DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਕਾਵਿ ਕਿਆਰੀ

ਅੰਬਾਂ ਦੀ ਰੁੱਤ ਕਦੇ ਨਾ ਜਾਵੇ ਓਮਕਾਰ ਸੂਦ ਬਹੋਨਾ ਗਰਮੀ ਦੀ ਰੁੱਤ ਜਦ ਵੀ ਆਵੇ, ਨਾਲ ਅੰਬਾਂ ਦਾ ਤੋਹਫ਼ਾ ਲਿਆਵੇ। ਤਰ੍ਹਾਂ ਤਰ੍ਹਾਂ ਦੇ ਅੰਬ ਵੇਖ ਕੇ, ਸਭਨਾਂ ਦਾ ਫਿਰ ਮਨ ਲਲਚਾਵੇ। ਲਾਲੀ ਭਰਿਆ ਅੰਬ ਸੰਧੂਰੀ, ਰੇਹੜੀਆਂ ਉੱਤੋਂ ਝਾਤੀਆਂ ਪਾਵੇ। ਚਾਰੇ...

  • fb
  • twitter
  • whatsapp
  • whatsapp
Advertisement

ਅੰਬਾਂ ਦੀ ਰੁੱਤ ਕਦੇ ਨਾ ਜਾਵੇ

ਓਮਕਾਰ ਸੂਦ ਬਹੋਨਾ

ਗਰਮੀ ਦੀ ਰੁੱਤ ਜਦ ਵੀ ਆਵੇ,

Advertisement

ਨਾਲ ਅੰਬਾਂ ਦਾ ਤੋਹਫ਼ਾ ਲਿਆਵੇ।

Advertisement

ਤਰ੍ਹਾਂ ਤਰ੍ਹਾਂ ਦੇ ਅੰਬ ਵੇਖ ਕੇ,

ਸਭਨਾਂ ਦਾ ਫਿਰ ਮਨ ਲਲਚਾਵੇ।

ਲਾਲੀ ਭਰਿਆ ਅੰਬ ਸੰਧੂਰੀ,

ਰੇਹੜੀਆਂ ਉੱਤੋਂ ਝਾਤੀਆਂ ਪਾਵੇ।

ਚਾਰੇ ਪਾਸੇ ਅੰਬ ਵੇਖ ਕੇ,

ਮਹਿਕ ਇਨ੍ਹਾਂ ਦੀ ਮਨ ਨੂੰ ਭਾਵੇ।

ਲੰਗੜਾ ਅੰਬ ਵੀ ਬੜਾ ਨਿਆਰਾ,

ਜੋ ਵੇਖੇ ਬਲਿਹਾਰੇ ਈ ਜਾਵੇ।

ਰੰਗ ਭਾਵੇਂ ਇਹਦਾ ਹਰਾ ਈ ਹੁੰਦਾ,

ਮਿਠਾਸ ਇਹਦੀ ਨਾ ਮੂੰਹ ’ਚੋਂ ਜਾਵੇ।

ਦੁਸਹਿਰੀ ਦੀ ਕੀ ਗੱਲ ਸੁਣਾਵਾਂ,

ਅੰਬਾਂ ਦਾ ਸਿਰਤਾਜ ਕਹਾਵੇ।

ਲੰਮੀ ਫਾੜੀ, ਪਤਲੀ ਗੁੱਠਲੀ,

ਖਾਣ ਵਾਲੇ ਨੂੰ ਮਜ਼ਾ ਲਿਆਵੇ।

ਚੌਸਾ ਜਦੋਂ ਬਾਜ਼ਾਰ ’ਚ ਆਉਂਦਾ,

ਇਹ ਵੀ ਆਪਣਾ ਜੋਸ਼ ਦਿਖਾਵੇ।

