ਕਾਵਿ ਕਿਆਰੀ

ਕਾਵਿ ਕਿਆਰੀ

ਜਸਵੰਤ ਜ਼ਫ਼ਰ

ਚੱਪੇ ਚੱਪੇ ਆਨੰਦਪੁਰ

ਪਟਨੇ ਦੀ ਧਰਤੀ ਤੋਂ ਮਾਂ ਗੁਜਰੀ ਦਾ ਚੰਨ

ਚੱਕ ਮਾਤਾ ਨਾਨਕੀ ਆਇਆ

ਤਾਂ ਇਸ ਧਰਤੀ ਦਾ

ਚਾਅ ਨਾਲ ਸਮੁੰਦਰ ਵਾਂਗ ਉਮੜਨ ਨੂੰ

ਉਛਲਣ ਨੂੰ ਚਿੱਤ ਕੀਤਾ

ਇਹ ਧਰਤੀ ਨਿਓਟਿਆਂ ਦੀ ਓਟ

ਤੇ ਨਿਆਸਰਿਆਂ ਦਾ ਆਸਰਾ ਬਣੀ

ਨੌਵੇਂ ਗੁਰਾਂ ਦਾ ਕੱਟਿਆ ਸੀਸ ਰਾਜਧਾਨੀ ਤੋਂ ਆਇਆ

ਤਾਂ ਇਸ ਦਾ ਜ਼ੱਰਾ ਜ਼ੱਰਾ ਰੋਹ ਨਾਲ ਥਰਥਰਾਇਆ

ਗੁਰਾਂ ਦਾ ਇਕ ਸੀਸ ਅਸਤ ਹੋਇਆ

ਅਣਗਿਣਤ ਸਿਰ ਸਤਿ ਸ੍ਰੀ ਅਕਾਲ ਦਾ ਜੈਕਾਰਾ ਬਣ ਉਦੈ ਹੋਏ

ਬਾਹਰ ਫੌਲਾਦੀ ਤੇਗਾਂ ਲਿਸ਼ਕੀਆਂ

ਅੰਦਰ ਸ਼ਬਦ ਬਾਣ ਚੱਲੇ

ਵਾਸਨਾ, ਖ਼ੁਦਗਰਜ਼ੀ, ਹਉਮੈ, ਕਰੋਧ ਤੇ ਲਾਲਚ ਗਏ ਸੱਲੇ

ਕੋਲ ਵਗਦਾ ਸਤਲੁਜ ਧੰਨ ਹੋਇਆ

ਨੈਣਾਂ ਵਿਚ ਤਾਰੇ ਜਗੇ

ਹਰ ਬੁਝਿਆ ਚਿਹਰਾ ਚੰਨ ਹੋਇਆ

ਗ਼ਰੀਬ ਲਈ ਪਾਤਸ਼ਾਹੀ ਦਾ ਫ਼ੁਰਮਾਨ ਹੋਇਆ

ਪੁਰਖਿਆਂ ਦਾ ਬੇਗ਼ਮਪੁਰੇ ਦਾ ਸੁਪਨਾ

ਆਨੰਦਪੁਰ ਦੇ ਨਾਂ ਨਾਲ ਤਾਮੀਲ ਹੋਇਆ

ਦੀਨ ਹੇਤ ਲੜ੍ਹਨਹਾਰਿਆਂ ਦੀ ਖਾਲਸ ਫ਼ਸਲ ਤਿਆਰ ਹੋਈ

ਦਇਆ ਦੇ ਰਸਤੇ ਚੱਲ ਕੇ ਧਰਮ ਆਇਆ

ਮਨ ਅਡੋਲ ਕਰ ਮੋਹਕਮ ਅਖਵਾਇਆ

ਬੇਦਿਲੀ ਛੱਡ ਹਿੰਮਤ ਨੂੰ ਅਪਣਾਇਆ

ਸਿੰਘ ਸੁਣਿਆਂ ਸਾਹਿਬ ਫੁਰਮਾਇਆ-

ਸਿਰ ਧਰ ਤਲੀ ਗਲੀ ਮੋਰੀ ਆਓ

ਹੱਕ, ਸੱਚ, ਨਿਆਂ ਦੀ ਸੁਰੱਖਿਆ ਲਈ

ਸਬਰ ਤੇ ਸ਼ੁਕਰ ਦੇ ਕਿਲੇ ਉਸਰੇ

ਬੁਰਜਾਂ ਤੋਂ ਰੋਹੀਲੇ ਬੋਲ ਗਰਜੇ-

ਕੂੜ, ਜਬਰ ਤੇ ਅਨਿਆਂ ਨੂੰ ਮਾਰਨ ਲਈ ਲੜਾਂਗੇ

ਇਹ ਰਹਿਣਗੇ ਜਾਂ ਅਸੀਂ ਰਹਾਂਗੇ

ਛਲਕਦੇ ਇਲਮ, ਇਬਾਦਤ, ਕਾਵਿ ਤੇ ਰਾਗ ਦੇ ਸਰਵਰ

