DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਾਵਿ ਕਿਆਰੀ

ਧੀਆਂ ਦੀ ਸਰਦਾਰੀ ਹਰਪ੍ਰੀਤ ਪੱਤੋ ਧੀਆਂ ਮਾਰਨ ਮੱਲਾਂ ਅੱਜਕੱਲ੍ਹ, ਹਰ ਖੇਤਰ ਵਿੱਚ ਰਹਿ ਕੇ। ਕਰਨ ਸੁਰੱਖਿਆ ਦੇਸ਼ ਆਪਣੇ ਦੀ, ਮੀਂਹ ਹਨੇਰੀਆਂ ਸਹਿ ਕੇ। ਦੁਸ਼ਮਣ ਤਾਈਂ ਲੜਨ ਸ਼ੇਰਨੀਆਂ, ਮਰਨੋਂ ਮੂਲ ਨਾ ਡਰਦੀਆਂ। ਵਿੱਚ ਹਵਾਵਾਂ ਲਾਉਣ ਉਡਾਰੀ, ਜਾ ਸਮੁੰਦਰੀ ਤਰਦੀਆਂ। ਖੇਡਾਂ ਦੇ...

  • fb
  • twitter
  • whatsapp
  • whatsapp
Advertisement

ਧੀਆਂ ਦੀ ਸਰਦਾਰੀ

ਹਰਪ੍ਰੀਤ ਪੱਤੋ

ਧੀਆਂ ਮਾਰਨ ਮੱਲਾਂ ਅੱਜਕੱਲ੍ਹ,

Advertisement

ਹਰ ਖੇਤਰ ਵਿੱਚ ਰਹਿ ਕੇ।

Advertisement

ਕਰਨ ਸੁਰੱਖਿਆ ਦੇਸ਼ ਆਪਣੇ ਦੀ,

ਮੀਂਹ ਹਨੇਰੀਆਂ ਸਹਿ ਕੇ।

ਦੁਸ਼ਮਣ ਤਾਈਂ ਲੜਨ ਸ਼ੇਰਨੀਆਂ,

ਮਰਨੋਂ ਮੂਲ ਨਾ ਡਰਦੀਆਂ।

ਵਿੱਚ ਹਵਾਵਾਂ ਲਾਉਣ ਉਡਾਰੀ,

ਜਾ ਸਮੁੰਦਰੀ ਤਰਦੀਆਂ।

ਖੇਡਾਂ ਦੇ ਵਿੱਚ ਨਾਂ ਚਮਕਾਇਆ,

ਐਸੀ ਧਾਂਕ ਜਮਾਈ।

ਜਿੱਤ ਦਾ ਸਿਹਰਾ ਲੈ ਕੇ ਆਈਆਂ,

ਸਭ ਨੇ ਖ਼ੁਸ਼ੀ ਮਨਾਈ।

ਉਹ ਦੇਸ਼ ਨਾ ਕਰਨ ਤਰੱਕੀ,

ਜੋ ਧੀਆਂ ਨੂੰ ਦੁਰਕਾਰਨ।

ਮਾਣਨ ਕਦੇ ਨਾ ਉਹ ਖੁਸ਼ਹਾਲੀ,

ਜੋ ਕਲੀਆਂ ਨੂੰ ਸਾੜਨ।

ਧੀਆਂ ਦਾ ਦਰਜਾ ਸਭ ਤੋਂ ਉੱਚਾ,

ਗੁਰੂਆਂ ਨੇ ਫ਼ਰਮਾਇਆ।