ਸ਼ਹਿਦ ਤੋਂ ਮਿੱਠਾ ਰਸਾ ਇਸ ਵਿੱਚ,

ਚੂਪਣ ਦਾ ਫਿਰ ਮਜ਼ਾ ਆ ਜਾਵੇ।

ਕਲਮੀ ਅੰਬ ਦੀ ਸ਼ਾਨ ਹੀ ਵੱਖਰੀ,

ਕੱਟ ਕੱਟ ਹਰ ਕੋਈ ਇਸ ਨੂੰ ਖਾਵੇ।

ਅੰਬਾਂ ਦੀਆਂ ਤਾਂ ਬਹੁਤ ਹੀ ਕਿਸਮਾਂ,

ਹਰ ਇੱਕ ਕਿਸਮ ਮਿਠਾਸ ਵਧਾਵੇ।

ਮੋਟੇ ਪਤਲੇ ਲਾਲ ਪੀਲੇ ਸਭ,

ਸਭ ਦਾ ਮੈਂਗੋਸ਼ੇਕ ਬਣ ਜਾਵੇ।

ਹਰ ਕੋਈ ਆਖੇ ਬੱਲੇ ਬੱਲੇ,

ਅੰਬਾਂ ਦੀ ਰੁੱਤ ਕਦੇ ਨਾ ਜਾਵੇ।

ਸੰਪਰਕ: 96540-36080

* * *

ਭਰਮ

ਡਾ. ਦਵਿੰਦਰ ਸਿੰਘ

ਕੀ ਪਤਾ ਤੂੰ ਕਿੱਥੇ ਲੁਕਿਆ ਏਂ,

ਨਾ ਦਿਸਦਾ ਤੇ ਨਾ ਹੀ ਬੋਲਦਾ ਏਂ।

ਕੁਝ ਖ਼ੁਸ਼ ਵੀ ਗਏ ਤੇਰੇ ਦਰ ਉੱਤੋਂ,

ਪਰ ਬਹੁਤਿਆਂ ਨੂੰ ਖਾਲੀ ਮੋੜਦਾ ਏਂ।

ਕਿੰਨਾ ਦੁੱਖ ਹੈ ਇਸ ਸੰਸਾਰ ਅੰਦਰ,

ਤੂੰ ਕਿਉਂ ਨਾ ਚੁੱਪੀ ਤੋੜਦਾ ਏਂ।

ਇੱਕ ਦੁਖੀ ਕਿ ਕੋਈ ਔਲਾਦ ਨਾਹੀਂ,

ਦੂਜਾ ਔਲਾਦ ਦੇ ਦੁੱਖਾਂ ਨੂੰ ਭੋਗਦਾ ਏ।

ਸੁਣ ਮਾਂ ਦਾ ਵਿਰਲਾਪ, ਜਿਸ ਨੇ ਪੁੱਤ ਖੋਇਆ,

ਕਿਉਂ ਬੱਚਿਆਂ ਤੋਂ ਮਾਂ ਨੂੰ ਵਿਛੋੜਦਾ ਏਂ।

ਕੋਈ ਤਰਸੇ ਰੋਟੀ ਦੋ ਵਕਤ ਦੀ ਨੂੰ,

ਕੋਈ ਬਣੀ ਬਣਾਈ ਵੀ ਰੋੜ੍ਹਦਾ ਏ।

ਆ ਸਾਹਮਣੇ ਜੇ ਸੱਚਮੁੱਚ ਮੌਜੂਦ ਹੈਂ ਤੂੰ,

ਬੰਦਾ ਡਰ ਤੋਂ ਹੀ ਕਿਉਂ ਹੱਥ ਜੋੜਦਾ ਏ।

‘ਦੇਵ’ ਸੋਚਦਾ ਭਰਮ ਇਹ ਮੁੱਕ ਜਾਵੇ,

ਜੋ ਕਿਸੇ ਇੱਕ ਦਾ ਨ੍ਹੀਂ, ਕਈ ਕਰੋੜ ਦਾ ਏ।

ਸੰਪਰਕ: 94634-77935

* * *

