ਕਾਵਿ ਕਿਆਰੀ

ਕਾਵਿ ਕਿਆਰੀ

ਹਰਭਜਨ ਸਿੰਘ ਬਾਜਵਾ

ਖ਼ਤ

ਤੇਰੇ ਪਹਿਲੇ ਖ਼ਤ ਦੇ ਅੱਖਰ,

ਮੇਰੀ ਤਲੀ ’ਤੇ ਹੀ ਖੁਰ ਗਏ ਸਨ।

ਤੇ ਉਨ੍ਹਾਂ ਖੁਰੇ ਅੱਖਰਾਂ ਦੇ ਰੰਗਾਂ ਵਿਚੋਂ,

ਤੇਰੇ ਪਿਆਰ ਦਾ ਰੰਗ ਲੱਭਦੀ ਸਾਂ।

ਤੇ ਨਾਲ ਹੀ ਤੇਰਾ ਸਿਰਨਾਵਾਂ ਵੀ ਲੱਭਦੀ ਸਾਂ।

ਨਾ ਤੇਰੇ ਪਿਆਰ ਦਾ ਰੰਗ ਲੱਭਦਾ ਸੀ।

ਨਾ ਤੇਰੇ ਸਿਰਨਾਵੇਂ ਦਾ ਰੰਗ ਲੱਭਦਾ ਸੀ।

ਸਗੋਂ ਸਤਰੰਗੀ ਪੀਂਘ ਲੱਭਦੀ ਸੀ।

ਹੁਣ ਤੂੰ ਹੀ ਦੱਸ ਤੇਰੇ ਪਿਆਰ ਦਾ ਰੰਗ ਕਿਹੜਾ ਏ।

ਤੇ ਤੇਰੇ ਸਿਰਨਾਵੇਂ ਦਾ ਰੰਗ ਕਿਹੜਾ ਏ।

ਫੇਰ ਮੈਂ ਤੈਨੂੰ ਤੇਰੇ ਖ਼ਤ ਦਾ ਉਤਰ ਦੇਵਾਂ।

ਇੰਡੀਆ-ਹਿੰਦੋਸਤਾਨ

ਗੁਰਚਰਨ ਨੂਰਪੁਰ

ਦੁਨੀਆਂ ਦੀ ਹੈ ਵੱਡੀ ਤਾਕਤ ਮੇਰਾ ਦੇਸ਼ ਮਹਾਨ।

ਇੱਕ ਹਿੱਸਾ ਇਹਦਾ ਇੰਡੀਆ ਹੈ ਤੇ ਦੂਜਾ ਹਿੰਦੋਸਤਾਨ।

ਹਿੰਦੋਸਤਾਨੀਆਂ ਦਿੱਤੀਆਂ ਜਾਨਾਂ, ਜੇਲ੍ਹਾਂ ਵਿੱਚ ਤਨ ਗਾਲੇ।

ਫਾਸੀਆਂ ਫੰਦੇ ਕਾਲ ਕੋਠੀਆਂ,  ਤੇ ਮਿਲੇ ਸੀ ਪਾਣੀ ਕਾਲੇ।

ਭੁੱਖ ਹੜਤਾਲਾਂ ਕੋਹਲੂ ਪੀੜੇ, ਹੱਥੀਂ ਪੈ ਗਏ ਛਾਲੇ।

ਆਜ਼ਾਦੀ ਖ਼ਾਤਰ ਹਿੰਦੋਸਤਾਨੀਆਂ ਕੀ ਨਹੀਂ ਜੱਫਰ ਜਾਲੇ।

ਮਿਲੀ ਆਜ਼ਾਦੀ ਹਿੰਦੋਸਤਾਨ ਨੂੰ ਇੰਡੀਆ ਲਈ ਸੰਭਾਲ।

ਹਿੰਦੋਸਤਾਨ ਦਾ ਪਹਿਲਾਂ ਨਾਲੋਂ  ਹੋ ਗਿਆ ਮੰਦੜਾ ਹਾਲ।

ਬੌਂਦਲਿਆ ਜਿਹਾ ਫਿਰਦਾ ਵੇਖ ਕੇ ਇੰਡੀਆ ਦੀ ਇਹ ਸ਼ਾਨ।

ਇੱਕ ਹਿੱਸਾ ਇਹਦਾ ਇੰਡੀਆ ਹੈ ਤੇ ਦੂਜਾ...