ਰਾਜ ਸੱਤਾ ਤੋਂ ਜਰ ਨਹੀਂ ਹੋਏ

ਪਰ ਇਖ਼ਲਾਕ ਦੇ  ਉੱਚੇ ਕਿਲੇ

ਓਸ ਤੋਂ ਸਰ ਨਹੀਂ ਹੋਏ

ਸੱਚੇ ਪਾਤਸ਼ਾਹ ਦੀ ਅਰਸ਼ੋਂ ਉੱਚੀ ਕਲਗੀ ਸਾਹਵੇਂ

ਬਾਦਸ਼ਾਹੀਆਂ ਤੁੱਛ ਹੋਈਆਂ

ਸਤਿਗੁਰਾਂ ਛੱਡ ਕੇ ਆਨੰਦਪੁਰ

ਚਹੁੰ ਤਰਫੀਂ ਗੋਬਿੰਦ ਮਾਰਗ ਵਿਛਾ ਦਿੱਤਾ

ਚੱਪੇ ਚੱਪੇ ਨੂੰ ਆਨੰਦਪੁਰੀ ਜਜ਼ਬੇ ਨਾਲ

ਮਹਿਕਣ ਲਾ ਦਿੱਤਾ

ਸੰਪਰਕ: 96461-18209

ਤੂੰ ਤਾਂ ਨਾਲੇ ਚੌਕੀਦਾਰ ਸੀ...

ਤ੍ਰੈਲੋਚਨ ਲੋਚੀ

ਝੜੀਆਂ ਝੜੀਆਂ ਝੜੀਆਂ

ਉਥੇ ਕੀਹਨੇ ਸੁਖੀ ਵਸਣਾ 

ਜਿੱਥੇ ਹਾਕਮ ਕਰੇਂਦੇ ਅੜੀਆਂ

ਉਥੇ ਕੀਹਨੇ ਸੁਖੀ ਵਸਣਾ...

ਡਰਨੇ ਡਰਨੇ ਡਰਨੇ

ਪੁੱਤ ਜੇ ਕਿਸਾਨ ਦਾ ਹੁੰਦਾ

ਨਹੀਂ ਏਦਾਂ ਦੇ ਕਾਨੂੰਨ ਸੀ ਤੂੰ ਘੜਨੇ

ਪੁੱਤ ਜੇ ਕਿਸਾਨ ਦਾ ਹੁੰਦਾ...

ਧਾਵੇ ਧਾਵੇ ਧਾਵੇ

ਰੱਬ ਕਰੇ ਟੁੱਟ ਜਾਣ ਓਏ

ਕੁਰਸੀ ਤੇਰੀ ਦੇ ਪਾਵੇ

ਰੱਬ ਕਰੇ ਟੁੱਟ ਜਾਣ ਓਏ...

ਪਾਵੇ ਪਾਵੇ ਪਾਵੇ

ਅੰਨਦਾਤੇ ਸੜਕਾਂ ’ਤੇ

ਤੈਨੂੰ ਨੀਂਦ ਕਿਵੇਂ ਆ ਜਾਵੇ

ਅੰਨਦਾਤੇ ਸੜਕਾਂ ’ਤੇ...

ਝਾਵੇਂ ਝਾਵੇਂ ਝਾਵੇਂ

ਧਰਤੀ ਦੇ ਪੁੱਤਰਾਂ ਦਾ

ਕਿਉਂ ਸਬਰ ਪਿਆ ਅਜ਼ਮਾਵੇਂ

ਧਰਤੀ ਦੇ ਪੁੱਤਰਾਂ ਦਾ...

ਲੀਰਾਂ ਲੀਰਾਂ ਲੀਰਾਂ

ਕਿੱਥੋਂ ਵੇ ਤੂੰ ਨੀਰੋ ਜੰਮਿਆ

ਕੀਹਨੂੰ ਦੱਸੀਏ ਦਿਲਾਂ ਦੀਆਂ ਪੀੜਾਂ

ਕਿੱਥੋਂ ਵੇ ਤੂੰ ਨੀਰੋ ਜੰਮਿਆ...

ਗਿੜਦਾ ਗਿੜਦਾ ਗਿੜਦਾ

ਤੂੰ ਤਾਂ ਨਾਲੇ ਚੌਕੀਦਾਰ ਸੀ

ਹੁਣ ਸਾਨੂੰ ਹੀ ਲੁੱਟਣ ਨੂੰ ਫਿਰਦਾ

ਤੂੰ ਤਾਂ ਨਾਲੇ ਚੌਕੀਦਾਰ ਸੀ...

ਸੰਪਰਕ: 98142-53315

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All