ਕਾਵਿ ਕਿਆਰੀ

ਕਾਵਿ ਕਿਆਰੀ

ਦਸ਼ਮੇਸ਼ ਪਿਤਾ ਨੂੰ ਕਿਰਤੀ ਦਾ ਸੁਨੇਹਾ

ਸ਼ਮਸ਼ੇਰ ਸਿੰਘ ਡੂਮੇਵਾਲ

ਕੋਡੀ ਹੋਈ ਕੰਡ ਦੁੱਖਾਂ ਦੀ ਮਾਰੀ ਵੇ,

ਪੰਡ ਮੁਸ਼ੱਕਤਾਂ ਵਾਲੀ ਸਿਰ ’ਤੇ ਭਾਰੀ ਵੇ।

ਬਣ ਦੁੱਖਾਂ ਦਾ ਸੀਰੀ ਪੀੜ ਵੰਡਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ

ਅੱਜ ਅੰਨਦਾਤਾ ਨਿੱਤ ਸੜਕ ’ਤੇ ਮਰਦਾ ਐ,

ਅੱਜ ਦਾ ਹਾਕਮ ਕੂੜ ਦੀ ਹਾਮੀ ਭਰਦਾ ਐ।

ਪਿਆ ਕਿਰਤ ’ਤੇ ਡਾਕਾ ਪੱਤ ਬਚਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਅਸੀਂ ਮੰਗੀਏ ਹੱਕ ਵਾਹੇ ਢੱਗਿਆਂ ਦੇ,

ਸਾਡਾ ਲਹੂ ਪੀਣ ਵੱਗ ਨੀਲੇ ਬੱਗਿਆਂ ਦੇ।

ਸੰਗ ਸਬਰਾਂ ਦੇ ਜਬਰ ਦੀ ਧੌਣ ਝੁਕਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਤੇਰਾ ਸਿਧਾਂਤ ਵੈਰੀ ਨੂੰ ਬੁੱਕ ਪਿਲਾਵਣ ਦਾ,

ਫੱਟ ਬੇਗਾਨੇ ਉੱਤੇ ਮੱਲ੍ਹਮ ਲਾਵਣ ਦਾ।

ਤੇਰਾ ਫੱਟੜ ਹੋਇਆ ਪੰਜਾਬ ਪੀੜ ਵੰਡਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਦਿੱਲੀ ਨੇ ਹੱਦ ਤੋੜੀ ਸੂਫ਼ ਕਾਨੂੰਨਾਂ ਦੀ,

ਫਿਰ ਉੱਠੀ ਤੌਹੀਦ ਸਿਦਕ ਜਨੂੰਨਾਂ ਦੀ।

ਰੰਗ ਚੰਡੀ ਦੀ ਵਾਰ ਦਾ ਮੁੜ ਚੜ੍ਹਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਕਿਰਤ ਮੁੜ ਯਾਰ ਦਾ ਸੱਥਰ ਹੰਢਾਉਂਦੀ ਐ

ਅੱਜ ਤਾਰੀਖ ਮੁੜ ਪੰਨੇ ਪਲਟਾਉਂਦੀ ਐ।

ਚਿੜੀਆਂ ਕੋਲੋ ਮੁੜ ਕੇ ਬਾਜ਼ ਤੁੜਵਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਚੌਕ ਚਾਂਦਨੀ ਮੁੜ ਕੁਰਬਾਨੀ ਮੰਗਦਾ ਏ,

ਮੁੜ ਔਰੰਗਾ ਫ਼ਿਰਕੂ ਖੰਗੂਰਾ ਖੰਘਦਾ ਏ।

ਹਿੰਦ ਦੀ ਭੇਟਾ ਮੁੜ ਕੇ ਸੀਸ ਚੜ੍ਹਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ

ਅੱਜ ਚਿੜੀਆਂ ਖੰਭ ਬਾਜ਼ਾਂ ਦੇ ਭੋਰਦੀਆਂ,

ਲਹੂ ਦੇ ਹੰਝੂ ਰੋਣ ਜੂਹਾਂ ਚਮਕੌਰ ਦੀਆਂ।

ਸਵਾ ਲੱਖ ਨਾਲ ਮੁੜ ਕੇ ਇੱਕ ਲੜਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਕੋਈ ਪੀੜ ਸੁਣੇ ਨਾ ਅੱਜ ਮਜ਼ਲੂਮਾਂ ਦੀ,

