DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਕਾਵਿ ਕਿਆਰੀ: ਮੇਰਾ ਦੇਸ਼ ਮਹਾਨ

ਪ੍ਰਤਾਪ ‘ਪਾਰਸ’ ਗੁਰਦਾਸਪੁਰੀ ਇਸਦੀ ਆਨ-ਸ਼ਾਨ ਦੇ ਬਦਲੇ ਹੋ ਜਾਵਾਂ ਕੁਰਬਾਨ ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ। ਖ਼ੂਨ ਡੋਲ੍ਹ ਕੇ ਲਈ ਹੈ ਆਪਾਂ ਮਹਿੰਗੇ ਮੁੱਲ ਆਜ਼ਾਦੀ, ਸੂਰਬੀਰਾਂ ਤੇ ਯੋਧਿਆਂ ਨੂੰ ਸਿਜਦਾ ਕੁੱਲ ਕਰੇ ਆਬਾਦੀ, ਦੁਨੀਆ ਦੇ ਹਰ ਕੋਨੇ ਸਾਡਾ...

  • fb
  • twitter
  • whatsapp
  • whatsapp
Advertisement

ਪ੍ਰਤਾਪ ‘ਪਾਰਸ’ ਗੁਰਦਾਸਪੁਰੀ

ਇਸਦੀ ਆਨ-ਸ਼ਾਨ ਦੇ ਬਦਲੇ ਹੋ ਜਾਵਾਂ ਕੁਰਬਾਨ

Advertisement

ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ।

Advertisement

ਖ਼ੂਨ ਡੋਲ੍ਹ ਕੇ ਲਈ ਹੈ ਆਪਾਂ ਮਹਿੰਗੇ ਮੁੱਲ ਆਜ਼ਾਦੀ,

ਸੂਰਬੀਰਾਂ ਤੇ ਯੋਧਿਆਂ ਨੂੰ ਸਿਜਦਾ ਕੁੱਲ ਕਰੇ ਆਬਾਦੀ,

ਦੁਨੀਆ ਦੇ ਹਰ ਕੋਨੇ ਸਾਡਾ ਵੱਖਰਾ ਹੈ ਸਨਮਾਨ,

ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ।

ਦੇਸ਼ ਮੇਰਾ ਗੁਲਦਸਤਾ ਹੈ ਫੁੱਲ ਤਰ੍ਹਾਂ-ਤਰ੍ਹਾਂ ਦੇ ਖਿੜਦੇ,

ਰੰਗ, ਮਜ਼ਹਬ ਵੱਖ ਖਾਣ-ਪੀਣ ਪਰ ਨਾ ਵੇਖਾਂ ਮੈਂ ਭਿੜਦੇ,

ਏਸੇ ਕਰਕੇ ਵੱਖਰਾ ਜੱਗ ਤੋਂ ਮੇਰਾ ਹਿੰਦੋਸਤਾਨ,

ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ।

ਨਦੀਆਂ, ਨਾਲ਼ੇ, ਪਰਬਤ ਸੋਹਣੇ ਧਰਤੀ ਸੋਨਾ ਦੇਵੇ,

ਅੰਨਦਾਤਾ ਹੈ ਪੈਦਾ ਕਰਦਾ ਸਦਾ ਬਹਾਰੀ ਮੇਵੇ,

ਭੁੱਖਾ ਰਹਿ ਕੇ ਦੇਸ਼ ਰਜਾਵੇ ਇਸ ਦਾ ਹੈ ਕਿਰਸਾਨ,

ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ।

ਤੱਤੀ ਕਦੇ ਹਵਾ ਨਾ ਸਾਡੇ ਬਾਰਡਰ ਥਾਣੀਂ ਲੰਘੇ,