ਹੋਵੇ ਕਿੱਡਾ ਖੱਬੀ ਖਾਨ, ਉਹ

ਹੈ ਇਨ੍ਹਾਂ ਦਾ ਜਾਇਆ।

ਇਨ੍ਹਾਂ ਧੀਆਂ ਤੋਂ ਲੈ ਕੇ ਸੇਧ

ਧੀਆਂ ਭਵਿੱਖ ਸੰਵਾਰਨ।

ਬੜਾ ਕੀਮਤੀ ਸਮਾਂ ਹੈ ਹੁੰਦਾ,

ਨਾ ਫੁਟਕਲ ਵਿੱਚ ਗੁਜ਼ਾਰਨ।

ਮਾਪਿਆਂ ਦਾ ਸਿਰ ਉੱਚਾ ਕਰਿਓ,

ਦੇਸ਼ ਦੁਨੀਆ ਦੇ ਅੰਦਰ।

‘ਪੱਤੋ’ ਮੰਗਦਾ ਸਦਾ ਦੁਆਵਾਂ,

ਰਹੇ ਧੀਆਂ ਦਾ ਪਹਿਲਾ ਨੰਬਰ।

ਸੰਪਰਕ: 94658-21417

* * *

ਨਫ਼ਰਤ ਦੀ ਮੰਡੀ

ਪ੍ਰਸ਼ੋਤਮ ਪੱਤੋ

ਅੱਜਕੱਲ੍ਹ ਦੁਨੀਆ ਦੀ ਵੰਡੀ,

ਦੇਖੀ ਨ੍ਹੀਂ ਜਾਂਦੀ।

ਹੋ ਰਹੀ ਮਨੁੱਖਤਾ ਦੀ ਭੰਡੀ,

ਦੇਖੀ ਨ੍ਹੀਂ ਜਾਂਦੀ।

ਵੱਖੋ-ਵੱਖਰੇ ਸੰਖ ਅੱਜ

ਆਵਾਜ਼ਾਂ ਕੱਢ ਰਹੇ ਨੇ,

ਇਹ ਫੁਕਰਿਆਂ ਦੀ ਝੰਡੀ,

ਦੇਖੀ ਨ੍ਹੀਂ ਜਾਂਦੀ।

ਇਨਸਾਫ਼ ਅਤੇ ਸੱਚ,

ਵਿੱਚ ਭਲਾ ਸਾਰਿਆਂ ਦਾ,

ਕਿਉਂ ਇਹ ਸਿੱਧੀ ਜਿਹੀ ਡੰਡੀ,

ਦੇਖੀ ਨ੍ਹੀਂ ਜਾਂਦੀ?

ਹਿੰਦੂ, ਮੁਸਲਿਮ ਜਾਂ ਸਿੱਖ, ਇਸਾਈ,

ਹੱਥ ਇੱਕ ਦੂਜੇ ਦੇ ਘੰਡੀ,

ਦੇਖੀ ਨ੍ਹੀਂ ਜਾਂਦੀ।

ਇਹ ਹਾਲ ਹੈ ਦੁਨੀਆ ਦਾ,

ਬਸ ਬੇੜਾ ਗ਼ਰਕ ਹੈ,

ਚੜ੍ਹ ਰਹੀ ਪਖੰਡੀ ’ਤੇ ਪਖੰਡੀ,

ਦੇਖੀ ਨ੍ਹੀਂ ਜਾਂਦੀ।

ਵਿਸਫੋਟਾਂ ਦੀ ਦੁਨੀਆ,

ਮਾਸੂਮਾਂ ਦਾ ਮਾਤਮ,

ਸਭ ਮੁਖੀਆਂ ਦੀ ਘੁਮੰਡੀ,

ਦੇਖੀ ਨ੍ਹੀਂ ਜਾਂਦੀ।

ਜੇ ਇਹੀ ਹਾਲ ਰਿਹਾ,

ਆਖ਼ਰ ਕੀ ਬਣੇਗਾ?