ਕੰਮ ਦੀਆਂ ਗੱਲਾਂ

ਜਸਵੀਰ ਸ਼ਰਮਾ ਦੱਦਾਹੂਰ

ਠੱਗੀਆਂ ਚੋਰੀਆਂ ਦਾ ਹੈ ਦੌਰ ਅੱਜਕੱਲ੍ਹ,

ਜਿੰਨਾ ਡਰੋਗੇ ਓਨਾ ਹੀ ਡੰਗ ਵੱਜਦੈ।

ਸਮਾਂ ਰਿਹਾ ਨਹੀਂ ਭੇਤ ਬਤਾਉਣ ਵਾਲਾ,

ਜਿੰਨਾ ਦੱਸੋਗੇ ਓਨਾ ਹੀ ਸੇਕ ਲੱਗਦੈ।

ਪਹਿਲੇ ਸਮਿਆਂ ਦੇ ਬੰਦੇ ਸਨ ਬਹੁਤ ਚੰਗੇ,

ਹੁਣ ਤਾਂ ਖੱਬੇ ਨੂੰ ਸੱਜਾ ਹੀ ਹੱਥ ਠੱਗਦੈ।

‘ਦੱਦਾਹੂਰ’ ਵਾਲਾ ਕਹੇ ਵੀਰੋ ਰਹੋ ਬਚ ਕੇ,

ਹਰ ਤੀਜੇ ਬੰਦੇ ਪਿੱਛੇ ਇੱਕ ਚੋਰ ਲੱਗਦੈ।

ਸਮਾਂ ਮਾੜਾ ਹੈ ਬਚਣ ਦੀ ਲੋੜ ਹੈ ਜੀ,

ਅੱਜਕੱਲ੍ਹ ਕਿਸੇ ਦਾ ਕੋਈ ਇਤਬਾਰ ਹੈਨੀ।

ਦਿਲ ਦੀ ਡੂੰਘਾਈ ’ਚੋਂ ਬਣਾ ਲਓ ਯਾਰ ਕਿੰਨੇ,

ਪਰ ਕ੍ਰਿਸ਼ਨ-ਸੁਦਾਮੇ ਵਰਗਾ ਪਿਆਰ ਹੈਨੀ।

ਘਰ ਦਾ ਭੇਤ ਵੀ ਕਿਸੇ ਨੂੰ ਨਹੀਂ ਦੇਣਾ,

ਇੱਥੇ ਕੋਈ ਵੀ ਤੁਹਾਡਾ ਮਦਦਗਾਰ ਹੈਨੀ।

‘ਦੱਦਾਹੂਰੀਆ’ ਤੂੰ ਦਾਮਨ ਬਚਾ ਆਪਣਾ,

ਫਿਰ ਤੇਰੇ ਵਰਗਾ ਕੋਈ ਸਮਝਦਾਰ ਹੈਨੀ।

ਸੰਪਰਕ: 95691-49556

* * *

ਪਰਵਾਸੀ ਦਾ ਗਰਾਈਂਂ ਨੂੰ ਖ਼ਤ

ਮੋਹਨ ਸ਼ਰਮਾ

ਦੋਸਤਾ!

ਮੈਂ ਪੂਰੇ ਚਾਲੀ ਸਾਲ

ਵਿਦੇਸ਼ੀ ਧਰਤੀ ’ਤੇ

ਖ਼ੂਨ-ਪਸੀਨਾ ਵਹਾਇਆ ਹੈ।

ਪਤਨੀ, ਬੱਚੇ, ਕੋਠੀ, ਕਾਰ

ਅਤੇ ਹੋਰ ਐਸ਼ੋ-ਇਸ਼ਰਤ ਦੇ

ਸਾਮਾਨ ਨਾਲ ਘਰ ਭਰਿਆ ਹੈ।

ਹਾਂ ਦੋਸਤ,

ਇਹ ਸਭ ਕੁਝ ਹੁੰਦਿਆਂ ਵੀ

ਅੰਦਰੋ ਖਾਲੀ ਖਾਲੀ

ਥੋਥਾ ਜਿਹਾ

ਹੋਇਆ ਪਿਆ ਹਾਂ।

ਵਤਨ ਦੀ ਮਿੱਟੀ!