ਮੈਲੀ ਅੱਖ ਜੇ ਦੁਸ਼ਮਣ ਰੱਖੇ ਫੜ ਕੇ ਉਸ ਨੂੰ ਟੰਗੇ,

ਹਿੱਕ ਤਾਣ ਕੇ ਪਹਿਰੇ ਉੱਤੇ ਖੜ੍ਹਿਆ ਹੈ ਜਵਾਨ,

ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ।

ਭਾਰਤ ਮਾਂ ਦੇ ਗਲ਼ ਸੋਨੇ ਦਾ ਇਹ ਪੰਜਾਬ ਹੈ ਗਹਿਣਾ,

ਕਦੇ ਪੰਜਾਬੀਆਂ ਹੁੰਦੇ ਹੀਆ ਦੁਸ਼ਮਣ ਦਾ ਨ੍ਹੀਂ ਪੈਣਾ,

ਕਿ ‘ਪਾਰਸ’ ਕੋਈ ਕਰ ਜਾਏ ਸਾਡਾ ਆ ਭੋਰਾ ਨੁਕਸਾਨ,

ਮੇਰਾ ਦੇਸ਼ ਮਹਾਨ ਹੈ ਲੋਕੋ ਮੇਰਾ ਦੇਸ਼ ਮਹਾਨ।

ਸੰਪਰਕ: 99888-11681

* * *

ਝੂਲਦਾ ਰਹੀਂ ਤਿਰੰਗਿਆ

ਜਗਜੀਤ ਸੇਖੋਂ ‘ਮਾਨੂੰਪੁਰੀ’

ਝੂਲਦਾ ਰਹੀਂ ਤਿਰੰਗਿਆ, ਸਦਾ ਵਿੱਚ ਅਸਮਾਨੀਂ।

ਉੱਚੀ ਤੇਰੀ ਸ਼ਾਨ ਦਾ, ਹੈ ਨ੍ਹੀਂ ਕੋਈ ਸਾਨੀ।

ਲੱਖਾਂ ਜਾਨਾਂ ਵਾਰ ­ਕੇ, ਹੈ ਲਈ ਆਜ਼ਾਦੀ।

ਮਹਿੰਗੀ ਜਾਨ ਪ੍ਰਾਣ ਤੋਂ, ਹੈ ਪਈ ਆਜ਼ਾਦੀ।

ਰੰਗ ਕੇਸਰੀ ਦਸਦੈ, ਕੀਤੀ ਕੁਰਬਾਨੀ।

ਝੂਲਦਾ ਰਹੀਂ ਤਿਰੰਗਿਆ, ਸਦਾ ਵਿੱਚ ਅਸਮਾਨੀਂ।

ਉੱਚੀ ਤੇਰੀ ਸ਼ਾਨ ਦਾ...

ਰਾਤ ਗ਼ੁਲਾਮੀ ਮੁੱਕ ਗਈ, ਚੜ੍ਹ ਗਿਆ ਸਵੇਰਾ।

ਵੰਡਦਾ ਚਾਨਣ ਸ਼ਾਂਤੀ, ਰੰਗ ਚਿੱਟਾ ਤੇਰਾ।

ਸੋਹਣੇ ਭਾਰਤ ਦੇਸ਼ ਲਈ, ਇਹ ਅਮਨ ਨਿਸ਼ਾਨੀ।

ਝੂਲਦਾ ਰਹੀਂ ਤਿਰੰਗਿਆ, ਸਦਾ ਵਿੱਚ ਅਸਮਾਨੀਂ।

ਉੱਚੀ ਤੇਰੀ ਸ਼ਾਨ ਦਾ...

ਨੂਰ ਵਰ੍ਹਿਆ ਅੰਬਰੋਂ ਹੋਈ ਖੁਸ਼ਹਾਲੀ।

ਹਰੇ ਰੰਗ ਨੇ ਫੇਰਤੀ ਹਰ ਥਾਂ ਹਰਿਆਲੀ।

ਵਿੱਚ ਖ਼ੁਸ਼ੀ ਦੇ ਝੂਮਦੀ ਫ਼ਸਲਾਂ ਦੀ ਰਾਣੀ।

ਝੂਲਦਾ ਰਹੀਂ ਤਿਰੰਗਿਆ, ਸਦਾ ਵਿੱਚ ਅਸਮਾਨੀਂ।

ਉੱਚੀ ਤੇਰੀ ਸ਼ਾਨ ਦਾ...

ਤੇਰੀ ਛਾਂ ਨੇ ਮਾਣਦੇ ਹਿੰਦੂ-ਸਿੱਖ ਭਾਈ।

ਮੁਸਲਿਮ ਮਸਜਿਦ ਪੂਜਦੇ, ਤੇ ਚਰਚ ਇਸਾਈ।

ਤੂੰ ਗੌਰਵ ਭਾਰਤ ਮਾਂ ਦਾ, ਰੁਤਬਾ ਲਾਸਾਨੀ।

ਝੂਲਦਾ ਰਹੀਂ ਤਿਰੰਗਿਆ, ਸਦਾ ਵਿੱਚ ਅਸਮਾਨੀਂ।

ਉੱਚੀ ਤੇਰੀ ਸ਼ਾਨ ਦਾ...

