ਕਾਵਿ ਕਿਆਰੀ

ਕਾਵਿ ਕਿਆਰੀ

ਪ੍ਰੋ. ਕੁਲਵੰਤ ਸਿੰਘ ਔਜਲਾ

ਪ੍ਰੋ. ਕੁਲਵੰਤ ਸਿੰਘ ਔਜਲਾ

ਸ਼ੱਬਾ ਖ਼ੈਰ ਹੋਵੇ

ਕਰੀਏ ਰਲ ਮਿਲ ਦੁਆਵਾਂ ਸ਼ੱਬਾ ਖ਼ੈਰ ਹੋਵੇ

ਬਤੀਤ ਸੁੱਖਾਂ ਨਾਲ ਜ਼ਿੰਦਗੀ ਦਾ ਹਰ ਪਹਿਰ ਹੋਵੇ

ਨਾ ਵਿੱਥਾਂ, ਨਾ ਵਿਤਕਰੇ, ਨਾ ਵਣਜ, ਨਾ ਵੈਰ ਹੋਵੇ

ਹਰ ਸੁਪਨੇ ਵਿੱਚ ਬੇਗ਼ਮਪੁਰੇ ਦਾ ਸ਼ਹਿਰ ਹੋਵੇ

ਆਉਣ ਬੱਚਿਆਂ ਨੂੰ ਸੁਰਾਂ ਤੇ ਸ਼ਬਦਾਂ ਦੇ ਸੁਪਨੇ

ਧੜਕਦੀ ਬਸਤਿਆਂ ਵਿੱਚ ਇਲਮ ਦੀ ਲਹਿਰ ਹੋਵੇ

ਫੁੱਲਾਂ ਦੇ ਕਾਵਿਕ ਗੁੱਛਿਆਂ ਵਰਗੇ ਹੋਣ ਘਰ

ਸਬਰ ਸਬੂਰੀ ਤੇ ਸਿਦਕ ਦੀ ਘਰਾਂ ਵਿੱਚ ਠਹਿਰ ਹੋਵੇ

ਉੱਗੇ ਵਾਂਗ ਅੰਕੁਰ ਗ਼ਜ਼ਲ ਦਾ ਹਰ ਸ਼ਿਅਰ

ਚਸ਼ਮਾ ਚਾਹਤ ਦਾ ਗ਼ਜ਼ਲ ਦੀ ਹਰ ਬਹਿਰ ਹੋਵੇ

ਕਵਿਤਾ ਵਰਗੀਆਂ ਧੀਆਂ ਦੀ ਪੱਤ ਲੁੱਟਣ ਦਰਿੰਦੇ

ਐਸਾ ਦੁਨੀਆਂ ਵਿੱਚ ਕਦੇ ਨਾ ਕਹਿਰ ਹੋਵੇ

ਕਰੀਏ ਕੋਸ਼ਿਸ਼ ਤਾਂ ਉੱਗ ਆਉਣ ਹਰਿਆਵਲਾਂ

ਮਿੱਟੀ ਮਨਾਂ ਦੀ ਮਾਰੂ ਜਾਂ ਮੈਰ ਹੋਵੇ

ਧੜਕਣਾਂ ਵਿੱਚ ਹੋਣ ਅੱਖਰਾਂ ਦੀਆਂ ਖੇਤੀਆਂ

ਵਗਦੀ ਨਾੜ ਨਾੜ ਵਿੱਚ ਅਦਬ ਦੀ ਨਹਿਰ ਹੋਵੇ

ਨਵੀਆਂ ਉਮੀਦਾਂ ਲੈ ਕੇ ਚੜ੍ਹਨ ਸੱਜਰੇ ਸਵੇਰੇ

ਖ਼ਾਬਾਂ ਦੀ ਧੁੱਪ ਵਰਗੀ ਨਿੱਘੀ ਹਰ ਦੁਪਹਿਰ ਹੋਵੇ

ਸੱਚ ਕਹਿਣ ਤੋਂ ਡਰਨ ਨਾ ਕੁਲਵੰਤ ਕਲਮਾਂ

ਸਜ਼ਾ ਸੱਚ ਦੀ ਬੇਸ਼ਕ ਪਿਆਲਾ-ਏ-ਜ਼ਹਿਰ ਹੋਵੇ

ਹੋਵੇ ਦੁਨੀਆਂ ਮੁਹੱਬਤਾਂ ਦਾ ਮਾਨਵੀ ਮੇਲਾ

ਹਰ ਸ਼ਖ਼ਸ ਮੇਲੇ ਦਾ ਮੁਸਾਫ਼ਿਰ-ਏ-ਠਹਿਰ ਹੋਵੇ

ਸੰਪਰਕ: 84377-88856

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All