ਘਰ ਦੇ ਵਿਹੜੇ ਦੀ ਰੌਣਕ!

ਮਾਂ ਦੀਆਂ ਪਾਣੀ-ਹੱਥ ਦੀਆਂ ਰੋਟੀਆਂ!

’ਤੇ ਨੱਕੋ -ਨੱਕ ਭਰਿਆ

ਦੁੱਧ ਦਾ ਛੰਨਾ!

ਜਦੋਂ ਮਾਂ ਪੀਣ ਲਈ ਦਿੰਦੀ

ਤਾਂ ਉਹਦੇ ਨੈਣਾਂ ’ਚ

ਮੋਹ ਦਾ ਸਮੁੰਦਰ

ਛਲਕਦਾ ਸੀ।

ਬਾਪੂ ਦੇ

‘ਮੇਰਾ ਸ਼ੇਰ ਪੁੱਤ’

ਕਹਿ ਕੇ ਬੁਲਾਉਣ ਵੇਲੇ

ਇੰਜ ਲਗਦਾ ਸੀ

ਜਿਵੇਂ ਜ਼ਿੰਦਗੀ ਦੇ ਚਾਵਾਂ ’ਤੇ

ਡਾਢਾ ਹੁਸਨ

ਚੜ੍ਹ ਗਿਆ ਹੋਵੇ।

ਤੇਰੇ ਵਰਗੇ

ਹਾਣੀਆਂ ਕੋਲ ਬਹਿ ਕੇ

ਕੀਤੀਆਂ ਮਨ ਦੀਆਂ ਗੱਲਾਂ

ਰਹਿ ਰਹਿ ਕੇ

ਚੇਤੇ ਆਉਂਦੀਆਂ ਨੇ!

ਬੜੀ ਵਾਰ ਦਿਲ ਕੀਤੈ

ਇੱਥੋਂ ਸਾਰਾ ਕੁਝ ਵੇਚ ਵੱਟ ਕੇ

ਪਿੰਡ ਪਰਤ ਆਵਾਂ।

ਇਕੱਠੀ ਕੀਤੀ ਪੂੰਜੀ ਨਾਲ

ਖੇਤ ਵਿੱਚ

ਵੱਡੀ ਫੈਕਟਰੀ ਲਾ ਕੇ

ਇਲਾਕੇ ਦੇ ਮੁੰਡਿਆਂ ਨੂੰ

ਰੁਜ਼ਗਾਰ ’ਤੇ ਲਾਵਾਂ।

ਬਜ਼ੁਰਗ ਮਾਂ-ਬਾਪ ਦੀਆਂ

ਅਸੀਸਾਂ ਦੇ ਵਰ੍ਹਦੇ

ਮੀਂਹ ਵਿੱਚ

ਭਿੱਜਣ ਨੂੰ ਵੀ

ਬੜਾ ਦਿਲ ਕਰਦੈ।

ਪਿੰਡ ਦੀ ਸੱਥ ਵਿੱਚ

ਹਾਣੀਆਂ ਨਾਲ ਬਹਿ ਕੇ

ਕਹਿਕਹਿਆਂ ਦੀ ਫ਼ਸਲ

ਬੀਜਣ ਨੂੰ ਵੀ

ਸਿਸਕ ਰਿਹਾ ਹਾਂ।

ਪਰ ਦੋਸਤ!