ਚੱਕਰ ਚੌਵੀ ਕਲੀ ਦਾ, ਅਸ਼ੋਕ ਕਹਿਲਾਵੇ।

ਮਿਹਨਤ ਕਰੀਏ ਦਿਨੇ-ਰਾਤ, ਪਿਆ ਗੱਲ ਸਮਝਾਵੇ।

ਵਾਰ ਦਏ ਤੇਰੀ ਅਣਖ ਲਈ, ਸੇਖੋਂ ਜ਼ਿੰਦਗਾਨੀ।

ਝੂਲਦਾ ਰਹੀਂ ਤਿਰੰਗਿਆ, ਸਦਾ ਵਿੱਚ ਅਸਮਾਨੀਂ।

ਉੱਚੀ ਤੇਰੀ ਸ਼ਾਨ ਦਾ...

ਸੰਪਰਕ: 81465-86690

* * *

ਗੀਤ ਆਜ਼ਾਦੀ ਦੇ ਗਾਈਏ

ਜਸਵਿੰਦਰ ਸਰੋਏ

ਰਲ ਮਿਲ ਆਜ਼ਾਦੀ ਦਿਵਸ ਮਨਾਈਏ

ਚੇਤੇ ਕਰੀਏ ਵੀਰਾਂ ਦੀ ਕੁਰਬਾਨੀ ਨੂੰ

ਭਾਰਤ ਤੋਂ ਵਾਰ ਗਏ ਜੋ ਜਵਾਨੀ ਨੂੰ

ਆਜ਼ਾਦੀ ਪਰਵਾਨਿਆਂ ਨੂੰ ਸੀਸ ਝੁਕਾਈਏ

ਰਲ ਮਿਲ...

ਟਾਂਵੇ ਟਾਂਵੇ ਮਿਲਦੇ ਵੀਰ ਆਜ਼ਾਦੀ ਦੀਵਾਨੇ

ਅਮਰ ਉਹ ਹੋ ਜਾਵਣ ਚੇਤੇ ਰੱਖਣ ਜ਼ਮਾਨੇ

ਪਾਂਧੀ ਉਨ੍ਹਾਂ ਰਸਤਿਆਂ ਦੇ ਬਣ ਜਾਈਏ

ਰਲ ਮਿਲ...

ਵਿਰਾਸਤ ਮਿਲੀ ਰੱਖਣੀ ਕਾਇਮ ਸਰਦਾਰੀ

ਸਾਡੇ ਪੁਰਖਿਆਂ ਚੁਕਾਈ ਸੀ ਕੀਮਤ ਭਾਰੀ

ਖ਼ੁਦ ਦਾ ਛੱਡਣਾ ਨਹੀਂ ਨਾ ਹੱਕ ਬੇਗਾਨਾ ਖਾਈਏ

ਰਲ ਮਿਲ ਆਜ਼ਾਦੀ ਦਿਵਸ ਮਨਾਈਏ

ਰਲ ਮਿਲ...

