ਕਾਵਿ ਕਿਆਰੀ

ਕਾਵਿ ਕਿਆਰੀ

ਡਾ. ਸੁਗਰਾ ਸਦਫ

ਗ਼ਜ਼ਲ

ਇਸ਼ਕ ਸਮੁੰਦਰ ਤਰ ਕੇ ਵੇਖਾਂ।

ਇੰਜ ਵੀ ਪੈਂਡਾ ਕਰ ਕੇ ਵੇਖਾਂ।

ਜੀਅ ਕਰਦਾ ਏ ਆਪਣੇ ਅੱਥਰੂ,

ਉਹਦੀ ਅੱਖ ਵਿੱਚ ਧਰ ਕੇ ਵੇਖਾਂ।

ਤੈਨੂੰ ਵੇਖ ਕੇ ਜੀਅ ਪੈਨੀਂ ਆਂ,

ਜੇ ਆਖੇਂ ਤਾਂ ਮਰ ਕੇ ਵੇਖਾਂ।

ਜਿੱਤਣ ਵਾਲਿਆ ਵੇਖ ਰਹੀ ਆਂ,

ਆਖਿਆ ਸੀ ਤੂੰ ਹਰ ਕੇ ਵੇਖਾਂ।

ਤੇਰੀ ਤਾਂਘ ਦੀ ਉਂਗਲੀ ਫੜ ਕੇ,

ਪੰਧ ਅਵੱਲਾ ਕਰ ਕੇ ਵੇਖਾਂ।

ਸਾਰੇ ਤੈਨੂੰ ਰੱਜ ਰੱਜ ਵੇਖਣ,

ਮੈਂ ਦੁਨੀਆ ਤੋਂ ਡਰ ਕੇ ਵੇਖਾਂ।

ਨੈਣਾਂ ਦੀ ਝੋਲੀ ਵਿੱਚ ਮੁਖੜਾ,

ਏਧਰ ਕਰ ਮੈਂ ਭਰ ਕੇ ਵੇਖਾਂ।

ਵੇਲਾ ਦੂਜਾ ਪੈਰ ਨਾ ਚੁੱਕੇ,

ਮੈਂ ਜੇ ਹਾਉਕਾ ਭਰ ਕੇ ਵੇਖਾਂ।


ਅੱਖ ਨਿਮਾਣੀ ਸੁੰਝ ਮ ਸੁੰਝੀ ਖਾਲੀ ਪੱਲੇ ਹੋਏ।

ਸੁਫਨੇ ਵੇਚਣ ਵਾਲਿਆਂ ਪਿੱਛੇ, ਨੱਸ ਨੱਸ ਝੱਲੇ ਹੋਏ।

ਉਹਦੇ ਵੱਲੇ ਤਖ਼ਤ ਮੁਰਾਦਾਂ, ਸ਼ਮ੍ਹਲੇ, ਚਾਨਣ ਰੋਜ਼ੀ,

ਫ਼ਿਕਰਾਂ, ਭੁੱਖਾਂ ਤੇ ਜਗਰਾਤੇ ਸਾਡੇ ਵੱਲੇ ਹੋਏ।

ਵੇਖ ਰਹੀ ਆਂ ਅੱਜ ਨਵਾਂ ਈ ਇਕਲਾਪੇ ਦਾ ਰੰਗ,

ਇੱਕੋ ਘਰ ਦੇ ਸਾਰੇ ਜੀਅ ਨੇ ’ਕੱਲ੍ਹੇ ’ਕੱਲ੍ਹੇ ਹੋਏ।

ਰੋਟੀ ਦੀ ਥੁੜ ਹੈ ਤੇ ਛੱਲਾ, ਪਿੱਤਲ ਦਾ ਮੁੱਲ ਪਿੱਤਲ,

ਚੁੱਲ੍ਹੇ ਦੇ ਵਿੱਚ ਪਾਵਾਂ ਤੇਰੇ ਤੋਹਫ਼ੇ ਘੱਲੇ ਹੋਏ।

ਬਾਰੀ ਖੋਲ੍ਹ ਕੇ ਵੇਖੀ ਜਾਵਾਂ, ਜਿੰਨ ਫਿਰਿਆ ਏ ਕੋਈ,

ਖ਼ੌਫ਼ ਦੇ ਹੱਥੋਂ ਕਿੱਸਰਾਂ ਖਾਲੀ ਗਲੀ ਮੁਹੱਲੇ ਹੋਏ।

ਉਹ ਕਹਿੰਦਾ ਸੀ ਮੇਰੀ ਗੱਲ ’ਤੇ ਹੀ ਭਰਵਾਸਾ ਰੱਖੀਂ,

ਕੰਮ ਸਵੱਲੇ ਹੋ ਜਾਵਣਗੇ, ਕੰਮ ਸਵੱਲੇ ਹੋਏ?

ਹੁੱਕਾ ਠੰਢਾ ਹੋ ਜਾਵਣ ’ਤੇ, ਜੁੱਸਾ ਵਿੰਨ੍ਹਣ ਵਾਲਾ,

ਚਾਹੁੰਦਾ ਏ ਕਿ ਹਰ ਥਾਂ ਉਹਦੀ ਬੱਲੇ ਬੱਲੇ ਹੋਏ।

- ਡਾਇਰੈਕਟਰ ਜਨਰਲ, ਪੰਜਾਬ ਇੰਸਟੀਚਿਊਟ ਆਫ ਲੈਂਗੁਏਜਜ਼ ਐਂਡ ਕਲਚਰ, ਲਾਹੌਰ (ਪਾਕਿਸਤਾਨ)

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All