DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਕਿਆਰੀ

ਗ਼ਜ਼ਲ ਤੇਜਿੰਦਰ ਮਾਰਕੰਡਾ ਓਹੀ ਸ਼ਹਿਰ ਹੈ ਓਹੀ ਲੋਕ ਨੇ, ਓਹੀ ਦੌੜ ਹੈ ਓਹੀ ਸ਼ੋਰ ਹੈ। ਕੱਲ੍ਹ ਰਹਿਨੁਮਾ ਕੋਈ ਹੋਰ ਸੀ, ਅੱਜ ਰਹਿਨੁਮਾ ਕੋਈ ਹੋਰ ਹੈ। ਹੁਣ ਆਦਮੀ ਨਹੀਂ ਆਦਮੀ, ਤੁਰਦਾ ਫਿਰਦਾ ਕੋਈ ਰੋਬੋਟ ਹੈ। ਇਹਦੇ ਦਿਲ ’ਚ ਕੋਈ ਰਹਿਮ ਨਹੀਂ,...

  • fb
  • twitter
  • whatsapp
  • whatsapp
Advertisement

ਗ਼ਜ਼ਲ

ਤੇਜਿੰਦਰ ਮਾਰਕੰਡਾ

ਓਹੀ ਸ਼ਹਿਰ ਹੈ ਓਹੀ ਲੋਕ ਨੇ,

Advertisement

ਓਹੀ ਦੌੜ ਹੈ ਓਹੀ ਸ਼ੋਰ ਹੈ।

Advertisement

ਕੱਲ੍ਹ ਰਹਿਨੁਮਾ ਕੋਈ ਹੋਰ ਸੀ,

ਅੱਜ ਰਹਿਨੁਮਾ ਕੋਈ ਹੋਰ ਹੈ।

ਹੁਣ ਆਦਮੀ ਨਹੀਂ ਆਦਮੀ,

ਤੁਰਦਾ ਫਿਰਦਾ ਕੋਈ ਰੋਬੋਟ ਹੈ।

ਇਹਦੇ ਦਿਲ ’ਚ ਕੋਈ ਰਹਿਮ ਨਹੀਂ,

ਬੜਾ ਸੰਗਦਿਲ ਹੈ ਕਠੋਰ ਹੈ।

ਨਾ ਅਦਾ ਰਹੀ ਨਾ ਵਫ਼ਾ ਰਹੀ,

ਤਾਹੀਓਂ ਬਣ ਗਏ ਨੇ ਸਜ਼ਾ ਜਿਹੀ।

ਹੁਣ ਰਿਸ਼ਤਿਆਂ ਵਿੱਚ ਗਰਜ਼ ਹੈ,

ਕਿਤੇ ਈਰਖ਼ਾ ਕਿਤੇ ਖ਼ੋਰ ਹੈ।

ਹੈ ਵਜੂਦ ਤੇਰਾ ਇਹ ਸਾਬਤਾ,

ਉੱਤੋਂ ਸਾਫ਼ ਸੁਥਰਾ ਹੈ ਰਾਸਤਾ।

ਤੇਰੇ ਜੋਸ਼ ਨੂੰ ਕੀ ਹੈ ਬੱਜ ਪਿਆ,

ਤੇਰੀ ਸੁਸਤ ਏਨੀ ਕਿਉਂ ਤੋਰ ਹੈ।

ਸੰਪਰਕ: 98721-80115

* * *

ਗ਼ਜ਼ਲ

ਜਗਜੀਤ ਗੁਰਮ

ਗੱਲ ਗੱਲ ਉੱਤੇ ਚੰਗੀ ਨਾ ਹੁਸ਼ਿਆਰੀ ਹੁੰਦੀ ਏ,

ਮੈਂ ਹੀ ਸਹੀ ਹਾਂ ਇਹ ਵੀ ਇੱਕ ਬਿਮਾਰੀ ਹੁੰਦੀ ਏ।

ਜਿਸ ਨੂੰ ਕੋਈ ਛੱਡ ਜਾਵੇ ਉਹ ਪੂਰਾ ਟੁੱਟ ਜਾਂਦਾ,

ਛੱਡਣ ਵਾਲੇ ਦੀ ਤਾਂ ਪਹਿਲਾਂ ਈ ਤਿਆਰੀ ਹੁੰਦੀ ਏ।

ਖ਼ੁਸ਼-ਖ਼ੁਸ਼ ਸਭ ਨੂੰ ਮਿਲਦੇ ਕਿੰਨੇ ਸੋਹਣੇ ਲੱਗਦੇ ਨੇ,

ਸਭ ਚਿਹਰਿਆਂ ’ਤੇ ਅੱਜਕੱਲ੍ਹ ਅਦਾਕਾਰੀ ਹੁੰਦੀ ਏ।