ਵਤਨ ਵੱਲੋਂ

ਆਉਂਦੀ ਗਰਮ ਹਵਾ ਨੇ

ਮੇਰੇ ਪੈਰ ਰੋਕ ਲਏ ਨੇ।

ਸੁਣਿਐ, ਇੱਥੇ ਤਾਂ

ਫੈਕਟਰੀ ਲਾਉਣ ਵੇਲੇ ਵੀ

ਕੁਝ ਸਿਆਸਤਦਾਨ

ਮੁਫ਼ਤੋ-ਮੁਫ਼ਤੀ

ਹਿੱਸੇ-ਪੱਤੀ ਦੀ

ਗੱਲ ਨਾ ਮੰਨਣ ’ਤੇ

ਅੜਿੱਕੇ ਦਰ ਅੜਿੱਕੇ

ਖੜ੍ਹੇ ਕਰਦੇ ਨੇ।

ਫਿਰੌਤੀਆਂ, ਧਮਕੀਆਂ,

ਗੋਲੀਆਂ ਦੀ ਵਾਛੜ ਦਾ ਵੀ

ਸਾਹਮਣਾ ਕਰਨਾ ਪੈ ਸਕਦੈ।

ਜਵਾਨ ਪੁੱਤਾਂ ’ਤੇ

ਨਸ਼ੇ ਦਾ ਕਾਲਾ ਪਰਛਾਵਾਂ ਹੈ।

ਭਲਾ, ਅਜਿਹੇ ਹਾਲਾਤ ਵਿੱਚ

ਕਿੰਜ ਵਤਨ ਪਰਤਾਂ?

ਸੱਚੀਂ ਦੋਸਤ

ਜਲਾਵਤਨੀ ਦੀ

ਸਜ਼ਾ ਭੁਗਤਦਿਆਂ

ਘਰ ਪਰਤਣ ਨੂੰ

ਬੜਾ ਦਿਲ ਕਰਦੈ।

ਪਰ ਤੂੰ ਹੀ ਦੱਸ

ਇੱਥੇ ਆ ਕੇ

ਖ਼ੌਫ਼ ਦੀਆਂ

ਦੀਵਾਰਾਂ ਵਿੱਚ ਘਿਰ ਕੇ

ਕਿਵੇਂ ਸੌਂ ਸਕਾਗਾਂ ਮੈਂ, ਚੈਨ ਦੀ ਨੀਂਦ।

ਸੰਪਰਕ: 94171-48866

* * *

ਗ਼ਜ਼ਲ

ਗੁਰਮੀਤ ਸਿੰਘ ਸੋਹੀ

ਕਬਰ ਕਿਸੇ ਦੀ ਪੁੱਟ ਕੇ ਚੱਲੇ ਨੇ,

ਘਰ ਗ਼ਰੀਬ ਦਾ ਲੁੱਟ ਕੇ ਚੱਲੇ ਨੇ,

ਸ਼ੌਕ ਸੀ ਜਿਹਨੂੰ ਨਾਲ ਤੁਰਨ ਦਾ,

ਅੱਧ ਵਿਚਕਾਰ ਸੁੱਟ ਕੇ ਚੱਲੇ ਨੇ।

ਮਿਹਨਤ ਨਾਲ ਜੋ ਕਰਦਾ ਤਰੱਕੀ,

ਰਾਹਾਂ ਵਿੱਚ ਟੋਏ ਪੁੱਟ ਕੇ ਚੱਲੇ ਨੇ,

ਸੱਚ ਬੋਲਣ ਦੀ ਜੋ ਕਰਦਾ ਹਿੰਮਤ,

ਆਵਾਜ਼ ਸੀਨੇ ’ਚ ਘੁੱਟ ਕੇ ਚੱਲੇ ਨੇ।

ਮੋਹ ਨਾਲ ਦਿਲ ਜਿਨ੍ਹਾਂ ਦੇ ਭਰੇ,

ਕੱਚ ਵਾਂਗ ਦਿਲ ਟੁੱਟ ਕੇ ਚੱਲੇ ਨੇ।

ਲੋਭ ਦੇ ਪਿੰਜਰੇ ’ਚ ਜੋ ਕੈਦੀ ‘ਸੋਹੀ’