ਮੁੜ ਵੈਰਨ ਹੋਈ ਕੰਧ ਮਾਸੂਮਾਂ ਦੀ।

ਜ਼ੁਲਮਾਂ ਦੀ ਦੀਵਾਰ ਨੂੰ ਮੁੜ ਕੇ ਢਾਹ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਤੂੰ ਸੀ ਧੌਣੋਂ ਫੜਿਆ ਵੱਡੇ ਨਾਬਰ ਨੂੰ,

ਜ਼ਫ਼ਰਨਾਮੇ ਸੰਗ ਮਾਰਿਆ ਵੱਡੇ ਜਾਬਰ ਨੂੰ।

ਓਸੇ ਇਲਮ ਦਾ ਕਿਣਕਾ ਝੋਲੀ ਪਾ ਜਾਵੀਂ,

ਡੁੱਬਦੀ ਬੇੜੀ ਕਿਰਤ ਦੀ ਬੰਨੇ ਲਾ ਜਾਵੀਂ।

ਸੰਪਰਕ: 98723-31999

ਸਿਦਕ ਤੇ ਸਿਤਮ

ਭੂਪਿੰਦਰ ਸਿੰਘ ਢਿੱਲੋਂ

ਪੂਰੇ ਜੋਬਨ ’ਤੇ ਹਾਕਮਾ ਸਿਤਮ ਤੇਰੇ,

ਸਿਦਕ ਸਾਡਾ ਵੀ ਪੂਰੀ ਬਹਾਰ ’ਤੇ ਆ,

ਸਾਡੀ ਟੇਕ ਆਪਣੇ ਏਕੇ ’ਤੇ ਆ,

ਤੈਨੂੰ ਮਾਣ ਤੇਰੀ ਸਰਕਾਰ ’ਤੇ ਆ।

ਹਰ ਗੱਲ ’ਚੋਂ ਤੇਰੀ ਗਰੂਰ ਛਲਕੇ,

ਬਾਤਾਂ ਤੇਰੀਆਂ ’ਚੋਂ ਦੰਭ ਛਲਕਦਾ ਏ,

ਜਿਨ੍ਹਾਂ ਤਖ਼ਤਾਂ ਦਾ ਕਰੇ ਗਰੂਰ ਹਾਕਮ,

ਇਹ ਤਾਂ ਸੌਦਾ ਹੀ ਕੱਲ੍ਹ-ਅੱਜ-ਭਲਕ ਦਾ ਏ,

ਕਰ ਅਕਲ ਨਾ ਕਰ ਤੂੰ ਤੰਗ ਸਾਨੂੰ,

ਰਾਜ ਤੇਰਾ ਅਖੀਰੀ ਕਾਗਾਰ ’ਤੇ ਆ,

ਪੂਰੇ ਜੋਬਨ ’ਤੇ ਹਾਕਮਾਂ ਸਿਤਮ ਤੇਰੇ,

ਸਿਦਕ ਸਾਡਾ ਵੀ ਪੂਰੀ ਬਹਾਰ ’ਤੇ ਆ,

ਸਾਡੀ ਟੇਕ ਆਪਣੇ ਏਕੇ ’ਤੇ ਆ,

ਤੈਨੂੰ ਮਾਣ ਤੇਰੀ ਸਰਕਾਰ ’ਤੇ ਆ।

ਜੋ ਤੂੰ ਦੇਣਾ ਚਾਹੇ, ਅਸੀਂ ਨਹੀਂ ਲੈਣਾ,

ਕਾਹਨੂੰ ਧੱਕਿਓਂ ਖੀਰ ਖਵਾਈ ਜਾਵੇਂ,

ਸਾਡੇ ਵਸਦਿਆਂ-ਰਸਦਿਆਂ-ਹਸਦਿਆਂ ਦੇ,

ਡੇਰੇ ਸੜਕਾਂ ਦੇ ਉੱਤੇ ਲਵਾਈ ਜਾਵੇਂ,

ਭਾਣਾ ਓਸ ਦਾ ਮੰਨੀਏ ਕਰ ਮੀਠਾ,

ਹੋਣੀ ਹੱਥ ਸਭ ਉਸ ਕਰਤਾਰ ਦੇ ਆ,

ਪੂਰੇ ਜੋਬਨ ’ਤੇ ਹਾਕਮਾਂ ਸਿਤਮ ਤੇਰੇ,

ਸਿਦਕ ਸਾਡਾ ਵੀ ਪੂਰੀ ਬਹਾਰ ’ਤੇ ਆ,