ਐਸੀ ਭਿਆਨਕ ਪਗਡੰਡੀ,

ਦੇਖੀ ਨ੍ਹੀਂ ਜਾਂਦੀ।

ਆਓ ਰਲ ਕੇ ਕਰੀਏ,

ਇਨਸਾਨੀਅਤ ਦੀ ਗੱਲ,

‘ਪੱਤੋ’ ਨਫ਼ਰਤਾਂ ਦੀ ਮੰਡੀ,

ਹੁਣ ਦੇਖੀ ਨ੍ਹੀਂ ਜਾਂਦੀ।

* * *

ਬੰਦੀ

ਅਮਰਜੀਤ ਸਿੰਘ ਫ਼ੌਜੀ

ਬੰਦਾ ਉਹ ਜੋ ਸਦਾ ਵਿੱਚ ਰਹੇ ਬੰਦੀ,

ਬਾਹਰ ਬੰਦੀਓਂ ਬੰਦਾ ਸ਼ੈਤਾਨ ਹੋਵੇ।

ਬੰਦੀ ਹੋਵੇ ਤਾਂ ਲੱਖ ਨੂੰ ਕੱਖ ਜਾਣੇ,

ਬਾਹਰ ਬੰਦੀਓਂ ਕੱਖ ਤੇ ਬੇਈਮਾਨ ਹੋਵੇ।

ਬੰਦਾ ਹੋਵੇ ਜੋ ਵਕਤ ਵਿਚਾਰ ਜਾਵੇ,

ਬਿਨਾਂ ਬੰਦੀ ਤੋਂ ਸਦਾ ਖੁਆਰ ਹੋਵੇ।

ਵਿੱਚ ਬੰਦੀ ਦੇ ਮਿਲੇ ਸਤਿਕਾਰ ਪੂਰਾ,

ਬਾਹਰ ਬੰਦੀਓਂ ਸਦਾ ਸ਼ਰਮਸਾਰ ਹੋਵੇ।

ਵਿੱਚ ਬੰਦੀ ਦੇ ਬੰਦੇ ਦੀ ਹੋਏ ਸੇਵਾ,

ਬਾਹਰ ਬੰਦੀ ਦੇ ਦਰਕਿਨਾਰ ਹੋਵੇ।

ਵਿੱਚ ਬੰਦੀ ਮਸਕੀਨ ਨੂੰ ਮਿਲੇ ਸ਼ੌਹਰਤ,

ਬਾਹਰ ਬੰਦੀਓਂ ਦੁਖੀ ਸ਼ਾਹੂਕਾਰ ਹੋਵੇ।

ਵਿੱਚ ਬੰਦੀ ਦੇ ਸਿਰ ਦਾ ਤਾਜ ਬਣ ਜੇ,

ਬਿਨਾਂ ਬੰਦੀ ਦੇ ਬੰਦਾ ਰੁਲ ਜਾਵੇ।

ਬੰਦੀ ਵਿੱਚ ਰਹਿਣ ਦਾ ਕਰੇ ਨਾਟਕ,

ਭੇਤ ਬੰਦੇ ਦਾ ਇੱਕ ਦਿਨ ਖੁੱਲ੍ਹ ਜਾਵੇ।

ਵਿੱਚ ਬੰਦੀ ਦੇ ਬੰਦੇ ਦੀ ਕਦਰ ਹੁੰਦੀ,

ਬਾਹਰ ਬੰਦੀਓਂ ਬੇਕਦਰਾ ਫਿਰੇ ਬੰਦਾ।

ਵਿੱਚ ਬੰਦੀ, ਸੱਜਣ ਬਣ ਜਾਣ ਸਾਰੇ,

ਬਾਹਰ ਬੰਦੀਓਂ ਨਫ਼ਰਤੀਂ ਘਿਰੇ ਬੰਦਾ।

ਕਾਮ ਕ੍ਰੋਧ ਬੰਦੀ ਵਿੱਚ ਵੱਸ ਹੋਵਣ,

ਲੋਭ ਲਾਲਚ, ਬੰਦੀ ਵਿੱਚ ਰੱਖ ਬੰਦੇ।

ਬਾਝ ਬੰਦੀਓਂ ਬੇਲਗਾਮ ਹੋਵਣ,