ਅੰਬਰ ਝੂਲ ਰਿਹਾ ਤਿਰੰਗਾ ਜੈ ਭਾਰਤ ਮਾਤਾ

ਵੇਖੋ ਤਿਆਗ ਦਾ ਰੰਗ ਕੇਸਰੀ ਗਿਆਤਾ

ਅਮਨ ਸ਼ਾਂਤੀ ਦੇ ਰੰਗ ਸਰੋਏ ਰੰਗੇ ਜਾਈਏ

ਆਓ ਬੇਲੀਓ ਗੀਤ ਆਜ਼ਾਦੀ ਦੇ ਗਾਈਏ

ਰਲ ਮਿਲ ਆਜ਼ਾਦੀ ਦਿਵਸ ਮਨਾਈਏ।

ਸੰਪਰਕ: 99141-62406

* * *

ਮਿਹਰਬਾਨੀਆਂ

ਸੁਖਵਿੰਦਰ ਸਿੰਘ ਜਲਾਲਪੁਰੀ

ਫੱਟ ਲਾ ਪੁੱਛੇਂ ਕੀਹਨੇ ਜ਼ਖ਼ਮ ਦਿੱਤੇ

ਰਾਸ ਆਉਣ ਨਾ ਇਹ ਨਦਾਨੀਆਂ ਵੇ।

ਖ਼ੂਨ ਨਿਚੋੜ ਮੈਨੂੰ ਬੱਗੀ ਪੂਣੀ ਕੀਤਾ

ਸਭ ਤੇਰੀਆਂ ਹੀ ਮਿਹਰਬਾਨੀਆਂ ਵੇ।

ਦਿਲ ਤੋੜ ਸਾਡਾ ਖ਼ੁਦ ਮਾਣ ਮੌਜਾਂ

ਮਾਰੇਂ ਸਿੰਨ੍ਹ ਸਿੰਨ੍ਹ ਸੀਨੇ ਸਾਡੇ ਕਾਨੀਆਂ ਵੇ।

ਵਾਅਦੇ ਤੋੜ ਸਾਡੇ ਨਾਲ ਕੀਤੇ ਸਾਰੇ

ਕਰ ਗਿਆ ਤੂੰ ਕਾਹਤੋਂ ਮਨਮਾਨੀਆਂ ਵੇ।

ਪਰਾਏ ਸ਼ਹਿਰ ਤੈਨੂੰ ਹੁਣ ਪਿਆਰੇ ਹੋ ਗਏ

ਸਾਡੇ ਪਿੰਡ ਵੱਲ ਕਰੇਂ ਬੇਧਿਆਨੀਆਂ ਵੇ।

ਸਾਡੀ ਨਿੰਮ ਥੱਲੇ ਤੈਨੂੰ ਹੁਣ ਸੇਕ ਆਵੇ,

ਠਾਰ ਦੇਣ ਤੈਨੂੰ ਕਿੱਕਰਾਂ ਬਿਗਾਨੀਆਂ ਵੇ।

ਸਾਥੋਂ ਕਸਮਾਂ ਪੁਆ ਕੇ ਈਮਾਨ ਦੀਆਂ

ਖ਼ੁਦ ਕਰ ਗਿਆ ਤੂੰ ਬੇਈਮਾਨੀਆਂ ਵੇ।

ਤੈਨੂੰ ਸਮਝਿਆ ਅਸੀਂ ਸੀ ਰੱਬ ਵਰਗਾ

ਕਰ ਕੋਝੀਆਂ ਤੂੰ ਗਿਆ ਸ਼ੈਤਾਨੀਆਂ ਵੇ।

‘ਸੁਖਵਿੰਦਰ’ ਕਰ ਕਤਲ ਸਾਡੇ ਚਾਵਾਂ ਦਾ

ਅਪਰਾਧੀ ਬਣ ਗਿਆ ਤੂੰ ਐਲਾਨੀਆ ਵੇ।

ਦਿਲ ਮੋੜ ਦੇ ਮੇਰਾ ਤੂੰ ਮੈਨੂੰ ਵਾਪਸ

ਲੈ ਜਾ ਤੂੰ ਵੀ ਦਿੱਤੇ ਛੱਲੇ ਗਾਨੀਆਂ ਵੇ।

ਸੰਪਰਕ: 99063-81482

* * *

ਮੈਂ ਕੁਦਰਤ

ਮਨਜੀਤ ਸਿੰਘ ਬੱਧਣ

ਵੇ ਮਨਜੀਤ! ਕਿੱਧਰ ਨੂੰ ਤੂੰ ਜਾ ਰਿਹੈਂ?

ਇਨ੍ਹਾਂ ਨੱਠਦੇ ਕਦਮਾਂ ਨੂੰ ਡੱਕ ਸਹੀ

ਦਰੱਖ਼ਤ, ਪਹਾੜ, ਖੱਡਾਂ, ਜਨੌਰ ਵੇਖ ਰਹੇ,

ਘੜੀ ਕੁ ਇਨ੍ਹਾਂ ਨੂੰ ਵੀ ਤੱਕ ਸਹੀ।

ਭਟਕਿਆ-ਭਟਕਿਆ ਲੱਗ ਰਿਹੈਂ!

