨ ਗੌਗ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸਥਿਰਤਾ ਤੇ ਅਸਥਿਰਤਾ ਦਾ ਦਵੰਦ

ਸ਼ਾਇਰ ਤੇ ਮਿੱਟੀ ਦੋ ਨਹੀਂ...

ਸ਼ਾਇਰ ਤੇ ਮਿੱਟੀ ਦੋ ਨਹੀਂ...

ਬੀਬੀ ਰਾਣੀ

ਬੀਬੀ ਰਾਣੀ

ਸ਼ਹਿਰ

View All