ਇੰਡੀਆ ਦੇ ਲਈ ਮਾਲਜ਼ ਬਣ ਗਏ, ਹੋਟਲ ਫਾਈਵ ਸਟਾਰ।

ਨਿੱਘੀਆਂ ਠੰਢੀਆਂ ਕੋਠੀਆਂ ਬਣੀਆਂ 30-30 ਲੱਖ ਦੀ ਕਾਰ।

ਰਾਤਾਂ ਦੀਆਂ ਰੰਗੀਨ ਰੌਸ਼ਨੀਆਂ, ਲਿਸ਼ਕੇ ਪੁਸ਼ਕੇ ਚਿਹਰੇ।

ਲੰਘਣ ਜਿੱਧਰ ਸਲਾਮਾਂ ਹੁੰਦੀਆਂ, ਹਰ ਥਾਂ ਚਾਰ ਚੁਫ਼ੇਰੇ।

ਅਹੁਦੇ ਕੁਰਸੀਆਂ ਗੱਦੀਆਂ ਨੇ ਤੇ ਕਈ ਕਈ ਨੌਕਰ ਚਾਕਰ।

ਅਰਬਾਂ ਖਰਬਾਂ ਵਿੱਚ ਜਾਇਦਾਦਾਂ, ਬਾਹਰਲੇ ਮੁਲਖ ’ਚ ਲਾਕਰ।

ਉੱਚੀਆਂ ਬਿਲਡਿੰਗਾਂ ਦਿੱਸਣ ਦੂਰੋਂ ਉਸਰੀਆਂ ਵੱਲ ਆਸਮਾਨ।

ਇੱਕ ਹਿੱਸਾ ਇਹਦਾ ਇੰਡੀਆ ਹੈ ਤੇ...

ਹਿੰਦੋਸਤਾਨ ਦੇ ਹਿੱਸੇ ਆਏ ਡੰਡੇ, ਸੋਟੇ, ਧਰਨੇ।

ਇੰਡੀਆ ਨੇ ਸਦਾ ਹਿੰਦੋਸਤਾਨ ਨੂੰ ਰੱਖਿਆ ਗੋਡਿਆਂ ਪਰਨੇ।

ਹਿੰਦੋਸਤਾਨ ਲਈ ਟੁੱਟੇ ਛਿੱਤਰ, ਗਲ ਵਿੱਚ ਝੱਗਾ ਪਾਟਾ।

ਵੀਹ ਰੁਪਏ ਇਹਨੂੰ ਦਾਲ ਹੈ ਮਿਲਦੀ, ਤੇ ਚਾਰ ਰੁਪਈਏ ਆਟਾ।

ਹਿੰਦੋਸਤਾਨ ਦਾ ਰੈਣ ਬਸੇਰਾ ਪੁਲ ਫੁਟਪਾਥ ਤੇ ਝੁੱਗੀਆਂ।

ਗਾਲ੍ਹਾਂ ਝਿੜਕਾਂ ਧੱਕੇ ਹਰ ਥਾਂ ਗਿੱਠ ਗਿੱਠ ਭੁੱਖਾਂ ਉੱਗੀਆਂ।

ਵਾਅਦਿਆਂ ਅਤੇ ਭਰੋਸਿਆਂ ਦਾ ਹੀ ਮਿਲਿਆ ਇਹਨੂੰ ਦਾਨ।

ਇੱਕ ਹਿੱਸਾ ਇਹਦਾ ਇੰਡੀਆ ਹੈ ਤੇ...