ਇਨ੍ਹਾਂ ਭਟਕਣਾਂ ਤੋਂ ਕਦੇ ਤਾਂ ਅੱਕ ਸਹੀ

ਭੰਡਾ-ਭੰਡਾਰੀਆ ਕਿੰਨਾ ਕੁ ਭਾਰ,

ਇਸ ਬੇਲੋੜੇ ਭਾਰ ਤੋਂ ਕਦੇ ਤਾਂ ਥੱਕ ਸਹੀ।

ਗੱਲ ਸੁਣ, ਹਰ ਕੋਈ ਹੈ ਮੁਸਾਫ਼ਿਰ,

ਪਰ ਜਮਾਵੇ ਇੱਥੇ ਆਪਣਾ ਝੂਠਾ ਹੱਕ ਸਹੀ।

ਇਹ ਮਿਲਿਆ, ਉਹ ਗਵਾਚਾ, ਇਹ ਬਾਕੀ,

ਇਹ ਵਹੀ-ਖਾਤਾ ਪਰ੍ਹਾਂ ਧੱਕ ਸਹੀ।

ਆ ਪੁੱਤ! ਆ ਕੇ ਬੈਠ ਮੇਰੀ ਬੁੱਕਲ ਵਿੱਚ,

ਛੱਡ ਵੱਡੇ ਹੋਣ ਦੀ ਸੰਗ ਤੇ ਜੱਕ ਸਹੀ

ਓ ਵੇਖ ਬੱਕਰੀਆਂ-ਗਾਵਾਂ ਚਰਦੀਆਂ,

ਓਧਰ ਪੱਕੀ ਇੱਧਰ ਫ਼ਸਲ ਅਪੱਕ ਸਹੀ।

ਜੇ ਵਾਰ-ਵਾਰ ਇੱਥੇ ਆ ਨਹੀਂ ਸਕਦਾ,

’ਕੇਰਾਂ ਅੱਖਾਂ ਨੂੰ ਪਲਕਾਂ ਨਾਲ ਢੱਕ ਸਹੀ।

ਵੇਖੀਂ ਮੈਨੂੰ ਰਾਹ ਤੇਰਾ ਵੇਖਦੀ,

ਇਹ ਨੁਸਖਾ ਵਰਤ ਕੇ ਵੇਖੀਂ ਬੇਸ਼ੱਕ ਸਹੀ।

ਅੱਜ ਦੇ ਦਿਨ ਲੈ ਜਾ ਦੁਆਵਾਂ,

ਚੁੱਕ ਕੇ ਰੰਬਾ-ਕਹੀ, ਲਾ ਭੋਇੰ ਨੂੰ ਟੱਕ ਸਹੀ

ਪੁੱਟ ਲਵੀਂ ਟੋਏ, ਲਗਾ ਦੇਵੀਂ ਬੂਟੇ ਕਈ,

ਮੈਂ ਕੁਦਰਤ ਲਈ ਰਹੀਂ ਪਰਪੱਕ ਸਹੀ।

ਸੰਪਰਕ: 94176-35053

* * *

ਗ਼ਜ਼ਲ

ਗੁਰਬਖ਼ਸ਼ ਸਿੰਘ ‘ਨਾਕਾਮ’