ਸਾਡੀ ਟੇਕ ਆਪਣੇ ਏਕੇ ’ਤੇ ਆ,

ਤੈਨੂੰ ਮਾਣ ਤੇਰੀ ਸਰਕਾਰ ’ਤੇ ਆ।

ਜਿਹੜੀਆਂ ਚਾਲਾਂ ਲੂੰਬੜ ਤੂੰ ਚਲੇਂ ਬੈਠਾ,

ਸਾਨੂੰ ਆਉਂਦੀਆਂ ਨਾ ਪਰ ਜਾਣਦੇ ਹਾਂ,

ਤੇਰੇ ਜਿਹੇ ਨਾ ਅਸੀਂ ਮਕਾਰ ਹਾਕਮ,

ਪਰ ਮਾੜੇ ਬੰਦੇ ਨੂੰ ਮੀਲੋਂ ਪਛਾਣਦੇ ਹਾਂ,

ਹੱਕ ਲੈ ਕੇ ਰਹਾਂਗੇ ਹਰ ਹੀਲੇ,

ਕਰਨੇ ਟੁਕੜੇ ਤੇਰੇ ਹੰਕਾਰ ਦੇ ਆ।

ਪੂਰੇ ਜੋਬਨ ’ਤੇ ਹਾਕਮਾਂ ਸਿਤਮ ਤੇਰੇ,

ਸਿਦਕ ਸਾਡਾ ਵੀ ਪੂਰੀ ਬਹਾਰ ’ਤੇ ਆ,

ਸਾਡੀ ਟੇਕ ਆਪਣੇ ਏਕੇ ’ਤੇ ਆ,

ਤੈਨੂੰ ਮਾਣ ਤੇਰੀ ਸਰਕਾਰ ’ਤੇ ਆ।

ਆਖ਼ਿਰ ਹਰ ਇੱਕ ਸ਼ੈਅ ਦੀ ਮਾੜੀ ਹੁੰਦੀ,

ਹੋਵੇ ਜ਼ਿੱਦ ਤਾਂ ਇਸ ਤੋਂ ਮਾੜੀ ਗੱਲ ਨਾ,

ਨੀਅਤਾਂ ਸਾਫ਼ ਹੋਣ, ਸਰਕਾਰ ਚਾਹੇ,

ਮਸਲੇ ਵੱਡਿਓਂ-ਵੱਡੇ ਹੋ ਰਹਿੰਦੇ ਹੱਲ ਆ।

ਪੂਰੇ ਜੋਬਨ ’ਤੇ ਹਾਕਮਾਂ ਸਿਤਮ ਤੇਰੇ,

ਸਿਦਕ ਸਾਡਾ ਵੀ ਪੂਰੀ ਬਹਾਰ ਤੇ ਆ,

ਸਾਡੀ ਟੇਕ ਆਪਣੇ ਏਕੇ ’ਤੇ ਆ,

ਤੈਨੂੰ ਮਾਣ ਤੇਰੀ ਸਰਕਾਰ ’ਤੇ ਆ।

ਸੰਪਰਕ: 98241-26833

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਗੁਰੂ ਗੋਬਿੰਦ ਸਿੰਘ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਗੁਰੂਸਰ ਸਾਹਿਬ

ਮਿਲਾਪ ਦਾ ਮਹੀਨਾ ਫੱਗਣ

ਮਿਲਾਪ ਦਾ ਮਹੀਨਾ ਫੱਗਣ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਤੇਲ ਕੀਮਤਾਂ ਵਿਚ ਵਾਧੇ ਦੇ ਸਮਾਜ ਉੱਤੇ ਅਸਰ

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਲਵ ਜਹਾਦ: ਖ਼ੂਬਸੂਰਤੀ ਤੇ ਤੜਪ...

ਸ਼ਹਿਰ

View All