ਮਿੱਠੀ ਜੇਲ੍ਹ ਤੋਂ ਉਹ ਛੁੱਟ ਕੇ ਚੱਲੇ ਨੇ।

ਸੰਪਰਕ: 92179-81404

* * *

ਬਦਲ ਗਏ

ਐਡਵੋਕੇਟ ਗੁਰਤੇਜ ਸਿੰਘ ਖੁਡਾਲ

ਪਿੰਡਾਂ ਵਿੱਚੋਂ ਗਾਇਬ ਹੋ ਗਏ,

ਕੁੱਪ, ਰੂੜੀਆਂ ਅਤੇ ਗੁਹਾਰੇ।

ਪੇਂਡੂ ਸੱਭਿਆਚਾਰ ਸੀ ਸਾਡੇ,

ਮੁੜ ਕੇ ਨਹੀਂ ਇਹ ਲੱਭਣੇ ਸਾਰੇ।

ਗਾਵਾਂ-ਮੱਝਾਂ ਕਿੱਥੇ ਗਈਆਂ,

ਦਿਸਣ ਖਾਲੀ ਪਸ਼ੂਆਂ ਦੇ ਵਾੜੇ।

ਮੱਕੀ, ਨਰਮਾ ਨਾ ਦਿਸੇ ਬਾਜਰਾ,

ਪਤਾ ਨਹੀਂ ਗਏ ਕਿੱਧਰ ਸਾਰੇ।

ਗਲੀਆਂ ਵਿੱਚ ਨਾ ਖੇਡਣ ਬੱਚੇ,

ਮਸਤ ਮੋਬਾਈਲਾਂ ਵਿੱਚ ਨੇ ਸਾਰੇ।

ਨੌਜਵਾਨ ਕਿਸੇ ਘਰ ਨਹੀਂ ਦਿਸਦੇ,

ਦਿਹਾੜੀਆਂ ਕਰਨ ਵਿਦੇਸ਼ੀਂ ਸਾਰੇ।

ਕਿਸੇ ਪਾਸੇ ਵੀ ਰੌਣਕ ਹੈ ਨ੍ਹੀਂ,

ਸੱਥਾਂ ਬੇਲੇ ਹੁਣ ਸੁੰਨੇ ਸਾਰੇ।

‘ਖੁਡਾਲ’ ਪੰਜਾਬ ਦਾ ਕੀ ਬਣੂਗਾ,

ਬਦਲੇ ਗਏ ਨੇ ਲੋਕੀਂ ਸਾਰੇ।

ਸੰਪਰਕ: 94741-29118

* * *

ਕੌਣ ਸਮਝਾਵੇ ਟਰੰਪ ਨੂੰ

ਹਰਪ੍ਰੀਤ ਪੱਤੋ

ਜੰਗ ਵਿੱਚ ਨਾ ਕਦੇ ਜਿੱਤ ਹਾਰ ਹੋਵੇ,

ਹੋਵੇ ਦੋਵੇਂ ਪਾਸੇ ਨੁਕਸਾਨ ਮੀਆਂ।

ਇਮਾਰਤਾਂ ਢਹਿਣ, ਮਨੁੱਖਤਾ ਮਰ ਜਾਂਦੀ,

ਬੇਦੋਸ਼ਿਆਂ ਦੀ ਜਾਵੇ ਜਾਨ ਮੀਆਂ।

ਸਦੀਆਂ ਤੱਕ ਨਾ ਘਾਟੇ ਹੋਣ ਪੂਰੇ,

ਸੁਹਾਗ ਬਾਝੋਂ ਰਹੇ ਰਕਾਨ ਮੀਆਂ।

ਸੁਹਾਗ ਰਹਿਣ ਬਿਨ ਸੁਹਾਗਣਾਂ ਦੇ,