ਮਹਿਰਮ ਬਣੇ ਰਹਿਣ ਸਦ ਦਿਲ ਦੇ,

ਹੋਏ ਕਿਸਮਤ ਆ ਤਾਹੀਓਂ ਮਿਲਦੇ।

ਗਾਹ ਮਾਰਿਆ ਮੈਂ ਕੁੱਲ ਗੁਲਜ਼ਾਰ,

ਵੇਖਣ ਨੂੰ ਨਾ ਮਿਲੇ ਫੁੱਲ ਖਿਲਦੇ।

ਖੋਦ-ਖੋਦ ਖੁੱਡ, ਚੂਹੇ ਥੱਕ ਜਾਵਣ,

ਸੱਪ ਬਣ ਬੈਠਣ ਮਾਲਕ ਬਿਲ ਦੇ।

ਤਿੜਕਿਆ ਸ਼ੀਸ਼ਾ ਭਾਵੇਂ ਜੁੜ ਜਾਵੇ,

ਫੱਟ ਦਿਲ ਲੱਗੇ ਕਦੇ ਨਾ ਸਿਲਦੇ।

ਉੱਜੜੇ ਵੱਸੇ, ਉੱਜੜੇ, ਮੁੜ ਵੱਸੇ,

ਪਰ ਨਾ ਦੇਣਦਾਰ ਇੱਕ ਤਿਲ ਦੇ।

ਬੇ-ਇਨਸਾਫ਼ੀ ਦੇ ਤਾਬੂਤਾਂ ਖ਼ਾਤਰ,

ਤਲਬਗਾਰ ਅਸੀਂ ਹਰ ਕਿੱਲ ਦੇ।

ਸਦੀਆਂ, ਪੁਸ਼ਤਾਂ ਦੇਣ ਨਾ ਮੁਆਫ਼ੀ,

ਗੁਨਾਹਗਾਰ ਜੋ ਵਰਤੀ ਢਿੱਲ ਦੇ।

‘ਨਾਕਾਮ’ ਜੇ ਨੀਅਤ ਰਾਸ ਮੁਕੰਮਲ,

ਹੱਲ ਮਿਲ ਜਾਂਦੇ ਹਰ ਮੁਸ਼ਕਿਲ ਦੇ।

ਸੰਪਰਕ: 98154-05741

* * *

ਤਕਦੀਰਾਂ ਦੇ ਹਰਫ਼

ਅਮਰਜੀਤ ਦਸੂਹਾ

ਸਾਡੇ ਸੀਨੇ ਜ਼ਾਲਮਾਂ ਦੇ ਦਿੱਤੇ ਜ਼ਖ਼ਮ ਗਹਿਰੇ,

ਇਤਿਹਾਸ ਦੀਆਂ ਪੈੜਾਂ ਨੇ, ਨਿਸ਼ਾਨ ਨਹੀਂ।

ਵਕਤ ਦੇ ਪੰਨਿਆਂ ’ਤੇ ਲਿਖੇ ਖ਼ੂਨੀ ਹਰਫ਼,

ਤੱਤੇ ਲਹੂ ਦੇ ਐਲਾਨ ਨੇ, ਬਿਆਨ ਨਹੀਂ।

ਸਿਵਿਆਂ ਵਿੱਚ ਮੱਚੀਆਂ ਜ਼ਿੰਦਾ ਮਸ਼ਾਲਾਂ,

ਸੰਗਰਾਮੀ ਅਮਾਨਤ ਨੇ, ਮਸਾਣਾਂ ਨਹੀਂ।

ਝੁਰੜੀਆਂ ਤਿਊੜੀਆਂ ਵਿੱਚ ਪਲਦੇ ਨੇ ਸੁਪਨੇ,

ਖ਼ੁਸ਼ੀਆਂ ਉਮੰਗਾਂ ਵਿੱਚ ਨੇ, ਕੁਰਲਾਉਣ ਨਹੀਂ।

ਸਿਰਾਂ ਤੇ ਮੁੜ੍ਹਕਿਆਂ ਨਾਲ ਪਾਲੇ ਇਹ ਸ਼ਬਦ,

ਸਿਰੜਾਂ ਦੇ ਸਿਰ ਤਾਜ ਨੇ, ਲਗਾਮ ਨਹੀਂ।

ਗੱਲੀਂ ਜਜ਼ਬਾਤ ਦੇ ਉੱਧੜੇ ਪਏ ਜ਼ਖ਼ਮ,

ਹਨੇਰੀਆਂ ਵਜ੍ਹਾ ਨੇ, ਇਹ ਪੌਣ ਨਹੀਂ।

ਸੁੰਨੀਆਂ ਅੱਖੀਂ ਵਗਦਾ ਦਰਦਾਂ ਦਾ ਨੀਰ,

ਸਿੰਜਦਾ ਖੁਸ਼ਕ ਪੈੜਾਂ ਨੇ, ਸ਼ਮਸ਼ਾਨ ਨਹੀਂ।

‘ਅਮਰ’ ਸੁੱਕਾ ਕਾਨਾ ਬਣ ਤਿੱਖੀ ਕਲਮ,

ਲਿਖਣੀਆਂ ਤਕਦੀਰਾਂ ਨੇ, ਅਹਿਸਾਨ ਨਹੀਂ।

ਸੰਪਰਕ: 89689-33711

Advertisement
×