ਸਾਰਾ ਜੀਵਨ ਜਿਸ ਨੂੰ ਰੂਹ ਦਾ ਹਾਣ ਨਹੀਂ ਮਿਲਦਾ,

ਵਿਆਹੀ ਹੋਈ ਵੀ ਉਹ ਜਿੰਦ ਸਦਾ ਕੁਆਰੀ ਹੁੰਦੀ ਏ।

ਮੁਕਲਾਵੇ ਪਿੱਛੋਂ ਜਿਸ ਦੇ ਫੁੱਲ ਮਹਿਕਣ ਲੱਗਦੇ ਨੇ,

ਭਾਗਾਂ ਵਾਲੀ ਕੋਈ ਹੀ ਫੁਲਕਾਰੀ ਹੁੰਦੀ ਏ।

ਗਰਮੀ-ਗਰਮੀ ਰੁੱਖਾਂ ਥੱਲੇ ਬਹਿ ਕੇ ਕੱਟਦੇ ਹਾਂ,

ਆਵੇ ਸਰਦੀ ਤਾਂ ਰੁੱਖਾਂ ’ਤੇ ਆਰੀ ਹੁੰਦੀ ਏ।

ਹਾਰਨ ਮਗਰੋਂ ਭਾਵੇਂ ਭਾਵੁਕ ਹੋ ਕੇ ਟੁੱਟ ਜਾਵਾਂ,

ਮੇਰੀ ਮਿਹਨਤ ਪਰ ਮਗਰੋਂ ਵੀ ਜਾਰੀ ਹੁੰਦੀ ਏ।

ਸੰਪਰਕ: 99152-64836

* * *

ਅਸਚਰਜਤਾ

ਜਤਿੰਦਰ ਔਲਖ

ਸਮਾਂ ਨਿਸ਼ਚਿਤ ਹੈ

ਜਦੋਂ ਰੱਬ ਘਣਛਾਵੇਂ ਰੁੱਖ ਵਾਂਗ ਫੈਲ ਜਾਵੇਗਾ

ਇਸ ਦੇਸ਼ਾਂਤਰ, ਜਿਸ ਦੀ ਧਰਤੀ ਗਰਮ ਰੁੱਤ ਦੀ ਭੱਠੀ ਵਾਂਗ ਤਪਦੀ ਹੈ

ਹਰ ਕੋਈ ਮੇਰੇ ਵਾਂਗ ਵਿਰਾਨੀ ਜੀਅ ਰਿਹਾ

ਨਿਰਾਲੀਆਂ ਰਾਹਾਂ ਦੇ ਰਾਹੀ ਹੀ

ਜਾਣ ਸਕਣਗੇ ਰਹੱਸ

ਅਤੇ ਕੁਝ ਢਾਲ ਲਏ ਜਾਣਗੇ

ਤਾਂ ਕਿ ਉਨ੍ਹਾਂ ਦੀ ਝੋਲੀ ਸੌਗਾਤਾਂ ਨਾਲ ਭਰੀ ਜਾ ਸਕੇ

ਹਰ ਕੋਈ ਵੇਖੇਗਾ ਰੱਬ ਦੀ ਯੋਜਨਾ

ਉਸਦੇ ਮਹਾਨ ਕੰਮਾਂ ਦੀ ਅਸਚਰਜਤਾ ਨਾਲ

ਜਾਂ ਆਪਣੇ ਤਰਕਮਈ ਖੰਡਨ ਨਾਲ

ਸਾਡੀ ਸੋਚ ਦੀ ਵਿਲੱਖਣਤਾ ਅਨੁਸਾਰ

ਸਾਨੂੰ ਇਹ ਯੋਜਨਾਵਾਂ ਵਾਪਰਦੀਆਂ ਨਜ਼ਰ ਆਉਣਗੀਆਂ

ਇਨ੍ਹਾਂ ਦਾ ਗਾਇਨ ਰਿਸ਼ੀ ਕਿਸੇ ਯੁੱਗ ’ਚ ਕਰਨਗੇ

ਪਰਮਾਤਮਾ ਦੇ ਬਾਗ਼ਾਂ ਦੇ ਫਲ ਲੱਗਣ ਲੱਗੇ ਹਨ

ਉਹ ਟੱਲੀਆਂ ਤੋੜ ਦੇਵੋ ਜਿਨ੍ਹਾਂ ਨੂੰ ਰੋਜ਼ ਵਜਾਉਂਦੇ ਹੋ

ਉਹਦੀਆਂ ਯੋਜਨਾਵਾਂ ਨੂੰ ਐਲਾਨ ਦੀ ਲੋੜ ਨਹੀਂ

ਚੁੱਪ-ਸ਼ਾਂਤੀ ਦਾ ਸੁਹਾਣਾ ਮੌਸਮ ਹੈ ਸ਼ੋਰ ਤੋਂ ਬਾਹਰ ਆਓ

ਪਰਮੇਸ਼ਵਰ ਦੇ ਬਾਗ਼ ਦੇ ਪੁੰਗਾਰੇ ਵੇਖਣ ਲਈ

ਕਬਰ ਵਰਗੀ ਚੁੱਪ ਭਲੀ।

(ਜਰਮਨ ਕਵੀ ਰੀਨੇਰ ਮਾਰੀਆ ਰਿਲਕੇ ਦੀ ਕਵਿਤਾ ਦਾ ਪੰਜਾਬੀ ਰੂਪ)

* * *

Advertisement
×