ਪੱਲੇ ਬੰਦੇ ਦੇ ਛੱਡੇ ਨਾ ਕੱਖ ਬੰਦੇ।

ਵਿੱਚ ਬੰਦੀ, ਪਰਾਈਆਂ ਵੀ ਦਿਸਣ ਧੀਆਂ,

ਬਾਹਰ ਬੰਦੀਓਂ ਦ੍ਰਿਸ਼ਟ ਮਲੀਨ ਹੋਵੇ।

ਬਾਹਰ ਬੰਦੀਓਂ ਬੰਦੇ ਨੂੰ ਇਉਂ ਜਾਣੋ,

ਜਿਵੇਂ ਕੱਲਰੀ ਬੰਜਰ ਜ਼ਮੀਨ ਹੋਵੇ।

ਬੰਦੀ, ਬੰਦੀ ਵਿੱਚ ਵੀ ਫ਼ਰਕ ਹੁੰਦੈ,

ਬੰਦੀ ਹੁੰਦੀ, ਸਮਾਜਿਕ ਅਸੂਲ ਬੰਦੇ।

ਵਿੱਚ ਬੰਦੀ ਦੇ ਰਹਿ ਕੇ ਮਾਣ ਮੌਜਾਂ,

ਬਾਹਰ ਇਸ ਤੋਂ ਜਾਈਂ ਨਾ ਮੂਲ ਬੰਦੇ।

ਦੀਨੇ ਵਾਲਿਆ ਊਟ ਪਟਾਂਗ ਲਿਖਦੇ,

ਪਰ ਲਿਖਦੇ ਬੰਦੀ ਦੇ ਵਿੱਚ ਰਹਿ ਕੇ।

ਪੜ੍ਹਨ ਵਾਲੇ ‘ਫ਼ੌਜੀਆ’ ਪਿਆਰ ਬਖ਼ਸ਼ਣ,

ਝੋਲੀਆਂ ਭਰ ਲੈ ਚਰਨਾਂ ਵਿੱਚ ਬਹਿ ਕੇ।

ਸੰਪਰਕ: 94174-04804

* * *

ਅਖਾਣ ਪੱਥਰ ’ਤੇ ਲੀਕ

ਤਰਲੋਚਨ ਸਿੰਘ ਦੁਪਾਲ ਪੁਰ

‘ਸੌ ਦਿਨ’ ਚੋਰ ਦੇ ਹੁੰਦੇ ਨੇ ਬਹੁਤ ਭਾਵੇਂ,

ਦਿਨ ਸਾਧ ਦਾ ਹੁੰਦਾ ਨਜ਼ਦੀਕ ਯਾਰੋ।

ਮਾਤਾ ਚੋਰ ਦੀ ‘ਕੋਠੀ ਵਿੱਚ ਮੂੰਹ’ ਰੱਖੇ,

ਹੱਸੇ ਦੁਨੀਆ ਤੇ ਨਾਲ ਸ਼ਰੀਕ ਯਾਰੋ।

ਖਾਂਦੇ ਚੋਰਾਂ ਨੂੰ ਹੁੱਬ ਹੁੱਬ ਕੇ ਦੇਖੀਏ ਨਾ,

ਪੈ ਰਹੀ ਕੁੱਟ ਹੀ ਦੇਖਣੀ ਠੀਕ ਯਾਰੋ।

ਮਿਣਦੇ ‘ਕੱਪੜੇ ਚੋਰੀ’ ਦੇ ਨਾਲ ਡਾਂਗਾਂ,

ਆਵੇ ਯਾਦ ਜਦ ਨਿਕਲੇ ਚੀਕ ਯਾਰੋ।

ਇਹ ‘ਅਖਾਣ’ ਜੋ ਬੈਂਤ ਦੇ ਵਿੱਚ ਵਰਤੇ,

ਝੂਠੇ ਨਹੀਂ ਇਹ ਪੱਥਰ ’ਤੇ ਲੀਕ ਯਾਰੋ।

ਚਲਦੀ ‘ਬਾਬੇ ਦੀ ਚੱਕੀ’ ਬੇਸ਼ੱਕ ਹੌਲੀ,