ਕਿੱਥੋਂ ਵੱਸਣੇ ਫਿਰ ਮਕਾਨ ਮੀਆਂ।

ਮਹਿੰਗਾਈ, ਬੇਰੁਜ਼ਗਾਰੀ ਵਧ ਜਾਂਦੀ,

ਦੁੱਖ ਭੁੱਖ ਦਾ ਆਵੇ ਤੂਫ਼ਾਨ ਮੀਆਂ।

ਕੀ ਖੱਟਣਾ, ਜੇ ਪੁੱਛੋ ਟਰੰਪ ਕੋਲੋਂ?

ਉੱਜੜੇ ਆਪ ਨਾਲੇ ਇਰਾਨ ਮੀਆਂ।

ਹੋਰ ਲੱਭਦੇ ਨੇ, ਕੋਲੋਂ ਗੁਆ ਦਿੱਤਾ,

ਨਾਲੇ ਹੋਇਆ ਵਾਧੂ ਬਦਨਾਮ ਮੀਆਂ।

ਕੌਣ ਸਮਝਾਵੇ ਟਰੰਪ ਵਿਚਾਰੇ ਨੂੰ,

ਬਿੰਦੇ ਝੱਟੇ ਬਦਲੇ ਬਿਆਨ ਮੀਆਂ।

ਹੋਛਾ ਬੰਦਾ ‘ਪੱਤੋ’ ਜੇ ਹੋਵੇ ਆਗੂ,

ਪਰਦਾ ਚੁੱਕੇ‌, ਵਿੱਚ ਜਹਾਨ ਮੀਆਂ।

ਸੰਪਰਕ: 94658-21417

* * *

ਨੈਣਾਂ ਦਾ ਸਮੁੰਦਰ

ਨਵਨੀਤ ਗਿੱਲ

ਹੱਸੀਆਂ ਕਬਰਾਂ,

ਵੇਖ ਢਲਦੀਆਂ ਉਮਰਾਂ।

ਗਏ ਤੁਰ, ਕਿੱਥੇ ਠੱਠੇ?

ਪਾ ਝੋਲੀਆਂ ’ਚ ਸਾਹ ਮੱਠੇ।

ਫੜ ਹੁਣ ਡੰਗੋਰੀ,

ਕਰਦੇ ਦਿਸੇ ਜੀ ਹਜ਼ੂਰੀ।

ਉਹੀਓ ਸਨ ਹੱਥ,

ਮਾਰਦੇ ਤਾੜੀ ਜੋ ਬੈਠ ਸੱਥ।

ਕਿੰਨਾ ਅਤੇ ਕਿਉਂ?

ਸਮਾਂ ਗਿਆ ਮੂੰਹ ਸਿਉਂ।

ਬਗ਼ੈਰ ਕੁਝ ਵੀ ਦੱਸੇ,

ਮਿਟਾ ਪਰ ਅਣਗਿਣਤ ਸੰਸੇ।

ਗਇਆ ਵਲੂੰਧਰ,

ਨੈਣਾਂ ਦਾ ਦੇਖ ਸਮੁੰਦਰ।

ਲੈ ਡਾਢਾ ਚੱਲਿਆ,

ਜਿਸ ਨੇ ਕਦੇ, ਵੇਖ ਘੱਲਿਆ।

ਨਹੀਓਂ ਜ਼ੋਰ ਕੋਈ,

ਚੱਲੇ, ਪਾਏ ਕਫ਼ਨ, ਲੋਈ।

ਤੋੜਦਾ ਚਾਹੇ ਕਸਮਾਂ,

‘ਗਿੱਲ’ ਨਿਭਾਏ ਜੱਗ ਰਸਮਾਂ।

* * *

Advertisement
×