ਇੰਡੀਅਨ ਬੱਚੇ ਅੰਗਰੇਜ਼ੀ ਬੋਲਣ, ਸੂਟ ਬੂਟ ਨੇ ਪਾਏ।

ਰੁਲਦੀ ਖੁਲਦੀ ਮਾਂ ਬੋਲੀ ਨੂੰ ਕਹਿ ਗਏ ਓ ਕੇ ਬਾਏ।

ਹਿੰਦੋਸਤਾਨ ਤਾਂ ਵਿੰਹਦਾ ਰਹਿ ਗਿਆ ਇੰਡੀਆ ਵਧ ਗਿਆ ਅੱਗੇ।

ਲੋਕ ਇਹਦੇ ਲਈ ਬਣ ਗਏ ਵੋਟਾਂ, ਅਨਪੜ੍ਹ, ਗਵਾਰ ਤੇ ਢੱਗੇ।

ਇੰਡੀਆ ਦੀ ਰਾਖੀ ਲਈ ਫੋਰਸ, ਭੱਜ ਭੱਜ ਫਰਜ਼ ਨਿਭਾਵੇ।

ਸ਼ਾਂਤੀ ਨਾਲ ਇਹ ਹੱਸੇ ਵੱਸੇ ਵਿਘਨ ਨਾ ਕੋਈ ਪਾਵੇ।

ਇੰਡੀਆ ਉੱਤੇ ਮਿਹਰਾਂ ਭਰਿਆ ਹੱਥ ਰੱਖੇ ਭਗਵਾਨ।

ਇੱਕ ਹਿੱਸਾ ਇਹਦਾ ਇੰਡੀਆ ਹੈ ਤੇ...

ਹਿੰਦੋਸਤਾਨ ਦੇ ਹਿੱਸੇ ਕਰਜ਼ੇ, ਖ਼ੁਦਕੁਸ਼ੀਆਂ, ਸਲਫਾਸ।

70 ਸਾਲ ਤੋਂ ਇੰਡੀਆ ਇਹਨੂੰ ਦਿੰਦਾ ਰਿਹਾ ਧਰਵਾਸ।

ਬੇਰੁਜ਼ਗਾਰ ਨੇ ਧਰਨੇ ਲਾਉਂਦੇ ਉਨ੍ਹਾਂ ਦੇ  ਪੁੱਤਰ ਧੀਆਂ।

ਦੇਸ਼ ਲਈ ਮਰ ਕੇ ਜਿਨ੍ਹਾਂ ਰੱਖੀਆਂ ਆਜ਼ਾਦੀ ਦੀਆਂ ਨੀਹਾਂ।

ਦੇਸ਼ ਦਾ  ਜਿਹੜੇ ਢਿੱਡ ਭਰਦੇ ਨੇ ਹੋਏ ਅੱਜ ਕੰਗਾਲ।

ਸਮਝ ਨਾ ਆਈ ਇੰਡੀਆ ਜਿਹੜੀ ਰਿਹਾ ਚੱਲਦਾ ਚਾਲ।

ਕਹੇ ਨੂਰਪੁਰ ਅਕਲਾਂ ਵਾਲਿਓ, ਕਰਨਾ ਜ਼ਰਾ ਧਿਆਨ।

ਇੱਕ ਹਿੱਸਾ ਇਹਦਾ ਇੰਡੀਆ ਹੈ ਤੇ ...

ਸੰਪਰਕ: 98550-51099

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਵਿਰੋਧੀ ਪਾਰਟੀਆਂ ਵੱਲੋਂ ਰਾਸ਼ਟਰਪਤੀ ਨੂੰ ਤਜਵੀਜ਼ਤ ਖੇਤੀ ਕਾਨੂੰਨਾਂ ’ਤੇ ਸਹੀ ਨਾ ਪਾਉਣ ਦੀ ਅਪੀਲ

ਗੈਰ-ਐੱਨਡੀਏ ਪਾਰਟੀਆਂ ਨੇ ਰਾਸ਼ਟਰਪਤੀ ਨੂੰ ਭੇਜਿਆ ਮੈਮੋਰੈਂਡਮ, ਮਿਲਣ ਦਾ ...

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

ਖੇਤੀ ਬਿੱਲ: ਵਿਰੋਧੀ ਧਿਰਾਂ ਵੱਲੋਂ ਸੰਸਦ ਦੇ ਅਹਾਤੇ ਵਿੱਚ ਪ੍ਰਦਰਸ਼ਨ

8 ਸੰਸਦ ਮੈਂਬਰਾਂ ਦੀ ਮੁਅੱਤਲੀ ਖਿਲਾਫ਼ ਜਤਾਇਆ ਰੋਸ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਖੇਤੀ ਬਿੱਲ 21ਵੀਂ ਸਦੀ ਦੇ ਭਾਰਤ ਦੀ ਲੋੜ: ਮੋਦੀ

ਬਿਹਾਰ ’ਚ 14,258 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ

ਸ਼ਹਿਰ

View All