ਪਰ ਪੀਂਹਦੀ ਐ ਬਹੁਤ ਬਰੀਕ ਯਾਰੋ।

ਸੰਪਰਕ: 78146-92724

* * *

ਨਵਾਂ ਸਾਲ ਇੱਕ ਫ਼ਾਸਲੇ ਤੋਂ

ਰਜਿੰਦਰ ਹਰਗੜ੍ਹੀਆ

ਲੰਘੇ ਕਈ ਸਾਲਾਂ ਵਾਂਗ

ਇਸ ਵਾਰ ਵੀ ਸੈਂਕੜੇ ਕਾਰਡ ਦੇਖ ਕੇ

ਤੇਰੇ ਲਈ ਖਰੀਦਿਆ

ਨਵੇਂ ਸਾਲ ਦਾ

ਨਿਵੇਕਲਾ ਜਿਹਾ ਗਰੀਟਿੰਗ ਕਾਰਡ।

ਫਿਰ ਬਿਨਾਂ ਕਿਤੇ ਭੇਜੇ

ਰੱਖ ਲਿਆ ਹੈ ਛੁਪਾ ਕੇ

ਤੇਰੀਆਂ ਪਸੰਦੀਦਾ ਕਿਤਾਬਾਂ ’ਚ।

ਕਾਰਡ, ਜਿਸ ਵਿੱਚ ਲਿਖੀ ਹੋਈ ਹੈ

ਤੇਰੀ ਨਿੱਕੀ ਤੋਂ ਨਿੱਕੀ

ਹਰ ਹਾਸੇ ਦੀ ਗੱਲ

ਤੇ ਮੇਰੀ ਹਰ ਉਦਾਸੀ ਦੀ ਗੱਲ।

ਲਿਖ ਕੇ ਕੱਟੀ ਹੋਈ ਸਤਰ

ਆਏ ਦਿਨ

ਇਨਕਲਾਬ ਦੇ ਬਦਲਦੇ ਅਰਥਾਂ ਬਾਰੇ

ਕੁਝ ਸ਼ਬਦ।

ਤੇਰੇ ਪਿੰਡ ਦੇ ਮੀਲਪੱਥਰ ’ਤੇ ਲੱਗੇ

ਆਇਲਜ਼ ਦੇ ਫਟੇ ਹੋਏ ਇਸ਼ਤਿਹਾਰ ਬਾਰੇ।

ਚਾਹੁੰਦਾ ਹੋਇਆ ਵੀ ਲਿਖ ਨਹੀਂ ਸਕਿਆ ਕਿ

ਲੰਘੇ ਸਾਲ ਵੀ ਫਿਰ ਤੋਂ ਫ਼ਾਸਲਾ ਰਹਿ ਗਿਆ

ਤੇਰੇ ਘੁੱਗ ਵਸਦੇ ਸ਼ਹਿਰ ਤੋਂ

ਸਾਡੇ ਪਿੰਡ ਦੀ ਸੁੱਕੀ ਨਹਿਰ ਤੱਕ।

ਏ ਆਈ ਦੇ ਯੁੱਗ ਵਿੱਚ

ਖਾਨਾਬਦੋਸ਼ ਸਾਥੀਆਂ ਦੀ ਲਹਿਰ ਤੱਕ।

ਉਂਝ ਅਸੀਂ ਜੀਅ ਤਾਂ ਰਹੇ ਹਾਂ

ਕਰਦੇ ਹੋਏ ਇੰਤਜ਼ਾਰ

ਕਿਉਂਕਿ

ਹਰੇਕ ਫ਼ਾਸਲਾ ਮਿਟਾਉਣ ਲਈ

ਫ਼ੈਸਲਾ ਲੈਣ ’ਚ ਸਾਥੀਆਂ ਦੀ ਦੇਰੀ ਹੈ।

ਸਾਡੀ ਰੂਹ ਦੇ ਪੰਛੀ

ਉਡਾਣ ਤਾਂ ਨਹੀਂ ਭੁੱਲੇ ਪਰ

ਰੀਂਗਦੇ ਹੋਏ ਜੀਣਾ ਸਮਿਆਂ ਦੀ ਸਾਜ਼ਿਸ਼

ਤੇ ਅੰਦਰੋਂ ਕੋਂਹਦੀ ਮਜਬੂਰੀ ਹੈ

ਤਦ ਤੱਕ ਸਾਂਭਣਾ।

ਬਚਪਨ ਵਿੱਚ ਮਾਪਿਆਂ ਤੋਂ ਚੋਰੀ

ਦੱਬੇ ਬੰਟਿਆਂ ਦੀ ਯਾਦ ਜਿਹੀ

ਧੁੰਦਲੀ ਪੈਂਦੀ ਆਪਣੇ ਰਿਸ਼ਤੇ ਦੀ ਯਾਦ।

ਤੇ ਕਰੀਂ ਸਾਡੀ ਜਿੱਤ ਜਾਂ ਅੰਤ ਦਾ ਇੰਤਜ਼ਾਰ

ਸ਼ਾਇਦ ਇਸ ਚੜ੍ਹੇ ਜਾਂ ਆਉਂਦੇ ਕਿਸੇ ਵਰ੍ਹੇ ਦੇ ਅੰਤ

ਇਹ ਦਰਜਨਾਂ ਗਰੀਟਿੰਗ ਕਾਰਡ ਹੱਥ ਫੜੀ ਹਾਜ਼ਰ ਹੋਵਾਂ

ਤੇਰੇ ਦੁਆਰ।

ਸੰਪਰਕ: 81988-68001

* * *

ਬੋਲੀਆਂ

ਲੋਕ ਬੰਧੂ

ਫੇਸਬੁੱਕ ਨੂੰ ਦੇਖੀ ਜਾਵੇ ਮੇਰਾ ਫੇਸ ਨਾ ਦੇਖੇ

ਏਸ ਖੇਡ ’ਚੋਂ ਕੀ ਕੱਢ ਲਊਗਾ ਫਿਰਦਾ ਵਿੱਚ ਭੁਲੇਖੇ

ਆਈ ਤੇ ਜੇ ਆ ਗਈ ਲੈ ਲਊਂ ਸਾਰੇ ਲੇਖੇ...।

ਤਾਮਕੋਟ ਤੋਂ ਮੇਲ ਨਾਨਕਾ ਆ ਗਿਆ ਕੈਂਟਰ ਭਰਕੇ

ਖੁਰਗੋ ਪੱਟਦਾ ਨੱਚਦਾ ਆਉਂਦਾ ਲੋਕ ਦੇਖਦੇ ਖੜ੍ਹ ਕੇ

ਕੁੱਟਦਾ ਕਮਲ ਫਿਰੇ ਵਿਹੜੇ ਦੇ ਵਿੱਚ ਵੜ ਕੇ...।

ਮੌੜਾਂ ਵਾਲਾ ਮਾਸੜ ਸਾਡਾ ਕਰਦਾ ਗੱਲ ਅਵੱਲੀ

ਸ਼ੌਕ ਓਸਦੇ ਬੜੇ ਨਿਰਾਲੇ ਚਾਹ ਨਾਲ ਖਾਵੇ ਛੱਲੀ

ਬਿਨਾਂ ਕਿਸੇ ਦੀ ਗੱਲ ਸੁਣੇਂ ਤੋਂ ਦਿੰਦਾ ਫਿਰੇ ਤਸੱਲੀ

ਕਮਲੇ ਮਾਸੜ ਨੂੰ ਮਾਸੀ ਫਿਰੇ ਦਵੱਲੀ...।

ਲੋਕੀਂ ਹੋਗੇ ਹੋਛੇ ਬਾਹਲੇ ਲੋੜੋਂ ਵੱਧ ਖਰਚੀਲੇ

ਜਿੰਨੇ ਅੰਦਰੋਂ ਔਖੇ ਬਾਹਰੋਂ ਓਨੇ ਹੀ ਚਮਕੀਲੇ

ਕਰਜ਼ ਚੜ੍ਹਾਅ ਕੇ ਖੇਡਾਂ ਖੇਡਣ ਪਿੱਛੋਂ ਕਰਦੇ ਹੀਲੇ

ਵਿਆਹ ਦੀ ਦਾਅਵਤ ਦੇ ਗਿਣੇ ਨਾ ਜਾਣ ਪਤੀਲੇ।

Advertisement
×